ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1268

ਮਲਾਰ ਮਹਲਾ ੫ ॥ ਪ੍ਰੀਤਮ ਸਾਚਾ ਨਾਮੁ ਧਿਆਇ ॥ ਦੂਖ ਦਰਦ ਬਿਨਸੈ ਭਵ ਸਾਗਰੁ ਗੁਰ ਕੀ ਮੂਰਤਿ ਰਿਦੈ ਬਸਾਇ ॥੧॥ ਰਹਾਉ ॥ ਦੁਸਮਨ ਹਤੇ ਦੋਖੀ ਸਭਿ ਵਿਆਪੇ ਹਰਿ ਸਰਣਾਈ ਆਇਆ ॥ ਰਾਖਨਹਾਰੈ ਹਾਥ ਦੇ ਰਾਖਿਓ ਨਾਮੁ ਪਦਾਰਥੁ ਪਾਇਆ ॥੧॥ ਕਰਿ ਕਿਰਪਾ ਕਿਲਵਿਖ ਸਭਿ ਕਾਟੇ ਨਾਮੁ ਨਿਰਮਲੁ ਮਨਿ ਦੀਆ ॥ ਗੁਣ ਨਿਧਾਨੁ ਨਾਨਕ ਮਨਿ ਵਸਿਆ ਬਾਹੁੜਿ ਦੂਖ ਨ ਥੀਆ ॥੨॥੪॥੮॥ {ਪੰਨਾ 1268}

ਪਦ ਅਰਥ: ਪ੍ਰੀਤਮ ਨਾਮੁ = ਪਿਆਰੇ (ਪ੍ਰਭੂ) ਦਾ ਨਾਮ। ਸਾਚਾ ਨਾਮੁ = ਸਦਾ ਕਾਇਮ ਰਹਿਣ ਵਾਲਾ ਨਾਮ। ਧਿਆਇ = ਸਿਮਰਿਆ ਕਰ। ਬਿਨਸੈ = ਨਾਸ ਹੋ ਜਾਂਦਾ ਹੈ, ਮੁੱਕ ਜਾਂਦਾ ਹੈ। ਭਵ ਸਾਗਰੁ = ਸੰਸਾਰ-ਸਮੁੰਦਰ। ਗੁਰ ਕੀ ਮੂਰਤਿ = (ਗੁਰ ਮੂਰਤਿ ਗੁਰ ਸਬਦੁ ਹੈ– ਭਾਈ ਗੁਰਦਾਸ) ਗੁਰੂ ਦਾ ਸਰੂਪ, ਗੁਰੂ ਦਾ ਸ਼ਬਦ। ਰਿਦੈ = ਹਿਰਦੇ ਵਿਚ। ਬਸਾਇ = ਵਸਾਈ ਰੱਖ।1। ਰਹਾਉ।

ਹਤੇ = ਫਿਟਕਾਰੇ ਜਾਂਦੇ ਹਨ, ਜਗਤ ਵਲੋਂ ਫਿਟਕਾਰਾਂ ਖਾਂਦੇ ਹਨ। ਦੋਖੀ = ਈਰਖਾ ਕਰਨ ਵਾਲੇ। ਸਭਿ = ਸਾਰੇ। ਵਿਆਪੇ = ਫਸੇ ਰਹਿੰਦੇ ਹਨ। ਰਾਖਣਹਾਰੈ = ਰੱਖਿਆ ਕਰ ਸਕਣ ਵਾਲੇ ਪ੍ਰਭੂ ਨੇ। ਦੇ = ਦੇ ਕੇ। ਨਾਮੁ ਪਦਾਰਥੁ = ਕੀਮਤੀ ਹਰਿ-ਨਾਮ।1।

ਕਰਿ = ਕਰ ਕੇ। ਕਿਲਵਿਖ = ਪਾਪ। ਮਨਿ = ਮਨ ਵਿਚ। ਦੀਆ = ਟਿਕਾ ਦਿੱਤਾ। ਗੁਣ ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਬਾਹੁੜਿ = ਮੁੜ। ਨ ਥੀਆ = ਨਹੀਂ ਹੁੰਦੇ, ਨਹੀਂ ਪੋਂਹਦੇ।2।

