ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1267

ਮਲਾਰ ਮਹਲਾ ੫ ॥ ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ ॥ ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ ॥੧॥ ਹਰਿ ਬਿਸਰਤ ਤੇ ਦੁਖਿ ਦੁਖਿ ਮਰਤੇ ॥ ਅਨਿਕ ਬਾਰ ਭ੍ਰਮਹਿ ਬਹੁ ਜੋਨੀ ਟੇਕ ਨ ਕਾਹੂ ਧਰਤੇ ॥੧॥ ਰਹਾਉ ॥ ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ ॥ ਕਾਗਰ ਨਾਵ ਲੰਘਹਿ ਕਤ ਸਾਗਰੁ ਬ੍ਰਿਥਾ ਕਥਤ ਹਮ ਤਰਤੇ ॥੨॥ ਸਿਵ ਬਿਰੰਚਿ ਅਸੁਰ ਸੁਰ ਜੇਤੇ ਕਾਲ ਅਗਨਿ ਮਹਿ ਜਰਤੇ ॥ ਨਾਨਕ ਸਰਨਿ ਚਰਨ ਕਮਲਨ ਕੀ ਤੁਮ੍ਹ੍ਹ ਨ ਡਾਰਹੁ ਪ੍ਰਭ ਕਰਤੇ ॥੩॥੪॥ {ਪੰਨਾ 1267}

ਪਦ ਅਰਥ: ਤੇ = ਤੋਂ। ਕੀਟ = ਕੀੜੇ। ਸੁਰਪਤਿ = ਦੇਵਤਿਆਂ ਦਾ ਪਤੀ, ਇੰਦਰ ਦੇਵਤਾ। ਕਰਿ = ਕਰ ਕੇ। ਦੋਖ = ਐਬ, ਪਾਪ, ਵਿਕਾਰ। ਜਠਰ = ਪੇਟ। ਜਠਰ ਕਉ ਭਰਤੇ = ਗਰਭ-ਜੂਨ ਵਿਚ ਪੈਂਦੇ ਹਨ। ਕ੍ਰਿਪਾਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਆਨ = ਹੋਰ। ਕਉ = ਨੂੰ। ਹਰਤੇ = ਚੋਰ।1।

ਬਿਸਰਤ = ਭੁਲਾਂਦੇ। ਤੇ = ਉਹ ਬੰਦੇ (ਬਹੁ-ਵਚਨ) । ਦੁਖਿ ਦੁਖਿ = ਦੁਖੀ ਹੋ ਹੋ ਕੇ। ਭ੍ਰਮਹਿ = ਭਟਕਦੇ ਹਨ। ਟੇਕ = ਆਸਰਾ, ਟਿਕਾਉ। ਕਾਹੂ ਟੇਕ = ਕਿਸੇ ਦਾ ਭੀ ਸਹਾਰਾ।1।

ਤਿਆਗਿ = ਤਿਆਗ ਕੇ। ਕਉ = ਨੂੰ। ਮੂੜ ਮੁਗਧ = ਮੂਰਖ। ਖਰ = ਖ਼ਰ, ਖੋਤੇ। ਤੇ = ਉਹ (ਬਹੁ-ਵਚਨ) । ਕਾਗਰ = ਕਾਗ਼ਜ਼। ਨਾਵ = ਬੇੜੀ। ਕਤ = ਕਿੱਥੇ! ਬ੍ਰਿਥਾ = ਵਿਅਰਥ।2।

ਬਿਰੰਚਿ = ਬ੍ਰਹਮਾ। ਅਸੁਰ = ਦੈਂਤ। ਸੁਰ = ਦੇਵਤੇ। ਜੇਤੇ = ਜਿਤਨੇ ਭੀ ਹਨ। ਜਰਤੇ = ਸੜ ਰਹੇ ਹਨ। ਨ ਡਾਰਹੁ = ਪਰੇ ਨਾਹ ਹਟਾਵੋ। ਕਰਤੇ = ਹੇ ਕਰਤਾਰ!।3।

