ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1259

ਮਲਾਰ ਮਹਲਾ ੩ ॥ ਗਣ ਗੰਧਰਬ ਨਾਮੇ ਸਭਿ ਉਧਰੇ ਗੁਰ ਕਾ ਸਬਦੁ ਵੀਚਾਰਿ ॥ ਹਉਮੈ ਮਾਰਿ ਸਦ ਮੰਨਿ ਵਸਾਇਆ ਹਰਿ ਰਾਖਿਆ ਉਰਿ ਧਾਰਿ ॥ ਜਿਸਹਿ ਬੁਝਾਏ ਸੋਈ ਬੂਝੈ ਜਿਸ ਨੋ ਆਪੇ ਲਏ ਮਿਲਾਇ ॥ ਅਨਦਿਨੁ ਬਾਣੀ ਸਬਦੇ ਗਾਂਵੈ ਸਾਚਿ ਰਹੈ ਲਿਵ ਲਾਇ ॥੧॥ ਮਨ ਮੇਰੇ ਖਿਨੁ ਖਿਨੁ ਨਾਮੁ ਸਮ੍ਹ੍ਹਾਲਿ ॥ ਗੁਰ ਕੀ ਦਾਤਿ ਸਬਦ ਸੁਖੁ ਅੰਤਰਿ ਸਦਾ ਨਿਬਹੈ ਤੇਰੈ ਨਾਲਿ ॥੧॥ ਰਹਾਉ ॥ ਮਨਮੁਖ ਪਾਖੰਡੁ ਕਦੇ ਨ ਚੂਕੈ ਦੂਜੈ ਭਾਇ ਦੁਖੁ ਪਾਏ ॥ ਨਾਮੁ ਵਿਸਾਰਿ ਬਿਖਿਆ ਮਨਿ ਰਾਤੇ ਬਿਰਥਾ ਜਨਮੁ ਗਵਾਏ ॥ ਇਹ ਵੇਲਾ ਫਿਰਿ ਹਥਿ ਨ ਆਵੈ ਅਨਦਿਨੁ ਸਦਾ ਪਛੁਤਾਏ ॥ ਮਰਿ ਮਰਿ ਜਨਮੈ ਕਦੇ ਨ ਬੂਝੈ ਵਿਸਟਾ ਮਾਹਿ ਸਮਾਏ ॥੨॥ {ਪੰਨਾ 1259}

ਪਦ ਅਰਥ: ਗਣ = ਦੇਵਤਿਆਂ ਦੀ ਇਕ ਸ਼੍ਰੇਣੀ ਜੋ ਸ਼ਿਵ ਜੀ ਦੀ ਉਪਾਸਕ ਮੰਨੀ ਜਾਂਦੀ ਹੈ। ਗੰਧਰਬ = ਦੇਵਤਿਆਂ ਦੇ ਰਾਗੀ। ਨਾਮੇ = ਨਾਮਿ ਹੀ, ਨਾਮ ਦੀ ਰਾਹੀਂ ਹੀ। ਉਧਰੇ = ਸੰਸਾਰ-ਸਮੁੰਦਰ ਤੋਂ ਪਾਰ ਲੰਘੇ। ਵੀਚਾਰਿ = ਵਿਚਾਰ ਕੇ, ਮਨ ਵਿਚ ਵਸਾ ਕੇ। ਮਾਰਿ = ਮਾਰ ਕੇ। ਸਦ = ਸਦਾ। ਮੰਨਿ = ਮਨਿ, ਮਨ ਵਿਚ। ਉਰਿ = ਹਿਰਦੇ ਵਿਚ। ਜਿਸਹਿ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) । ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) । ਆਪੇ = ਆਪ ਹੀ। ਅਨਦਿਨੁ = (Anuidnz) ਹਰ ਰੋਜ਼, ਹਰ ਵੇਲੇ। ਸਬਦੇ = (ਗੁਰੂ ਦੇ) ਸ਼ਬਦ ਦੀ ਰਾਹੀਂ। ਗਾਵੈ = ਗਾਂਦਾ ਹੈ (ਇਕ-ਵਚਨ) । ਸਾਚਿ = ਸਦਾ-ਥਿਰ ਪ੍ਰਭੂ ਵਿਚ। ਲਿਵ ਲਾਇ = ਸੁਰਤਿ ਜੋੜ ਕੇ।1।

