ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1274

ਮਲਾਰ ਮਹਲਾ ੧ ॥ ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥੧॥ ਰੈਨਿ ਬਬੀਹਾ ਬੋਲਿਓ ਮੇਰੀ ਮਾਈ ॥੧॥ ਰਹਾਉ ॥ ਪ੍ਰਿਅ ਸਿਉ ਪ੍ਰੀਤਿ ਨ ਉਲਟੈ ਕਬਹੂ ਜੋ ਤੈ ਭਾਵੈ ਸਾਈ ॥੨॥ ਨੀਦ ਗਈ ਹਉਮੈ ਤਨਿ ਥਾਕੀ ਸਚ ਮਤਿ ਰਿਦੈ ਸਮਾਈ ॥੩॥ ਰੂਖੀ ਬਿਰਖੀ ਊਡਉ ਭੂਖਾ ਪੀਵਾ ਨਾਮੁ ਸੁਭਾਈ ॥੪॥ ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ ਰਜਾਈ ॥੫॥ ਪ੍ਰਿਅ ਬਿਨੁ ਸੀਗਾਰੁ ਕਰੀ ਤੇਤਾ ਤਨੁ ਤਾਪੈ ਕਾਪਰੁ ਅੰਗਿ ਨ ਸੁਹਾਈ ॥੬॥ ਅਪਨੇ ਪਿਆਰੇ ਬਿਨੁ ਇਕੁ ਖਿਨੁ ਰਹਿ ਨ ਸਕਂਉ ਬਿਨ ਮਿਲੇ ਨੀਦ ਨ ਪਾਈ ॥੭॥ ਪਿਰੁ ਨਜੀਕਿ ਨ ਬੂਝੈ ਬਪੁੜੀ ਸਤਿਗੁਰਿ ਦੀਆ ਦਿਖਾਈ ॥੮॥ ਸਹਜਿ ਮਿਲਿਆ ਤਬ ਹੀ ਸੁਖੁ ਪਾਇਆ ਤ੍ਰਿਸਨਾ ਸਬਦਿ ਬੁਝਾਈ ॥੯॥ ਕਹੁ ਨਾਨਕ ਤੁਝ ਤੇ ਮਨੁ ਮਾਨਿਆ ਕੀਮਤਿ ਕਹਨੁ ਨ ਜਾਈ ॥੧੦॥੩॥ {ਪੰਨਾ 1274}

ਪਦ ਅਰਥ: ਚਾਤ੍ਰਿਕ = ਬਬੀਹਾ। ਮੀਨ = ਮੱਛੀ। ਤੇ = ਤੋਂ। ਸਾਰਿੰਗ = ਹਰਨ। ਸਬਦਿ = ਘੰਡੇ ਹੇੜੇ ਦੇ ਨਾਦ ਵਿਚ। ਸੁਹਾਈ = ਸੁਖ ਲੈਂਦਾ ਹੈ।1।

ਰੈਨਿ = ਰਾਤ (ਵੇਲੇ) । ਮਾਈ = ਹੇ ਮਾਂ!।1। ਰਹਾਉ।

ਸਿਉ = ਨਾਲੋਂ। ਤੈ = ਤੈਨੂੰ। ਸਾਈ = ਉਹੀ (ਪ੍ਰੀਤ) ।2।

ਤਨਿ = ਤਨ ਵਿਚ (ਦੀ) । ਨੀਦ = ਮਾਇਆ ਦੇ ਮੋਹ ਦੀ ਨੀਂਦ। ਸਚ ਮਤਿ = ਸਦਾ-ਥਿਰ ਨਾਮ ਸਿਮਰਨ ਵਾਲੀ ਮਤਿ।3।

ਊਡਉ = ਮੈਂ ਉੱਡਦਾ ਹਾਂ। ਪੀਵਾ = ਮੈਂ ਪੀਂਦਾ ਹਾਂ। ਸੁਭਾਈ = ਪ੍ਰੇਮ ਨਾਲ।4।

ਲੋਚਨ ਤਾਰ = ਅੱਖਾਂ ਦੀ ਟਿਕਟਿਕੀ। ਲਲਤਾ = ਜੀਭ। ਰਜਾਈ = ਰਜ਼ਾ ਦਾ ਮਾਲਕ।5।

ਤੇਤਾ = ਉਤਨਾ ਹੀ। ਤਾਪੈ = ਤਪਦਾ ਹੈ। ਕਾਪਰੁ = ਕੱਪੜਾ। ਅੰਗਿ = ਸਰੀਰ ਉਤੇ।6।

ਨ ਪਾਈ = ਨਹੀਂ ਪੈਂਦੀ।7।

ਨਜੀਕਿ = ਨੇੜੇ (ਲਫ਼ਜ਼ 'ਨਜੀਕਿ' ਸੰਬੰਧਕ ਹੈ, ਪਰ ਇਸ ਦਾ ਸੰਬੰਧ ਲਫ਼ਜ਼ 'ਪਿਰੁ' ਨਾਲ ਨਹੀਂ ਹੈ। ਵੇਖੋ: 'ਭਿਸਤੁ ਨਜੀਕਿ ਰਾਖੁ ਰਹਮਾਨਾ' = ਕਬੀਰ ਜੀ) । ਬਪੁੜੀ = ਭਾਗ-ਹੀਣ। ਸਤਿਗੁਰਿ = ਗੁਰੂ ਨੇ।8।

