ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1277

ਬਿਨੁ ਸਤਿਗੁਰ ਕਿਨੈ ਨ ਪਾਇਓ ਮਨਿ ਵੇਖਹੁ ਕੋ ਪਤੀਆਇ ॥ ਹਰਿ ਕਿਰਪਾ ਤੇ ਸਤਿਗੁਰੁ ਪਾਈਐ ਭੇਟੈ ਸਹਜਿ ਸੁਭਾਇ ॥ ਮਨਮੁਖ ਭਰਮਿ ਭੁਲਾਇਆ ਬਿਨੁ ਭਾਗਾ ਹਰਿ ਧਨੁ ਨ ਪਾਇ ॥੫॥ ਤ੍ਰੈ ਗੁਣ ਸਭਾ ਧਾਤੁ ਹੈ ਪੜਿ ਪੜਿ ਕਰਹਿ ਵੀਚਾਰੁ ॥ ਮੁਕਤਿ ਕਦੇ ਨ ਹੋਵਈ ਨਹੁ ਪਾਇਨ੍ਹ੍ਹਿ ਮੋਖ ਦੁਆਰੁ ॥ ਬਿਨੁ ਸਤਿਗੁਰ ਬੰਧਨ ਨ ਤੁਟਹੀ ਨਾਮਿ ਨ ਲਗੈ ਪਿਆਰੁ ॥੬॥ ਪੜਿ ਪੜਿ ਪੰਡਿਤ ਮੋਨੀ ਥਕੇ ਬੇਦਾਂ ਕਾ ਅਭਿਆਸੁ ॥ ਹਰਿ ਨਾਮੁ ਚਿਤਿ ਨ ਆਵਈ ਨਹ ਨਿਜ ਘਰਿ ਹੋਵੈ ਵਾਸੁ ॥ ਜਮਕਾਲੁ ਸਿਰਹੁ ਨ ਉਤਰੈ ਅੰਤਰਿ ਕਪਟ ਵਿਣਾਸੁ ॥੭॥ ਹਰਿ ਨਾਵੈ ਨੋ ਸਭੁ ਕੋ ਪਰਤਾਪਦਾ ਵਿਣੁ ਭਾਗਾਂ ਪਾਇਆ ਨ ਜਾਇ ॥ ਨਦਰਿ ਕਰੇ ਗੁਰੁ ਭੇਟੀਐ ਹਰਿ ਨਾਮੁ ਵਸੈ ਮਨਿ ਆਇ ॥ ਨਾਨਕ ਨਾਮੇ ਹੀ ਪਤਿ ਊਪਜੈ ਹਰਿ ਸਿਉ ਰਹਾਂ ਸਮਾਇ ॥੮॥੨॥ {ਪੰਨਾ 1277}

ਪਦ ਅਰਥ: ਕਿਨੈ = ਕਿਸੇ ਨੇ ਭੀ। ਮਨਿ = ਮਨ ਵਿਚ। ਕੋ = ਕੋਈ ਧਿਰ। ਪਤਿਆਇ = ਪਰਤਾਵਾ ਕਰ ਕੇ, ਨਿਰਨਾ ਕਰ ਕੇ। ਤੇ = ਤੋਂ, ਦੀ ਰਾਹੀਂ। ਪਾਈਐ = ਮਿਲਦਾ ਹੈ। ਭੇਟੈ = ਮਿਲਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਭਰਮਿ = ਭਟਕਣਾ ਦੇ ਕਾਰਨ। ਭੁਲਾਇਆ = ਕੁਰਾਹੇ ਪਾਇਆ ਹੁੰਦਾ ਹੈ।5।

ਸਭਾ = ਸਾਰੀ। ਧਾਤੁ = ਮਾਇਆ। ਪੜਿ = ਪੜ੍ਹ ਕੇ। ਕਰਹਿ = ਕਰਦੇ ਹਨ (ਬਹੁ-ਵਚਨ) । ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ। ਨਹੁ = ਨਹੀਂ। ਨਹੁ ਪਾਇਨ੍ਹ੍ਹਿ = ਨਹੀਂ ਪ੍ਰਾਪਤ ਕਰਦੇ। ਮੋਖ ਦੁਆਰੁ = ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਸਤਾ। ਤੁਟਹੀ = ਤੁਟਹਿ; ਟੁੱਟਦੇ (ਬਹੁ-ਵਚਨ) । ਨਾਮਿ = ਨਾਮ ਵਿਚ।6।

