ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1271

ਮਲਾਰ ਮਹਲਾ ੫ ॥ ਪਰਮੇਸਰੁ ਹੋਆ ਦਇਆਲੁ ॥ ਮੇਘੁ ਵਰਸੈ ਅੰਮ੍ਰਿਤ ਧਾਰ ॥ ਸਗਲੇ ਜੀਅ ਜੰਤ ਤ੍ਰਿਪਤਾਸੇ ॥ ਕਾਰਜ ਆਏ ਪੂਰੇ ਰਾਸੇ ॥੧॥ ਸਦਾ ਸਦਾ ਮਨ ਨਾਮੁ ਸਮ੍ਹ੍ਹਾਲਿ ॥ ਗੁਰ ਪੂਰੇ ਕੀ ਸੇਵਾ ਪਾਇਆ ਐਥੈ ਓਥੈ ਨਿਬਹੈ ਨਾਲਿ ॥੧॥ ਰਹਾਉ ॥ ਦੁਖੁ ਭੰਨਾ ਭੈ ਭੰਜਨਹਾਰ ॥ ਆਪਣਿਆ ਜੀਆ ਕੀ ਕੀਤੀ ਸਾਰ ॥ ਰਾਖਨਹਾਰ ਸਦਾ ਮਿਹਰਵਾਨ ॥ ਸਦਾ ਸਦਾ ਜਾਈਐ ਕੁਰਬਾਨ ॥੨॥ ਕਾਲੁ ਗਵਾਇਆ ਕਰਤੈ ਆਪਿ ॥ ਸਦਾ ਸਦਾ ਮਨ ਤਿਸ ਨੋ ਜਾਪਿ ॥ ਦ੍ਰਿਸਟਿ ਧਾਰਿ ਰਾਖੇ ਸਭਿ ਜੰਤ ॥ ਗੁਣ ਗਾਵਹੁ ਨਿਤ ਨਿਤ ਭਗਵੰਤ ॥੩॥ ਏਕੋ ਕਰਤਾ ਆਪੇ ਆਪ ॥ ਹਰਿ ਕੇ ਭਗਤ ਜਾਣਹਿ ਪਰਤਾਪ ॥ ਨਾਵੈ ਕੀ ਪੈਜ ਰਖਦਾ ਆਇਆ ॥ ਨਾਨਕੁ ਬੋਲੈ ਤਿਸ ਕਾ ਬੋਲਾਇਆ ॥੪॥੩॥੨੧॥ {ਪੰਨਾ 1271}

ਪਦ ਅਰਥ: ਪਰਮੇਸਰੁ = ਪਰਮ-ਈਸਰੁ, ਸਭ ਤੋਂ ਵੱਡਾ ਮਾਲਕ-ਪ੍ਰਭੂ। ਦਇਆਲੁ = ਦਇਆਵਾਨ। ਮੇਘੁ = ਬੱਦਲ, ਨਾਮ-ਜਲ ਨਾਲ ਭਰਪੂਰ ਗੁਰ-ਉਪਦੇਸ਼। ਵਰਸੈ = ਵਰਖਾ ਕਰਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤ੍ਰਿਪਤਾਸੇ = ਰੱਜ ਜਾਂਦੇ ਹਨ। ਆਏ ਰਾਸੇ = ਰਾਸਿ ਆਏ, ਸਿਰੇ ਚੜ੍ਹ ਜਾਂਦੇ ਹਨ।1।

ਮਨ = ਹੇ ਮਨ! ਸਮ੍ਹ੍ਹਾਲਿ = ਸੰਭਾਲ, ਯਾਦ ਕਰਦਾ ਰਹੁ। ਸੇਵਾ = ਸਰਨ। ਐਥੈ ਓਥੈ = ਇਸ ਲੋਕ ਅਤੇ ਪਰਲੋਕ ਵਿਚ।1। ਰਹਾਉ।

