ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1261 ਮਲਾਰ ਮਹਲਾ ੩ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ ॥ ਕਿ ਇਹੁ ਮਨੁ ਅਵਰਨੁ ਸਦਾ ਅਵਿਨਾਸੀ ॥ ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ ॥ ਇਸੁ ਮਨ ਕਉ ਮਮਤਾ ਕਿਥਹੁ ਲਾਗੀ ॥੧॥ ਪੰਡਿਤ ਇਸੁ ਮਨ ਕਾ ਕਰਹੁ ਬੀਚਾਰੁ ॥ ਅਵਰੁ ਕਿ ਬਹੁਤਾ ਪੜਹਿ ਉਠਾਵਹਿ ਭਾਰੁ ॥੧॥ ਰਹਾਉ ॥ ਮਾਇਆ ਮਮਤਾ ਕਰਤੈ ਲਾਈ ॥ ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ ॥ ਗੁਰ ਪਰਸਾਦੀ ਬੂਝਹੁ ਭਾਈ ॥ ਸਦਾ ਰਹਹੁ ਹਰਿ ਕੀ ਸਰਣਾਈ ॥੨॥ ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥ ਅਨਦਿਨੁ ਏਕੋ ਨਾਮੁ ਵਖਾਣੈ ॥ ਸਤਿਗੁਰ ਕੀ ਓਹੁ ਦੀਖਿਆ ਲੇਇ ॥ ਸਤਿਗੁਰ ਆਗੈ ਸੀਸੁ ਧਰੇਇ ॥ ਸਦਾ ਅਲਗੁ ਰਹੈ ਨਿਰਬਾਣੁ ॥ ਸੋ ਪੰਡਿਤੁ ਦਰਗਹ ਪਰਵਾਣੁ ॥੩॥ ਸਭਨਾਂ ਮਹਿ ਏਕੋ ਏਕੁ ਵਖਾਣੈ ॥ ਜਾਂ ਏਕੋ ਵੇਖੈ ਤਾਂ ਏਕੋ ਜਾਣੈ ॥ ਜਾ ਕਉ ਬਖਸੇ ਮੇਲੇ ਸੋਇ ॥ ਐਥੈ ਓਥੈ ਸਦਾ ਸੁਖੁ ਹੋਇ ॥੪॥ ਕਹਤ ਨਾਨਕੁ ਕਵਨ ਬਿਧਿ ਕਰੇ ਕਿਆ ਕੋਇ ॥ ਸੋਈ ਮੁਕਤਿ ਜਾ ਕਉ ਕਿਰਪਾ ਹੋਇ ॥ ਅਨਦਿਨੁ ਹਰਿ ਗੁਣ ਗਾਵੈ ਸੋਇ ॥ ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ ॥੫॥੧॥੧੦॥ {ਪੰਨਾ 1261} ਪਦ ਅਰਥ: ਗਿਰਹੀ = ਗ੍ਰਿਹਸਤੀ, ਘਰ ਦੇ ਜੰਜਾਲਾਂ ਵਿਚ ਫਸਿਆ ਹੋਇਆ। ਉਦਾਸੀ = ਉਪਰਾਮ, ਨਿਰਲੇਪ। ਅਵਰਨੁ = ਅ-ਵਰਨੁ, ਚਾਰ ਵਰਨਾਂ ਵਾਲੇ ਵਿਤਕਰੇ ਤੋਂ ਰਹਿਤ। ਅਵਿਨਾਸੀ = ਨਾਸ-ਰਹਿਤ, ਆਤਮਕ ਮੌਤ ਤੋਂ ਬਚਿਆ ਹੋਇਆ। ਚੰਚਲੁ = ਮਾਇਆ ਦੀ ਦੌੜ-ਭੱਜ ਵਿਚ ਕਾਬੂ ਆਇਆ ਹੋਇਆ। ਮਮਤਾ = ਅਪਣੱਤ।