ਸਹਜਿ = ਆਤਮਕ ਅਡੋਲਤਾ ਵਿਚ। ਸਬਦਿ = ਸ਼ਬਦ ਦੀ ਰਾਹੀਂ।9।

ਤੇ = ਤੋਂ। ਤੁਝ ਤੇ = ਤੈਥੋਂ, ਤੇਰੀ ਮਦਦ ਨਾਲ।10।

ਅਰਥ: ਹੇ ਮੇਰੀ ਮਾਂ! (ਸ੍ਵਾਂਤੀ ਬੂੰਦ ਦੀ ਤਾਂਘ ਵਿਚ) ਰਾਤੀਂ ਬਬੀਹਾ (ਬੜੇ ਵੈਰਾਗ ਵਿਚ) ਬੋਲਿਆ (ਉਸ ਦੀ ਵਿਲਕਣੀ ਸੁਣ ਕੇ ਮੇਰੇ ਅੰਦਰ ਭੀ ਧ੍ਰੂਹ ਪਈ) ।1। ਰਹਾਉ।

(ਹੇ ਮਾਂ! ਬਬੀਹੇ ਦੀ ਕੂਕ ਸੁਣ ਕੇ ਮੈਨੂੰ ਸਮਝ ਆਈ ਕਿ) ਬਬੀਹਾ ਤੇ ਮੱਛੀ ਪਾਣੀ ਤੋਂ ਹੀ ਸੁਖ ਪਾਂਦੇ ਹਨ, ਹਰਨ ਭੀ (ਘੰਡੇ ਹੇੜੇ ਦੇ) ਸ਼ਬਦ ਤੋਂ ਸੁਖ ਲੈਂਦਾ ਹੈ (ਤਾਂ ਫਿਰ ਪਤੀ-ਪ੍ਰਭੂ ਦੇ ਵਿਛੋੜੇ ਵਿਚ ਮੈਂ ਕਿਵੇਂ ਸੁਖੀ ਹੋਣ ਦੀ ਆਸ ਕਰ ਸਕਦੀ ਹਾਂ?) ।1।

(ਹੇ ਮਾਂ! ਬਬੀਹੇ ਮੱਛੀ ਹਰਨ ਆਦਿਕ ਦੀ) ਪ੍ਰੀਤਿ (ਆਪੋ ਆਪਣੇ) ਪਿਆਰੇ ਵਲੋਂ ਕਦੇ ਭੀ ਪਰਤਦੀ ਨਹੀਂ। (ਇਹ ਮਨੁੱਖ ਹੀ ਹੈ ਜਿਸ ਦੀ ਪ੍ਰੀਤਿ ਪ੍ਰਭੂ-ਚਰਨਾਂ ਵਲੋਂ ਹੱਟ ਕੇ ਦੁਨੀਆ ਨਾਲ ਬਣ ਜਾਂਦੀ ਹੈ। ਹੇ ਮਾਂ! ਮੈਂ ਅਰਦਾਸ ਕੀਤੀ ਕਿ ਹੇ ਪ੍ਰਭੂ!) ਜੋ ਤੈਨੂੰ ਭਾਵੇ ਉਹੀ ਗੱਲ ਹੁੰਦੀ ਹੈ (ਮੈਨੂੰ ਆਪਣੇ ਚਰਨਾਂ ਦੀ ਪ੍ਰੀਤਿ ਦੇਹ) ।2।

(ਹੇ ਮਾਂ! ਮੇਰੀ ਬੇਨਤੀ ਸੁਣ ਕੇ ਪ੍ਰਭੂ ਨੇ ਮਿਹਰ ਕੀਤੀ) ਮੇਰੇ ਹਿਰਦੇ ਵਿਚ ਉਸ ਸਦਾ-ਥਿਰ ਪ੍ਰੀਤਮ ਦਾ ਨਾਮ ਸਿਮਰਨ ਵਾਲੀ ਮਤਿ ਆ ਟਿਕੀ, ਹੁਣ ਮੇਰੀ ਮਾਇਆ ਦੇ ਮੋਹ ਵਾਲੀ ਨੀਂਦ ਮੁੱਕ ਗਈ ਹੈ, ਮੇਰੇ ਸਰੀਰ ਵਿਚ ਦੀ ਹਉਮੈ ਭੀ ਦੂਰ ਹੋ ਗਈ ਹੈ।3।

(ਹੇ ਮਾਂ! ਬਬੀਹੇ ਦੀ ਵਿਲਕਣੀ ਵਿਚੋਂ ਮੈਨੂੰ ਜਾਪਿਆ ਕਿ ਉਹ ਇਉਂ ਤਰਲੇ ਲੈ ਰਿਹਾ ਹੈ-) ਮੈਂ ਰੁੱਖਾਂ ਬਿਰਖਾਂ ਤੇ ਉੱਡ ਉੱਡ ਕੇ ਜਾਂਦਾ ਹਾਂ ਪਰ (ਸ੍ਵਾਂਤੀ ਬੂੰਦ ਤੋਂ ਬਿਨਾ) ਭੁੱਖਾ (ਪਿਆਸਾ) ਹੀ ਹਾਂ! (ਬਬੀਹੇ ਦੀ ਵਿਲਕਣੀ ਤੋਂ ਪ੍ਰੇਰਿਤ ਹੋ ਕੇ ਹੁਣ) ਮੈਂ ਬੜੇ ਪਿਆਰ ਨਾਲ ਪਰਮਾਤਮਾ-ਪਤੀ ਦਾ ਨਾਮ-ਅੰਮ੍ਰਿਤ ਪੀ ਰਹੀ ਹਾਂ।4।

