ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1273 ਮਲਾਰ ਮਹਲਾ ੫ ॥ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥੧॥ ਰਹਾਉ ॥ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ॥੧॥ ਹੇ ਸਮ੍ਰਥ ਅਗਮ ਪੂਰਨ ਮੋਹਿ ਮਇਆ ਧਾਰਿ ॥੨॥ ਅੰਧ ਕੂਪ ਮਹਾ ਭਇਆਨ ਨਾਨਕ ਪਾਰਿ ਉਤਾਰ ॥੩॥੮॥੩੦॥ {ਪੰਨਾ 1273} ਪਦ ਅਰਥ: ਦਇਆਲ = ਹੇ ਦਇਆ ਦੇ ਸੋਮੇ! ਲਾਲ = ਹੇ ਸੋਹਣੇ ਪ੍ਰਭੂ!।1। ਰਹਾਉ। ਪ੍ਰਾਨ ਨਾਥ = ਹੇ ਪ੍ਰਾਣਾਂ ਦੇ ਮਾਲਕ! ਅਨਾਥ ਸਖੇ = ਹੇ ਨਿਖਸਮਿਆਂ ਦੇ ਮਿੱਤਰ! ਦੀਨ ਦਰਦ ਨਿਵਾਰ = ਹੇ ਗਰੀਬਾਂ ਦੇ ਦੁੱਖ ਦੂਰ ਕਰਨ ਵਾਲੇ!।1। ਸਮ੍ਰਥ = ਹੇ ਸਭ ਤਾਕਤਾਂ ਦੇ ਮਾਲਕ! ਅਗਮ = ਹੇ ਅਪਹੁੰਚ! ਪੂਰਨ = ਹੇ ਸਰਬ-ਵਿਆਪਕ! ਮੋਹਿ = ਮੇਰੇ ਉੱਤੇ। ਮਇਆ ਧਾਰਿ = ਦਇਆ ਕਰ।2। ਅੰਧ ਕੂਪ = ਅੰਨ੍ਹਾ ਖੂਹ, ਉਹ ਖੂਹ ਜਿਸ ਵਿਚ ਘੁੱਪ ਹਨੇਰਾ ਹੈ। ਭਇਆਨ = ਡਰਾਉਣਾ। ਨਾਨਕ = ਹੇ ਨਾਨਕ!।3। ਅਰਥ: ਹੇ ਗੋਬਿੰਦ! ਹੇ ਗੋਪਾਲ! ਹੇ ਦਇਆ ਦੇ ਸੋਮੇ! ਹੇ ਸੋਹਣੇ ਪ੍ਰਭੂ!।1। ਰਹਾਉ। ਹੇ ਜਿੰਦ ਦੇ ਮਾਲਕ! ਹੇ ਨਿਖਸਮਿਆਂ ਦੇ ਸਹਾਈ! ਹੇ ਗ਼ਰੀਬਾਂ ਦੇ ਦਰਦ ਦੂਰ ਕਰਨ ਵਾਲੇ!।1। ਹੇ ਸਭ ਤਾਕਤਾਂ ਦੇ ਮਾਲਕ! ਹੇ ਅਪਹੁੰਚ! ਹੇ ਸਰਬ-ਵਿਆਪਕ! ਮੇਰੇ ਉਤੇ ਮਿਹਰ ਕਰ!।2। ਹੇ ਨਾਨਕ! (ਆਖ– ਹੇ ਪ੍ਰਭੂ! ਇਹ ਸੰਸਾਰ) ਬੜਾ ਡਰਾਉਣਾ ਖੂਹ ਹੈ ਜਿਸ ਵਿਚ (ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਹੈ (ਮੈਨੂੰ ਇਸ ਵਿਚੋਂ) ਪਾਰ ਲੰਘਾ ਲੈ।3।8। 30। ਮਲਾਰ ਮਹਲਾ ੧ ਅਸਟਪਦੀਆ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਚਕਵੀ ਨੈਨ ਨੀਦ ਨਹਿ ਚਾਹੈ ਬਿਨੁ ਪਿਰ ਨੀਦ ਨ ਪਾਈ ॥ ਸੂਰੁ ਚਰ੍ਹੈ ਪ੍ਰਿਉ ਦੇਖੈ ਨੈਨੀ ਨਿਵਿ ਨਿਵਿ ਲਾਗੈ ਪਾਂਈ ॥੧॥ ਪਿਰ ਭਾਵੈ ਪ੍ਰੇਮੁ ਸਖਾਈ ॥ ਤਿਸੁ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ ॥੧॥ ਰਹਾਉ ॥ ਸਰਵਰਿ ਕਮਲੁ ਕਿਰਣਿ ਆਕਾਸੀ ਬਿਗਸੈ ਸਹਜਿ ਸੁਭਾਈ ॥ ਪ੍ਰੀਤਮ ਪ੍ਰੀਤਿ ਬਨੀ ਅਭ ਐਸੀ ਜੋਤੀ ਜੋਤਿ ਮਿਲਾਈ ॥