ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1258 ਮਲਾਰ ਮਹਲਾ ੩ ॥ ਜਿਨੀ ਹੁਕਮੁ ਪਛਾਣਿਆ ਸੇ ਮੇਲੇ ਹਉਮੈ ਸਬਦਿ ਜਲਾਇ ॥ ਸਚੀ ਭਗਤਿ ਕਰਹਿ ਦਿਨੁ ਰਾਤੀ ਸਚਿ ਰਹੇ ਲਿਵ ਲਾਇ ॥ ਸਦਾ ਸਚੁ ਹਰਿ ਵੇਖਦੇ ਗੁਰ ਕੈ ਸਬਦਿ ਸੁਭਾਇ ॥੧॥ ਮਨ ਰੇ ਹੁਕਮੁ ਮੰਨਿ ਸੁਖੁ ਹੋਇ ॥ ਪ੍ਰਭ ਭਾਣਾ ਅਪਣਾ ਭਾਵਦਾ ਜਿਸੁ ਬਖਸੇ ਤਿਸੁ ਬਿਘਨੁ ਨ ਕੋਇ ॥੧॥ ਰਹਾਉ ॥ ਤ੍ਰੈ ਗੁਣ ਸਭਾ ਧਾਤੁ ਹੈ ਨਾ ਹਰਿ ਭਗਤਿ ਨ ਭਾਇ ॥ ਗਤਿ ਮੁਕਤਿ ਕਦੇ ਨ ਹੋਵਈ ਹਉਮੈ ਕਰਮ ਕਮਾਹਿ ॥ ਸਾਹਿਬ ਭਾਵੈ ਸੋ ਥੀਐ ਪਇਐ ਕਿਰਤਿ ਫਿਰਾਹਿ ॥੨॥ ਸਤਿਗੁਰ ਭੇਟਿਐ ਮਨੁ ਮਰਿ ਰਹੈ ਹਰਿ ਨਾਮੁ ਵਸੈ ਮਨਿ ਆਇ ॥ ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥ ਚਉਥੈ ਪਦਿ ਵਾਸਾ ਹੋਇਆ ਸਚੈ ਰਹੈ ਸਮਾਇ ॥੩॥ ਮੇਰਾ ਹਰਿ ਪ੍ਰਭੁ ਅਗਮੁ ਅਗੋਚਰੁ ਹੈ ਕੀਮਤਿ ਕਹਣੁ ਨ ਜਾਇ ॥ ਗੁਰ ਪਰਸਾਦੀ ਬੁਝੀਐ ਸਬਦੇ ਕਾਰ ਕਮਾਇ ॥ ਨਾਨਕ ਨਾਮੁ ਸਲਾਹਿ ਤੂ ਹਰਿ ਹਰਿ ਦਰਿ ਸੋਭਾ ਪਾਇ ॥੪॥੨॥ {ਪੰਨਾ 1258} ਪਦ ਅਰਥ: ਸੇ = ਉਹਨਾਂ ਮਨੁੱਖਾਂ ਨੂੰ। ਸਬਦਿ = ਸ਼ਬਦ ਦੀ ਰਾਹੀਂ। ਜਲਾਇ = ਸਾੜ ਕੇ। ਸਚੀ = ਅਟੱਲ ਰਹਿਣ ਵਾਲੀ। ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ। ਲਾਇ = ਲਾ ਕੇ। ਸਚੁ = ਸਦਾ-ਥਿਰ ਰਹਿਣ ਵਾਲਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸੁਭਾਇ = ਪ੍ਰੇਮ ਵਿਚ (ਟਿੱਕ ਕੇ) ।1। ਰੇ ਮਨ = ਹੇ ਮਨ! ਹੁਕਮੁ ਮੰਨਿ = ਹੁਕਮ ਨੂੰ ਆਪਣੇ ਭਲੇ ਵਾਸਤੇ ਜਾਣ, ਰਜ਼ਾ ਵਿਚ ਰਾਜ਼ੀ ਰਹੁ। ਬਿਘਨੁ = ਜੀਵਨ-ਰਾਹ ਵਿਚ ਰੁਕਾਵਟ।1। ਰਹਾਉ। ਸਭਾ ਧਾਤੁ = ਨਿਰੀ ਦੌੜ-ਭੱਜ। ਭਾਇ = ਪਿਆਰ ਵਿਚ। ਗਤਿ = ਉੱਚੀ ਆਤਮਕ ਅਵਸਥਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਕਮਾਹਿ = ਕਰਦੇ ਰਹਿੰਦੇ ਹਨ। ਸਾਹਿਬ ਭਾਵੈ = ਮਾਲਕ-ਪ੍ਰਭੂ ਨੂੰ ਚੰਗਾ ਲੱਗਦਾ ਹੈ। ਪਇਐ ਕਿਰਤਿ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਫਿਰਾਹਿ = ਭਟਕਦੇ ਫਿਰਦੇ ਹਨ।