ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1276

ਮਲਾਰ ਮਹਲਾ ੩ ਅਸਟਪਦੀਆ ਘਰੁ ੧ ॥ ੴ ਸਤਿਗੁਰ ਪ੍ਰਸਾਦਿ ॥ ਕਰਮੁ ਹੋਵੈ ਤਾ ਸਤਿਗੁਰੁ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥ ਸਤਿਗੁਰੁ ਮਿਲਿਐ ਕੰਚਨੁ ਹੋਈਐ ਜਾਂ ਹਰਿ ਕੀ ਹੋਇ ਰਜਾਇ ॥੧॥ ਮਨ ਮੇਰੇ ਹਰਿ ਹਰਿ ਨਾਮਿ ਚਿਤੁ ਲਾਇ ॥ ਸਤਿਗੁਰ ਤੇ ਹਰਿ ਪਾਈਐ ਸਾਚਾ ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥ ਸਤਿਗੁਰ ਤੇ ਗਿਆਨੁ ਊਪਜੈ ਤਾਂ ਇਹ ਸੰਸਾ ਜਾਇ ॥ ਸਤਿਗੁਰ ਤੇ ਹਰਿ ਬੁਝੀਐ ਗਰਭ ਜੋਨੀ ਨਹ ਪਾਇ ॥੨॥ ਗੁਰ ਪਰਸਾਦੀ ਜੀਵਤ ਮਰੈ ਮਰਿ ਜੀਵੈ ਸਬਦੁ ਕਮਾਇ ॥ ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ ॥੩॥ ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ ॥ ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ ॥੪॥ {ਪੰਨਾ 1276}

ਪਦ ਅਰਥ: ਕਰਮੁ (ਪਰਮਾਤਮਾ ਦੀ) ਮਿਹਰ। ਪਾਈਐ = ਮਿਲਦਾ ਹੈ। ਵਿਣੁ ਕਰਮੈ = ਮਿਹਰ ਤੋਂ ਬਿਨਾ। ਸਤਿਗੁਰ ਮਿਲਿਐ = ਜੋ ਗੁਰੂ ਮਿਲ ਪਏ। ਕੰਚਨੁ = ਸੋਨਾ। ਜਾਂ = ਜਦੋਂ। ਰਜਾਇ = ਮਰਜ਼ੀ।1।

ਮਨ = ਹੇ ਮਨ! ਨਾਮਿ = ਨਾਮ ਵਿਚ। ਲਾਇ = ਜੋੜੀ ਰੱਖ। ਤੇ = ਤੋਂ, ਦੀ ਰਾਹੀਂ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸਿਉ = ਨਾਲ। ਰਹੈ ਸਮਾਇ = ਲੀਨ ਰਹਿੰਦਾ ਹੈ, ਜੁੜਿਆ ਰਹਿੰਦਾ ਹੈ।1। ਰਹਾਉ।

ਤੇ = ਤੋਂ। ਗਿਆਨੁ = ਆਤਮਕ ਜੀਵਨ ਦੀ ਸੂਝ। ਸੰਸਾ = ਸ਼ੱਕ, ਸਹਿਮ, ਭਟਕਣਾ। ਜਾਇ = ਦੂਰ ਹੋ ਜਾਂਦਾ ਹੈ। ਬੁਝੀਐ = ਸਮਝ ਲਈਦਾ ਹੈ, ਸਾਂਝ ਬਣ ਜਾਂਦੀ ਹੈ। ਗਰਭ ਜੋਨੀ = ਜੰਮਣ ਮਰਨ ਦੇ ਗੇੜ ਵਿਚ।2।