੨॥ ਚਾਤ੍ਰਿਕੁ ਜਲ ਬਿਨੁ ਪ੍ਰਿਉ ਪ੍ਰਿਉ ਟੇਰੈ ਬਿਲਪ ਕਰੈ ਬਿਲਲਾਈ ॥ ਘਨਹਰ ਘੋਰ ਦਸੌ ਦਿਸਿ ਬਰਸੈ ਬਿਨੁ ਜਲ ਪਿਆਸ ਨ ਜਾਈ ॥੩॥ ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ ॥ ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ ਮਰਨੁ ਜੀਵਨੁ ਤਿਸੁ ਤਾਂਈ ॥੪॥ ਧਨ ਵਾਂਢੀ ਪਿਰੁ ਦੇਸ ਨਿਵਾਸੀ ਸਚੇ ਗੁਰ ਪਹਿ ਸਬਦੁ ਪਠਾਈ ॥ ਗੁਣ ਸੰਗ੍ਰਹਿ ਪ੍ਰਭੁ ਰਿਦੈ ਨਿਵਾਸੀ ਭਗਤਿ ਰਤੀ ਹਰਖਾਈ ॥੫॥ ਪ੍ਰਿਉ ਪ੍ਰਿਉ ਕਰੈ ਸਭੈ ਹੈ ਜੇਤੀ ਗੁਰ ਭਾਵੈ ਪ੍ਰਿਉ ਪਾਈ ॥ ਪ੍ਰਿਉ ਨਾਲੇ ਸਦ ਹੀ ਸਚਿ ਸੰਗੇ ਨਦਰੀ ਮੇਲਿ ਮਿਲਾਈ ॥੬॥ ਸਭ ਮਹਿ ਜੀਉ ਜੀਉ ਹੈ ਸੋਈ ਘਟਿ ਘਟਿ ਰਹਿਆ ਸਮਾਈ ॥ ਗੁਰ ਪਰਸਾਦਿ ਘਰ ਹੀ ਪਰਗਾਸਿਆ ਸਹਜੇ ਸਹਜਿ ਸਮਾਈ ॥੭॥ ਅਪਨਾ ਕਾਜੁ ਸਵਾਰਹੁ ਆਪੇ ਸੁਖਦਾਤੇ ਗੋਸਾਂਈ ॥ ਗੁਰ ਪਰਸਾਦਿ ਘਰ ਹੀ ਪਿਰੁ ਪਾਇਆ ਤਉ ਨਾਨਕ ਤਪਤਿ ਬੁਝਾਈ ॥੮॥੧॥ {ਪੰਨਾ 1273} ਪਦ ਅਰਥ: ਸੂਰੁ = ਸੂਰਜ। ਚਰ੍ਹੈ– ਚੜ੍ਹਦਾ ਹੈ। ਨੈਨੀ = ਅੱਖਾਂ ਨਾਲ। ਪਾਂਈ = ਪੈਰੀਂ।1। ਪਿਰ ਪ੍ਰੇਮੁ = ਪਿਆਰੇ ਦਾ ਪ੍ਰੇਮ। ਸਖਾਈ = ਮਿਤ੍ਰ, ਸਾਥੀ। ਜਗਿ = ਜਗਤ ਵਿਚ। ਜੀਵਾ = ਮੈਂ ਜੀਊ ਸਕਦੀ। ਤਿਸਾਈ = ਤ੍ਰਿਖਾ, ਤ੍ਰੇਹ, ਤਾਂਘ।1। ਰਹਾਉ। ਸਰਵਰਿ = ਸਰੋਵਰ ਵਿਚ। ਆਕਾਸੀ = ਆਕਾਸਾਂ ਵਿਚ। ਬਿਗਸੈ = ਖਿੜ ਪੈਂਦਾ ਹੈ। ਸਹਜਿ ਸੁਭਾਈ = ਸੁਤੇ ਹੀ, ਬਿਨਾ ਕਿਸੇ ਉਚੇਚੇ ਜਤਨ ਦੇ। ਅਭਿ = ਹਿਰਦੇ ਵਿਚ।2। ਟੇਰੈ = ਬੋਲਦਾ ਹੈ। ਚਾਤ੍ਰਿਕੁ = ਪਪੀਹਾ। ਬਿਲਲਾਈ = ਵਿਲਕਦਾ ਹੈ, ਤਰਲੇ ਲੈਂਦਾ ਹੈ। ਘਨਹਰ = ਬੱਦਲ। ਘੋਰ = ਗਰਜ। ਦਸੌ ਦਿਸਿ = ਦਸੀਂ ਪਾਸੀਂ।3। ਮੀਨ = ਮੱਛੀ। ਤੇ = ਤੋਂ। ਪੁਰਬਿ ਕਮਾਈ = ਪੂਰਬਲੀ ਕਮਾਈ ਅਨੁਸਾਰ। ਤਿਸੁ ਤਾਂਈ = ਉਸ ਪਾਣੀ ਨਾਲ ਹੀ।4। ਧਨ = ਜੀਵ-ਇਸਤ੍ਰੀ। ਵਾਂਢੀ = ਪਰਦੇਸਣ, ਵਿਛੁੜੀ ਹੋਈ। ਪਹਿ = ਪਾਸ, ਰਾਹੀਂ। ਸਬਦੁ = ਸਨੇਹਾ। ਪਠਾਂਈ = ਭੇਜਦੀ ਹੈ। ਸੰਗ੍ਰਹਿ = ਇਕੱਠੇ ਕਰ ਕੇ। ਹਰਖਾਈ = ਖ਼ੁਸ਼ ਹੁੰਦੀ ਹੈ।