ਅਰਥ: ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾਂਦੇ ਹਨ ਉਹ ਦੁਖੀ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ। ਉਹ ਮਨੁੱਖ ਅਨੇਕਾਂ ਵਾਰੀ ਕਈ ਜੂਨਾਂ ਵਿਚ ਭਟਕਦੇ ਫਿਰਦੇ ਹਨ, (ਇਸ ਗੇੜ ਵਿਚੋਂ ਬਚਣ ਲਈ) ਉਹ ਕਿਸੇ ਦਾ ਭੀ ਆਸਰਾ ਪ੍ਰਾਪਤ ਨਹੀਂ ਕਰ ਸਕਦੇ।1। ਰਹਾਉ।

ਹੇ ਭਾਈ! ਰਾਜਿਆਂ ਤੋਂ ਲੈ ਕੇ ਕੀੜਿਆਂ ਤਕ, ਕੀੜਿਆਂ ਤੋਂ ਲੈ ਕੇ ਇੰਦ੍ਰ ਦੇਵਤੇ ਤਕ (ਕੋਈ ਭੀ ਹੋਵੇ) ਪਾਪ ਕਰ ਕੇ (ਸਾਰੇ) ਗਰਭ-ਜੂਨ ਵਿਚ ਪੈਂਦੇ ਹਨ (ਕਿਸੇ ਦਾ ਲਿਹਾਜ਼ ਨਹੀਂ ਹੋ ਸਕਦਾ) । ਹੇ ਭਾਈ! ਜਿਹੜੇ ਭੀ ਪ੍ਰਾਣੀ ਦਇਆ-ਦੇ-ਸਮੁੰਦਰ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਨੂੰ ਪੂਜਦੇ ਹਨ, ਉਹ ਰੱਬ ਦੇ ਚੋਰ ਹਨ ਉਹ ਆਪਣੇ ਆਤਮਾ ਦਾ ਘਾਤ ਕਰਦੇ ਹਨ।1।

ਹੇ ਭਾਈ! ਮਾਲਕ ਪ੍ਰਭੂ ਨੂੰ ਛੱਡ ਕੇ ਜਿਹੜੇ ਕਿਸੇ ਹੋਰ ਨੂੰ ਮਨ ਵਿਚ ਵਸਾਂਦੇ ਹਨ ਉਹ ਮੂਰਖ ਹਨ ਉਹ ਖੋਤੇ ਹਨ। (ਪ੍ਰਭੂ ਤੋਂ ਬਿਨਾ ਹੋਰ ਹੋਰ ਦੀ ਪੂਜਾ ਕਾਗ਼ਜ਼ ਦੀ ਬੇੜੀ ਵਿਚ ਚੜ੍ਹ ਕੇ ਸਮੁੰਦਰੋਂ ਪਾਰ ਲੰਘਣ ਦੇ ਜਤਨ ਸਮਾਨ ਹਨ) ਕਾਗ਼ਜ਼ ਦੀ ਬੇੜੀ ਤੇ (ਚੜ੍ਹ ਕੇ) ਕਿਵੇਂ ਸਮੁੰਦਰ ਤੋਂ ਪਾਰ ਲੰਘ ਸਕਦੇ ਹਨ? ਉਹ ਵਿਅਰਥ ਹੀ ਆਖਦੇ ਹਨ ਕਿ ਅਸੀਂ ਪਾਰ ਲੰਘ ਰਹੇ ਹਾਂ।2।

ਹੇ ਨਾਨਕ! ਸ਼ਿਵ, ਬ੍ਰਹਮਾ, ਦੈਂਤ, ਦੇਵਤੇ = ਇਹ ਜਿਤਨੇ ਭੀ ਹਨ (ਪਰਮਾਤਮਾ ਦਾ ਨਾਮ ਭੁਲਾ ਕੇ ਸਭ) ਆਤਮਕ ਮੌਤ ਦੀ ਅੱਗ ਵਿਚ ਸੜਦੇ ਹਨ (ਕਿਸੇ ਦਾ ਭੀ ਲਿਹਾਜ਼ ਨਹੀਂ ਹੁੰਦਾ) । ਹੇ ਭਾਈ! ਪ੍ਰਭੂ-ਦਰ ਤੇ ਅਰਦਾਸ ਕਰਦੇ ਰਹੋ = ਹੇ ਪ੍ਰਭੂ! ਆਪਣੇ ਕੌਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਸਰਨ ਤੋਂ (ਸਾਨੂੰ) ਪਰੇ ਨਾਹ ਹਟਾਵੋ।3।4।

