ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1265

ਮਲਾਰ ਮਹਲਾ ੪ ॥ ਗੁਰ ਪਰਸਾਦੀ ਅੰਮ੍ਰਿਤੁ ਨਹੀ ਪੀਆ ਤ੍ਰਿਸਨਾ ਭੂਖ ਨ ਜਾਈ ॥ ਮਨਮੁਖ ਮੂੜ੍ਹ੍ਹ ਜਲਤ ਅਹੰਕਾਰੀ ਹਉਮੈ ਵਿਚਿ ਦੁਖੁ ਪਾਈ ॥ ਆਵਤ ਜਾਤ ਬਿਰਥਾ ਜਨਮੁ ਗਵਾਇਆ ਦੁਖਿ ਲਾਗੈ ਪਛੁਤਾਈ ॥ ਜਿਸ ਤੇ ਉਪਜੇ ਤਿਸਹਿ ਨ ਚੇਤਹਿ ਧ੍ਰਿਗੁ ਜੀਵਣੁ ਧ੍ਰਿਗੁ ਖਾਈ ॥੧॥ ਪ੍ਰਾਣੀ ਗੁਰਮੁਖਿ ਨਾਮੁ ਧਿਆਈ ॥ ਹਰਿ ਹਰਿ ਕ੍ਰਿਪਾ ਕਰੇ ਗੁਰੁ ਮੇਲੇ ਹਰਿ ਹਰਿ ਨਾਮਿ ਸਮਾਈ ॥੧॥ ਰਹਾਉ ॥ ਮਨਮੁਖ ਜਨਮੁ ਭਇਆ ਹੈ ਬਿਰਥਾ ਆਵਤ ਜਾਤ ਲਜਾਈ ॥ ਕਾਮਿ ਕ੍ਰੋਧਿ ਡੂਬੇ ਅਭਿਮਾਨੀ ਹਉਮੈ ਵਿਚਿ ਜਲਿ ਜਾਈ ॥ ਤਿਨ ਸਿਧਿ ਨ ਬੁਧਿ ਭਈ ਮਤਿ ਮਧਿਮ ਲੋਭ ਲਹਰਿ ਦੁਖੁ ਪਾਈ ॥ ਗੁਰ ਬਿਹੂਨ ਮਹਾ ਦੁਖੁ ਪਾਇਆ ਜਮ ਪਕਰੇ ਬਿਲਲਾਈ ॥੨॥ {ਪੰਨਾ 1265}

ਪਦ ਅਰਥ: ਪਰਸਾਦੀ = ਪਰਸਾਦਿ, ਕਿਰਪਾ ਨਾਲ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਨ ਜਾਈ = ਦੂਰ ਨਹੀਂ ਹੁੰਦੇ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅਹੰਕਾਰੀ = ਅਹੰਕਾਰਿ, ਅਹੰਕਾਰ ਵਿਚ। ਆਵਤ ਜਾਤ = ਆਉਂਦਿਆਂ ਜਾਂਦਿਆਂ, ਜਨਮ ਮਰਨ ਦੇ ਗੇੜ ਵਿਚ ਪਿਆਂ। ਜਿਸ ਤੇ = ਜਿਸ (ਪਰਮਾਤਮਾ) ਤੋਂ (ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) । ਚੇਤਹਿ = ਯਾਦ ਕਰਦੇ (ਬਹੁ-ਵਚਨ) । ਧ੍ਰਿਗੁ = ਫਿਟਕਾਰ-ਜੋਗ।1।

ਪ੍ਰਾਣੀ = ਹੇ ਪ੍ਰਾਣੀ! ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਵਿਚ।1। ਰਹਾਉ।

ਬਿਰਥਾ = ਵਿਅਰਥ, ਨਿਸਫਲ। ਲਜਾਈ = ਲੱਜਾ-ਵਾਨ, ਸ਼ਰਮਿੰਦੇ। ਕਾਮਿ = ਕਾਮ ਵਿਚ। ਜਲਿ ਜਾਈ = ਸੜ ਜਾਂਦਾ ਹੈ। ਸਿਧਿ = ਸਫਲਤਾ। ਮਧਿਮ = ਹੌਲੀ, ਨੀਵੀਂ। ਬਿਲਲਾਈ = ਵਿਲਕਦਾ ਹੈ।2।

