ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1269 ਮਲਾਰ ਮਹਲਾ ੫ ॥ ਹਰਿ ਕੈ ਭਜਨਿ ਕਉਨ ਕਉਨ ਨ ਤਾਰੇ ॥ ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗਿ ਉਧਾਰੇ ॥੧॥ ਰਹਾਉ ॥ ਦੇਵ ਕੁਲ ਦੈਤ ਕੁਲ ਜਖ੍ਯ੍ਯ ਕਿੰਨਰ ਨਰ ਸਾਗਰ ਉਤਰੇ ਪਾਰੇ ॥ ਜੋ ਜੋ ਭਜਨੁ ਕਰੈ ਸਾਧੂ ਸੰਗਿ ਤਾ ਕੇ ਦੂਖ ਬਿਦਾਰੇ ॥੧॥ ਕਾਮ ਕਰੋਧ ਮਹਾ ਬਿਖਿਆ ਰਸ ਇਨ ਤੇ ਭਏ ਨਿਰਾਰੇ ॥ ਦੀਨ ਦਇਆਲ ਜਪਹਿ ਕਰੁਣਾ ਮੈ ਨਾਨਕ ਸਦ ਬਲਿਹਾਰੇ ॥੨॥੯॥੧੩॥ {ਪੰਨਾ 1269} ਪਦ ਅਰਥ: ਕੈ ਭਜਨਿ = ਦੇ ਭਜਨ ਦੀ ਰਾਹੀਂ। ਕਉਨ ਕਉਨ = ਕਿਨ੍ਹਾਂ ਕਿਨ੍ਹਾਂ ਨੂੰ। ਨ ਤਾਰੇ = (ਗੁਰੂ ਨੇ) ਪਾਰ ਨਾਹ ਲੰਘਾਇਆ। ਖਗ = ਪੰਛੀ। ਮੀਨ = ਮੱਛੀ। ਮ੍ਰਿਗ = ਪਸ਼ੂ, ਹਿਰਨ। ਬਰਾਹ = ਸੂਰ। ਤਨ = ਸਰੀਰ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਉਧਾਰੇ = ਪਾਰ ਲੰਘਾਏ।1। ਰਹਾਉ। ਕੁਲ = ਖ਼ਾਨਦਾਨ। ਜਖ੍ਯ੍ਯ = ਦੇਵਤਿਆਂ ਦੀ ਇਕ ਕਿਸਮ। ਕਿੰਨਰ = ਦੇਵਤਿਆਂ ਦੀ ਇਕ ਕੁਲ ਜਿਨ੍ਹਾਂ ਦਾ ਅੱਧਾ ਸਰੀਰ ਘੋੜੇ ਦਾ ਅਤੇ ਅੱਧਾ ਮਨੁੱਖ ਦਾ ਮੰਨਿਆ ਜਾਂਦਾ ਹੈ। ਸਾਗਰ = (ਸੰਸਾਰ-) ਸਮੁੰਦਰ। ਕਰੈ = ਕਰਦਾ ਹੈ (ਇਕ-ਵਚਨ) । ਤਾ ਕੇ = ਉਹਨਾਂ ਦੇ। ਬਿਦਾਰੇ = ਨਾਸ ਕਰ ਦਿੱਤੇ ਗਏ।1। ਬਿਖਿਆ ਰਸ = ਮਾਇਆ ਦੇ ਚਸਕੇ। ਇਨ ਤੇ = ਇਹਨਾਂ ਤੋਂ। ਨਿਰਾਰੇ = ਨਿਰਾਲੇ, ਵੱਖਰੇ, ਨਿਰਲੇਪ। ਜਪਹਿ = (ਜੋ) ਜਪਦੇ ਹਨ। ਕਰੁਣਾਮੈ = ਤਰਸ-ਸਰੂਪ ਪ੍ਰਭੂ ਨੂੰ (ਕਰੁਣਾ-ਤਰਸ) । ਸਦ = ਸਦਾ।