ਅਰਥ: ਹੇ ਭਾਈ! ਪਿਆਰੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਿਮਰਿਆ ਕਰ। ਹੇ ਭਾਈ! ਗੁਰੂ ਦਾ ਸ਼ਬਦ (ਆਪਣੇ) ਹਿਰਦੇ ਵਿਚ ਵਸਾਈ ਰੱਖ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਵਾਸਤੇ) ਦੁੱਖਾਂ ਕਲੇਸ਼ਾਂ ਨਾਲ ਭਰਿਆ ਹੋਇਆ ਸੰਸਾਰ-ਸਮੁੰਦਰ ਮੁੱਕ ਜਾਂਦਾ ਹੈ।1। ਰਹਾਉ।

ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਆ ਪੈਂਦਾ ਹੈ, (ਉਸ ਨਾਲ) ਵੈਰ ਕਰਨ ਵਾਲੇ ਜਗਤ ਵਿਚ ਫਿਟਕਾਰਾਂ ਖਾਂਦੇ ਹਨ, ਉਸ ਨਾਲ ਈਰਖਾ ਕਰਨ ਵਾਲੇ (ਭੀ) ਸਾਰੇ (ਈਰਖਾ ਤੇ ਸਾੜੇ ਵਿਚ ਹੀ) ਫਸੇ ਰਹਿੰਦੇ ਹਨ (ਭਾਵ, ਦੋਖੀ ਆਪ ਹੀ ਦੁਖੀ ਹੁੰਦੇ ਹਨ, ਉਸ ਦਾ ਕੁਝ ਨਹੀਂ ਵਿਗਾੜਦੇ) ਰੱਖਿਆ ਕਰਨ ਦੇ ਸਮਰੱਥ ਪ੍ਰਭੂ ਨੇ ਸਦਾ ਉਸ ਦੀ ਰੱਖਿਆ ਕੀਤੀ ਹੁੰਦੀ ਹੈ, ਉਸ ਨੇ ਪ੍ਰਭੂ ਦਾ ਕੀਮਤੀ ਨਾਮ ਪ੍ਰਾਪਤ ਕਰ ਲਿਆ ਹੁੰਦਾ ਹੈ।1।

ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ (ਪਰਮਾਤਮਾ ਨੇ ਆਪਣਾ) ਪਵਿੱਤਰ ਨਾਮ ਟਿਕਾ ਦਿੱਤਾ, ਮਿਹਰ ਕਰ ਕੇ ਉਸ ਦੇ ਸਾਰੇ ਪਾਪ ਉਸ ਨੇ ਕੱਟ ਦਿੱਤੇ। ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਸਾਰੇ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਆ ਵੱਸਿਆ, ਉਸ ਨੂੰ ਮੁੜ ਕੋਈ ਦੁੱਖ ਪੋਹ ਨਹੀਂ ਸਕਦੇ।2।4।8।

ਮਲਾਰ ਮਹਲਾ ੫ ॥ ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ॥ ਪ੍ਰੇਮ ਭਗਤਿ ਅਪਨੋ ਨਾਮੁ ਦੀਜੈ ਦਇਆਲ ਅਨੁਗ੍ਰਹੁ ਧਾਰੇ ॥੧॥ ਰਹਾਉ ॥ ਸਿਮਰਉ ਚਰਨ ਤੁਹਾਰੇ ਪ੍ਰੀਤਮ ਰਿਦੈ ਤੁਹਾਰੀ ਆਸਾ ॥ ਸੰਤ ਜਨਾ ਪਹਿ ਕਰਉ ਬੇਨਤੀ ਮਨਿ ਦਰਸਨ ਕੀ ਪਿਆਸਾ ॥੧॥ ਬਿਛੁਰਤ ਮਰਨੁ ਜੀਵਨੁ ਹਰਿ ਮਿਲਤੇ ਜਨ ਕਉ ਦਰਸਨੁ ਦੀਜੈ ॥ ਨਾਮ ਅਧਾਰੁ ਜੀਵਨ ਧਨੁ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ॥੨॥੫॥੯॥ {ਪੰਨਾ 1268}