2। ਭੇਟਿਐ = ਜੇ ਮਿਲ ਪਏ। ਮਰਿ ਰਹੈ– ਆਪਾ-ਭਾਵ ਦੂਰ ਕਰ ਲੈਂਦਾ ਹੈ। ਮਨਿ = ਮਨ ਵਿਚ। ਆਇ = ਆ ਕੇ। ਤਿਸ ਕੀ = (ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ) । ਚਉਥੈ = ਮਾਇਆ ਦੀ ਤਿੰਨ ਗੁਣਾਂ ਤੋਂ ਉਤਲੀ ਅਵਸਥਾ ਵਿਚ। ਸਚੈ = ਸਦਾ-ਥਿਰ ਪ੍ਰਭੂ ਵਿਚ।3। ਅਗਮੁ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਪਰਸਾਦੀ = ਕਿਰਪਾ ਨਾਲ ਹੀ। ਕਮਾਇ = ਕਮਾਂਦਾ ਹੈ। ਦਰਿ = ਦਰ ਤੇ। ਪਾਇ = ਪਾਂਦਾ ਹੈ (ਇਕ-ਵਚਨ) ।4। ਅਰਥ: ਹੇ ਮਨ! (ਪਰਮਾਤਮਾ ਦੀ) ਰਜ਼ਾ ਵਿਚ ਤੁਰਿਆ ਕਰ, (ਇਸ ਤਰ੍ਹਾਂ) ਆਤਮਕ ਆਨੰਦ ਬਣਿਆ ਰਹਿੰਦਾ ਹੈ। ਹੇ ਮਨ! ਪ੍ਰਭੂ ਨੂੰ ਆਪਣੇ ਮਰਜ਼ੀ ਪਿਆਰੀ ਲੱਗਦੀ ਹੈ। ਜਿਸ ਮਨੁੱਖ ਉਤੇ ਮਿਹਰ ਕਰਦਾ ਹੈ (ਉਹ ਉਸ ਦੀ ਰਜ਼ਾ ਵਿਚ ਤੁਰਦਾ ਹੈ) , ਉਸ ਦੇ ਜੀਵਨ-ਰਾਹ ਵਿਚ ਕੋਈ ਰੁਕਾਵਟ ਨਹੀਂ ਪੈਂਦੀ।1। ਰਹਾਉ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਕਰ ਕੇ ਮੰਨਿਆ ਹੈ, ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਉਹਨਾਂ ਦੇ ਅੰਦਰੋਂ) ਹਉਮੈ ਸਾੜ ਕੇ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ। ਉਹ ਮਨੁੱਖ ਦਿਨ ਰਾਤ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ, ਉਹ ਲਿਵ ਲਾ ਕੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ। ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਪ੍ਰੇਮ ਵਿਚ (ਟਿਕ ਕੇ) ਸਦਾ-ਥਿਰ ਹਰੀ ਨੂੰ ਹਰ ਥਾਂ ਵੱਸਦਾ ਵੇਖਦੇ ਹਨ।1। ਹੇ ਭਾਈ! ਤ੍ਰਿਗੁਣੀ (ਮਾਇਆ ਵਿਚ ਸਦਾ ਜੁੜੇ ਰਹਿਣਾ) ਨਿਰੀ ਭਟਕਣਾ ਹੀ ਹੈ (ਇਸ ਵਿਚ ਫਸੇ ਰਿਹਾਂ) ਨਾਹ ਪ੍ਰਭੂ ਦੀ ਭਗਤੀ ਹੋ ਸਕਦੀ ਹੈ, ਨਾਹ ਉਸ ਦੇ ਪਿਆਰ ਵਿਚ ਲੀਨ ਹੋ ਸਕੀਦਾ ਹੈ। (ਤ੍ਰਿਗੁਣੀ ਮਾਇਆ ਦੇ ਮੋਹ ਦੇ ਕਾਰਨ) ਉੱਚੀ ਆਤਮਕ ਅਵਸਥਾ ਨਹੀਂ ਹੋ ਸਕਦੀ, ਵਿਕਾਰਾਂ ਤੋਂ ਖ਼ਲਾਸੀ ਕਦੇ ਨਹੀਂ ਹੋ ਸਕਦੀ। ਮਨੁੱਖ ਹਉਮੈ (ਵਧਾਣ ਵਾਲੇ) ਕੰਮ (ਹੀ) ਕਰਦੇ ਰਹਿੰਦੇ ਹਨ। (ਪਰ ਜੀਵਾਂ ਦੇ ਕੀਹ ਵੱਸ?) ਜੋ ਕੁਝ ਮਾਲਕ-ਹਰੀ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਭਟਕਦੇ ਫਿਰਦੇ ਹਨ।