ਅਰਥ: ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਹੇ ਭਾਈ! ਜਿਸ ਮਨੁੱਖ ਉੱਤੇ ਹਰੀ ਕਿਰਪਾ ਕਰਦਾ ਹੈ, ਉਸ ਨੂੰ ਉਹ ਗੁਰੂ ਮਿਲਾਂਦਾ ਹੈ, ਤੇ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।1। ਰਹਾਉ।

ਹੇ ਭਾਈ! (ਜਿਸ ਮਨੁੱਖ ਨੇ) ਗੁਰੂ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਕਦੇ) ਨਹੀਂ ਪੀਤਾ, ਉਸ ਦੀ (ਮਾਇਆ ਵਾਲੀ) ਭੁੱਖ ਤ੍ਰਿਹ ਦੂਰ ਨਹੀਂ ਹੁੰਦੀ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਅਹੰਕਾਰ ਵਿਚ ਸੜਦਾ ਰਹਿੰਦਾ ਹੈ, ਹਉਮੈ ਵਿਚ ਫਸਿਆ ਹੋਇਆ ਦੁੱਖ ਸਹਾਰਦਾ ਰਹਿੰਦਾ ਹੈ। ਜਨਮ ਮਰਨ ਦੇ ਗੇੜ ਵਿਚ ਪਿਆ ਉਹ ਮਨੁੱਖ ਆਪਣਾ ਜੀਵਨ ਵਿਅਰਥ ਗਵਾਂਦਾ ਹੈ, ਦੁਖੀ ਹੁੰਦਾ ਹੈ ਤੇ ਹੱਥ ਮਲਦਾ ਹੈ। (ਅਜਿਹੇ ਮਨੁੱਖ) ਜਿਸ (ਪ੍ਰਭੂ) ਤੋਂ ਪੈਦਾ ਹੋਏ ਹਨ ਉਸ ਨੂੰ (ਕਦੇ) ਯਾਦ ਨਹੀਂ ਕਰਦੇ, ਉਹਨਾਂ ਦੀ ਜ਼ਿੰਦਗੀ ਫਿਟਕਾਰ-ਜੋਗ ਰਹਿੰਦੀ ਹੈ, ਉਹਨਾਂ ਦਾ ਖਾਧਾ-ਪੀਤਾ ਭੀ ਉਹਨਾਂ ਵਾਸਤੇ ਫਿਟਕਾਰ ਹੀ ਖੱਟਦਾ ਹੈ।1।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜੀਵਨ ਵਿਅਰਥ ਜਾਂਦਾ ਹੈ, ਜਨਮ ਮਰਨ ਦੇ ਗੇੜ ਵਿਚ ਫਸੇ ਹੋਏ ਹੀ ਉਹ ਸ਼ਰਮ-ਸਾਰ ਹੁੰਦੇ ਰਹਿੰਦੇ ਹਨ। ਉਹ ਮਨੁੱਖ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਹੀ ਡੁੱਬੇ ਰਹਿੰਦੇ ਹਨ। ਹਉਮੈ ਵਿਚ ਫਸਿਆਂ ਦਾ ਆਤਮਕ ਜੀਵਨ ਸੜ (ਕੇ ਸੁਆਹ ਹੋ) ਜਾਂਦਾ ਹੈ। (ਆਪਣੇ ਮਨ ਦੇ ਪਿੱਛੇ ਤੁਰਨ ਵਾਲੇ) ਉਹਨਾਂ ਮਨੁੱਖਾਂ ਨੂੰ (ਜੀਵਨ ਵਿਚ) ਸਫਲਤਾ ਹਾਸਲ ਨਹੀਂ ਹੁੰਦੀ, (ਸਫਲਤਾ ਵਾਲੀ) ਅਕਲ ਉਹਨਾਂ ਨੂੰ ਨਹੀਂ ਪ੍ਰਾਪਤ ਹੁੰਦੀ, ਉਹਨਾਂ ਦੀ ਮਤਿ ਨੀਵੀਂ ਹੀ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਲੋਭ ਦੀਆਂ ਲਹਿਰਾਂ ਵਿਚ (ਫਸਿਆ) ਦੁੱਖ ਪਾਂਦਾ ਹੈ। ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨਮੁਖ ਮਨੁੱਖ ਬਹੁਤ ਦੁੱਖ ਪਾਂਦਾ ਹੈ, ਜਦੋਂ ਉਸ ਨੂੰ ਜਮ ਆ ਫੜਦੇ ਹਨ ਤਾਂ ਉਹ ਵਿਲਕਦਾ ਹੈ।2।

