ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1262 ਮਲਾਰ ਮਹਲਾ ੩ ॥ ਜੀਵਤ ਮੁਕਤ ਗੁਰਮਤੀ ਲਾਗੇ ॥ ਹਰਿ ਕੀ ਭਗਤਿ ਅਨਦਿਨੁ ਸਦ ਜਾਗੇ ॥ ਸਤਿਗੁਰੁ ਸੇਵਹਿ ਆਪੁ ਗਵਾਇ ॥ ਹਉ ਤਿਨ ਜਨ ਕੇ ਸਦ ਲਾਗਉ ਪਾਇ ॥੧॥ ਹਉ ਜੀਵਾਂ ਸਦਾ ਹਰਿ ਕੇ ਗੁਣ ਗਾਈ ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥ ਮਾਇਆ ਮੋਹੁ ਅਗਿਆਨੁ ਗੁਬਾਰੁ ॥ ਮਨਮੁਖ ਮੋਹੇ ਮੁਗਧ ਗਵਾਰ ॥ ਅਨਦਿਨੁ ਧੰਧਾ ਕਰਤ ਵਿਹਾਇ ॥ ਮਰਿ ਮਰਿ ਜੰਮਹਿ ਮਿਲੈ ਸਜਾਇ ॥੨॥ ਗੁਰਮੁਖਿ ਰਾਮ ਨਾਮਿ ਲਿਵ ਲਾਈ ॥ ਕੂੜੈ ਲਾਲਚਿ ਨਾ ਲਪਟਾਈ ॥ ਜੋ ਕਿਛੁ ਹੋਵੈ ਸਹਜਿ ਸੁਭਾਇ ॥ ਹਰਿ ਰਸੁ ਪੀਵੈ ਰਸਨ ਰਸਾਇ ॥੩॥ ਕੋਟਿ ਮਧੇ ਕਿਸਹਿ ਬੁਝਾਈ ॥ ਆਪੇ ਬਖਸੇ ਦੇ ਵਡਿਆਈ ॥ ਜੋ ਧੁਰਿ ਮਿਲਿਆ ਸੁ ਵਿਛੁੜਿ ਨ ਜਾਈ ॥ ਨਾਨਕ ਹਰਿ ਹਰਿ ਨਾਮਿ ਸਮਾਈ ॥੪॥੩॥੧੨॥ {ਪੰਨਾ 1262} ਪਦ ਅਰਥ: ਮੁਕਤ = ਵਿਕਾਰਾਂ ਤੋਂ ਬਚੇ ਹੋਏ। ਅਨਦਿਨੁ = ਹਰ ਰੋਜ਼, ਹਰ ਵੇਲੇ। ਸਦ = ਸਦਾ। ਜਾਗੇ = ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦੇ। ਸੇਵਹਿ = ਸੇਵਾ ਕਰਦੇ ਹਨ (ਬਹੁ-ਵਚਨ) । ਆਪੁ = ਆਪਾ-ਭਾਵ। ਗਵਾਇ = ਗਵਾ ਕੇ। ਹਉ = ਮੈਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਪਾਇ = ਪੈਰੀਂ।1। ਜੀਵਾਂ = ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਗਾਈ = ਗਾਈਂ, ਮੈਂ ਗਾਂਦਾ ਹਾਂ। ਕੈ ਨਾਮਿ = ਦੇ ਨਾਮ ਦੀ ਰਾਹੀਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਗਤਿ = ਉੱਚੀ ਆਤਮਕ ਅਵਸਥਾ। ਪਾਈ = ਪਾਈਂ, ਮੈਂ ਪ੍ਰਾਪਤ ਕਰਦਾ ਹਾਂ।1। ਰਹਾਉ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਗੁਬਾਰੁ = ਹਨੇਰਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮੁਗਧ = ਮੂਰਖ। ਕਰਤ = ਕਰਦਿਆਂ। ਵਿਹਾਇ = (ਉਮਰ) ਬੀਤਦੀ ਹੈ। ਮਰਿ = ਮਰ ਕੇ।