2। ਹੇ ਭਾਈ! ਜੇ ਗੁਰੂ ਮਿਲ ਪਏ, ਤਾਂ ਮਨੁੱਖ ਦਾ ਮਨ (ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦੇ ਮਨ ਵਿਚ ਹਰਿ-ਨਾਮ ਆ ਵੱਸਦਾ ਹੈ, (ਫਿਰ ਉਸ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ, ਉਸ ਦਾ ਬਿਆਨ ਨਹੀਂ ਹੋ ਸਕਦਾ। ਉਹ ਮਨੁੱਖ ਉਸ ਅਵਸਥਾ ਵਿਚ ਟਿੱਕ ਜਾਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਜ਼ੋਰ ਨਹੀਂ ਪੈ ਸਕਦਾ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ।3। ਹੇ ਭਾਈ! ਮੇਰਾ ਹਰੀ ਪ੍ਰਭੂ ਅਪਹੁੰਚ ਹੈ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੋਂ ਨਹੀਂ ਮਿਲ ਸਕਦਾ। ਗੁਰੂ ਦੀ ਮਿਹਰ ਨਾਲ ਹੀ ਉਸ ਦੀ ਜਾਣ-ਪਛਾਣ ਹੁੰਦੀ ਹੈ (ਜਿਸ ਨੂੰ ਜਾਣ-ਪਛਾਣ ਹੋ ਜਾਂਦੀ ਹੈ, ਉਹ ਮਨੁੱਖ) ਗੁਰੂ ਦੇ ਸ਼ਬਦ ਅਨੁਸਾਰ (ਹਰੇਕ) ਕਾਰ ਕਰਦਾ ਹੈ। ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। (ਜਿਹੜਾ ਸਿਮਰਦਾ ਹੈ) ਉਹ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ।4।2। ਮਲਾਰ ਮਹਲਾ ੩ ॥ ਗੁਰਮੁਖਿ ਕੋਈ ਵਿਰਲਾ ਬੂਝੈ ਜਿਸ ਨੋ ਨਦਰਿ ਕਰੇਇ ॥ ਗੁਰ ਬਿਨੁ ਦਾਤਾ ਕੋਈ ਨਾਹੀ ਬਖਸੇ ਨਦਰਿ ਕਰੇਇ ॥ ਗੁਰ ਮਿਲਿਐ ਸਾਂਤਿ ਊਪਜੈ ਅਨਦਿਨੁ ਨਾਮੁ ਲਏਇ ॥੧॥ ਮੇਰੇ ਮਨ ਹਰਿ ਅੰਮ੍ਰਿਤ ਨਾਮੁ ਧਿਆਇ ॥ ਸਤਿਗੁਰੁ ਪੁਰਖੁ ਮਿਲੈ ਨਾਉ ਪਾਈਐ ਹਰਿ ਨਾਮੇ ਸਦਾ ਸਮਾਇ ॥੧॥ ਰਹਾਉ ॥ ਮਨਮੁਖ ਸਦਾ ਵਿਛੁੜੇ ਫਿਰਹਿ ਕੋਇ ਨ ਕਿਸ ਹੀ ਨਾਲਿ ॥ ਹਉਮੈ ਵਡਾ ਰੋਗੁ ਹੈ ਸਿਰਿ ਮਾਰੇ ਜਮਕਾਲਿ ॥ ਗੁਰਮਤਿ ਸਤਸੰਗਤਿ ਨ ਵਿਛੁੜਹਿ ਅਨਦਿਨੁ ਨਾਮੁ ਸਮ੍ਹ੍ਹਾਲਿ ॥੨॥ ਸਭਨਾ ਕਰਤਾ ਏਕੁ ਤੂ ਨਿਤ ਕਰਿ ਦੇਖਹਿ ਵੀਚਾਰੁ ॥ ਇਕਿ ਗੁਰਮੁਖਿ ਆਪਿ ਮਿਲਾਇਆ ਬਖਸੇ ਭਗਤਿ ਭੰਡਾਰ ॥ ਤੂ ਆਪੇ ਸਭੁ ਕਿਛੁ ਜਾਣਦਾ ਕਿਸੁ ਆਗੈ ਕਰੀ ਪੂਕਾਰ ॥੩॥ ਹਰਿ ਹਰਿ ਨਾਮੁ ਅੰਮ੍ਰਿਤੁ ਹੈ ਨਦਰੀ ਪਾਇਆ ਜਾਇ ॥ ਅਨਦਿਨੁ ਹਰਿ ਹਰਿ ਉਚਰੈ ਗੁਰ ਕੈ ਸਹਜਿ ਸੁਭਾਇ ॥ ਨਾਨਕ ਨਾਮੁ ਨਿਧਾਨੁ ਹੈ ਨਾਮੇ ਹੀ ਚਿਤੁ ਲਾਇ ॥੪॥੩॥ {ਪੰਨਾ 1258} ਪਦ ਅਰਥ: ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) । ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਨਦਰਿ = ਮਿਹਰ ਦੀ ਨਿਗਾਹ। ਕਰੇਇ = ਕਰਦਾ ਹੈ। ਗੁਰ ਮਿਲਿਐ = ਜੇ ਗੁਰੂ ਮਿਲ ਪਏ। ਅਨਦਿਨੁ = ਹਰ ਰੋਜ਼, ਹਰ ਵੇਲੇ। ਲਏਇ = ਲੈਂਦਾ ਹੈ, ਜਪਦਾ ਹੈ।