ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1272

ਮਲਾਰ ਮਹਲਾ ੫ ॥ ਮਨੁ ਘਨੈ ਭ੍ਰਮੈ ਬਨੈ ॥ ਉਮਕਿ ਤਰਸਿ ਚਾਲੈ ॥ ਪ੍ਰਭ ਮਿਲਬੇ ਕੀ ਚਾਹ ॥੧॥ ਰਹਾਉ ॥ ਤ੍ਰੈ ਗੁਨ ਮਾਈ ਮੋਹਿ ਆਈ ਕਹੰਉ ਬੇਦਨ ਕਾਹਿ ॥੧॥ ਆਨ ਉਪਾਵ ਸਗਰ ਕੀਏ ਨਹਿ ਦੂਖ ਸਾਕਹਿ ਲਾਹਿ ॥ ਭਜੁ ਸਰਨਿ ਸਾਧੂ ਨਾਨਕਾ ਮਿਲੁ ਗੁਨ ਗੋਬਿੰਦਹਿ ਗਾਹਿ ॥੨॥੨॥੨੪॥ {ਪੰਨਾ 1272}

ਪਦ ਅਰਥ: ਘਨੈ ਬਨੈ = ਸੰਘਣੇ ਜੰਗਲ ਵਿਚ। ਭ੍ਰਮੈ = ਭਟਕਦਾ ਰਹਿੰਦਾ ਹੈ। ਉਮਕਿਤ = ਉਮਾਹ ਵਿਚ ਆ ਕੇ। ਰਸਿ = ਆਨੰਦ ਨਾਲ। ਮਿਲਬੇ ਕੀ = ਮਿਲਣ ਦੀ। ਚਾਹ = ਤਾਂਘ।1। ਰਹਾਉ।

ਤ੍ਰੈ ਗੁਣ ਮਾਈ = ਤਿੰਨਾਂ ਗੁਣਾਂ ਵਾਲੀ ਮਾਇਆ। ਮੋਹਿ = ਮੈਨੂੰ। ਮੋਹਿ ਆਈ = ਮੇਰੇ ਉੱਤੇ ਵਾਰ ਕਰਦੀ ਹੈ। ਕਹੰਉ = ਮੈਂ ਦੱਸਾਂ। ਬੇਦਨ = ਦੁੱਖ। ਕਾਹਿ = ਕਿਸ ਨੂੰ?।1।

ਆਨ ਉਪਾਵ = ਹੋਰ ਹੀਲੇ। ਆਨ = (ANX) । ਉਪਾਵ = (ਲਫ਼ਜ਼ 'ਉਪਾਉ' ਤੋਂ ਬਹੁ-ਵਚਨ) । ਸਗਰ = ਸਗਲੇ, ਸਾਰੇ। ਸਾਕਹਿ ਲਾਹਿ = ਲਾਹ ਸਕਦੇ, ਉਤਾਰ ਸਕਦੇ। ਸਾਧੂ = ਗੁਰੂ। ਮਿਲੁ = ਮਿਲਿਆ ਰਹੁ। ਗਾਹਿ = ਗਾਹ ਕੇ, ਚੁੱਭੀ ਲਾ ਕੇ।2।

ਅਰਥ: ਹੇ ਭਾਈ! (ਮਨੁੱਖ ਦਾ) ਮਨ (ਸੰਸਾਰ-ਰੂਪ) ਸੰਘਣੇ ਜੰਗਲ ਵਿਚ ਭਟਕਦਾ ਰਹਿੰਦਾ ਹੈ। (ਪਰ ਜਦੋਂ ਇਸ ਦੇ ਅੰਦਰ) ਪਰਮਾਤਮਾ ਨੂੰ ਮਿਲਣ ਦੀ ਤਾਂਘ (ਪੈਦਾ ਹੁੰਦੀ ਹੈ ਤਦੋਂ ਇਹ) ਉਮਾਹ ਵਿਚ ਆ ਕੇ (ਆਤਮਕ) ਆਨੰਦ ਨਾਲ (ਜੀਵਨ-ਚਾਲ) ਚੱਲਦਾ ਹੈ।1। ਰਹਾਉ।