ਹਰਿ ਕਾ ਨਾਮੁ ਅਗੋਚਰੁ ਪਾਇਆ ਗੁਰਮੁਖਿ ਸਹਜਿ ਸੁਭਾਈ ॥ ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਹਰਿ ਗੁਣ ਗਾਈ ॥ ਸਦਾ ਅਨੰਦਿ ਰਹੈ ਦਿਨੁ ਰਾਤੀ ਏਕ ਸਬਦਿ ਲਿਵ ਲਾਈ ॥ ਨਾਮੁ ਪਦਾਰਥੁ ਸਹਜੇ ਪਾਇਆ ਇਹ ਸਤਿਗੁਰ ਕੀ ਵਡਿਆਈ ॥੩॥ ਸਤਿਗੁਰ ਤੇ ਹਰਿ ਹਰਿ ਮਨਿ ਵਸਿਆ ਸਤਿਗੁਰ ਕਉ ਸਦ ਬਲਿ ਜਾਈ ॥ ਮਨੁ ਤਨੁ ਅਰਪਿ ਰਖਉ ਸਭੁ ਆਗੈ ਗੁਰ ਚਰਣੀ ਚਿਤੁ ਲਾਈ ॥ ਅਪਣੀ ਕ੍ਰਿਪਾ ਕਰਹੁ ਗੁਰ ਪੂਰੇ ਆਪੇ ਲੈਹੁ ਮਿਲਾਈ ॥ ਹਮ ਲੋਹ ਗੁਰ ਨਾਵ ਬੋਹਿਥਾ ਨਾਨਕ ਪਾਰਿ ਲੰਘਾਈ ॥੪॥੭॥ {ਪੰਨਾ 1265}

ਪਦ ਅਰਥ: ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਈ = ਸੁਭਾਇ, ਪ੍ਰੇਮ ਵਿਚ (ਟਿੱਕ ਕੇ) । ਨਿਧਾਨੁ = ਖ਼ਜ਼ਾਨਾ। ਘਟ ਅੰਤਰਿ = ਹਿਰਦੇ ਵਿਚ। ਰਸਨਾ = ਜੀਭ ਨਾਲ। ਗਾਈ = ਗਾਂਦਾ ਹੈ। ਅਨੰਦਿ = ਆਨੰਦ ਵਿਚ। ਸਬਦਿ = ਸ਼ਬਦ ਵਿਚ। ਲਿਵ ਲਾਈ = ਲਿਵ ਲਾਇ, ਸੁਰਤਿ ਜੋੜ ਕੇ। ਨਾਮੁ ਪਦਾਰਥੁ = ਕੀਮਤੀ ਨਾਮ। ਵਡਿਆਈ = ਵਡੱਪਣ, ਬਰਕਤਿ।3।

ਤੇ = ਤੋਂ, ਦੀ ਰਾਹੀਂ। ਮਨਿ = ਮਨ ਵਿਚ। ਕਉ = ਨੂੰ, ਤੋਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਅਰਪਿ = ਭੇਟਾ ਕਰ ਕੇ। ਰਖਉ = ਰਖਉਂ, ਮੈਂ ਰੱਖਦਾ ਹਾਂ। ਲਾਈ = ਲਾਈਂ, ਮੈਂ ਲਾਂਦਾ ਹਾਂ। ਗੁਰ = ਹੇ ਗੁਰੂ! ਆਪੇ = ਆਪ ਹੀ। ਲੋਹ = ਲੋਹਾ। ਨਾਵ = ਬੇੜੀ। ਬੋਹਿਥਾ = ਜਹਾਜ਼।4।

ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਅਡੋਲਤਾ ਵਿਚ (ਟਿੱਕ ਕੇ) ਪ੍ਰੇਮ ਵਿਚ (ਲੀਨ ਹੋ ਕੇ) ਉਸ ਪਰਮਾਤਮਾ ਦਾ ਨਾਮ (-ਖ਼ਜ਼ਾਨਾ) ਹਾਸਲ ਕਰ ਲੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਉਸ ਮਨੁੱਖ ਦੇ ਹਿਰਦੇ ਵਿਚ ਨਾਮ-ਖ਼ਜ਼ਾਨਾ ਆ ਵੱਸਦਾ ਹੈ, ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਸੁਰਤਿ ਜੋੜ ਕੇ ਉਹ ਮਨੁੱਖ ਦਿਨ ਰਾਤ ਸਦਾ ਆਨੰਦ ਵਿਚ ਰਹਿੰਦਾ ਹੈ। ਆਤਮਕ ਅਡੋਲਤਾ ਦੀ ਰਾਹੀਂ ਉਹ ਮਨੁੱਖ ਕੀਮਤੀ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ। ਹੇ ਭਾਈ! ਇਹ ਸਾਰੀ ਗੁਰੂ ਦੀ ਹੀ ਬਰਕਤਿ ਹੈ।3।

ਹੇ ਭਾਈ! ਮੈਂ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਗੁਰੂ ਦੀ ਰਾਹੀਂ ਹੀ ਪਰਮਾਤਮਾ (ਦਾ ਨਾਮ ਮੇਰੇ) ਮਨ ਵਿਚ ਆ ਵੱਸਿਆ ਹੈ। ਮੈਂ ਆਪਣਾ ਮਨ ਆਪਣਾ ਤਨ ਸਭ ਕੁਝ ਗੁਰੂ ਦੇ ਅੱਗੇ ਭੇਟਾ ਰੱਖਦਾ ਹਾਂ, ਮੈਂ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹਾਂ। ਹੇ ਨਾਨਕ! (ਆਖ-) ਹੇ ਪੂਰੇ ਗੁਰੂ! (ਮੇਰੇ ਉਤੇ) ਆਪਣੀ ਮਿਹਰ ਕਰੋ, ਮੈਨੂੰ ਆਪ ਹੀ (ਆਪਣੇ ਚਰਨਾਂ ਵਿਚ) ਮਿਲਾਈ ਰੱਖ। ਹੇ ਭਾਈ! ਅਸੀਂ ਜੀਵ (ਵਿਕਾਰਾਂ ਨਾਲ ਭਾਰੇ ਹੋ ਚੁਕੇ) ਲੋਹਾ ਹਾਂ, ਗੁਰੂ ਬੇੜੀ ਹੈ ਗੁਰੂ ਜਹਾਜ਼ ਹੈ ਜੋ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ।4।7।

ਮਲਾਰ ਮਹਲਾ ੪ ਪੜਤਾਲ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਹਰਿ ਜਨ ਬੋਲਤ ਸ੍ਰੀਰਾਮ ਨਾਮਾ ਮਿਲਿ ਸਾਧਸੰਗਤਿ ਹਰਿ ਤੋਰ ॥੧॥ ਰਹਾਉ ॥ ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸੁ ਲਾਗਤ ਹੈ ਨਹੀ ਚੋਰ ॥੧॥ ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥੨॥ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥੩॥ ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥ {ਪੰਨਾ 1265}