ਪੰਡਿਤ = (ਬਹੁ-ਵਚਨ। ਪੰਡਿਤੁ = ਇਕ-ਵਚਨ) । ਮੋਨੀ = ਸਮਾਧੀਆਂ ਲਾਣ ਵਾਲੇ, ਮੁਨੀ ਲੋਕ। ਚਿਤਿ = ਚਿੱਤ ਵਿਚ। ਨਿਜ ਘਰਿ = ਆਪਣੇ ਅਸਲ ਘਰ ਵਿਚ। ਜਮ ਕਾਲੁ = ਮੌਤ, ਆਤਮਕ ਮੌਤ, ਜਨਮ ਮਰਨ ਦਾ ਗੇੜ। ਸਿਰਹੁ = ਸਿਰ ਤੋਂ। ਕਪਟ = ਖੋਟ। ਵਿਣਾਸੁ = (ਆਤਮਕ) ਮੌਤ।7।

ਨਾਵੈ ਨੋ = ਨਾਮ ਵਾਸਤੇ। ਸਭੁ ਕੋ = ਹਰੇਕ ਪ੍ਰਾਣੀ। ਪਰਤਾਪਦਾ = ਤਾਂਘਦਾ ਹੈ। ਨਦਰਿ = ਮਿਹਰ ਦੀ ਨਿਗਾਹ। ਭੇਟੀਐ = ਮਿਲ ਸਕੀਦਾ ਹੈ। ਮਨਿ = ਮਨ ਵਿਚ। ਨਾਮੇ = ਨਾਮ ਦੀ ਰਾਹੀਂ ਹੀ। ਪਤਿ = ਇੱਜ਼ਤ। ਰਹਾਂ = ਮੈਂ ਰਹਿੰਦਾ ਹਾਂ।8।

ਅਰਥ: ਹੇ ਭਾਈ! ਬੇਸ਼ੱਕ ਕੋਈ ਧਿਰ ਮਨ ਵਿਚ ਨਿਰਨਾ ਕਰ ਕੇ ਵੇਖ ਲਵੇ, ਗੁਰੂ (ਦੀ ਸਰਨ) ਤੋਂ ਬਿਨਾ ਕਿਸੇ ਨੇ ਭੀ (ਪਰਮਾਤਮਾ ਦਾ ਨਾਮ-ਧਨ) ਹਾਸਲ ਨਹੀਂ ਕੀਤਾ। ਗੁਰੂ (ਭੀ) ਮਿਲਦਾ ਹੈ ਪਰਮਾਤਮਾ ਦੀ ਮਿਹਰ ਨਾਲ, ਆਤਮਕ ਅਡੋਲਤਾ ਵਿਚ ਮਿਲਦਾ ਹੈ ਪਿਆਰ ਵਿਚ ਮਿਲਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਭਟਕਣਾ ਨੇ ਕੁਰਾਹੇ ਪਾ ਰੱਖਿਆ ਹੁੰਦਾ ਹੈ। ਕਿਸਮਤ ਤੋਂ ਬਿਨਾ ਪਰਮਾਤਮਾ ਦਾ ਨਾਮ-ਧਨ ਨਹੀਂ ਲੱਭ ਸਕਦਾ।5।

ਹੇ ਭਾਈ! (ਪੰਡਿਤ ਲੋਕ ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਤਿੰਨਾਂ ਗੁਣਾਂ ਵਿਚ ਰੱਖਣ ਵਾਲੇ ਕਰਮ-ਕਾਂਡ ਦਾ ਹੀ) ਵਿਚਾਰ ਕਰਦੇ ਹਨ, ਤੇ, ਇਹ ਤਿੰਨਾਂ ਗੁਣਾਂ ਦੀ ਵਿਚਾਰ ਨਿਰੀ ਮਾਇਆ ਹੀ ਹੈ। (ਇਸ ਉੱਦਮ ਨਾਲ) ਕਦੇ ਭੀ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ, (ਉਹ ਲੋਕ) ਮਾਇਆ ਤੋਂ ਖ਼ਲਾਸੀ ਪਾਣ ਦਾ ਰਸਤਾ ਨਹੀਂ ਲੱਭ ਸਕਦੇ। ਹੇ ਭਾਈ! ਗੁਰੂ (ਦੀ ਸਰਨ) ਤੋਂ ਬਿਨਾ (ਮਾਇਆ ਦੇ ਮੋਹ ਦੀਆਂ) ਫਾਹੀਆਂ ਨਹੀਂ ਟੁੱਟਦੀਆਂ, ਪਰਮਾਤਮਾ ਦੇ ਨਾਮ ਵਿਚ ਪਿਆਰ ਨਹੀਂ ਬਣ ਸਕਦਾ।6।