ਹੇ ਭਾਈ! ਤਿੰਨ ਗੁਣਾਂ ਵਾਲੀ ਮਾਇਆ ਮੇਰੇ ਉੱਤੇ (ਭੀ) ਹੱਲਾ ਕਰਦੀ ਹੈ। (ਗੁਰੂ ਤੋਂ ਬਿਨਾ) ਮੈਂ (ਹੋਰ) ਕਿਸ ਨੂੰ ਇਹ ਤਕਲਫ਼ਿ ਦੱਸਾਂ?।1।

ਹੇ ਨਾਨਕ! (ਆਖ– ਹੇ ਭਾਈ! ਗੁਰੂ ਦੀ ਸਰਨ ਆਉਣ ਤੋਂ ਬਿਨਾ) ਹੋਰ ਸਾਰੇ ਹੀਲੇ ਕੀਤੇ, ਪਰ ਉਹ ਹੀਲੇ (ਮਾਇਆ ਹੱਥੋਂ ਮਿਲ ਰਹੇ) ਦੁੱਖਾਂ ਨੂੰ ਦੂਰ ਨਹੀਂ ਕਰ ਸਕਦੇ। ਹੇ ਭਾਈ! ਗੁਰੂ ਦੀ ਸਰਨ ਪਿਆ ਰਹੁ, ਅਤੇ ਗੋਬਿੰਦ ਦੇ ਗੁਣਾਂ ਵਿਚ ਚੁੱਭੀ ਲਾ ਕੇ (ਗੋਬਿੰਦ ਵਿਚ) ਮਿਲਿਆ ਰਹੁ।2। 2। 24।

ਮਲਾਰ ਮਹਲਾ ੫ ॥ ਪ੍ਰਿਅ ਕੀ ਸੋਭ ਸੁਹਾਵਨੀ ਨੀਕੀ ॥ ਹਾਹਾ ਹੂਹੂ ਗੰਧ੍ਰਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ ॥੧॥ ਰਹਾਉ ॥ ਧੁਨਿਤ ਲਲਿਤ ਗੁਨਗ੍ਯ੍ਯ ਅਨਿਕ ਭਾਂਤਿ ਬਹੁ ਬਿਧਿ ਰੂਪ ਦਿਖਾਵਨੀ ਨੀਕੀ ॥੧॥ ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ ਲਾਲਨ ਛਾਵਨੀ ਨੀਕੀ ॥ ਸਾਧਸੰਗਿ ਰਾਮਈਆ ਰਸੁ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ॥੨॥੩॥੨੫॥ {ਪੰਨਾ 1272}

ਪਦ ਅਰਥ: ਸੋਭ = ਸੋਭਾ, ਸਿਫ਼ਤਿ-ਸਾਲਾਹ। ਸੁਹਾਵਨੀ = ਸੁਖਾਵੀਂ, ਸੁਖ ਦੇਣ ਵਾਲੀ। ਨੀਕੀ = ਚੰਗੀ। ਹਾਹਾ ਹੂਹੂ = ਦੇਵਤਿਆਂ ਦੇ ਰਾਗੀਆਂ ਦੇ ਨਾਮ ਹਨ। ਗੰਧ੍ਰਬ = ਦੇਵਤਿਆਂ ਦੇ ਰਾਗੀ। ਅਪਸਰਾ = ਸੁਰਗ ਦੀਆਂ ਮੋਹਣੀਆਂ। ਮੰਗਲ = ਖ਼ੁਸ਼ੀ ਦੇ ਗੀਤ। ਗਾਵਨੀ ਨੀਕੀ = ਮਿੱਠਾ ਗਾਇਨ।1। ਰਹਾਉ।

ਧੁਨਿਤ = ਧੁਨੀਆਂ, ਸੁਰਾਂ। ਲਲਿਤ = ਸੁੰਦਰ। ਗੁਨਗ੍ਯ੍ਯ = ਗੁਣੀ, ਗੁਣਾਂ ਦੇ ਜਾਣਨ ਵਾਲੇ, ਗੁਣਾਂ ਵਿਚ ਪ੍ਰਬੀਨ।1।