5। ਹੈ ਜੇਤੀ = ਜਿਤਨੀ ਹੀ (ਲੁਕਾਈ) ਹੈ। ਗੁਰ ਭਾਵੇ = ਗੁਰੂ ਨੂੰ ਚੰਗਾ ਲੱਗੇ। ਸਚਿ = ਸਦਾ-ਥਿਰ ਪ੍ਰਭੂ ਵਿਚ (ਜੋੜ ਕੇ) । ਮੇਲਿ = (ਆਪਣੇ ਸ਼ਬਦ ਵਿਚ) ਮੇਲ ਕੇ।6। ਘਰ ਹੀ = ਘਰਿ ਹੀ, ਘਰ ਵਿਚ ਹੀ, ਹਿਰਦੇ ਵਿਚ ਹੀ। ਸਹਜੇ = ਅਡੋਲ ਆਤਮਕ ਅਵਸਥਾ ਵਿਚ।7। ਗੋਸਾਈ = ਹੇ ਧਰਤੀ ਦੇ ਖਸਮ! ਤਪਤਿ = ਸੜਨ।8। ਅਰਥ: ਮੈਨੂੰ ਸਦਾ-ਸਹਾਈ ਪ੍ਰੀਤਮ-ਪ੍ਰਭੂ ਦਾ ਪ੍ਰੇਮ ਪਿਆਰਾ ਲੱਗਦਾ ਹੈ। ਮੇਰੇ ਅੰਦਰ ਉਸਦੇ ਮਿਲਾਪ ਦੀ ਇਤਨੀ ਤੀਬਰ ਤਾਂਘ ਹੈ ਕਿ ਮੈਂ ਜਗਤ ਵਿਚ ਉਸ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦੀ।1। ਰਹਾਉ। ਚਕਵੀ (ਰਾਤ ਨੂੰ) ਆਪਣੇ ਪਿਆਰੇ (ਚਕਵੇ) ਤੋਂ ਬਿਨਾ ਸੌ ਨਹੀਂ ਸਕਦੀ, ਉਹ ਆਪਣੀਆਂ ਅੱਖਾਂ ਵਿਚ ਨੀਂਦ ਦਾ ਆਉਣਾ ਪਸੰਦ ਨਹੀਂ ਕਰਦੀ। ਜਦੋਂ ਸੂਰਜ ਚੜ੍ਹਦਾ ਹੈ, ਚਕਵੀ ਆਪਣੇ ਪਿਆਰੇ (ਚਕਵੇ) ਨੂੰ ਅੱਖੀਂ ਵੇਖਦੀ ਹੈ, ਲਿਫ ਲਿਫ ਕੇ ਉਸ ਦੇ ਪੈਰੀਂ ਲੱਗਦੀ ਹੈ।1। ਕੌਲ (ਫੁੱਲ) ਸਰੋਵਰ ਵਿਚ ਹੁੰਦਾ ਹੈ, (ਸੂਰਜ ਦੀ) ਕਿਰਨ ਆਕਾਸ਼ਾਂ ਵਿਚ ਹੁੰਦੀ ਹੈ, (ਫਿਰ ਭੀ ਉਸ ਕਿਰਨ ਨੂੰ ਤੱਕ ਕੇ ਕੌਲ ਫੁੱਲ) ਸੁਤੇ ਹੀ ਖਿੜ ਪੈਂਦਾ ਹੈ। (ਪ੍ਰੇਮੀ ਦੇ) ਹਿਰਦੇ ਵਿਚ ਆਪਣੇ ਪ੍ਰੀਤਮ ਦੀ ਅਜੇਹੀ ਪ੍ਰੀਤਿ ਬਣਦੀ ਹੈ ਕਿ ਉਸ ਦੀ ਆਤਮਾ ਪ੍ਰੀਤਮ ਦੀ ਆਤਮਾ ਵਿਚ ਮਿਲ ਜਾਂਦੀ ਹੈ।2। (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੇ) ਜਲ ਤੋਂ ਬਿਨਾ ਪਪੀਹਾ 'ਪ੍ਰਿਉ, ਪ੍ਰਿਉ' ਕੂਕਦਾ ਹੈ, ਮਾਨੋ, ਵਿਰਲਾਪ ਕਰਦਾ ਹੈ, ਤਰਲੇ ਲੈਂਦਾ ਹੈ। ਬੱਦਲ ਗੱਜ ਕੇ ਦਸੀਂ ਪਾਸੀਂ ਵਰ੍ਹਦਾ ਹੈ, ਪਰ ਪਪੀਹੇ ਦੀ ਪਿਆਸ ਸ੍ਵਾਂਤੀ ਬੂੰਦ ਤੋਂ ਬਿਨਾ ਦੂਰ ਨਹੀਂ ਹੁੰਦੀ।3। ਮੱਛੀ ਪਾਣੀ ਵਿਚ ਪੈਦਾ ਹੁੰਦੀ ਹੈ, ਪਾਣੀ ਵਿਚ ਵੱਸਦੀ ਹੈ, ਪੂਰਬਲੀ ਕਮਾਈ ਅਨੁਸਾਰ ਉਹ ਪਾਣੀ ਵਿਚ ਹੀ ਸੁਖ ਦੁਖ ਸਹਾਰਦੀ ਹੈ, ਪਾਣੀ ਤੋਂ ਬਿਨਾ ਉਹ ਇਕ ਖਿਨ ਭਰ ਤਿਲ ਭਰ ਪਲ ਭਰ ਭੀ ਜੀਊ ਨਹੀਂ ਸਕਦੀ। ਉਸ ਦਾ ਮਰਨ ਜੀਊਣ (ਉਸ ਦੀ ਸਾਰੀ ਉਮਰ ਦਾ ਵਸੇਬਾ) ਉਸ ਪਾਣੀ ਨਾਲ ਹੀ (ਸੰਭਵ) ਹੈ।