ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1266 ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ ॥ ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ ॥੧॥ ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥ ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥੧॥ ਰਹਾਉ ॥ ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥ ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥ ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥ ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥੩॥ ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ ॥ ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ ॥੪॥੧॥ {ਪੰਨਾ 1266} ਪਦ ਅਰਥ: ਉਪਾਏ = ਅਨੇਕਾਂ ਉਪਾਵ (ਬਹੁ-ਵਚਨ) । ਕਉ = ਨੂੰ। ਤਾ ਕਉ = ਉਸ (ਮਨੁੱਖ) ਨੂੰ। ਸਹਾਏ = ਸਹਾਈ।1। ਮੇਘੁ = ਬੱਦਲ। ਸਖੀ = ਹੇ ਸਖੀ! ਹੇ ਸਹੇਲੀ! ਘਰਿ = (ਮੇਰੇ ਹਿਰਦੇ-) ਘਰ ਵਿਚ। ਪਾਹੁਨ = (ਆਦਰ ਵਾਸਤੇ ਬਹੁ-ਵਚਨ) ਪ੍ਰਾਹੁਣਾ, ਨੀਂਗਰ, ਲਾੜਾ, ਪ੍ਰਭੂ-ਪਤੀ। ਮੋਹਿ ਦੀਨ = ਮੈਨੂੰ ਗਰੀਬ ਨੂੰ। ਕ੍ਰਿਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਠਾਕੁਰ = ਹੇ ਮਾਲਕ! ਨਵਨਿਧਿ ਨਾਮਿ = ਨਾਮ ਵਿਚ ਜੋ (ਮਾਨੋ) ਨੌ ਹੀ ਖ਼ਜ਼ਾਨੇ ਹੈ। ਸਮਾਏ = ਸਮਾਇ, ਲੀਨ ਕਰ।1। ਰਹਾਉ। ਅਨਿਕ ਪ੍ਰਕਾਰ = ਕਈ ਕਿਸਮਾਂ ਦੇ। ਕੀਏ = ਤਿਆਰ ਕੀਤੇ। ਮਿਸਟ = ਮਿੱਠੇ। ਬਿੰਜਨ ਮਿਸਟਾਏ = ਮਿੱਠੇ ਸੁਆਦਲੇ ਭੋਜਨ। ਕੀਏ = (ਇਸਤ੍ਰੀ ਨੇ) ਤਿਆਰ ਕੀਤੇ। ਕਰੀ = ਤਿਆਰ ਕੀਤੀ। ਪਾਕਸਾਲ = ਰਸੋਈ, (ਹਿਰਦਾ-) ਰਸੋਈ। ਸੋਚ = ਸੁੱਚ (ਨਾਲ) । ਲਾਵਹੁ ਭੋਗ = ਖਾਵੋ, ਪਹਿਲਾਂ ਤੁਸੀ ਖਾਵੋ, ਪਰਵਾਨ ਕਰੋ। ਹਰਿ ਰਾਇ = ਹੇ ਪ੍ਰਭੂ-ਪਾਤਿਸ਼ਾਹ!।