ਮਨ = ਹੇ ਮਨ! ਖਿਨੁ ਖਿਨੁ = ਹਰੇਕ ਖਿਨ। ਸਮ੍ਹ੍ਹਾਲਿ = ਚੇਤੇ ਕਰਦਾ ਰਹੁ। ਸਬਦ ਸੁਖੁ = ਸ਼ਬਦ ਦਾ ਆਨੰਦ। ਅੰਤਰਿ = ਹਿਰਦੇ ਵਿਚ। ਨਿਬਹੈ– ਸਾਥ ਬਣਾਈ ਰੱਖਦਾ ਹੈ।1। ਰਹਾਉ।

ਮਨਮੁਖ ਪਾਖੰਡੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਵਿਖਾਵਾ। ਚੂਕੈ = ਮੁੱਕਦਾ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਵਿਸਾਰਿ = ਭੁਲਾ ਕੇ। ਬਿਖਿਆ = ਮਾਇਆ। ਮਨਿ = ਮਨ ਦੀ ਰਾਹੀਂ, ਮਨੋਂ। ਰਾਤੇ = ਰੱਤੇ ਹੋਏ, ਮਸਤ। ਹਥਿ ਨ ਆਵੈ = ਨਹੀਂ ਮਿਲਦਾ। ਹਥਿ = ਹੱਥ ਵਿਚ। ਮਰਿ = ਮਰ ਕੇ। ਮਾਹਿ = ਵਿਚ।2।

ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਇਕ ਇਕ ਖਿਨ ਯਾਦ ਕਰਦਾ ਰਹੁ। ਗੁਰੂ ਦੇ ਬਖ਼ਸ਼ੇ ਸ਼ਬਦ ਦਾ ਆਨੰਦ ਤੇਰੇ ਅੰਦਰ ਟਿਕਿਆ ਰਹੇਗਾ। ਹੇ ਮਨ! (ਇਹ ਹਰਿ-ਨਾਮ) ਤੇਰੇ ਨਾਲ ਸਦਾ ਸਾਥ ਬਣਾਈ ਰੱਖੇਗਾ।1। ਰਹਾਉ।

ਹੇ ਭਾਈ! ਗਣ ਗੰਧਰਬ (ਆਦਿਕ ਦੇਵ-ਸ਼੍ਰੇਣੀਆਂ ਦੇ ਲੋਕ) ਸਾਰੇ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ, ਗੁਰੂ ਦਾ ਸ਼ਬਦ ਮਨ ਵਿਚ ਵਸਾ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘੇ ਹਨ। (ਜਿਨ੍ਹਾਂ ਨੇ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਿਆ, ਉਹਨਾਂ ਨੇ (ਆਪਣੇ ਅੰਦਰੋਂ) ਹਉਮੈ ਨੂੰ ਮੁਕਾ ਕੇ ਪ੍ਰਭੂ ਦੇ ਨਾਮ ਨੂੰ ਸਦਾ ਆਪਣੇ ਮਨ ਵਿਚ ਵਸਾ ਲਿਆ।

ਹੇ ਭਾਈ! ਉਹੀ ਮਨੁੱਖ (ਇਸ ਸਹੀ ਜੀਵਨ-ਰਾਹ ਨੂੰ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਹੀ ਸੂਝ ਬਖ਼ਸ਼ਦਾ ਹੈ, ਜਿਸ ਨੂੰ ਆਪ (ਆਪਣੇ ਚਰਨਾਂ ਵਿਚ) ਜੋੜਦਾ ਹੈ। ਉਹ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ) ਗਾਂਦਾ ਹੈ, ਅਤੇ ਸਦਾ-ਥਿਰ ਪ੍ਰਭੂ ਵਿਚ ਸੁਰਤਿ ਜੋੜੀ ਰੱਖਦਾ ਹੈ।1।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਪਖੰਡ ਕਦੇ ਮੁੱਕਦਾ ਨਹੀਂ। ਉਹ ਮਾਇਆ ਦੇ ਮੋਹ ਵਿਚ ਦੁੱਖ ਸਹਾਰਦਾ ਰਹਿੰਦਾ ਹੈ। ਪ੍ਰਭੂ-ਨਾਮ ਨੂੰ ਭੁਲਾ ਕੇ ਆਪਣੇ ਮਨੋਂ ਮਾਇਆ ਵਿਚ ਰੰਗਿਆ ਰਹਿਣ ਕਰਕੇ ਉਹ ਆਪਣੀ ਜ਼ਿੰਦਗੀ ਵਿਅਰਥ ਗਵਾਂਦਾ ਹੈ। ਉਸ ਨੂੰ ਇਹ (ਮਨੁੱਖਾ ਜਨਮ ਦਾ) ਸਮਾ ਮੁੜ ਨਹੀਂ ਮਿਲਦਾ, (ਇਸ ਵਾਸਤੇ) ਸਦਾ ਹੱਥ ਮਲਦਾ ਰਹਿੰਦਾ ਹੈ। ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ (ਸਹੀ ਜੀਵਨ-ਰਾਹ ਨੂੰ) ਸਮਝ ਨਹੀਂ ਸਕਦਾ, ਅਤੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿੰਦਾ ਹੈ।2।