4। ਪਤੀ-ਪ੍ਰਭੂ (ਜੀਵ-ਇਸਤ੍ਰੀ ਦੇ ਹਿਰਦੇ-) ਘਰ ਵਿਚ ਹੀ ਵੱਸਦਾ ਹੈ, ਉਸ ਤੋਂ ਵਿਛੁੜੀ ਹੋਈ ਜੀਵ-ਇਸਤ੍ਰੀ ਜਦੋਂ ਸੱਚੇ ਗੁਰੂ ਦੀ ਰਾਹੀਂ (ਗੁਰੂ ਦੀ ਬਾਣੀ ਦੀ ਰਾਹੀਂ) ਸਨੇਹਾ ਭੇਜਦੀ ਹੈ, ਤੇ ਆਤਮਕ ਗੁਣ ਇਕੱਠੇ ਕਰਦੀ ਹੈ, ਤਦੋਂ ਹਿਰਦੇ ਵਿਚ ਹੀ ਵੱਸਦਾ ਪ੍ਰਭੂ-ਪਤੀ ਉਸ ਦੇ ਅੰਦਰ ਪਰਗਟ ਹੋ ਜਾਂਦਾ ਹੈ, ਜੀਵ-ਇਸਤ੍ਰੀ ਉਸ ਦੀ ਭਗਤੀ ਦੇ ਰੰਗ ਵਿਚ ਰੰਗੀਜ ਕੇ ਪ੍ਰਸੰਨ ਹੁੰਦੀ ਹੈ।5। ਜਿਹੜੀ ਭੀ ਲੁਕਾਈ ਹੈ ਸਾਰੀ ਹੀ ਪਤੀ-ਪ੍ਰਭੂ ਦਾ ਨਾਮ ਲੈਂਦੀ ਹੈ, ਪਰ ਜਿਹੜੀ ਜੀਵ-ਇਸਤ੍ਰੀ ਗੁਰੂ ਨੂੰ ਚੰਗੀ ਲੱਗਦੀ ਹੈ ਉਹ ਪਤੀ-ਪ੍ਰਭੂ ਨੂੰ ਮਿਲ ਪੈਂਦੀ ਹੈ। ਪਤੀ-ਪ੍ਰਭੂ ਤਾਂ ਸਦਾ ਹੀ ਹਰੇਕ ਜੀਵ-ਇਸਤ੍ਰੀ ਦੇ ਨਾਲ ਹੈ ਅੰਗ-ਸੰਗ ਹੈ, ਜੇਹੜੀ ਉਸ ਸਦਾ-ਥਿਰ ਵਿਚ ਜੁੜਦੀ ਹੈ ਗੁਰੂ ਮਿਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਸ਼ਬਦ ਵਿਚ ਜੋੜ ਕੇ ਪ੍ਰਭੂ ਨਾਲ ਮਿਲਾ ਦੇਂਦਾ ਹੈ।6। ਹਰੇਕ ਜੀਵ ਵਿਚ ਪ੍ਰਭੂ ਦੀ ਦਿੱਤੀ ਜਿੰਦ ਰੁਮਕ ਰਹੀ ਹੈ, ਉਹ ਪ੍ਰਭੂ ਆਪ ਹੀ ਹਰੇਕ ਦੀ ਜਿੰਦ (ਆਸਰਾ) ਹੈ। ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ। ਗੁਰੂ ਦੀ ਕਿਰਪਾ ਨਾਲ ਜਿਸ ਜੀਵ ਦੇ ਹਿਰਦੇ ਵਿਚ ਹੀ ਪਰਗਟ ਹੋ ਪੈਂਦਾ ਹੈ ਉਹ ਜੀਵ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।7। ਹੇ ਧਰਤੀ ਦੇ ਖਸਮ! ਹੇ ਜੀਵਾਂ ਨੂੰ ਸੁਖ ਦੇਣ ਵਾਲੇ ਪ੍ਰਭੂ! (ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਨਾ ਤੇਰਾ ਆਪਣਾ ਹੀ ਕੰਮ ਹੈ, ਇਸ) ਆਪਣੇ ਕੰਮ ਨੂੰ ਤੂੰ ਆਪ ਹੀ ਸਿਰੇ ਚਾੜ੍ਹਦਾ ਹੈਂ। ਹੇ ਨਾਨਕ! (ਆਖ-) ਗੁਰੂ ਦੀ ਕਿਰਪਾ ਨਾਲ ਜਿਸ ਦੇ ਹਿਰਦੇ-ਘਰ ਵਿਚ ਹੀ ਪ੍ਰਭੂ-ਪਤੀ ਪਰਗਟ ਹੋ ਪੈਂਦਾ ਹੈ ਉਸ ਦੀ ਮਾਇਆ ਦੀ ਤ੍ਰਿਸ਼ਨਾ ਦੀ ਸੜਨ ਬੁੱਝ ਜਾਂਦੀ ਹੈ।8।1। ਮਲਾਰ ਮਹਲਾ ੧ ॥ ਜਾਗਤੁ ਜਾਗਿ ਰਹੈ ਗੁਰ ਸੇਵਾ ਬਿਨੁ ਹਰਿ ਮੈ ਕੋ ਨਾਹੀ ॥ ਅਨਿਕ ਜਤਨ ਕਰਿ ਰਹਣੁ ਨ ਪਾਵੈ ਆਚੁ ਕਾਚੁ ਢਰਿ ਪਾਂਹੀ ॥੧॥ ਇਸੁ ਤਨ ਧਨ ਕਾ ਕਹਹੁ ਗਰਬੁ ਕੈਸਾ ॥ ਬਿਨਸਤ ਬਾਰ ਨ ਲਾਗੈ ਬਵਰੇ ਹਉਮੈ ਗਰਬਿ ਖਪੈ ਜਗੁ ਐਸਾ ॥੧॥ ਰਹਾਉ ॥ ਜੈ ਜਗਦੀਸ ਪ੍ਰਭੂ ਰਖਵਾਰੇ ਰਾਖੈ ਪਰਖੈ ਸੋਈ ॥ ਜੇਤੀ ਹੈ ਤੇਤੀ ਤੁਝ ਹੀ ਤੇ ਤੁਮ੍ਹ੍ਹ ਸਰਿ ਅਵਰੁ ਨ ਕੋਈ ॥੨॥ ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰਮੁਖਿ ਅੰਜਨੁ ॥ ਅਮਰੁ ਅਨਾਥ ਸਰਬ ਸਿਰਿ ਮੋਰਾ ਕਾਲ ਬਿਕਾਲ ਭਰਮ ਭੈ ਖੰਜਨੁ ॥੩॥ ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ ॥ ਨਾਨ੍ਹ੍ਹੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਈ ॥੪॥ ਨਦੀ ਉਪਕੰਠਿ ਜੈਸੇ ਘਰੁ ਤਰਵਰੁ ਸਰਪਨਿ ਘਰੁ ਘਰ ਮਾਹੀ ॥ ਉਲਟੀ ਨਦੀ ਕਹਾਂ ਘਰੁ ਤਰਵਰੁ ਸਰਪਨਿ ਡਸੈ ਦੂਜਾ ਮਨ ਮਾਂਹੀ ॥੫॥ ਗਾਰੁੜ ਗੁਰ ਗਿਆਨੁ ਧਿਆਨੁ ਗੁਰ ਬਚਨੀ ਬਿਖਿਆ ਗੁਰਮਤਿ ਜਾਰੀ ॥ ਮਨ ਤਨ ਹੇਂਵ ਭਏ ਸਚੁ ਪਾਇਆ ਹਰਿ ਕੀ ਭਗਤਿ ਨਿਰਾਰੀ ॥੬॥ ਜੇਤੀ ਹੈ ਤੇਤੀ ਤੁਧੁ ਜਾਚੈ ਤੂ ਸਰਬ ਜੀਆਂ ਦਇਆਲਾ ॥ ਤੁਮ੍ਹ੍ਹਰੀ ਸਰਣਿ ਪਰੇ ਪਤਿ ਰਾਖਹੁ ਸਾਚੁ ਮਿਲੈ ਗੋਪਾਲਾ ॥੭॥ ਬਾਧੀ ਧੰਧਿ ਅੰਧ ਨਹੀ ਸੂਝੈ ਬਧਿਕ ਕਰਮ ਕਮਾਵੈ ॥ ਸਤਿਗੁਰ ਮਿਲੈ ਤ ਸੂਝਸਿ ਬੂਝਸਿ ਸਚ ਮਨਿ ਗਿਆਨੁ ਸਮਾਵੈ ॥੮॥ ਨਿਰਗੁਣ ਦੇਹ ਸਾਚ ਬਿਨੁ ਕਾਚੀ ਮੈ ਪੂਛਉ ਗੁਰੁ ਅਪਨਾ ॥ ਨਾਨਕ ਸੋ ਪ੍ਰਭੁ ਪ੍ਰਭੂ ਦਿਖਾਵੈ ਬਿਨੁ ਸਾਚੇ ਜਗੁ ਸੁਪਨਾ ॥੯॥੨॥ {ਪੰਨਾ 1273-1274} ਪਦ ਅਰਥ: ਜਾਗਤੁ ਰਹੈ– ਜਾਗਦਾ ਰਹਿੰਦਾ ਹੈ, ਸੁਚੇਤ ਰਹਿੰਦਾ ਹੈ। ਜਾਗਿ = ਜਾਗ ਕੇ, ਸੁਚੇਤ ਹੋ ਕੇ। ਮੈ ਕੋ ਨਾਹੀ = ਮੇਰੀ ਕੋਈ ਪਾਂਇਆਂ ਨਹੀਂ। ਆਚੁ = ਸੇਕ। ਕਾਚੁ = ਕੱਚ। ਢਹਿ ਪਾਂਹੀ = ਢਲ ਪੈਂਦੇ ਹਨ, ਨਾਸ ਹੋ ਜਾਂਦੇ ਹਨ।1। ਕਰਹੁ = ਦੱਸੋ। ਗਰਬੁ = ਅਹੰਕਾਰ। ਬਾਰ = ਚਿਰ। ਬਵਰੇ = ਹੇ ਕਮਲੇ ਮਨੁੱਖ! ਗਰਬਿ = ਅਹੰਕਾਰ ਵਿਚ। ਖਪੈ = ਖ਼ੁਆਰ ਹੁੰਦਾ ਹੈ।1। ਰਹਾਉ। ਜਗਦੀਸ = ਹੇ ਜਗਤ ਦੇ ਮਾਲਕ! (ਜਗਤ-ਈਸ਼) । ਸੋਈ = ਉਹ (ਪ੍ਰਭੂ) ਹੀ। ਤੇ = ਤੋਂ। ਸਰਿ = ਬਰਾਬਰ।2। ਉਪਾਇ = ਪੈਦਾ ਕਰ ਕੇ। ਜੁਗਤਿ = (ਜੀਵਨ ਦਾ) ਢੰਗ। ਵਸਿ = ਵੱਸ ਵਿਚ। ਅੰਜਨੁ = ਸੁਰਮਾ। ਸਿਰਿ ਮੋਰਾ = (ਮੌਲਿ = ਤਾਜ) ਸ਼ਿਰੋਮਣੀ। ਬਿਕਾਲ = ਜਨਮ। ਖੰਜਨੁ = ਨਾਸ ਕਰਨ ਵਾਲਾ।