ਰਾਗੁ ਮਲਾਰ ਮਹਲਾ ੫ ਦੁਪਦੇ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਪ੍ਰਭ ਮੇਰੇ ਓਇ ਬੈਰਾਗੀ ਤਿਆਗੀ ॥ ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਉ ਪ੍ਰੀਤਿ ਹਮਾਰੀ ਲਾਗੀ ॥੧॥ ਰਹਾਉ ॥ ਉਨ ਕੈ ਸੰਗਿ ਮੋਹਿ ਪ੍ਰਭੁ ਚਿਤਿ ਆਵੈ ਸੰਤ ਪ੍ਰਸਾਦਿ ਮੋਹਿ ਜਾਗੀ ॥ ਸੁਨਿ ਉਪਦੇਸੁ ਭਏ ਮਨ ਨਿਰਮਲ ਗੁਨ ਗਾਏ ਰੰਗਿ ਰਾਂਗੀ ॥੧॥ ਇਹੁ ਮਨੁ ਦੇਇ ਕੀਏ ਸੰਤ ਮੀਤਾ ਕ੍ਰਿਪਾਲ ਭਏ ਬਡਭਾਗੀ ॥ ਮਹਾ ਸੁਖੁ ਪਾਇਆ ਬਰਨਿ ਨ ਸਾਕਉ ਰੇਨੁ ਨਾਨਕ ਜਨ ਪਾਗੀ ॥੨॥੧॥੫॥ {ਪੰਨਾ 1267}

ਪਦ ਅਰਥ: ਬੈਰਾਗੀ = ਵੈਰਾਗਵਾਨ, ਪ੍ਰੇਮੀ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) । ਤਿਆਗੀ = ਵਿਰਕਤ, ਮਾਇਆ ਦੇ ਮੋਹ ਤੋਂ ਬਚੇ ਹੋਏ। ਹਉ = ਹਉਂ, ਮੈਂ (ਭੀ) । ਤਿਸੁ ਬਿਨੁ = ਉਸ (ਪ੍ਰਭੂ) ਤੋਂ ਬਿਨਾ। ਸਕਉ = ਸਕਉਂ।1। ਰਹਾਉ।

ਉਨ ਕੈ ਸੰਗਿ = ਉਹਨਾਂ (ਬੈਰਾਗੀਆਂ ਤਿਆਗੀਆਂ) ਦੀ ਸੰਗਤਿ ਵਿਚ। ਮੋਹਿ ਚਿਤਿ = ਮੇਰੇ ਚਿਤ ਵਿਚ। ਸੰਤ ਪ੍ਰਸਾਦਿ = ਸੰਤ ਜਨਾਂ ਦੀ ਕਿਰਪਾ ਨਾਲ। ਮੋਹਿ = ਮੈਨੂੰ। ਜਾਗੀ = ਜਾਗ। ਸੁਨਿ = ਸੁਣ ਕੇ। ਰੰਗਿ = ਰੰਗ ਵਿਚ, ਪ੍ਰੇਮ-ਰੰਗ ਵਿਚ। ਰਾਂਗੀ = ਰੰਗੀਜ ਕੇ।1।

ਦੇਇ = ਦੇ ਕੇ, ਭੇਟਾ ਕਰ ਕੇ। ਬਰਨਿ ਨ ਸਾਕਉ = (ਸਾਕਉਂ) ਮੈਂ ਬਿਆਨ ਨਹੀਂ ਕਰ ਸਕਦਾ। ਰੇਨੁ = ਧੂੜ। ਰੇਨੁ ਪਾਗੀ = ਚਰਨਾਂ ਦੀ ਧੂੜ। ਰੇਨ ਜਨ ਪਾਗੀ = ਸੰਤ ਜਨਾਂ ਦੇ ਚਰਨਾਂ ਦੀ ਧੂੜ।2।

