ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1275

ਮਲਾਰ ਮਹਲਾ ੧ ॥ ਮਰਣ ਮੁਕਤਿ ਗਤਿ ਸਾਰ ਨ ਜਾਨੈ ॥ ਕੰਠੇ ਬੈਠੀ ਗੁਰ ਸਬਦਿ ਪਛਾਨੈ ॥੧॥ ਤੂ ਕੈਸੇ ਆੜਿ ਫਾਥੀ ਜਾਲਿ ॥ ਅਲਖੁ ਨ ਜਾਚਹਿ ਰਿਦੈ ਸਮ੍ਹ੍ਹਾਲਿ ॥੧॥ ਰਹਾਉ ॥ ਏਕ ਜੀਅ ਕੈ ਜੀਆ ਖਾਹੀ ॥ ਜਲਿ ਤਰਤੀ ਬੂਡੀ ਜਲ ਮਾਹੀ ॥੨॥ ਸਰਬ ਜੀਅ ਕੀਏ ਪ੍ਰਤਪਾਨੀ ॥ ਜਬ ਪਕੜੀ ਤਬ ਹੀ ਪਛੁਤਾਨੀ ॥੩॥ ਜਬ ਗਲਿ ਫਾਸ ਪੜੀ ਅਤਿ ਭਾਰੀ ॥ ਊਡਿ ਨ ਸਾਕੈ ਪੰਖ ਪਸਾਰੀ ॥੪॥ ਰਸਿ ਚੂਗਹਿ ਮਨਮੁਖਿ ਗਾਵਾਰਿ ॥ ਫਾਥੀ ਛੂਟਹਿ ਗੁਣ ਗਿਆਨ ਬੀਚਾਰਿ ॥੫॥ ਸਤਿਗੁਰੁ ਸੇਵਿ ਤੂਟੈ ਜਮਕਾਲੁ ॥ ਹਿਰਦੈ ਸਾਚਾ ਸਬਦੁ ਸਮ੍ਹ੍ਹਾਲੁ ॥੬॥ ਗੁਰਮਤਿ ਸਾਚੀ ਸਬਦੁ ਹੈ ਸਾਰੁ ॥ ਹਰਿ ਕਾ ਨਾਮੁ ਰਖੈ ਉਰਿ ਧਾਰਿ ॥੭॥ ਸੇ ਦੁਖ ਆਗੈ ਜਿ ਭੋਗ ਬਿਲਾਸੇ ॥ ਨਾਨਕ ਮੁਕਤਿ ਨਹੀ ਬਿਨੁ ਨਾਵੈ ਸਾਚੇ ॥੮॥੨॥੫॥ {ਪੰਨਾ 1275}

ਪਦ ਅਰਥ: ਮਰਣ ਮੁਕਤਿ = ਆਤਮਕ ਮੌਤ ਤੋਂ ਖ਼ਲਾਸੀ। ਗਤਿ ਸਾਰ = ਉੱਚੀ ਆਤਮਕ ਅਵਸਥਾ ਦੀ ਕਦਰ। ਕੰਠੇ = ਕੰਢੇ ਉਤੇ, ਲਾਂਭੇ ਹੀ। ਪਛਾਣੈ = ਪਛਾਣਦੀ ਹੈ, ਪਛਾਣਨ ਦਾ ਜਤਨ ਕਰਦੀ ਹੈ।1।

ਆੜਿ = (Awif, Awit) ਬਗਲੇ ਦੀ ਕਿਸਮ ਦਾ ਇਕ ਪੰਛੀ। ਜਾਲਿ = ਜਾਲ ਵਿਚ। ਅਲਖੁ = ਅਦ੍ਰਿਸ਼ਟ ਪ੍ਰਭੂ। ਸਮ੍ਹ੍ਹਾਲਿ = ਸੰਭਾਲ ਕੇ, ਸਾਂਭ ਕੇ।1। ਰਹਾਉ।