ਪਦ ਅਰਥ: ਪ੍ਰਭ = ਹੇ ਪ੍ਰਭੂ! ਦੀਜੈ = ਦੇਹ। ਦਇਆਲ = ਹੇ ਦਇਆ ਦੇ ਘਰ ਪ੍ਰਭੂ! ਅਨੁਗ੍ਰਹੁ = ਕਿਰਪਾ। ਧਾਰੇ = ਧਾਰ, ਕਰ।1। ਰਹਾਉ।

ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਪ੍ਰੀਤਮ = ਹੇ ਪ੍ਰੀਤਮ! ਰਿਦੈ = ਹਿਰਦੇ ਵਿਚ। ਪਹਿ = ਪਾਸ, ਕੋਲ। ਕਰਉ = ਕਰਉਂ, ਮੈਂ ਕਰਦਾ ਹਾਂ। ਮਨਿ = ਮਨ ਵਿਚ।1।

ਮਰਨੁ = ਮੌਤ, ਆਤਮਕ ਮੌਤ। ਅਧਾਰੁ = ਆਸਰਾ। ਜੀਵਨ ਧਨੁ = ਆਤਮਕ ਜੀਵਨ ਦਾ ਸਰਮਾਇਆ। ਪ੍ਰਭ = ਹੇ ਪ੍ਰਭੂ!।2।

ਅਰਥ: ਹੇ ਮੇਰੇ ਪ੍ਰਭੂ! ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਤੋਂ ਪਿਆਰੇ! ਹੇ ਦਇਆ ਦੇ ਸੋਮੇ ਪ੍ਰਭੂ! (ਮੇਰੇ ਉਤੇ) ਮਿਹਰ ਕਰ। ਮੈਨੂੰ ਆਪਣਾ ਪਿਆਰ ਬਖ਼ਸ਼, ਮੈਨੂੰ ਆਪਣੀ ਭਗਤੀ ਦੇਹ, ਮੈਨੂੰ ਆਪਣਾ ਨਾਮ ਦੇਹ।1। ਰਹਾਉ।

ਹੇ ਪ੍ਰੀਤਮ! ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ, ਮੇਰੇ ਹਿਰਦੇ ਵਿਚ ਤੇਰੀ ਆਸ ਟਿਕੀ ਰਹੀ। ਮੈਂ ਸੰਤ ਜਨਾਂ ਪਾਸ ਬੇਨਤੀ ਕਰਦਾ ਰਹਿੰਦਾ ਹਾਂ (ਕਿ ਮੈਨੂੰ ਤੇਰਾ ਦਰਸਨ ਕਰਾ ਦੇਣ, ਮੇਰੇ) ਮਨ ਵਿਚ (ਤੇਰੇ) ਦਰਸਨ ਦੀ ਬੜੀ ਤਾਂਘ ਹੈ।1।

ਹੇ ਪ੍ਰੀਤਮ ਪ੍ਰਭੂ! ਤੈਥੋਂ ਵਿਛੁੜਿਆਂ ਆਤਮਕ ਮੌਤ ਹੋ ਜਾਂਦੀ ਹੈ, ਤੈਨੂੰ ਮਿਲਿਆਂ ਆਤਮਕ ਜੀਵਨ ਮਿਲਦਾ ਹੈ। ਹੇ ਪ੍ਰਭੂ! ਆਪਣੇ ਸੇਵਕ ਨੂੰ ਦਰਸਨ ਦੇਹ। ਹੇ ਨਾਨਕ! (ਆਖ-) ਹੇ ਮੇਰੇ ਪ੍ਰਭੂ! ਮਿਹਰ ਕਰ, ਤੇਰੇ ਨਾਮ ਦਾ ਆਸਰਾ (ਮੈਨੂੰ ਮਿਲਿਆ ਰਹੇ, ਇਹੀ ਹੈ ਮੇਰੀ) ਜ਼ਿੰਦਗੀ ਦਾ ਸਰਮਾਇਆ।2।5।9।