2। ਅਰਥ: ਹੇ ਭਾਈ! (ਜਿਨ੍ਹਾਂ ਜਿਨ੍ਹਾਂ ਨੇ ਭੀ ਹਰੀ ਦਾ ਭਜਨ ਕੀਤਾ) ਉਹਨਾਂ ਸਭਨਾਂ ਨੂੰ (ਗੁਰੂ ਨੇ) ਪਰਮਾਤਮਾ ਦੇ ਭਜਨ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ। ਪੰਛੀਆਂ ਦਾ ਸਰੀਰ ਧਾਰਨ ਵਾਲੇ, ਮੱਛੀਆਂ ਦਾ ਸਰੀਰ ਧਾਰਨ ਵਾਲੇ, ਪਸ਼ੂਆਂ ਦਾ ਸਰੀਰ ਧਾਰਨ ਵਾਲੇ ਸੂਰਾਂ ਦਾ ਸਰੀਰ ਧਾਰਨ ਵਾਲੇ = ਇਹ ਸਭ ਗੁਰੂ ਦੀ ਸੰਗਤਿ ਵਿਚ ਪਾਰ ਲੰਘਾ ਦਿੱਤੇ ਗਏ।1। ਰਹਾਉ। ਹੇ ਭਾਈ! (ਸਾਧ ਸੰਗਤਿ ਵਿਚ ਸਿਮਰਨ ਦੀ ਬਰਕਤਿ ਨਾਲ) ਦੇਵਤਿਆਂ ਦੀਆਂ ਕੁਲਾਂ, ਦੈਂਤਾਂ ਦੀਆਂ ਕੁਲਾਂ, ਜੱਖ, ਕਿੰਨਰ ਮਨੁੱਖ = ਇਹ ਸਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ। ਗੁਰੂ ਦੀ ਸੰਗਤਿ ਵਿਚ ਰਹਿ ਕੇ ਜਿਹੜਾ ਜਿਹੜਾ ਪ੍ਰਾਣੀ ਪਰਮਾਤਮਾ ਦਾ ਭਜਨ ਕਰਦਾ ਹੈ, ਉਹਨਾਂ ਸਭਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ।1। ਹੇ ਨਾਨਕ! (ਆਖ– ਹੇ ਭਾਈ!) ਦੀਨਾਂ ਉਤੇ ਦਇਆ ਕਰਨ ਵਾਲੇ ਤਰਸ-ਸਰੂਪ ਪਰਮਾਤਮਾ ਦਾ ਨਾਮ ਜਿਹੜੇ ਜਿਹੜੇ ਮਨੁੱਖ ਜਪਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ। ਉਹ ਮਨੁੱਖ ਕਾਮ, ਕ੍ਰੋਧ, ਮਾਇਆ ਦੇ ਚਸਕੇ = ਇਹਨਾਂ ਸਭਨਾਂ ਤੋਂ ਨਿਰਲੇਪ ਰਹਿੰਦੇ ਹਨ।2।9।13। ਮਲਾਰ ਮਹਲਾ ੫ ॥ ਆਜੁ ਮੈ ਬੈਸਿਓ ਹਰਿ ਹਾਟ ॥ ਨਾਮੁ ਰਾਸਿ ਸਾਝੀ ਕਰਿ ਜਨ ਸਿਉ ਜਾਂਉ ਨ ਜਮ ਕੈ ਘਾਟ ॥੧॥ ਰਹਾਉ ॥ ਧਾਰਿ ਅਨੁਗ੍ਰਹੁ ਪਾਰਬ੍ਰਹਮਿ ਰਾਖੇ ਭ੍ਰਮ ਕੇ ਖੁਲ੍ਹ੍ਹੇ ਕਪਾਟ ॥ ਬੇਸੁਮਾਰ ਸਾਹੁ ਪ੍ਰਭੁ ਪਾਇਆ ਲਾਹਾ ਚਰਨ ਨਿਧਿ ਖਾਟ ॥੧॥ ਸਰਨਿ ਗਹੀ ਅਚੁਤ ਅਬਿਨਾਸੀ ਕਿਲਬਿਖ ਕਾਢੇ ਹੈ ਛਾਂਟਿ ॥ ਕਲਿ ਕਲੇਸ ਮਿਟੇ ਦਾਸ ਨਾਨਕ ਬਹੁਰਿ ਨ ਜੋਨੀ ਮਾਟ ॥੨॥੧੦॥੧੪॥ {ਪੰਨਾ 1269} ਪਦ ਅਰਥ: ਆਜੁ = ਅੱਜ, ਹੁਣ। ਬੈਸਿਓ = ਬੈਠਾ ਹਾਂ। ਹਾਟ = ਹੱਟ। ਹਰਿ ਹਾਟ = ਉਸ ਹੱਟ ਤੇ ਜਿੱਥੇ ਹਰਿ-ਨਾਮ ਮਿਲਦਾ ਹੈ, ਸਾਧ ਸੰਗਤਿ। ਰਾਸਿ = ਪੂੰਜੀ, ਸਰਮਾਇਆ। ਸਾਝੀ = ਸਾਂਝ, ਭਾਈਵਾਲੀ। ਕਰਿ = ਕਰ ਕੇ। ਜਨ ਸਿਉ = ਸੰਤ ਜਨਾਂ ਨਾਲ। ਜਾਂਉ ਨ = ਮੈਂ ਨਹੀਂ ਜਾਂਦਾ। ਘਾਟ = ਪੱਤਣ। ਜਮ ਕੈ ਘਾਟ = ਜਮਦੂਤਾਂ ਦੇ ਪੱਤਣ ਤੇ।1। ਰਹਾਉ। ਧਾਰਿ = ਧਾਰ ਕੇ, ਕਰ ਕੇ। ਅਨੁਗ੍ਰਹੁ = ਕਿਰਪਾ। ਪਾਰਬ੍ਰਹਮਿ = ਪਾਰਬ੍ਰਹਮ ਨੇ। ਰਾਖੇ = ਰੱਖਿਆ ਕੀਤੀ। ਕਪਾਟ = ਕਵਾੜ, ਭਿੱਤ, ਦਰਵਾਜ਼ੇ। ਸਾਹੁ = ਸ਼ਾਹ, ਨਾਮ-ਧਨ ਦਾ ਮਾਲਕ। ਲਾਹਾ = ਲਾਭ। ਨਿਧਿ = ਖ਼ਜ਼ਾਨਾ, ਸਾਰੇ ਸੁਖਾਂ ਦਾ ਖ਼ਜ਼ਾਨਾ। ਖਾਟ = ਖੱਟਿਆ।1। ਗਹੀ = ਫੜੀ। ਅਚੁਤ ਸਰਨਿ = ਅਚੁਤ ਦੀ ਸਰਨ। ਅਚੁਤ = (ਅ-ਚੁਤ। ਚਯੁਤ = ਡਿੱਗਾ ਹੋਇਆ) ਜਿਸ ਦਾ ਕਦੇ ਨਾਸ ਨਹੀਂ ਹੁੰਦਾ। ਕਿਲਬਿਖ = ਪਾਪ। ਛਾਂਟਿ = ਛਾਂਟ ਕੇ, ਚੁਣ ਕੇ। ਕਲਿ = ਝਗੜੇ। ਬਹੁਰਿ = ਮੁੜ। ਮਾਟ = ਮਿਟਦੇ, ਪੈਂਦੇ।2। ਅਰਥ: ਹੇ ਭਾਈ! ਹੁਣ ਮੈਂ ਉਸ ਹੱਟ (ਸਾਧ ਸੰਗਤਿ) ਵਿਚ ਆ ਬੈਠਾ ਹਾਂ ਜਿੱਥੇ ਹਰਿ-ਨਾਮ ਮਿਲਦਾ ਹੈ। ਉਥੇ ਮੈਂ ਸੰਤ ਜਨਾਂ ਨਾਲ ਸਾਂਝ ਪਾ ਕੇ ਹਰਿ-ਨਾਮ ਸਰਮਾਇਆ (ਇਕੱਠਾ ਕੀਤਾ ਹੈ, ਜਿਸ ਦੀ ਬਰਕਤਿ ਨਾਲ) ਮੈਂ ਜਮਦੂਤਾਂ ਦੇ ਪੱਤਣ ਤੇ ਨਹੀਂ ਜਾਂਦਾ (ਭਾਵ, ਮੈਂ ਉਹ ਕਰਮ ਨਹੀਂ ਕਰਦਾ, ਜਿਨ੍ਹਾਂ ਕਰ ਕੇ ਜਮਾਂ ਦੇ ਵੱਸ ਪਈਦਾ ਹੈ) ।1। ਰਹਾਉ। ਹੇ ਭਾਈ! ਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕੀਤੀ (ਸਾਧ ਸੰਗਤਿ ਦੀ ਬਰਕਤਿ ਨਾਲ ਉਹਨਾਂ ਦੇ) ਭਰਮ-ਭਟਕਣਾ ਦੇ ਭੱਤ ਖੁਲ੍ਹ ਗਏ। ਉਹਨਾਂ ਨੇ ਬੇਅੰਤ ਨਾਮ-ਸਰਮਾਏ ਦਾ ਮਾਲਕ ਪ੍ਰਭੂ ਲੱਭ ਲਿਆ। ਉਹਨਾਂ ਨੇ ਪਰਮਾਤਮਾ ਦੇ ਚਰਨਾਂ (ਵਿਚ ਟਿਕੇ ਰਹਿਣ) ਦੀ ਖੱਟੀ ਖੱਟ ਲਈ, ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ।1। ਹੇ ਨਾਨਕ! (ਆਖ– ਹੇ ਭਾਈ! ਜਿਨ੍ਹਾਂ ਸੇਵਕਾਂ ਨੇ) ਅਟੱਲ ਅਬਿਨਾਸੀ ਪਰਮਾਤਮਾ ਦਾ ਆਸਰਾ ਲੈ ਲਿਆ, ਉਹਨਾਂ ਨੇ (ਆਪਣੇ ਅੰਦਰੋਂ ਸਾਰੇ) ਪਾਪ ਚੁਣ ਚੁਣ ਕੇ ਕੱਢ ਦਿੱਤੇ, ਉਹਨਾਂ ਦਾਸਾਂ ਦੇ ਅੰਦਰੋਂ ਸਾਰੇ ਝਗੜੇ ਕਲੇਸ਼ ਮੁੱਕ ਗਏ, ਉਹ ਮੁੜ ਜੂਨਾਂ ਵਿਚ ਨਹੀਂ ਪੈਂਦੇ।2।10।14। ਮਲਾਰ ਮਹਲਾ ੫ ॥ ਬਹੁ ਬਿਧਿ ਮਾਇਆ ਮੋਹ ਹਿਰਾਨੋ ॥ ਕੋਟਿ ਮਧੇ ਕੋਊ ਬਿਰਲਾ ਸੇਵਕੁ ਪੂਰਨ ਭਗਤੁ ਚਿਰਾਨੋ ॥੧॥ ਰਹਾਉ ॥ ਇਤ ਉਤ ਡੋਲਿ ਡੋਲਿ ਸ੍ਰਮੁ ਪਾਇਓ ਤਨੁ ਧਨੁ ਹੋਤ ਬਿਰਾਨੋ ॥ ਲੋਗ ਦੁਰਾਇ ਕਰਤ ਠਗਿਆਈ ਹੋਤੌ ਸੰਗਿ ਨ ਜਾਨੋ ॥੧॥ ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰਿ ਆਨੋ ॥ ਕਹੁ ਨਾਨਕ ਪਾਹਨ ਪ੍ਰਭ ਤਾਰਹੁ ਸਾਧਸੰਗਤਿ ਸੁਖ ਮਾਨੋ ॥੨॥੧੧॥੧੫॥ {ਪੰਨਾ 1269} ਪਦ ਅਰਥ: ਬਹੁ ਬਿਧਿ = ਕਈ ਤਰੀਕਿਆਂ ਨਾਲ। ਹਿਰਾਨੋ = ਠੱਗੇ ਜਾਂਦੇ ਹਨ (ਜੀਵ) । ਕੋਟਿ ਮਧੇ = ਕ੍ਰੋੜਾਂ ਵਿਚੋਂ। ਚਿਰਾਨੋ = ਚਿਰਾਂ ਦਾ, ਮੁੱਢ ਕਦੀਮਾਂ ਦਾ।1। ਰਹਾਉ। ਇਤ ਉਤ = ਇਧਰ ਉਧਰ। ਡੋਲਿ = ਡੋਲ ਕੇ, ਭਟਕ ਕੇ। ਸ੍ਰਮੁ = ਥਕੇਵਾਂ। ਬਿਰਾਨੋ = ਬਿਗਾਨਾ। ਦੁਰਾਇ = ਲੁਕਾ ਕੇ। ਠਗਿਆਈ = ਠੱਗੀ। ਸੰਗਿ = ਨਾਲ। ਹੋਤੌ = ਸੰਗਿ = (ਜਿਹੜਾ ਹਰੀ ਸਦਾ) ਨਾਲ ਰਹਿਣ ਵਾਲਾ ਹੈ। ਜਾਨੋ = ਜਾਣਦਾ।1। ਮ੍ਰਿਗ = ਪਸ਼ੂ। ਪੰਖੀ = ਪੰਛੀ। ਮੀਨ = ਮੱਛੀ। ਇਹ ਸੰਕਟ = ਇਹਨਾਂ ਕਸ਼ਟਾਂ ਵਿਚ। ਫਿਰਿ ਆਨੋ = ਭਟਕਦਾ ਫਿਰਦਾ ਹੈ। ਨਾਨਕ = ਹੇ ਨਾਨਕ! ਪਾਹਨ– ਪੱਥਰ, ਪੱਥਰ-ਚਿੱਤ ਜੀਵਾਂ ਨੂੰ। ਮਾਨੋ = ਮਾਣ ਸਕਣ।2। ਅਰਥ: ਹੇ ਭਾਈ! (ਜੀਵ) ਕਈ ਤਰੀਕਿਆਂ ਨਾਲ ਮਾਇਆ ਦੇ ਮੋਹ ਵਿਚ ਠੱਗੇ ਜਾਂਦੇ ਹਨ। ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ (ਅਜਿਹਾ) ਸੇਵਕ ਹੁੰਦਾ ਹੈ ਜੋ ਮੁੱਢ ਕਦੀਮਾਂ ਤੋਂ ਹੀ ਪੂਰਾ ਭਗਤ ਹੁੰਦਾ ਹੈ (ਤੇ ਮਾਇਆ ਦੇ ਹੱਥੋਂ ਠੱਗਿਆ ਨਹੀਂ ਜਾਂਦਾ) ।1। ਰਹਾਉ। ਹੇ ਭਾਈ! (ਮਾਇਆ ਦਾ ਠੱਗਿਆ ਮਨੁੱਖ) ਹਰ ਪਾਸੇ ਭਟਕ ਭਟਕ ਕੇ ਥੱਕਦਾ ਰਹਿੰਦਾ ਹੈ (ਜਿਸ ਸਰੀਰ ਅਤੇ ਧਨ ਦੀ ਖ਼ਾਤਰ ਭਟਕਦਾ ਹੈ, ਉਹ) ਸਰੀਰ ਤੇ ਧਨ (ਆਖ਼ਿਰ) ਬਿਗਾਨਾ ਹੋ ਜਾਂਦਾ ਹੈ। (ਮਾਇਆ ਦੇ ਮੋਹ ਵਿਚ ਫਸਿਆ ਮਨੁੱਖ) ਲੋਕਾਂ ਤੋਂ ਲੁਕਾ ਲੁਕਾ ਕੇ ਠੱਗੀ ਕਰਦਾ ਰਹਿੰਦਾ ਹੈ (ਜਿਹੜਾ ਪਰਮਾਤਮਾ ਸਦਾ) ਨਾਲ ਰਹਿੰਦਾ ਹੈ ਉਸ ਨਾਲ ਸਾਂਝ ਨਹੀਂ ਪਾਂਦਾ।1। ਹੇ ਭਾਈ! (ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ ਆਖ਼ਿਰ) ਪਸ਼ੂ ਪੰਛੀ ਮੱਛੀ = ਇਹਨਾਂ ਨੀਵੀਆਂ ਜੂਨਾਂ ਦੇ ਗੇੜ ਦੇ ਦੁੱਖਾਂ ਵਿਚ ਭਟਕਦਾ ਫਿਰਦਾ ਹੈ। ਹੇ ਨਾਨਕ! ਆਖ– ਹੇ ਪ੍ਰਭੂ! ਅਸਾਂ ਪੱਥਰਾਂ ਨੂੰ (ਪੱਥਰ-ਦਿਲ ਜੀਵਾਂ ਨੂੰ) ਪਾਰ ਲੰਘਾ ਲੈ, ਅਸੀਂ ਸਾਧ ਸੰਗਤਿ ਵਿਚ (ਤੇਰੀ ਭਗਤੀ ਦਾ) ਆਨੰਦ ਮਾਣਦੇ ਰਹੀਏ।2।11।15। ਮਲਾਰ ਮਹਲਾ ੫ ॥ ਦੁਸਟ ਮੁਏ ਬਿਖੁ ਖਾਈ ਰੀ ਮਾਈ ॥ ਜਿਸ ਕੇ ਜੀਅ ਤਿਨ ਹੀ ਰਖਿ ਲੀਨੇ ਮੇਰੇ ਪ੍ਰਭ ਕਉ ਕਿਰਪਾ ਆਈ ॥੧॥ ਰਹਾਉ ॥ ਅੰਤਰਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਭਾਈ ॥ ਸੰਗਿ ਸਹਾਈ ਛੋਡਿ ਨ ਜਾਈ ਪ੍ਰਭੁ ਦੀਸੈ ਸਭਨੀ ਠਾਈ ॥੧॥ ਅਨਾਥਾ ਨਾਥੁ ਦੀਨ ਦੁਖ ਭੰਜਨ ਆਪਿ ਲੀਏ ਲੜਿ ਲਾਈ ॥ ਹਰਿ ਕੀ ਓਟ ਜੀਵਹਿ ਦਾਸ ਤੇਰੇ ਨਾਨਕ ਪ੍ਰਭ ਸਰਣਾਈ ॥੨॥੧੨॥੧੬॥ {ਪੰਨਾ 1269} ਪਦ ਅਰਥ: ਦੁਸਟ = (ਕਾਮਾਦਿਕ) ਚੰਦਰੇ ਵੈਰੀ। ਮੁਏ = ਮਰ ਗਏ, ਮੁੱਕ ਗਏ। ਬਿਖੁ = ਜ਼ਹਰ। ਖਾਈ = ਖਾਇ, ਖਾ ਕੇ। ਜਿਸ ਕੇ = (ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ) । ਜੀਅ = (ਲਫ਼ਜ਼ 'ਜੀਉ' ਤੋਂ ਬਹੁ-ਵਚਨ) । ਤਿਨ ਹੀ = ਤਿਨਿ ਹੀ, ਉਸ ਨੇ ਹੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ 'ਿ' ਉੱਡ ਗਈ ਹੈ) । ਕਿਰਪਾ = ਦਇਆ, ਤਰਸ।1। ਰਹਾਉ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਵਰਤੈ = ਮੌਜੂਦ ਹੈ। ਭਾਈ = ਹੇ ਭਾਈ! ਕੈਸਾ = ਕੇਹਾ? ਸੰਗਿ = ਨਾਲ। ਸਹਾਈ = ਸਾਥੀ। ਦੀਸੈ = ਦਿੱਸਦਾ ਹੈ।1। ਨਾਥੁ = ਖਸਮ। ਦੀਨ = ਗਰੀਬ, ਕਮਜ਼ੋਰ, ਨਿਮਾਣੇ। ਭੰਜਨ = ਨਾਸ ਕਰਨ ਵਾਲਾ। ਲੜਿ = ਪੱਲੇ ਨਾਲ। ਜੀਵਹਿ = ਜੀਊਂਦੇ ਹਨ।2। ਅਰਥ: ਹੇ ਮਾਂ! (ਮੇਰੇ ਪ੍ਰਭੂ ਦੇ ਮਨ ਵਿਚ ਮੇਰੇ ਉਤੇ ਤਰਸ ਆਇਆ ਹੈ, ਹੁਣ ਕਾਮਾਇਕ) ਚੰਦਰੇ ਵੈਰੀ (ਇਉਂ) ਮੁੱਕ ਗਏ ਹਨ (ਜਿਵੇਂ) ਜ਼ਹਿਰ ਖਾ ਕੇ। ਹੇ ਮਾਂ! ਮੇਰੇ ਪ੍ਰਭੂ ਨੂੰ (ਜਦੋਂ) ਤਰਸ ਆਉਂਦਾ ਹੈ, ਉਸ ਦੇ ਆਪਣੇ ਹੀ ਹਨ ਇਹ ਸਾਰੇ ਜੀਵ, ਉਹ ਆਪ ਹੀ ਇਹਨਾਂ ਦੀ (ਕਾਮਾਦਿਕ ਵੈਰੀਆਂ ਤੋਂ) ਰੱਖਿਆ ਕਰਦਾ ਹੈ।1। ਰਹਾਉ। ਹੇ ਭਾਈ! ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਜੀਵਾਂ ਵਿਚ ਮੌਜੂਦ ਹੈ (ਜਦੋਂ ਇਹ ਨਿਸ਼ਚਾ ਹੋ ਜਾਏ) ਤਾਂ ਕੋਈ ਡਰ ਪੋਹ ਨਹੀਂ ਸਕਦਾ। ਹੇ ਭਾਈ! ਉਹ ਪ੍ਰਭੂ ਹਰੇਕ ਦੇ ਨਾਲ ਸਾਥੀ ਹੈ, ਉਹ ਛੱਡ ਕੇ ਨਹੀਂ ਜਾਂਦਾ, ਉਹ ਸਭ ਥਾਈਂ ਵੱਸਦਾ ਦਿੱਸਦਾ ਹੈ।1। ਹੇ ਭਾਈ! ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ (ਜੀਵਾਂ ਨੂੰ) ਆਪ ਆਪਣੇ ਲੜ ਲਾਂਦਾ ਹੈ। ਹੇ ਨਾਨਕ! (ਆਖ-) ਹੇ ਹਰੀ! ਹੇ ਪ੍ਰਭੂ! ਤੇਰੇ ਦਾਸ ਤੇਰੇ ਆਸਰੇ ਜੀਊਂਦੇ ਹਨ, ਮੈਂ ਭੀ ਤੇਰੀ ਹੀ ਸਰਨ ਪਿਆ ਹਾਂ।2।12। 16। ਮਲਾਰ ਮਹਲਾ ੫ ॥ ਮਨ ਮੇਰੇ ਹਰਿ ਕੇ ਚਰਨ ਰਵੀਜੈ ॥ ਦਰਸ ਪਿਆਸ ਮੇਰੋ ਮਨੁ ਮੋਹਿਓ ਹਰਿ ਪੰਖ ਲਗਾਇ ਮਿਲੀਜੈ ॥੧॥ ਰਹਾਉ ॥ ਖੋਜਤ ਖੋਜਤ ਮਾਰਗੁ ਪਾਇਓ ਸਾਧੂ ਸੇਵ ਕਰੀਜੈ ॥ ਧਾਰਿ ਅਨੁਗ੍ਰਹੁ ਸੁਆਮੀ ਮੇਰੇ ਨਾਮੁ ਮਹਾ ਰਸੁ ਪੀਜੈ ॥੧॥ ਤ੍ਰਾਹਿ ਤ੍ਰਾਹਿ ਕਰਿ ਸਰਨੀ ਆਏ ਜਲਤਉ ਕਿਰਪਾ ਕੀਜੈ ॥ ਕਰੁ ਗਹਿ ਲੇਹੁ ਦਾਸ ਅਪੁਨੇ ਕਉ ਨਾਨਕ ਅਪੁਨੋ ਕੀਜੈ ॥੨॥੧੩॥੧੭॥ {ਪੰਨਾ 1269} ਪਦ ਅਰਥ: ਮਨ = ਹੇ ਮਨ! ਰਵੀਜੈ = ਸਿਮਰਿਆ ਕਰ। ਪਿਆਸ = ਤਾਂਘ। ਮੋਹਿਓ = ਮਗਨ ਰਹਿੰਦਾ ਹੈ। ਪੰਖ = ਖੰਭ। ਪੰਖ ਲਗਾਇ = ਖੰਭ ਲਾ ਕੇ, ਉੱਡ ਕੇ, ਛੇਤੀ। ਮਿਲੀਜੈ = ਮਿਲ ਪਈਏ।