ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1264

ਮਲਾਰ ਮਹਲਾ ੪ ॥ ਜਿਨ੍ਹ੍ਹ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ ॥ ਤਿਨ੍ਹ੍ਹ ਦੇਖੇ ਮੇਰਾ ਮਨੁ ਬਿਗਸੈ ਹਉ ਤਿਨ ਕੈ ਸਦ ਬਲਿ ਜਾਂਤ ॥੧॥ ਗਿਆਨੀ ਹਰਿ ਬੋਲਹੁ ਦਿਨੁ ਰਾਤਿ ॥ ਤਿਨ੍ਹ੍ਹ ਕੀ ਤ੍ਰਿਸਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸੁ ਖਾਂਤਿ ॥੧॥ ਰਹਾਉ ॥ ਹਰਿ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਇ ਭਰਾਂਤਿ ॥ ਜਿਉ ਜਲ ਦੁਧ ਭਿੰਨ ਭਿੰਨ ਕਾਢੈ ਚੁਣਿ ਹੰਸੁਲਾ ਤਿਉ ਦੇਹੀ ਤੇ ਚੁਣਿ ਕਾਢੈ ਸਾਧੂ ਹਉਮੈ ਤਾਤਿ ॥੨॥ ਜਿਨ ਕੈ ਪ੍ਰੀਤਿ ਨਾਹੀ ਹਰਿ ਹਿਰਦੈ ਤੇ ਕਪਟੀ ਨਰ ਨਿਤ ਕਪਟੁ ਕਮਾਂਤਿ ॥ ਤਿਨ ਕਉ ਕਿਆ ਕੋਈ ਦੇਇ ਖਵਾਲੈ ਓਇ ਆਪਿ ਬੀਜਿ ਆਪੇ ਹੀ ਖਾਂਤਿ ॥੩॥ ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ ਜਨ ਮਹਿ ਆਪੁ ਰਖਾਂਤਿ ॥ ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥੪॥੫॥ {ਪੰਨਾ 1264}

ਪਦ ਅਰਥ: ਕੈ ਹੀਅਰੈ = ਦੇ ਹਿਰਦੇ ਵਿਚ। ਤੇ = ਉਹ (ਬਹੁ-ਵਚਨ) । ਭਲ ਭਾਂਤਿ = ਚੰਗੀ ਤਰ੍ਹਾਂ, ਪੂਰਨ ਤੌਰ ਤੇ। ਬਿਗਸੈ = ਖਿੜ ਪੈਂਦਾ ਹੈ। ਹਉ = ਮੈਂ, ਹਉਂ। ਸਦ = ਸਦਾ। ਤਿਨ ਕੈ ਬਲਿ = ਉਹਨਾਂ ਤੋਂ ਸਦਕੇ।1।

ਗਿਆਨੀ = ਹੇ ਗਿਆਨੀ! ਸਭ = ਸਾਰੀ। ਖਾਂਤਿ = (KwdiNq) ਖਾਂਦੇ ਹਨ।1। ਰਹਾਉ।

ਸਖਾ = ਮਿੱਤਰ। ਭਰਾਂਤਿ = ਭਟਕਣਾ। ਭਿੰਨ = ਵੱਖਰਾ। ਚੁਣਿ = ਚੁਣ ਕੇ। ਹੰਸੁਲਾ = ਹੰਸ। ਦੇਹੀ ਤੇ = ਸਰੀਰ ਤੋਂ, ਸਰੀਰ ਵਿਚੋਂ। ਤਾਤਿ = ਈਰਖਾ।2।

ਜਿਨ ਕੈ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ। ਕਪਟੀ = ਪਖੰਡੀ। ਦੇਇ = ਦੇਵੇ। ਓਇ = ਉਹ ਬੰਦੇ (ਲਫ਼ਜ਼ 'ਓਹ' ਤੋਂ ਬਹੁ-ਵਚਨ) । ਬੀਜਿ = ਬੀਜ ਕੇ।3।

ਚਿਹਨੁ = ਲੱਛਣ। ਆਪੇ = ਆਪ ਹੀ। ਆਪੁ = ਆਪਣਾ ਆਪ। ਧਨੁ ਧੰਨੁ = ਸਲਾਹੁਣ-ਜੋਗ। ਸਮ ਦਰਸੀ = ਸਭ ਜੀਵਾਂ ਵਿਚ ਇਕੋ ਜੋਤਿ ਵੇਖਣ ਵਾਲਾ। ਸਮ = ਬਰਾਬਰ, ਇਕੋ ਜਿਹਾ। ਜਿਨਿ = ਜਿਸ (ਗੁਰੂ) ਨੇ। ਤਰਾਂਤਿ = ਪਾਰ ਲੰਘਾਂਦਾ ਹੈ।4।