ਮਲਾਰ ਮਹਲਾ ੫ ॥ ਅਬ ਅਪਨੇ ਪ੍ਰੀਤਮ ਸਿਉ ਬਨਿ ਆਈ ॥ ਰਾਜਾ ਰਾਮੁ ਰਮਤ ਸੁਖੁ ਪਾਇਓ ਬਰਸੁ ਮੇਘ ਸੁਖਦਾਈ ॥੧॥ ਰਹਾਉ ॥ ਇਕੁ ਪਲੁ ਬਿਸਰਤ ਨਹੀ ਸੁਖ ਸਾਗਰੁ ਨਾਮੁ ਨਵੈ ਨਿਧਿ ਪਾਈ ॥ ਉਦੌਤੁ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ॥੧॥ ਸੁਖ ਉਪਜੇ ਦੁਖ ਸਗਲ ਬਿਨਾਸੇ ਪਾਰਬ੍ਰਹਮ ਲਿਵ ਲਾਈ ॥ ਤਰਿਓ ਸੰਸਾਰੁ ਕਠਿਨ ਭੈ ਸਾਗਰੁ ਹਰਿ ਨਾਨਕ ਚਰਨ ਧਿਆਈ ॥੨॥੬॥੧੦॥ {ਪੰਨਾ 1268}

ਪਦ ਅਰਥ: ਅਬ = ਹੁਣ (ਗੁਰੂ ਦੀ ਕਿਰਪਾ ਨਾਲ) । ਸਿਉ = ਨਾਲ। ਬਨਿ ਆਈ = ਪਿਆਰ ਬਣ ਗਿਆ ਹੈ। ਰਮਤ = ਸਿਮਰਦਿਆਂ। ਬਰਸੁ = (ਨਾਮ ਦੀ) ਵਰਖਾ ਕਰਦਾ ਰਹੁ। ਮੇਘ = ਹੇ ਬੱਦਲ! ਹੇ ਨਾਮ-ਜਲ ਨਾਲ ਭਰਪੂਰ ਸਤਿਗੁਰੂ!।1। ਰਹਾਉ।

ਬਿਸਰਤ ਨਹੀ = ਨਹੀਂ ਭੁੱਲਦਾ। ਸੁਖ ਸਾਗਰੁ = ਸੁਖਾਂ ਦਾ ਸਮੁੰਦਰ ਪ੍ਰਭੂ। ਨਵੈ ਨਿਧਿ = (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ। ਉਦੌਤੁ = ਪ੍ਰਕਾਸ਼। ਭਾਵੀ = ਜਿਹੜੀ ਗੱਲ ਜ਼ਰੂਰ ਵਾਪਰਨੀ ਹੈ, ਰਜ਼ਾ। ਕੋ = ਦਾ। ਭੇਟੇ = ਮਿਲ ਪਏ। ਸਹਾਈ = ਸਹਾਇਤਾ ਕਰਨ ਵਾਲੇ।1।

ਸਗਲ = ਸਾਰੇ। ਲਿਵ ਲਾਈ = ਲਿਵ ਲਾਇ, ਲਿਵ ਲਾ ਕੇ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) । ਭੈ ਸਾਗਰੁ = ਸਾਰੇ ਡਰਾਂ ਨਾਲ ਭਰਪੂਰ ਸਮੁੰਦਰ। ਧਿਆਈ = ਧਿਆਇ, ਧਿਆਨ ਧਰ ਕੇ।2।

ਅਰਥ: ਹੇ ਨਾਮ-ਜਲ ਨਾਲ ਭਰਪੂਰ ਗੁਰੂ! ਹੇ ਸੁਖ ਦੇਣ ਵਾਲੇ ਗੁਰੂ! (ਨਾਮ ਦੀ) ਵਰਖਾ ਕਰਦਾ ਰਹੁ। (ਤੇਰੀ ਮਿਹਰ ਨਾਲ) ਪ੍ਰਭੂ-ਪਾਤਿਸ਼ਾਹ ਦਾ ਨਾਮ ਸਿਮਰਦਿਆਂ ਮੈਂ ਆਤਮਕ ਆਨੰਦ ਹਾਸਲ ਕਰ ਲਿਆ ਹੈ, ਹੁਣ ਪ੍ਰੀਤਮ-ਪ੍ਰਭੂ ਨਾਲ ਮੇਰਾ ਪਿਆਰ ਬਣ ਗਿਆ ਹੈ।1। ਰਹਾਉ।