ਗਿਰਿ = ਪਹਾੜ। ਤਰ = ਰੁੱਖ। ਥਲ = ਧਰਤੀ। ਭਰਪੁਰਿ = ਭਰਪੂਰ। ਘਟਿ ਘਟਿ = ਹਰੇਕ ਸਰੀਰ ਵਿਚ। ਲਾਲਨ ਛਾਵਨੀ = ਸੋਹਣੇ ਲਾਲ ਦੀ ਛਾਉਣੀ, ਸੋਹਣੇ ਲਾਲ ਦਾ ਡੇਰਾ। ਸਾਧ ਸੰਗਿ = ਸਾਧ ਸੰਗਤਿ ਵਿਚ। ਰਾਮਈਆ ਰਸ = ਸੋਹਣੇ ਰਾਮ (ਦੇ ਮਿਲਾਪ) ਦਾ ਆਨੰਦ। ਜਾ ਕੈ = ਜਿਸ (ਮਨੁੱਖ) ਦੇ ਅੰਦਰ। ਭਾਵਨੀ = ਸਰਧਾ।2।

ਅਰਥ: ਹੇ ਭਾਈ! ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ (ਹਿਰਦੇ ਨੂੰ) ਚੰਗੀ ਲੱਗਦੀ ਹੈ, ਸੁਖਦਾਈ ਲੱਗਦੀ ਹੈ। (ਮਾਨੋ) ਹਾਹਾ ਹੂਹੂ ਗੰਧਰਬ ਅਤੇ ਸੁਰਗ ਦੀਆਂ ਮੋਹਣੀਆਂ ਇਸਤ੍ਰੀਆਂ (ਮਿਲ ਕੇ) ਆਨੰਦ ਦੇਣ ਵਾਲੇ, ਖ਼ੁਸ਼ੀ ਪੈਦਾ ਕਰਨ ਵਾਲੇ, ਰਸ-ਭਰੇ ਸੋਹਣੇ ਗੀਤ ਗਾ ਰਹੇ ਹਨ।1। ਰਹਾਉ।

ਹੇ ਭਾਈ! (ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਹਿਰਦੇ ਨੂੰ) ਚੰਗੀ ਲੱਗਦੀ ਹੈ, (ਮਾਨੋ, ਸੰਗੀਤ ਦੇ) ਗੁਣੀ-ਗਿਆਨੀ ਅਨੇਕਾਂ ਤਰੀਕਿਆਂ ਨਾਲ ਮਿੱਠੀਆਂ ਸੁਰਾਂ (ਗਾ ਰਹੇ ਹਨ, ਅਤੇ) ਕਈ ਕਿਸਮਾਂ ਦੇ ਸੋਹਣੇ (ਨਾਟਕੀ) ਰੂਪ ਵਿਖਾ ਰਹੇ ਹਨ।1।

ਹੇ ਭਾਈ! (ਉਹ ਪਿਆਰਾ ਪ੍ਰਭੂ) ਪਹਾੜ, ਰੁੱਖ, ਧਰਤੀ, ਪਾਣੀ, ਚੌਦਾਂ ਭਵਨ (ਸਭਨਾਂ ਵਿਚ) ਨਕਾ-ਨਕ ਮੌਜੂਦ ਹੈ। ਹਰੇਕ ਸਰੀਰ ਵਿਚ ਉਸ ਸੋਹਣੇ ਲਾਲ ਦਾ ਸੋਹਣਾ ਡੇਰਾ ਪਿਆ ਹੋਇਆ ਹੈ। ਪਰ, ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਚੰਗੀ ਸਰਧਾ ਉਪਜਦੀ ਹੈ, ਉਹ ਸਾਧ ਸੰਗਤਿ ਵਿਚ (ਟਿੱਕ ਕੇ) ਸੋਹਣੇ ਰਾਮ (ਦੇ ਮਿਲਾਪ) ਦਾ ਆਨੰਦ ਪ੍ਰਾਪਤ ਕਰਦਾ ਹੈ।2।3। 25।