ਜੀਅ ਕੈ = ਜਿੰਦ ਦੀ ਖ਼ਾਤਰ। ਖਾਹੀ = ਤੂੰ ਖਾਂਦੀ ਹੈਂ। ਤਰਤੀ = ਤਰਦੀ ਹੋਈ। ਬੂਡੀ = ਡੁੱਬ ਗਈ।2।

ਪ੍ਰਤਪਾਨੀ = (ਪ੍ਰ+ਤਪਾਨੀ) ਚੰਗੀ ਤਰ੍ਹਾਂ ਦੁਖੀ।3।

ਗਲਿ = ਗਲ ਵਿਚ। ਪਸਾਰੀ = ਪਸਾਰਿ, ਖਿਲਾਰ ਕੇ। ਪੰਖ = ਖੰਭ।4।

ਰਸਿ = ਆਨੰਦ ਨਾਲ। ਗਾਵਾਰਿ = ਹੇ ਗਵਾਰ (ਅਮੋੜ ਜਿੰਦ) ! ਮਨਮੁਖਿ = ਮਨ ਦੇ ਪਿੱਛੇ ਤੁਰ ਕੇ।5।

ਜਮਕਾਲੁ = ਮੌਤ (ਦਾ ਸਹਿਮ) , ਆਤਮਕ ਮੌਤ (ਦਾ ਜਾਲ) । ਸਾਚਾ = ਸਦਾ-ਥਿਰ ਰਹਿਣ ਵਾਲਾ।6।

ਸਾਰੁ = ਸ੍ਰੇਸ਼ਟ। ਉਰਿ = ਹਿਰਦੇ ਵਿਚ। ਧਾਰਿ = ਟਿਕਾ ਕੇ।8।

ਸੇ ਦੁਖ = ਉਹ (ਭੋਗ ਜੋ ਭੋਗੇ) ਦੁੱਖ (ਬਣ ਕੇ) । ਮੁਕਤਿ = ਖ਼ਲਾਸੀ।4।

ਅਰਥ: ਹੇ ਆੜਿ! (ਪੰਛੀ ਆੜਿ ਵਾਂਗ ਦੂਜਿਆਂ ਉਤੇ ਵਧੀਕੀ ਕਰਨ ਵਾਲੀ ਹੇ ਜਿੰਦੇ!) ਤੂੰ (ਮਾਇਆ ਦੇ ਮੋਹ ਦੇ) ਜਾਲ ਵਿਚ ਕਿਵੇਂ ਫਸ ਗਈ? ਤੂੰ ਆਪਣੇ ਹਿਰਦੇ ਵਿਚ ਅਦ੍ਰਿਸ਼ਟ ਪ੍ਰਭੂ ਦਾ ਨਾਮ ਸੰਭਾਲ ਕੇ ਉਸ ਪਾਸੋਂ (ਆਤਮਕ ਜੀਵਨ ਦੀ ਦਾਤਿ) ਕਿਉਂ ਨਹੀਂ ਮੰਗਦੀ?।1। ਰਹਾਉ।

ਅੰਞਾਣ ਜਿੰਦ ਉੱਚੀ ਆਤਮਕ ਅਵਸਥਾ ਦੀ ਕਦਰ ਨਹੀਂ ਸਮਝਦੀ, ਆਤਮਕ ਮੌਤ ਤੋਂ ਬਚਣ (ਦਾ ਉਪਾਉ) ਨਹੀਂ ਜਾਣਦੀ। ਗੁਰੂ ਦੇ ਸ਼ਬਦ ਦੀ ਰਾਹੀਂ ਸਮਝਣ ਦਾ ਜਤਨ ਤਾਂ ਕਰਦੀ ਹੈ ਪਰ (ਗੁਰ-ਸ਼ਬਦ ਤੋਂ) ਲਾਂਭੇ ਹੀ ਬੈਠੀ ਹੋਈ (ਗੁਰੂ ਦੇ ਸ਼ਬਦ ਵਿਚ ਜੁੜਦੀ ਨਹੀਂ, ਲੀਨ ਨਹੀਂ ਹੁੰਦੀ) ।1।

ਹੇ ਆੜਿ! ਤੂੰ ਆਪਣੀ ਇਕ ਜਿੰਦ ਦੀ ਖ਼ਾਤਰ (ਪਾਣੀ ਵਿਚੋਂ ਚੁਗ ਚੁਗ ਕੇ) ਅਨੇਕਾਂ ਜੀਵ ਖਾਂਦੀ ਹੈਂ (ਹੇ ਜਿੰਦੇ! ਤੂੰ ਆਪਣੇ ਸਰੀਰ ਦੀ ਪਾਲਣਾ ਵਾਸਤੇ ਅਨੇਕਾਂ ਨਾਲ ਠੱਗੀ-ਠੋਰੀ ਕਰਦੀ ਹੈਂ) । ਤੂੰ (ਜਲ-ਜੰਤ ਫੜਨ ਵਾਸਤੇ) ਪਾਣੀ ਵਿਚ ਤਰਦੀ ਤਰਦੀ ਪਾਣੀ ਵਿਚ ਹੀ ਡੁੱਬ ਜਾਂਦੀ ਹੈਂ (ਹੇ ਜਿੰਦੇ! ਮਾਇਆ-ਜਾਲ ਵਿਚ ਦੌੜ-ਭੱਜ ਕਰਦੀ ਆਖ਼ਰ ਇਸੇ ਮਾਇਆ-ਜਾਲ ਵਿਚ ਹੀ ਆਤਮਕ ਮੌਤੇ ਮਰ ਜਾਂਦੀ ਹੈਂ) ।2।