ਅਰਥ: ਹੇ ਭਾਈ! ਜਿਹੜੇ ਮਨੁੱਖ ਮੇਰੇ ਪ੍ਰਭੂ ਦੇ ਪ੍ਰੀਤਵਾਨ ਹੁੰਦੇ ਹਨ ਉਹ ਮਾਇਆ ਦੇ ਮੋਹ ਤੋਂ ਬਚੇ ਰਹਿੰਦੇ ਹਨ। ਹੇ ਭਾਈ! (ਉਹਨਾਂ ਦੀ ਕਿਰਪਾ ਨਾਲ) ਮੈਂ (ਭੀ) ਉਸ ਪ੍ਰਭੂ (ਦੀ ਯਾਦ) ਤੋਂ ਬਿਨਾ ਇਕ ਖਿਨ ਭਰ ਭੀ ਨਹੀਂ ਰਹਿ ਸਕਦਾ। ਮੇਰੀ (ਭੀ ਉਸ ਪ੍ਰਭੂ ਨਾਲ) ਪ੍ਰੀਤ ਲੱਗੀ ਹੋਈ ਹੈ।1। ਰਹਾਉ।

ਹੇ ਭਾਈ! (ਪ੍ਰਭੂ ਦੇ ਪ੍ਰੀਤਵਾਨ) ਉਹਨਾਂ (ਸੰਤ ਜਨਾਂ) ਦੀ ਸੰਗਤਿ ਵਿਚ (ਰਹਿ ਕੇ) ਮੇਰੇ ਚਿੱਤ ਵਿਚ ਪਰਮਾਤਮਾ ਆ ਵੱਸਦਾ ਹੈ। ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਆ ਗਈ ਹੈ। (ਉਹਨਾਂ ਦਾ) ਉਪਦੇਸ਼ ਸੁਣ ਕੇ ਮਨ ਪਵਿੱਤਰ ਹੋ ਜਾਂਦੇ ਹਨ (ਪ੍ਰਭੂ ਦੇ ਪ੍ਰੇਮ-) ਰੰਗ ਵਿਚ ਰੰਗੀਜ ਕੇ (ਮਨੁੱਖ ਪ੍ਰਭੂ ਦੇ) ਗੁਣ ਗਾਣ ਲੱਗ ਪੈਂਦੇ ਹਨ।1।

ਹੇ ਭਾਈ! (ਆਪਣਾ) ਇਹ ਮਨ ਹਵਾਲੇ ਕਰ ਕੇ ਸੰਤ ਜਨਾਂ ਨੂੰ ਮਿੱਤਰ ਬਣਾ ਸਕੀਦਾ ਹੈ, (ਸੰਤ ਜਨ) ਵੱਡੇ ਭਾਗਾਂ ਵਾਲਿਆਂ ਉੱਤੇ ਦਇਆਵਾਨ ਹੋ ਜਾਂਦੇ ਹਨ। ਹੇ ਨਾਨਕ! (ਆਖ-) ਮੈਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਸਦਾ ਮੰਗਦਾ ਹਾਂ। ਸੰਤ ਜਨਾਂ ਦੀ ਕਿਰਪਾ ਨਾਲ) ਮੈਂ ਇਤਨਾ ਮਹਾਨ ਅਨੰਦ ਪ੍ਰਾਪਤ ਕੀਤਾ ਹੈ ਕਿ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ।2।1।5।

ਮਲਾਰ ਮਹਲਾ ੫ ॥ ਮਾਈ ਮੋਹਿ ਪ੍ਰੀਤਮੁ ਦੇਹੁ ਮਿਲਾਈ ॥ ਸਗਲ ਸਹੇਲੀ ਸੁਖ ਭਰਿ ਸੂਤੀ ਜਿਹ ਘਰਿ ਲਾਲੁ ਬਸਾਈ ॥੧॥ ਰਹਾਉ ॥ ਮੋਹਿ ਅਵਗਨ ਪ੍ਰਭੁ ਸਦਾ ਦਇਆਲਾ ਮੋਹਿ ਨਿਰਗੁਨਿ ਕਿਆ ਚਤੁਰਾਈ ॥ ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ ਇਹ ਹਉਮੈ ਕੀ ਢੀਠਾਈ ॥੧॥ ਭਈ ਨਿਮਾਣੀ ਸਰਨਿ ਇਕ ਤਾਕੀ ਗੁਰ ਸਤਿਗੁਰ ਪੁਰਖ ਸੁਖਦਾਈ ॥ ਏਕ ਨਿਮਖ ਮਹਿ ਮੇਰਾ ਸਭੁ ਦੁਖੁ ਕਾਟਿਆ ਨਾਨਕ ਸੁਖਿ ਰੈਨਿ ਬਿਹਾਈ ॥੨॥੨॥੬॥ {ਪੰਨਾ 1267}