2। ਬਿਦਾਰੇ = ਨਾਸ ਕਰ ਦਿੱਤੇ। ਰਹਸੇ = ਖ਼ੁਸ਼ ਹੋਏ। ਅਪਨਾਏ = ਆਪਣੇ ਬਣਾ ਲਏ, ਅਪਣੱਪ ਵਿਖਾਈ। ਗ੍ਰਿਹਿ = (ਹਿਰਦੇ-) ਘਰ ਵਿਚ। ਰੰਗੀਓ = ਰੰਗੀਲਾ, ਸੁਹਣਾ। ਸਭਿ = ਸਾਰੇ। ਇਹਿ = (ਲਫ਼ਜ਼ 'ਇਹ' ਤੋਂ ਬਹੁ-ਵਚਨ) ।3। ਅਰਥ: ਹੇ ਸਹੇਲੀ! (ਮੇਰੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਜੀ ਟਿਕੇ ਹਨ (ਮੇਰੇ ਅੰਦਰੋਂ ਤਪਸ਼ ਮਿੱਟ ਗਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਉਸ ਦੀ ਮਿਹਰ ਦਾ) ਬੱਦਲ ਵੱਸ ਰਿਹਾ ਹੈ। ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਮਾਲਕ-ਪ੍ਰਭੂ! ਮੈਨੂੰ ਕੰਗਾਲ ਨੂੰ ਆਪਣੇ ਨਾਮ ਵਿਚ ਲੀਨ ਕਰੀ ਰੱਖ (ਇਹ ਨਾਮ ਹੀ ਮੇਰੇ ਵਾਸਤੇ) ਨੌ ਖ਼ਜ਼ਾਨੇ ਹੈ।1। ਰਹਾਉ। ਹੇ ਭਾਈ! (ਪਰਮਾਤਮਾ ਦੀ ਸਰਨ ਛੱਡ ਕੇ) ਤੂੰ ਹੋਰ ਕੀਹ ਸੋਚਾਂ ਸੋਚਦਾਂ ਹੈਂ? ਤੂੰ ਹੋਰ ਕੀਹ ਉਪਾਵ ਚਿਤਵਦਾ ਹੈਂ? ਤੂੰ ਹੋਰ ਕਿਹੜੇ ਹੀਲੇ ਕਰਦਾ ਹੈਂ? (ਵੇਖ,) ਜਿਸ (ਮਨੁੱਖ) ਦਾ ਸਹਾਈ ਪਰਮਾਤਮਾ ਆਪ ਬਣਦਾ ਹੈ ਉਸ ਨੂੰ, ਦੱਸ, ਕਿਸ ਦੀ ਪਰਵਾਹ ਰਹਿ ਜਾਂਦੀ ਹੈ?।1। ਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸੁਆਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਂਦੀ ਹੈ, ਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੇ ਪਿਆਰ ਵਿਚ ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ, ਮਿਹਰ ਕਰ, ਤੇ ਇਸ ਨੂੰ) ਹੁਣ ਪਰਵਾਨ ਕਰ।