(ਆਪਣੇ ਸੁਆਰਥ ਦੀ ਖ਼ਾਤਰ) ਤੂੰ ਸਾਰੇ ਜੀਵਾਂ ਨੂੰ ਬਹੁਤ ਦੁਖੀ ਕੀਤਾ ਹੋਇਆ ਹੈ, ਜਦੋਂ ਤੂੰ (ਮੌਤ ਦੇ ਜਾਲ ਵਿਚ) ਫੜੀ ਜਾਂਦੀ ਹੈਂ ਤਦੋਂ ਪਛੁਤਾਂਦੀ ਹੈਂ।3।

ਜਦੋਂ ਆੜਿ ਦੇ ਗਲ ਵਿਚ (ਕਿਸੇ ਸ਼ਿਕਾਰੀ ਦੀ) ਬਹੁਤ ਭਾਰੀ ਫਾਹੀ ਪੈਂਦੀ ਹੈ, ਤਾਂ ਉਹ ਖੰਭ ਖਿਲਾਰ ਕੇ ਉੱਡ ਨਹੀਂ ਸਕਦੀ (ਜਦੋਂ ਜਿੰਦ ਮਾਇਆ ਦੇ ਮੋਹ ਦੇ ਜਾਲ ਵਿਚ ਫਸ ਜਾਂਦੀ ਹੈ ਤਾਂ ਇਹ ਆਤਮਕ ਉਡਾਰੀ ਲਾਣ ਜੋਗੀ ਨਹੀਂ ਰਹਿੰਦੀ, ਇਸ ਦੀ ਸੁਰਤੀ ਉੱਚੀ ਹੋ ਕੇ ਪ੍ਰਭੂ-ਚਰਨਾਂ ਵਿਚ ਪਹੁੰਚ ਨਹੀਂ ਸਕਦੀ) ।4।

ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਹੇ ਅਮੋੜ ਜਿੰਦੇ! ਤੂੰ ਬੜੀ ਮੌਜ ਨਾਲ (ਮਾਇਆ ਦਾ ਚੋਗਾ) ਚੁਗਦੀ ਹੈਂ (ਤੇ ਮਾਇਆ ਦੇ ਜਾਲ ਵਿਚ ਫਸਦੀ ਜਾਂਦੀ ਹੈਂ) । ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ, ਪ੍ਰਭੂ ਨਾਲ ਡੂੰਘੀ ਸਾਂਝ ਪਾ, ਤਦੋਂ ਹੀ ਤੂੰ (ਮਾਇਆ ਦੇ ਮੋਹ ਦੇ ਜਾਲ ਤੇ ਆਤਮਕ ਮੌਤ ਤੋਂ) ਬਚ ਸਕੇਂਗੀ।5।

(ਹੇ ਜਿੰਦੇ!) ਸਤਿਗੁਰ ਦੀ ਸਰਨ ਪਉ, ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ ਸੰਭਾਲ, ਤਦੋਂ ਹੀ ਆਤਮਕ ਮੌਤ ਵਾਲਾ ਜਾਲ ਟੁੱਟ ਸਕੇਗਾ।6।

(ਹੇ ਜਿੰਦੇ!) ਗੁਰੂ ਦੀ ਮਤਿ ਹੀ ਸਦਾ ਕਾਇਮ ਰਹਿਣ ਵਾਲੀ ਮਤਿ ਹੈ, ਗੁਰੂ ਦਾ ਸ਼ਬਦ ਹੀ ਸ੍ਰੇਸ਼ਟ ਪਦਾਰਥ ਹੈ (ਇਸ ਸ਼ਬਦ ਦਾ ਆਸਰਾ ਲੈ ਕੇ ਹੀ ਜੀਵ) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ਸਕਦਾ ਹੈ।7।

ਦੁਨੀਆ ਦੇ ਪਦਾਰਥਾਂ ਦੇ ਜੇਹੜੇ ਭੋਗ-ਬਿਲਾਸ ਕਰੀਦੇ ਹਨ (ਬੜੇ ਚਾਉ ਨਾਲ ਮਾਣੀਦੇ ਹਨ) ਉਹ ਜੀਵਨ-ਸਫ਼ਰ ਵਿਚ ਦੁੱਖ ਬਣ ਬਣ ਕੇ ਆ ਵਾਪਰਦੇ ਹਨ। ਹੇ ਨਾਨਕ! (ਇਹਨਾਂ ਦੁੱਖਾਂ ਤੋਂ) ਪਰਮਾਤਮਾ ਦੇ ਨਾਮ ਤੋਂ ਬਿਨਾ ਖ਼ਲਾਸੀ ਨਹੀਂ ਹੋ ਸਕਦੀ।8।2।5।

ਨੋਟ: 'ਘਰੁ 2' ਦੀਆਂ ਦੋ ਅਸ਼ਟਪਦੀਆਂ ਹਨ। ਕੁੱਲ ਜੋੜ 5 ਹੈ।

TOP OF PAGE

Sri Guru Granth Darpan, by Professor Sahib Singh//ww