ਪਦ ਅਰਥ: ਮਾਈ = ਹੇ ਮਾਂ! ਮੋਹਿ = ਮੈਨੂੰ। ਦੇਹੁ ਮਿਲਾਈ = ਮਿਲਾਇ ਦੇਹੁ, ਮਿਲਾ ਦੇ। ਸਗਲ ਸਹੇਲੀ = ਸਾਰੀਆਂ (ਸੰਤ-ਜਨ) ਸਹੇਲੀਆਂ। ਸੁਖ ਭਰਿ ਸੂਤੀ = ਪੂਰਨ ਸੁਖ ਵਿਚ ਲੀਨ ਰਹਿੰਦੀਆਂ ਹਨ। ਜਿਹ ਘਰਿ = ਜਿਨ੍ਹਾਂ ਦੇ ਹਿਰਦੇ-ਘਰ ਵਿਚ। ਲਾਲੁ = ਸੋਹਣਾ ਪ੍ਰਭੂ। ਬਸਾਈ = ਵੱਸਦਾ ਹੈ।1। ਰਹਾਉ।

ਮੋਹਿ = ਮੇਰੇ ਅੰਦਰ। ਮੋਹਿ ਨਿਰਗੁਨਿ = ਮੈਂ ਗੁਣ-ਹੀਨ ਵਿਚ। ਕਿਆ ਚਤੁਰਾਈ = ਕਿਹੜੀ ਸਿਆਣਪ? ਕਰਉ = ਕਰਉਂ, ਮੈਂ ਕਰਦੀ ਹਾਂ। ਬਰਾਬਰਿ = ਬਰਾਬਰੀ। ਜੋ ਰਾਤੀ = ਜਿਹੜੀਆਂ ਰੱਤੀਆਂ ਹੋਈਆਂ ਹਨ। ਸੰਗਿ = ਨਾਲ। ਢੀਠਾਈ = ਢੀਠਤਾ।1।

ਭਈ ਨਿਮਾਣੀ = ਮੈਂ ਮਾਣ ਛੱਡ ਦਿੱਤਾ ਹੈ। ਤਾਕੀ = ਤੱਕੀ ਹੈ। ਨਿਮਖ = (inmy =) ਅੱਖ ਝਮਕਣ ਜਿਤਨਾ ਸਮਾ। ਸੁਖਿ = ਸੁਖਿ ਵਿਚ। ਰੈਨਿ = (ਜ਼ਿੰਦਗੀ ਦੀ) ਰਾਤ। ਬਿਹਾਈ = ਬੀਤ ਰਹੀ ਹੈ।2।

ਅਰਥ: ਹੇ ਮਾਂ! ਮੈਨੂੰ (ਭੀ) ਪ੍ਰੀਤਮ ਪ੍ਰਭੂ ਮਿਲਾ ਦੇ। ਜਿਨ੍ਹਾਂ (ਸੰਤ-ਜਨ-ਸਹੇਲੀਆਂ) ਦੇ (ਹਿਰਦੇ) ਘਰ ਵਿਚ ਸੋਹਣਾ ਪ੍ਰਭੂ ਆ ਵੱਸਦਾ ਹੈ ਉਹ ਸਾਰੀਆਂ ਸਹੇਲੀਆਂ ਆਤਮਕ ਆਨੰਦ ਵਿਚ ਮਗਨ ਰਹਿੰਦੀਆਂ ਹਨ।1। ਰਹਾਉ।