2। ਹੇ ਸਖੀ! ਇਹਨਾਂ (ਸਰੀਰ) ਘਰਾਂ-ਮੰਦਰਾਂ ਨੂੰ (ਜਦੋਂ ਪ੍ਰਭੂ-ਪਤੀ) ਅਪਣਾਂਦਾ ਹੈ (ਇਹਨਾਂ ਵਿਚ ਆਪਣਾ ਪਰਕਾਸ਼ ਕਰਦਾ ਹੈ, ਤਦੋਂ ਇਹਨਾਂ ਵਿਚੋਂ ਕਾਮਾਦਿਕ) ਦੁਸ਼ਟ ਨਾਸ ਹੋ ਜਾਂਦੇ ਹਨ (ਅਤੇ ਦੈਵੀ ਗੁਣ) ਸੱਜਣ ਪ੍ਰਫੁਲਤ ਹੋ ਜਾਂਦੇ ਹਨ। ਹੇ ਸਖੀ! ਜਦੋਂ ਤੋਂ ਮੇਰੇ ਹਿਰਦੇ-ਘਰ ਵਿਚ ਸੋਹਣਾ ਲਾਲ (ਪ੍ਰਭੂ) ਆ ਵੱਸਿਆ ਹੈ, ਤਦੋਂ ਤੋਂ ਮੈਂ ਸਾਰੇ ਸੁਖ ਹਾਸਲ ਕਰ ਲਏ ਹਨ।3। ਹੇ ਦਾਸ ਨਾਨਕ! ਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉੱਤੇ ਸਾਧ ਸੰਗਤਿ ਵਿਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਸੋਹਣਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਸ ਨੂੰ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ।4।1। ਮਲਾਰ ਮਹਲਾ ੫ ॥ ਖੀਰ ਅਧਾਰਿ ਬਾਰਿਕੁ ਜਬ ਹੋਤਾ ਬਿਨੁ ਖੀਰੈ ਰਹਨੁ ਨ ਜਾਈ ॥ ਸਾਰਿ ਸਮ੍ਹ੍ਹਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ ॥੧॥ ਹਮ ਬਾਰਿਕ ਪਿਤਾ ਪ੍ਰਭੁ ਦਾਤਾ ॥ ਭੂਲਹਿ ਬਾਰਿਕ ਅਨਿਕ ਲਖ ਬਰੀਆ ਅਨ ਠਉਰ ਨਾਹੀ ਜਹ ਜਾਤਾ ॥੧॥ ਰਹਾਉ ॥ ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ ॥ ਮਾਤਾ ਪਿਤਾ ਕੰਠਿ ਲਾਇ ਰਾਖੈ ਅਨਦ ਸਹਜਿ ਤਬ ਖੇਲੈ ॥੨॥ ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸੁ ਬਾਰਿਕ ਭੂਖ ਕੈਸੀ ॥ ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ ਮਨਿ ਬਾਂਛੈ ਸੋ ਲੈਸੀ ॥੩॥ ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ ਬਾਰਿਕੁ ਮੁਖਿ ਮਾਂਗੈ ਸੋ ਦੇਨਾ ॥ ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥੪॥੨॥ {ਪੰਨਾ 1266} ਪਦ ਅਰਥ: ਖੀਰ = ਦੁੱਧ। ਖੀਰ ਅਧਾਰਿ = ਦੁੱਧ ਦੇ ਆਸਰੇ ਨਾਲ। ਹੋਤਾ = ਹੁੰਦਾ ਹੈ, ਰਹਿੰਦਾ ਹੈ। ਬਿਨੁ ਖੀਰੈ = ਦੁੱਧ ਤੋਂ ਬਿਨਾ। ਸਾਰਿ = ਸਾਰ ਲੈ ਕੇ। ਸਮ੍ਹ੍ਹਾਲਿ = ਸੰਭਾਲ ਕਰ ਕੇ। ਮੁਖਿ = (ਬੱਚੇ ਦੇ) ਮੂੰਹ ਵਿਚ। ਨੀਰੈ = ਪ੍ਰੋਸਦੀ ਹੈ, ਥਣ ਦੇਂਦੀ ਹੈ। ਤ੍ਰਿਪਤਿ ਅਘਾਈ = ਚੰਗੀ ਤਰ੍ਹਾਂ ਰੱਜ ਜਾਂਦਾ ਹੈ।1। ਭੂਲਹਿ = ਭੁੱਲਦੇ ਹਨ (ਬਹੁ-ਵਚਨ) । ਬਾਰਿਕੁ = (ਇਕ-ਵਚਨ) । ਬਾਰਿਕ = (ਬਹੁ-ਵਚਨ) । ਬਰੀਆ = ਵਾਰੀ। ਅਨ = (ANX) ਹੋਰ। ਠਉਰ = ਥਾਂ। ਜਹ = ਜਿੱਥੇ।1। ਰਹਾਉ। ਚੰਚਲ = ਚੁਲਬੁਲੀ, ਇਕੋ ਥਾਂ ਟਿੱਕ ਨਾਹ ਸਕਣ ਵਾਲੀ। ਬਪੁਰੋ ਕੀ = ਵੀਚਾਰੇ ਦੀ। ਸਰਪ = ਸੱਪ। ਕਰ = ਹੱਥ। ਕੰਠਿ = ਗਲ ਨਾਲ। ਲਾਇ = ਲਾ ਕੇ। ਸਹਜਿ = ਅਡੋਲਤਾ ਨਾਲ, ਬੇ-ਫ਼ਿਕਰੀ ਨਾਲ।2। ਜਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) । ਸੁਆਮੀ = ਹੇ ਸੁਆਮੀ! ਗ੍ਰਿਹਿ ਤੇਰੈ = ਤੇਰੇ ਘਰ ਵਿਚ। ਮਨਿ = ਮਨ ਵਿਚ। ਬਾਂਛੈ = ਮੰਗਦਾ ਹੈ, ਚਾਹੁੰਦਾ ਹੈ। ਲੈਸੀ = ਲੈ ਲਏਗਾ।3। ਕ੍ਰਿਪਾਲਿ = ਕਿਰਪਾਲ ਨੇ। ਆਗਿਆ = ਹੁਕਮ। ਮੁਖਿ = ਮੂੰਹੋਂ। ਦਰਸੁ ਪ੍ਰਭ = ਪ੍ਰਭੂ ਦਾ ਦਰਸਨ। ਮੋਹਿ ਹ੍ਰਿਦੈ = ਮੇਰੇ ਹਿਰਦੇ ਵਿਚ। ਬਸਹਿ = ਵੱਸਦੇ ਰਹਿਣ।4। ਅਰਥ: ਹੇ ਭਾਈ! ਦਾਤਾਰ ਪ੍ਰਭੂ (ਸਾਡਾ) ਪਿਤਾ ਹੈ, ਅਸੀਂ (ਜੀਵ ਉਸ ਦੇ) ਬੱਚੇ ਹਾਂ। ਬੱਚੇ ਅਨੇਕਾਂ ਵਾਰੀ ਲੱਖਾਂ ਵਾਰੀ ਭੁੱਲਾਂ ਕਰਦੇ ਹਨ (ਪਿਤਾ-ਪ੍ਰਭੂ ਤੋਂ ਬਿਨਾ ਉਹਨਾਂ ਦਾ ਕੋਈ) ਹੋਰ ਥਾਂ ਨਹੀਂ, ਜਿਥੇ ਉਹ ਜਾ ਸਕਣ।1। ਰਹਾਉ। ਹੇ ਭਾਈ! ਜਦੋਂ (ਕੋਈ) ਬੱਚਾ ਦੁੱਧ ਦੇ ਆਸਰੇ ਹੀ ਹੁੰਦਾ ਹੈ (ਤਦੋਂ ਉਹ) ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ। (ਜਦੋਂ ਉਸ ਦੀ) ਮਾਂ (ਉਸ ਦੀ) ਸਾਰ ਲੈ ਕੇ (ਉਸ ਦੀ) ਸੰਭਾਲ ਕਰ ਕੇ (ਉਸ ਦੇ) ਮੂੰਹ ਵਿਚ ਆਪਣਾ ਥਣ ਪਾਂਦੀ ਹੈ, ਤਦੋਂ ਉਹ (ਦੁੱਧ ਨਾਲ) ਚੰਗੀ ਤਰ੍ਹਾਂ ਰੱਜ ਜਾਂਦਾ ਹੈ।