ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1260

ਮਲਾਰ ਮਹਲਾ ੩ ॥ ਜੀਉ ਪਿੰਡੁ ਪ੍ਰਾਣ ਸਭਿ ਤਿਸ ਕੇ ਘਟਿ ਘਟਿ ਰਹਿਆ ਸਮਾਈ ॥ ਏਕਸੁ ਬਿਨੁ ਮੈ ਅਵਰੁ ਨ ਜਾਣਾ ਸਤਿਗੁਰਿ ਦੀਆ ਬੁਝਾਈ ॥੧॥ ਮਨ ਮੇਰੇ ਨਾਮਿ ਰਹਉ ਲਿਵ ਲਾਈ ॥ ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੈ ਸਬਦਿ ਹਰਿ ਧਿਆਈ ॥੧॥ ਰਹਾਉ ॥ ਮਨੁ ਤਨੁ ਭੀਜੈ ਏਕ ਲਿਵ ਲਾਗੈ ਸਹਜੇ ਰਹੇ ਸਮਾਈ ॥ ਗੁਰ ਪਰਸਾਦੀ ਭ੍ਰਮੁ ਭਉ ਭਾਗੈ ਏਕ ਨਾਮਿ ਲਿਵ ਲਾਈ ॥੨॥ ਗੁਰ ਬਚਨੀ ਸਚੁ ਕਾਰ ਕਮਾਵੈ ਗਤਿ ਮਤਿ ਤਬ ਹੀ ਪਾਈ ॥ ਕੋਟਿ ਮਧੇ ਕਿਸਹਿ ਬੁਝਾਏ ਤਿਨਿ ਰਾਮ ਨਾਮਿ ਲਿਵ ਲਾਈ ॥੩॥ ਜਹ ਜਹ ਦੇਖਾ ਤਹ ਏਕੋ ਸੋਈ ਇਹ ਗੁਰਮਤਿ ਬੁਧਿ ਪਾਈ ॥ ਮਨੁ ਤਨੁ ਪ੍ਰਾਨ ਧਰੀ ਤਿਸੁ ਆਗੈ ਨਾਨਕ ਆਪੁ ਗਵਾਈ ॥੪॥੭॥ {ਪੰਨਾ 1260}

ਪਦ ਅਰਥ: ਜੀਉ = ਜਿੰਦ। ਪਿੰਡੁ = ਸਰੀਰ। ਸਭਿ = ਸਾਰੇ (ਬਹੁ-ਵਚਨ) । ਤਿਸ ਕੇ = ਉਸ (ਪਰਮਾਤਮਾ) ਦੇ (ਸੰਬੰਧਕ 'ਕੇ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) । ਘਟਿ ਘਟਿ = ਹਰੇਕ ਸਰੀਰ ਵਿਚ। ਨਾ ਜਾਣਾ = ਨ ਜਾਣਾਂ, ਮੈਂ ਨਹੀਂ ਜਾਣਦਾ। ਸਤਿਗੁਰਿ = ਗੁਰੂ ਨੇ। ਦੀਆ ਬੁਝਾਈ = ਸਮਝਾ ਦਿੱਤਾ ਹੈ।1।

ਮਨ = ਹੇ ਮਨ! ਨਾਮਿ = ਨਾਮ ਵਿਚ। ਰਹਉ = ਰਹਉਂ, ਮੈਂ ਰਹਿੰਦਾ ਹਾਂ। ਲਿਵ = ਸੁਰਤਿ। ਰਹਉ ਲਾਈ = ਰਹਉ ਲਾਇ, ਲਾਇ ਰਹਉ, ਮੈਂ ਲਾਈ ਰੱਖਦਾ ਹਾਂ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਪਰੰਪਰ = ਪਰੇ ਤੋਂ ਪਰੇ। ਕਰਤਾ = ਕਰਤਾਰ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ।1। ਰਹਾਉ।

ਭੀਜੈ = ਭਿੱਜ ਜਾਂਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ ਹੀ। ਪਰਸਾਦੀ = ਕਿਰਪਾ ਨਾਲ। ਭ੍ਰਮੁ = ਭਟਕਣਾ। ਨਾਮਿ = ਨਾਮ ਵਿਚ।2।