1। ਰਹਾਉ। ਖੋਜਤ = ਭਾਲ ਕਰਦਿਆਂ। ਮਾਰਗੁ = ਰਸਤਾ। ਸਾਧੂ = ਗੁਰੂ। ਕਰੀਜੈ = ਕਰਨੀ ਚਾਹੀਦੀ ਹੈ। ਧਾਰਿ = ਧਾਰ ਕੇ, ਕਰ ਕੇ। ਅਨੁਗ੍ਰਹੁ = ਦਇਆ, ਮਿਹਰ। ਸੁਆਮੀ = ਹੇ ਸੁਆਮੀ! ਮਹਾ ਰਸੁ = ਬਹੁਤ ਸੁਆਦਲਾ। ਪੀਜੈ = ਪੀਤਾ ਜਾ ਸਕੇ।1। ਤ੍ਰਾਹਿ = ਬਚਾ ਲੈ, ਰੱਖ ਲੈ। ਕਰਿ = ਕਰ ਕੇ, ਆਖ ਕੇ। ਜਲਤਉ = ਸੜਦੇ ਉੱਤੇ। ਕਰੁ = ਹੱਥ (ਇਕ-ਵਚਨ) । ਗਹਿ ਲੇਹੁ = ਫੜ ਲੈ। ਅਪੁਨੋ ਕੀਜੈ = ਆਪਣਾ ਸੇਵਕ ਬਣਾ ਲੈ।2। ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਚਰਨ ਸਿਮਰਨੇ ਚਾਹੀਦੇ ਹਨ (ਗ਼ਰੀਬੀ ਸੁਭਾਵ ਵਿਚ ਟਿੱਕ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ) । ਹੇ ਭਾਈ! ਮੇਰਾ ਮਨ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਮਗਨ ਰਹਿੰਦਾ ਹੈ (ਇਉਂ ਜੀ ਕਰਦਾ ਰਹਿੰਦਾ ਹੈ ਕਿ ਉਸ ਨੂੰ) ਉੱਡ ਕੇ ਭੀ ਜਾ ਮਿਲੀਏ।1। ਰਹਾਉ। ਹੇ ਭਾਈ! ਭਾਲ ਕਰਦਿਆਂ ਕਰਦਿਆਂ (ਗੁਰੂ ਪਾਸੋਂ ਮੈਂ ਪ੍ਰਭੂ ਦੇ ਮਿਲਾਪ ਦਾ) ਰਸਤਾ ਲੱਭ ਲਿਆ ਹੈ। ਹੇ ਭਾਈ! ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ। ਹੇ ਮੇਰੇ ਮਾਲਕ ਪ੍ਰਭੂ! (ਮੇਰੇ ਉਤੇ) ਮਿਹਰ ਕਰ, ਤੇਰਾ ਬੜਾ ਹੀ ਸੁਆਦਲਾ ਨਾਮ-ਜਲ ਪੀਤਾ ਜਾ ਸਕੇ।1। ਹੇ ਪ੍ਰਭੂ! ਵਿਕਾਰਾਂ ਤੋਂ 'ਬਚਾ ਲੈ' 'ਬਚਾ ਲੈ' = ਇਹ ਆਖ ਕੇ (ਜੀਵ) ਤੇਰੀ ਸਰਨ ਆਉਂਦੇ ਹਨ। ਹੇ ਪ੍ਰਭੂ! (ਵਿਕਾਰਾਂ ਦੀ ਅੱਗ ਵਿਚ) ਸੜਦੇ ਉਤੇ (ਤੂੰ ਆਪ) ਮਿਹਰ ਕਰ। ਹੇ ਨਾਨਕ! (ਆਖ– ਹੇ ਪ੍ਰਭੂ!) ਦਾਸ ਦਾ ਹੱਥ ਫੜ ਲੈ, ਮੈਨੂੰ ਦਾਸ ਨੂੰ ਆਪਣਾ ਬਣਾ ਲੈ।2।13। 17। |
Sri Guru Granth Darpan, by Professor Sahib Singh |