(ਹੇ ਮਾਂ!) ਰਜ਼ਾ ਦੇ ਮਾਲਕ ਪ੍ਰਭੂ ਦੇ ਦੀਦਾਰ ਦੀ (ਮੇਰੇ ਅੰਦਰ) ਬੜੀ ਤਾਂਘ ਹੈ, ਮੇਰੀ ਜੀਭ (ਉਸ ਦੇ ਦਰਸਨ ਲਈ) ਤਰਲੇ ਲੈ ਰਹੀ ਹੈ, (ਉਡੀਕ ਵਿਚ) ਮੇਰੀਆਂ ਅੱਖਾਂ ਦੀ ਟਿਕਟਿਕੀ ਲੱਗੀ ਹੋਈ ਹੈ।5।

(ਹੇ ਮਾਂ! ਹੁਣ ਮੈਂ ਮਹਿਸੂਸ ਕਰਦੀ ਹਾਂ ਕਿ) ਪਿਆਰੇ ਪ੍ਰਭੂ-ਪਤੀ ਤੋਂ ਬਿਨਾ ਮੈਂ ਜਿਤਨਾ ਭੀ ਸਿੰਗਾਰ ਕਰਦੀ ਹਾਂ ਉਤਨਾ ਹੀ (ਵਧੀਕ) ਮੇਰਾ ਸਰੀਰ (ਸੁਖੀ ਹੋਣ ਦੇ ਥਾਂ) ਤਪਦਾ ਹੈ। (ਚੰਗੇ ਤੋਂ ਚੰਗਾ ਭੀ) ਕੱਪੜਾ (ਮੈਨੂੰ ਆਪਣੇ) ਸਰੀਰ ਉਤੇ ਸੁਖਾਂਦਾ ਨਹੀਂ ਹੈ।6।

(ਹੇ ਮਾਂ!) ਆਪਣੇ ਪਿਆਰੇ ਤੋਂ ਬਿਨਾ ਮੈਂ (ਇਕ) ਪਲ ਭਰ ਭੀ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ, ਪ੍ਰਭੂ-ਪਤੀ ਨੂੰ ਮਿਲਣ ਤੋਂ ਬਿਨਾ ਮੈਨੂੰ ਨੀਂਦ ਨਹੀਂ ਪੈਂਦੀ (ਸ਼ਾਂਤੀ ਨਹੀਂ ਆਉਂਦੀ) ।7।

(ਹੇ ਮਾਂ!) ਪ੍ਰਭੂ-ਪਤੀ ਤਾਂ (ਹਰੇਕ ਜੀਵ-ਇਸਤ੍ਰੀ ਦੇ) ਨੇੜੇ (ਵੱਸਦਾ) ਹੈ; ਪਰ ਭਾਗ-ਹੀਣ ਨੂੰ ਇਹ ਸਮਝ ਨਹੀਂ ਆਉਂਦੀ। (ਸੁਭਾਗਣ) ਨੂੰ (ਉਸ ਦੇ ਅੰਦਰ ਹੀ ਪਰਮਾਤਮਾ) ਵਿਖਾ ਦਿੱਤਾ ਹੈ।8।

(ਗੁਰੂ ਦੀ ਕਿਰਪਾ ਨਾਲ ਜੇਹੜੀ ਜੀਵ-ਇਸਤ੍ਰੀ) ਆਤਮਕ ਅਡੋਲਤਾ ਵਿਚ (ਟਿੱਕ ਗਈ ਉਸਨੂੰ ਪ੍ਰਭੂ-ਪਤੀ) ਮਿਲ ਪਿਆ (ਉਸ ਦੇ ਦੀਦਾਰ ਹੋਇਆਂ ਉਸ ਨੂੰ) ਉਸ ਵੇਲੇ ਆਤਮਕ ਆਨੰਦ ਪ੍ਰਾਪਤ ਹੋ ਗਿਆ, ਗੁਰੂ ਦੇ ਸ਼ਬਦ ਨੇ ਉਸ ਦੀ ਤ੍ਰਿਸ਼ਨਾ (ਦੀ ਅੱਗ) ਬੁਝਾ ਦਿੱਤੀ।9।

ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ ਕੇ ਆਖ– ਹੇ ਪ੍ਰਭੂ!) ਤੇਰੀ ਮਿਹਰ ਨਾਲ ਮੇਰਾ ਮਨ (ਤੇਰੀ ਯਾਦ ਵਿਚ) ਗਿੱਝ ਗਿਆ ਹੈ (ਤੇ ਮੇਰੇ ਅੰਦਰ ਅਜੇਹਾ ਆਤਮਕ ਆਨੰਦ ਬਣ ਗਿਆ ਹੈ ਜਿਸ ਦਾ) ਮੁੱਲ ਨਹੀਂ ਪਾਇਆ ਜਾ ਸਕਦਾ।10।3।

