ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1263

ਮਲਾਰ ਮਹਲਾ ੪ ॥ ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥ ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥੧॥ ਤੀਰਥਿ ਅਠਸਠਿ ਮਜਨੁ ਨਾਈ ॥ ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ ॥੧॥ ਰਹਾਉ ॥ ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ ॥ ਕਾਂਸੀ ਕ੍ਰਿਸਨੁ ਚਰਾਵਤ ਗਾਊ ਮਿਲਿ ਹਰਿ ਜਨ ਸੋਭਾ ਪਾਈ ॥੨॥ ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ॥ ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰਿ ਮੁਖਿ ਲਾਈ ॥੩॥ ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ ॥ ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲੰਘਾਈ ॥੪॥੨॥ {ਪੰਨਾ 1263}

ਪਦ ਅਰਥ: ਤੇ = ਇਹ ਸਾਰੇ (ਬਹੁ-ਵਚਨ) । ਕਰਹਿ = ਕਰਦੇ ਹਨ, ਕਰਦੀਆਂ ਹਨ (ਬਹੁ-ਵਚਨ) । ਕੀ ਤਾਈ = ਕੀ ਤਾਈਂ, ਦੀ ਖ਼ਾਤਰ, ਪ੍ਰਾਪਤ ਕਰਨ ਵਾਸਤੇ। ਕਿਲਵਿਖ = ਪਾਪ। ਕਿਲਵਖਿ ਮੈਲੁ ਭਰੇ = ਪਾਪਾਂ ਦੀ ਮੈਲ ਨਾਲ ਲਿਬੜੇ ਹੋਏ (ਜੀਵ) ।1।

ਤੀਰਥਿ = ਤੀਰਥ ਉੱਤੇ, ਤੀਰਥ ਵਿਚ। ਨਾਈ = ਵਡਿਆਈ, ਸਿਫ਼ਤਿ-ਸਾਲਾਹ। ਮਜਨੁ = ਇਸ਼ਨਾਨ। ਤੀਰਥਿ ਨਾਈ = ਸਿਫ਼ਤਿ-ਸਾਲਾਹ ਦੇ ਤੀਰਥ ਵਿਚ। ਤੀਰਥਿ ਮਜਨੁ ਨਾਈ = ਸਿਫ਼ਤਿ-ਸਾਲਾਹ ਦੇ ਤੀਰਥ ਵਿਚ (ਆਤਮਕ) ਇਸ਼ਨਾਨ। ਅਠਸਠਿ ਮਜਨੁ = ਅਠਾਹਠ (ਤੀਰਥਾਂ) ਦਾ ਇਸ਼ਨਾਨ। ਪਰੀ = ਪਈ, ਪੈਂਦੀ ਹੈ। ਉਡਿ = ਉੱਡ ਕੇ। ਨੇਤ੍ਰੀ = ਅੱਖਾਂ ਵਿਚ।1। ਰਹਾਉ।

ਜਾਹਰਨਵੀ = ਗੰਗਾ। ਤਪੈ = ਤਪੇ ਨੇ। ਤਪੈ ਭਾਗੀਰਥਿ = ਭਾਗੀਰਥ ਤਪੇ ਨੇ। ਆਣੀ = ਲਿਆਂਦੀ। ਮਹਸਾਈ = ਮਹੇਸ਼ ਨੇ, ਸ਼ਿਵ ਨੇ। ਮਿਲਿ = ਮਿਲ ਕੇ।2।

ਦੇਵੀ = ਦੇਵੀਂ, ਦੇਵਤਿਆਂ ਨੇ। ਸਭਿ = ਸਾਰੇ (ਬਹੁ-ਵਚਨ) । ਲੋਚਹਿ = ਲੋਚਦੇ ਹਨ (ਬਹੁ-ਵਚਨ) । ਤਿਸ ਕੀ = ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) । ਮੁਖਿ = ਮੂੰਹ ਉੱਤੇ।3।