ਮਲਾਰ ਮਹਲਾ ੫ ॥ ਗੁਰ ਪ੍ਰੀਤਿ ਪਿਆਰੇ ਚਰਨ ਕਮਲ ਰਿਦ ਅੰਤਰਿ ਧਾਰੇ ॥੧॥ ਰਹਾਉ ॥ ਦਰਸੁ ਸਫਲਿਓ ਦਰਸੁ ਪੇਖਿਓ ਗਏ ਕਿਲਬਿਖ ਗਏ ॥ ਮਨ ਨਿਰਮਲ ਉਜੀਆਰੇ ॥੧॥ ਬਿਸਮ ਬਿਸਮੈ ਬਿਸਮ ਭਈ ॥ ਅਘ ਕੋਟਿ ਹਰਤੇ ਨਾਮ ਲਈ ॥ ਗੁਰ ਚਰਨ ਮਸਤਕੁ ਡਾਰਿ ਪਹੀ ॥ ਪ੍ਰਭ ਏਕ ਤੂੰਹੀ ਏਕ ਤੁਹੀ ॥ ਭਗਤ ਟੇਕ ਤੁਹਾਰੇ ॥ ਜਨ ਨਾਨਕ ਸਰਨਿ ਦੁਆਰੇ ॥੨॥੪॥੨੬॥ {ਪੰਨਾ 1272}

ਪਦ ਅਰਥ: ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਹਰਿ-ਚਰਨ। ਰਿਦ ਅੰਤਰਿ = ਹਿਰਦੇ ਦੇ ਅੰਦਰ। ਧਾਰੇ = (ਮੈਂ) ਟਿਕਾ ਲਏ ਹਨ।1। ਰਹਾਉ।

ਸਫਲਿਓ = ਫਲ ਦੇ ਗਿਆ ਹੈ। ਪੇਖਿਓ = ਵੇਖ ਲਿਆ ਹੈ। ਕਿਲਬਿਖ = (ਸਾਰੇ) ਪਾਪ। ਉਜੀਆਰੇ = ਰੌਸ਼ਨ, ਆਤਮਕ ਜੀਵਨ ਦੀ ਸੂਝ ਵਾਲਾ।1।

ਬਿਸਮ = ਅਸਚਰਜ, ਹੈਰਾਨ। ਭਈ = ਹੋ ਗਈ। ਅਘ = ਪਾਪ। ਕੋਟਿ = ਕ੍ਰੋੜਾਂ। ਹਰਤੇ = ਦੂਰ ਹੋ ਜਾਂਦੇ ਹਨ। ਲਈ = ਲਿਆਂ, ਸਿਮਰਿਆਂ। ਗੁਰ ਚਰਨ = ਗੁਰੂ ਦੇ ਚਰਨਾਂ ਉੱਤੇ। ਮਸਤਕੁ = ਮੱਥਾ। ਡਾਰਿ = ਰੱਖ ਕੇ। ਪਹੀ = ਪੈਂਦੇ ਹਨ। ਪ੍ਰਭ = ਹੇ ਪ੍ਰਭੂ! ਟੇਕ = ਆਸਰਾ।2।

ਅਰਥ: ਹੇ ਭਾਈ! ਪਿਆਰੇ ਸਤਿਗੁਰੂ ਦੀ ਬਰਕਤਿ ਨਾਲ ਮੈਂ ਪ੍ਰਭੂ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ ਹਨ।1। ਰਹਾਉ।

ਹੇ ਭਾਈ! ਗੁਰੂ ਦਾ ਦਰਸਨ (ਸਦਾ) ਫਲਦਾਈ ਹੁੰਦਾ ਹੈ। (ਜਿਹੜਾ ਮਨੁੱਖ ਗੁਰੂ ਦਾ ਦਰਸਨ ਕਰਦਾ ਹੈ, ਉਹ ਪਰਮਾਤਮਾ ਦਾ ਭੀ) ਦਰਸਨ ਕਰ ਲੈਂਦਾ ਹੈ, (ਉਸ ਦੇ) ਸਾਰੇ ਹੀ ਪਾਪ ਨਾਸ ਹੋ ਜਾਂਦੇ ਹਨ। (ਦਰਸਨ ਕਰਨ ਵਾਲੇ ਮਨੁੱਖਾਂ ਦੇ) ਮਨ ਪਵਿੱਤਰ ਹੋ ਜਾਂਦੇ ਹਨ, ਆਤਮਕ ਜੀਵਨ ਦੀ ਸੂਝ ਵਾਲੇ ਬਣ ਜਾਂਦੇ ਹਨ।1।

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਦੂਰ ਹੋ ਜਾਂਦੇ ਹਨ, ਅਸਚਰਜ ਅਸਚਰਜ ਅਸਚਰਜ ਆਤਮਕ ਅਵਸਥਾ ਬਣ ਜਾਂਦੀ ਹੈ।