ਮਲਾਰ ਮਹਲਾ ੧ ਅਸਟਪਦੀਆ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਅਖਲੀ ਊਂਡੀ ਜਲੁ ਭਰ ਨਾਲਿ ॥ ਡੂਗਰੁ ਊਚਉ ਗੜੁ ਪਾਤਾਲਿ ॥ ਸਾਗਰੁ ਸੀਤਲੁ ਗੁਰ ਸਬਦ ਵੀਚਾਰਿ ॥ ਮਾਰਗੁ ਮੁਕਤਾ ਹਉਮੈ ਮਾਰਿ ॥੧॥ ਮੈ ਅੰਧੁਲੇ ਨਾਵੈ ਕੀ ਜੋਤਿ ॥ ਨਾਮ ਅਧਾਰਿ ਚਲਾ ਗੁਰ ਕੈ ਭੈ ਭੇਤਿ ॥੧॥ ਰਹਾਉ ॥ ਸਤਿਗੁਰ ਸਬਦੀ ਪਾਧਰੁ ਜਾਣਿ ॥ ਗੁਰ ਕੈ ਤਕੀਐ ਸਾਚੈ ਤਾਣਿ ॥ ਨਾਮੁ ਸਮ੍ਹ੍ਹਾਲਸਿ ਰੂੜ੍ਹ੍ਹੀ ਬਾਣਿ ॥ ਥੈਂ ਭਾਵੈ ਦਰੁ ਲਹਸਿ ਪਿਰਾਣਿ ॥੨॥ ਊਡਾਂ ਬੈਸਾ ਏਕ ਲਿਵ ਤਾਰ ॥ ਗੁਰ ਕੈ ਸਬਦਿ ਨਾਮ ਆਧਾਰ ॥ ਨਾ ਜਲੁ ਡੂੰਗਰੁ ਨ ਊਚੀ ਧਾਰ ॥ ਨਿਜ ਘਰਿ ਵਾਸਾ ਤਹ ਮਗੁ ਨ ਚਾਲਣਹਾਰ ॥੩॥ ਜਿਤੁ ਘਰਿ ਵਸਹਿ ਤੂਹੈ ਬਿਧਿ ਜਾਣਹਿ ਬੀਜਉ ਮਹਲੁ ਨ ਜਾਪੈ ॥ ਸਤਿਗੁਰ ਬਾਝਹੁ ਸਮਝ ਨ ਹੋਵੀ ਸਭੁ ਜਗੁ ਦਬਿਆ ਛਾਪੈ ॥ ਕਰਣ ਪਲਾਵ ਕਰੈ ਬਿਲਲਾਤਉ ਬਿਨੁ ਗੁਰ ਨਾਮੁ ਨ ਜਾਪੈ ॥ ਪਲ ਪੰਕਜ ਮਹਿ ਨਾਮੁ ਛਡਾਏ ਜੇ ਗੁਰ ਸਬਦੁ ਸਿਞਾਪੈ ॥੪॥ ਇਕਿ ਮੂਰਖ ਅੰਧੇ ਮੁਗਧ ਗਵਾਰ ॥ ਇਕਿ ਸਤਿਗੁਰ ਕੈ ਭੈ ਨਾਮ ਅਧਾਰ ॥ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ॥ ਜਿਨਿ ਪੀਤੀ ਤਿਸੁ ਮੋਖ ਦੁਆਰ ॥੫॥ ਨਾਮੁ ਭੈ ਭਾਇ ਰਿਦੈ ਵਸਾਹੀ ਗੁਰ ਕਰਣੀ ਸਚੁ ਬਾਣੀ ॥ ਇੰਦੁ ਵਰਸੈ ਧਰਤਿ ਸੁਹਾਵੀ ਘਟਿ ਘਟਿ ਜੋਤਿ ਸਮਾਣੀ ॥ ਕਾਲਰਿ ਬੀਜਸਿ ਦੁਰਮਤਿ ਐਸੀ ਨਿਗੁਰੇ ਕੀ ਨੀਸਾਣੀ ॥ ਸਤਿਗੁਰ ਬਾਝਹੁ ਘੋਰ ਅੰਧਾਰਾ ਡੂਬਿ ਮੁਏ ਬਿਨੁ ਪਾਣੀ ॥੬॥ ਜੋ ਕਿਛੁ ਕੀਨੋ ਸੁ ਪ੍ਰਭੂ ਰਜਾਇ ॥ ਜੋ ਧੁਰਿ ਲਿਖਿਆ ਸੁ ਮੇਟਣਾ ਨ ਜਾਇ ॥ ਹੁਕਮੇ ਬਾਧਾ ਕਾਰ ਕਮਾਇ ॥ ਏਕ ਸਬਦਿ ਰਾਚੈ ਸਚਿ ਸਮਾਇ ॥੭॥ ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ ॥ ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ ॥ ਜਾਂਮਣੁ ਮਰਣਾ ਦੀਸੈ ਸਿਰਿ ਊਭੌ ਖੁਧਿਆ ਨਿਦ੍ਰਾ ਕਾਲੰ ॥ ਨਾਨਕ ਨਾਮੁ ਮਿਲੈ ਮਨਿ ਭਾਵੈ ਸਾਚੀ ਨਦਰਿ ਰਸਾਲੰ ॥੮॥੧॥੪॥ {ਪੰਨਾ 1274-1275}

ਪਦ ਅਰਥ: ਅਖਲੀ = ਲਮ-ਢੀਂਗ। ਊਂਡੀ = ਉੱਚੀ (ਆਕਾਸ਼ ਵਿਚ ਉੱਡਦੀ ਹੈ) । ਭਰਨਾਲਿ = (BrxwlX) A receptacle of nutriment, ਸਮੁੰਦਰ) ਸਮੁੰਦਰ ਵਿਚ।