ਹੇ ਭਾਈ! ਜਦੋਂ ਤੋਂ ਸਹਾਇਤਾ ਕਰਨ ਵਾਲਾ ਗੁਰੂ-ਸੰਤ (ਮੈਨੂੰ) ਮਿਲਿਆ ਹੈ, (ਮੇਰੇ ਅੰਦਰ ਪ੍ਰਭੂ ਦੀ) ਰਜ਼ਾ ਦਾ ਪੂਰਨ ਪਰਕਾਸ਼ ਹੋ ਗਿਆ ਹੈ। ਮੈਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ (ਜੋ ਮੇਰੇ ਵਾਸਤੇ ਦੁਨੀਆ ਦੇ) ਨੌ ਹੀ ਖ਼ਜ਼ਾਨੇ ਹੈ। ਹੁਣ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਇਕ ਪਲ ਵਾਸਤੇ ਭੀ ਨਹੀਂ ਭੁੱਲਦਾ।1।

ਹੇ ਨਾਨਕ! (ਆਖ– ਹੇ ਭਾਈ! ਗੁਰੂ ਦੇ ਉਪਦੇਸ਼-ਮੀਂਹ ਦੀ ਬਰਕਤਿ ਨਾਲ) ਮੈਂ ਪਰਮਾਤਮਾ ਵਿਚ ਸੁਰਤਿ ਜੋੜ ਲਈ ਹੈ, ਮੇਰੇ ਅੰਦਰ ਸੁਖ ਪੈਦਾ ਹੋ ਗਏ ਹਨ, ਤੇ, ਸਾਰੇ ਦੁੱਖ ਨਾਸ ਹੋ ਗਏ ਹਨ। ਹਰੀ ਦੇ ਚਰਨਾਂ ਦਾ ਧਿਆਨ ਧਰ ਕੇ ਮੈਂ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ ਜਿਸ ਨੂੰ ਤਰਨਾ ਔਖਾ ਹੈ, ਤੇ, ਜੋ ਅਨੇਕਾਂ ਡਰਾਂ ਨਾਲ ਭਰਿਆ ਹੋਇਆ ਹੈ।2।6।10।

ਮਲਾਰ ਮਹਲਾ ੫ ॥ ਘਨਿਹਰ ਬਰਸਿ ਸਗਲ ਜਗੁ ਛਾਇਆ ॥ ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ ਅਨਦ ਮੰਗਲ ਸੁਖ ਪਾਇਆ ॥੧॥ ਰਹਾਉ ॥ ਮਿਟੇ ਕਲੇਸ ਤ੍ਰਿਸਨ ਸਭ ਬੂਝੀ ਪਾਰਬ੍ਰਹਮੁ ਮਨਿ ਧਿਆਇਆ ॥ ਸਾਧਸੰਗਿ ਜਨਮ ਮਰਨ ਨਿਵਾਰੇ ਬਹੁਰਿ ਨ ਕਤਹੂ ਧਾਇਆ ॥੧॥ ਮਨੁ ਤਨੁ ਨਾਮਿ ਨਿਰੰਜਨਿ ਰਾਤਉ ਚਰਨ ਕਮਲ ਲਿਵ ਲਾਇਆ ॥ ਅੰਗੀਕਾਰੁ ਕੀਓ ਪ੍ਰਭਿ ਅਪਨੈ ਨਾਨਕ ਦਾਸ ਸਰਣਾਇਆ ॥੨॥੭॥੧੧॥ {ਪੰਨਾ 1268}

ਪਦ ਅਰਥ: ਘਨਿਹਰ = ਬੱਦਲ, ਨਾਮ-ਜਲ ਨਾਲ ਭਰਪੂਰ ਗੁਰੂ। ਬਰਸਿ = (ਨਾਮ ਦੀ) ਵਰਖਾ ਕਰ ਕੇ। ਜਗੁ ਛਾਇਆ = ਜਗਤ ਉਤੇ ਪ੍ਰਭਾਵ ਪਾ ਰਿਹਾ ਹੈ।1। ਰਹਾਉ।

ਤ੍ਰਿਸਨ = (ਮਾਇਆ ਦੀ) ਪਿਆਸ। ਮਨਿ = ਮਨ ਵਿਚ। ਸਾਧ ਸੰਗਿ = ਸਾਧ ਸੰਗਤਿ ਵਿਚ। ਬਹੁਰਿ = ਮੁੜ। ਕਤ ਹੂ = ਕਿਸੇ ਭੀ ਹੋਰ ਪਾਸੇ। ਧਾਇਆ = ਭਟਕਦਾ।1।