1। ਮਨ = ਹੇ ਮਨ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਪਾਈਐ = ਹਾਸਲ ਕਰ ਲਈਦਾ ਹੈ। ਨਾਮੇ = ਨਾਮ ਵਿਚ ਹੀ। ਸਮਾਇ = ਲੀਨ ਰਹਿੰਦਾ ਹੈ।1। ਰਹਾਉ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਫਿਰਹਿ = ਭਟਕਦੇ ਹਨ। ਕਿਸ ਹੀ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ। ਸਿਰਿ = ਸਿਰ-ਭਾਰ, ਸਿਰ-ਪਰਨੇ। ਜਮਕਾਲਿ = ਜਮਕਾਲ ਨੇ, ਆਤਮਕ ਮੌਤ ਨੇ। ਸਮ੍ਹ੍ਹਾਲਿ = ਹਿਰਦੇ ਵਿਚ ਵਸਾ ਕੇ।2। ਕਰਤਾ = ਪੈਦਾ ਕਰਨ ਵਾਲਾ। ਨਿਤ = ਸਦਾ। ਕਰਿ ਵੀਚਾਰੁ = ਵਿਚਾਰ ਕਰ ਕੇ। ਦੇਖਹਿ = ਸੰਭਾਲ ਕਰਦਾ ਹੈਂ (ਤੂੰ) । ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) ਕਈ। ਗੁਰਮੁਖਿ = ਗੁਰੂ ਦੀ ਰਾਹੀਂ। ਬਖਸੇ = ਬਖ਼ਸ਼ਦਾ ਹੈ, ਦੇਂਦਾ ਹੈ। ਆਪੇ = ਆਪ ਹੀ। ਕਰ = ਕਰੀਂ, ਮੈਂ ਕਰਾਂ।3। ਨਦਰੀ = ਮਿਹਰ ਦੀ ਨਿਗਾਹ ਨਾਲ। ਉਚਰੈ = ਉਚਾਰਦਾ ਹੈ। ਗੁਰ ਕੈ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪਿਆਰ ਵਿਚ। ਨਿਧਾਨੁ = ਖ਼ਜ਼ਾਨਾ। ਨਾਮੇ = ਨਾਮ ਵਿਚ। ਲਾਇ = ਜੋੜਦਾ ਹੈ।4। ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਚੇਤੇ ਕਰਿਆ ਕਰ। ਜਦੋਂ ਗੁਰੂ ਮਰਦ ਮਿਲ ਪੈਂਦਾ ਹੈ, ਤਦੋਂ ਹਰਿ-ਨਾਮ ਪ੍ਰਾਪਤ ਹੁੰਦਾ ਹੈ (ਜਿਸ ਨੂੰ ਗੁਰੂ ਮਿਲਦਾ ਹੈ) ਉਹ ਸਦਾ ਹਰਿ-ਨਾਮ ਵਿਚ ਹੀ ਲੀਨ ਰਹਿੰਦਾ ਹੈ।1। ਰਹਾਉ। ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਉਹ ਕੋਈ ਵਿਰਲਾ ਗੁਰੂ ਦੇ ਸਨਮੁਖ ਹੋ ਕੇ (ਇਹ) ਸਮਝਦਾ ਹੈ (ਕਿ) ਗੁਰੂ ਤੋਂ ਬਿਨਾ ਹੋਰ ਕੋਈ (ਨਾਮ ਦੀ) ਦਾਤਿ ਦੇਣ ਵਾਲਾ ਨਹੀਂ ਹੈ, ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ (ਨਾਮ) ਬਖ਼ਸ਼ਦਾ ਹੈ। ਜੇ ਗੁਰੂ ਮਿਲ ਪਏ, ਤਾਂ (ਮਨ ਵਿਚ) ਸ਼ਾਂਤੀ ਪੈਦਾ ਹੋ ਜਾਂਦੀ ਹੈ (ਅਤੇ ਮਨੁੱਖ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।1। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪਰਮਾਤਮਾ ਤੋਂ) ਵਿੱਛੁੜ ਕੇ ਸਦਾ ਭਟਕਦੇ ਫਿਰਦੇ ਹਨ (ਉਹ ਇਹ ਨਹੀਂ ਸਮਝਦੇ ਕਿ ਜਿਨ੍ਹਾਂ ਨਾਲ ਮੋਹ ਹੈ, ਉਹਨਾਂ ਵਿਚੋਂ) ਕੋਈ ਭੀ ਕਿਸੇ ਦੇ ਨਾਲ ਸਦਾ ਦਾ ਸਾਥ ਨਹੀਂ ਨਿਬਾਹ ਸਕਦਾ। ਉਹਨਾਂ ਦੇ ਅੰਦਰ ਹਉਮੈ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ, ਆਤਮਕ ਮੌਤ ਨੇ ਉਹਨਾਂ ਨੂੰ ਸਿਰ-ਪਰਨੇ ਸੁੱਟਿਆ ਹੁੰਦਾ ਹੈ। ਜਿਹੜੇ ਮਨੁੱਖ ਗੁਰੂ ਦੀ ਮਤਿ ਲੈਂਦੇ ਹਨ, ਉਹ ਹਰ ਵੇਲੇ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾ ਕੇ ਸਾਧ ਸੰਗਤਿ ਤੋਂ ਕਦੇ ਨਹੀਂ ਵਿੱਛੁੜਦੇ।2। ਹੇ ਪ੍ਰਭੂ! ਸਭ ਜੀਵਾਂ ਦਾ ਪੈਦਾ ਕਰਨ ਵਾਲਾ ਸਿਰਫ਼ ਤੂੰ ਹੀ ਹੈਂ, ਅਤੇ ਵਿਚਾਰ ਕਰ ਕੇ ਤੂੰ ਸਦਾ ਸੰਭਾਲ ਭੀ ਕਰਦਾ ਹੈਂ। ਕਈ ਜੀਵਾਂ ਨੂੰ ਗੁਰੂ ਦੀ ਰਾਹੀਂ ਤੂੰ ਆਪ (ਆਪਣੇ ਨਾਲ) ਜੋੜਿਆ ਹੋਇਆ ਹੈ, (ਗੁਰੂ ਉਹਨਾਂ ਨੂੰ ਤੇਰੀ) ਭਗਤੀ ਦੇ ਖ਼ਜ਼ਾਨੇ ਬਖ਼ਸ਼ਦਾ ਹੈ। ਹੇ ਪ੍ਰਭੂ! ਮੈਂ ਹੋਰ ਕਿਸ ਅੱਗੇ ਕੋਈ ਫਰਿਆਦ ਕਰਾਂ? ਤੂੰ ਆਪ ਹੀ (ਸਾਡੇ ਦਿਲਾਂ ਦੀ) ਹਰੇਕ ਮੰਗ ਜਾਣਦਾ ਹੈਂ।3। ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਮਿਹਰ ਦੀ ਨਿਗਾਹ ਨਾਲ ਹੀ ਮਿਲਦਾ ਹੈ। (ਜਿਸ ਉਤੇ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਮਨੁੱਖ) ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿੱਕ ਕੇ ਪਿਆਰ ਵਿਚ ਟਿੱਕ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਉਚਾਰਦਾ ਹੈ। ਹੇ ਨਾਨਕ! (ਉਸ ਮਨੁੱਖ ਵਾਸਤੇ) ਹਰਿ-ਨਾਮ ਹੀ ਖ਼ਜ਼ਾਨਾ ਹੈ, ਉਹ ਨਾਮ ਵਿਚ ਹੀ ਚਿੱਤ ਜੋੜੀ ਰੱਖਦਾ ਹੈ।4।3। ਮਲਾਰ ਮਹਲਾ ੩ ॥ ਗੁਰੁ ਸਾਲਾਹੀ ਸਦਾ ਸੁਖਦਾਤਾ ਪ੍ਰਭੁ ਨਾਰਾਇਣੁ ਸੋਈ ॥ ਗੁਰ ਪਰਸਾਦਿ ਪਰਮ ਪਦੁ ਪਾਇਆ ਵਡੀ ਵਡਿਆਈ ਹੋਈ ॥ ਅਨਦਿਨੁ ਗੁਣ ਗਾਵੈ ਨਿਤ ਸਾਚੇ ਸਚਿ ਸਮਾਵੈ ਸੋਈ ॥੧॥ ਮਨ ਰੇ ਗੁਰਮੁਖਿ ਰਿਦੈ ਵੀਚਾਰਿ ॥ ਤਜਿ ਕੂੜੁ ਕੁਟੰਬੁ ਹਉਮੈ ਬਿਖੁ ਤ੍ਰਿਸਨਾ ਚਲਣੁ ਰਿਦੈ ਸਮ੍ਹ੍ਹਾਲਿ ॥੧॥ ਰਹਾਉ ॥ ਸਤਿਗੁਰੁ ਦਾਤਾ ਰਾਮ ਨਾਮ ਕਾ ਹੋਰੁ ਦਾਤਾ ਕੋਈ ਨਾਹੀ ॥ ਜੀਅ ਦਾਨੁ ਦੇਇ ਤ੍ਰਿਪਤਾਸੇ ਸਚੈ ਨਾਮਿ ਸਮਾਹੀ ॥ ਅਨਦਿਨੁ ਹਰਿ ਰਵਿਆ ਰਿਦ ਅੰਤਰਿ ਸਹਜਿ ਸਮਾਧਿ ਲਗਾਹੀ ॥੨॥ ਸਤਿਗੁਰ ਸਬਦੀ ਇਹੁ ਮਨੁ ਭੇਦਿਆ ਹਿਰਦੈ ਸਾਚੀ ਬਾਣੀ ॥ ਮੇਰਾ ਪ੍ਰਭੁ ਅਲਖੁ ਨ ਜਾਈ ਲਖਿਆ ਗੁਰਮੁਖਿ ਅਕਥ ਕਹਾਣੀ ॥ ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰਿੰਗਪਾਣੀ ॥੩॥ ਆਵਣ ਜਾਣਾ ਬਹੁੜਿ ਨ ਹੋਵੈ ਗੁਰਮੁਖਿ ਸਹਜਿ ਧਿਆਇਆ ॥ ਮਨ ਹੀ ਤੇ ਮਨੁ ਮਿਲਿਆ ਸੁਆਮੀ ਮਨ ਹੀ ਮੰਨੁ ਸਮਾਇਆ ॥ ਸਾਚੇ ਹੀ ਸਚੁ ਸਾਚਿ ਪਤੀਜੈ ਵਿਚਹੁ ਆਪੁ ਗਵਾਇਆ ॥੪॥ ਏਕੋ ਏਕੁ ਵਸੈ ਮਨਿ ਸੁਆਮੀ ਦੂਜਾ ਅਵਰੁ ਨ ਕੋਈ ॥ ਏਕੋੁ ਨਾਮੁ ਅੰਮ੍ਰਿਤੁ ਹੈ ਮੀਠਾ ਜਗਿ ਨਿਰਮਲ ਸਚੁ ਸੋਈ ॥ ਨਾਨਕ ਨਾਮੁ ਪ੍ਰਭੂ ਤੇ ਪਾਈਐ ਜਿਨ ਕਉ ਧੁਰਿ ਲਿਖਿਆ ਹੋਈ ॥੫॥੪॥ {ਪੰਨਾ 1258-1259} ਪਦ ਅਰਥ: ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਰਹਾਂ। ਸੋਈ = ਉਹ (ਗੁਰੂ) ਹੀ। ਪਰਸਾਦਿ = ਕਿਰਪਾ ਨਾਲ। ਪਰਮਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਵਡਿਆਈ = ਸੋਭਾ, ਇੱਜ਼ਤ। ਅਨਦਿਨੁ = ਹਰ ਰੋਜ਼, ਹਰ ਵੇਲੇ। ਗਾਵੈ = ਗਾਂਦਾ ਹੈ (ਇਕ-ਵਚਨ) । ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ।1। ਰਹਾਉ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਰਿਦੈ = ਹਿਰਦੇ ਵਿਚ। ਤਜਿ = ਛੱਡ ਦੇਹ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਸਮ੍ਹ੍ਹਾਲਿ = ਚੇਤੇ ਰੱਖ। ਚਲਣੁ = ਕੂਚ।1। ਰਹਾਉ। ਹੋਰੁ = (ਗੁਰੂ ਤੋਂ ਬਿਨਾ ਕੋਈ) ਹੋਰ। ਦਾਤਾ = (ਨਾਮ ਦੀ) ਦਾਤਿ ਦੇਣ ਵਾਲਾ। ਜੀਅ ਦਾਨੁ = ਆਤਮਕ ਜੀਵਨ ਦੀ ਦਾਤਿ। ਦੇਇ = ਦੇਂਦਾ ਹੈ। ਤ੍ਰਿਪਤਾਸੇ = ਰੱਜ ਜਾਂਦੇ ਹਨ। ਸਚੈ ਨਾਮਿ = ਸਦਾ-ਥਿਰ ਹਰਿ-ਨਾਮ ਵਿਚ। ਸਮਾਹੀ = ਸਮਾਹਿ, ਲੀਨ ਰਹਿੰਦੇ ਹਨ (ਬਹੁ-ਵਚਨ) । ਰਵਿਆ = ਮੌਜੂਦ। ਰਿਦ ਅੰਤਰਿ = ਹਿਰਦੇ ਵਿਚ। ਸਹਜਿ = ਆਤਮਕ ਅਡੋਲਤਾ ਵਿਚ।2। ਸਬਦੀ = ਸ਼ਬਦ ਵਿਚ। ਭੇਦਿਆ = ਵਿੱਝ ਗਿਆ। ਸਾਚੀ ਬਾਣੀ = ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਅਲਖੁ = ਜਿਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਗੁਰਮੁਖਿ = ਗੁਰੂ ਦੀ ਰਾਹੀਂ। ਅਕਥ = ਜਿਸ ਦਾ ਮੁਕੰਮਲ ਸਰੂਪ ਬਿਆਨ ਨਾਹ ਹੋ ਸਕੇ। ਅਕਥ ਕਹਾਣੀ = ਅਕੱਥ ਹਰੀ ਦੀ ਸਿਫ਼ਤਿ-ਸਾਲਾਹ। ਜਪੀਐ = ਜਪਿਆ ਜਾ ਸਕਦਾ ਹੈ। ਸਾਰਿੰਗ ਪਾਣੀ = (ਸਾਰਿੰਗ = ਧਨੁਖ। ਪਾਣੀ = ਹੱਥ) ਜਿਸ ਦੇ ਹੱਥ ਵਿਚ ਧਨੁਖ ਹੈ, ਧਨੁਖ-ਧਾਰੀ ਪ੍ਰਭੂ।