ਸਤਿਜੁਗਿ ਸਤਿ, ਤ੍ਰੇਤੈ ਜਗੀ, ਦੁਆਪਰਿ ਪੂਜਾ ਬਾਹਲੀ ਘਾਲਾ ॥ ਕਲਿਜੁਗਿ ਗੁਰਮੁਖਿ ਨਾਉ ਲੈ, ਪਾਰਿ ਪਵੈ ਭਵਜਲ ਭਰਨਾਲਾ ॥8॥26॥ (ਭਾਈ ਗੁਰਦਾਸ ਜੀ

ਡੂਗਰੁ = ਪਹਾੜ। ਪਾਤਾਲਿ = ਪਾਤਾਲ ਵਿਚ। ਸਾਗਰੁ = ਸਮੁੰਦਰ। ਵੀਚਾਰਿ = ਵਿਚਾਰ ਦੀ ਰਾਹੀਂ। ਮੁਕਤਾ = ਖੁਲ੍ਹਾ। ਮਾਰਿ = ਮਾਰ ਕੇ।1।

ਜੋਤਿ = ਚਾਨਣ। ਅਧਾਰਿ = ਆਸਰੇ ਨਾਲ। ਚਲਾ = ਮੈਂ (ਜੀਵਨ-ਪੰਧ ਵਿਚ) ਤੁਰਦਾ ਹਾਂ। ਭੈ = ਡਰ ਵਿਚ, ਅਦਬ ਵਿਚ। ਭੇਤਿ = ਭੇਤ ਦੀ ਰਾਹੀਂ।1। ਰਹਾਉ।

ਪਾਧਰੁ = (ਸਿੱਧਾ) ਰਸਤਾ। ਤਕੀਐ = ਆਸਰੇ ਨਾਲ। ਤਾਣਿ = ਤਾਕਤ ਨਾਲ। ਸਮਾਲਸਿ = ਸੰਭਾਲਣਾ ਹੈ। ਰੂੜੀ = ਸੁੰਦਰ। ਥੈਂ = ਤੈਨੂੰ। ਪਿਰਾਣਿ ਲਹਸਿ = ਪਛਾਣ ਲੈਂਦਾ ਹੈ।2।

ਊਡਾਂ = (ਜੇ) ਮੈਂ ਉੱਡਾਂ। ਬੈਸਾ = (ਜੇ) ਮੈਂ ਬੈਠਾਂ। ਨਿਜ ਘਰਿ = ਆਪਣੇ ਘਰ ਵਿਚ। ਤਹ = ਉਸ ਅਵਸਥਾ ਵਿਚ (ਟਿਕਿਆਂ) । ਮਗੁ = ਰਸਤਾ, ਪੈਂਡਾ।3।

ਜਿਤੁ ਘਰਿ = ਜਿਸ ਹਿਰਦੇ-ਘਰ ਵਿਚ। ਬਿਧਿ = ਹਾਲਤ, ਅਵਸਥਾ। ਬੀਜਉ = ਦੂਜਾ। ਨ ਜਾਪੈ = ਨਹੀਂ ਸੁੱਝਦਾ। ਦੁਬਿਧਾ = ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ। ਛਾਪੈ = ਛਾਪ ਵਿਚ, ਅਸਰ ਹੇਠ। ਕਰਣ ਪਲਾਵ = (k{xwpRlwp) ਤਰਸ-ਭਰੇ ਕੀਰਨੇ, ਤਰਲੇ। ਪੰਕਜ = ਕਮਲ, ਕੌਲ ਫੁੱਲ ਵਰਗੀ ਅੱਖ। ਪੰਕਜ ਮਹਿ = ਅੱਖ ਦੇ ਫੋਰ ਵਿਚ।4।

ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) ਅਨੇਕਾਂ। ਜਿਨਿ = ਜਿਸ ਨੇ।5।

ਭੈ = ਅਦਬ ਵਿਚ। ਭਾਇ = ਪ੍ਰੇਮ ਵਿਚ। ਇੰਦੁ = ਇੰਦ੍ਰ-ਦੇਵਤਾ, ਬੱਦਲ, ਗੁਰੂ-ਬੱਦਲ। ਧਰਤਿ = ਹਿਰਦਾ-ਧਰਤੀ। ਕਾਲਰਿ = ਕੱਲਰ ਵਿਚ। ਘੋਰ = ਘੁੱਪ, ਬਹੁਤ।6।

ਏਕ ਸਬਦਿ = ਇਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ।7।

ਦਿਸਿ = ਪਾਸੇ। ਪ੍ਰਭ = ਹੇ ਪ੍ਰਭੂ! ਪਤਾਲੰ = ਪਾਤਾਲਾਂ ਵਿਚ ਭੀ। ਕਰਮਿ = ਮਿਹਰ ਨਾਲ। ਬੈਆਲੰ = (AÒXX AwlX) ਜਿਸ ਦਾ ਘਰ ਨਾਸ-ਰਹਿਤ ਹੈ, ਪਰਮਾਤਮਾ ਅਬਿਨਾਸ਼ੀ। ਜਾਂਮਣੁ = ਜੰਮਣ। ਸਿਰਿ = ਉਤੇ। ਊਭੌ = ਖਲੋਤਾ ਹੋਇਆ, ਤਿਆਰ। ਖੁਧਿਆ = ਭੁੱਖ। ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ। ਰਸਾਲੰ = ਰਸਾਂ ਦਾ ਘਰ ਪਰਮਾਤਮਾ।8।