2। ਨਾਮਿ = ਨਾਮ ਵਿਚ। ਲਾਲਚਿ = ਲਾਲਚ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਪੀਵੈ = ਪੀਂਦਾ ਹੈ (ਇਕ-ਵਚਨ) । ਰਸਨ = ਜੀਭ। ਰਸਾਇ = ਰਸਾ ਕੇ, ਸੁਆਦ ਲੈ ਕੇ।3। ਕੋਟਿ = ਕ੍ਰੋੜਾਂ। ਮਧੇ = ਵਿਚ। ਕਿਸਹਿ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ) ਕਿਸੇ ਵਿਰਲੇ ਨੂੰ। ਆਪੇ = ਆਪ ਹੀ। ਦੇ = ਦੇਂਦਾ ਹੈ। ਧੁਰਿ = ਧੁਰ ਦਰਗਾਹ ਤੋਂ। ਸੁ = ਉਹ ਮਨੁੱਖ। ਸਮਾਈ = ਲੀਨ ਰਹਿੰਦਾ ਹੈ।4। ਅਰਥ: ਹੇ ਭਾਈ! ਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਅਤੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹਾਂ। ਗੁਰੂ ਦਾ ਸ਼ਬਦ ਬਹੁਤ ਸੁਆਦਲਾ ਹੈ ਮਿੱਠਾ ਹੈ (ਇਸ ਸ਼ਬਦ ਦੀ ਬਰਕਤਿ ਨਾਲ) ਮੈਂ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਦਾ ਹਾਂ, ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦਾ ਹਾਂ।1। ਰਹਾਉ। ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਮਤਿ ਅਨੁਸਾਰ ਤੁਰਦੇ ਹਨ, ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਵਿਕਾਰਾਂ ਤੋਂ ਬਚੇ ਰਹਿੰਦੇ ਹਨ। ਉਹ ਹਰ ਵੇਲੇ ਪਰਮਾਤਮਾ ਦੀ ਭਗਤੀ ਕਰ ਕੇ ਮਾਇਆ ਦੇ ਹੱਲਿਆਂ ਵੱਲੋਂ ਸਦਾ ਸੁਚੇਤ ਰਹਿੰਦੇ ਹਨ। ਹੇ ਭਾਈ! ਜਿਹੜੇ ਮਨੁੱਖ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈਂਦੇ ਹਨ, ਮੈਂ ਉਹਨਾਂ ਮਨੁੱਖਾਂ ਦੀ ਸਦਾ ਪੈਰੀਂ ਲੱਗਦਾ ਹਾਂ।1। ਹੇ ਭਾਈ! ਮਾਇਆ ਦਾ ਮੋਹ (ਜੀਵਨ-ਸਫ਼ਰ ਵਿਚ) ਆਤਮਕ ਜੀਵਨ ਵਲੋਂ ਬੇ-ਸਮਝੀ ਹੈ, ਘੁੱਪ ਹਨੇਰਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਇਸ ਮੋਹ ਵਿਚ ਫਸੇ ਰਹਿੰਦੇ ਹਨ। ਹਰ ਵੇਲੇ ਦੁਨੀਆ ਵਾਲੇ ਧੰਧੇ ਕਰਦਿਆਂ ਹੀ ਉਹਨਾਂ ਦੀ ਉਮਰ ਗੁਜ਼ਰਦੀ ਹੈ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ– ਇਹ ਸਜ਼ਾ ਉਹਨਾਂ ਨੂੰ ਮਿਲਦੀ ਹੈ।2। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ, ਉਹ ਨਾਸਵੰਤ ਮਾਇਆ ਦੇ ਲਾਲਚ ਵਿਚ ਨਹੀਂ ਫਸਦਾ। (ਰਜ਼ਾ ਅਨੁਸਾਰ) ਜੋ ਕੁਝ ਵਾਪਰਦਾ ਹੈ ਉਸ ਨੂੰ ਆਤਮਕ ਅਡੋਲਤਾ ਵਿਚ ਪਿਆਰ ਵਿਚ (ਟਿਕਿਆ ਰਹਿ ਕੇ ਸਹਾਰਦਾ ਹੈ) । ਉਹ ਮਨੁੱਖ ਪਰਮਾਤਮਾ ਦਾ ਨਾਮ-ਰਸ ਜੀਭ ਨਾਲ ਸੁਆਦ ਲੈ ਲੈ ਕੇ ਪੀਂਦਾ ਰਹਿੰਦਾ ਹੈ।3। ਪਰ, ਹੇ ਭਾਈ! ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੂੰ (ਪਰਮਾਤਮਾ) ਇਹ ਸੂਝ ਦੇਂਦਾ ਹੈ, ਉਸ ਨੂੰ ਪ੍ਰਭੂ ਆਪ ਹੀ (ਇਹ ਦਾਤਿ) ਬਖ਼ਸ਼ਦਾ ਹੈ ਅਤੇ ਇੱਜ਼ਤ ਦੇਂਦਾ ਹੈ। ਹੇ ਨਾਨਕ! ਜਿਹੜਾ ਮਨੁੱਖ ਧੁਰ ਦਰਗਾਹ ਤੋਂ (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ ਹੈ, ਉਹ ਉਸ ਤੋਂ ਕਦੇ ਵਿੱਛੁੜਦਾ ਨਹੀਂ। ਉਹ ਸਦਾ ਹੀ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।4।3।12। ਮਲਾਰ ਮਹਲਾ ੩ ॥ ਰਸਨਾ ਨਾਮੁ ਸਭੁ ਕੋਈ ਕਹੈ ॥ ਸਤਿਗੁਰੁ ਸੇਵੇ ਤਾ ਨਾਮੁ ਲਹੈ ॥ ਬੰਧਨ ਤੋੜੇ ਮੁਕਤਿ ਘਰਿ ਰਹੈ ॥ ਗੁਰ ਸਬਦੀ ਅਸਥਿਰੁ ਘਰਿ ਬਹੈ ॥੧॥ ਮੇਰੇ ਮਨ ਕਾਹੇ ਰੋਸੁ ਕਰੀਜੈ ॥ ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥ ਬਾਬੀਹਾ ਖਿਨੁ ਖਿਨੁ ਬਿਲਲਾਇ ॥ ਬਿਨੁ ਪਿਰ ਦੇਖੇ ਨੀਦ ਨ ਪਾਇ ॥ ਇਹੁ ਵੇਛੋੜਾ ਸਹਿਆ ਨ ਜਾਇ ॥ ਸਤਿਗੁਰੁ ਮਿਲੈ ਤਾਂ ਮਿਲੈ ਸੁਭਾਇ ॥੨॥ ਨਾਮਹੀਣੁ ਬਿਨਸੈ ਦੁਖੁ ਪਾਇ ॥ ਤ੍ਰਿਸਨਾ ਜਲਿਆ ਭੂਖ ਨ ਜਾਇ ॥ ਵਿਣੁ ਭਾਗਾ ਨਾਮੁ ਨ ਪਾਇਆ ਜਾਇ ॥ ਬਹੁ ਬਿਧਿ ਥਾਕਾ ਕਰਮ ਕਮਾਇ ॥੩॥ ਤ੍ਰੈ ਗੁਣ ਬਾਣੀ ਬੇਦ ਬੀਚਾਰੁ ॥ ਬਿਖਿਆ ਮੈਲੁ ਬਿਖਿਆ ਵਾਪਾਰੁ ॥ ਮਰਿ ਜਨਮਹਿ ਫਿਰਿ ਹੋਹਿ ਖੁਆਰੁ ॥ ਗੁਰਮੁਖਿ ਤੁਰੀਆ ਗੁਣੁ ਉਰਿ ਧਾਰੁ ॥