ਗੁਰ ਬਚਨੀ = ਗੁਰੂ ਦੇ ਬਚਨਾਂ ਉੱਤੇ ਤੁਰ ਕੇ। ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ) । ਗਤਿ = ਉੱਚੀ ਆਤਮਕ ਅਵਸਥਾ। ਗਤਿ ਮਤਿ = ਉੱਚੀ ਆਤਮਕ ਅਵਸਥਾ ਪ੍ਰਾਪਤ ਕਰਨ ਵਾਲੀ ਸੂਝ। ਤਬ ਹੀ = ਤਦੋਂ ਹੀ। ਕੋਟਿ = ਕ੍ਰੋੜਾਂ। ਕਿਸਹਿ = ਕਿਸੇ ਵਿਰਲੇ ਨੂੰ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ) । ਤਿਨਿ = ਉਸ (ਮਨੁੱਖ) ਨੇ। ਨਾਮਿ = ਨਾਮ ਵਿਚ।3।

ਜਹ = ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਸੋਈ = ਉਹ ਹੀ। ਬੁਧਿ = ਅਕਲ। ਧਰੀਂ = ਮੈਂ ਧਰਦਾ ਹਾਂ। ਆਪੁ = ਆਪਾ-ਭਾਵ।4।

ਅਰਥ: ਹੇ ਮੇਰੇ ਮਨ! ਮੈਂ (ਤਾਂ ਸਦਾ) ਪਰਮਾਤਮਾ ਦੇ ਨਾਮ ਵਿਚ ਲਗਨ ਲਾਈ ਰੱਖਦਾ ਹਾਂ। ਜਿਹੜਾ ਕਰਤਾਰ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਹੜਾ ਬੇਅੰਤ ਹੀ ਬੇਅੰਤ ਹੈ, ਮੈਂ ਉਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਧਿਆਉਂਦਾ ਹਾਂ।1। ਰਹਾਉ।

ਹੇ ਭਾਈ! ਗੁਰੂ ਨੇ (ਮੈਨੂੰ) ਸਮਝ ਬਖ਼ਸ਼ੀ ਹੈ ਕਿ ਜਿਹੜਾ ਪਰਮਾਤਮਾ ਹਰੇਕ ਸਰੀਰ ਵਿਚ ਸਮਾ ਰਿਹਾ ਹੈ, ਉਸ ਦੇ ਹੀ ਦਿੱਤੇ ਹੋਏ ਇਹ ਜਿੰਦ ਇਹ ਸਰੀਰ ਇਹ ਪ੍ਰਾਣ ਇਹ ਸਾਰੇ ਅੰਗ ਹਨ। ਹੇ ਭਾਈ! ਉਸ ਇਕ ਤੋਂ ਬਿਨਾ ਮੈਂ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦਾ।1।

ਹੇ ਭਾਈ! (ਜਿਨ੍ਹਾਂ ਮਨੁੱਖਾਂ ਦੀ) ਲਗਨ ਇਕ ਪਰਮਾਤਮਾ ਨਾਲ ਲੱਗੀ ਰਹਿੰਦੀ ਹੈ ਉਹਨਾਂ ਦਾ ਮਨ ਉਹਨਾਂ ਦਾ ਤਨ (ਨਾਮ-ਰਸ ਨਾਲ) ਭਿੱਜਾ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦੇ ਹਨ। ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਿਰਫ਼ ਹਰਿ-ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ, ਉਸ ਦੀ ਭਟਕਣਾ ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ।2।

ਹੇ ਭਾਈ! (ਜਦੋਂ ਮਨੁੱਖ) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਤਦੋਂ ਹੀ ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਣ ਵਾਲੀ ਅਕਲ ਸਿੱਖਦਾ ਹੈ। ਹੇ ਭਾਈ! ਕ੍ਰੋੜਾਂ ਵਿਚੋਂ ਜਿਸ ਕਿਸੇ ਵਿਰਲੇ ਮਨੁੱਖ ਨੂੰ (ਗੁਰੂ ਆਤਮਕ ਜੀਵਨ ਦੀ) ਸੂਝ ਦੇਂਦਾ ਹੈ, ਉਸ ਮਨੁੱਖ ਨੇ (ਸਦਾ ਲਈ) ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਲਈ।3।