ਅਰਥ: ਮੈਨੂੰ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਨੂੰ ਪਰਮਾਤਮਾ ਦੇ ਨਾਮ ਦਾ ਚਾਨਣ ਮਿਲ ਗਿਆ ਹੈ। ਹੁਣ ਮੈਂ (ਜੀਵਨ-ਪੰਧ ਵਿਚ) ਪ੍ਰਭੂ ਦੇ ਨਾਮ ਦੇ ਆਸਰੇ ਤੁਰਦਾ ਹਾਂ, ਗੁਰੂ ਦੇ ਡਰ-ਅਦਬ ਵਿਚ ਰਹਿ ਕੇ ਤੁਰਦਾ ਹਾਂ, (ਜੀਵਨ-ਔਕੜਾਂ ਬਾਰੇ) ਗੁਰੂ ਦੇ ਸਮਝਾਏ ਹੋਏ ਭੇਦ ਦੀ ਸਹਾਇਤਾ ਨਾਲ ਤੁਰਦਾ ਹਾਂ।1। ਰਹਾਉ।

ਜੇ ਲਮਢੀਂਗ (ਆਦਿਕ ਪੰਛੀ) ਉੱਚੇ ਆਕਾਸ਼ ਵਿਚ ਉੱਡ ਰਿਹਾ ਹੈ (ਤਾਂ ਉਥੇ ਉੱਡਦੇ ਨੂੰ ਪਾਣੀ ਨਹੀਂ ਮਿਲ ਸਕਦਾ ਕਿਉਂਕਿ) ਪਾਣੀ ਸਮੁੰਦਰ ਵਿਚ ਹੈ (ਆਤਮਕ ਸ਼ਾਂਤੀ ਸੀਤਲਤਾ ਨਿਮ੍ਰਤਾ ਵਿਚ ਹੈ। ਇਹ ਉਸ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਸਕਦੀ ਜਿਸ ਦਾ ਦਿਮਾਗ਼ ਮਾਇਆ ਆਦਿਕ ਦੇ ਅਹੰਕਾਰ ਵਿਚ ਅਸਮਾਨੀਂ ਚੜ੍ਹਿਆ ਹੋਇਆ ਹੋਵੇ) । ਕਿਲ੍ਹਾ ਪਾਤਾਲ ਵਿਚ ਹੈ, ਪਰ ਪਹਾੜ (ਦਾ ਪੈਂਡਾ) ਉੱਚਾ ਹੈ (ਜੇ ਕੋਈ ਮਨੁੱਖ ਕਾਮਾਦਿਕ ਵੈਰੀਆਂ ਤੋਂ ਬਚਣ ਲਈ ਕੋਈ ਸਤਸੰਗ ਆਦਿਕ ਆਸਰਾ ਲੋੜਦਾ ਹੈ, ਪਰ ਚੜ੍ਹਿਆ ਜਾ ਰਿਹਾ ਹੈ ਹਉਮੈ ਅਹੰਕਾਰ ਦੇ ਪਹਾੜ ਉਤੇ, ਤਾਂ ਉਸ ਰਾਹੇ ਪੈ ਕੇ ਉਹ ਵੈਰੀਆਂ ਦੀ ਚੋਟ ਤੋਂ ਬਚ ਨਹੀਂ ਸਕਦਾ) ।

ਗੁਰੂ ਦੇ ਸ਼ਬਦ ਦੀ ਵਿਚਾਰ ਕੀਤਿਆਂ ਸੰਸਾਰ-ਸਮੁੰਦਰ (ਜੋ ਵਿਕਾਰਾਂ ਦੀ ਅੱਗ ਨਾਲ ਤਪ ਰਿਹਾ ਹੈ) ਠੰਢਾ-ਠਾਰ ਹੋ ਜਾਂਦਾ ਹੈ। (ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ) ਹਉਮੈ ਮਾਰਿਆਂ ਜੀਵਨ ਦਾ ਰਸਤਾ ਖੁਲ੍ਹਾ ਹੋ ਜਾਂਦਾ ਹੈ (ਵਿਕਾਰਾਂ ਦੀ ਰੁਕਾਵਟ ਨਹੀਂ ਰਹਿੰਦੀ) ।1।

ਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜ਼ਿੰਦਗੀ ਦਾ ਪੱਧਰਾ ਰਸਤਾ ਸਮਝ ਲੈਂਦਾ ਹੈ, ਉਹ (ਇਸ ਜੀਵਨ-ਸਫ਼ਰ ਵਿਚ) ਗੁਰੂ ਦੇ ਆਸਰੇ ਤੁਰਦਾ ਹੈ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੇ ਸਹਾਰੇ ਤੁਰਦਾ ਹੈ, ਉਹ ਸਤਿਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾਂਦਾ ਹੈ।