1। ਹੇ ਭਾਈ! ਵਿਚਾਰੇ ਬੱਚੇ ਦੀ ਅਕਲ ਹੋਛੀ ਹੁੰਦੀ ਹੈ, ਉਹ (ਜਦੋਂ ਮਾਂ ਪਿਉ ਤੋਂ ਪਰੇ ਹੁੰਦਾ ਹੈ ਤਦੋਂ) ਸੱਪ ਨੂੰ ਹੱਥ ਪਾਂਦਾ ਹੈ, ਅੱਗ ਨੂੰ ਹੱਥ ਪਾਂਦਾ ਹੈ (ਤੇ, ਦੁਖੀ ਹੁੰਦਾ ਹੈ) । (ਪਰ ਜਦੋਂ ਉਸ ਨੂੰ) ਮਾਂ ਗਲ ਨਾਲ ਲਾ ਕੇ ਰੱਖਦੀ ਹੈ ਪਿਉ ਗਲ ਨਾਲ ਲਾ ਕੇ ਰੱਖਦਾ ਹੈ (ਭਾਵ, ਜਦੋਂ ਉਸ ਦੇ ਮਾਪੇ ਉਸ ਦਾ ਧਿਆਨ ਰੱਖਦੇ ਹਨ) ਤਦੋਂ ਉਹ ਅਨੰਦ ਨਾਲ ਬੇ-ਫ਼ਿਕਰੀ ਨਾਲ ਖੇਡਦਾ ਹੈ।2। ਹੇ ਮੇਰੇ ਮਾਲਕ-ਪ੍ਰਭੂ! ਜਿਸ (ਬੱਚੇ) ਦਾ ਤੂੰ ਪਿਤਾ (ਵਾਂਗ ਰਾਖਾ) ਹੈਂ, ਉਸ ਬੱਚੇ ਨੂੰ ਕੋਈ (ਮਾਇਕ) ਭੁੱਖ ਨਹੀਂ ਰਹਿ ਜਾਂਦੀ। ਤੇਰੇ ਘਰ ਵਿਚ ਤੇਰਾ ਨਾਮ-ਖ਼ਜ਼ਾਨਾ ਹੈ (ਇਹੀ ਹੈ) ਨੌ ਖ਼ਜ਼ਾਨੇ। ਉਹ ਜੋ ਕੁਝ ਆਪਣੇ ਮਨ ਵਿਚ (ਤੈਥੋਂ) ਮੰਗਦਾ ਹੈ, ਉਹ ਕੁਝ ਹਾਸਲ ਕਰ ਲੈਂਦਾ ਹੈ।3। ਹੇ ਭਾਈ! ਕਿਰਪਾਲ ਪਿਤਾ-ਪ੍ਰਭੂ ਨੇ ਇਹ ਹੁਕਮ ਦੇ ਰੱਖਿਆ ਹੈ, ਕਿ ਬਾਲਕ ਜੋ ਕੁਝ ਮੰਗਦਾ ਹੈ ਉਹ ਉਸ ਨੂੰ ਦੇ ਦੇਣਾ ਹੈ। ਹੇ ਪ੍ਰਭੂ! ਤੇਰਾ ਬੱਚਾ ਨਾਨਕ ਤੇਰਾ ਦਰਸਨ ਚਾਹੁੰਦਾ ਹੈ (ਤੇ, ਆਖਦਾ ਹੈ– ਹੇ ਪ੍ਰਭੂ!) ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਰਹਿਣ।4। ਮਲਾਰ ਮਹਲਾ ੫ ॥ ਸਗਲ ਬਿਧੀ ਜੁਰਿ ਆਹਰੁ ਕਰਿਆ ਤਜਿਓ ਸਗਲ ਅੰਦੇਸਾ ॥ ਕਾਰਜੁ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੋਸਾ ॥੧॥ ਸੁਨੀਐ ਬਾਜੈ ਬਾਜ ਸੁਹਾਵੀ ॥ ਭੋਰੁ ਭਇਆ ਮੈ ਪ੍ਰਿਅ ਮੁਖ ਪੇਖੇ ਗ੍ਰਿਹਿ ਮੰਗਲ ਸੁਹਲਾਵੀ ॥੧॥ ਰਹਾਉ ॥ ਮਨੂਆ ਲਾਇ ਸਵਾਰੇ ਥਾਨਾਂ ਪੂਛਉ ਸੰਤਾ ਜਾਏ ॥ ਖੋਜਤ ਖੋਜਤ ਮੈ ਪਾਹੁਨ ਮਿਲਿਓ ਭਗਤਿ ਕਰਉ ਨਿਵਿ ਪਾਏ ॥੨॥ ਜਬ ਪ੍ਰਿਅ ਆਇ ਬਸੇ ਗ੍ਰਿਹਿ ਆਸਨਿ ਤਬ ਹਮ ਮੰਗਲੁ ਗਾਇਆ ॥ ਮੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਭੁ ਪੂਰਾ ਗੁਰੂ ਮਿਲਾਇਆ ॥੩॥ ਸਖੀ ਸਹੇਲੀ ਭਏ ਅਨੰਦਾ ਗੁਰਿ ਕਾਰਜ ਹਮਰੇ ਪੂਰੇ ॥ ਕਹੁ ਨਾਨਕ ਵਰੁ ਮਿਲਿਆ ਸੁਖਦਾਤਾ ਛੋਡਿ ਨ ਜਾਈ ਦੂਰੇ ॥੪॥੩॥ {ਪੰਨਾ 1266-1267} ਪਦ ਅਰਥ: ਸਗਲ ਬਿਧਿ = ਸਾਰੇ ਤਰੀਕਿਆਂ ਨਾਲ, ਸਾਰੇ ਢੰਗਾਂ ਨਾਲ। ਜੁਰਿ = ਜੁੜ ਕੇ। ਆਹਰੁ = ਉੱਦਮ। ਅੰਦੇਸਾ = ਚਿੰਤਾ-ਫ਼ਿਕਰ। ਕਾਰਜੁ ਘਰ ਕਾ = ਹਿਰਦੇ-ਘਰ ਦਾ ਕੰਮ, ਆਤਮਕ ਜੀਵਨ ਨੂੰ ਚੰਗਾ ਬਣਾਣ ਦਾ ਕੰਮ। ਭਾਰੋਸਾ = ਭਰੋਸਾ, ਸਹਾਰਾ।1। ਸੁਨੀਐ = ਸੁਣੀ ਜਾ ਰਹੀ ਹੈ। ਬਾਜੈ ਬਾਜ = ਵਾਜੇ ਦੀ ਆਵਾਜ਼। ਸੁਹਾਵੀ = (ਕੰਨਾਂ ਨੂੰ) ਸੋਹਣੀ ਲੱਗਣ ਵਾਲੀ। ਭੋਰੁ = ਦਿਨ, ਚਾਨਣ। ਗ੍ਰਿਹ = ਹਿਰਦਾ-ਘਰ। ਮੰਗਲ = ਆਨੰਦ, ਖ਼ੁਸ਼ੀਆਂ। ਸੁਹਲਾਵੀ = ਸੁਖੀ।1। ਰਹਾਉ। ਮਨੂਆ ਲਾਇ = ਮਨ ਲਾ ਕੇ, ਪੂਰੇ ਧਿਆਨ ਨਾਲ। ਸਵਾਰੇ = ਸਵਾਰ ਲਏ ਹਨ, ਚੰਗੇ ਬਣਾ ਲਏ ਹਨ। ਥਾਨਾਂ = ਸਾਰੇ ਥਾਂ, ਸਾਰੇ ਇੰਦ੍ਰੇ। ਪੂਛਉ = ਪੂਛਉਂ, ਮੈਂ ਪੁੱਛਦੀ ਹਾਂ। ਜਾਏ = ਜਾਇ, ਜਾ ਕੇ। ਮੈ = ਮੈਨੂੰ। ਪਾਹੁਨ = ਪ੍ਰਾਹੁਣਾ, ਲਾੜਾ, ਨੀਂਗਰ, ਪ੍ਰਭੂ-ਪਤੀ। ਕਰਉ = ਕਰਉਂ, ਮੈਂ ਕਰਦੀ ਹਾਂ। ਨਿਵਿ = ਨਿਊਂ ਕੇ। ਪਾਏ = ਪਾਇ, ਚਰਨੀਂ।2। ਪ੍ਰਿਅ = ਪਿਆਰੇ ਪ੍ਰਭੂ ਜੀ। ਗ੍ਰਿਹਿ = ਹਿਰਦੇ-ਘਰ ਵਿਚ। ਆਸਨਿ = ਆਸਣ ਉੱਤੇ। ਹਮ = ਅਸਾਂ, ਮੈਂ। ਮੀਤ ਸਾਜਨ = ਸੱਜਣ ਮਿੱਤਰ, ਗਿਆਨ-ਇੰਦ੍ਰੇ। ਸੁਹੇਲੇ = ਸੁਖੀ।3। ਸਖੀ ਸਹੇਲੀ = ਸਹੇਲੀਆਂ, ਇੰਦ੍ਰੀਆਂ। ਗੁਰਿ = ਗੁਰੂ ਨੇ। ਪੂਰੇ = ਸਿਰੇ ਚਾੜ੍ਹ ਦਿੱਤੇ। ਵਰੁ = ਖਸਮ। ਛੋਡਿ = ਛੱਡ ਕੇ।4। ਅਰਥ: ਹੇ ਸਖੀ! ਜਦੋਂ ਮੈਂ ਪਿਆਰੇ ਪ੍ਰਭੂ ਜੀ ਦਾ ਮੂੰਹ ਵੇਖ ਲਿਆ (ਦਰਸਨ ਕੀਤਾ) , ਮੇਰੇ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣ ਗਿਆ, ਮੇਰੇ ਅੰਦਰ ਸ਼ਾਂਤੀ ਪੈਦਾ ਹੋ ਗਈ, ਮੇਰੇ ਅੰਦਰ (ਆਤਮਕ ਜੀਵਨ ਦੀ ਸੂਝ ਦਾ) ਦਿਨ ਚੜ੍ਹ ਪਿਆ, (ਮੇਰੇ ਅੰਦਰ ਇਹੋ ਜਿਹਾ ਆਨੰਦ ਬਣ ਗਿਆ ਹੈ, ਜਿਵੇਂ ਕਿ ਅੰਦਰ) ਕੰਨਾਂ ਨੂੰ ਸੋਹਣੀ ਲੱਗਣ ਵਾਲੀ (ਕਿਸੇ) ਵਾਜੇ ਦੀ ਅਵਾਜ਼ ਸੁਣੀ ਜਾ ਰਹੀ ਹੈ।