ਪਦ ਅਰਥ: ਹਰਿ ਜਨ = ਹੇ ਹਰੀ! ਤੇਰੇ ਭਗਤ। ਮਿਲਿ = ਮਿਲ ਕੇ। ਤੋਰ = ਤੇਰੀ।1। ਰਹਾਉ।

ਬਨਜਹੁ = ਵਣਜ ਕਰੋ, ਖ਼ਰੀਦੋ। ਸੰਚਹੁ = ਇਕੱਠਾ ਕਰੋ।1।

ਚਾਤ੍ਰਿਕ = ਪਪੀਹਾ। ਸੁਨਿ = ਸੁਣ ਕੇ। ਘਨਿਹਰ = ਬੱਦਲ। ਘੋਰ = ਘਨਘੋਰ, ਗਰਜ, ਸ਼ੋਰ।2।

ਮ੍ਰਿਗ = ਪਸ਼ੂ। ਮੀਨ = ਮੱਛੀ। ਪੰਖੇਰੂ = ਪੰਛੀ।3।

ਕੀਰਤਿ = ਸਿਫ਼ਤਿ-ਸਾਲਾਹ। ਸੋਰ = ਸ਼ੋਰ, ਰੌਲਾ।4।

ਅਰਥ: ਹੇ ਹਰੀ! ਤੇਰੇ ਭਗਤ ਤੇਰੀ ਸਾਧ ਸੰਗਤਿ ਵਿਚ ਮਿਲ ਕੇ ਤੇਰਾ ਨਾਮ ਜਪਦੇ ਹਨ।1। ਰਹਾਉ।

ਹੇ ਭਾਈ! (ਤੁਸੀਂ ਭੀ ਸਾਧ ਸੰਗਤਿ ਵਿਚ) ਪਰਮਾਤਮਾ ਦਾ ਨਾਮ-ਧਨ ਵਣਜੋ, ਪ੍ਰਭੂ ਦਾ ਨਾਮ-ਧਨ ਇਕੱਠਾ ਕਰੋ, (ਇਹ ਧਨ ਐਸਾ ਹੈ) ਕਿ ਇਸ ਨੂੰ ਚੋਰ ਚੁਰਾ ਨਹੀਂ ਸਕਦੇ।1।

ਹੇ ਭਾਈ! (ਜਿਵੇਂ) ਪਪੀਹੇ ਤੇ ਮੋਰ ਬੱਦਲਾਂ ਦੀ ਗੜਗੱਜ ਸੁਣ ਕੇ ਦਿਨ ਰਾਤ ਬੋਲਦੇ ਹਨ, (ਤਿਵੇਂ ਤੁਸੀ ਭੀ ਸਾਧ ਸੰਗਤਿ ਵਿਚ ਮਿਲ ਕੇ ਹਰੀ ਦਾ ਨਾਮ ਜਪਿਆ ਕਰੋ) ।2।

ਹੇ ਭਾਈ! (ਉਹ ਪਰਮਾਤਮਾ ਐਸਾ ਹੈ ਕਿ) ਪਸ਼ੂ ਪੰਛੀ ਮੱਛੀਆਂ ਆਦਿਕ (ਧਰਤੀ ਉਤੇ ਤੁਰਨ ਫਿਰਨ ਵਾਲੇ, ਪਾਣੀ ਵਿਚ ਰਹਿਣ ਵਾਲੇ, ਆਕਾਸ਼ ਵਿਚ ਉੱਡਣ ਵਾਲੇ ਸਾਰੇ ਹੀ) ਜੋ ਬੋਲਦੇ ਹਨ, ਪਰਮਾਤਮਾ (ਦੀ ਦਿੱਤੀ ਸੱਤਿਆ) ਤੋਂ ਬਿਨਾ (ਕਿਸੇ) ਹੋਰ (ਦੀ ਸੱਤਿਆ ਨਾਲ) ਨਹੀਂ ਬੋਲਦੇ।3।

ਹੇ ਨਾਨਕ! ਜਿਨ੍ਹਾਂ ਭੀ ਹਰਿ-ਸੇਵਕਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, (ਉਹਨਾਂ ਵਾਸਤੇ) ਜਮਦੂਤਾਂ ਦਾ ਸਾਰਾ ਰੌਲਾ ਮੁੱਕ ਗਿਆ (ਉਹਨਾਂ ਨੂੰ ਜਮਦੂਤਾਂ ਦਾ ਕੋਈ ਡਰ ਨਾਹ ਰਹਿ ਗਿਆ) ।4।1।8।

ਨੋਟ: ਪੜਤਾਲ = ਉਹ ਸ਼ਬਦ ਜਿਨ੍ਹਾਂ ਨੂੰ ਗਾਵਣ ਵੇਲੇ ਲਈ ਤਾਲ ਪਰਤਾਣੇ ਪੈਂਦੇ ਹਨ।

ਮਲਾਰ ਮਹਲਾ ੪ ॥ ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥ ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥ ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ ॥ ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥੧॥ ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ ॥ ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨॥੨॥੯॥੯॥੧੩॥੯॥੩੧॥ {ਪੰਨਾ 1265-1266}