(ਜਿਹੜੇ ਮਨੁੱਖ) ਗੁਰੂ ਦੇ ਚਰਨਾਂ ਉੱਤੇ ਮੱਥਾ ਰੱਖ ਕੇ ਢਹਿ ਪੈਂਦੇ ਹਨ, ਉਹਨਾਂ ਵਾਸਤੇ, ਹੇ ਪ੍ਰਭੂ! ਸਿਰਫ਼ ਤੂੰ ਹੀ ਸਿਰਫ਼ ਤੂੰ ਹੀ ਸਹਾਰਾ ਹੁੰਦਾ ਹੈਂ। ਹੇ ਨਾਨਕ! (ਆਖ– ਹੇ ਪ੍ਰਭੂ! ਤੇਰੇ) ਭਗਤਾਂ ਨੂੰ ਤੇਰੀ ਹੀ ਟੇਕ ਹੈ, ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਤੇਰੇ ਹੀ ਦਰ ਤੇ ਡਿੱਗੇ ਰਹਿੰਦੇ ਹਨ।2।4। 26।

ਮਲਾਰ ਮਹਲਾ ੫ ॥ ਬਰਸੁ ਸਰਸੁ ਆਗਿਆ ॥ ਹੋਹਿ ਆਨੰਦ ਸਗਲ ਭਾਗ ॥੧॥ ਰਹਾਉ ॥ ਸੰਤ ਸੰਗੇ ਮਨੁ ਪਰਫੜੈ ਮਿਲਿ ਮੇਘ ਧਰ ਸੁਹਾਗ ॥੧॥ ਘਨਘੋਰ ਪ੍ਰੀਤਿ ਮੋਰ ॥ ਚਿਤੁ ਚਾਤ੍ਰਿਕ ਬੂੰਦ ਓਰ ॥ ਐਸੋ ਹਰਿ ਸੰਗੇ ਮਨ ਮੋਹ ॥ ਤਿਆਗਿ ਮਾਇਆ ਧੋਹ ॥ ਮਿਲਿ ਸੰਤ ਨਾਨਕ ਜਾਗਿਆ ॥੨॥੫॥੨੭॥ {ਪੰਨਾ 1272}

ਪਦ ਅਰਥ: ਬਰਸੁ = ਵਰਖਾ ਕਰ। ਸਰਸੁ = ਰਸ-ਸਹਿਤ, ਅਨੰਦ ਨਾਲ। ਆਗਿਆ = (ਪਰਮਾਤਮਾ ਦੇ) ਹੁਕਮ ਵਿਚ। ਹੋਹਿ = ਹੋ ਜਾਣ। ਸਗਲ ਭਾਗ = ਸਾਰੇ ਭਾਗ (ਜਾਗ ਪੈਣ) ।1। ਰਹਾਉ।

ਸੰਤ ਸੰਗੇ = ਗੁਰੂ ਦੀ ਸੰਗਤਿ ਵਿਚ। ਪਰਫੜੈ = ਪ੍ਰਫੁਲਤ ਹੁੰਦਾ ਹੈ। ਮਿਲਿ ਮੇਘ = ਬੱਦਲਾਂ ਨੂੰ ਮਿਲ ਕੇ। ਧਰ = ਧਰਤੀ।1।

ਘਨਘੋਰ = ਬੱਦਲਾਂ ਦੀ ਗਰਜ। ਚਾਤ੍ਰਿਕ = ਪਪੀਹਾ। ਓਰ = ਤਰਫ਼, ਪਾਸੇ, ਵਲ। ਐਸੋ = ਇਸੇ ਤਰ੍ਹਾਂ। ਮਨ ਮੋਹ = ਮਨ ਦਾ ਮੋਹ, ਮਨ ਦਾ ਪਿਆਰ। ਤਿਆਗਿ = ਤਿਆਗ ਕੇ। ਧੋਹ = ਠਗੀ। ਮਿਲਿ = ਮਿਲ ਕੇ। ਸੰਤ = ਗੁਰੂ।2।