3। ਬਹੁੜਿ = ਮੁੜ। ਮਨ ਹੀ ਤੇ = ਮਨ ਤੋਂ ਹੀ, ਅੰਦਰੋਂ ਹੀ। ਮਨੁ ਮਿਲਿਆ = ਆਪੇ ਦੀ ਸੂਝ ਪੈ ਗਈ। ਮਨ ਹੀ = ਮਨਿ ਹੀ, ਮਨ ਵਿਚ ਹੀ, ਅੰਦਰ ਹੀ। ਮੰਨੁ = ਮਨ। ਸਾਚੇ ਹੀ ਸਾਚਿ = ਸਦਾ ਹੀ ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ ਹਰੀ। ਆਪੁ = ਆਪਾ-ਭਾਵ।4। ਮਨਿ = ਮਨ ਵਿਚ। ਏਕੋੁ = (ਅੱਖਰ 'ਕ' ਦੇ ਨਾਲ ਦੋ ਲਗਾਂ: ੋ ਅਤੇ ੁ ਹਨ। ਅਸਲ ਲਫ਼ਜ਼ 'ਏਕੁ' ਹੈ। ਇਥੇ 'ਏਕੋ' ਪੜ੍ਹਨਾ ਹੈ) । ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਜਗਿ = ਜਗਤ ਵਿਚ। ਤੇ = ਤੋਂ। ਧੁਰਿ = ਧੁਰ-ਦਰਗਾਹ ਤੋਂ।5। ਅਰਥ: ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ ਹਿਰਦੇ ਵਿਚ (ਪਰਮਾਤਮਾ ਦੇ ਗੁਣਾਂ ਨੂੰ) ਵਿਚਾਰਿਆ ਕਰ। ਹੇ ਭਾਈ! ਝੂਠ ਛੱਡ, ਕੁਟੰਬ (ਦਾ ਮੋਹ) ਛੱਡ, ਹਉਮੈ ਤਿਆਗ, ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਛੱਡ। ਹਿਰਦੇ ਵਿਚ ਸਦਾ ਯਾਦ ਰੱਖ (ਕਿ ਇਥੋਂ) ਕੂਚ ਕਰਨਾ (ਹੈ) ।1। ਰਹਾਉ। ਹੇ ਭਾਈ! ਮੈਂ ਤਾਂ ਸਦਾ (ਆਪਣੇ) ਗੁਰੂ ਨੂੰ ਹੀ ਸਲਾਹੁੰਦਾ ਹਾਂ, ਉਹ ਸਾਰੇ ਸੁਖ ਦੇਣ ਵਾਲਾ ਹੈ (ਮੇਰੇ ਵਾਸਤੇ) ਉਹ ਨਾਰਾਇਣ ਪ੍ਰਭੂ ਹੈ। (ਜਿਸ ਮਨੁੱਖ ਨੇ) ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ, ਉਸ ਦੀ (ਲੋਕ ਪਰਲੋਕ ਵਿੱਚ) ਬੜੀ ਇੱਜ਼ਤ ਬਣ ਗਈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਸਦਾ ਗੁਣ ਗਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।1। ਹੇ ਭਾਈ! ਪਰਮਾਤਮਾ ਦੇ ਨਾਮ ਦੀ ਦਾਤਿ ਦੇਣ ਵਾਲਾ (ਸਿਰਫ਼) ਗੁਰੂ (ਹੀ) ਹੈ, (ਨਾਮ ਦੀ ਦਾਤਿ) ਦੇਣ ਵਾਲਾ (ਗੁਰੂ ਤੋਂ ਬਿਨਾ) ਹੋਰ ਕੋਈ ਨਹੀਂ। ਜਿਨ੍ਹਾਂ ਮਨੁੱਖਾਂ ਨੂੰ ਗੁਰੂ ਆਤਮਕ ਜੀਵਨ ਦੀ ਦਾਤਿ ਦੇਂਦਾ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ, ਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ, ਉਹਨਾਂ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਹਰ ਵੇਲੇ ਵੱਸਿਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਦਾ ਟਿਕੇ ਰਹਿੰਦੇ ਹਨ।