ਨਾਮਿ = ਨਾਮ ਵਿਚ। ਨਿਰੰਜਨਿ = ਨਿਰੰਜਨ ਵਿਚ। ਰਾਤਉ = ਰੰਗਿਆ ਹੋਇਆ। ਅੰਗੀਕਾਰੁ = ਪੱਖ, ਸਹਾਇਤਾ। ਪ੍ਰਭਿ = ਪ੍ਰਭੂ ਨੇ।2।

ਅਰਥ: ਹੇ ਭਾਈ! (ਉਂਞ ਤਾਂ) ਨਾਮ-ਜਲ ਨਾਲ ਭਰਪੂਰ ਸਤਿਗੁਰੂ (ਨਾਮ ਦੀ) ਵਰਖਾ ਕਰ ਕੇ ਸਾਰੇ ਜਗਤ ਉੱਤੇ ਪ੍ਰਭਾਵ ਪਾ ਰਿਹਾ ਹੈ। (ਪਰ ਜਿਸ ਮਨੁੱਖ ਉੱਤੇ) ਮੇਰੇ ਪ੍ਰੀਤਮ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ (ਉਸ ਨਾਮ-ਵਰਖਾ ਵਿਚੋਂ) ਆਨੰਦ ਖ਼ੁਸ਼ੀਆਂ ਆਤਮਕ ਸੁਖ ਪ੍ਰਾਪਤ ਕਰਦਾ ਹੈ।1। ਰਹਾਉ।

ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਹਿ ਕੇ ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿਚ ਸਿਮਰਦਾ ਹੈ, ਉਸ ਦੇ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ; ਉਸ ਦੀ ਮਾਇਆ ਦੀ ਪਿਆਸ ਬੁੱਝ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਦੂਰ ਹੋ ਜਾਂਦੇ ਹਨ, ਉਹ ਮੁੜ ਕਿਸੇ ਭੀ ਹੋਰ ਪਾਸੇ ਵਲ ਨਹੀਂ ਭਟਕਦਾ।1।

ਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਦੇ ਦਾਸਾਂ ਦੀ ਸਰਨ ਆ ਪਿਆ, ਪ੍ਰਭੂ ਨੇ ਉਸ ਦੀ ਸਹਾਇਤਾ ਕੀਤੀ, ਉਸ ਦਾ ਮਨ ਉਸ ਦਾ ਤਨ ਨਿਰਲੇਪ ਪ੍ਰਭੂ ਦੇ ਨਾਮ (-ਰੰਗ ਵਿਚ) ਰੰਗਿਆ ਗਿਆ, ਉਸ ਨੇ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਸੁਰਤਿ ਜੋੜ ਲਈ।2।7।11।

ਮਲਾਰ ਮਹਲਾ ੫ ॥ ਬਿਛੁਰਤ ਕਿਉ ਜੀਵੇ ਓਇ ਜੀਵਨ ॥ ਚਿਤਹਿ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ॥੧॥ ਰਹਾਉ ॥ ਜਿਨ ਕਉ ਪਿਆਸ ਤੁਮਾਰੀ ਪ੍ਰੀਤਮ ਤਿਨ ਕਉ ਅੰਤਰੁ ਨਾਹੀ ॥ ਜਿਨ ਕਉ ਬਿਸਰੈ ਮੇਰੋ ਰਾਮੁ ਪਿਆਰਾ ਸੇ ਮੂਏ ਮਰਿ ਜਾਂਹੀਂ ॥੧॥ ਮਨਿ ਤਨਿ ਰਵਿ ਰਹਿਆ ਜਗਦੀਸੁਰ ਪੇਖਤ ਸਦਾ ਹਜੂਰੇ ॥ ਨਾਨਕ ਰਵਿ ਰਹਿਓ ਸਭ ਅੰਤਰਿ ਸਰਬ ਰਹਿਆ ਭਰਪੂਰੇ ॥੨॥੮॥੧੨॥ {ਪੰਨਾ 1268}