੪॥ ਗੁਰੁ ਮਾਨੈ ਮਾਨੈ ਸਭੁ ਕੋਇ ॥ ਗੁਰ ਬਚਨੀ ਮਨੁ ਸੀਤਲੁ ਹੋਇ ॥ ਚਹੁ ਜੁਗਿ ਸੋਭਾ ਨਿਰਮਲ ਜਨੁ ਸੋਇ ॥ ਨਾਨਕ ਗੁਰਮੁਖਿ ਵਿਰਲਾ ਕੋਇ ॥੫॥੪॥੧੩॥੯॥੧੩॥੨੨॥ {ਪੰਨਾ 1262} ਪਦ ਅਰਥ: ਰਸਨਾ = ਜੀਭ (ਨਾਲ) । ਸਭੁ ਕੋਈ = ਹਰੇਕ ਪ੍ਰਾਣੀ। ਕਹੈ– ਆਖਦਾ ਹੈ (ਇਕ-ਵਚਨ) । ਸੇਵੇ = ਸੇਵਾ ਕਰੇ, ਸਰਨ ਪਏ। ਲਹੈ– ਪ੍ਰਾਪਤ ਕਰ ਲੈਂਦਾ ਹੈ। ਮੁਕਤਿ ਘਰਿ = ਮੁਕਤੀ ਦੇ ਘਰ ਵਿਚ, ਉਸ ਘਰ ਵਿਚ ਜਿੱਥੇ ਵਿਕਾਰਾਂ ਤੋਂ ਬਚਿਆ ਰਹਿ ਸਕੀਦਾ ਹੈ। ਸਬਦੀ = ਸ਼ਬਦ ਦੀ ਰਾਹੀਂ। ਅਸਥਿਰੁ = ਅਡੋਲ-ਚਿੱਤ (ਹੋ ਕੇ) । ਘਰਿ = ਹਿਰਦੇ-ਘਰ ਵਿਚ।1। ਮਨ = ਹੇ ਮਨ! ਕਲਜੁਗਿ = ਕਲਜੁਗ ਵਿਚ, ਵਿਕਾਰਾਂ-ਭਰੇ ਜਗਤ ਵਿਚ। ਲਾਹਾ = ਲਾਭ। ਅਨਦਿਨੁ = ਹਰ ਰੋਜ਼, ਹਰ ਵੇਲੇ। ਰਵੀਜੈ = ਸਿਮਰਨਾ ਚਾਹੀਦਾ ਹੈ।1। ਰਹਾਉ। ਬਾਬੀਹਾ = ਪਪੀਹਾ। ਬਿਲਲਾਇ = ਵਿਲਕਦਾ ਹੈ, ਤਰਲੇ ਲੈਂਦਾ ਹੈ। ਪਿਰ = ਪ੍ਰਭੂ-ਪਤੀ। ਨੀਦ = ਆਤਮਕ ਸ਼ਾਂਤੀ। ਸੁਭਾਇ = ਪ੍ਰੇਮ ਦੀ ਰਾਹੀਂ।2। ਬਿਨਸੈ = ਨਾਸ ਹੁੰਦਾ ਹੈ, ਆਤਮਕ ਤੌਰ ਤੇ ਤਬਾਹ ਹੋ ਜਾਂਦਾ ਹੈ। ਕਰਮ = (ਮਿਥੇ ਹੋਏ ਧਾਰਮਿਕ) ਕਰਮ।3। ਬਾਣੀ ਬੇਦ ਬੀਚਾਰੁ = ਵੇਦਾਂ ਦੀ ਬਾਣੀ ਦੀ ਵਿਚਾਰ। ਬਿਖਿਆ = ਮਾਇਆ। ਵਪਾਰੁ = ਵਣਜ, ਕਾਰ-ਵਿਹਾਰ। ਮਰਿ = ਮਰ ਕੇ। ਜਨਮਹਿ = ਜਨਮਦੇ ਹਨ (ਬਹੁ-ਵਚਨ) । ਹੋਹਿ = ਹੁੰਦੇ ਹਨ (ਬਹੁ-ਵਚਨ) । ਤੁਰੀਆ ਗੁਣੁ = ਉਹ ਗੁਣ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ। ਉਰਿ = ਹਿਰਦੇ ਵਿਚ।4। ਮਾਨੈ = ਆਦਰ-ਸਤਕਾਰ ਕਰਦਾ ਹੈ। ਸਭੁ ਕੋਈ = ਹਰੇਕ ਪ੍ਰਾਣੀ। ਗੁਰ ਬਚਨੀ = ਗੁਰੂ ਦੇ ਬਚਨਾਂ ਉੱਤੇ ਤੁਰਿਆਂ। ਚਹੁ ਜੁਗਿ ਸੋਭਾ = ਚਹੁ-ਜੁਗੀ ਸੋਭਾ, ਚਾਰ ਜੁਗਾਂ ਵਿਚ ਕਾਇਮ ਰਹਿਣ ਵਾਲੀ ਸੋਭਾ। ਸੋਭਾ ਨਿਰਮਲ = ਨਿਰਮਲ ਸੋਭਾ, ਪਵਿੱਤਰ ਸੋਭਾ, ਬੇ-ਦਾਗ਼ ਸੋਭਾ। ਜਨੁ = (ਅਸਲ) ਸੇਵਕ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ।5। ਅਰਥ: ਹੇ ਮੇਰੇ ਮਨ! (ਪਰਮਾਤਮਾ ਦੇ ਨਾਮ ਵਲੋਂ) ਰੋਸਾ ਨਹੀਂ ਕਰਨਾ ਚਾਹੀਦਾ। ਜਗਤ ਵਿਚ ਪਰਮਾਤਮਾ ਦਾ ਨਾਮ (ਹੀ ਅਸਲ) ਖੱਟੀ ਹੈ। ਹੇ ਭਾਈ! ਗੁਰੂ ਦੀ ਮਤਿ ਲੈ ਕੇ ਹਰ ਵੇਲੇ ਹਿਰਦੇ ਵਿਚ ਹਰਿ-ਨਾਮ ਸਿਮਰਨਾ ਚਾਹੀਦਾ ਹੈ।1। ਰਹਾਉ। ਹੇ ਭਾਈ! (ਉਂਞ ਤਾਂ) ਹਰ ਕੋਈ ਜੀਭ ਨਾਲ ਹਰਿ-ਨਾਮ ਉਚਾਰਦਾ ਹੈ, ਪਰ ਮਨੁੱਖ ਤਦੋਂ ਹੀ ਹਰਿ-ਨਾਮ (-ਧਨ) ਪ੍ਰਾਪਤ ਕਰਦਾ ਹੈ ਜਦੋਂ ਗੁਰੂ ਦੀ ਸਰਨ ਪੈਂਦਾ ਹੈ। (ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਮਾਇਆ ਦੇ ਮੋਹ ਦੇ) ਬੰਧਨ ਤੋੜਦਾ ਹੈ ਅਤੇ ਉਸ ਅਵਸਥਾ ਵਿਚ ਟਿਕਦਾ ਹੈ ਜਿੱਥੇ ਵਿਕਾਰਾਂ ਤੋਂ ਖ਼ਲਾਸੀ ਹੋਈ ਰਹਿੰਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ ਅਡੋਲ-ਚਿੱਤ ਹੋ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ।1। ਹੇ ਭਾਈ! (ਜਿਵੇਂ ਵਰਖਾ ਦੀ ਬੂੰਦ ਵਾਸਤੇ) ਪਪੀਹਾ ਹਰ ਖਿਨ ਤਰਲੇ ਲੈਂਦਾ ਹੈ, (ਤਿਵੇਂ ਜੀਵ-ਇਸਤ੍ਰੀ) ਪ੍ਰਭੂ-ਪਤੀ ਦਾ ਦਰਸ਼ਨ ਕਰਨ ਤੋਂ ਬਿਨਾ ਆਤਮਕ ਸ਼ਾਂਤੀ ਹਾਸਲ ਨਹੀਂ ਕਰ ਸਕਦੀ। (ਉਸ ਪਾਸੋਂ) ਇਹ ਵਿਛੋੜਾ ਸਹਾਰਿਆ ਨਹੀਂ ਜਾਂਦਾ। ਜਦੋਂ ਕੋਈ ਜੀਵ ਗੁਰੂ ਨੂੰ ਮਿਲ ਪੈਂਦਾ ਹੈ ਤਦੋਂ ਉਹ ਪ੍ਰੇਮ ਵਿਚ (ਲੀਨ ਹੋ ਕੇ) ਪ੍ਰਭੂ ਨੂੰ ਮਿਲ ਪੈਂਦਾ ਹੈ।2। ਹੇ ਭਾਈ! ਨਾਮ ਤੋਂ ਵਾਂਜਿਆ ਹੋਇਆ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ ਦੁੱਖ ਸਹਿੰਦਾ ਰਹਿੰਦਾ ਹੈ, (ਮਾਇਆ ਦੀ) ਤ੍ਰਿਸ਼ਨਾ-ਅੱਗ ਵਿਚ ਸੜਦਾ ਹੈ, ਉਸ ਦੀ (ਮਾਇਆ ਦੀ ਇਹ) ਭੁੱਖ ਦੂਰ ਨਹੀਂ ਹੁੰਦੀ। ਹੇ ਭਾਈ! ਉੱਚੀ ਕਿਸਮਤ ਤੋਂ ਬਿਨਾ ਪਰਮਾਤਮਾ ਦਾ ਨਾਮ ਮਿਲਦਾ ਭੀ ਨਹੀਂ। (ਤੀਰਥ-ਜਾਤ੍ਰਾ ਆਦਿਕ ਮਿੱਥੇ ਹੋਏ ਧਾਰਮਿਕ) ਕਰਮ ਕਈ ਤਰੀਕਿਆਂ ਨਾਲ ਕਮਾ ਕਮਾ ਕੇ ਥੱਕ ਜਾਂਦਾ ਹੈ।3। ਹੇ ਭਾਈ! (ਜਿਹੜੇ ਪੰਡਿਤ ਆਦਿਕ ਲੋਕ ਮਾਇਆ ਦੇ) ਤਿੰਨਾਂ ਗੁਣਾਂ ਵਿਚ ਰੱਖਣ ਵਾਲੀ ਹੀ ਵੇਦ ਆਦਿਕ ਧਰਮ-ਪੁਸਤਕਾਂ ਦੀ ਵਿਚਾਰ ਕਰਦੇ ਰਹਿੰਦੇ ਹਨ (ਉਹਨਾਂ ਦੇ ਮਨ ਨੂੰ) ਮਾਇਆ (ਦੇ ਮੋਹ) ਦੀ ਮੈਲ (ਸਦਾ ਚੰਬੜੀ ਰਹਿੰਦੀ ਹੈ) । (ਉਹਨਾਂ ਨੇ ਇਸ ਵਿਚਾਰ ਨੂੰ) ਮਾਇਆ ਕਮਾਣ ਦਾ ਹੀ ਵਪਾਰ ਬਣਾਇਆ ਹੁੰਦਾ ਹੈ। (ਅਜਿਹੇ ਮਨੁੱਖ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਅਤੇ ਖ਼ੁਆਰ ਹੁੰਦੇ ਰਹਿੰਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਹਿਰਦੇ ਵਿਚ ਹਰਿ-ਨਾਮ ਦਾ ਸਹਾਰਾ ਹੁੰਦਾ ਹੈ, ਉਹ ਉਸ ਗੁਣ ਉਸ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜਿਹੜੀ ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ਹੈ।4। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਇੱਜ਼ਤ ਬਖ਼ਸ਼ਦਾ ਹੈ, ਉਸ ਦਾ ਆਦਰ ਹਰ ਕੋਈ ਕਰਦਾ ਹੈ। ਗੁਰੂ ਦੇ ਬਚਨਾਂ ਦੀ ਬਰਕਤਿ ਨਾਲ ਉਸ ਦਾ ਮਨ ਸ਼ਾਂਤ ਰਹਿੰਦਾ ਹੈ, ਉਸ ਨੂੰ ਚਹੁੰਆਂ ਜੁਗਾਂ ਵਿਚ ਟਿਕੀ ਰਹਿਣ ਵਾਲੀ ਬੇ-ਦਾਗ਼ ਸੋਭਾ ਪ੍ਰਾਪਤ ਹੁੰਦੀ ਹੈ, ਉਹੀ ਹੈ ਅਸਲ ਭਗਤ। ਪਰ, ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਅਜਿਹਾ ਕੋਈ ਵਿਰਲਾ ਮਨੁੱਖ ਹੁੰਦਾ ਹੈ।5।4।13।9। 22। ਸ਼ਬਦਾਂ ਦਾ ਵੇਰਵਾ:
ਮਹਲਾ 1 . . . . . . . . .9 ਰਾਗੁ ਮਲਾਰ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਅਨਦਿਨੁ ਹਰਿ ਹਰਿ ਧਿਆਇਓ ਹਿਰਦੈ ਮਤਿ ਗੁਰਮਤਿ ਦੂਖ ਵਿਸਾਰੀ ॥ ਸਭ ਆਸਾ ਮਨਸਾ ਬੰਧਨ ਤੂਟੇ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ ਨੈਨੀ ਹਰਿ ਹਰਿ ਲਾਗੀ ਤਾਰੀ ॥ ਸਤਿਗੁਰੁ ਦੇਖਿ ਮੇਰਾ ਮਨੁ ਬਿਗਸਿਓ ਜਨੁ ਹਰਿ ਭੇਟਿਓ ਬਨਵਾਰੀ ॥੧॥ ਰਹਾਉ ॥ ਜਿਨਿ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ ਤਿਸ ਕੈ ਕੁਲਿ ਲਾਗੀ ਗਾਰੀ ॥ ਹਰਿ ਤਿਸ ਕੈ ਕੁਲਿ ਪਰਸੂਤਿ ਨ ਕਰੀਅਹੁ ਤਿਸੁ ਬਿਧਵਾ ਕਰਿ ਮਹਤਾਰੀ ॥੨॥ ਹਰਿ ਹਰਿ ਆਨਿ ਮਿਲਾਵਹੁ ਗੁਰੁ ਸਾਧੂ ਜਿਸੁ ਅਹਿਨਿਸਿ ਹਰਿ ਉਰਿ ਧਾਰੀ ॥ ਗੁਰਿ ਡੀਠੈ ਗੁਰ ਕਾ ਸਿਖੁ ਬਿਗਸੈ ਜਿਉ ਬਾਰਿਕੁ ਦੇਖਿ ਮਹਤਾਰੀ ॥੩॥ ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ ॥ ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ ॥੪॥੧॥ {ਪੰਨਾ 1262-1263} ਪਦ ਅਰਥ: ਅਨਦਿਨੁ = ਹਰ ਰੋਜ਼, ਹਰ ਵੇਲੇ। ਹਿਰਦੈ = ਹਿਰਦੇ ਵਿਚ। ਮਨਸਾ = (mnI = w) ਮਨ ਦੇ ਫੁਰਨੇ। ਪ੍ਰਭਿ = ਪ੍ਰਭੂ ਨੇ।1। ਨੈਨੀ = ਨੈਨੀਂ, ਅੱਖਾਂ ਵਿਚ। ਤਾਰੀ = ਤਾੜੀ, ਬ੍ਰਿਤੀ, ਇਕਾਗ੍ਰਤਾ। ਦੇਖਿ = ਵੇਖ ਕੇ। ਬਿਗਸਿਓ = ਖਿੜ ਪਿਆ ਹੈ। ਜਨੁ = ਸੇਵਕ। ਭੇਟਿਓ = ਮਿਲਿਆ। ਬਨਵਾਰੀ = ਪਰਮਾਤਮਾ।1। ਰਹਾਉ। ਜਿਨਿ = ਜਿਸ (ਮਨੁੱਖ) ਨੇ। ਕੈ ਕੁਲਿ = ਦੀ ਕੁਲ ਵਿਚ। ਤਿਸ ਕੈ = (ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) । ਗਾਰੀ = ਗਾਲੀ। ਹਰਿ = ਹੇ ਹਰੀ! ਪਰਸੂਤਿ = ਜਨਮ। ਮਹਤਾਰੀ = ਮਾਂ।2। ਆਨਿ = ਲਿਆ ਕੇ। ਹਰਿ = ਹੇ ਹਰੀ! ਅਹਿ = ਦਿਨ। ਨਿਸਿ = ਰਾਤ। ਉਰਿ = ਹਿਰਦੇ ਵਿਚ। ਗੁਰਿ ਡੀਠੈ = ਗੁਰੂ ਨੂੰ ਵੇਖਿਆਂ, ਜੇ ਗੁਰੂ ਦਿੱਸ ਪਏ। ਬਿਗਸੈ = ਖਿੜ ਪੈਂਦਾ ਹੈ। ਬਾਰਿਕੁ = ਬਾਲਕ, ਬੱਚਾ। ਦੇਖਿ ਮਹਤਾਰੀ = ਮਾਂ ਨੂੰ ਵੇਖ ਕੇ।3। ਧਨ = ਇਸਤ੍ਰੀ, ਜੀਵ-ਇਸਤ੍ਰੀ। ਪਿਰ = ਪ੍ਰਭੂ-ਪਤੀ। ਸੰਗਿ = ਨਾਲ। ਇਕ ਹੀ ਸੰਗਿ = ਇਕੋ ਹੀ ਥਾਂ ਵਿਚ। ਭੀਤਿ = ਕੰਧ। ਕਰਾਰੀ = ਕਰੜੀ, ਸਖ਼ਤ। ਗੁਰਿ ਪੂਰੈ = ਪੂਰੇ ਗੁਰੂ ਨੇ। ਤੋਰੀ = ਤੋੜ ਦਿੱਤੀ। ਬਨਵਾਰੀ = ਪਰਮਾਤਮਾ।4। ਅਰਥ: ਹੇ ਭਾਈ! ਮੇਰੀਆਂ ਅੱਖਾਂ ਦੀ ਤਾਰ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ। ਹੇ ਭਾਈ! ਗੁਰੂ ਨੂੰ ਵੇਖ ਕੇ ਮੇਰਾ ਮਨ ਖਿੜ ਪਿਆ ਹੈ, ਦਾਸ (ਨਾਨਕ ਗੁਰੂ ਦੀ ਕਿਰਪਾ ਨਾਲ ਹੀ) ਬਨਵਾਰੀ-ਪ੍ਰਭੂ ਨੂੰ ਮਿਲਿਆ ਹੈ।