ਸੁਆਮੀ = ਹੇ ਸੁਆਮੀ! ਲੋਚੈ = ਲੋਚਦੀ ਹੈ (ਇਕ-ਵਚਨ) । ਜਿਸੁ ਲਿਲਾਟਿ = ਜਿਸ (ਮਨੁੱਖ) ਦੇ ਮੱਥੇ ਉੱਤੇ। ਦੇ = ਦੇ ਕੇ।4।

ਅਰਥ: ਹੇ ਭਾਈ! (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦੇ ਤੀਰਥ ਵਿਚ (ਕੀਤਾ ਹੋਇਆ ਆਤਮਕ) ਇਸ਼ਨਾਨ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਜਿਸ ਮਨੁੱਖ ਦੀਆਂ ਅੱਖਾਂ ਵਿਚ ਸਾਧ ਸੰਗਤਿ ਦੇ ਚਰਨਾਂ ਦੀ ਧੂੜ ਉੱਡ ਕੇ ਪੈਂਦੀ ਹੈ (ਉਹ ਧੂੜ ਉਸ ਦੇ ਅੰਦਰੋਂ) ਵਿਕਾਰਾਂ ਦੀ ਸਾਰੀ ਮੈਲ ਦੂਰ ਕਰ ਦੇਂਦੀ ਹੈ।1। ਰਹਾਉ।

ਹੇ ਭਾਈ! ਗੰਗਾ, ਜਮਨਾ, ਗੋਦਾਵਰੀ, ਸਰਸ੍ਵਤੀ (ਆਦਿਕ ਪਵਿੱਤਰ ਨਦੀਆਂ) ਇਹ ਸਾਰੀਆਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਹਾਸਲ ਕਰਨ ਲਈ ਜਤਨ ਕਰਦੀਆਂ ਰਹਿੰਦੀਆਂ ਹਨ। (ਇਹ ਨਦੀਆਂ ਆਖਦੀਆਂ ਹਨ ਕਿ) (ਅਨੇਕਾਂ) ਵਿਕਾਰਾਂ ਦੀ ਮੈਲ ਨਾਲ ਲਿਬੜੇ ਹੋਏ (ਜੀਵ) (ਸਾਡੇ ਵਿਚ (ਆ ਕੇ) ਚੁੱਭੀਆਂ ਲਾਂਦੇ ਹਨ (ਉਹ ਆਪਣੀ ਮੈਲ ਸਾਨੂੰ ਦੇ ਜਾਂਦੇ ਹਨ) ਸਾਡੀ ਉਹ ਮੈਲ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੂਰ ਕਰਦੀ ਹੈ।1।

ਹੇ ਭਾਈ! ਗੰਗਾ ਨੂੰ ਭਾਗੀਰਥ ਤਪੇ ਨੇ (ਸ੍ਵਰਗਾਂ ਵਿਚੋਂ) ਲਿਆਂਦਾ, ਸ਼ਿਵ ਜੀ ਨੇ ਕੇਦਾਰ ਤੀਰਥ ਅਸਥਾਪਨ ਕੀਤਾ, ਕਾਂਸ਼ੀ (ਸ਼ਿਵ ਦੀ ਨਗਰੀ) , (ਬਿੰਦ੍ਰਾਬਨ ਜਿੱਥੇ) ਕ੍ਰਿਸ਼ਨ ਗਾਈਆਂ ਚਾਰਦਾ ਰਿਹਾ = ਇਹਨਾਂ ਸਭਨਾਂ ਨੇ ਹਰੀ ਦੇ ਭਗਤਾਂ ਨੂੰ ਮਿਲ ਕੇ ਹੀ ਵਡਿਆਈ ਹਾਸਲ ਕੀਤੀ ਹੋਈ ਹੈ।2।