ਹੇ ਮਾਂ! ਮੇਰੇ ਵਿਚ ਨਿਰੇ ਔਗੁਣ ਹਨ (ਫਿਰ ਭੀ ਉਹ) ਪ੍ਰਭੂ ਸਦਾ ਦਇਆਵਾਨ (ਰਹਿੰਦਾ) ਹੈ। ਮੈਂ ਗੁਣ-ਹੀਨ ਵਿਚ ਕੋਈ ਅਜਿਹੀ ਸਿਆਣਪ ਨਹੀਂ (ਕਿ ਉਸ ਪ੍ਰਭੂ ਨੂੰ ਮਿਲ ਸਕਾਂ, ਪਰ ਜ਼ਬਾਨੀ ਫੜਾਂ ਮਾਰ ਕੇ) ਮੈਂ ਉਹਨਾਂ ਦੀ ਬਰਾਬਰੀ ਕਰਦੀ ਹਾਂ, ਜਿਹੜੀਆਂ ਪਿਆਰੇ (ਪ੍ਰਭੂ) ਨਾਲ ਰੱਤੀਆਂ ਹੋਈਆਂ ਹਨ– ਇਹ ਤਾਂ ਮੇਰੀ ਹਉਮੈ ਦੀ ਢੀਠਤਾ ਹੀ ਹੈ।1।

ਹੇ ਨਾਨਕ! (ਆਖ– ਹੇ ਮਾਂ! ਹੁਣ) ਮੈਂ ਮਾਣ ਛੱਡ ਦਿੱਤਾ ਹੈ, ਮੈਂ ਸਿਰਫ਼ ਸੁਖਦਾਤੇ ਗੁਰੂ ਸਤਿਗੁਰ ਪੁਰਖ ਦੀ ਸ਼ਰਨ ਤੱਕ ਲਈ ਹੈ। (ਉਸ ਗੁਰੂ ਨੇ) ਅੱਖ ਝਮਕਣ ਜਿਤਨੇ ਸਮੇ ਵਿਚ ਹੀ ਮੇਰਾ ਸਾਰਾ ਦੁੱਖ ਕੱਟ ਦਿੱਤਾ ਹੈ, (ਹੁਣ) ਮੇਰੀ (ਜ਼ਿੰਦਗੀ ਦੀ) ਰਾਤ ਆਨੰਦ ਵਿਚ ਬੀਤ ਰਹੀ ਹੈ।2। 2।6।

ਮਲਾਰ ਮਹਲਾ ੫ ॥ ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥ ਬਰਸੁ ਪਿਆਰੇ ਮਨਹਿ ਸਧਾਰੇ ਹੋਇ ਅਨਦੁ ਸਦਾ ਮਨਿ ਚਾਉ ॥੧॥ ਰਹਾਉ ॥ ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਬਿਸਾਰੇ ॥ ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ ॥੧॥ ਬਿਨਉ ਸੁਨਿਓ ਜਬ ਠਾਕੁਰ ਮੇਰੈ ਬੇਗਿ ਆਇਓ ਕਿਰਪਾ ਧਾਰੇ ॥ ਕਹੁ ਨਾਨਕ ਮੇਰੋ ਬਨਿਓ ਸੁਹਾਗੋ ਪਤਿ ਸੋਭਾ ਭਲੇ ਅਚਾਰੇ ॥੨॥੩॥੭॥ {ਪੰਨਾ 1267-1268}

ਪਦ ਅਰਥ: ਬਰਸੁ = (ਨਾਮ ਦੀ) ਵਰਖਾ ਕਰ। ਮੇਘ ਜੀ = ਹੇ ਮੇਘ ਜੀ! ਹੇ ਬੱਦਲ ਜੀ! ਹੇ ਨਾਮ-ਜਲ ਦੇ ਭੰਡਾਰ ਸਤਿਗੁਰੂ ਜੀ! ਤਿਲੁ = ਰਤਾ ਭਰ ਭੀ। ਬਿਲਮੁ = (ivlËb) ਦੇਰ, ਢਿੱਲ। ਮਨਹਿ ਸਧਾਰੇ = ਹੇ (ਮੇਰੇ) ਮਨ ਨੂੰ ਆਸਰਾ ਦੇਣ ਵਾਲੇ! ਮਨਿ = ਮਨ ਵਿਚ। ਹੋਇ = ਹੁੰਦਾ ਹੈ।1। ਰਹਾਉ।