1। ਰਹਾਉ। ਹੇ ਸਖੀ! ਹੁਣ ਮੈਂ ਆਤਮਕ ਜੀਵਨ ਨੂੰ ਚੰਗਾ ਬਣਾਣ ਦਾ ਸਾਰਾ ਕੰਮ ਸ਼ੁਰੂ ਕਰ ਦਿੱਤਾ ਹੈ, ਮੈਨੂੰ ਹੁਣ ਮਾਲਕ-ਪ੍ਰਭੂ ਦਾ (ਹਰ ਵੇਲੇ) ਸਹਾਰਾ ਹੈ। ਮੈਂ ਹੁਣ ਸਾਰੇ ਚਿੰਤਾ-ਫ਼ਿਕਰ ਮਿਟਾ ਦਿੱਤੇ ਹਨ, (ਹੁਣ ਮੈਨੂੰ ਇਉਂ ਜਾਪਦਾ ਹੈ ਕਿ ਸਫਲਤਾ ਦੇ) ਸਾਰੇ ਢੰਗਾਂ ਨੇ ਰਲ ਕੇ (ਮੇਰੀ ਹਰੇਕ ਸਫਲਤਾ ਵਾਸਤੇ) ਉੱਦਮ ਕੀਤਾ ਹੋਇਆ ਹੈ।1। ਹੇ ਸਖੀ! ਪੂਰੇ ਧਿਆਨ ਨਾਲ ਮੈਂ ਆਪਣੇ ਸਾਰੇ ਇੰਦ੍ਰਿਆਂ ਨੂੰ ਸੋਹਣਾ ਬਣਾ ਲਿਆ ਹੈ। ਮੈਂ ਸੰਤਾਂ ਪਾਸੋਂ ਜਾ ਕੇ (ਪ੍ਰਭੂ-ਪਤੀ ਦੇ ਮਿਲਾਪ ਦੀਆਂ ਗੱਲਾਂ) ਪੁੱਛਦੀ ਰਹਿੰਦੀ ਹਾਂ। ਭਾਲ ਕਰਦਿਆਂ ਕਰਦਿਆਂ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ। ਹੁਣ ਮੈਂ ਉਸ ਦੇ ਚਰਨਾਂ ਤੇ ਢਹਿ ਕੇ ਉਸ ਦੀ ਭਗਤੀ ਕਰਦੀ ਰਹਿੰਦੀ ਹਾਂ।2। ਹੇ ਸਖੀ! ਜਦੋਂ ਤੋਂ ਪਿਆਰੇ ਪ੍ਰਭੂ ਜੀ ਮੇਰੇ ਹਿਰਦੇ-ਘਰ ਵਿਚ ਆ ਵੱਸੇ ਹਨ, ਮੇਰੇ ਹਿਰਦੇ-ਤਖ਼ਤ ਉੱਤੇ ਆ ਬੈਠੇ ਹਨ, ਤਦੋਂ ਤੋਂ ਮੈਂ ਉਸੇ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੀ ਹਾਂ। ਗੁਰੂ ਨੇ ਮੈਨੂੰ ਪੂਰਨ ਪ੍ਰਭੂ ਮਿਲਾ ਦਿੱਤਾ ਹੈ, ਮੇਰੇ ਇੰਦ੍ਰੇ ਸੌਖੇ (ਸ਼ਾਂਤ) ਹੋ ਗਏ ਹਨ।3। ਹੇ ਨਾਨਕ! ਆਖ– (ਹੇ ਸਖੀ!) ਗੁਰੂ ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੀਆਂ ਸਾਰੀਆਂ ਇੰਦ੍ਰੀਆਂ ਨੂੰ ਆਨੰਦ ਪ੍ਰਾਪਤ ਹੋ ਗਿਆ ਹੈ। ਸਾਰੇ ਸੁਖ ਦੇਣ ਵਾਲਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ। ਹੁਣ ਉਹ ਮੈਨੂੰ ਛੱਡ ਕੇ ਕਿਤੇ ਦੂਰ ਨਹੀਂ ਜਾਂਦਾ।4।3। |
Sri Guru Granth Darpan, by Professor Sahib Singh |