ਹੇ ਭਾਈ! ਦੇਵਤਿਆਂ ਨੇ ਜਿਤਨੇ ਭੀ ਤੀਰਥ ਅਸਥਾਪਨ ਕੀਤੇ ਹੋਏ ਹਨ, ਉਹ ਸਾਰੇ (ਤੀਰਥ) ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦੇ ਰਹਿੰਦੇ ਹਨ। ਜਦੋਂ ਉਹਨਾਂ ਨੂੰ ਪਰਮਾਤਮਾ ਦਾ ਸੰਤ ਗੁਰੂ ਸਾਧੂ ਮਿਲਦਾ ਹੈ, ਉਹ ਉਸ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਂਦੇ ਹਨ।3।

ਹੇ ਮੇਰੇ ਮਾਲਕ-ਪ੍ਰਭੂ! ਤੇਰੀ ਪੈਦਾ ਕੀਤੀ ਹੋਈ ਜਿਤਨੀ ਭੀ ਸ੍ਰਿਸ਼ਟੀ ਹੈ, ਉਹ ਸਾਰੀ ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਲਈ ਤਾਂਘ ਕਰਦੀ ਹੈ। ਹੇ ਨਾਨਕ! (ਆਖ– ਹੇ ਭਾਈ!) ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਲਿਖਿਆ ਹੋਵੇ, ਪਰਮਾਤਮਾ ਉਸ ਨੂੰ ਗੁਰੂ-ਸਾਧੂ ਦੇ ਚਰਨਾਂ ਦੀ ਧੂੜ ਦੇ ਕੇ ਉਸ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।4।2।

ਮਲਾਰ ਮਹਲਾ ੪ ॥ ਤਿਸੁ ਜਨ ਕਉ ਹਰਿ ਮੀਠ ਲਗਾਨਾ ਜਿਸੁ ਹਰਿ ਹਰਿ ਕ੍ਰਿਪਾ ਕਰੈ ॥ ਤਿਸ ਕੀ ਭੂਖ ਦੂਖ ਸਭਿ ਉਤਰੈ ਜੋ ਹਰਿ ਗੁਣ ਹਰਿ ਉਚਰੈ ॥੧॥ ਜਪਿ ਮਨ ਹਰਿ ਹਰਿ ਹਰਿ ਨਿਸਤਰੈ ॥ ਗੁਰ ਕੇ ਬਚਨ ਕਰਨ ਸੁਨਿ ਧਿਆਵੈ ਭਵ ਸਾਗਰੁ ਪਾਰਿ ਪਰੈ ॥੧॥ ਰਹਾਉ ॥ ਤਿਸੁ ਜਨ ਕੇ ਹਮ ਹਾਟਿ ਬਿਹਾਝੇ ਜਿਸੁ ਹਰਿ ਹਰਿ ਕ੍ਰਿਪਾ ਕਰੈ ॥ ਹਰਿ ਜਨ ਕਉ ਮਿਲਿਆਂ ਸੁਖੁ ਪਾਈਐ ਸਭ ਦੁਰਮਤਿ ਮੈਲੁ ਹਰੈ ॥੨॥ ਹਰਿ ਜਨ ਕਉ ਹਰਿ ਭੂਖ ਲਗਾਨੀ ਜਨੁ ਤ੍ਰਿਪਤੈ ਜਾ ਹਰਿ ਗੁਨ ਬਿਚਰੈ ॥ ਹਰਿ ਕਾ ਜਨੁ ਹਰਿ ਜਲ ਕਾ ਮੀਨਾ ਹਰਿ ਬਿਸਰਤ ਫੂਟਿ ਮਰੈ ॥੩॥ ਜਿਨਿ ਏਹ ਪ੍ਰੀਤਿ ਲਾਈ ਸੋ ਜਾਨੈ ਕੈ ਜਾਨੈ ਜਿਸੁ ਮਨਿ ਧਰੈ ॥ ਜਨੁ ਨਾਨਕੁ ਹਰਿ ਦੇਖਿ ਸੁਖੁ ਪਾਵੈ ਸਭ ਤਨ ਕੀ ਭੂਖ ਟਰੈ ॥੪॥੩॥ {ਪੰਨਾ 1263}