ਭੰਨਾ = ਭੰਨ ਦਿੱਤਾ, ਦੂਰ ਕਰ ਦਿੱਤਾ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਸਾਰ = ਸੰਭਾਲ। ਰਾਖਣਹਾਰ = ਰੱਖਿਆ ਕਰ ਸਕਣ ਵਾਲਾ। ਜਾਈਐ = ਜਾਣਾ ਚਾਹੀਦਾ ਹੈ।2।

ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਕਰਤੈ = ਕਰਤਾਰ ਨੇ। ਮਨ = ਹੇ ਮਨ! ਤਿਸ ਨੋ = (ਸੰਬੰਧਕ 'ਨੋ' ਦੇ ਕਾਰਨ 'ਲਫ਼ਜ਼' ਤਿਸੁ ਦਾ ੁ ਉੱਡ ਗਿਆ ਹੈ) । ਜਪਿ = ਜਪਿਆ ਕਰ। ਦ੍ਰਿਸਟਿ = ਮਿਹਰ ਦੀ ਨਿਗਾਹ। ਧਾਰਿ = ਧਾਰ ਕੇ, ਕਰ ਕੇ। ਸਭਿ = ਸਾਰੇ। ਨਿਤ = ਸਦਾ।3।

ਆਪੇ = ਆਪ ਹੀ। ਜਾਣਹਿ = ਜਾਣਦੇ ਹਨ (ਬਹੁ-ਵਚਨ) । ਨਾਵੈ ਕੀ ਪੈਜ = ਨਾਮ ਦੀ ਲਾਜ। ਨਾਨਕੁ = (ਕਰਤਾ ਕਾਰਕ, ਇਕ-ਵਚਨ) । ਨਾਨਕੁ ਬੋਲੈ = ਨਾਨਕ ਬੋਲਦਾ ਹੈ। ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) ।4।

ਅਰਥ: ਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੁ (ਇਹ ਨਾਮ) ਪੂਰੇ ਗੁਰੂ ਦੀ ਸਰਨ ਪਿਆਂ ਮਿਲਦਾ ਹੈ, ਅਤੇ ਇਸ ਲੋਕ ਤੇ ਪਰਲੋਕ ਵਿਚ (ਜੀਵ ਦੇ ਨਾਲ) ਸਾਥ ਦੇਂਦਾ ਹੈ।1। ਰਹਾਉ।

ਹੇ ਭਾਈ! (ਜਿਸ ਮਨੁੱਖ ਉੱਤੇ) ਪਰਮਾਤਮਾ ਦਇਆਵਾਨ ਹੁੰਦਾ ਹੈ (ਉਸ ਦੇ ਹਿਰਦੇ ਵਿਚ ਗੁਰੂ ਦਾ ਉਪਦੇਸ਼-) ਬੱਦਲ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ। (ਜਿਨ੍ਹਾਂ ਉੱਤੇ ਇਹ ਵਰਖਾ ਹੁੰਦੀ ਹੈ, ਉਹ) ਸਾਰੇ ਜੀਵ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ। ਉਹਨਾਂ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।1।

ਹੇ ਭਾਈ! ਰੱਖਿਆ ਕਰਨ ਦੀ ਸਮਰਥਾ ਵਾਲਾ ਪਰਮਾਤਮਾ (ਜੀਵਾਂ ਉੱਤੇ) ਸਦਾ ਦਇਆਵਾਨ ਰਹਿੰਦਾ ਹੈ, ਉਸ ਦੇ (ਚਰਨਾਂ) ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ। (ਜੀਵਾਂ ਦੇ) ਸਾਰੇ ਡਰ ਨਾਸ ਕਰ ਸਕਣ ਵਾਲੇ ਉਸ ਪ੍ਰਭੂ ਨੇ ਆਪਣੇ ਪੈਦਾ ਕੀਤੇ ਜੀਵਾਂ ਦੀ ਸਦਾ ਸੰਭਾਲ ਕੀਤੀ ਹੈ, ਤੇ (ਜੀਵਾਂ ਦਾ) ਹਰੇਕ ਦੁੱਖ ਦੂਰ ਕੀਤਾ ਹੈ।2।