ਗੁਰਮੁਖਿ ਨਾਮਿ ਰਤੇ ਸੇ ਉਧਰੇ ਗੁਰ ਕਾ ਸਬਦੁ ਵੀਚਾਰਿ ॥ ਜੀਵਨ ਮੁਕਤਿ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਿ ਧਾਰਿ ॥ ਮਨੁ ਤਨੁ ਨਿਰਮਲੁ ਨਿਰਮਲ ਮਤਿ ਊਤਮ ਊਤਮ ਬਾਣੀ ਹੋਈ ॥ ਏਕੋ ਪੁਰਖੁ ਏਕੁ ਪ੍ਰਭੁ ਜਾਤਾ ਦੂਜਾ ਅਵਰੁ ਨ ਕੋਈ ॥੩॥ ਆਪੇ ਕਰੇ ਕਰਾਏ ਪ੍ਰਭੁ ਆਪੇ ਆਪੇ ਨਦਰਿ ਕਰੇਇ ॥ ਮਨੁ ਤਨੁ ਰਾਤਾ ਗੁਰ ਕੀ ਬਾਣੀ ਸੇਵਾ ਸੁਰਤਿ ਸਮੇਇ ॥ ਅੰਤਰਿ ਵਸਿਆ ਅਲਖ ਅਭੇਵਾ ਗੁਰਮੁਖਿ ਹੋਇ ਲਖਾਇ ॥ ਨਾਨਕ ਜਿਸੁ ਭਾਵੈ ਤਿਸੁ ਆਪੇ ਦੇਵੈ ਭਾਵੈ ਤਿਵੈ ਚਲਾਇ ॥੪॥੫॥ {ਪੰਨਾ 1259}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਨਾਮਿ = ਨਾਮ (-ਰੰਗ) ਵਿਚ। ਸੇ = ਉਹ (ਬਹੁ-ਵਚਨ) । ਜੀਵਨ ਮੁਕਤਿ = ਜਿਨ੍ਹਾਂ ਨੂੰ ਜੀਊਂਦਿਆਂ ਹੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਹੋ ਜਾਂਦੀ ਹੈ। ਉਰਿ = ਹਿਰਦੇ ਵਿਚ। ਨਿਰਮਲੁ = ਪਵਿੱਤਰ। ਬਾਣੀ = ਬੋਲ-ਚਾਲ। ਜਾਤਾ = ਡੂੰਘੀ ਸਾਂਝ ਪਾ ਲਈ।3।

ਆਪੇ = ਆਪ ਹੀ। ਨਦਰਿ = ਮਿਹਰ ਦੀ ਨਿਗਾਹ। ਕਰੇਇ = ਕਰਦਾ ਹੈ (ਇਕ-ਵਚਨ) । ਰਾਤਾ = ਰੰਗਿਆ ਹੋਇਆ। ਸੇਵਾ = ਭਗਤੀ। ਸਮੇਇ = ਸਮਾਈ ਰਹਿੰਦੀ ਹੈ, ਲੀਨ ਰਹਿੰਦੀ ਹੈ। ਅੰਤਰਿ = ਅੰਦਰ। ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਭੇਵਾ = ਜਿਸ ਦਾ ਭੇਤ ਨ ਪਾਇਆ ਜਾ ਸਕੇ। ਜਿਸੁ ਭਾਵੈ = ਜੋ ਤਿਸੁ ਭਾਵੈ, ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ। ਭਾਵੈ = ਜਿਵੇਂ ਉਸ ਦੀ ਰਜ਼ਾ ਹੁੰਦੀ ਹੈ। ਚਲਾਇ = ਜੀਵਨ-ਰਾਹ ਉਤੇ ਤੋਰਦਾ ਹੈ।4।