ਹਮ = ਅਸਾਨੂੰ, ਮੈਨੂੰ। ਧਰ = ਆਸਰਾ। ਮਨਹੁ = (ਆਪਣੇ) ਮਨ ਤੋਂ। ਕਿਉ ਬਿਸਾਰੇ = ਕਿਉਂ ਵਿਸਾਰਦਾ ਹੈਂ? ਨਾਹ ਵਿਸਾਰ। ਇਸਤ੍ਰੀ ਰੂਪ = (ਮੈਂ ਤਾਂ) ਇਸਤ੍ਰੀ ਵਾਂਗ ਹਾਂ। ਚੇਰੀ = ਦਾਸੀ। ਕੀ ਨਿਆਈ = ਵਾਂਗ। ਭਰਤਾਰੇ = ਖਸਮ।1।

ਬਿਨਉ = (ivnX) ਬੇਨਤੀ। ਠਾਕੁਰ ਮੇਰੈ = ਮੇਰੇ ਠਾਕੁਰ ਨੇ। ਬੇਗਿ = ਛੇਤੀ। ਧਾਰੇ = ਧਾਰਿ, ਧਾਰ ਕੇ, ਕਰ ਕੇ। ਸੁਹਾਗੋ = ਸੁਭਾਗਤਾ। ਪਤਿ = ਇੱਜ਼ਤ। ਅਚਾਰੇ = ਕੰਮ।2।

ਅਰਥ: ਹੇ ਨਾਮ-ਜਲ ਦੇ ਭੰਡਾਰ ਸਤਿਗੁਰੂ ਜੀ! (ਮੇਰੇ ਹਿਰਦੇ ਵਿਚ ਨਾਮ-ਜਲ ਦੀ) ਵਰਖਾ ਕਰ। ਰਤਾ ਭੀ ਢਿੱਲ ਨਾਹ ਕਰ। ਹੇ ਪਿਆਰੇ ਗੁਰੂ! ਹੇ ਮੇਰੇ ਮਨ ਨੂੰ ਸਹਾਰਾ ਦੇਣ ਵਾਲੇ ਗੁਰੂ! (ਨਾਮ-ਜਲ ਦੀ) ਵਰਖਾ ਕਰ। (ਇਸ ਵਰਖਾ ਨਾਲ) ਮੇਰੇ ਮਨ ਵਿਚ ਸਦਾ ਖ਼ੁਸ਼ੀ ਹੁੰਦੀ ਹੈ ਸਦਾ ਆਨੰਦ ਪੈਦਾ ਹੁੰਦਾ ਹੈ।1। ਰਹਾਉ।

ਹੇ ਮੇਰੇ ਸੁਆਮੀ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਮੈਨੂੰ ਆਪਣੇ ਮਨ ਤੋਂ ਨਾਹ ਵਿਸਾਰ। ਮੈਂ ਤਾਂ ਇਸਤ੍ਰੀ ਵਾਂਗ (ਨਿਰਬਲ) ਹਾਂ, ਦਾਸੀ ਵਾਂਗ (ਕਮਜ਼ੋਰ) ਹਾਂ। (ਇਸਤਰੀ) ਪਤੀ ਤੋਂ ਬਿਨਾ ਸੋਭਾ ਨਹੀਂ ਪਾਂਦੀ, (ਦਾਸੀ) ਮਾਲਕ ਤੋਂ ਬਿਨਾ ਸੋਭਾ ਨਹੀਂ ਪਾਂਦੀ।1।

ਹੇ ਨਾਨਕ! ਆਖ– (ਹੇ ਸਖੀ!) ਜਦੋਂ ਮੇਰੇ ਮਾਲਕ ਪ੍ਰਭੂ ਨੇ (ਮੇਰੀ ਇਹ) ਬੇਨਤੀ ਸੁਣੀ, ਤਾਂ ਮਿਹਰ ਕਰ ਕੇ ਉਹ ਛੇਤੀ (ਮੇਰੇ ਹਿਰਦੇ ਵਿਚ) ਆ ਵੱਸਿਆ। ਹੁਣ ਮੇਰੀ ਸੁਭਾਗਤਾ ਬਣ ਗਈ ਹੈ, ਮੈਨੂੰ ਇੱਜ਼ਤ ਮਿਲ ਗਈ ਹੈ, ਮੈਨੂੰ ਸੋਭਾ ਮਿਲ ਗਈ ਹੈ, ਮੇਰੀ ਭਲੀ ਕਰਣੀ ਹੋ ਗਈ ਹੈ।2।3।7।

TOP OF PAGE

Sri Guru Granth Darpan, by Professor Sahib Singh