ਪਦ ਅਰਥ: ਕਉ = ਨੂੰ। ਮੀਠ = ਮਿੱਠਾ, ਪਿਆਰਾ। ਤਿਸ ਕੀ = (ਸੰਬੰਧਤ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) । ਸਭਿ = ਸਾਰੇ। ਉਚਰੈ = ਉਚਾਰਦਾ ਹੈ।1।

ਮਨ = ਹੇ ਮਨ! ਨਿਸਤਰੈ = ਪਾਰ ਲੰਘ ਜਾਂਦਾ ਹੈ। ਕਰਨ = ਕੰਨਾਂ ਨਾਲ। ਸੁਨਿ = ਸੁਣ ਕੇ। ਭਵ ਸਾਗਰੁ = ਸੰਸਾਰ-ਸਮੁੰਦਰ।1। ਰਹਾਉ।

ਹਾਟਿ = ਹੱਟੀ ਉੱਤੇ। ਵਿਹਾਝੇ = ਖ਼ਰੀਦੇ ਹੋਏ, ਵਿਕੇ ਹੋਏ। ਹਾਟਿ ਵਿਹਾਝੇ = ਗ਼ੁਲਾਮ, ਮੁੱਲ-ਖ਼ਰੀਦੇ। ਪਾਈਐ = ਪਾ ਲਈਦਾ ਹੈ। ਸਭ ਮੈਲੁ = ਸਾਰੀ ਮੈਲ। ਹਰੈ = ਦੂਰ ਕਰ ਦੇਂਦਾ ਹੈ।2।

ਜਨੁ = ਸੇਵਕ। ਤ੍ਰਿਪਤੈ = ਰੱਜਦਾ ਹੈ। ਜਾ = ਜਦੋਂ। ਬਿਚਰੈ = ਵਿਚਾਰਦਾ ਹੈ, ਮਨ ਵਿਚ ਵਸਾਂਦਾ ਹੈ। ਮੀਨਾ = ਮੱਛੀ। ਫੂਟਿ ਮਰੈ = ਦੁਖੀ ਹੋ ਕੇ ਮਰ ਜਾਂਦਾ ਹੈ।3।

ਜਿਨਿ = ਜਿਸ (ਪਰਮਾਤਮਾ) ਨੇ। ਕੈ = ਜਾਂ। ਜਿਸੁ ਮਨਿ = ਜਿਸ (ਮਨੁੱਖ) ਦੇ ਮਨ ਵਿਚ। ਦੇਖਿ = ਵੇਖ ਕੇ। ਟਰੈ = ਟਲ ਜਾਂਦੀ ਹੈ, ਮੁੱਕ ਜਾਂਦੀ ਹੈ।4।

ਅਰਥ: ਹੇ (ਮੇਰੇ) ਮਨ! ਸਦਾ ਹਰੀ ਦਾ ਨਾਮ ਜਪਿਆ ਕਰ, (ਜਿਹੜਾ ਮਨੁੱਖ ਜਪਦਾ ਹੈ, ਉਹ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ। (ਜਿਹੜਾ ਮਨੁੱਖ) ਗੁਰੂ ਦੇ ਬਚਨ ਕੰਨਾਂ ਨਾਲ ਸੁਣ ਕੇ (ਪਰਮਾਤਮਾ ਦਾ ਨਾਮ) ਸਿਮਰਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।1। ਰਹਾਉ।

ਹੇ ਭਾਈ! ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਪਿਆਰਾ ਲੱਗਦਾ ਹੈ। ਜਿਹੜਾ ਮਨੁੱਖ ਪ੍ਰਭੂ ਦੇ ਗੁਣ ਉਚਾਰਦਾ ਰਹਿੰਦਾ ਹੈ, ਉਸ ਦੀ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ, ਉਸ ਦੇ ਸਾਰੇ ਦੁੱਖ (ਦੂਰ ਹੋ ਜਾਂਦੇ ਹਨ) ।1।