1। ਪੰਡਿਤ = ਹੇ ਪੰਡਿਤ! ਕਿ ਪੜਹਿ = ਕੀਹ ਪੜ੍ਹਦਾ ਹੈਂ? ਉਠਾਵਹਿ = ਚੁੱਕਦਾ ਹੈਂ।1। ਰਹਾਉ। ਕਰਤੈ = ਕਰਤਾਰ ਨੇ। ਕਰਿ = ਕਰ ਕੇ, ਚਲਾ ਕੇ। ਪਰਸਾਦੀ = ਕਿਰਪਾ ਨਾਲ। ਭਾਈ = ਹੇ ਭਾਈ!।2। ਸੋ = ਉਹ ਮਨੁੱਖ। ਪੰਡ = ਭਾਰ। ਉਤਾਰੈ = (ਆਪਣੇ ਸਿਰ ਉਤੋਂ) ਲਾਹ ਦੇਂਦਾ ਹੈ। ਅਨਦਿਨੁ = (Anuidnz) ਹਰ ਰੋਜ਼, ਹਰ ਵੇਲੇ। ਵਖਾਣੈ = ਉਚਾਰਦਾ ਹੈ, ਜਪਦਾ ਹੈ। ਓਹੁ = ਉਹ (ਪੰਡਿਤ) । ਦੀਖਿਆ = ਸਿੱਖਿਆ। ਲੇਇ = ਲੈਂਦਾ ਹੈ (ਇਕ-ਵਚਨ) । ਸੀਸੁ = ਸਿਰ। ਧਰੇਇ = ਧਰਦਾ ਹੈ। ਅਲਗੁ = ਵੱਖਰਾ। ਨਿਰਬਾਨੁ = ਵਾਸਨਾ-ਰਹਿਤ।3। ਵਖਾਣੈ = ਆਖਦਾ ਹੈ, ਉਪਦੇਸ਼ਦਾ ਹੈ। ਜਾਂ = ਜਦੋਂ। ਜਾ ਕਉ = ਜਿਸ ਮਨੁੱਖ ਨੂੰ। ਐਥੈ = ਇਸ ਲੋਕ ਵਿਚ। ਓਥੈ = ਪਰਲੋਕ ਵਿਚ।4। ਕਵਨ ਬਿਧਿ = ਕਿਹੜੀ ਜੁਗਤੀ? ਕੋਇ = ਕੋਈ ਮਨੁੱਖ। ਕੂਕ = ਰੌਲਾ, (ਮਰਯਾਦਾ ਚਲਾਣ ਦਾ) ਰੌਲਾ।5। ਅਰਥ: ਹੇ ਪੰਡਿਤ! (ਵੇਦ ਸਾਸ਼ਤ੍ਰ ਦੀ ਮਰਯਾਦਾ ਆਦਿਕ ਤੇ ਜ਼ੋਰ ਦੇਣ ਦੇ ਥਾਂ) ਆਪਣੇ ਇਸ ਮਨ ਬਾਰੇ ਵਿਚਾਰ ਕਰਿਆ ਕਰੋ। (ਆਪਣੇ ਮਨ ਦੀ ਪੜਤਾਲ ਛੱਡ ਕੇ) ਹੋਰ ਬਹੁਤਾ ਜੋ ਕੁਝ ਤੂੰ ਪੜ੍ਹਦਾ ਹੈਂ, ਉਹ (ਆਪਣੇ ਸਿਰ ਉਤੇ ਹਉਮੈ ਦਾ) ਭਾਰ ਹੀ ਚੁੱਕਦਾ ਹੈਂ।1। ਰਹਾਉ। ਹੇ ਪੰਡਿਤ! (ਵੇਦ ਸ਼ਾਸਤ੍ਰ ਦੀ ਮਰਯਾਦਾ ਆਦਿਕ ਦੀ ਚਰਚਾ ਦੇ ਥਾਂ ਇਹ ਵਿਚਾਰਿਆ ਕਰ ਕਿ ਤੇਰਾ) ਇਹ ਮਨ ਘਰ ਦੇ ਜੰਜਾਲਾਂ ਵਿਚ ਫਸਿਆ ਰਹਿੰਦਾ ਹੈ ਜਾਂ ਨਿਰਲੇਪ ਰਹਿੰਦਾ ਹੈ। ਹੇ ਪੰਡਿਤ! (ਇਹ ਸੋਚਿਆ ਕਰ ਕਿ ਤੇਰਾ) ਇਹ ਮਨ (ਬ੍ਰਾਹਮਣ ਖੱਤ੍ਰੀ ਆਦਿਕ) ਵਰਨ-ਵਿਤਕਰੇ ਤੋਂ ਉਤਾਂਹ ਹੈ ਅਤੇ ਸਦਾ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ। ਕੀ (ਤੇਰਾ) ਇਹ ਮਨ ਮਾਇਆ ਦੀ ਦੌੜ-ਭੱਜ ਵਿਚ ਹੀ ਕਾਬੂ ਆਇਆ ਰਹਿੰਦਾ ਹੈ ਜਾਂ ਮਾਇਆ ਤੋਂ ਉਪਰਾਮ ਹੈ। ਹੇ ਪੰਡਿਤ! (ਇਹ ਭੀ ਵਿਚਾਰਿਆ ਕਰ ਕਿ) ਇਸ ਮਨ ਨੂੰ ਮਮਤਾ ਕਿਥੋਂ ਆ ਚੰਬੜਦੀ ਹੈ।