ਹੇ ਨਾਨਕ! (ਆਖ– ਹੇ ਭਾਈ!) ਮੈਂ ਜਿਧਰ ਜਿਧਰ ਵੇਖਦਾ ਹਾਂ, ਉਧਰ ਉਧਰ ਇਕ ਪਰਮਾਤਮਾ ਹੀ ਵੱਸਦਾ (ਦਿੱਸਦਾ) ਹੈ– ਇਹ ਅਕਲ ਮੈਂ ਗੁਰੂ ਦੀ ਮਤਿ ਦੀ ਰਾਹੀਂ ਸਿੱਖੀ ਹੈ। ਉਸ (ਗੁਰੂ) ਦੇ ਅੱਗੇ ਮੈਂ ਆਪਾ-ਭਾਵ ਗਵਾ ਕੇ ਆਪਣਾ ਮਨ ਆਪਣਾ ਸਰੀਰ ਆਪਣੇ ਪ੍ਰਾਣ ਭੇਟ ਧਰਦਾ ਹਾਂ।4।7।

ਮਲਾਰ ਮਹਲਾ ੩ ॥ ਮੇਰਾ ਪ੍ਰਭੁ ਸਾਚਾ ਦੂਖ ਨਿਵਾਰਣੁ ਸਬਦੇ ਪਾਇਆ ਜਾਈ ॥ ਭਗਤੀ ਰਾਤੇ ਸਦ ਬੈਰਾਗੀ ਦਰਿ ਸਾਚੈ ਪਤਿ ਪਾਈ ॥੧॥ ਮਨ ਰੇ ਮਨ ਸਿਉ ਰਹਉ ਸਮਾਈ ॥ ਗੁਰਮੁਖਿ ਰਾਮ ਨਾਮਿ ਮਨੁ ਭੀਜੈ ਹਰਿ ਸੇਤੀ ਲਿਵ ਲਾਈ ॥੧॥ ਰਹਾਉ ॥ ਮੇਰਾ ਪ੍ਰਭੁ ਅਤਿ ਅਗਮ ਅਗੋਚਰੁ ਗੁਰਮਤਿ ਦੇਇ ਬੁਝਾਈ ॥ ਸਚੁ ਸੰਜਮੁ ਕਰਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ ॥੨॥ ਆਪੇ ਸਬਦੁ ਸਚੁ ਸਾਖੀ ਆਪੇ ਜਿਨ੍ਹ੍ਹ ਜੋਤੀ ਜੋਤਿ ਮਿਲਾਈ ॥ ਦੇਹੀ ਕਾਚੀ ਪਉਣੁ ਵਜਾਏ ਗੁਰਮੁਖਿ ਅੰਮ੍ਰਿਤੁ ਪਾਈ ॥੩॥ ਆਪੇ ਸਾਜੇ ਸਭ ਕਾਰੈ ਲਾਏ ਸੋ ਸਚੁ ਰਹਿਆ ਸਮਾਈ ॥ ਨਾਨਕ ਨਾਮ ਬਿਨਾ ਕੋਈ ਕਿਛੁ ਨਾਹੀ ਨਾਮੇ ਦੇਇ ਵਡਾਈ ॥੪॥੮॥ {ਪੰਨਾ 1260}

ਪਦ ਅਰਥ: ਸਾਚਾ = ਸਦਾ ਕਾਇਮ ਰਹਿਣ ਵਾਲਾ। ਦੂਖ ਨਿਵਾਰਣੁ = ਦੁੱਖਾਂ ਦਾ ਦੂਰ ਕਰਨ ਵਾਲਾ। ਸਬਦੇ = ਸ਼ਬਦ ਦੀ ਰਾਹੀਂ ਹੀ। ਪਾਇਆ ਜਾਈ = ਮਿਲ ਸਕਦਾ ਹੈ। ਰਾਤੇ = ਰੰਗੇ ਹੋਏ। ਸਦ = ਸਦਾ। ਬੈਰਾਗੀ = ਮਾਇਆ ਦੇ ਮੋਹ ਤੋਂ ਨਿਰਲੇਪ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਪਤਿ = ਇੱਜ਼ਤ।1।