ਅਰਥ: ਹੇ ਗਿਆਨਵਾਨ ਮਨੁੱਖ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦਾ ਨਾਮ ਜਪਿਆ ਕਰ। ਜਿਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ-ਰਸ ਖਾਂਦੇ ਹਨ, ਉਹਨਾਂ ਦੀ (ਮਾਇਆ ਵਾਲੀ) ਸਾਰੀ ਤ੍ਰਿਸ਼ਨਾ ਸਾਰੀ ਭੁੱਖ (ਸਾਰੀ ਭੁੱਖ ਤ੍ਰਿਹ) ਦੂਰ ਹੋ ਜਾਂਦੀ ਹੈ।1। ਰਹਾਉ।

ਹੇ ਭਾਈ! ਜਿਨ੍ਹਾਂ ਦੇ ਹਿਰਦੇ ਵਿਚ ਪਿਆਰਾ ਗੁਰੂ ਵੱਸਿਆ ਰਹਿੰਦਾ ਹੈ, ਉਹ ਮਨੁੱਖ ਪੂਰਨ ਤੌਰ ਤੇ ਭਲੇ ਸੰਤ ਬਣ ਜਾਂਦੇ ਹਨ। ਹੇ ਭਾਈ! ਉਹਨਾਂ ਦਾ ਦਰਸਨ ਕਰ ਕੇ ਮੇਰਾ ਮਨ ਖਿੜ ਪੈਂਦਾ ਹੈ, ਮੈਂ ਤਾਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ।1।

ਹੇ ਭਾਈ! ਪਰਮਾਤਮਾ ਦੇ ਭਗਤ-ਜਨ (ਐਸੇ) ਸਾਧ-ਮਿੱਤਰ (ਹਨ) , ਜਿਨ੍ਹਾਂ ਦੇ ਮਿਲਿਆਂ (ਮਨ ਦੀ) ਭਟਕਣਾ ਦੂਰ ਹੋ ਜਾਂਦੀ ਹੈ। ਹੇ ਭਾਈ! ਜਿਵੇਂ ਹੰਸ ਪਾਣੀ ਤੇ ਦੁੱਧ ਨੂੰ (ਆਪਣੀ ਚੁੰਝ ਨਾਲ) ਚੁਣ ਕੇ ਵੱਖ-ਵੱਖ ਕਰ ਦੇਂਦਾ ਹੈ, ਤਿਵੇਂ ਸਾਧੂ-ਮਨੁੱਖ ਸਰੀਰ ਵਿਚੋਂ ਹਉਮੈ ਈਰਖਾ ਨੂੰ ਚੁਣ ਕੇ ਬਾਹਰ ਕੱਢ ਦੇਂਦਾ ਹੈ।2।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਨਹੀਂ (ਵੱਸਦਾ) , ਉਹ ਮਨੁੱਖ ਪਖੰਡੀ ਬਣ ਜਾਂਦੇ ਹਨ, ਉਹ (ਮਾਇਆ ਆਦਿਕ ਦੀ ਖ਼ਾਤਰ) ਸਦਾ (ਦੂਜਿਆਂ ਨਾਲ) ਠੱਗੀ ਕਰਦੇ ਹਨ। ਉਹਨਾਂ ਨੂੰ ਹੋਰ ਕੋਈ ਮਨੁੱਖ (ਆਤਮਕ ਜੀਵਨ ਦੀ ਖ਼ੁਰਾਕ) ਨਾਹ ਦੇ ਸਕਦਾ ਹੈ ਨਾਹ ਖਵਾ ਸਕਦਾ ਹੈ, ਉਹ ਬੰਦੇ (ਠੱਗੀ ਦਾ ਬੀ) ਆਪ ਬੀਜ ਕੇ ਆਪ ਹੀ (ਉਸ ਦਾ ਫਲ ਸਦਾ) ਖਾਂਦੇ ਹਨ।