ਅਰਥ: (ਹੇ ਨਾਮ-ਜਲ ਨਾਲ ਭਰਪੂਰ ਗੁਰੂ! ਪਰਮਾਤਮਾ ਦੀ) ਰਜ਼ਾ ਵਿਚ ਆਨੰਦ ਨਾਲ (ਨਾਮ-ਜਲ ਦੀ) ਵਰਖਾ ਕਰ। (ਜਿਨ੍ਹਾਂ ਉਤੇ ਇਹ ਵਰਖਾ ਹੁੰਦੀ ਹੈ, ਉਹਨਾਂ ਦੇ ਅੰਦਰ) ਆਤਮਕ ਆਨੰਦ ਬਣ ਜਾਂਦੇ ਹਨ, ਉਹਨਾਂ ਦੇ ਸਾਰੇ ਭਾਗ (ਜਾਗ ਪੈਂਦੇ ਹਨ) ।1।

ਹੇ ਭਾਈ! ਜਿਵੇਂ ਬੱਦਲਾਂ ਦੀ ਵਰਖਾ ਨਾਲ ਮਿਲ ਕੇ ਧਰਤੀ ਦੇ ਭਾਗ ਜਾਗ ਪੈਂਦੇ ਹਨ, ਤਿਵੇਂ ਗੁਰੂ ਦੀ ਸੰਗਤਿ ਵਿਚ (ਮਨੁੱਖ ਦਾ) ਮਨ ਟਹਿਕ ਪੈਂਦਾ ਹੈ।1।

ਹੇ ਭਾਈ! (ਜਿਵੇਂ) ਮੋਰ ਦੀ ਪ੍ਰੀਤ ਬੱਦਲਾਂ ਦੀ ਗਰਜ ਨਾਲ ਹੈ, (ਜਿਵੇਂ) ਪਪੀਹੇ ਦਾ ਚਿੱਤ (ਵਰਖਾ ਦੀ) ਬੂੰਦ ਵਲ (ਪਰਤਿਆ ਰਹਿੰਦਾ ਹੈ) , ਤਿਵੇਂ (ਤੂੰ ਭੀ) ਪਰਮਾਤਮਾ ਨਾਲ (ਆਪਣੇ) ਮਨ ਦਾ ਪਿਆਰ ਜੋੜ। ਹੇ ਨਾਨਕ! ਗੁਰੂ ਨੂੰ ਮਿਲ ਕੇ ਮਾਇਆ ਦੀ ਠੱਗੀ ਦੂਰ ਕਰ ਕੇ (ਮਨੁੱਖ ਦਾ) ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ।2।5। 27।

ਮਲਾਰ ਮਹਲਾ ੫ ॥ ਗੁਨ ਗੋੁਪਾਲ ਗਾਉ ਨੀਤ ॥ ਰਾਮ ਨਾਮ ਧਾਰਿ ਚੀਤ ॥੧॥ ਰਹਾਉ ॥ ਛੋਡਿ ਮਾਨੁ ਤਜਿ ਗੁਮਾਨੁ ਮਿਲਿ ਸਾਧੂਆ ਕੈ ਸੰਗਿ ॥ ਹਰਿ ਸਿਮਰਿ ਏਕ ਰੰਗਿ ਮਿਟਿ ਜਾਂਹਿ ਦੋਖ ਮੀਤ ॥੧॥ ਪਾਰਬ੍ਰਹਮ ਭਏ ਦਇਆਲ ॥ ਬਿਨਸਿ ਗਏ ਬਿਖੈ ਜੰਜਾਲ ॥ ਸਾਧ ਜਨਾਂ ਕੈ ਚਰਨ ਲਾਗਿ ॥ ਨਾਨਕ ਗਾਵੈ ਗੋਬਿੰਦ ਨੀਤ ॥੨॥੬॥੨੮॥ {ਪੰਨਾ 1272}

ਪਦ ਅਰਥ: ਗੋੁਪਾਲ = (ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਗੋਪਾਲ' ਹੈ। ਇਥੇ 'ਗੁਪਾਲ' ਪੜ੍ਹਨਾ ਹੈ) ਸ੍ਰਿਸ਼ਟੀ ਦਾ ਪਾਲਣ ਵਾਲਾ। ਗਾਉ = ਗਾਇਆ ਕਰ। ਨੀਤ = ਸਦਾ। ਚੀਤਿ = ਚਿੱਤ ਵਿਚ। ਧਾਰਿ = ਟਿਕਾਈ ਰੱਖ।1। ਰਹਾਉ।