ਹੇ ਭਾਈ! ਪੰਡਿਤ ਲੋਕ ਮੁਨੀ ਲੋਕ (ਸ਼ਾਸਤ੍ਰਾਂ ਨੂੰ) ਪੜ੍ਹ ਪੜ੍ਹ ਕੇ ਥੱਕ ਜਾਂਦੇ ਹਨ (ਕਰਮ ਕਾਂਡ ਦੇ ਗੇੜ ਵਿਚ ਪਾਈ ਰੱਖਣ ਵਾਲੇ) ਵੇਦ (ਆਦਿਕ ਧਰਮ-ਪੁਸਤਕਾਂ ਦਾ ਹੀ) ਅਭਿਆਸ ਕਰਦੇ ਰਹਿੰਦੇ ਹਨ, (ਪਰ ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਚਿੱਤ ਵਿਚ ਨਹੀਂ ਵੱਸਦਾ, ਪ੍ਰਭੂ ਚਰਨਾਂ ਵਿਚ ਨਿਵਾਸ ਨਹੀਂ ਹੁੰਦਾ, ਸਿਰ ਤੋਂ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਮਨ ਵਿਚ (ਮਾਇਆ ਦੀ ਖ਼ਾਤਰ) ਠੱਗੀ (ਟਿਕੀ ਰਹਿਣ ਕਰਕੇ) ਆਤਮਕ ਮੌਤ ਬਣੀ ਰਹਿੰਦੀ ਹੈ।7।

ਹੇ ਭਾਈ! (ਉਂਞ ਤਾਂ) ਹਰੇਕ ਪ੍ਰਾਣੀ ਪਰਮਾਤਮਾ ਦਾ ਨਾਮ ਪ੍ਰਾਪਤ ਕਰਨ ਲਈ ਤਾਂਘਦਾ ਹੈ, ਪਰ ਚੰਗੀ ਕਿਸਮਤ ਤੋਂ ਬਿਨਾ ਮਿਲਦਾ ਨਹੀਂ ਹੈ। ਜਦੋਂ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ ਤਾਂ ਗੁਰੂ ਮਿਲਦਾ ਹੈ (ਤੇ, ਗੁਰੂ ਦੀ ਰਾਹੀਂ) ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ। ਹੇ ਨਾਨਕ! (ਆਖ-) ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ (ਮੈਂ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ ਨਾਲ ਸਦਾ ਜੁੜਿਆ ਰਹਿੰਦਾ ਹਾਂ।8।2।

ਮਲਾਰ ਮਹਲਾ ੩ ਅਸਟਪਦੀ ਘਰੁ ੨ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਹਰਿ ਕ੍ਰਿਪਾ ਕਰੇ ਗੁਰ ਕੀ ਕਾਰੈ ਲਾਏ ॥ ਦੁਖੁ ਪਲ੍ਹ੍ਹਰਿ ਹਰਿ ਨਾਮੁ ਵਸਾਏ ॥ ਸਾਚੀ ਗਤਿ ਸਾਚੈ ਚਿਤੁ ਲਾਏ ॥ ਗੁਰ ਕੀ ਬਾਣੀ ਸਬਦਿ ਸੁਣਾਏ ॥੧॥ ਮਨ ਮੇਰੇ ਹਰਿ ਹਰਿ ਸੇਵਿ ਨਿਧਾਨੁ ॥ ਗੁਰ ਕਿਰਪਾ ਤੇ ਹਰਿ ਧਨੁ ਪਾਈਐ ਅਨਦਿਨੁ ਲਾਗੈ ਸਹਜਿ ਧਿਆਨੁ ॥੧॥ ਰਹਾਉ ॥ ਬਿਨੁ ਪਿਰ ਕਾਮਣਿ ਕਰੇ ਸੀਗਾਰੁ ॥ ਦੁਹਚਾਰਣੀ ਕਹੀਐ ਨਿਤ ਹੋਇ ਖੁਆਰੁ ॥ ਮਨਮੁਖ ਕਾ ਇਹੁ ਬਾਦਿ ਆਚਾਰੁ ॥ ਬਹੁ ਕਰਮ ਦ੍ਰਿੜਾਵਹਿ ਨਾਮੁ ਵਿਸਾਰਿ ॥੨॥ ਗੁਰਮੁਖਿ ਕਾਮਣਿ ਬਣਿਆ ਸੀਗਾਰੁ ॥ ਸਬਦੇ ਪਿਰੁ ਰਾਖਿਆ ਉਰ ਧਾਰਿ ॥ ਏਕੁ ਪਛਾਣੈ ਹਉਮੈ ਮਾਰਿ ॥ ਸੋਭਾਵੰਤੀ ਕਹੀਐ ਨਾਰਿ ॥੩॥ ਬਿਨੁ ਗੁਰ ਦਾਤੇ ਕਿਨੈ ਨ ਪਾਇਆ ॥ ਮਨਮੁਖ ਲੋਭਿ ਦੂਜੈ ਲੋਭਾਇਆ ॥ ਐਸੇ ਗਿਆਨੀ ਬੂਝਹੁ ਕੋਇ ॥ ਬਿਨੁ ਗੁਰ ਭੇਟੇ ਮੁਕਤਿ ਨ ਹੋਇ ॥੪॥ {ਪੰਨਾ 1277}