2। ਹੇ ਭਾਈ! ਮੇਰਾ ਪ੍ਰਭੂ ਅਲੱਖ ਹੈ ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਗੁਰੂ ਦੀ ਸਰਨ ਪੈ ਕੇ ਉਸ ਅਕੱਥ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ। ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਟਿਕੀ ਰਹਿੰਦੀ ਹੈ। ਹੇ ਭਾਈ! ਸਾਰੇ ਸੁਖ ਦੇਣ ਵਾਲਾ ਧਨੁਖ-ਧਾਰੀ ਪ੍ਰਭੂ ਆਪ ਹੀ ਜਦੋਂ ਮਿਹਰ ਕਰਦਾ ਹੈ, ਤਾਂ ਉਸ ਦਾ ਨਾਮ ਜਪਿਆ ਜਾ ਸਕਦਾ ਹੈ।3। ਹੇ ਭਾਈ! ਗੁਰੂ ਦੇ ਸਨਮੁਖ ਹੋ ਕੇ ਜਿਸ ਮਨੁੱਖ ਨੇ ਆਤਮਕ ਅਡੋਲਤਾ ਵਿਚ (ਟਿੱਕ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਹੁੰਦਾ। ਉਸ ਨੂੰ ਆਪਣੇ ਅੰਦਰੋਂ ਹੀ ਆਪੇ ਦੀ ਸੂਝ ਹੋ ਜਾਂਦੀ ਹੈ, ਉਸ ਨੂੰ ਮਾਲਕ-ਪ੍ਰਭੂ ਮਿਲ ਪੈਂਦਾ ਹੈ, ਉਸ ਦਾ ਮਨ (ਫਿਰ) ਅੰਦਰ ਹੀ ਲੀਨ ਹੋ ਜਾਂਦਾ ਹੈ। ਸਦਾ-ਥਿਰ ਹਰੀ ਨੂੰ (ਹਿਰਦੇ ਵਿਚ ਵਸਾ ਕੇ) ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਹੀ ਗਿੱਝਾ ਰਹਿੰਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ।4। ਹੇ ਨਾਨਕ! (ਆਖ– ਹੇ ਭਾਈ!) ਪਰਮਾਤਮਾ ਦਾ ਨਾਮ ਪਰਮਾਤਮਾ ਪਾਸੋਂ ਹੀ ਮਿਲਦਾ ਹੈ। (ਮਿਲਦਾ ਉਹਨਾਂ ਨੂੰ ਹੈ) ਜਿਨ੍ਹਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਹੀ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੁੰਦਾ ਹੈ। ਉਹਨਾਂ ਦੇ ਮਨ ਵਿਚ ਸਦਾ ਮਾਲਕ-ਪ੍ਰਭੂ ਹੀ ਵੱਸਿਆ ਰਹਿੰਦਾ ਹੈ, ਹੋਰ ਕੋਈ ਦੂਜਾ ਨਹੀਂ ਵੱਸਦਾ। ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਹਰਿ-ਨਾਮ ਹੀ ਮਿੱਠਾ ਲੱਗਦਾ ਹੈ। ਜਗਤ ਵਿਚ (ਹਰ ਥਾਂ ਉਹਨਾਂ ਨੂੰ) ਉਹੀ ਦਿੱਸਦਾ ਹੈ ਜੋ ਪਵਿੱਤਰ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਹੈ।5।4। |
Sri Guru Granth Darpan, by Professor Sahib Singh |