1। ਰਹਾਉ। ਹੇ ਭਾਈ! ਜਿਹੜਾ ਗੁਰੂ ਦੀ ਮਤਿ ਅਨੁਸਾਰ (ਆਪਣੀ) ਮਤਿ ਨੂੰ ਬਣਾ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਿਮਰਦਾ ਹੈ, ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦਾ ਹੈ। ਹੇ ਭਾਈ! ਜਿਸ ਮਨੁੱਖ ਉੱਤੇ ਹਰੀ-ਪ੍ਰਭੂ ਨੇ ਮਿਹਰ ਕੀਤੀ, ਉਸ ਦੀਆਂ ਸਾਰੀਆਂ ਆਸਾਂ ਅਤੇ ਮਨ ਦੇ ਫੁਰਨਿਆਂ ਦੇ ਬੰਧਨ ਟੁੱਟ ਗਏ।1। ਹੇ ਭਾਈ! ਜਿਸ ਮਨੁੱਖ ਨੇ ਇਹੋ ਜਿਹਾ ਹਰਿ-ਨਾਮ ਵਿਸਾਰ ਦਿੱਤਾ, ਜਿਸ ਨੇ ਹਰਿ-ਪ੍ਰਭੂ ਦੀ ਯਾਦ ਭੁਲਾ ਦਿੱਤੀ, ਉਸ ਦੀ (ਸਾਰੀ) ਕੁਲ ਹੀ ਗਾਲੀ ਲੱਗਦੀ ਹੈ (ਉਸ ਦੀ ਸਾਰੀ ਕੁਲ ਹੀ ਕਲੰਕਿਤ ਹੋ ਜਾਂਦੀ ਹੈ) । ਹੇ ਹਰੀ! ਉਸ (ਨਾਮ-ਹੀਣ ਬੰਦੇ) ਦੀ ਕੁਲ ਵਿਚ (ਕਿਸੇ ਨੂੰ) ਜਨਮ ਹੀ ਨਾਹ ਦੇਵੀਂ, ਉਸ (ਨਾਮ-ਹੀਣ ਮਨੁੱਖ) ਦੀ ਮਾਂ ਨੂੰ ਹੀ ਵਿਧਵਾ ਕਰ ਦੇਵੇਂ (ਤਾਂ ਚੰਗਾ ਹੈ ਤਾਕਿ ਨਾਮ-ਹੀਣ ਘਰ ਵਿਚ ਕਿਸੇ ਦਾ ਜਨਮ ਹੀ ਨਾਹ ਹੋਵੇ) ।2। ਹੇ ਹਰੀ! (ਮਿਹਰ ਕਰ, ਮੈਨੂੰ ਉਹ) ਸਾਧੂ ਗੁਰੂ ਲਿਆ ਕੇ ਮਿਲਾ ਦੇ, ਜਿਸ ਦੇ ਹਿਰਦੇ ਵਿਚ, ਹੇ ਹਰੀ! ਦਿਨ ਰਾਤ ਤੇਰਾ ਨਾਮ ਵੱਸਿਆ ਰਹਿੰਦਾ ਹੈ। ਹੇ ਭਾਈ! ਜੇ ਗੁਰੂ ਦਾ ਦਰਸ਼ਨ ਹੋ ਜਾਏ, ਤਾਂ ਗੁਰੂ ਦਾ ਸਿੱਖ ਇਉਂ ਖ਼ੁਸ਼ ਹੁੰਦਾ ਹੈ ਜਿਵੇਂ ਬੱਚਾ (ਆਪਣੀ) ਮਾਂ ਨੂੰ ਵੇਖ ਕੇ।3। ਹੇ ਭਾਈ! ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦਾ ਇਕੋ ਹੀ (ਹਿਰਦੇ-) ਥਾਂ ਵਿਚ ਵਸੇਬਾ ਹੈ, ਪਰ (ਦੋਹਾਂ ਦੇ) ਵਿਚ (ਜੀਵ-ਇਸਤ੍ਰੀ ਦੀ) ਹਉਮੈ ਦੀ ਕਰੜੀ ਕੰਧ (ਬਣੀ ਪਈ) ਹੈ। ਹੇ ਨਾਨਕ! ਪੂਰੇ ਗੁਰੂ ਨੇ ਜਿਨ੍ਹਾਂ ਸੇਵਕਾਂ (ਦੇ ਅੰਦਰੋਂ ਇਹ) ਹਉਮੈ ਦੀ ਕੰਧ ਤੋੜ ਦਿੱਤੀ, ਉਹ ਪਰਮਾਤਮਾ ਨੂੰ ਮਿਲ ਪਏ।4।1। |
Sri Guru Granth Darpan, by Professor Sahib Singh |