ਹੇ ਮਨ! ਸਦਾ ਹੀ ਸਦਾ ਹੀ ਉਸ ਪਰਮਾਤਮਾ ਦਾ ਨਾਮ ਜਪਿਆ ਕਰ, (ਜਿਸ ਨੇ ਭੀ ਨਾਮ ਜਪਿਆ ਹੈ) ਕਰਤਾਰ ਨੇ (ਉਸ ਦੇ ਸਿਰ ਤੋਂ ਆਤਮਕ) ਮੌਤ ਦੂਰ ਕਰ ਦਿੱਤੀ। ਹੇ ਭਾਈ! ਭਗਵਾਨ ਦੇ ਗੁਣ ਸਦਾ ਹੀ ਗਾਂਦੇ ਰਹੋ। (ਉਸ ਭਗਵਾਨ ਨੇ) ਮਿਹਰ ਦੀ ਨਿਗਾਹ ਕਰ ਕੇ ਸਾਰੇ ਜੀਵਾਂ ਦੀ (ਸਦਾ) ਰੱਖਿਆ ਕੀਤੀ ਹੈ।3।

ਹੇ ਭਾਈ! ਕਰਤਾਰ ਆਪ ਹੀ ਆਪ (ਹਰ ਥਾਂ ਮੌਜੂਦ) ਹੈ ਉਸਦੇ ਭਗਤ ਉਸ ਦਾ ਤੇਜ-ਪਰਤਾਪ ਜਾਣਦੇ ਹਨ। (ਉਹ ਸਰਨ-ਜੋਗ ਹੈ, ਸਰਨ ਪਿਆਂ ਦੀ ਬਾਂਹ ਫੜਦਾ ਹੈ, ਆਪਣੇ ਇਸ) ਨਾਮ ਦੀ ਲਾਜ ਉਹ (ਸਦਾ ਹੀ) ਰੱਖਦਾ ਆ ਰਿਹਾ ਹੈ। ਉਸ ਦਾ ਦਾਸ ਨਾਨਕ ਉਸ (ਕਰਤਾਰ) ਦਾ ਪਰੇਰਿਆ ਹੋਇਆ ਹੀ (ਉਸਦੀ ਸਿਫ਼ਤਿ-ਸਾਲਾਹ ਦਾ ਬੋਲ) ਬੋਲਦਾ ਹੈ।4।3। 21।