ਹੇ ਭਾਈ! ਜਿਸ ਸੇਵਕ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਮੈਂ ਉਸ ਦਾ ਮੁੱਲ ਖ਼ਰੀਦਿਆ ਗ਼ੁਲਾਮ ਹਾਂ। ਪਰਮਾਤਮਾ ਦੇ ਸੇਵਕ ਨੂੰ ਮਿਲਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਉਹ ਆਤਮਕ ਆਨੰਦ ਮਨੁੱਖ ਦੇ ਅੰਦਰੋਂ) ਖੋਟੀ ਮਤਿ ਦੀ ਸਾਰੀ ਮੈਲ ਦੂਰ ਕਰ ਦੇਂਦਾ ਹੈ।2।

ਹੇ ਭਾਈ! ਪਰਮਾਤਮਾ ਦੇ ਸੇਵਕ ਨੂੰ ਪਰਮਾਤਮਾ (ਦੇ ਨਾਮ) ਦੀ ਭੁੱਖ ਲੱਗੀ ਰਹਿੰਦੀ ਹੈ, ਜਦੋਂ ਉਹ ਪਰਮਾਤਮਾ ਦੇ ਗੁਣ ਮਨ ਵਿਚ ਵਸਾਂਦਾ ਹੈ, ਉਹ ਤ੍ਰਿਪਤ ਹੋ ਜਾਂਦਾ ਹੈ। ਹੇ ਭਾਈ! ਪਰਮਾਤਮਾ ਦਾ ਭਗਤ ਇਉਂ ਹੈ ਜਿਵੇਂ ਪਾਣੀ ਦੀ ਮੱਛੀ ਹੈ (ਪਾਣੀ ਤੋਂ ਵਿਛੁੜ ਕੇ ਮੱਛੀ ਤੜਫ ਕੇ ਮਰ ਜਾਂਦੀ ਹੈ, ਤਿਵੇਂ ਪਰਮਾਤਮਾ ਦਾ ਭਗਤ) ਹਰਿ-ਨਾਮ ਵਿਸਰਿਆਂ ਬਹੁਤ ਦੁਖੀ ਹੁੰਦਾ ਹੈ।3।

ਹੇ ਭਾਈ! ਜਿਸ (ਪਰਮਾਤਮਾ) ਨੇ (ਆਪਣੇ ਸੇਵਕ ਦੇ ਹਿਰਦੇ ਵਿਚ ਆਪਣਾ) ਪਿਆਰ ਪੈਦਾ ਕੀਤਾ ਹੁੰਦਾ ਹੈ (ਉਸ ਪਿਆਰ ਦੀ ਕਦਰ) ਉਹ (ਆਪ) ਜਾਣਦਾ ਹੈ, ਜਾਂ (ਉਹ ਸੇਵਕ) ਜਾਣਦਾ ਹੈ ਜਿਸ ਦੇ ਮਨ ਵਿਚ (ਪਰਮਾਤਮਾ ਆਪਣਾ ਪਿਆਰ) ਟਿਕਾਂਦਾ ਹੈ। ਦਾਸ ਨਾਨਕ ਉਸ ਪ੍ਰਭੂ ਦਾ ਦਰਸਨ ਕਰ ਕੇ ਆਤਮਕ ਆਨੰਦ ਹਾਸਲ ਕਰਦਾ ਹੈ (ਇਸ ਆਨੰਦ ਦੀ ਬਰਕਤਿ ਨਾਲ ਨਾਨਕ ਦੇ) ਸਰੀਰ ਦੀ ਸਾਰੀ (ਮਾਇਕ) ਭੁੱਖ ਦੂਰ ਹੋ ਜਾਂਦੀ ਹੈ।4।3।