ਹੇ ਭਾਈ! (ਉੱਚੇ ਆਤਮਕ ਜੀਵਨ ਦਾ ਜਿਹੜਾ) ਲੱਛਣ ਪਰਮਾਤਮਾ ਦਾ ਹੁੰਦਾ ਹੈ (ਸਿਮਰਨ ਦੀ ਬਰਕਤਿ ਨਾਲ) ਉਹੀ ਲੱਛਣ ਪਰਮਾਤਮਾ ਦੇ ਭਗਤ ਦਾ ਹੋ ਜਾਂਦਾ ਹੈ। ਪ੍ਰਭੂ ਆਪ ਹੀ ਆਪਣੇ ਆਪ ਨੂੰ ਆਪਣੇ ਸੇਵਕ ਵਿਚ ਟਿਕਾਈ ਰੱਖਦਾ ਹੈ। ਹੇ ਭਾਈ! ਸਭ ਜੀਵਾਂ ਵਿਚ ਇਕੋ ਹਰੀ ਦੀ ਜੋਤਿ ਵੇਖਣ ਵਾਲਾ ਗੁਰੂ ਨਾਨਕ (ਹਰ ਵੇਲੇ) ਸਲਾਹੁਣ-ਜੋਗ ਹੈ, ਜਿਸ ਨੇ ਆਪ ਨਿੰਦਾ ਤੇ ਖ਼ੁਸ਼ਾਮਦ (ਦੀ ਨਦੀ) ਪਾਰ ਕਰ ਲਈ ਹੈ ਅਤੇ ਹੋਰਨਾਂ ਨੂੰ ਇਸ ਵਿਚੋਂ ਪਾਰ ਲੰਘਾ ਦੇਂਦਾ ਹੈ।4।5।

ਮਲਾਰ ਮਹਲਾ ੪ ॥ ਅਗਮੁ ਅਗੋਚਰੁ ਨਾਮੁ ਹਰਿ ਊਤਮੁ ਹਰਿ ਕਿਰਪਾ ਤੇ ਜਪਿ ਲਇਆ ॥ ਸਤਸੰਗਤਿ ਸਾਧ ਪਾਈ ਵਡਭਾਗੀ ਸੰਗਿ ਸਾਧੂ ਪਾਰਿ ਪਇਆ ॥੧॥ ਮੇਰੈ ਮਨਿ ਅਨਦਿਨੁ ਅਨਦੁ ਭਇਆ ॥ ਗੁਰ ਪਰਸਾਦਿ ਨਾਮੁ ਹਰਿ ਜਪਿਆ ਮੇਰੇ ਮਨ ਕਾ ਭ੍ਰਮੁ ਭਉ ਗਇਆ ॥੧॥ ਰਹਾਉ ॥ ਜਿਨ ਹਰਿ ਗਾਇਆ ਜਿਨ ਹਰਿ ਜਪਿਆ ਤਿਨ ਸੰਗਤਿ ਹਰਿ ਮੇਲਹੁ ਕਰਿ ਮਇਆ ॥ ਤਿਨ ਕਾ ਦਰਸੁ ਦੇਖਿ ਸੁਖੁ ਪਾਇਆ ਦੁਖੁ ਹਉਮੈ ਰੋਗੁ ਗਇਆ ॥੨॥ ਜੋ ਅਨਦਿਨੁ ਹਿਰਦੈ ਨਾਮੁ ਧਿਆਵਹਿ ਸਭੁ ਜਨਮੁ ਤਿਨਾ ਕਾ ਸਫਲੁ ਭਇਆ ॥ ਓਇ ਆਪਿ ਤਰੇ ਸ੍ਰਿਸਟਿ ਸਭ ਤਾਰੀ ਸਭੁ ਕੁਲੁ ਭੀ ਪਾਰਿ ਪਇਆ ॥੩॥ ਤੁਧੁ ਆਪੇ ਆਪਿ ਉਪਾਇਆ ਸਭੁ ਜਗੁ ਤੁਧੁ ਆਪੇ ਵਸਿ ਕਰਿ ਲਇਆ ॥ ਜਨ ਨਾਨਕ ਕਉ ਪ੍ਰਭਿ ਕਿਰਪਾ ਧਾਰੀ ਬਿਖੁ ਡੁਬਦਾ ਕਾਢਿ ਲਇਆ ॥੪॥੬॥ {ਪੰਨਾ 1264}

ਪਦ ਅਰਥ: ਅਗਮੁ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਊਤਮੁ = ਉੱਚਾ (ਜੀਵਨ ਬਣਾਣ ਵਾਲਾ) । ਤੇ = ਤੋਂ, ਦੀ ਰਾਹੀਂ। ਸਾਧ = ਗੁਰੂ। ਪਾਈ = ਹਾਸਲ ਕੀਤੀ। ਵਡਭਾਗੀ = ਵੱਡੇ ਭਾਗਾਂ ਨਾਲ। ਸੰਗਿ ਸਾਧੂ = ਗੁਰੂ ਦੀ ਸੰਗਤਿ ਵਿਚ।1।

ਮੇਰੈ ਮਨਿ = ਮੇਰੇ ਮਨ ਵਿਚ। ਅਨਦਿਨੁ = (Anuidnz) ਹਰ ਰੋਜ਼, ਹਰ ਵੇਲੇ। ਪਰਸਾਦਿ = ਕਿਰਪਾ ਨਾਲ।1। ਰਹਾਉ।