ਮਲਾਰ ਮਹਲਾ ੫ ॥ ਗੁਰ ਸਰਣਾਈ ਸਗਲ ਨਿਧਾਨ ॥ ਸਾਚੀ ਦਰਗਹਿ ਪਾਈਐ ਮਾਨੁ ॥ ਭ੍ਰਮੁ ਭਉ ਦੂਖੁ ਦਰਦੁ ਸਭੁ ਜਾਇ ॥ ਸਾਧਸੰਗਿ ਸਦ ਹਰਿ ਗੁਣ ਗਾਇ ॥੧॥ ਮਨ ਮੇਰੇ ਗੁਰੁ ਪੂਰਾ ਸਾਲਾਹਿ ॥ ਨਾਮੁ ਨਿਧਾਨੁ ਜਪਹੁ ਦਿਨੁ ਰਾਤੀ ਮਨ ਚਿੰਦੇ ਫਲ ਪਾਇ ॥੧॥ ਰਹਾਉ ॥ ਸਤਿਗੁਰ ਜੇਵਡੁ ਅਵਰੁ ਨ ਕੋਇ ॥ ਗੁਰੁ ਪਾਰਬ੍ਰਹਮੁ ਪਰਮੇਸਰੁ ਸੋਇ ॥ ਜਨਮ ਮਰਣ ਦੂਖ ਤੇ ਰਾਖੈ ॥ ਮਾਇਆ ਬਿਖੁ ਫਿਰਿ ਬਹੁੜਿ ਨ ਚਾਖੈ ॥੨॥ ਗੁਰ ਕੀ ਮਹਿਮਾ ਕਥਨੁ ਨ ਜਾਇ ॥ ਗੁਰੁ ਪਰਮੇਸਰੁ ਸਾਚੈ ਨਾਇ ॥ ਸਚੁ ਸੰਜਮੁ ਕਰਣੀ ਸਭੁ ਸਾਚੀ ॥ ਸੋ ਮਨੁ ਨਿਰਮਲੁ ਜੋ ਗੁਰ ਸੰਗਿ ਰਾਚੀ ॥੩॥ ਗੁਰੁ ਪੂਰਾ ਪਾਈਐ ਵਡ ਭਾਗਿ ॥ ਕਾਮੁ ਕ੍ਰੋਧੁ ਲੋਭੁ ਮਨ ਤੇ ਤਿਆਗਿ ॥ ਕਰਿ ਕਿਰਪਾ ਗੁਰ ਚਰਣ ਨਿਵਾਸਿ ॥ ਨਾਨਕ ਕੀ ਪ੍ਰਭ ਸਚੁ ਅਰਦਾਸਿ ॥੪॥੪॥੨੨॥ {ਪੰਨਾ 1271}

ਪਦ ਅਰਥ: ਨਿਧਾਨ = ਖ਼ਜ਼ਾਨੇ (ਬਹੁ-ਵਚਨ। ਨਿਧਾਨੁ = ਖ਼ਜ਼ਾਨਾ) । ਸਾਚੀ = ਸਦਾ ਕਾਇਮ ਰਹਿਣ ਵਾਲੀ। ਮਾਨੁ = ਆਦਰ। ਜਾਇ = ਦੂਰ ਹੋ ਜਾਂਦਾ ਹੈ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਗਾਇ = ਗਾਇਆ ਕਰ।1।

ਮਨ = ਹੇ ਮਨ! ਸਾਲਾਹਿ = ਸਾਲਾਹਿਆ ਕਰ। ਮਨ ਚਿੰਦੇ = ਮਨ-ਇੱਛਤ, ਮਨ-ਮੰਗੇ। ਪਾਇ = ਪਾਂਦਾ ਹੈ।1। ਰਹਾਉ।

ਜੇਵਡੁ = ਜੇਡਾ ਵੱਡਾ। ਤੇ = ਤੋਂ। ਰਾਖੈ = ਬਚਾਂਦਾ ਹੈ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਬਹੁੜਿ = ਮੁੜ। ਨਾ ਚਾਖੈ = ਨਹੀਂ ਚੱਖਦਾ, ਸੁਆਦ ਲਾ ਲਾ ਨਹੀਂ ਖਾਂਦਾ।2।

ਮਹਿਮਾ = ਵਡਿਆਈ। ਸਾਚੈ ਨਾਇ = ਸਦਾ ਕਾਇਮ ਰਹਿਣ ਵਾਲੇ ਨਾਮ ਵਿਚ (ਟਿਕਿਆ ਰਹਿੰਦਾ ਹੈ) । ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ) । ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਤੋਂ ਬਚਾਣ ਦਾ ਜਤਨ। ਕਰਣੀ = (krxIX) ਕਰਤੱਬ। ਸਾਚੀ = ਸਦਾ ਕਾਇਮ ਰਹਿਣ ਵਾਲੀ ਸਿਫ਼ਤਿ-ਸਾਲਾਹ। ਗੁਰ ਸੰਗਿ = ਗੁਰੂ ਦੀ ਸੰਗਤਿ ਵਿਚ।3।

ਵਡਭਾਗਿ = ਵੱਡੀ ਕਿਸਮਤ ਨਾਲ। ਪਾਈਐ = ਮਿਲਦਾ ਹੈ। ਮਨ ਤੇ = ਮਨ ਤੋਂ, ਮਨ ਵਿਚੋਂ। ਤਿਆਗਿ = ਤਿਆਗ ਕੇ, ਦੂਰ ਕਰਕੇ। ਕਰਿ = ਕਰ ਕੇ। ਨਿਵਾਸਿ = ਟਿਕਾਈ ਰੱਖ। ਸਚੁ = ਸਦਾ-ਥਿਰ ਹਰਿ-ਨਾਮ।4।

ਅਰਥ: ਹੇ ਮੇਰੇ ਮਨ! ਪੂਰੇ ਗੁਰੂ ਦੀ (ਸਦਾ) ਸਿਫ਼ਤਿ-ਸਾਲਾਹ ਕਰਿਆ ਕਰ। (ਗੁਰੂ ਦੀ ਸਰਨ ਪੈ ਕੇ) ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ ਕਰ (ਇਹੀ ਹੈ ਸਾਰੇ ਸੁਖਾਂ ਦਾ) ਖ਼ਜ਼ਾਨਾ। (ਜਿਹੜਾ ਮਨੁੱਖ ਜਪਦਾ ਹੈ, ਉਹ) ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ।1। ਰਹਾਉ।

ਹੇ ਭਾਈ! ਗੁਰੂ ਦੀ ਸਰਨ ਪਏ ਰਿਹਾਂ ਸਾਰੇ ਖ਼ਜ਼ਾਨੇ (ਮਿਲ ਜਾਂਦੇ ਹਨ) ; ਸਦਾ ਕਾਇਮ ਰਹਿਣ ਵਾਲੀ ਰੱਬੀ ਦਰਗਾਹ ਵਿਚ ਆਦਰ ਮਿਲਦਾ ਹੈ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਹਿ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ (ਜਿਹੜਾ ਮਨੁੱਖ ਗਾਂਦਾ ਹੈ, ਉਸ ਦਾ) ਭਰਮ; ਡਰ, ਹਰੇਕ ਦੁੱਖ-ਦਰਦ ਦੂਰ ਹੋ ਜਾਂਦਾ ਹੈ।1।

ਹੇ ਭਾਈ! (ਬਖ਼ਸ਼ਸ਼ਾਂ ਕਰਨ ਵਿਚ) ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ। ਉਹ ਗੁਰੂ ਪਾਰਬ੍ਰਹਮ ਹੈ, ਗੁਰੂ ਪਰਮੇਸਰ ਹੈ। ਗੁਰੂ ਜੰਮਣ ਮਰਨ ਦੇ ਗੇੜ ਦੇ ਦੁੱਖਾਂ ਤੋਂ ਬਚਾਂਦਾ ਹੈ। (ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਰ ਨੂੰ ਮੁੜ ਮੁੜ ਸੁਆਦ ਲਾ ਲਾ ਕੇ ਨਹੀਂ ਚੱਖਦਾ ਰਹਿੰਦਾ।2।

ਹੇ ਭਾਈ! ਗੁਰੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਪਰਮੇਸਰ (ਦਾ ਰੂਪ) ਹੈ, ਗੁਰੂ (ਪਰਮਾਤਮਾ ਦੇ) ਸਦਾ ਕਾਇਮ ਰਹਿਣ ਵਾਲੇ ਨਾਮ ਵਿਚ (ਲੀਨ ਰਹਿੰਦਾ ਹੈ) । ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ = ਇਹੀ ਹੈ ਗੁਰੂ ਦਾ ਸੰਜਮ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ = ਇਹੀ ਹੈ ਗੁਰੂ ਦੀ ਕਰਣੀ। ਜਿਹੜਾ ਮਨ ਗੁਰੂ ਦੀ ਸੰਗਤਿ ਵਿਚ ਮਸਤ ਰਹਿੰਦਾ ਹੈ ਉਹ ਮਨ ਪਵਿੱਤਰ ਹੋ ਜਾਂਦਾ ਹੈ।3।

ਹੇ ਭਾਈ! ਪੂਰਾ ਗੁਰੂ ਵੱਡੀ ਕਿਸਮਤ ਨਾਲ ਮਿਲਦਾ ਹੈ, (ਜਿਸ ਨੂੰ ਮਿਲਦਾ ਹੈ, ਉਹ ਮਨੁੱਖ ਆਪਣੇ) ਮਨ ਵਿਚੋਂ ਕਾਮ ਕ੍ਰੋਧ ਲੋਭ (ਆਦਿਕ ਵਿਕਾਰ) ਦੂਰ ਕਰ ਕੇ (ਗੁਰੂ ਦੀ ਸਰਨ ਪਿਆ ਰਹਿੰਦਾ ਹੈ) । ਹੇ ਪ੍ਰਭੂ! (ਤੇਰੇ ਸੇਵਕ) ਨਾਨਕ ਦੀ ਇਹ ਅਰਦਾਸ ਹੈ ਕਿ ਮਿਹਰ ਕਰ ਕੇ (ਮੈਨੂੰ) ਗੁਰੂ ਦੇ ਚਰਨਾਂ ਵਿਚ ਟਿਕਾਈ ਰੱਖ, ਤੇ, ਆਪਣਾ ਸਦਾ-ਥਿਰ ਨਾਮ ਬਖ਼ਸ਼।4। 4। 22।

ਰਾਗੁ ਮਲਾਰ ਮਹਲਾ ੫ ਪੜਤਾਲ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗੁ ਕੀਆ ॥ ਕੀਨੋ ਰੀ ਸਗਲ ਸੀਗਾਰ ॥ ਤਜਿਓ ਰੀ ਸਗਲ ਬਿਕਾਰ ॥ ਧਾਵਤੋ ਅਸਥਿਰੁ ਥੀਆ ॥੧॥ ਰਹਾਉ ॥ ਐਸੇ ਰੇ ਮਨ ਪਾਇ ਕੈ ਆਪੁ ਗਵਾਇ ਕੈ ਕਰਿ ਸਾਧਨ ਸਿਉ ਸੰਗੁ ॥ ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ ॥੧॥ ਐਸੀ ਤੇਰੇ ਦਰਸਨ ਕੀ ਸੋਭ ਅਤਿ ਅਪਾਰ ਪ੍ਰਿਅ ਅਮੋਘ ਤੈਸੇ ਹੀ ਸੰਗਿ ਸੰਤ ਬਨੇ ॥ ਭਵ ਉਤਾਰ ਨਾਮ ਭਨੇ ॥ ਰਮ ਰਾਮ ਰਾਮ ਮਾਲ ॥ ਮਨਿ ਫੇਰਤੇ ਹਰਿ ਸੰਗਿ ਸੰਗੀਆ ॥ ਜਨ ਨਾਨਕ ਪ੍ਰਿਉ ਪ੍ਰੀਤਮੁ ਥੀਆ ॥੨॥੧॥੨੩॥ {ਪੰਨਾ 1271}

ਨੋਟ: ਪੜਤਾਲ = ਜਿੱਥੇ ਕਈ ਤਾਲ ਮੁੜ ਮੁੜ ਪਰਤਾਏ ਜਾਂਦੇ ਹਨ।

ਪਦ ਅਰਥ: ਰਿ = ਰੀ, ਹੇ ਸਖੀ! ਗੁਰ ਮਨਾ = ਗੁਰੂ ਨੂੰ ਮਨਾ ਕੇ, ਗੁਰੂ ਨੂੰ ਪ੍ਰਸੰਨ ਕਰ ਕੇ। ਪ੍ਰਿਅ ਸਿਉ = ਪਿਆਰੇ ਨਾਲ। ਪ੍ਰਿਅ ਦਇਆਰ ਸਿਉ = ਪਿਆਰੇ ਦਇਆਲ ਪ੍ਰਭੂ ਨਾਲ। ਰੰਗੁ ਕੀਆ = ਆਤਮਕ ਆਨੰਦ ਮਾਣਿਆ। ਰੀ = ਹੇ ਸਖੀ! ਸਗਲ ਸੀਗਾਰ = ਸਾਰੇ (ਆਤਮਕ) ਸੁਹਜ। ਧਾਵਤੋ = ਭਟਕਦਾ (ਮਨ) । ਅਸਥਿਰੁ ਥੀਆ = ਅਡੋਲ ਹੋ ਗਿਆ; ਟਿਕ ਗਿਆ।1।

ਐਸੇ = ਇਸ ਤਰ੍ਹਾਂ। ਆਪੁ = ਆਪਾ-ਭਾਵ। ਗਵਾਇ ਕੈ = ਦੂਰ ਕਰ ਕੇ। ਸੰਗੁ = ਸਾਥ, ਮੇਲ-ਜੋਲ। ਬਜਹਿ = ਵੱਜ ਪੈਂਦੇ ਹਨ। ਮ੍ਰਿਦੰਗ = ਢੋਲ। ਅਨਾਹਦ = (ਅਨ-ਆਹਤ) ਬਿਨਾ ਵਜਾਏ, ਇਕ-ਰਸ। ਕੋਕਿਲ = ਕੋਇਲ। ਮਧੁਰ ਬੈਨ = ਮਿੱਠੇ ਬਚਨ। ਸੁਹੀਆ = ਸੋਹਣੇ।1।

ਸੋਭ = ਸੋਭਾ, ਵਡਿਆਈ। ਅਤਿ ਅਪਾਰ = ਬਹੁਤ ਬੇਅੰਤ। ਪ੍ਰਿਅ = ਹੇ ਪਿਆਰੇ ਪ੍ਰਭੂ! ਅਮੋਘ = ਸਫਲ, ਸਫਲਤਾ ਦੇ ਨਿਸ਼ਾਨੇ ਤੋਂ ਨਾਹ ਉੱਕਣ ਵਾਲੀ। ਸੰਗਿ = (ਤੇਰੇ) ਨਾਲ। ਬਨੇ = ਬਣ ਜਾਂਦੇ ਹਨ। ਭਵ = ਸੰਸਾਰ-ਸਮੁੰਦਰ। ਭਵ ਉਤਾਰ ਨਾਮ = ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਨਾਮ। ਭਨੇ = ਭਨਿ, ਉਚਾਰ ਕੇ। ਰਮ = ਸੁੰਦਰ। ਮਨਿ = ਮਨ ਵਿਚ। ਹਰਿ ਸੰਗਿ = ਹਰੀ ਦੇ ਨਾਲ। ਸੰਗੀਆ = ਸਾਥੀ। ਪ੍ਰਿਉ = ਪਿਆਰਾ ਪ੍ਰਭੂ। ਥੀਆ = ਹੋ ਜਾਂਦਾ ਹੈ। ਪ੍ਰੀਤਮੁ ਥੀਆ = ਪਿਆਰਾ ਹੋ ਜਾਂਦਾ ਹੈ।2।

ਅਰਥ: ਹੇ ਸਖੀ! (ਜਿਸ ਜੀਵ-ਇਸਤ੍ਰੀ ਨੇ ਆਪਣੇ) ਗੁਰੂ ਦੀ ਪ੍ਰਸੰਨਤਾ ਹਾਸਲ ਕਰ ਕੇ ਦਇਆ ਦੇ ਸੋਮੇ ਪਿਆਰੇ ਪ੍ਰਭੂ ਨਾਲ ਆਤਮਕ ਅਨੰਦ ਮਾਨਣਾ ਸ਼ੁਰੂ ਕਰ ਦਿੱਤਾ, ਉਸ ਨੇ ਸਾਰੇ (ਆਤਮਕ) ਸਿੰਗਾਰ ਕਰ ਲਏ (ਭਾਵ, ਉਸ ਦੇ ਅੰਦਰ ਉੱਚੇ ਆਤਮਕ ਗੁਣ ਪੈਦਾ ਹੋ ਗਏ) , ਉਸ ਨੇ ਸਾਰੇ ਵਿਕਾਰ ਤਿਆਗ ਦਿੱਤੇ, ਉਸ ਦਾ (ਪਹਿਲਾ) ਭਟਕਦਾ ਮਨ ਡੋਲਣੋਂ ਹਟ ਗਿਆ।1। ਰਹਾਉ।

ਹੇ (ਮੇਰੇ) ਮਨ! ਤੂੰ ਭੀ ਇਸੇ ਤਰ੍ਹਾਂ (ਪ੍ਰਭੂ ਦਾ ਮਿਲਾਪ) ਹਾਸਲ ਕਰ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਸੰਤ ਜਨਾਂ ਨਾਲ ਸੰਗਤਿ ਕਰਿਆ ਕਰ (ਤੇਰੇ ਅੰਦਰ ਐਸਾ ਆਨੰਦ ਬਣਿਆ ਰਹੇਗਾ, ਜਿਵੇਂ) ਇਕ-ਰਸ ਢੋਲ ਆਦਿਕ ਸਾਜ਼ ਵੱਜ ਰਹੇ ਹਨ, (ਤੇਰੀ ਜੀਭ ਇਉਂ) ਪਰਮਾਤਮਾ ਦਾ ਨਾਮ (ਉਚਾਰਿਆ ਕਰੇਗੀ, ਜਿਵੇਂ) ਕੋਇਲ ਮਿੱਠੇ ਅਤੇ ਬੜੇ ਸੁੰਦਰ ਬੋਲ ਬੋਲਦੀ ਹੈ।1।

ਹੇ ਪਿਆਰੇ ਪ੍ਰਭੂ! ਹੇ ਬਹੁਤ ਬੇਅੰਤ ਪ੍ਰਭੂ! ਤੇਰੇ ਦਰਸਨ ਦੀ ਵਡਿਆਈ ਅਜਿਹੀ ਹੈ ਕਿ ਸਫਲਤਾ ਦੇ ਨਿਸ਼ਾਨੇ ਤੋਂ ਉੱਕਦੀ ਨਹੀਂ। ਸੰਸਾਰ-ਸਮੁੰਦਰ ਤੋਂ ਪਾਰ ਕਰਨ ਵਾਲਾ ਤੇਰਾ ਨਾਮ ਜਪ ਜਪ ਕੇ ਤੇਰੇ ਸੰਤ ਭੀ ਤੇਰੇ ਚਰਨਾਂ ਵਿਚ ਜੁੜ ਕੇ (ਤੇਰੇ ਵਰਗੇ) ਬਣ ਜਾਂਦੇ ਹਨ। ਹੇ ਨਾਨਕ! ਜਿਹੜੇ ਸੇਵਕ ਪਰਮਾਤਮਾ ਦੇ ਨਾਮ ਦੀ ਸੁੰਦਰ ਮਾਲਾ ਆਪਣੇ ਮਨ ਵਿਚ ਫੇਰਦੇ ਰਹਿੰਦੇ ਹਨ, ਉਹ ਪਰਮਾਤਮਾ ਦੇ ਨਾਲ (ਟਿਕੇ ਰਹਿਣ ਵਾਲੇ) ਸਾਥੀ ਬਣ ਜਾਂਦੇ ਹਨ, ਪ੍ਰਭੂ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।2।1। 23।

TOP OF PAGE

Sri Guru Granth Darpan, by Professor Sahib Singh