ਅਰਥ: ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰਿ-ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ। ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਜੀਊਂਦੇ ਹੀ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ) ਵਿਕਾਰਾਂ ਤੋਂ ਖ਼ਲਾਸੀ ਪਾਈ ਰੱਖਦੇ ਹਨ। ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦੀ ਮਤਿ ਉੱਚੀ ਹੋ ਜਾਂਦੀ ਹੈ, ਉਹਨਾਂ ਦਾ ਬੋਲ-ਚਾਲ ਉੱਤਮ ਹੋ ਜਾਂਦਾ ਹੈ। ਉਹ ਮਨੁੱਖ ਇਕ ਸਰਬ-ਵਿਆਪਕ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਈ ਰੱਖਦੇ ਹਨ (ਪ੍ਰਭੂ ਤੋਂ ਬਿਨਾ) ਕੋਈ ਹੋਰ ਦੂਜਾ (ਉਹਨਾਂ ਨੂੰ ਕਿਤੇ) ਨਹੀਂ (ਦਿੱਸਦਾ) ।3।

ਹੇ ਭਾਈ! ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ ਮਿਹਰ ਦੀ ਨਿਗਾਹ (ਜੀਵਾਂ ਉਤੇ) ਕਰਦਾ ਹੈ। (ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦਾ) ਮਨ (ਉਸ ਦਾ) ਤਨ ਗੁਰੂ ਦੀ ਬਾਣੀ (ਦੇ ਰੰਗ) ਵਿਚ ਰੰਗਿਆ ਰਹਿੰਦਾ ਹੈ, ਉਸ ਦੀ ਸੁਰਤਿ (ਪ੍ਰਭੂ ਦੀ) ਭਗਤੀ ਵਿਚ ਲੀਨ ਰਹਿੰਦੀ ਹੈ। ਉਸ ਦੇ ਅੰਦਰ ਅਲੱਖ ਅਤੇ ਅਭੇਵ ਪ੍ਰਭੂ ਪਰਗਟ ਹੋ ਜਾਂਦਾ ਹੈ। ਗੁਰੂ ਦੇ ਸਨਮੁਖ ਹੋ ਕੇ (ਉਹ ਅੰਦਰ ਵੱਸਦੇ ਪ੍ਰਭੂ ਨੂੰ) ਵੇਖ ਲੈਂਦਾ ਹੈ।

ਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਨੂੰ ਭਾ ਜਾਂਦਾ ਹੈ ਉਸ ਨੂੰ ਇਹ ਦਾਤਿ ਬਖ਼ਸ਼ਦਾ ਹੈ। ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਉਹ (ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈ।4।5।