ਮਲਾਰ ਮਹਲਾ ੪ ॥ ਜਿਤਨੇ ਜੀਅ ਜੰਤ ਪ੍ਰਭਿ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ ॥ ਹਰਿ ਜਨ ਕਉ ਹਰਿ ਦੀਨ੍ਹ੍ਹ ਵਡਾਈ ਹਰਿ ਜਨੁ ਹਰਿ ਕਾਰੈ ਲਾਵੈ ॥੧॥ ਸਤਿਗੁਰੁ ਹਰਿ ਹਰਿ ਨਾਮੁ ਦ੍ਰਿੜਾਵੈ ॥ ਹਰਿ ਬੋਲਹੁ ਗੁਰ ਕੇ ਸਿਖ ਮੇਰੇ ਭਾਈ ਹਰਿ ਭਉਜਲੁ ਜਗਤੁ ਤਰਾਵੈ ॥੧॥ ਰਹਾਉ ॥ ਜੋ ਗੁਰ ਕਉ ਜਨੁ ਪੂਜੇ ਸੇਵੇ ਸੋ ਜਨੁ ਮੇਰੇ ਹਰਿ ਪ੍ਰਭ ਭਾਵੈ ॥ ਹਰਿ ਕੀ ਸੇਵਾ ਸਤਿਗੁਰੁ ਪੂਜਹੁ ਕਰਿ ਕਿਰਪਾ ਆਪਿ ਤਰਾਵੈ ॥੨॥ ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੈ ॥ ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ ॥੩॥ ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ ਹਰਿ ਹਰਿ ਕਥਾ ਸੁਣਾਵੈ ॥ ਤਿਸੁ ਗੁਰ ਕਉ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ ਤਿਸੁ ਪੁੰਨ ਕੀ ਫਿਰਿ ਤੋਟਿ ਨ ਆਵੈ ॥੪॥ ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ ਜੋ ਅੰਮ੍ਰਿਤ ਬਚਨ ਸੁਣਾਵੈ ॥ ਨਾਨਕ ਭਾਗ ਭਲੇ ਤਿਸੁ ਜਨ ਕੇ ਜੋ ਹਰਿ ਚਰਣੀ ਚਿਤੁ ਲਾਵੈ ॥੫॥੪॥ {ਪੰਨਾ 1263-1264}

ਪਦ ਅਰਥ: ਜੀਅ = (ਲਫ਼ਜ਼ 'ਜੀਉ' ਤੋਂ ਬਹੁ-ਵਚਨ) । ਪ੍ਰਭਿ = ਪ੍ਰਭੂ ਨੇ। ਤਿਤਨੇ = ਉਹ ਸਾਰੇ। ਸਿਰਿ = (ਹਰੇਕ ਦੇ) ਸਿਰ ਉੱਤੇ। ਲਿਖਾਵੈ = ਲਿਖਾਂਦਾ ਹੈ। ਕਉ = ਨੂੰ। ਦੀਨ੍ਹ੍ਹ = ਦਿੱਤੀ ਹੈ। ਵਡਾਈ = ਇੱਜ਼ਤ। ਕਾਰੈ = ਕਾਰ ਵਿਚ। ਲਾਵੈ = ਜੋੜਦਾ ਹੈ।1।

ਦ੍ਰਿੜਾਵੈ = ਮਨ ਵਿਚ ਪੱਕਾ ਕਰਦਾ ਹੈ। ਗੁਰ ਕੇ ਸਿਖ = ਹੇ ਗੁਰੂ ਦੇ ਸਿਖੋ! ਭਾਈ! ਤੇ ਭਾਈਓ! ਭਉਜਲੁ ਜਗਤੁ = ਸੰਸਾਰ-ਸਮੁੰਦਰ। ਤਰਾਵੈ = ਪਾਰ ਲੰਘਾਂਦਾ ਹੈ।1। ਰਹਾਉ।

ਜੋ ਜਨੁ = ਜਿਹੜਾ ਮਨੁੱਖ। ਪੂਜੇ ਸੇਵੇ = ਪੂਜਦਾ ਹੈ ਸੇਵਾ ਕਰਦਾ ਹੈ। ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਸੇਵਾ = ਭਗਤੀ। ਪੂਜਹੁ = ਪੂਜਾ ਕਰੋ। ਕਰਿ = ਕਰ ਕੇ।2।