ਤਜਿ = ਤਿਆਗ ਦੇ। ਮਿਲਿ = ਮਿਲ ਕੇ। ਸਾਧੂਆ ਕੈ ਸੰਗ = ਸੰਤ ਜਨਾਂ ਦੀ ਸੰਗਤਿ ਵਿਚ। ਏਕ ਰੰਗੀ = ਇਕ ਦੇ ਪ੍ਰੇਮ-ਰੰਗ ਵਿਚ। ਮੀਤ = ਹੇ ਮਿੱਤਰ।1।

ਬਿਖੈ ਜੰਜਾਲ = ਵਿਸ਼ੇ-ਵਿਕਾਰਾਂ ਦੀਆਂ ਫਾਹੀਆਂ। ਕੈ ਚਰਨ ਲਾਗਿ = ਦੇ ਚਰਨਾਂ ਵਿਚ ਟਿੱਕ ਕੇ। ਗਾਵੈ = ਗਾਂਦਾ ਹੈ, ਸਿਫ਼ਤਿ-ਸਾਲਾਹ ਕਰਦਾ ਹੈ। ਨੀਤ = ਸਦਾ।2।

ਅਰਥ: ਹੇ ਭਾਈ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਸਦਾ ਗਾਇਆ ਕਰ। ਪਰਮਾਤਮਾ ਦਾ ਨਾਮ ਆਪਣੇ ਚਿੱਤ ਵਿਚ ਟਿਕਾਈ ਰੱਖ।1। ਰਹਾਉ।

ਹੇ ਮਿੱਤਰ! ਸੰਤ ਜਨਾਂ ਦੀ ਸੰਗਤਿ ਵਿਚ ਮਿਲ ਕੇ ਮਾਣ ਛੱਡ ਅਹੰਕਾਰ ਤਿਆਗ। ਇਕ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਪਰਮਾਤਮਾ ਦਾ ਨਾਮ ਸਿਮਰਿਆ ਕਰ। ਤੇਰੇ ਸਾਰੇ ਐਬ ਦੂਰ ਹੋ ਜਾਣਗੇ।1।

ਹੇ ਨਾਨਕ! ਸੰਤ ਜਨਾਂ ਦੇ ਚਰਨਾਂ ਵਿਚ ਜੁੜ ਕੇ (ਜਿਹੜਾ ਮਨੁੱਖ) ਸਦਾ ਗੋਬਿੰਦ ਦੇ ਗੁਣ ਗਾਂਦਾ ਰਹਿੰਦਾ ਹੈ, (ਉਸ ਦੇ ਅੰਦਰੋਂ) ਵਿਸ਼ੇ-ਵਿਕਾਰਾਂ ਦੀਆਂ ਫਾਹੀਆਂ ਮੁੱਕ ਜਾਂਦੀਆਂ ਹਨ, ਪ੍ਰਭੂ ਜੀ ਉਸ ਉਤੇ ਦਇਆਵਾਨ ਹੋ ਜਾਂਦੇ ਹਨ।2।6। 28।

ਮਲਾਰ ਮਹਲਾ ੫ ॥ ਘਨੁ ਗਰਜਤ ਗੋਬਿੰਦ ਰੂਪ ॥ ਗੁਨ ਗਾਵਤ ਸੁਖ ਚੈਨ ॥੧॥ ਰਹਾਉ ॥ ਹਰਿ ਚਰਨ ਸਰਨ ਤਰਨ ਸਾਗਰ ਧੁਨਿ ਅਨਹਤਾ ਰਸ ਬੈਨ ॥੧॥ ਪਥਿਕ ਪਿਆਸ ਚਿਤ ਸਰੋਵਰ ਆਤਮ ਜਲੁ ਲੈਨ ॥ ਹਰਿ ਦਰਸ ਪ੍ਰੇਮ ਜਨ ਨਾਨਕ ਕਰਿ ਕਿਰਪਾ ਪ੍ਰਭ ਦੈਨ ॥੨॥੭॥੨੯॥ {ਪੰਨਾ 1272}