ਪਦ ਅਰਥ: ਕਾਰੈ = ਕਾਰ (ਕਰਨ) ਵਿਚ। ਲਾਏ = ਲਾਂਦਾ ਹੈ। ਪਲ੍ਹ੍ਹਰਿ = ਦੂਰ ਕਰ ਕੇ। ਸਾਚੀ = ਸਦਾ ਕਾਇਮ ਰਹਿਣ ਵਾਲੀ। ਗਤਿ = ਉੱਚੀ ਆਤਮਕ ਅਵਸਥਾ। ਸਾਚੈ = ਸਦਾ-ਥਿਰ ਹਰਿ-ਨਾਮ ਵਿਚ। ਸਬਦਿ = ਸ਼ਬਦ ਦੀ ਰਾਹੀਂ। ਸੁਣਾਏ = (ਆਪਣੀ ਸਿਫ਼ਤਿ-ਸਾਲਾਹ) ਸੁਣਾਂਦਾ ਹੈ।1।

ਮਨ = ਹੇ ਮਨ! ਸੇਵਿ = ਸੇਵਾ ਕਰ, ਸਰਨ ਪਿਆ ਰਹੁ। ਨਿਧਾਨੁ = ਖ਼ਜ਼ਾਨਾ। ਤੇ = ਦੀ ਰਾਹੀਂ। ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜਿ = ਆਤਮਕ ਅਡੋਲਤਾ ਵਿਚ।1। ਰਹਾਉ।

ਪਿਰ = ਪਤੀ, ਖਸਮ। ਕਾਮਣਿ = ਇਸਤ੍ਰੀ। ਦੁਹਚਾਰਣੀ = ਦੁਰਾਚਾਰਣੀ, ਭੈੜੇ ਆਚਰਨ ਵਾਲੀ। ਕਹੀਐ = ਆਖੀ ਜਾਂਦੀ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਬਾਦਿ = ਵਿਅਰਥ। ਆਚਾਰੁ = ਰਵਈਆ। ਕਰਮ = (ਵਿਖਾਵੇ ਦੇ ਧਾਰਮਿਕ) ਕਰਮ। ਦ੍ਰਿੜਾਵਹਿ = ਕਰਨ ਲਈ ਤਾਕੀਦ ਕਰਦੇ ਹਨ। ਵਿਸਾਰਿ = ਭੁਲਾ ਕੇ।2।

ਗੁਰਮੁਖਿ ਕਾਮਣਿ = ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ। ਪਿਰੁ = ਪ੍ਰਭੂ-ਪਤੀ। ਉਰ = ਹਿਰਦਾ। ਧਾਰਿ = ਟਿਕਾ ਕੇ। ਮਾਰਿ = ਮਾਰ ਕੇ।3।

ਕਿਨੈ = ਕਿਸੇ ਨੇ ਭੀ। ਲੋਭਿ = ਮਾਇਆ ਦੇ ਲੋਭ ਦੇ ਕਾਰਨ। ਦੂਜੈ = (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਵਿਚ। ਲੋਭਾਇਆ = ਮਗਨ ਰਹਿੰਦਾ ਹੈ। ਗਿਆਨੀ = ਹੇ ਗਿਆਨਵਾਨ! ਭੇਟੇ ਬਿਨੁ = ