ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1270

ਮਲਾਰ ਮਃ ੫ ॥ ਪ੍ਰਭ ਕੋ ਭਗਤਿ ਬਛਲੁ ਬਿਰਦਾਇਓ ॥ ਨਿੰਦਕ ਮਾਰਿ ਚਰਨ ਤਲ ਦੀਨੇ ਅਪੁਨੋ ਜਸੁ ਵਰਤਾਇਓ ॥੧॥ ਰਹਾਉ ॥ ਜੈ ਜੈ ਕਾਰੁ ਕੀਨੋ ਸਭ ਜਗ ਮਹਿ ਦਇਆ ਜੀਅਨ ਮਹਿ ਪਾਇਓ ॥ ਕੰਠਿ ਲਾਇ ਅਪੁਨੋ ਦਾਸੁ ਰਾਖਿਓ ਤਾਤੀ ਵਾਉ ਨ ਲਾਇਓ ॥੧॥ ਅੰਗੀਕਾਰੁ ਕੀਓ ਮੇਰੇ ਸੁਆਮੀ ਭ੍ਰਮੁ ਭਉ ਮੇਟਿ ਸੁਖਾਇਓ ॥ ਮਹਾ ਅਨੰਦ ਕਰਹੁ ਦਾਸ ਹਰਿ ਕੇ ਨਾਨਕ ਬਿਸ੍ਵਾਸੁ ਮਨਿ ਆਇਓ ॥੨॥੧੪॥੧੮॥ {ਪੰਨਾ 1270}

ਪਦ ਅਰਥ: ਕੋ = ਦਾ। ਭਗਤਿ ਬਛਲੁ = ਭਗਤੀ ਨੂੰ ਪਿਆਰ ਕਰਨ ਵਾਲਾ (ਵਛਲੁ = vÄsl) । ਬਿਰਦਾਇਓ = ਬਿਰਦ, ਮੁੱਢ-ਕਦੀਮਾਂ ਦਾ ਸੁਭਾਉ। ਮਾਰਿ = ਮਾਰ ਕੇ, ਆਤਮਕ ਮੌਤ ਦੇ ਕੇ, ਆਤਮਕ ਤੌਰ ਤੇ ਨੀਵਾਂ ਕਰ ਕੇ। ਜਸੁ = ਸੋਭਾ, ਵਡਿਆਈ। ਵਰਤਾਇਓ = ਖਿਲਾਰਿਆ ਹੈ।1। ਰਹਾਉ।

ਜੈ ਜੈਕਾਰੁ = ਸੋਭਾ। ਜੀਅਨ ਮਹਿ = ਜੀਵਾਂ ਦੇ ਅੰਦਰ। ਦਇਆ = ਪਿਆਰ। ਕੰਠਿ = ਗਲ ਨਾਲ। ਤਾਤੀ = ਤੱਤੀ। ਵਾਉ = ਹਵਾ।1।

ਅੰਗੀਕਾਰੁ = ਪੱਖ, ਸਹਾਇਤਾ। ਮੇਟਿ = ਮਿਟਾ ਕੇ। ਸੁਖਾਇਓ = ਸੁਖ ਦਿੱਤਾ ਹੈ। ਦਾਸ = ਹੇ ਸੇਵਕ ਜਨੋ! ਬਿਸ੍ਵਾਸੁ = ਸਰਧਾ। ਮਨਿ = ਮਨ ਵਿਚ।2।

ਅਰਥ: ਹੇ ਭਾਈ! (ਪਰਮਾਤਮਾ) ਭਗਤੀ ਨਾਲ ਪਿਆਰ ਕਰਨ ਵਾਲਾ (ਹੈ– ਇਹ) ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ। (ਭਗਤੀ ਕਰਨ ਵਾਲਿਆਂ ਦੀ) ਨਿੰਦਾ ਕਰਨ ਵਾਲਿਆਂ ਨੂੰ ਆਤਮਕ ਤੌਰ ਤੇ ਨੀਵਾਂ ਰੱਖ ਕੇ (ਉਹਨਾਂ ਦੇ) ਪੈਰਾਂ ਹੇਠ ਰੱਖਦਾ ਹੈ (ਇਸ ਤਰ੍ਹਾਂ ਪਰਮਾਤਮਾ ਜਗਤ ਵਿਚ) ਆਪਣੀ ਸੋਭਾ ਖਿਲਾਰਦਾ ਹੈ।1। ਰਹਾਉ।

ਹੇ ਭਾਈ! ਸਾਰੇ ਜਗਤ ਵਿਚ (ਪਰਮਾਤਮਾ ਆਪਣੇ ਦਾਸਾਂ ਦੀ) ਸੋਭਾ ਬਣਾਂਦਾ ਹੈ, (ਸਭ) ਜੀਵਾਂ ਦੇ ਦਿਲ ਵਿਚ (ਆਪਣੇ ਸੇਵਕਾਂ ਵਾਸਤੇ) ਆਦਰ-ਸਤਕਾਰ ਪੈਦਾ ਕਰਦਾ ਹੈ। ਪ੍ਰਭੂ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ, ਉਸ ਨੂੰ ਤੱਤੀ ਵਾ ਨਹੀਂ ਲੱਗਣ ਦੇਂਦਾ (ਰਤਾ ਭੀ ਔਖਿਆਈ ਨਹੀਂ ਹੋਣ ਦੇਂਦਾ) ।1।

ਹੇ ਭਾਈ! ਮੇਰੇ ਮਾਲਕ ਪ੍ਰਭੂ ਨੇ (ਆਪਣੇ ਸੇਵਕ ਦੀ ਸਦਾ) ਸਹਾਇਤਾ ਕੀਤੀ ਹੈ (ਸੇਵਕ ਦੇ ਅੰਦਰੋਂ) ਭਟਕਣਾ ਤੇ ਡਰ ਮਿਟਾ ਕੇ (ਉਸ ਨੂੰ) ਆਤਮਕ ਆਨੰਦ ਬਖ਼ਸ਼ਦਾ ਹੈ। ਹੇ ਨਾਨਕ! (ਆਖ-) ਹੇ ਪ੍ਰਭੂ ਦੇ ਸੇਵਕ! ਤੇਰੇ ਮਨ ਵਿਚ (ਪ੍ਰਭੂ ਵਾਸਤੇ) ਸਰਧਾ ਬਣ ਚੁਕੀ ਹੈ, ਤੂੰ ਬੇਸ਼ੱਕ ਆਤਮਕ ਆਨੰਦ ਮਾਣਦਾ ਰਹੁ (ਭਾਵ, ਜਿਸ ਦੇ ਅੰਦਰ ਪਰਮਾਤਮਾ ਵਾਸਤੇ ਸਰਧਾ-ਪਿਆਰ ਹੈ, ਉਹ ਜ਼ਰੂਰ ਆਨੰਦ ਮਾਣਦਾ ਹੈ) ।2।14। 18।

ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਗੁਰਮੁਖਿ ਦੀਸੈ ਬ੍ਰਹਮ ਪਸਾਰੁ ॥ ਗੁਰਮੁਖਿ ਤ੍ਰੈ ਗੁਣੀਆਂ ਬਿਸਥਾਰੁ ॥ ਗੁਰਮੁਖਿ ਨਾਦ ਬੇਦ ਬੀਚਾਰੁ ॥ ਬਿਨੁ ਗੁਰ ਪੂਰੇ ਘੋਰ ਅੰਧਾਰੁ ॥੧॥ ਮੇਰੇ ਮਨ ਗੁਰੁ ਗੁਰੁ ਕਰਤ ਸਦਾ ਸੁਖੁ ਪਾਈਐ ॥ ਗੁਰ ਉਪਦੇਸਿ ਹਰਿ ਹਿਰਦੈ ਵਸਿਓ ਸਾਸਿ ਗਿਰਾਸਿ ਅਪਣਾ ਖਸਮੁ ਧਿਆਈਐ ॥੧॥ ਰਹਾਉ ॥ ਗੁਰ ਕੇ ਚਰਣ ਵਿਟਹੁ ਬਲਿ ਜਾਉ ॥ ਗੁਰ ਕੇ ਗੁਣ ਅਨਦਿਨੁ ਨਿਤ ਗਾਉ ॥ ਗੁਰ ਕੀ ਧੂੜਿ ਕਰਉ ਇਸਨਾਨੁ ॥ ਸਾਚੀ ਦਰਗਹ ਪਾਈਐ ਮਾਨੁ ॥੨॥ ਗੁਰੁ ਬੋਹਿਥੁ ਭਵਜਲ ਤਾਰਣਹਾਰੁ ॥ ਗੁਰਿ ਭੇਟਿਐ ਨ ਹੋਇ ਜੋਨਿ ਅਉਤਾਰੁ ॥ ਗੁਰ ਕੀ ਸੇਵਾ ਸੋ ਜਨੁ ਪਾਏ ॥ ਜਾ ਕਉ ਕਰਮਿ ਲਿਖਿਆ ਧੁਰਿ ਆਏ ॥੩॥ ਗੁਰੁ ਮੇਰੀ ਜੀਵਨਿ ਗੁਰੁ ਆਧਾਰੁ ॥ ਗੁਰੁ ਮੇਰੀ ਵਰਤਣਿ ਗੁਰੁ ਪਰਵਾਰੁ ॥ ਗੁਰੁ ਮੇਰਾ ਖਸਮੁ ਸਤਿਗੁਰ ਸਰਣਾਈ ॥ ਨਾਨਕ ਗੁਰੁ ਪਾਰਬ੍ਰਹਮੁ ਜਾ ਕੀ ਕੀਮ ਨ ਪਾਈ ॥੪॥੧॥੧੯॥ {ਪੰਨਾ 1270}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਦੀਸੈ = ਦਿੱਸਦਾ ਹੈ। ਪਸਾਰੁ = ਖਿਲਾਰਾ। ਤ੍ਰੈ ਗੁਣੀਆਂ ਬਿਸਥਾਰੁ = ਤਿੰਨਾਂ ਗੁਣਾਂ ਦਾ ਖਿਲਾਰਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣਾ (ਹੀ) । ਨਾਦ ਬੇਦ ਬੀਚਾਰੁ = ਨਾਦ ਦਾ ਅਤੇ ਵੇਦ ਦਾ ਵੀਚਾਰ ਹੈ। ਘੋਰ ਅੰਧਾਰੁ = (ਆਤਮਕ ਜੀਵਨ ਵਲੋਂ) ਘੁੱਪ ਹਨੇਰਾ।1।

ਮਨ = ਹੇ ਮਨ! ਕਰਤ = ਕਰਦਿਆਂ, ਚੇਤੇ ਰੱਖਦਿਆਂ। ਪਾਈਐ = ਪ੍ਰਾਪਤ ਕਰੀਦਾ ਹੈ। ਗੁਰ ਉਪਦੇਸਿ = ਗੁਰੂ ਦੇ ਉਪਦੇਸ ਦੀ ਰਾਹੀਂ। ਹਿਰਦੈ = ਹਿਰਦੇ ਵਿਚ। ਸਾਸਿ = (ਹਰੇਕ) ਸਾਹ ਦੇ ਨਾਲ। ਗਿਰਾਸਿ = (ਹਰੇਕ) ਗਿਰਾਹੀ ਦੇ ਨਾਲ। ਧਿਆਈਐ = ਧਿਆਉਣਾ ਚਾਹੀਦਾ ਹੈ।1। ਰਹਾਉ।

ਵਿਟਹੁ = ਤੋਂ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ। ਅਨਦਿਨੁ = (Anuidnz) ਹਰ ਰੋਜ਼, ਹਰ ਵੇਲੇ। ਗਾਉ = ਗਾਉਂ, ਮੈਂ ਗਾਂਦਾ ਹਾਂ। ਕਰਉ = ਕਰਉਂ, ਮੈਂ ਕਰਦਾ ਹਾਂ। ਸਾਚੀ = ਸਦਾ ਕਾਇਮ ਰਹਿਣ ਵਾਲੀ। ਮਾਨੁ = ਆਦਰ।2।

ਬੋਹਿਥੁ = ਜਹਾਜ਼। ਭਵਜਲ = ਸੰਸਾਰ-ਸਮੁੰਦਰ। ਤਾਰਣਹਾਰੁ = ਪਾਰ ਲੰਘਾ ਸਕਣ ਵਾਲਾ। ਗੁਰਿ ਭੇਟਿਐ = ਜੇ ਗੁਰੂ ਮਿਲ ਪਏ। ਅਉਤਾਰੁ = ਜਨਮ। ਕਰਮਿ = ਬਖ਼ਸ਼ਸ਼ ਦੀ ਰਾਹੀਂ। ਧੁਰਿ = ਧੁਰ ਦਰਗਾਹ ਤੋਂ।3।

ਜੀਵਨਿ = ਜ਼ਿੰਦਗੀ। ਆਧਾਰੁ = ਆਸਰਾ। ਵਰਤਣਿ = ਹਥ-ਠੋਕਾ, ਹਰ ਵੇਲੇ ਦਾ ਸਹਾਰਾ। ਖਸਮੁ = ਮਾਲਕ। ਜਾ ਕੀ = ਜਿਸ ਦੀ। ਕੀਮ = ਕੀਮਤ।4।

ਅਰਥ: ਹੇ ਮੇਰੇ ਮਨ! ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਸਦਾ ਆਤਮਕ ਆਨੰਦ ਮਾਣ ਸਕੀਦਾ ਹੈ। ਗੁਰੂ ਦੇ ਉਪਦੇਸ ਨਾਲ ਪਰਮਾਤਮਾ ਹਿਰਦੇ ਵਿਚ ਆ ਵੱਸਦਾ ਹੈ। ਹੇ ਮਨ! (ਗੁਰੂ ਦੀ ਸਰਨ ਪੈ ਕੇ) ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਆਪਣੇ ਮਾਲਕ-ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।1। ਰਹਾਉ।

ਹੇ ਭਾਈ! ਗੁਰੂ ਦੀ ਸਰਨ ਪਿਆਂ (ਇਹ ਸਾਰਾ ਜਗਤ) ਪਰਮਾਤਮਾ ਦਾ ਖਿਲਾਰਾ ਦਿੱਸਦਾ ਹੈ, ਗੁਰੂ ਦੀ ਸਰਨ ਪਿਆਂ (ਇਹ ਭੀ ਦਿੱਸ ਪੈਂਦਾ ਹੈ ਕਿ ਇਹ) ਮਾਇਆ ਦੇ ਤਿੰਨਾਂ ਗੁਣਾਂ ਦਾ ਖਿਲਾਰਾ ਹੈ। ਹੇ ਭਾਈ! ਗੁਰੂ ਦੀ ਸਰਨ ਪੈਣਾ ਹੀ (ਜੋਗੀਆਂ ਦੇ) ਨਾਦ ਦਾ (ਅਤੇ ਪੰਡਿਤਾਂ ਦੇ) ਵੇਦ ਦਾ ਵਿਚਾਰ ਹੈ। ਪੂਰੇ ਗੁਰੂ ਦੀ ਸਰਨ ਤੋਂ ਬਿਨਾ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ (ਬਣਿਆ ਰਹਿੰਦਾ) ਹੈ।1।

ਹੇ ਭਾਈ! ਮੈਂ ਗੁਰੂ ਦੇ ਚਰਨਾਂ ਤੋਂ ਕੁਰਬਾਨ ਜਾਂਦਾ ਹਾਂ, ਮੈਂ ਹਰ ਵੇਲੇ ਸਦਾ ਗੁਰੂ ਦੇ ਗੁਣ ਗਾਂਦਾ ਹਾਂ, ਮੈਂ ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਹਾਂ। ਹੇ ਭਾਈ! (ਗੁਰੂ ਦੀ ਮਿਹਰ ਨਾਲ ਹੀ) ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਆਦਰ ਹਾਸਲ ਕਰੀਦਾ ਹੈ।2।

ਹੇ ਭਾਈ! ਗੁਰੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲਾ ਜਹਾਜ਼ ਹੈ। ਜੇ ਗੁਰੂ ਮਿਲ ਪਏ ਤਾਂ ਫਿਰ ਜੂਨਾਂ ਵਿਚ ਜਨਮ ਨਹੀਂ ਹੁੰਦਾ। ਪਰ ਉਹ ਮਨੁੱਖ (ਹੀ) ਗੁਰੂ ਦੀ ਸੇਵਾ (ਦਾ ਅਵਸਰ) ਪ੍ਰਾਪਤ ਕਰਦਾ ਹੈ, ਜਿਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ (ਪ੍ਰਭੂ ਦੀ) ਮਿਹਰ ਨਾਲ (ਇਹ ਲੇਖ) ਲਿਖਿਆ ਹੁੰਦਾ ਹੈ।3।

ਹੇ ਭਾਈ! ਗੁਰੂ (ਹੀ) ਮੇਰੀ ਜ਼ਿੰਦਗੀ ਹੈ, ਗੁਰੂ ਮੇਰਾ ਆਸਰਾ ਹੈ, ਗੁਰੂ ਹੀ ਮੇਰਾ ਹਰ ਵੇਲੇ ਦਾ ਸਹਾਰਾ ਹੈ, ਗੁਰੂ ਹੀ (ਮੇਰੇ ਮਨ ਨੂੰ ਢਾਰਸ ਦੇਣ ਵਾਲਾ) ਮੇਰਾ ਪਰਵਾਰ ਹੈ, ਗੁਰੂ ਮੇਰਾ ਰਾਖਾ ਹੈ, ਮੈਂ ਸਦਾ ਗੁਰੂ ਦੀ ਸਰਨ ਪਿਆ ਰਹਿੰਦਾ ਹਾਂ। ਹੇ ਨਾਨਕ! (ਆਖ– ਹੇ ਭਾਈ!) ਗੁਰੂ ਪਰਮਾਤਮਾ (ਦਾ ਰੂਪ) ਹੈ, ਜਿਸ ਦਾ ਮੁੱਲ ਨਹੀਂ ਪੈ ਸਕਦਾ।4।1। 19।

ਮਲਾਰ ਮਹਲਾ ੫ ॥ ਗੁਰ ਕੇ ਚਰਨ ਹਿਰਦੈ ਵਸਾਏ ॥ ਕਰਿ ਕਿਰਪਾ ਪ੍ਰਭਿ ਆਪਿ ਮਿਲਾਏ ॥ ਅਪਨੇ ਸੇਵਕ ਕਉ ਲਏ ਪ੍ਰਭੁ ਲਾਇ ॥ ਤਾ ਕੀ ਕੀਮਤਿ ਕਹੀ ਨ ਜਾਇ ॥੧॥ ਕਰਿ ਕਿਰਪਾ ਪੂਰਨ ਸੁਖਦਾਤੇ ॥ ਤੁਮ੍ਹ੍ਹਰੀ ਕ੍ਰਿਪਾ ਤੇ ਤੂੰ ਚਿਤਿ ਆਵਹਿ ਆਠ ਪਹਰ ਤੇਰੈ ਰੰਗਿ ਰਾਤੇ ॥੧॥ ਰਹਾਉ ॥ ਗਾਵਣੁ ਸੁਨਣੁ ਸਭੁ ਤੇਰਾ ਭਾਣਾ ॥ ਹੁਕਮੁ ਬੂਝੈ ਸੋ ਸਾਚਿ ਸਮਾਣਾ ॥ ਜਪਿ ਜਪਿ ਜੀਵਹਿ ਤੇਰਾ ਨਾਂਉ ॥ ਤੁਝ ਬਿਨੁ ਦੂਜਾ ਨਾਹੀ ਥਾਉ ॥੨॥ ਦੁਖ ਸੁਖ ਕਰਤੇ ਹੁਕਮੁ ਰਜਾਇ ॥ ਭਾਣੈ ਬਖਸ ਭਾਣੈ ਦੇਇ ਸਜਾਇ ॥ ਦੁਹਾਂ ਸਿਰਿਆਂ ਕਾ ਕਰਤਾ ਆਪਿ ॥ ਕੁਰਬਾਣੁ ਜਾਂਈ ਤੇਰੇ ਪਰਤਾਪ ॥੩॥ ਤੇਰੀ ਕੀਮਤਿ ਤੂਹੈ ਜਾਣਹਿ ॥ ਤੂ ਆਪੇ ਬੂਝਹਿ ਸੁਣਿ ਆਪਿ ਵਖਾਣਹਿ ॥ ਸੇਈ ਭਗਤ ਜੋ ਤੁਧੁ ਭਾਣੇ ॥ ਨਾਨਕ ਤਿਨ ਕੈ ਸਦ ਕੁਰਬਾਣੇ ॥੪॥੨॥੨੦॥ {ਪੰਨਾ 1270}

ਪਦ ਅਰਥ: ਹਿਰਦੈ = ਹਿਰਦੇ ਵਿਚ। ਵਸਾਏ = ਵਸਾਂਦਾ ਹੈ। ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਕਉ = ਨੂੰ। ਲਾਇ ਲਏ = (ਚਰਨਾਂ ਵਿਚ) ਜੋੜੀ ਰੱਖਦਾ ਹੈ। ਤਾ ਕੀ = ਉਸ (ਪ੍ਰਭੂ) ਦੀ।1।

ਕਰਿ ਕਿਰਪਾ = ਮਿਹਰ ਕਰ। ਪੂਰਨ = ਹੇ ਸਰਬ-ਵਿਆਪਕ! ਸੁਖਦਾਤੇ = ਹੇ ਸੁਖ ਦੇਣ ਵਾਲੇ! ਤੇ = ਤੋਂ, ਦੀ ਰਾਹੀਂ। ਚਿਤਿ = ਚਿੱਤ ਵਿਚ। ਤੇਰੈ ਰੰਗਿ = ਤੇਰੇ (ਪ੍ਰੇਮ-) ਰੰਗ ਵਿਚ। ਰਾਤੇ = ਰੰਗੇ ਰਹਿੰਦੇ ਹਨ।1। ਰਹਾਉ।

ਭਾਣਾ = ਰਜ਼ਾ, ਹੁਕਮ। ਸਾਚਿ = ਸਦਾ-ਥਿਰ ਹਰਿ-ਨਾਮ ਵਿਚ। ਜਪਿ = ਜਪ ਕੇ। ਜੀਵਹਿ = ਆਤਮਕ ਜੀਵਨ ਹਾਸਲ ਕਰਦੇ ਹਨ। ਥਾਉ = ਥਾਂ, ਆਸਰਾ।2।

ਕਰਤੇ ਹੁਕਮੁ = ਕਰਤਾਰ ਦਾ ਹੁਕਮ। ਕਰਤੇ ਰਜਾਇ = ਕਰਤਾਰ ਦੀ ਰਜ਼ਾ। ਭਾਣੈ = ਰਜ਼ਾ ਵਿਚ। ਬਖਸ = ਬਖ਼ਸ਼ਸ਼। ਦੇਇ = ਦੇਂਦਾ ਹੈ। ਦੁਹਾਂ ਸਿਰਿਆਂ ਕਾ = (ਬਖ਼ਸ਼ਸ਼ ਅਤੇ ਸਜ਼ਾ = ਇਹਨਾਂ) ਦੋਹਾਂ ਪਾਸਿਆਂ ਦਾ। ਜਾਂਈ = ਮੈਂ ਜਾਂਦਾ ਹਾਂ।3।

ਤੂ ਹੈ– ਤੂੰ ਹੀ। ਬੂਝਹਿ = ਸਮਝਦਾ ਹੈਂ। ਸੁਣਿ = ਸੁਣ ਕੇ। ਸੇਈ = ਉਹ (ਮਨੁੱਖ) ਹੀ (ਬਹੁ-ਵਚਨ) । ਤੁਧੁ = ਤੈਨੂੰ। ਭਾਣੇ = ਚੰਗੇ ਲੱਗਦੇ ਹਨ। ਤਿਨ ਕੈ = ਉਹਨਾਂ ਤੋਂ। ਸਦ = ਸਦਾ।4।

ਅਰਥ: ਹੇ ਸਰਬ-ਵਿਆਪਕ! ਹੇ ਸੁਖ ਦੇਣ ਵਾਲੇ ਪ੍ਰਭੂ! ਮਿਹਰ ਕਰ (ਮੇਰੇ ਚਿੱਤ ਵਿਚ ਆ ਵੱਸ) , ਤੂੰ ਆਪਣੀ ਮਿਹਰ ਨਾਲ ਹੀ (ਜੀਵਾਂ ਦੇ) ਚਿੱਤ ਵਿਚ ਆਉਂਦਾ ਹੈਂ, (ਜਿਨ੍ਹਾਂ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ, ਉਹ) ਅੱਠੇ ਪਹਰ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।1। ਰਹਾਉ।

ਹੇ ਭਾਈ! (ਪ੍ਰਭੂ ਦਾ ਸੇਵਕ) ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ (ਇਹ ਭੀ ਪ੍ਰਭੂ ਦੀ ਆਪਣੀ ਹੀ ਮਿਹਰ ਹੁੰਦੀ ਹੈ) ਪ੍ਰਭੂ ਨੇ ਆਪ (ਹੀ) ਮਿਹਰ ਕਰ ਕੇ (ਉਸ ਨੂੰ ਗੁਰੂ ਚਰਨਾਂ ਵਿਚ) ਜੋੜਿਆ ਹੁੰਦਾ ਹੈ। ਹੇ ਭਾਈ! ਪ੍ਰਭੂ ਆਪਣੇ ਸੇਵਕ ਨੂੰ (ਚਰਨਾਂ ਵਿਚ) ਜੋੜੀ ਰੱਖਦਾ ਹੈ, ਉਸ (ਮਾਲਕ ਦਾ) ਵਡੱਪਣ ਬਿਆਨ ਨਹੀਂ ਕੀਤਾ ਜਾ ਸਕਦਾ।1।