ਪਦ ਅਰਥ: ਘਨੁ = ਬੱਦਲ, ਆਤਮਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਭਰਪੂਰ ਗੁਰੂ। ਗਰਜਤ = ਗੱਜਦਾ ਹੈ, ਵਰਖਾ ਕਰਦਾ ਹੈ। ਗਾਵਤ = ਗਾਂਦਿਆਂ। ਚੈਨ = ਸ਼ਾਂਤੀ, ਠੰਢ।1। ਰਹਾਉ।

ਹਰਿ ਚਰਨ ਸਰਨ = ਪ੍ਰਭੂ ਦੇ ਚਰਨਾਂ ਦੀ ਸਰਨ (ਵਿਚ ਰਹਿਣਾ) । ਤਰਨ ਸਾਗਰ = (ਸੰਸਾਰ-) ਸਮੁੰਦਰ (ਤੋਂ ਪਾਰ ਲੰਘਣ ਲਈ) ਜਹਾਜ਼। ਅਨਹਤਾ = ਇਕ-ਰਸ, ਲਗਾਤਾਰ। ਬੈਨ = ਬਚਨ, ਸਿਫ਼ਤਿ-ਸਾਲਾਹ ਦੀ ਬਾਣੀ।1।

ਪਥਿਕ = ਰਾਹੀ, ਮੁਸਾਫ਼ਿਰ, ਪਾਂਧੀ। ਲੈਨ = ਹਾਸਲ ਕਰਨ ਲਈ। ਦੈਨ = ਦੇਂਦਾ ਹੈ। ਕਰਿ = ਕਰ ਕੇ।2।

ਅਰਥ: ਹੇ ਭਾਈ! (ਜਦੋਂ) ਪਰਮਾਤਮਾ ਦਾ ਰੂਪ ਗੁਰੂ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਰਪੂਰ ਗੁਰੂ (ਨਾਮ-ਜਲ ਦੀ) ਵਰਖਾ ਕਰਦਾ ਹੈ, ਤਦੋਂ ਪ੍ਰਭੂ ਦੇ ਗੁਣ ਗਾਂਦਿਆਂ ਸੁਖ ਮਿਲਦਾ ਹੈ ਸ਼ਾਂਤੀ ਪ੍ਰਾਪਤ ਹੁੰਦੀ ਹੈ (ਜਿਵੇਂ 'ਮੋਰ ਬਬੀਹੇ ਬੋਲਦੇ, ਵੇਖਿ ਬੱਦਲ ਕਾਲੇ') ।1। ਰਹਾਉ।

ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੇ ਚਰਨਾਂ ਦੀ ਸਰਨ (ਪ੍ਰਾਪਤ ਹੁੰਦੀ ਹੈ, ਜੋ ਸੰਸਾਰ-) ਸਮੁੰਦਰ (ਤੋਂ ਪਾਰ ਲੰਘਣ ਲਈ) ਜਹਾਜ਼ ਹੈ। (ਗੁਰੂ ਦੀ ਕਿਰਪਾ ਨਾਲ ਆਤਮਕ ਪੈਂਡੇ ਦੇ) ਪਾਂਧੀ (ਜੀਵ) ਨੂੰ ਤਾਂਘ ਪੈਦਾ ਹੁੰਦੀ ਹੈ, ਉਸ ਦਾ ਚਿੱਤ (ਨਾਮ-ਜਲ ਦੇ) ਸਰੋਵਰ (ਗੁਰੂ) ਵਲ (ਪਰਤਦਾ ਹੈ) । ਹੇ ਨਾਨਕ! (ਜਦੋਂ ਨਾਮ-ਜਲ ਨਾਲ ਭਰਪੂਰ ਗੁਰੂ ਨਾਮ ਦੀ ਵਰਖਾ ਕਰਦਾ ਹੈ, ਤਦੋਂ) ਸੇਵਕਾਂ ਦੇ ਅੰਦਰ ਪਰਮਾਤਮਾ ਦੇ ਦਰਸਨ ਦੀ ਤਾਂਘ ਪੈਦਾ ਹੁੰਦੀ ਹੈ, ਪ੍ਰਭੂ ਮਿਹਰ ਕਰ ਕੇ (ਉਹਨਾਂ ਨੂੰ ਇਹ ਦਾਤਿ) ਦੇਂਦਾ ਹੈ।2।7। 29।

TOP OF PAGE

Sri Guru Granth Darpan, by Professor Sahib Singh