ਮਲਾਰ ਮਹਲਾ ੩ ਦੁਤੁਕੇ ॥ ਸਤਿਗੁਰ ਤੇ ਪਾਵੈ ਘਰੁ ਦਰੁ ਮਹਲੁ ਸੁ ਥਾਨੁ ॥ ਗੁਰ ਸਬਦੀ ਚੂਕੈ ਅਭਿਮਾਨੁ ॥੧॥ ਜਿਨ ਕਉ ਲਿਲਾਟਿ ਲਿਖਿਆ ਧੁਰਿ ਨਾਮੁ ॥ ਅਨਦਿਨੁ ਨਾਮੁ ਸਦਾ ਸਦਾ ਧਿਆਵਹਿ ਸਾਚੀ ਦਰਗਹ ਪਾਵਹਿ ਮਾਨੁ ॥੧॥ ਰਹਾਉ ॥ ਮਨ ਕੀ ਬਿਧਿ ਸਤਿਗੁਰ ਤੇ ਜਾਣੈ ਅਨਦਿਨੁ ਲਾਗੈ ਸਦ ਹਰਿ ਸਿਉ ਧਿਆਨੁ ॥ ਗੁਰ ਸਬਦਿ ਰਤੇ ਸਦਾ ਬੈਰਾਗੀ ਹਰਿ ਦਰਗਹ ਸਾਚੀ ਪਾਵਹਿ ਮਾਨੁ ॥੨॥ ਇਹੁ ਮਨੁ ਖੇਲੈ ਹੁਕਮ ਕਾ ਬਾਧਾ ਇਕ ਖਿਨ ਮਹਿ ਦਹ ਦਿਸ ਫਿਰਿ ਆਵੈ ॥ ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ ਤਾਂ ਇਹੁ ਮਨੁ ਗੁਰਮੁਖਿ ਤਤਕਾਲ ਵਸਿ ਆਵੈ ॥੩॥ ਇਸੁ ਮਨ ਕੀ ਬਿਧਿ ਮਨ ਹੂ ਜਾਣੈ ਬੂਝੈ ਸਬਦਿ ਵੀਚਾਰਿ ॥ ਨਾਨਕ ਨਾਮੁ ਧਿਆਇ ਸਦਾ ਤੂ ਭਵ ਸਾਗਰੁ ਜਿਤੁ ਪਾਵਹਿ ਪਾਰਿ ॥੪॥੬॥ {ਪੰਨਾ 1259-1260}

ਪਦ ਅਰਥ: ਤੇ = ਤੋਂ, ਪਾਸੋਂ। ਘਰੁ ਦਰੁ ਮਹਲੁ = ਪਰਮਾਤਮਾ ਦਾ ਘਰ ਦਰ ਮਹਲ। ਸੁ = ਉਹ। ਸਬਦੀ = ਸ਼ਬਦ ਦੀ ਰਾਹੀਂ। ਚੂਕੈ = ਮੁੱਕਦਾ ਹੈ।1।

ਲਿਲਾਟਿ = ਮੱਥੇ ਉੱਤੇ। ਧੁਰਿ = ਧੁਰ ਦਰਗਾਹ ਤੋਂ। ਅਨਦਿਨੁ = (Anuidnz) ਹਰ ਰੋਜ਼। ਧਿਆਵਹਿ = ਧਿਆਉਂਦੇ ਹਨ (ਬਹੁ-ਵਚਨ) । ਸਾਚੀ = ਸਦਾ ਕਾਇਮ ਰਹਿਣ ਵਾਲੀ। ਮਾਨੁ = ਆਦਰ, ਸਤਕਾਰ।1। ਰਹਾਉ।

ਬਿਧਿ = ਤਰੀਕਾ, ਢੰਗ। ਜਾਣੈ = ਸਮਝਦਾ ਹੈ। ਸਦ = ਸਦਾ। ਸਿਉ = ਨਾਲ। ਸਬਦਿ = ਸ਼ਬਦ ਵਿਚ। ਬੈਰਾਗੀ = ਮਾਇਆ ਦੇ ਮੋਹ ਤੋਂ ਸੁਤੰਤਰ।2।

ਖੇਲੈ = ਖੇਡਦਾ ਹੈ। ਬਾਧਾ = ਬੱਝਾ ਹੋਇਆ। ਦਹ ਦਿਸ = ਦਸੀਂ ਪਾਸੀਂ। ਦਿਸ = ਪਾਸਾ। ਨਦਰਿ = ਮਿਹਰ ਦੀ ਨਿਗਾਹ। ਸਾਚਾ = ਸਦਾ ਕਾਇਮ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ। ਤਤਕਾਲ = ਉਸੇ ਵੇਲੇ। ਵਸਿ = ਵੱਸ ਵਿਚ।3।

ਮਨ ਹੂ = ਮਨਹੁ ਹੀ, ਮਨ ਤੋਂ ਹੀ। ਸਬਦਿ = ਸ਼ਬਦ ਦੀ ਰਾਹੀਂ। ਵੀਚਾਰਿ = ਵਿਚਾਰ ਕੇ, ਮਨ ਵਿਚ ਵਸਾ ਕੇ। ਭਵ ਸਾਗਰੁ = ਸੰਸਾਰ-ਸਮੁੰਦਰ। ਜਿਤੁ = ਜਿਸ (ਨਾਮ) ਦੀ ਰਾਹੀਂ। ਪਾਵਹਿ = ਤੂੰ ਹਾਸਲ ਕਰ ਲਏਂ।4।

ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਵਾਸਤੇ (ਉਹਨਾਂ ਦੇ) ਮੱਥੇ ਉਤੇ ਧੁਰ ਦਰਗਾਹ ਤੋਂ ਨਾਮ (ਦਾ ਸਿਮਰਨ) ਲਿਖਿਆ ਹੁੰਦਾ ਹੈ, ਉਹ ਮਨੁੱਖ ਹਰ ਵੇਲੇ ਸਦਾ ਹੀ ਸਦਾ ਹੀ ਨਾਮ ਸਿਮਰਦੇ ਰਹਿੰਦੇ ਹਨ, ਅਤੇ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹ ਆਦਰ ਪ੍ਰਾਪਤ ਕਰਦੇ ਹਨ।1। ਰਹਾਉ।

ਹੇ ਭਾਈ! ਮਨੁੱਖ ਗੁਰੂ ਪਾਸੋਂ ਹੀ ਪਰਮਾਤਮਾ ਦਾ ਘਰ ਪ੍ਰਭੂ ਦਾ ਦਰ ਪ੍ਰਭੂ ਦਾ ਮਹਲ ਅਤੇ ਥਾਂ ਲੱਭ ਸਕਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਮਨੁੱਖ ਦੇ ਅੰਦਰੋਂ) ਅਹੰਕਾਰ ਮੁੱਕਦਾ ਹੈ।1।

ਹੇ ਭਾਈ! (ਜਿਹੜਾ ਮਨੁੱਖ) ਗੁਰੂ ਪਾਸੋਂ ਮਨ (ਨੂੰ ਜਿੱਤਣ) ਦਾ ਢੰਗ ਸਿੱਖ ਲੈਂਦਾ ਹੈ, ਉਸ ਦੀ ਸੁਰਤਿ ਹਰ ਵੇਲੇ ਸਦਾ ਹੀ ਪਰਮਾਤਮਾ (ਦੇ ਚਰਨਾਂ) ਨਾਲ ਲੱਗੀ ਰਹਿੰਦੀ ਹੈ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦੇ ਹਨ।2।

ਹੇ ਭਾਈ! (ਮਨੁੱਖ ਦਾ) ਇਹ ਮਨ (ਪਰਮਾਤਮਾ ਦੇ) ਹੁਕਮ ਦਾ ਬੱਝਾ ਹੋਇਆ ਹੀ (ਮਾਇਆ ਦੀਆਂ ਖੇਡਾਂ) ਖੇਡਦਾ ਰਹਿੰਦਾ ਹੈ, ਅਤੇ ਇਕ ਖਿਨ ਵਿਚ ਹੀ ਦਸੀਂ ਪਾਸੀਂ ਦੌੜ ਭੱਜ ਆਉਂਦਾ ਹੈ। ਜਦੋਂ ਸਦਾ-ਥਿਰ ਪ੍ਰਭੂ ਆਪ ਹੀ (ਕਿਸੇ ਮਨੁੱਖ ਉਤੇ) ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਉਸ ਦਾ ਇਹ ਮਨ ਗੁਰੂ ਦੀ ਸਰਨ ਦੀ ਬਰਕਤਿ ਨਾਲ ਬੜੀ ਛੇਤੀ ਵੱਸ ਵਿਚ ਆ ਜਾਂਦਾ ਹੈ।3।

ਹੇ ਭਾਈ! ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਆਪਣੇ ਮਨ ਵਿਚ ਵਸਾ ਕੇ (ਸਹੀ ਜੀਵਨ-ਰਾਹ ਨੂੰ) ਸਮਝਦਾ ਹੈ, ਤਾਂ ਉਹ ਆਪਣੇ ਅੰਦਰੋਂ ਹੀ ਇਸ ਮਨ ਨੂੰ ਵੱਸ ਵਿਚ ਰੱਖਣ ਦੀ ਜਾਚ ਸਿੱਖ ਲੈਂਦਾ ਹੈ। ਹੇ ਨਾਨਕ! (ਆਖ– ਹੇ ਭਾਈ!) ਤੂੰ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜਿਸ ਨਾਮ ਦੀ ਰਾਹੀਂ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ।4।6।

TOP OF PAGE

Sri Guru Granth Darpan, by Professor Sahib Singh