ਮਨ ਸਿਉ = ਮਨ ਨਾਲ, ਸੁਰਤਿ ਜੋੜ ਕੇ। ਰਹਉ ਸਮਾਈ = (ਪ੍ਰਭੂ-ਚਰਨਾਂ ਵਿਚ) ਮੈਂ ਲੀਨ ਰਹਿੰਦਾ ਹਾਂ (ਰਹਉਂ) । ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਨਾਮਿ = ਨਾਮ ਵਿਚ। ਸੇਤੀ = ਨਾਲ। ਲਿਵ = ਲਗਨ।1। ਰਹਾਉ।

ਅਤਿ = ਬਹੁਤ। ਅਗਮ = ਅਪਹੁੰਚ। ਅਗੋਚਰੁ (ਅ-ਗੋ-ਚਰੁ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਦੇਇ = ਦੇਂਦਾ ਹੈ। ਬੁਝਾਈ = ਸੂਝ। ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ) । ਸੰਜਮੁ = ਜੀਵਨ-ਜੁਗਤਿ, ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦਾ ਜਤਨ। ਕਰਣੀ = (krxIX, ਕਰਣੀਯ) ਕਰਨ-ਜੋਗ ਕੰਮ, ਕਰਤੱਬ। ਕੀਰਤਿ = ਸਿਫ਼ਤਿ-ਸਾਲਾਹ।2।

ਸਚੁ = ਸਦਾ-ਥਿਰ ਪ੍ਰਭੂ। ਸਾਖੀ = ਸਿੱਖਿਆ। ਜੋਤਿ = ਜਿੰਦ, ਸੁਰਤਿ। ਕਾਚੀ = ਨਾਸਵੰਤ। ਪਉਣੁ = ਸੁਆਸ, ਹਵਾ, ਸਾਹ। ਵਜਾਏ = ਵਜਾ ਰਿਹਾ ਹੈ, ਚਲਾ ਰਿਹਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।3।

ਆਪੇ = ਆਪ ਹੀ। ਸਾਜੇ = ਪੈਦਾ ਕਰਦਾ ਹੈ। ਸਭ = ਸਾਰੀ ਸ੍ਰਿਸ਼ਟੀ। ਕਾਰੈ = ਕਾਰ ਵਿਚ। ਨਾਮੇ = ਨਾਮ ਵਿਚ ਹੀ। ਵਡਾਈ = ਇੱਜ਼ਤ।4।

ਅਰਥ: ਹੇ (ਮੇਰੇ) ਮਨ! ਮੈਂ (ਤਾਂ ਗੁਰੂ ਦੇ ਸਨਮੁਖ ਹੋ ਕੇ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿ ਸਕਦਾ ਹਾਂ। ਗੁਰੂ ਦੀ ਸ਼ਰਨ ਪਿਆਂ ਹੀ (ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿੱਚ ਭਿੱਜਦਾ ਹੈ, (ਗੁਰੂ ਦੇ ਸਨਮੁਖ ਰਹਿ ਕੇ ਹੀ ਮਨੁੱਖ) ਪ੍ਰਭੂ ਨਾਲ ਸੁਰਤਿ ਜੋੜੀ ਰੱਖਦਾ ਹੈ।1। ਰਹਾਉ।

ਹੇ ਭਾਈ! ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। (ਜੀਵਾਂ ਦੇ) ਦੁੱਖਾਂ ਨੂੰ ਦੂਰ ਕਰਨ ਵਾਲਾ ਹੈ (ਉਹ ਪ੍ਰਭੂ ਗੁਰੂ ਦੇ) ਸ਼ਬਦ ਦੀ ਰਾਹੀਂ ਮਿਲ ਸਕਦਾ ਹੈ। (ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੀ) ਭਗਤੀ ਵਿਚ ਰੰਗੇ ਰਹਿੰਦੇ ਹਨ, ਉਹ ਸਦਾ ਨਿਰਲੇਪ ਰਹਿੰਦੇ ਹਨ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਦਰ ਤੇ ਇੱਜ਼ਤ ਮਿਲਦੀ ਹੈ।1।