ਹਰਿ = ਹੇ ਹਰੀ! ਕਰਿ = ਕਰ ਕੇ। ਮਇਆ = ਦਇਆ। ਦੇਖਿ = ਵੇਖ ਕੇ।2।

ਧਿਆਵਹਿ = ਧਿਆਉਂਦੇ ਹਨ (ਬਹੁ-ਵਚਨ) । ਸਫਲੁ = ਕਾਮਯਾਬ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ਉਹ ਬੰਦੇ।3।

ਆਪੇ = ਆਪ ਹੀ। ਸਭੁ ਜਗੁ = ਸਾਰਾ ਜਗਤ। ਵਸਿ = ਵੱਸ ਵਿਚ। ਪ੍ਰਭਿ = ਪ੍ਰਭੂ ਨੇ। ਬਿਖੁ = ਆਤਮਕ ਮੌਤ ਲਿਆਉਣ ਵਾਲਾ (ਮਾਇਆ ਦੇ ਮੋਹ ਦਾ) ਜ਼ਹਰ।4।

ਅਰਥ: ਹੇ ਭਾਈ! (ਜਦੋਂ ਤੋਂ) ਗੁਰੂ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ, ਮੇਰੇ ਮਨ ਦਾ ਹਰੇਕ ਭਰਮ ਅਤੇ ਡਰ ਦੂਰ ਹੋ ਗਿਆ ਹੈ। (ਹੁਣ) ਮੇਰੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਅਪਹੁੰਚ ਹੈ, ਪਰਮਾਤਮਾ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਉੱਚਾ (ਕਰਨ ਵਾਲਾ) ਹੈ। (ਜਿਸ ਮਨੁੱਖ ਨੇ) ਗੁਰੂ ਦੀ ਕਿਰਪਾ ਨਾਲ (ਇਹ ਨਾਮ) ਜਪਿਆ ਹੈ, (ਜਿਸ ਮਨੁੱਖ ਨੇ) ਵੱਡੇ ਭਾਗਾਂ ਨਾਲ ਗੁਰੂ ਦੀ ਸੰਗਤਿ ਪ੍ਰਾਪਤ ਕੀਤੀ ਹੈ, ਉਹ ਗੁਰੂ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹੈ।1।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਹੈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦਾ ਦਰਸਨ ਕਰ ਕੇ ਆਤਮਕ ਆਨੰਦ ਮਿਲਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, ਹਉਮੈ ਦਾ ਰੋਗ ਮਿਟ ਜਾਂਦਾ ਹੈ। ਹੇ ਹਰੀ! ਮਿਹਰ ਕਰ ਕੇ (ਮੈਨੂੰ ਭੀ) ਉਹਨਾਂ ਦੀ ਸੰਗਤਿ ਮਿਲਾ।2।

ਹੇ ਭਾਈ! ਜਿਹੜੇ ਮਨੁੱਖ ਹਰ ਵੇਲੇ (ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਜਪਦੇ ਹਨ, ਉਹਨਾਂ ਦੀ ਸਾਰੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਉਹ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਉਹ ਸਾਰੀ ਸ੍ਰਿਸ਼ਟੀ ਨੂੰ (ਭੀ) ਪਾਰ ਲੰਘਾ ਲੈਂਦੇ ਹਨ, (ਉਹਨਾਂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਦਾ) ਸਾਰਾ ਖ਼ਾਨਦਾਨ ਭੀ ਪਾਰ ਲੰਘ ਜਾਂਦਾ ਹੈ।3।

ਹੇ ਪ੍ਰਭੂ! ਤੂੰ ਆਪ ਹੀ ਇਹ ਸਾਰਾ ਜਗਤ ਪੈਦਾ ਕੀਤਾ ਹੋਇਆ ਹੈ, ਤੂੰ ਆਪ ਹੀ ਇਸ ਨੂੰ ਆਪਣੇ ਵੱਸ ਵਿਚ ਰੱਖਿਆ ਹੈ (ਤੇ ਇਸ ਨੂੰ ਡੁੱਬਣੋਂ ਬਚਾਂਦਾ ਹੈਂ) । ਹੇ ਨਾਨਕ! (ਆਖ– ਹੇ ਭਾਈ!) ਪ੍ਰਭੂ ਨੇ ਜਿਸ ਸੇਵਕ ਉਤੇ ਮਿਹਰ ਕੀਤੀ, ਉਸ ਨੂੰ ਆਤਮਕ ਮੌਤ ਲਿਆਉਣ ਵਾਲੇ (ਮਾਇਆ ਦੇ ਮੋਹ ਦੇ) ਜ਼ਹਰ-ਸਮੁੰਦਰ ਵਿਚ ਡੁੱਬਦੇ ਨੂੰ ਬਾਹਰ ਕੱਢ ਲਿਆ।4।6।

TOP OF PAGE

Sri Guru Granth Darpan, by Professor Sahib Singh