ਪਦ ਅਰਥ: ਬਡਭਾਗੀ = ਵੱਡੇ ਭਾਗਾਂ ਵਾਲੇ ਮਨੁੱਖ। ਪੰਥੁ = ਰਸਤਾ। ਹਉ = ਮੈਂ। ਤਾ ਕੈ ਪਾਇ = ਉਸ ਦੇ ਪੈਰੀਂ। ਲਾਗੀ = ਲਾਗੀਂ, ਮੈਂ ਲੱਗਦਾ ਹਾਂ।1। ਰਹਾਉ।

ਸਖਾਈ = ਸਾਥੀ, ਮਦਦਗਾਰ। ਸਿਉ = ਨਾਲ। ਹਮ ਗਾਵਹਿ = ਅਸੀਂ ਗਾਂਦੇ ਹਾਂ (ਮੈਂ ਗਾਂਦਾ ਹਾਂ) । ਹਮ ਬੋਲਹਿ = ਅਸੀਂ ਉਚਾਰਦੇ ਹਾਂ (ਮੈਂ ਜਪਦਾ ਹਾਂ) । ਹਮ = ਅਸਾਂ, ਮੈਂ। ਦੁਤੀਆ = ਦੂਜੀ।1।

ਪਰਮਾਨੰਦੁ = ਪਰਮ ਆਨੰਦ ਦਾ ਮਾਲਕ। ਬੈਰਾਗੀ = ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ। ਜੀਵਤ ਹੈ– ਜੀਊਂਦਾ ਹੈ, ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਨਿਮਖ = (inmy =) ਅੱਖ ਝਮਕਣ ਜਿਤਨਾ ਸਮਾ। ਮੁਖਿ ਲਾਗੀ = ਮੂੰਹ ਲੱਗਦਾ ਹੈ, ਦਿੱਸਦਾ ਹੈ, ਦਰਸਨ ਦੇਂਦਾ ਹੈ।2।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਉਚਾਰਿਆ ਕਰ। ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ ਜੋ (ਪਰਮਾਤਮਾ ਦਾ ਦਰਸਨ ਕਰਨ ਲਈ) ਭਾਲ ਕਰਦੇ ਹਨ। ਹੇ ਭਾਈ! ਮੈਂ (ਤਾਂ) ਉਸ ਮਨੁੱਖ ਦੇ ਚਰਨੀਂ ਲੱਗਦਾ ਹਾਂ ਜਿਹੜਾ ਮੈਨੂੰ ਪਰਮਾਤਮਾ ਦਾ ਰਾਹ ਦੱਸ ਦੇਵੇ।1। ਰਹਾਉ।

ਹੇ ਭਾਈ! ਪਰਮਾਤਮਾ ਹੀ ਮੇਰਾ ਮਿੱਤਰ ਹੈ ਮੇਰਾ ਮਦਦਗਾਰ ਹੈ, ਪਰਮਾਤਮਾ ਨਾਲ (ਹੀ) ਮੇਰਾ ਪਿਆਰ ਬਣਿਆ ਹੋਇਆ ਹੈ। ਮੈਂ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ, ਮੈਂ ਪਰਮਾਤਮਾ ਦਾ ਹੀ ਨਾਮ ਜਪਦਾ ਹਾਂ। ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਮੈਂ ਛੱਡ ਦਿੱਤਾ ਹੋਇਆ ਹੈ।1।

ਹੇ ਭਾਈ! ਸਭ ਦੇ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ। ਉਹ ਪਰਮਾਤਮਾ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ, ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਹੈ।

ਹੇ ਭਾਈ! ਜੇ ਉਸ ਪਰਮਾਤਮਾ ਦਾ ਦਰਸ਼ਨ ਅੱਖ ਝਮਕਣ ਜਿਤਨੇ ਸਮੇ ਲਈ ਹੋ ਜਾਏ, ਇਕ ਪਲ ਭਰ ਲਈ ਹੋ ਜਾਏ, ਤਾਂ ਨਾਨਕ ਉਸ ਦਾ ਦਰਸ਼ਨ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।2। 2।9। 9।13।9। 31।

ਸ਼ਬਦਾਂ ਦਾ ਵੇਰਵਾ:
ਮਹਲਾ 1 . . . . . . . . . .9
ਮਹਲਾ 3 . . . . . . . . .13
ਮਹਲਾ 4 . . . . . . . . . .9
. . ਜੋੜ . . . . . . . . . . 31

TOP OF PAGE

Sri Guru Granth Darpan, by Professor Sahib Singh