ਹੇ ਭਾਈ! ਪਿਆਰਾ ਪ੍ਰਭੂ (ਤਾਂ) ਬਹੁਤ ਅਪਹੁੰਚ ਹੈ ਉਸ ਤਕ ਗਿਆਨ-ਇੰਦ੍ਰਿਆਂ ਦੀ (ਭੀ) ਪਹੁੰਚ ਨਹੀਂ ਹੋ ਸਕਦੀ, (ਪਰ ਜਿਸ ਮਨੁੱਖ ਨੂੰ ਉਹ ਪ੍ਰਭੂ) ਗੁਰੂ ਦੀ ਮਤਿ ਦੀ ਰਾਹੀਂ (ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ, ਉਹ ਮਨੁੱਖ ਪਰਮਾਤਮਾ ਨਾਲ ਸੁਰਤਿ ਜੋੜੀ ਰੱਖਦਾ ਹੈ, ਸਦਾ-ਥਿਰ ਹਰਿ-ਨਾਮ ਦਾ ਸਿਮਰਨ ਉਸ ਮਨੁੱਖ ਦਾ ਸੰਜਮ ਬਣਦਾ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਉਸ ਦੀ ਕਾਰ ਹੋ ਜਾਂਦੀ ਹੈ।2।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੀ ਸੁਰਤਿ (ਗੁਰੂ ਦੀ ਰਾਹੀਂ) ਪ੍ਰਭੂ ਦੀ ਜੋਤਿ ਵਿਚ ਜੁੜਦੀ ਹੈ (ਉਹਨਾਂ ਨੂੰ ਇਹ ਨਿਸਚਾ ਬਣ ਜਾਂਦਾ ਹੈ ਕਿ) ਸਦਾ-ਥਿਰ ਪ੍ਰਭੂ ਆਪ ਹੀ (ਗੁਰੂ ਦਾ) ਸ਼ਬਦ ਹੈ ਪ੍ਰਭੂ ਆਪ ਹੀ (ਗੁਰੂ ਦੀ) ਸਿਖਿਆ ਹੈ। ਹੇ ਭਾਈ! (ਇਸ) ਨਾਸਵੰਤ ਸਰੀਰ ਵਿਚ (ਜਿਸ ਨੂੰ) ਹਰੇਕ ਸੁਆਸ ਤੋਰ ਰਿਹਾ ਹੈ, ਗੁਰੂ ਦੀ ਰਾਹੀਂ (ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੈਂਦਾ ਹੈ।3।

ਹੇ ਨਾਨਕ! (ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ) ਜਿਹੜਾ ਪ੍ਰਭੂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਤੇ, ਕਾਰੇ ਲਾਈ ਰੱਖਦਾ ਹੈ ਉਹ ਸਦਾ-ਥਿਰ ਪ੍ਰਭੂ ਸਭ ਥਾਈਂ ਵਿਆਪਕ ਹੈ। ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਜੀਵ ਕੋਈ ਪਾਇਆਂ ਨਹੀਂ ਰੱਖਦਾ, (ਜੀਵ ਨੂੰ ਪ੍ਰਭੂ ਆਪਣੇ) ਨਾਮ ਦੀ ਰਾਹੀਂ ਹੀ ਇੱਜ਼ਤ ਬਖ਼ਸ਼ਦਾ ਹੈ।4।8।