3। ਕੋਟੁ = ਕਿਲ੍ਹਾ। ਬਪੁਰੋ = ਨਿਮਾਣਾ, ਵਿਚਾਰਾ। ਰੰਗਨਿ = ਸਜਾਵਟ, ਰੰਗਣ। ਨਾਨ੍ਹ੍ਹੀ ਸੀ = ਨਿੱਕੀ ਜਿਹੀ। ਪਵਨੁ = ਹਵਾ, ਹਵਾ ਦਾ ਝੋਲਾ। ਪਤਿ = ਸੋਭਾ, ਸਜਾਵਟ। ਖੋਵੈ = ਗਵਾ ਦੇਂਦਾ ਹੈ। ਖਿਨੁ ਤਾਂਈ = ਖਿਨ ਵਿਚ।4। ਉਪਕੰਠਿ = ਕੰਢੇ ਤੇ। ਤਰਵਰੁ = ਰੁੱਖ। ਸਰਪਨਿ ਘਰੁ = ਸੱਪਣੀ ਦਾ ਘਰ। ਦੂਜਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ। ਮਾਂਹੀ = ਵਿਚ।5। ਗਾਰੁੜ = ਸੱਪ ਨੂੰ ਵੱਸ ਕਰਨ ਵਾਲਾ ਮੰਤ੍ਰ। ਬਿਖਿਆ = ਮਾਇਆ (ਦਾ ਜ਼ਹਰ) । ਜਾਰੀ = ਸਾੜ ਲਈ। ਹੇਂਵ = ਬਰਫ਼ (ਵਰਗੇ ਠੰਢੇ) । ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਨਿਰਾਰੀ = ਅਨੋਖੀ।6। ਜਾਚੈ = ਮੰਗਦੀ ਹੈ। ਪਤਿ = ਇੱਜ਼ਤ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ।7। ਬਾਧੀ = ਜਕੜੀ ਹੋਈ। ਧੰਧਿ = ਧੰਧੇ ਵਿਚ। ਅੰਧ = ਅੰਨ੍ਹੀ। ਬਧਿਕ ਕਰਮ = ਸ਼ਿਕਾਰੀਆਂ ਵਾਲੇ ਕੰਮ, ਨਿਰਦਈ ਕੰਮ। ਮਨਿ = ਮਨ ਵਿਚ। ਸਚ ਗਿਆਨੁ = ਸਦਾ-ਥਿਰ ਪ੍ਰਭੂ ਦਾ ਗਿਆਨ।8। ਨਿਰਗੁਣ ਦੇਹ = ਗੁਣ-ਹੀਨ ਸਰੀਰ। ਸੋ = ਉਹ (ਗੁਰੂ) ।9। ਅਰਥ: ਹੇ ਝੱਲੇ ਮਨੁੱਖ! ਦੱਸ, ਇਸ ਸਰੀਰ ਦਾ ਇਸ ਧਨ-ਦੌਲਤ ਦਾ ਕੀਹ ਮਾਣ ਕਰਨਾ ਹੋਇਆ? ਇਹਨਾਂ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ। ਜਗਤ ਵਿਅਰਥ ਹੀ (ਸਰੀਰ ਦੀ) ਹਉਮੈ ਵਿਚ (ਧਨ ਦੇ) ਮਾਣ ਵਿਚ ਖ਼ੁਆਰ ਹੁੰਦਾ ਹੈ।1। ਰਹਾਉ। ਪਰਮਾਤਮਾ ਦੀ ਜੋਤਿ ਤੋਂ ਬਿਨਾ ਸਾਡੇ ਇਸ ਸਰੀਰ ਦੀ ਕੋਈ ਪਾਂਇਆਂ ਨਹੀਂ ਹੈ; (ਜਦੋਂ ਜੋਤਿ ਨਿਕਲ ਜਾਏ ਤਾਂ) ਅਨੇਕਾਂ ਜਤਨ ਕਰਨ ਨਾਲ ਭੀ ਇਹ ਸਰੀਰ ਟਿਕਿਆ ਨਹੀਂ ਰਹਿ ਸਕਦਾ। ਜਿਵੇਂ ਅੱਗ ਦਾ ਸੇਕ ਕੱਚ ਨੂੰ ਢਾਲ ਦੇਂਦਾ ਹੈ, ਤਿਵੇਂ ਇਹ ਸਰੀਰ (ਜੋਤਿ ਤੋਂ ਬਿਨਾ) ਢਹਿ ਢੇਰੀ ਹੋ ਜਾਂਦੇ ਹਨ। ਉਸੇ ਮਨੁੱਖ ਦਾ ਜੀਵਨ ਸਫਲ ਹੈ ਜੋ ਗੁਰੂ ਦੀ ਦੱਸੀ ਸੇਵਾ ਵਿਚ ਤੱਤਪਰ ਰਹਿ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।