ਹੇ ਪ੍ਰਭੂ! ਜਦੋਂ ਤੇਰੀ ਰਜ਼ਾ ਹੁੰਦੀ ਹੈ ਤਦੋਂ ਹੀ ਤੇਰੀ ਸਿਫ਼ਤਿ-ਸਾਲਾਹ ਗਾਈ ਜਾ ਸਕਦੀ ਹੈ ਤੇਰਾ ਨਾਮ ਸੁਣਿਆ ਜਾ ਸਕਦਾ ਹੈ। (ਜਿਹੜਾ ਮਨੁੱਖ ਤੇਰੇ) ਹੁਕਮ ਨੂੰ ਸਮਝਦਾ ਹੈ, ਉਹ (ਤੇਰੇ) ਸਦਾ-ਥਿਰ ਨਾਮ ਵਿਚ ਲੀਨ ਰਹਿੰਦਾ ਹੈ। ਹੇ ਪ੍ਰਭੂ! (ਤੇਰੇ ਸੇਵਕ) ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਹਨਾਂ ਨੂੰ ਤੈਥੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਹੁੰਦਾ।2।

ਹੇ ਭਾਈ! ਇਹ ਕਰਤਾਰ ਦਾ ਹੁਕਮ ਹੈ ਕਰਤਾਰ ਦੀ ਰਜ਼ਾ ਹੈ (ਕਦੇ) ਦੁੱਖ (ਕਦੇ) ਸੁਖ (ਦੇਂਦਾ ਹੈ) । ਆਪਣੀ ਰਜ਼ਾ ਵਿਚ (ਕਿਸੇ ਉੱਤੇ) ਬਖ਼ਸ਼ਸ਼ (ਕਰਦਾ ਹੈ, ਕਿਸੇ ਨੂੰ) ਸਜ਼ਾ ਦੇਂਦਾ ਹੈ। (ਬਖ਼ਸ਼ਸ਼ ਅਤੇ ਸਜ਼ਾ = ਇਹਨਾਂ) ਦੋਹਾਂ ਪਾਸਿਆਂ ਦਾ ਕਰਤਾਰ ਆਪ ਹੀ ਮਾਲਕ ਹੈ। ਹੇ ਪ੍ਰਭੂ! ਤੇਰੇ (ਇਤਨੇ ਵੱਡੇ) ਪਰਤਾਪ ਤੋਂ ਮੈਂ ਸਦਕੇ ਜਾਂਦਾ ਹਾਂ।3।

ਹੇ ਪ੍ਰਭੂ! (ਤੂੰ ਕਿਤਨਾ ਵੱਡਾ ਹੈਂ = ਆਪਣੀ ਇਹ) ਕੀਮਤ ਤੂੰ ਆਪ ਹੀ ਜਾਣਦਾ ਹੈਂ। ਤੂੰ ਆਪ ਹੀ (ਆਪਣੀ ਰਜ਼ਾ ਨੂੰ) ਸਮਝਦਾ ਹੈਂ, (ਆਪਣੇ ਹੁਕਮ ਨੂੰ) ਸੁਣ ਕੇ ਤੂੰ ਆਪ ਹੀ (ਉਸ ਦੀ) ਵਿਆਖਿਆ ਕਰਦਾ ਹੈਂ। ਹੇ ਪ੍ਰਭੂ! ਉਹੀ ਮਨੁੱਖ ਤੇਰੇ (ਅਸਲ) ਭਗਤ ਹਨ ਜਿਹੜੇ ਤੈਨੂੰ ਚੰਗੇ ਲੱਗਦੇ ਹਨ। ਹੇ ਨਾਨਕ! (ਆਖ– ਹੇ ਪ੍ਰਭੂ!) ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ।4।2। 20।

TOP OF PAGE

Sri Guru Granth Darpan, by Professor Sahib Singh