ਪਦ ਅਰਥ: ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ਉਹ ਬੰਦੇ। ਚਿਤਹਿ = (ਜਿਨ੍ਹਾਂ ਦੇ) ਚਿੱਤ ਵਿਚ। ਉਲਾਸ = ਚਾਉ, ਤਾਂਘ। ਮਿਲਬੇ ਕੀ = ਮਿਲਣ ਦੀ। ਚਰਨ ਕਮਲ ਰਸ ਪੀਵਨ = ਪ੍ਰਭੂ ਦੇ ਸੋਹਣੇ ਚਰਨਾਂ ਦਾ ਰਸ ਪੀਣ (ਦੀ ਤਾਂਘ) ।1। ਰਹਾਉ।

ਪ੍ਰੀਤਮ = ਹੇ ਪ੍ਰੀਤਮ! ਅੰਤਰੁ = ਵਿੱਥ (ਨਾਂਵ, ਇਕ-ਵਚਨ। ਲਫ਼ਜ਼ 'ਅੰਤਰੁ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ) । ਮੂਏ = ਆਤਮਕ ਮੌਤੇ ਮਰੇ ਹੋਏ। ਮਰਿ ਜਾਂਹੀਂ = ਆਮਤਕ ਮੌਤ ਮਰ ਜਾਂਦੇ ਹਨ।1।

ਮਨਿ = ਮਨ ਵਿਚ। ਤਨਿ = ਤਨ ਵਿਚ। ਜਗਦੀਸੁਰ = (ਜਗਤ-ਈਸਰੁ) ਜਗਤ ਦਾ ਮਾਲਕ-ਪ੍ਰਭੂ। ਹਜੂਰੇ = ਹਾਜ਼ਰ ਨਾਜ਼ਰ, ਅੰਗ ਸੰਗ। ਰਵਿ ਰਹਿਓ = ਮੌਜੂਦ ਹੈ। ਸਰਬ = ਸਭਨਾਂ ਵਿਚ।2।

ਅਰਥ: ਹੇ ਭਾਈ! (ਜਿਨ੍ਹਾਂ ਮਨੁੱਖਾਂ ਦੇ) ਚਿੱਤ ਵਿਚ ਪਰਮਾਤਮਾ ਨੂੰ ਮਿਲਣ ਦੀ ਅਤੇ ਉਸ ਦੇ ਸੋਹਣੇ ਚਰਨ-ਕਮਲਾਂ ਦਾ ਰਸ ਪੀਣ ਦੀ ਆਸ ਹੈ ਤੇ ਤਾਂਘ ਹੈ, ਉਹ ਮਨੁੱਖ ਉਸ ਤੋਂ ਵਿਛੋੜੇ ਦਾ ਜੀਵਨ ਕਦੇ ਨਹੀਂ ਜੀਊ ਸਕਦੇ।1। ਰਹਾਉ।

ਹੇ ਪ੍ਰੀਤਮ ਪ੍ਰਭੂ! ਜਿਨ੍ਹਾਂ ਮਨੁੱਖਾਂ ਦੇ ਅੰਦਰ ਤੇਰੇ ਦਰਸਨ ਦੀ ਤਾਂਘ ਹੈ, ਉਹਨਾਂ ਦੀ ਤੇਰੇ ਨਾਲੋਂ ਕੋਈ ਵਿੱਥ ਨਹੀਂ ਹੁੰਦੀ। ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ, ਉਹ ਆਤਮਕ ਮੌਤੇ ਮਰੇ ਰਹਿੰਦੇ ਹਨ, ਉਹ ਆਤਮਕ ਮੌਤੇ ਹੀ ਮਰ ਜਾਂਦੇ ਹਨ।1।

ਹੇ ਨਾਨਕ! (ਆਖ– ਹੇ ਭਾਈ!) ਜਗਤ ਦਾ ਮਾਲਕ ਪ੍ਰਭੂ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਹਿਰਦੇ ਵਿਚ ਸਦਾ ਵੱਸਿਆ ਰਹਿੰਦਾ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦੇ ਹਨ। (ਉਹਨਾਂ ਨੂੰ ਇਉਂ ਜਾਪਦਾ ਹੈ ਕਿ) ਪਰਮਾਤਮਾ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਸਭ ਥਾਈਂ ਭਰਪੂਰ ਵੱਸਦਾ ਹੈ।2।8।12।

TOP OF PAGE

Sri Guru Granth Darpan, by Professor Sahib Singh