1। ਹੇ ਜਗਤ ਦੇ ਮਾਲਕ! ਹੇ ਪ੍ਰਭੂ! ਹੇ ਜੀਵਾਂ ਦੇ ਰਾਖੇ! ਤੇਰੀ (ਸਦਾ) ਜੈ ਹੋਵੇ! (ਹੇ ਝੱਲੇ ਜੀਵ! ਸਦਾ ਉਸ ਰੱਖਣਹਾਰ ਪ੍ਰਭੂ ਦਾ ਆਸਰਾ ਲੈ) । ਉਹ (ਜਗਦੀਸ਼) ਹੀ ਵਿਕਾਰਾਂ ਤੋਂ ਬਚਾਂਦਾ ਹੈ ਤੇ ਜੀਵਾਂ ਦੇ ਜੀਵਨ ਨੂੰ ਪੜਾਤਲਦਾ ਰਹਿੰਦਾ ਹੈ। ਹੇ ਪ੍ਰਭੂ! ਜਿਤਨੀ ਭੀ ਲੁਕਾਈ ਹੈ, ਇਹ ਸਾਰੀ ਹੀ ਤੇਰੇ ਪਾਸੋਂ ਹੀ (ਦਾਤਾਂ) ਮੰਗਦੀ ਹੈ। ਤੇਰੇ ਵਰਗਾ ਹੋਰ ਕੋਈ ਨਹੀਂ ਹੈ।2। ਪਰਮਾਤਮਾ ਸਦਾ ਅਟੱਲ ਹੈ, ਉਸ ਦੇ ਉੱਪਰ ਹੋਰ ਕੋਈ ਖਸਮ ਨਹੀਂ, ਉਹ ਸਭ ਦਾ ਸ਼ਿਰੋਮਣੀ ਹੈ, ਜੀਵਾਂ ਦੇ ਜਨਮ ਮਰਨ ਦੇ ਗੇੜ, ਭਟਕਣਾ ਤੇ ਡਰ-ਸਹਿਮ ਨਾਸ ਕਰਨ ਵਾਲਾ ਹੈ। ਸਾਰੇ ਜੀਵ ਪੈਦਾ ਕਰ ਕੇ ਜੀਵਾਂ ਦੀ ਜੀਵਨ-ਜੁਗਤਿ ਉਸ ਨੇ ਆਪਣੇ ਵੱਸ ਵਿਚ ਰੱਖੀ ਹੋਈ ਹੈ, (ਸਹੀ ਆਤਮਕ ਜੀਵਨ ਦੀ ਸੂਝ ਵਾਸਤੇ) ਉਹ ਆਪ ਹੀ ਗੁਰੂ ਦੀ ਰਾਹੀਂ (ਗਿਆਨ ਦਾ) ਸੁਰਮਾ ਦੇਂਦਾ ਹੈ।3। ਇਹ ਜਗਤ ਵਿਚਾਰਾ (ਮਾਨੋ) ਕਾਗ਼ਜ਼ਾਂ ਦਾ ਕਿਲ੍ਹਾ ਹੈ ਜਿਸ ਨੂੰ (ਪ੍ਰਭੂ ਨੇ ਆਪਣੀ) ਸਿਆਣਪ ਨਾਲ ਸਜਾਵਟ ਤੇ ਰੂਪ-ਰੇਖਾ ਦਿੱਤੀ ਹੋਈ ਹੈ, ਪਰ ਜਿਵੇਂ ਇਕ ਨਿੱਕੀ ਜਿਹੀ ਬੂੰਦ ਜਾਂ ਹਵਾ ਦਾ ਝੋਲਾ (ਕਾਗ਼ਜ਼ ਦੇ ਕਿਲ੍ਹੇ ਦੀ) ਸੋਭਾ ਗਵਾ ਦੇਂਦਾ ਹੈ, ਤਿਵੇਂ ਇਹ ਜਗਤ ਪਲ ਵਿਚ ਜੰਮਦਾ ਹੈ ਤੇ ਮਰਦਾ ਹੈ।4। ਜਿਵੇਂ ਕਿਸੇ ਨਦੀ ਦੇ ਕੰਢੇ ਉਤੇ ਕੋਈ ਘਰ ਹੋਵੇ ਜਾਂ ਰੁੱਖ ਹੋਵੇ ਜਦੋਂ ਨਦੀ ਦਾ ਵੇਗ ਉਲਟਦਾ ਹੈ ਤਾਂ ਨਾਹ ਉਹ ਘਰ ਰਹਿ ਜਾਂਦਾ ਹੈ ਨਾਹ ਉਹ ਰੁੱਖ ਰਹਿ ਜਾਂਦਾ ਹੈ, ਜਿਵੇਂ ਜੇ ਕਿਸੇ ਮਨੁੱਖ ਦੇ ਘਰ ਵਿਚ ਸਪਣੀ ਦਾ ਘਰ ਹੋਵੇ ਤਾਂ ਜਦੋਂ ਭੀ ਮੌਕਾ ਮਿਲਦਾ ਹੈ ਸਪਣੀ ਉਸ ਨੂੰ ਡੰਗ ਮਾਰ ਹੀ ਦੇਂਦੀ ਹੈ, ਇਸੇ ਤਰ੍ਹਾਂ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਹੈ (ਉਹ ਨਦੀ ਦੇ ਉਲਟੇ ਹੋਏ ਹੜ੍ਹ ਵਾਂਗ ਹੈ, ਉਹ ਘਰ ਵਿਚ ਵੱਸਦੀ ਸਪਣੀ ਵਾਂਗ ਹੈ, ਇਹ ਦੂਜੀ ਝਾਕ ਆਤਮਕ ਮੌਤ ਲਿਆਉਂਦੀ ਹੈ) ।5। ਗੁਰੂ ਤੋਂ ਮਿਲਿਆ ਹੋਇਆ ਗਿਆਨ, ਗੁਰੂ ਦੇ ਬਚਨਾਂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਜੁੜੀ ਸੁਰਤਿ, ਮਾਨੋ, ਸੱਪ ਨੂੰ ਕੀਲਣ ਵਾਲਾ ਮੰਤਰ ਹੈ। ਜਿਸ ਦੇ ਪਾਸ ਭੀ ਇਹ ਮੰਤਰ ਹੈ ਉਸ ਨੇ ਗੁਰੂ ਦੀ ਮਤਿ ਦੀ ਬਰਕਤਿ ਨਾਲ ਮਾਇਆ (ਸਪਣੀ ਦਾ ਜ਼ਹਰ) ਸਾੜ ਲਿਆ ਹੈ। (ਵੇਖੋ!) ਪਰਮਾਤਮਾ ਦੀ ਭਗਤੀ (ਇਕ) ਅਨੋਖੀ (ਦਾਤਿ) ਹੈ, ਜਿਸ ਮਨੁੱਖ ਨੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ (ਹਿਰਦੇ ਵਿਚ) ਵਸਾ ਲਿਆ ਹੈ ਉਸ ਦਾ ਮਨ ਉਸ ਦਾ ਸਰੀਰ (ਭਾਵ, ਇੰਦ੍ਰੇ) ਬਰਫ਼ ਵਰਗਾ ਸੀਤਲ ਹੋ ਜਾਂਦਾ ਹੈ।6। ਹੇ ਗੋਪਾਲ! ਜਿਤਨੀ ਲੁਕਾਈ ਹੈ ਸਾਰੀ ਹੀ ਤੈਥੋਂ (ਸਭ ਪਦਾਰਥ) ਮੰਗਦੀ ਹੈ, ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ। ਹੇ ਪ੍ਰਭੂ! ਮੈਂ ਤੇਰੀ ਸਰਨ ਪਿਆ ਹਾਂ, ਮੇਰੀ ਇੱਜ਼ਤ ਰੱਖ ਲੈ, (ਮਿਹਰ ਕਰ) ਮੈਨੂੰ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲ ਜਾਏ।7। ਮਾਇਆ ਦੇ ਧੰਧੇ ਵਿਚ ਬੱਝੀ ਹੋਈ ਲੁਕਾਈ (ਆਤਮਕ ਜੀਵਨ ਵਲੋਂ) ਅੰਨ੍ਹੀ ਹੋਈ ਪਈ ਹੈ (ਸਹੀ ਜੀਵਨ-ਜੁਗਤਿ ਬਾਰੇ ਇਸ ਨੂੰ) ਕੁਝ ਭੀ ਨਹੀਂ ਸੁੱਝਦਾ, (ਤਾਹੀਏਂ) ਨਿਰਦਈ ਕੰਮ ਕਰਦੀ ਜਾ ਰਹੀ ਹੈ। ਜੇ ਜੀਵ ਗੁਰੂ ਨੂੰ ਮਿਲ ਪਏ ਤਾਂ ਇਸ (ਆਤਮਕ ਜੀਵਨ ਬਾਰੇ) ਸਮਝ ਆ ਜਾਂਦੀ ਹੈ, ਇਸ ਦੇ ਮਨ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਜਾਣ-ਪਛਾਣ ਟਿੱਕ ਜਾਂਦੀ ਹੈ।8। ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਤੋਂ ਬਿਨਾ ਗੁਣ-ਹੀਨ ਮਨੁੱਖਾ ਸਰੀਰ ਕੱਚਾ ਹੀ ਰਹਿੰਦਾ ਹੈ (ਭਾਵ, ਜੀਵ ਨੂੰ ਜਨਮ ਮਰਨ ਮਿਲਦਾ ਰਹਿੰਦਾ ਹੈ) , (ਇਸ ਵਾਸਤੇ ਸਹੀ ਜੀਵਨ-ਰਾਹ ਤੇ ਤੁਰਨ ਵਾਸਤੇ) ਮੈਂ ਆਪਣੇ ਗੁਰੂ ਤੋਂ ਸਿੱਖਿਆ ਲੈਂਦਾ ਹਾਂ, ਤੇ ਗੁਰੂ ਪਰਮਾਤਮਾ ਦਾ ਦੀਦਾਰ ਕਰਾ ਦੇਂਦਾ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਜਗਤ ਸੁਪਨੇ ਵਾਂਗ ਹੀ ਹੈ (ਭਾਵ, ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ ਜਾਗ ਖੁਲ੍ਹਣ ਤੇ ਅਲੋਪ ਹੋ ਜਾਂਦੇ ਹਨ, ਇਸੇ ਤਰ੍ਹਾਂ ਦੁਨੀਆ ਵਿਚ ਇਕੱਠੇ ਕੀਤੇ ਹੋਏ ਸਾਰੇ ਹੀ ਪਦਾਰਥ ਅੰਤ ਵੇਲੇ ਖੁੱਸ ਜਾਂਦੇ ਹਨ। ਇਕ ਪ੍ਰਭੂ-ਨਾਮ ਹੀ ਪੱਲੇ ਰਹਿ ਸਕਦਾ ਹੈ) ।9।2। |
Sri Guru Granth Darpan, by Professor Sahib Singh |