ਮਲਾਰ ਮਹਲਾ ੩ ॥ ਹਉਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ ॥ ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ ॥੧॥ ਮਨ ਰੇ ਹਉਮੈ ਮੋਹੁ ਦੁਖੁ ਭਾਰੀ ॥ ਇਹੁ ਭਵਜਲੁ ਜਗਤੁ ਨ ਜਾਈ ਤਰਣਾ ਗੁਰਮੁਖਿ ਤਰੁ ਹਰਿ ਤਾਰੀ ॥੧॥ ਰਹਾਉ ॥ ਤ੍ਰੈ ਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ ॥ ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥੨॥ ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਕਾਰਿ ॥ ਹਰਿ ਜਨ ਕਰਣੀ ਊਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ ॥੩॥ ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ ਹਰਿ ਹਰਿ ਹਰਿ ਉਰ ਧਾਰਿ ॥ ਨਾਨਕ ਸਤਿਗੁਰੁ ਪੂਰਾ ਪਾਇਆ ਮਨਿ ਜਪਿਆ ਨਾਮੁ ਮੁਰਾਰਿ ॥੪॥੯॥ {ਪੰਨਾ 1260}

ਪਦ ਅਰਥ: ਬਿਖੁ = (ਆਤਮਕ ਮੌਤ ਲਿਆਉਣ ਵਾਲੀ) ਜ਼ਹਰ। ਅਜਗਰ ਭਾਰੀ = ਅਜਗਰ ਭਾਰਿ, ਬਹੁਤ ਵੱਡੇ ਭਾਰ ਨਾਲ। ਗਰੁੜੁ = ਗਾਰੁੜੀ ਮੰਤ੍ਰ, ਸੱਪ ਦੀ ਜ਼ਹਰ ਦੂਰ ਕਰਨ ਵਾਲਾ ਮੰਤ੍ਰ। ਮੁਖਿ = ਮੂੰਹ ਵਿਚ।1।

ਭਵਜਲੁ = ਸੰਸਾਰ-ਸਮੁੰਦਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਾਰੀ = ਬੇੜੀ।1। ਰਹਾਉ।

ਤ੍ਰੈ ਗੁਣ = ਰਜੋ ਗੁਣ ਤਮੋ ਗੁਣ ਸਤੋ ਗੁਣ। ਪਸਾਰਾ = ਖਿਲਾਰਾ। ਸਭ ਆਕਾਰੀ = ਸਾਰੇ ਆਕਾਰਾਂ (ਸਰੀਰਾਂ) ਵਿਚ। ਵਰਤੈ = ਪ੍ਰਭਾਵ ਪਾ ਰਿਹਾ ਹੈ। ਤੁਰੀਆ ਗੁਣੁ = ਉਹ ਗੁਣ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ। ਨਦਰੀ = ਮਿਹਰ ਦੀ ਨਿਗਾਹ ਨਾਲ।2।

ਸੁਗੰਧ = ਸੁਗੰਧੀ, ਚੰਗੀ ਵਾਸਨਾ। ਬਹਕਾਰਿ = ਮਹਕਾਰ, ਮਹਕ। ਕੀਰਤਿ = ਸੋਭਾ, ਸਿਫ਼ਤਿ। ਜਗਿ = ਜਗਤ ਵਿਚ। ਬਿਸਥਾਰਿ = ਬਿਸਥਾਰੀ ਹੈ, ਖਿਲਾਰੀ ਹੋਈ ਹੈ।3।

ਠਾਕੁਰ = ਹੇ ਠਾਕੁਰ! ਉਰ = ਹਿਰਦਾ। ਮਨਿ = ਮਨ ਵਿਚ। ਮੁਰਾਰਿ = ਪਰਮਾਤਮਾ (ਮੁਰ-ਅਰਿ। ਮੁਰ ਦੈਂਤ ਦਾ ਵੈਰੀ) ।4।

ਅਰਥ: ਹੇ (ਮੇਰੇ) ਮਨ! ਹਉਮੈ ਇਕ ਵੱਡਾ ਦੁੱਖ ਹੈ (ਮਾਇਆ ਦਾ) ਮੋਹ ਭਾਰੀ ਦੁੱਖ ਹੈ (ਹਉਮੈ ਅਤੇ ਮੋਹ ਦੇ ਕਾਰਨ) ਇਸ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ। ਤੂੰ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦੀ ਬੇੜੀ ਵਿਚ (ਇਸ ਸਮੁੰਦਰ ਤੋਂ) ਪਾਰ ਲੰਘ।1। ਰਹਾਉ।