ਪਰਸਾਦੀ = ਪਰਸਾਦਿ, ਕਿਰਪਾ ਨਾਲ। ਜੀਵਤ ਮਰੈ = ਜੀਊਂਦਾ ਮਰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ। ਮਰਿ = ਮਰ ਕੇ, ਵਿਕਾਰਾਂ ਦੇ ਅਸਰ ਤੋਂ ਬਚ ਕੇ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਕਮਾਇ = ਕਮਾ ਕੇ, ਕਮਾਈ ਕਰ ਕੇ, (ਸ਼ਬਦ ਅਨੁਸਾਰ) ਆਚਰਨ ਬਣਾ ਕੇ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜਿ = ਜਿਹੜਾ ਮਨੁੱਖ। ਆਪੁ = ਆਪਾ-ਭਾਵ।3।

ਸਿਵ ਘਰਿ = ਸ਼ਿਵ ਦੇ ਘਰ ਵਿਚ, ਪਰਮਾਤਮਾ ਦੇ ਘਰ ਵਿਚ। ਸਕਤਿ = ਮਾਇਆ (ਦਾ ਪ੍ਰਭਾਵ) । ਅਚਰੁ = ਅ-ਚਰੁ, ਨਾਹ ਚਰਿਆ ਜਾ ਸਕਣ ਵਾਲਾ, ਜਿਸ ਨੂੰ ਵੱਸ ਵਿਚ ਲਿਆਉਣਾ ਬਹੁਤ ਔਖਾ ਹੈ, ਅਮੋੜ ਮਨ। ਚਰੈ = ਵੱਸ ਵਿਚ ਲੈ ਆਉਂਦਾ ਹੈ। ਬਿਬੇਕ = ਚੰਗੇ ਮੰਦੇ ਕੰਮ ਦੀ ਪਰਖ। ਬੁਧਿ = ਅਕਲ, ਸੂਝ। ਪੁਰਖੈ = ਗੁਰੂ-ਪੁਰਖ ਦੀ ਰਾਹੀਂ। ਪੁਰਖੁ = ਪਰਮਾਤਮਾ।4।

ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖ। ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਗੁਰੂ ਦੀ ਰਾਹੀਂ ਮਿਲਦਾ ਹੈ, (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ) ਪਰਮਾਤਮਾ ਵਿਚ ਲੀਨ ਰਹਿੰਦਾ ਹੈ।1। ਰਹਾਉ।

ਹੇ ਭਾਈ! ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ ਤਦੋਂ ਗੁਰੂ ਮਿਲਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਗੁਰੂ ਨਹੀਂ ਮਿਲ ਸਕਦਾ। ਜੇ ਗੁਰੂ ਮਿਲ ਪਏ ਤਾਂ ਮਨੁੱਖ (ਸ਼ੁੱਧ) ਸੋਨਾ ਬਣ ਜਾਂਦਾ ਹੈ। (ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਪਰਮਾਤਮਾ ਦੀ ਰਜ਼ਾ ਹੋਵੇ।1।

ਹੇ ਭਾਈ! ਜਦੋਂ ਗੁਰੂ ਦੀ ਰਾਹੀਂ (ਮਨੁੱਖ ਦੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ, ਤਦੋਂ ਮਨੁੱਖ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ। ਹੇ ਭਾਈ! ਗੁਰੂ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਬਣਦੀ ਹੈ, ਤੇ, ਮਨੁੱਖ ਜੰਮਣ ਮਰਨ ਦੇ ਗੇੜ ਵਿਚ ਨਹੀਂ ਪੈਂਦਾ।2।

ਹੇ ਭਾਈ! ਗੁਰੂ ਦੀ ਕਿਰਪਾ ਨਾਲ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਬਣਾ ਕੇ ਮਨੁੱਖ ਵਿਕਾਰਾਂ ਵਲੋਂ ਹਟ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਹੇ ਭਾਈ! ਉਹੀ ਮਨੁੱਖ ਵਿਕਾਰਾਂ ਵਲੋਂ ਖ਼ਲਾਸੀ ਦਾ ਰਸਤਾ ਲੱਭ ਸਕਦਾ ਹੈ, ਜਿਹੜਾ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ।3।

ਹੇ ਭਾਈ! ਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੇ ਅੰਦਰੋਂ ਮਾਇਆ ਦਾ ਪ੍ਰਭਾਵ ਦੂਰ ਕਰ ਕੇ ਪਰਮਾਤਮਾ ਦੇ ਘਰ ਵਿਚ ਜੰਮ ਪੈਂਦਾ ਹੈ (ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿ ਕੇ ਨਵਾਂ ਆਤਮਕ ਜੀਵਨ ਬਣਾ ਲੈਂਦਾ ਹੈ) । (ਗੁਰੂ ਦੀ ਰਾਹੀਂ) ਮਨੁੱਖ ਇਸ ਅਮੋੜ ਮਨ ਨੂੰ ਵੱਸ ਵਿਚ ਲੈ ਆਉਂਦਾ ਹੈ, ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ ਹਾਸਲ ਕਰ ਲੈਂਦਾ ਹੈ, ਤੇ, ਇਸ ਤਰ੍ਹਾਂ ਗੁਰੂ-ਪੁਰਖ ਦੀ ਰਾਹੀਂ ਮਨੁੱਖ ਅਕਾਲ ਪੁਰਖ ਨੂੰ ਮਿਲ ਪੈਂਦਾ ਹੈ।4।

ਧਾਤੁਰ ਬਾਜੀ ਸੰਸਾਰੁ ਅਚੇਤੁ ਹੈ ਚਲੈ ਮੂਲੁ ਗਵਾਇ ॥ ਲਾਹਾ ਹਰਿ ਸਤਸੰਗਤਿ ਪਾਈਐ ਕਰਮੀ ਪਲੈ ਪਾਇ ॥੫॥ ਸਤਿਗੁਰ ਵਿਣੁ ਕਿਨੈ ਨ ਪਾਇਆ ਮਨਿ ਵੇਖਹੁ ਰਿਦੈ ਬੀਚਾਰਿ ॥ ਵਡਭਾਗੀ ਗੁਰੁ ਪਾਇਆ ਭਵਜਲੁ ਉਤਰੇ ਪਾਰਿ ॥੬॥ ਹਰਿ ਨਾਮਾਂ ਹਰਿ ਟੇਕ ਹੈ ਹਰਿ ਹਰਿ ਨਾਮੁ ਅਧਾਰੁ ॥ ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ ਪਾਵਉ ਮੋਖ ਦੁਆਰੁ ॥੭॥ ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਮੇਟਣਾ ਨ ਜਾਇ ॥ ਨਾਨਕ ਸੇ ਜਨ ਪੂਰਨ ਹੋਏ ਜਿਨ ਹਰਿ ਭਾਣਾ ਭਾਇ ॥੮॥੧॥ {ਪੰਨਾ 1276}

ਪਦ ਅਰਥ: ਧਾਤੁਰ = ਭੱਜ ਜਾਣ ਵਾਲੀ, ਨਾਸਵੰਤ। ਬਾਜੀ = ਖੇਡ। ਅਚੇਤੁ = ਗ਼ਾਫ਼ਿਲ, ਮੂਰਖ। ਚਲੈ = ਜਾਂਦਾ ਹੈ। ਮੂਲੁ = (ਆਤਮਕ ਜੀਵਨ ਦਾ) ਸਰਮਾਇਆ। ਗਵਾਇ = ਗਵਾ ਕੇ। ਲਾਹਾ = ਲਾਭ, ਨਫ਼ਾ। ਪਾਈਐ = ਮਿਲਦਾ ਹੈ। ਕਰਮੀ = (ਪਰਮਾਤਮਾ ਦੀ) ਮਿਹਰ ਨਾਲ। ਪਲੈ ਪਾਇ = ਪ੍ਰਾਪਤ ਕਰਦਾ ਹੈ।5।

ਕਿਨੈ = ਕਿਸੇ ਨੇ ਭੀ। ਮਨਿ = ਮਨ ਵਿਚ। ਰਿਦੈ = ਹਿਰਦੇ ਵਿਚ। ਬੀਚਾਰਿ = ਵਿਚਾਰ ਕੇ। ਵਡਭਾਗੀ = ਵੱਡੇ ਭਾਗਾਂ ਨਾਲ। ਭਵਜਲੁ = ਸੰਸਾਰ-ਸਮੁੰਦਰ। ਉਤਰੇ = ਪਾਰ ਲੰਘ ਗਏ।6।

ਟੇਕ = ਸਹਾਰਾ। ਅਧਾਰੁ = ਆਸਰਾ। ਹਰਿ ਜੀਉ = ਹੇ ਪ੍ਰਭੂ ਜੀ! ਪਾਵਉ = ਪਾਵਉਂ, ਮੈਂ ਲੱਭ ਲਵਾਂ। ਮੋਖ = ਵਿਕਾਰਾਂ ਤੋਂ ਖ਼ਲਾਸੀ। ਮੋਖ ਦੁਆਰੁ = ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ।7।

ਮਸਤਕਿ = ਮੱਥੇ ਉੱਤੇ। ਲਿਲਾਟਿ = ਮੱਥੇ ਉੱਤੇ। ਧੁਰਿ = ਧੁਰ ਦਰਗਾਹ ਤੋਂ। ਠਾਕੁਰਿ = ਠਾਕੁਰ ਨੇ, ਮਾਲਕ-ਪ੍ਰਭੂ ਨੇ। ਸੇ ਜਨ = ਉਹ ਮਨੁੱਖ (ਬਹੁ-ਵਚਨ) । ਪੂਰਨ = ਮੁਕੰਮਲ (ਆਤਮਕ ਜੀਵਨ ਵਾਲੇ) । ਭਾਣਾ = ਰਜ਼ਾ। ਭਾਇ = ਭਾਉਂਦਾ ਹੈ।8।

ਅਰਥ: ਹੇ ਭਾਈ! ਇਹ ਜਗਤ ਨਾਸਵੰਤ ਖੇਡ (ਹੀ) ਹੈ। (ਉਹ ਮਨੁੱਖ) ਮੂਰਖ ਹੈ (ਜਿਹੜਾ ਇਸ ਨਾਸਵੰਤ ਖੇਡ ਦੀ ਖ਼ਾਤਰ ਆਪਣੇ ਆਤਮਕ ਜੀਵਨ ਦਾ ਸਾਰਾ) ਸਰਮਾਇਆ ਗਵਾ ਕੇ (ਇਥੋਂ) ਤੁਰਦਾ ਹੈ। ਹੇ ਭਾਈ! ਨਫ਼ਾ ਪਰਮਾਤਮਾ (ਦਾ ਨਾਮ ਹੈ, ਇਹ ਨਫ਼ਾ) ਸਾਧ ਸੰਗਤਿ ਵਿਚ ਮਿਲਦਾ ਹੈ, (ਪਰ ਪਰਮਾਤਮਾ ਦੀ) ਮਿਹਰ ਨਾਲ ਹੀ (ਮਨੁੱਖ ਇਹ ਨਫ਼ਾ) ਹਾਸਲ ਕਰਦਾ ਹੈ।5।

ਹੇ ਭਾਈ! ਆਪਣੇ ਮਨ ਵਿਚ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਕਿਸੇ ਭੀ ਮਨੁੱਖ ਨੇ (ਇਹ ਹਰਿ-ਨਾਮ-ਲਾਭ) ਗੁਰੂ (ਦੀ ਸਰਨ) ਤੋਂ ਬਿਨਾ ਹਾਸਲ ਨਹੀਂ ਕੀਤਾ। (ਜਿਨ੍ਹਾਂ ਮਨੁੱਖਾਂ ਨੇ) ਵੱਡੇ ਭਾਗਾਂ ਨਾਲ ਗੁਰੂ ਲੱਭ ਲਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ।6।

ਹੇ ਭਾਈ! (ਮੇਰੇ ਵਾਸਤੇ ਤਾਂ) ਹਰੀ ਪਰਮਾਤਮਾ ਦਾ ਨਾਮ (ਹੀ) ਸਹਾਰਾ ਹੈ, ਹਰੀ ਦਾ ਨਾਮ ਹੀ ਆਸਰਾ ਹੈ। ਹੇ ਪ੍ਰਭੂ ਜੀ! ਮਿਹਰ ਕਰੋ, (ਮੈਨੂੰ) ਗੁਰੂ ਮਿਲਾਓ, ਮੈਂ (ਗੁਰੂ ਦੀ ਰਾਹੀਂ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ) ਰਸਤਾ ਲੱਭ ਸਕਾਂ।7।

ਹੇ ਭਾਈ! (ਜਿਨ੍ਹਾਂ ਮਨੁੱਖਾਂ ਦੇ) ਮੱਥੇ ਉੱਤੇ ਧੁਰ ਦਰਗਾਹ ਤੋਂ ਮਾਲਕ-ਪ੍ਰਭੂ ਨੇ (ਗੁਰੂ-ਮਿਲਾਪ ਦਾ ਲੇਖ) ਲਿਖ ਦਿੱਤਾ, (ਉਹ ਲੇਖ ਕਿਸੇ ਪਾਸੋਂ) ਮਿਟਾਇਆ ਨਹੀਂ ਜਾ ਸਕਦਾ। ਹੇ ਨਾਨਕ! (ਆਖ– ਹੇ ਭਾਈ! ਗੁਰੂ-ਸਰਨ ਦੀ ਬਰਕਤਿ ਨਾਲ) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪਈ, ਉਹ ਮਨੁੱਖ ਮੁਕੰਮਲ (ਆਤਮਕ ਜੀਵਨ ਵਾਲੇ) ਬਣ ਗਏ।8।1।

ਮਲਾਰ ਮਹਲਾ ੩ ॥ ਬੇਦ ਬਾਣੀ ਜਗੁ ਵਰਤਦਾ ਤ੍ਰੈ ਗੁਣ ਕਰੇ ਬੀਚਾਰੁ ॥ ਬਿਨੁ ਨਾਵੈ ਜਮ ਡੰਡੁ ਸਹੈ ਮਰਿ ਜਨਮੈ ਵਾਰੋ ਵਾਰ ॥ ਸਤਿਗੁਰ ਭੇਟੇ ਮੁਕਤਿ ਹੋਇ ਪਾਏ ਮੋਖ ਦੁਆਰੁ ॥੧॥ ਮਨ ਰੇ ਸਤਿਗੁਰੁ ਸੇਵਿ ਸਮਾਇ ॥ ਵਡੈ ਭਾਗਿ ਗੁਰੁ ਪੂਰਾ ਪਾਇਆ ਹਰਿ ਹਰਿ ਨਾਮੁ ਧਿਆਇ ॥੧॥ ਰਹਾਉ ॥ ਹਰਿ ਆਪਣੈ ਭਾਣੈ ਸ੍ਰਿਸਟਿ ਉਪਾਈ ਹਰਿ ਆਪੇ ਦੇਇ ਅਧਾਰੁ ॥ ਹਰਿ ਆਪਣੈ ਭਾਣੈ ਮਨੁ ਨਿਰਮਲੁ ਕੀਆ ਹਰਿ ਸਿਉ ਲਾਗਾ ਪਿਆਰੁ ॥ ਹਰਿ ਕੈ ਭਾਣੈ ਸਤਿਗੁਰੁ ਭੇਟਿਆ ਸਭੁ ਜਨਮੁ ਸਵਾਰਣਹਾਰੁ ॥੨॥ ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ ॥ ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥ ਆਪੇ ਬਖਸੇ ਮੇਲਿ ਲਏ ਕਰਮਿ ਪਰਾਪਤਿ ਹੋਇ ॥੩॥ ਸਾਚਾ ਸਾਹਿਬੁ ਮਾਹਰੋ ਸਤਿਗੁਰਿ ਦੀਆ ਦਿਖਾਇ ॥ ਅੰਮ੍ਰਿਤੁ ਵਰਸੈ ਮਨੁ ਸੰਤੋਖੀਐ ਸਚਿ ਰਹੈ ਲਿਵ ਲਾਇ ॥ ਹਰਿ ਕੈ ਨਾਇ ਸਦਾ ਹਰੀਆਵਲੀ ਫਿਰਿ ਸੁਕੈ ਨਾ ਕੁਮਲਾਇ ॥੪॥ {ਪੰਨਾ 1276}

ਪਦ ਅਰਥ: ਬੇਦ ਬਾਣੀ = (ਸ਼ਾਸਤ੍ਰਾਂ) ਵੇਦਾਂ ਦੀ (ਕਰਮ ਕਾਂਡ ਵਿਚ ਹੀ ਰੱਖਣ ਵਾਲੀ) ਬਾਣੀ ਵਿਚ। ਵਰਤਦਾ = ਪਰਚਿਆ ਰਹਿੰਦਾ ਹੈ। ਤ੍ਰੈ ਗੁਣ ਬੀਚਾਰੁ = (ਮਾਇਆ ਦੇ) ਤਿੰਨਾਂ ਗੁਣਾਂ ਦਾ ਵਿਚਾਰ। ਬਿਨੁ ਨਾਵੈ = ਹਰਿ-ਨਾਮ ਤੋਂ ਬਿਨਾ। ਡੰਡੁ = ਸਜ਼ਾ। ਸਹੈ– ਸਹਾਰਦਾ ਹੈ। ਮਰਿ = ਮਰ ਕੇ। ਵਾਰੋ ਵਾਰ = ਮੁੜ ਮੁੜ। ਸਤਿਗੁਰ ਭੇਟੇ = (ਜਿਹੜਾ) ਗੁਰੂ ਨੂੰ ਮਿਲਦਾ ਹੈ। ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਮੋਖ ਦੁਆਰੁ = ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਸਤਾ।1।

ਸੇਵਿ = ਸਰਨ ਪੈ ਕੇ। ਸਮਾਇ = (ਹਰਿ-ਨਾਮ ਵਿਚ) ਲੀਨ ਹੋਇਆ ਰਹੁ। ਵਡੈ ਭਾਗਿ = ਵੱਡੀ ਕਿਸਮਤ ਨਾਲ। ਧਿਆਇ = ਧਿਆਉਂਦਾ ਹੈ।1। ਰਹਾਉ।

ਆਪਣੇ ਭਾਣੈ = ਆਪਣੀ ਰਜ਼ਾ ਵਿਚ। ਆਪੇ = ਆਪ ਹੀ। ਦੇਇ = ਦੇਂਦਾ ਹੈ। ਅਧਾਰੁ = ਆਸਰਾ। ਨਿਰਮਲੁ = ਪਵਿੱਤਰ। ਸਿਉ = ਨਾਲ। ਕੈ ਭਾਣੈ = ਦੀ ਰਜ਼ਾ ਵਿਚ। ਭੇਟਿਆ = ਮਿਲਿਆ। ਸਭੁ = ਸਾਰਾ। ਸਵਾਰਣਹਾਰੁ = ਚੰਗਾ ਬਣਾ ਦੇਣ ਦੀ ਸਮਰਥਾ ਵਾਲਾ (ਗੁਰੂ) ।2।

ਵਾਹੁ ਵਾਹੁ = ਸਿਫ਼ਤਿ-ਸਾਲਾਹ। ਸਤਿ = ਸਦਾ ਕਾਇਮ ਰਹਿਣ ਵਾਲੀ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਕੋਇ = ਕੋਈ ਵਿਰਲਾ। ਕਰਿ = ਕਰ ਕੇ, ਆਖ ਕੇ। ਸਾਲਾਹੀਐ = ਸਾਲਾਹੁਣਾ ਚਾਹੀਦਾ ਹੈ। ਤਿਸੁ ਜੇਵਡੁ = ਉਸ ਦੇ ਬਰਾਬਰ ਦਾ। ਬਖਸੇ = ਬਖ਼ਸ਼ਸ਼ ਕਰਦਾ ਹੈ। ਕਰਮਿ = (ਪ੍ਰਭੂ ਦੀ) ਮਿਹਰ ਨਾਲ। ਪਰਾਪਤਿ = ਮਿਲਾਪ।3।

ਸਾਚਾ = ਸਦਾ ਕਾਇਮ ਰਹਿਣ ਵਾਲਾ। ਮਾਹਰੋ = ਮਹਰ, ਚੌਧਰੀ, ਪ੍ਰਧਾਨ। ਸਤਿਗੁਰਿ = ਸਤਿਗੁਰੂ ਨੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸੰਤੋਖੀਐ = ਸੰਤੋਖੀ ਹੋ ਜਾਂਦਾ ਹੈ। ਸਚਿ = ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ। ਲਿਵ ਲਾਇ = ਸੁਰਤਿ ਜੋੜ ਕੇ। ਹਰਿ ਕੈ ਨਾਇ = ਪਰਮਾਤਮਾ ਦੇ ਨਾਮ (-ਜਲ) ਦੀ ਰਾਹੀਂ। ਹਰੀਆਵਲੀ = (ਆਤਮਕ ਜੀਵਨ ਨਾਲ) ਹਰੀ-ਭਰੀ।4।

ਅਰਥ: ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੇ ਨਾਮ ਵਿਚ) ਲੀਨ ਹੋਇਆ ਰਹੁ। (ਜਿਸ ਮਨੁੱਖ ਨੇ) ਵੱਡੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ, ਉਹ ਸਦਾ ਹਰੀ ਦਾ ਨਾਮ ਧਿਆਉਂਦਾ ਰਹਿੰਦਾ ਹੈ।1। ਰਹਾਉ।

ਹੇ ਭਾਈ! ਜਗਤ (ਕਰਮ ਕਾਂਡ ਵਿਚ ਹੀ ਰੱਖਣ ਵਾਲੀ ਸ਼ਾਸਤ੍ਰਾਂ) ਵੇਦਾਂ ਦੀ ਬਾਣੀ ਵਿਚ ਪਰਚਿਆ ਰਹਿੰਦਾ ਹੈ, ਮਾਇਆ ਦੇ ਤਿੰਨਾਂ ਗੁਣਾਂ ਦੀ (ਹੀ) ਵਿਚਾਰ ਕਰਦਾ ਰਹਿੰਦਾ ਹੈ (ਪ੍ਰਭੂ ਦਾ ਨਾਮ ਨਹੀਂ ਸਿਮਰਦਾ) । ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ) ਜਮਦੂਤਾਂ ਦੀ ਸਜ਼ਾ ਸਹਾਰਦਾ ਹੈ, ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। (ਜਿਹੜਾ ਮਨੁੱਖ) ਗੁਰੂ ਨੂੰ ਮਿਲ ਪੈਂਦਾ ਹੈ, ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲ ਜਾਂਦੀ ਹੈ ਉਹ ਮਨੁੱਖ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ।1।

ਹੇ ਭਾਈ! ਪਰਮਾਤਮਾ ਨੇ ਆਪਣੀ ਰਜ਼ਾ ਵਿਚ ਇਹ ਜਗਤ ਪੈਦਾ ਕੀਤਾ ਹੈ, ਪਰਮਾਤਮਾ ਆਪ ਹੀ (ਜੀਵਾਂ ਨੂੰ) ਆਸਰਾ ਦੇਂਦਾ ਹੈ। (ਜਿਸ ਮਨੁੱਖ ਦਾ) ਮਨ ਪਰਮਾਤਮਾ ਨੇ ਆਪਣੀ ਰਜ਼ਾ ਵਿਚ (ਗੁਰੂ ਦੀ ਰਾਹੀਂ) ਪਵਿੱਤਰ ਕਰ ਦਿੱਤਾ ਹੈ, ਉਸ ਮਨੁੱਖ ਦਾ ਪਿਆਰ ਪ੍ਰਭੂ ਚਰਨਾਂ ਨਾਲ ਬਣ ਗਿਆ। ਸਾਰੇ ਮਨੁੱਖਾ ਜੀਵਨ ਨੂੰ ਚੰਗਾ ਬਣਾ ਸਕਣ ਵਾਲਾ ਗੁਰੂ (ਉਸ ਮਨੁੱਖ ਨੂੰ) ਪਰਮਾਤਮਾ ਦੀ ਰਜ਼ਾ ਅਨੁਸਾਰ ਮਿਲ ਪਿਆ।2।

ਹੇ ਭਾਈ! ਗੁਰੂ ਦੀ ਸਰਨ ਪੈ ਕੇ (ਹੀ) ਕੋਈ ਵਿਰਲਾ ਮਨੁੱਖ (ਇਹ) ਸਮਝਦਾ ਹੈ (ਕਿ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਹੀ ਸਦਾ ਕਾਇਮ ਰਹਿਣ ਵਾਲੀ ਹੈ। ਹੇ ਭਾਈ! (ਪ੍ਰਭੂ) 'ਅਸਚਰਜ ਹੈ ਅਸਚਰਜ ਹੈ' = ਇਹ ਆਖ ਆਖ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਹੇ ਭਾਈ! ਪ੍ਰਭੂ ਆਪ ਹੀ ਜਿਸ ਮਨੁੱਖ ਉਤੇ) ਬਖ਼ਸ਼ਸ਼ ਕਰਦਾ ਹੈ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ। (ਉਸ ਦੀ) ਮਿਹਰ ਨਾਲ (ਹੀ ਉਸ ਦਾ) ਮਿਲਾਪ ਹੁੰਦਾ ਹੈ।3।

ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ (ਸਾਰੇ ਜਗਤ ਦਾ) ਪ੍ਰਧਾਨ ਹੈ ਮਾਲਕ ਹੈ। ਜਿਸ (ਮਨੁੱਖ ਨੂੰ) ਗੁਰੂ ਨੇ ਉਸ ਦਾ ਦਰਸਨ ਕਰਾ ਦਿੱਤਾ; (ਉਸ ਦੇ ਅੰਦਰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੋਣ ਲੱਗ ਪੈਂਦੀ ਹੈ, (ਉਸ ਦਾ) ਮਨ ਸੰਤੋਖੀ ਹੋ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਹਰਿ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ। ਹੇ ਭਾਈ! (ਜਿਵੇਂ ਪਾਣੀ ਨਾਲ ਖੇਤੀ ਹਰੀ ਹੋ ਜਾਂਦੀ ਹੈ, ਨਾਹ ਸੁੱਕਦੀ ਹੈ ਨਾਹ ਕੁਮਲਾਂਦੀ ਹੈ, ਤਿਵੇਂ ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਦਰਸਨ ਕਰਾ ਦਿੱਤਾ; ਉਸ ਦੀ ਜਿੰਦ) ਪਰਮਾਤਮਾ ਦੇ ਨਾਮ (-ਜਲ) ਦੀ ਬਰਕਤਿ ਨਾਲ ਸਦਾ ਹਰੀ-ਭਰੀ (ਆਤਮਕ ਜੀਵਨ ਵਾਲੀ) ਰਹਿੰਦੀ ਹੈ, ਨਾਹ ਕਦੇ ਸੁੱਕਦੀ ਹੈ (ਨਾਹ ਕਦੇ ਆਤਮਕ ਮੌਤ ਸਹੇੜਦੀ ਹੈ) ਨਾਹ ਕਦੇ ਕੁਮਲਾਂਦੀ ਹੈ (ਨਾਹ ਕਦੇ ਡੋਲਦੀ ਹੈ) ।4।

TOP OF PAGE

Sri Guru Granth Darpan, by Professor Sahib Singh