ਹੇ ਪ੍ਰਭੂ! ਜਦੋਂ ਤੇਰੀ ਮਿਹਰ ਹੁੰਦੀ ਹੈ ਤਾਂ ਉਹ ਤੇਰਾ ਦਰ ਪਛਾਣ ਕੇ ਲੱਭ ਲੈਂਦਾ ਹੈ।2।

ਜਿਉਂ ਜਿਉਂ ਮੈਂ (ਜੀਵ-ਪੰਛੀ) ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ-ਨਾਮ ਦਾ ਆਸਰਾ ਲੈ ਕੇ ਜੀਵਨ-ਪੰਧ ਵਿਚ ਇਕ ਪਰਮਾਤਮਾ ਦੇ ਚਰਨਾਂ ਵਿਚ ਇਕ-ਰਸ ਸੁਰਤਿ ਜੋੜ ਕੇ ਉਡਾਰੀਆਂ ਲਾਂਦਾ ਹਾਂ ਤੇ ਲਗਨ ਦਾ ਸਹਾਰਾ ਲੈਂਦਾ ਹਾਂ, ਮੇਰੇ ਜੀਵਨ-ਰਸਤੇ ਵਿਚ ਨਾਹ ਸੰਸਾਰ-ਸਮੁੰਦਰ ਦਾ (ਵਿਕਾਰ-) ਜਲ ਆਉਂਦਾ ਹੈ ਨਾਹ (ਹਉਮੈ ਅਹੰਕਾਰ ਦਾ) ਪਹਾੜ ਖੜਾ ਹੁੰਦਾ ਹੈ, ਤੇ ਨਾਹ ਹੀ ਵਿਕਾਰਾਂ ਦਾ ਕੋਈ ਉੱਚਾ ਲੰਮਾ ਪਹਾੜੀ ਸਿਲਸਿਲਾ ਆ ਖਲੋਂਦਾ ਹੈ। ਸ੍ਵੈ ਸਰੂਪ ਵਿਚ (ਆਪਣੇ ਅੰਦਰ ਹੀ ਪ੍ਰਭੂ-ਚਰਨਾਂ ਵਿਚ) ਮੇਰਾ ਨਿਵਾਸ ਹੋ ਜਾਂਦਾ ਹੈ। ਉਸ ਆਤਮਕ ਅਵਸਥਾ ਵਿਚ ਨਾਹ (ਜਨਮ ਮਰਨ ਦੇ ਗੇੜ ਵਾਲਾ) ਰਸਤਾ ਫੜਨਾ ਪੈਂਦਾ ਹੈ ਨਾਹ ਹੀ ਉਸ ਰਸਤੇ ਤੁਰਨ ਵਾਲਾ ਹੀ ਕੋਈ ਹੁੰਦਾ ਹੈ।3।

ਹੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਘਰ ਵਿਚ ਤੂੰ ਪਰਗਟ ਹੋ ਪੈਂਦਾ ਹੈਂ ਉਸ ਦੀ ਆਤਮਕ ਅਵਸਥਾ ਤੂੰ ਹੀ ਜਾਣਦਾ ਹੈਂ ਕਿ ਉਸ ਨੂੰ ਤੈਥੋਂ ਬਿਨਾ ਕੋਈ ਹੋਰ ਆਸਰਾ ਸੁੱਝਦਾ ਹੀ ਨਹੀਂ।

ਸਾਰਾ ਜਗਤ ਪ੍ਰਭੂ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਦੇ ਦਬਾਉ ਹੇਠ ਦਬਿਆ ਪਿਆ ਹੈ। ਗੁਰੂ ਤੋਂ ਬਿਨਾ ਸਮਝ ਨਹੀਂ ਆ ਸਕਦੀ। (ਪ੍ਰਭੂ ਨਾਮ ਦਾ ਆਸਰਾ ਛੱਡ ਕੇ ਜਗਤ) ਤਰਲੈ ਲੈਂਦਾ ਹੈ ਤੇ ਵਿਲਕਦਾ ਹੈ। ਗੁਰੂ ਦੀ ਸਰਨ ਤੋਂ ਬਿਨਾ ਨਾਮ ਜਪ ਨਹੀਂ ਸਕਦਾ। ਪਰ ਜੇ ਜੀਵ ਗੁਰੂ ਦੇ ਸ਼ਬਦ ਨੂੰ ਪਛਾਣ ਲਏ ਤਾਂ ਪ੍ਰਭੂ ਦਾ ਨਾਮ ਇਸ ਨੂੰ ਅੱਖ ਦੇ ਇਕ ਫੋਰ ਵਿਚ (ਮਾਇਆ ਦੇ ਦਬਾਉ ਤੋਂ) ਛਡਾ ਲੈਂਦਾ ਹੈ।4।

(ਜਗਤ ਵਿਚ) ਅਨੇਕਾਂ ਹੀ ਮੂਰਖ ਐਸੇ ਹਨ ਜੋ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਪਏ ਹਨ। ਪਰ ਅਨੇਕਾਂ ਹੀ ਐਸੇ ਭੀ ਹਨ ਜੋ ਗੁਰੂ ਦੇ ਡਰ-ਅਦਬ ਵਿਚ ਤੁਰ ਕੇ ਪ੍ਰਭੂ-ਨਾਮ ਦਾ ਆਸਰਾ ਲੈਂਦੇ ਹਨ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਮਿੱਠੀ ਬਾਣੀ ਦੀ ਰਾਹੀਂ ਨਾਮ-ਅੰਮ੍ਰਿਤ ਦੀ ਧਾਰ ਦਾ ਰਸ ਮਾਣਦੇ ਹਨ।

ਜਿਸ ਮਨੁੱਖ ਨੇ ਨਾਮ-ਅੰਮ੍ਰਿਤ ਦੀ ਧਾਰ ਪੀਤੀ ਹੈ ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰਨ ਵਾਲਾ ਦਰਵਾਜ਼ਾ ਲੱਭ ਪੈਂਦਾ ਹੈ।5।

ਜੇਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਵਿਚ ਤੇ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦੇ ਹਨ, ਗੁਰੂ ਦੀ ਦੱਸੀ ਕਾਰ ਕਰਦੇ ਹਨ, (ਭਾਵ,) ਸਿਫਤਿ-ਸਾਲਾਹ ਦੀ ਬਾਣੀ ਰਾਹੀਂ ਸਦਾ-ਥਿਰ ਪ੍ਰਭੂ ਦਾ ਨਾਮ ਜਪਦੇ ਹਨ ਉਹਨਾਂ ਉਤੇ ਗੁਰੂ-ਬੱਦਲ (ਪ੍ਰਭੂ ਦੀ ਰਹਿਮਤ ਦੀ) ਵਰਖਾ ਕਰਦਾ ਹੈ ਜਿਸ ਕਰਕੇ ਉਹਨਾਂ ਦੇ ਹਿਰਦੇ ਦੀ ਧਰਤੀ ਸੁਹਾਵਣੀ ਬਣ ਜਾਂਦੀ ਹੈ, ਉਹਨਾਂ ਨੂੰ ਹਰੇਕ ਸਰੀਰ ਵਿਚ ਪਰਮਾਤਮਾ ਦੀ ਜੋਤਿ ਵਿਆਪਕ ਦਿੱਸਦੀ ਹੈ।

ਪਰ ਗੁਰੂ ਤੋਂ ਬੇ-ਮੁਖ ਦੀ ਨਿਸ਼ਾਨੀ ਇਹ ਹੈ ਕਿ ਉਹ ਭੈੜੀ ਮੱਤੇ ਲਗ ਕੇ (ਮਾਨੋ) ਕੱਲਰ ਵਿਚ ਬੀ ਬੀਜਦਾ ਰਹਿੰਦਾ ਹੈ। ਜੇਹੜੇ ਮਨੁੱਖ ਗੁਰੂ ਤੋਂ ਵਾਂਜੇ ਰਹਿੰਦੇ ਹਨ, ਉਹ ਅਗਿਆਨਤਾ ਦੇ ਘੁੱਪ ਹਨੇਰੇ ਵਿਚ (ਹੱਥ ਪੈਰ ਮਾਰਦੇ ਹਨ) , ਨਾਮ-ਜਲ ਤੋਂ ਬਿਨਾ ਉਹ ਵਿਕਾਰਾਂ ਦੇ ਸਮੁੰਦਰ ਵਿਚ ਗੋਤੇ ਖਾਂਦੇ ਰਹਿੰਦੇ ਹਨ।6।

ਜੋ ਭੀ ਖੇਡ ਰਚੀ ਹੈ ਪ੍ਰਭੂ ਨੇ ਆਪਣੀ ਰਜ਼ਾ ਵਿਚ ਰਚੀ ਹੋਈ ਹੈ। (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਜੋ ਲੇਖ (ਉਹਨਾਂ ਦੇ ਮੱਥੇ ਤੇ) ਧੁਰੋਂ ਲਿਖਿਆ ਜਾਂਦਾ ਹੈ ਉਹ (ਕਿਸੇ ਪਾਸੋਂ) ਮਿਟਾਇਆ ਨਹੀਂ ਜਾ ਸਕਦਾ। ਹਰੇਕ ਜੀਵ ਪ੍ਰਭੂ ਦੇ ਹੁਕਮ ਵਿਚ ਬੱਝਾ ਹੋਇਆ ਆਪਣੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਾਰ ਕਰਦਾ ਹੈ। (ਇਹ ਪ੍ਰਭੂ ਦੀ ਮਿਹਰ ਹੈ ਕਿ ਕੋਈ ਵਡ-ਭਾਗੀ ਜੀਵ) ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ।7।

ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਹੁਕਮ ਚੱਲ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿਚ ਨੀਵੇਂ ਤੋਂ ਨੀਵੇਂ ਥਾਵਾਂ ਵਿਚ ਭੀ ਤੇਰਾ ਹੀ ਨਾਮ ਵੱਜ ਰਿਹਾ ਹੈ।

ਸਭ ਜੀਵਾਂ ਵਿਚ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਜੀਵਨ-ਰੌ ਰੁਮਕ ਰਹੀ ਹੈ (ਜਿਸ ਕਿਸੇ ਨੂੰ ਮਿਲਦਾ ਹੈ) ਉਹ ਅਬਿਨਾਸ਼ੀ ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ।

(ਨਾਮ ਤੋਂ ਵਾਂਜੇ ਬੰਦਿਆਂ ਦੇ) ਸਿਰ ਉਤੇ ਜਨਮ ਮਰਨ ਦਾ ਗੇੜ ਖੜਾ ਦਿੱਸਦਾ ਹੈ, ਮਾਇਆ ਦੀ ਭੁੱਖ, ਮਾਇਆ ਦੇ ਮੋਹ ਦੀ ਨੀਂਦ ਤੇ ਆਤਮਕ ਮੌਤ ਖੜੇ ਦਿੱਸਦੇ ਹਨ।

ਹੇ ਨਾਨਕ! ਸਭ ਰਸਾਂ ਦੇ ਸੋਮੇ ਪ੍ਰਭੂ ਦੀ ਸਦਾ-ਥਿਰ ਮਿਹਰ ਦੀ ਨਿਗਾਹ ਜਿਸ ਬੰਦੇ ਉਤੇ ਪੈਂਦੀ ਹੈ ਉਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ।8।1।4।

ਨੋਟ: ਇਹ ਅਸ਼ਟਪਦੀ 'ਘਰੁ 2' ਦੀ ਹੈ। ਕੁੱਲ ਜੋੜ 4 ਹੈ।

TOP OF PAGE

Sri Guru Granth Darpan, by Professor Sahib Singh