ਭਰਮਿ = ਭਟਕਣਾ ਵਿਚ ਪੈ ਕੇ। ਭੂਲੇ = ਕੁਰਾਹੇ ਪਏ ਰਹਿੰਦੇ ਹਨ। ਅਗਿਆਨੀ = ਆਤਮਕ ਜੀਵਨ ਵਲੋਂ ਬੇ-ਸਮਝ ਬੰਦੇ। ਅੰਧੁਲੇ = (ਮਾਇਆ ਦੇ ਮੋਹ ਵਿਚ ਸਹੀ ਜੀਵਨ-ਰਾਹ ਵਲੋਂ) ਅੰਨ੍ਹੇ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤੋਰਾਵੈ = ਤੋਰੇ, ਤੋੜਦਾ ਹੈ। ਨਿਰਜੀਉ = ਬੇ-ਜਾਨ (ਪੱਥਰ ਦੀ ਪੂਰਤੀ) । ਮੜਾ = ਸਮਾਧਾਂ। ਬਿਰਥੀ = ਵਿਅਰਥ। ਘਾਲ = ਮਿਹਨਤ।3।

ਬ੍ਰਹਮੁ = ਪਰਮਾਤਮਾ। ਬਿੰਦੇ = ਜਾਣਦਾ ਹੈ, ਸਾਂਝ ਪਾਂਦਾ ਹੈ। ਛਾਦਨ = ਕੱਪੜੇ। ਪਾਟ ਪਟੰਬਰ = ਰੇਸ਼ਮ, ਰੇਸ਼ਮੀ ਕੱਪੜੇ (ਪਟ-ਅੰਬਰ। ਅੰਬਰ = ਕੱਪੜੇ) । ਸਤਿ ਕਰਿ = ਸਰਧਾ ਨਾਲ। ਮੁਖਿ = ਮੂੰਹ ਵਿਚ। ਸੰਚਹੁ = ਇਕੱਠੇ ਕਰੋ। ਮੁਖਿ ਸੰਚਹੁ = ਖਵਾਵੋ। ਤੋਟਿ = ਘਾਟ। ਪੁੰਨ = ਭਲਾ ਕੰਮ।4।

ਪਰਤਖਿ = ਅੱਖੀਂ ਦਿੱਸਦਾ। ਮੂਰਤਿ = ਸਰੂਪ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ।5।

ਅਰਥ: ਹੇ ਭਾਈ! ਗੁਰੂ (ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦੇਂਦਾ ਹੈ। (ਤਾਂ ਤੇ) ਹੇ ਗੁਰੂ ਕੇ ਸਿੱਖੋ! ਹੇ ਮੇਰੇ ਭਾਈਓ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ। ਪਰਮਾਤਮਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।1। ਰਹਾਉ।

ਹੇ ਭਾਈ! ਜਿਤਨੇ ਭੀ ਜੀਵ ਜੰਤੂ ਪ੍ਰਭੂ ਨੇ ਪੈਦਾ ਕੀਤੇ ਹਨ, ਸਾਰੇ ਹੀ (ਐਸੇ ਹਨ ਕਿ) ਹਰੇਕ ਦੇ ਸਿਰ ਉੱਤੇ (ਹਰੇਕ ਦੇ ਕਰਨ ਲਈ) ਕਾਰ ਲਿਖ ਰੱਖੀ ਹੈ। (ਆਪਣੇ) ਭਗਤ ਨੂੰ ਪ੍ਰਭੂ ਨੇ ਇਹ ਵਡਿਆਈ ਬਖ਼ਸ਼ੀ ਹੁੰਦੀ ਹੈ ਕਿ ਪ੍ਰਭੂ ਆਪਣੇ ਭਗਤ ਨੂੰ ਨਾਮ ਸਿਮਰਨ ਦੀ ਕਾਰ ਵਿਚ ਲਾਈ ਰੱਖਦਾ ਹੈ।1।

ਹੇ ਭਾਈ! ਜਿਹੜਾ ਮਨੁੱਖ ਗੁਰੂ ਦਾ ਆਦਰ-ਸਤਿਕਾਰ ਕਰਦਾ ਹੈ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ। ਹੇ ਭਾਈ! ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ, ਗੁਰੂ ਦੀ ਸਰਨ ਪਏ ਰਹੋ (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਨੂੰ ਪ੍ਰਭੂ) ਮਿਹਰ ਕਰ ਕੇ ਆਪ ਪਾਰ ਲੰਘਾ ਲੈਂਦਾ ਹੈ।2।

ਹੇ ਭਾਈ! (ਗੁਰੂ ਪਰਮੇਸਰ ਨੂੰ ਭੁਲਾ ਕੇ) ਮਨੁੱਖ ਭਟਕ ਭਟਕ ਕੇ (ਮੂਰਤੀ ਆਦਿਕ ਦੀ ਪੂਜਾ ਵਾਸਤੇ) ਫੁੱਲ ਤੋੜਦਾ ਫਿਰਦਾ ਹੈ। (ਅਜਿਹੇ ਮਨੁੱਖ) ਭਟਕਣਾ ਦੇ ਕਾਰਨ ਕੁਹਾਹੇ ਪਏ ਰਹਿੰਦੇ ਹਨ, ਆਤਮਕ ਜੀਵਨ ਵਲੋਂ-ਬੇਸਮਝ ਟਿਕੇ ਰਹਿੰਦੇ ਹਨ, ਉਹਨਾਂ ਨੂੰ ਸਹੀ ਜੀਵਨ-ਰਾਹ ਨਹੀਂ ਦਿੱਸਦਾ। (ਉਹ ਅੰਨ੍ਹੇ ਮਨੁੱਖ) ਬੇ-ਜਾਨ (ਮੂਰਤੀਆਂ) ਨੂੰ ਪੂਜਦੇ ਹਨ, ਸਮਾਧਾਂ ਨੂੰ ਮੱਥੇ ਟੇਕਦੇ ਰਹਿੰਦੇ ਹਨ। (ਅਜਿਹਾ ਮਨੁੱਖ ਆਪਣੀ) ਸਾਰੀ ਮਿਹਨਤ ਵਿਅਰਥ ਗਵਾਂਦਾ ਹੈ।3।

ਹੇ ਭਾਈ! ਗੁਰੂ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਜਗਤ ਉਸ ਨੂੰ ਗੁਰੂ ਆਖਦਾ ਹੈ, ਗੁਰੂ ਜਗਤ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਉਪਦੇਸ਼ ਸੁਣਾਂਦਾ ਹੈ। ਹੇ ਭਾਈ! ਅਜਿਹੇ ਗੁਰੂ ਅੱਗੇ ਕਈ ਕਿਸਮਾਂ ਦੇ ਕੱਪੜੇ, ਖਾਣੇ ਰੇਸ਼ਮੀ ਕੱਪੜੇ ਸਰਧਾ ਨਾਲ ਭੇਟ ਕਰਿਆ ਕਰੋ। ਇਸ ਭਲੇ ਕੰਮ ਦੀ ਟੋਟ ਨਹੀਂ ਆਉਂਦੀ।4।

ਹੇ ਨਾਨਕ! (ਆਖ– ਹੇ ਭਾਈ!) ਜਿਹੜਾ ਗੁਰੂ ਆਤਮਕ ਜੀਵਨ ਦੇਣ ਵਾਲੇ (ਸਿਫ਼ਤਿ-ਸਾਲਾਹ ਦੇ) ਬਚਨ ਸੁਣਾਂਦਾ ਰਹਿੰਦਾ ਹੈ, ਉਹ ਤਾਂ ਸਾਫ਼ ਤੌਰ ਤੇ ਪਰਮਾਤਮਾ ਦਾ ਰੂਪ ਪਿਆ ਦਿੱਸਦਾ ਹੈ। ਉਸ ਮਨੁੱਖ ਦੇ ਚੰਗੇ ਭਾਗ ਹੁੰਦੇ ਹਨ ਜਿਹੜਾ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ।5।4।

TOP OF PAGE

Sri Guru Granth Darpan, by Professor Sahib Singh