ਹੇ ਭਾਈ! ਹਉਮੈ (ਆਤਮਕ ਮੌਤ ਲਿਆਉਣ ਵਾਲਾ) ਜ਼ਹਰ ਹੈ, (ਮਨੁੱਖ ਦਾ) ਮਨ (ਇਸ ਜ਼ਹਰ ਦੇ) ਮੋਹ ਵਿਚ ਫਸਿਆ ਰਹਿੰਦਾ ਹੈ, (ਇਸ ਹਉਮੈ ਦੇ) ਬਹੁਤ ਵੱਡੇ ਭਾਰ ਨਾਲ ਲੱਦਿਆ ਰਹਿੰਦਾ ਹੈ। ਗੁਰੂ ਦਾ ਸ਼ਬਦ (ਇਸ ਜ਼ਹਰ ਨੂੰ ਮਾਰਨ ਲਈ) ਗਾਰੁੜੀ ਮੰਤ੍ਰ ਹੈ, (ਜਿਸ ਮਨੁੱਖ ਨੇ ਇਹ ਸ਼ਬਦ ਮੰਤ੍ਰ ਆਪਣੇ) ਮੂੰਹ ਵਿਚ ਰੱਖ ਲਿਆ, ਪਰਮਾਤਮਾ ਨੇ ਉਸ ਦੇ ਅੰਦਰੋਂ ਇਹ ਹਉਮੈ-ਜ਼ਹਰ ਮੁਕਾ ਦਿੱਤੀ।1।

ਹੇ ਭਾਈ! ਤ੍ਰਿਗੁਣੀ ਮਾਇਆ ਦਾ ਮੋਹ (ਆਪਣਾ) ਖਿਲਾਰਾ (ਖਿਲਾਰ ਕੇ) ਸਾਰੇ ਜੀਵਾਂ ਉਤੇ ਆਪਣਾ ਪ੍ਰਭਾਵ ਪਾ ਰਿਹਾ ਹੈ। (ਇਹਨਾਂ ਤਿੰਨਾਂ ਗੁਣਾਂ ਤੋਂ ਉਤਾਂਹ ਹੈ) ਤੁਰੀਆ ਗੁਣ (ਇਹ ਗੁਣ) ਸਾਧ ਸੰਗਤਿ ਵਿਚੋਂ ਹਾਸਲ ਹੁੰਦਾ ਹੈ (ਜਿਹੜਾ ਮਨੁੱਖ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ) ਮਿਹਰ ਦੀ ਨਿਗਾਹ ਕਰ ਕੇ (ਉਸ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।2।

ਹੇ ਭਾਈ! ਜਿਵੇਂ ਚੰਦਨ ਦੀ ਸੁਗੰਧੀ ਹੈ ਜਿਵੇਂ ਚੰਦਨ ਵਿਚੋਂ ਮਿੱਠੀ ਵਾਸਨਾ ਤੇ ਮਹਕ ਨਿਕਲਦੀ ਹੈ, ਤਿਵੇਂ ਪਰਮਾਤਮਾ ਦੇ ਭਗਤਾਂ ਦੀ ਕਰਣੀ ਸ੍ਰੇਸ਼ਟ ਹੁੰਦੀ ਹੈ, (ਭਗਤਾਂ ਨੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੀ ਸੁਗੰਧੀ) ਜਗਤ ਵਿਚ ਖਿਲਾਰੀ ਹੋਈ ਹੈ।2।

ਹੇ ਮੇਰੇ ਮਾਲਕ-ਪ੍ਰਭੂ! ਹੇ ਹਰੀ! (ਮੇਰੇ ਉਤੇ) ਮਿਹਰ ਕਰ, ਮਿਹਰ ਕਰ (ਮੇਰੇ) ਹਿਰਦੇ ਵਿਚ ਆਪਣਾ ਨਾਮ ਵਸਾਈ ਰੱਖ। ਹੇ ਨਾਨਕ! ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ, ਉਸ ਨੇ (ਸਦਾ) ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਿਆ।4।9।

TOP OF PAGE

Sri Guru Granth Darpan, by Professor Sahib Singh