1। ਹੇ ਪੰਡਿਤ! (ਵੇਖ,) ਕਰਤਾਰ ਨੇ (ਆਪ ਹੀ ਇਸ ਮਨ ਨੂੰ) ਮਾਇਆ ਦੀ ਮਮਤਾ ਚੰਬੋੜੀ ਹੋਈ ਹੈ। (ਕਰਤਾਰ ਨੇ ਮਾਇਆ ਦੀ ਮਮਤਾ ਦਾ) ਇਹ ਹੁਕਮ ਦੇ ਕੇ ਹੀ ਜਗਤ ਪੈਦਾ ਕੀਤਾ ਹੋਇਆ ਹੈ। ਹੇ ਭਾਈ! ਗੁਰੂ ਦੀ ਕਿਰਪਾ ਨਾਲ (ਇਸ ਗੱਲ ਨੂੰ) ਸਮਝ, ਅਤੇ ਸਦਾ ਪਰਮਾਤਮਾ ਦੀ ਸਰਨ ਪਿਆ ਰਹੁ (ਤਾ ਕਿ ਮਾਇਆ ਦੀ ਮਮਤਾ ਤੇਰੇ ਉੱਤੇ ਆਪਣਾ ਜ਼ੋਰ ਨ ਪਾ ਸਕੇ) ।2। ਹੇ ਪੰਡਿਤ! ਉਹ (ਮਨੁੱਖ ਅਸਲ) ਪੰਡਿਤ ਹੈ ਜੋ (ਆਪਣੇ ਉੱਤੋਂ ਮਾਇਆ ਦੇ) ਤਿੰਨਾ ਹੀ ਗੁਣਾਂ ਦਾ ਭਾਰ ਲਾਹ ਦੇਂਦਾ ਹੈ, ਅਤੇ ਹਰ ਵੇਲੇ ਸਿਰਫ਼ ਹਰਿ-ਨਾਮ ਹੀ ਜਪਦਾ ਰਹਿੰਦਾ ਹੈ। ਅਜਿਹਾ ਪੰਡਿਤ ਗੁਰੂ ਦੀ ਸਿੱਖਿਆ ਗ੍ਰਹਣ ਕਰਦਾ ਹੈ, ਗੁਰੂ ਦੇ ਅੱਗੇ ਆਪਣਾ ਸਿਰ ਰੱਖੀ ਰੱਖਦਾ ਹੈ (ਸਦਾ ਗੁਰੂ ਦੇ ਹੁਕਮ ਵਿਚ ਤੁਰਦਾ ਹੈ) । ਉਹ ਸਦਾ ਨਿਰਲੇਪ ਰਹਿੰਦਾ ਹੈ, ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ। ਅਜਿਹਾ ਪੰਡਿਤ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦਾ ਹੈ।3। ਹੇ ਪੰਡਿਤ! (ਜਿਹੜਾ ਪੰਡਿਤ ਵੇਦ ਸ਼ਾਸਤ੍ਰ ਆਦਿਕ ਦੀ ਚਰਚਾ ਦੇ ਥਾਂ ਆਪਣੇ ਮਨ ਨੂੰ ਪੜਤਾਲਦਾ ਹੈ, ਉਹ) ਇਹ ਉਪਦੇਸ਼ ਹੀ ਕਰਦਾ ਹੈ ਕਿ ਸਭ ਜੀਵਾਂ ਵਿਚ ਇਕੋ ਪਰਮਾਤਮਾ ਵੱਸਦਾ ਹੈ। ਜਦੋਂ ਉਹ ਪੰਡਿਤ (ਸਭ ਜੀਵਾਂ ਵਿਚ) ਇਕ ਪ੍ਰਭੂ ਨੂੰ ਹੀ ਵੇਖਦਾ ਹੈ, ਤਦੋਂ ਉਹ ਉਸ ਇਕ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ। ਪਰ, ਹੇ ਪੰਡਿਤ! ਜਿਸ ਮਨੁੱਖ ਉਤੇ ਕਰਤਾਰ ਬਖ਼ਸ਼ਸ਼ ਕਰਦਾ ਹੈ, ਉਸੇ ਨੂੰ ਉਹ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਸ ਮਨੁੱਖ ਨੂੰ ਇਸ ਲੋਕ ਅਤੇ ਪਰਲੋਕ ਵਿਚ ਆਤਮਕ ਆਨੰਦ ਸਦਾ ਮਿਲਿਆ ਰਹਿੰਦਾ ਹੈ।4। ਹੇ ਪੰਡਿਤ! ਨਾਨਕ ਆਖਦਾ ਹੈ– (ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਆਪਣੀ ਅਕਲ ਦੇ ਆਸਰੇ) ਕੋਈ ਭੀ ਮਨੁੱਖ ਕੋਈ ਜੁਗਤੀ ਨਹੀਂ ਵਰਤ ਸਕਦਾ। ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹੀ ਬੰਧਨਾਂ ਤੋਂ ਖ਼ਲਾਸੀ ਪਾਂਦਾ ਹੈ। ਉਹ ਮਨੁੱਖ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਉਹ ਫਿਰ (ਆਪਣੇ ਉੱਚੇ ਵਰਨ ਆਦਿਕ ਦੀ ਪਕਿਆਈ ਦੀ ਖ਼ਾਤਰ) ਵੇਦ ਸ਼ਾਸਤ੍ਰ ਆਦਿਕ ਦੀ ਮਰਯਾਦਾ ਦਾ ਹੋਕਾ ਨਹੀਂ ਦੇਂਦਾ ਫਿਰਦਾ।5।1।10। ਮਲਾਰ ਮਹਲਾ ੩ ॥ ਭ੍ਰਮਿ ਭ੍ਰਮਿ ਜੋਨਿ ਮਨਮੁਖ ਭਰਮਾਈ ॥ ਜਮਕਾਲੁ ਮਾਰੇ ਨਿਤ ਪਤਿ ਗਵਾਈ ॥ ਸਤਿਗੁਰ ਸੇਵਾ ਜਮ ਕੀ ਕਾਣਿ ਚੁਕਾਈ ॥ ਹਰਿ ਪ੍ਰਭੁ ਮਿਲਿਆ ਮਹਲੁ ਘਰੁ ਪਾਈ ॥੧॥ ਪ੍ਰਾਣੀ ਗੁਰਮੁਖਿ ਨਾਮੁ ਧਿਆਇ ॥ ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥੧॥ ਰਹਾਉ ॥ ਕਰਿ ਕਿਰਪਾ ਗੁਰਮੁਖਿ ਲਗੈ ਪਿਆਰੁ ॥ ਅੰਤਰਿ ਭਗਤਿ ਹਰਿ ਹਰਿ ਉਰਿ ਧਾਰੁ ॥ ਭਵਜਲੁ ਸਬਦਿ ਲੰਘਾਵਣਹਾਰੁ ॥ ਦਰਿ ਸਾਚੈ ਦਿਸੈ ਸਚਿਆਰੁ ॥੨॥ ਬਹੁ ਕਰਮ ਕਰੇ ਸਤਿਗੁਰੁ ਨਹੀ ਪਾਇਆ ॥ ਬਿਨੁ ਗੁਰ ਭਰਮਿ ਭੂਲੇ ਬਹੁ ਮਾਇਆ ॥ ਹਉਮੈ ਮਮਤਾ ਬਹੁ ਮੋਹੁ ਵਧਾਇਆ ॥ ਦੂਜੈ ਭਾਇ ਮਨਮੁਖਿ ਦੁਖੁ ਪਾਇਆ ॥੩॥ ਆਪੇ ਕਰਤਾ ਅਗਮ ਅਥਾਹਾ ॥ ਗੁਰ ਸਬਦੀ ਜਪੀਐ ਸਚੁ ਲਾਹਾ ॥ ਹਾਜਰੁ ਹਜੂਰਿ ਹਰਿ ਵੇਪਰਵਾਹਾ ॥ ਨਾਨਕ ਗੁਰਮੁਖਿ ਨਾਮਿ ਸਮਾਹਾ ॥੪॥੨॥੧੧॥ {ਪੰਨਾ 1261} ਪਦ ਅਰਥ: ਭ੍ਰਮਿ = ਭਟਕ ਕੇ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਭ੍ਰਮਿ ਭ੍ਰਮਿ ਭਰਮਾਈ = ਸਦਾ ਹੀ ਭਟਕਦਾ ਫਿਰਦਾ ਹੈ। ਨਿਤ = ਸਦਾ। ਪਤਿ = ਇੱਜ਼ਤ। ਕਾਣਿ = ਮੁਥਾਜੀ। ਪਾਈ = ਲੱਭ ਲਿਆ।1। ਪ੍ਰਾਣੀ = ਹੇ ਪ੍ਰਾਣੀ! ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਦੁਬਿਧਾ = ਦੁ-ਚਿੱਤਾ-ਪਨ, ਮੇਰ-ਤੇਰ। ਬਦਲੈ = ਵੱਟੇ ਵਿਚ।1। ਰਹਾਉ। ਕਰਿ = ਕਰ ਕੇ। ਕਰਿ ਕਿਰਪਾ = ਮਿਹਰ ਕਰਕੇ, (ਪ੍ਰਭੂ ਦੀ) ਮਿਹਰ ਨਾਲ। ਉਰਿ = ਹਿਰਦੇ ਵਿਚ। ਭਵਜਲੁ = ਸੰਸਾਰ-ਸਮੁੰਦਰ। ਸਬਦਿ = ਸ਼ਬਦ ਦੀ ਰਾਹੀਂ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰੁ = ਸੁਰਖ਼ਰੂ।2। ਕਰਮ = (ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ ਧਾਰਮਿਕ) ਕਰਮ। ਭੂਲੇ = ਕੁਰਾਹੇ ਪਏ ਰਹੇ। ਦੂਜੈ ਭਾਇ = ਮਾਇਆ ਦੇ ਮੋਹ, (ਪ੍ਰਭੂ ਤੋਂ ਬਿਨਾ ਕਿਸੇ) ਹੋਰ ਦੇ ਪਿਆਰ ਵਿਚ।3। ਅਗਮ = ਅਪਹੁੰਚ। ਸਬਦਿ = ਸ਼ਬਦ ਦੀ ਰਾਹੀਂ। ਸਚੁ ਲਾਹਾ = ਸਦਾ ਟਿਕੇ ਰਹਿਣ ਵਾਲਾ ਲਾਭ। ਨਾਮਿ = ਨਾਮ ਵਿਚ।4। ਅਰਥ: ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਜਿਸ ਮਨੁੱਖ ਨੇ ਆਪਣਾ) ਕੀਮਤੀ (ਮਨੁੱਖਾ) ਜਨਮ ਮਾਇਆ ਵਾਲੀ ਭਟਕਣਾ ਵਿਚ ਗਵਾ ਲਿਆ, ਉਸ ਦਾ ਇਹ ਜਨਮ ਕੌਡੀਆਂ ਦੇ ਭਾ ਹੀ ਚਲਾ ਜਾਂਦਾ ਹੈ।1। ਰਹਾਉ। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਭਟਕਦਾ ਹੀ ਰਹਿੰਦਾ ਹੈ, ਉਸ ਨੂੰ (ਆਤਮਕ) ਮੌਤ ਮਾਰ ਲੈਂਦੀ ਹੈ, ਉਹ ਸਦਾ ਆਪਣੀ ਇੱਜ਼ਤ ਗਵਾਂਦਾ ਰਹਿੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਜਮਾਂ ਦੀ ਮੁਥਾਜੀ ਮੁਕਾ ਲੈਂਦਾ ਹੈ (ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ) , ਉਸ ਨੂੰ ਹਰੀ-ਪ੍ਰਭੂ ਮਿਲ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਮਹਲ ਪਰਮਾਤਮਾ ਦਾ ਘਰ ਲੱਭ ਲੈਂਦਾ ਹੈ।1। ਹੇ ਭਾਈ! ਪ੍ਰਭੂ ਦੀ ਮਿਹਰ ਨਾਲ ਗੁਰੂ ਦੀ ਰਾਹੀਂ (ਜਿਸ ਮਨੁੱਖ ਦੇ ਹਿਰਦੇ ਵਿਚ) ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ, ਉਸ ਦੇ ਅੰਦਰ ਪ੍ਰਭੂ ਦੀ ਭਗਤੀ ਪੈਦਾ ਹੁੰਦੀ ਹੈ, ਉਹ ਮਨੁੱਖ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਧਾਰਨ ਕਰ ਲੈਂਦਾ ਹੈ। ਪ੍ਰਭੂ ਉਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਦਿੱਸਦਾ ਹੈ।2। ਹੇ ਭਾਈ! (ਜਿਹੜਾ ਮਨੁੱਖ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ ਧਾਰਮਿਕ) ਕਰਮ ਕਰਦਾ ਫਿਰਦਾ ਹੈ ਪਰ ਗੁਰੂ ਦੀ ਸਰਨ ਨਹੀਂ ਪੈਂਦਾ, ਉਹ ਮਨੁੱਖ ਗੁਰੂ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਉਹ ਮਨੁੱਖ ਆਪਣੇ ਅੰਦਰ ਹਉਮੈ ਮਮਤਾ ਅਤੇ ਮੋਹ ਨੂੰ ਵਧਾਈ ਜਾਂਦਾ ਹੈ। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਪਿਆਰ ਵਿਚ (ਫਸ ਕੇ ਸਦਾ) ਦੁੱਖ ਹੀ ਸਹਾਰਦਾ ਹੈ।3। ਪਰ, ਹੇ ਭਾਈ! ਅਪਹੁੰਚ ਅਤੇ ਅਥਾਹ ਕਰਤਾਰ ਆਪ ਹੀ (ਇਹ ਸਾਰੀ ਖੇਡ ਰਿਹਾ ਹੈ) । ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦਾ ਨਾਮ) ਜਪਣਾ ਚਾਹੀਦਾ ਹੈ– ਇਹੀ ਹੈ ਸਦਾ ਕਾਇਮ ਰਹਿਣ ਵਾਲਾ ਲਾਭ। ਹੇ ਭਾਈ! ਉਹ ਕਰਤਾਰ ਹਰ ਥਾਂ ਹਾਜ਼ਰ-ਨਾਜ਼ਰ ਹੈ ਅਤੇ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ। ਹੇ ਨਾਨਕ! ਗੁਰੂ ਦੀ ਰਾਹੀਂ ਹੀ ਉਸ ਦੇ ਨਾਮ ਵਿਚ ਲੀਨਤਾ ਹੋ ਸਕਦੀ ਹੈ।4।2।11। |
Sri Guru Granth Darpan, by Professor Sahib Singh |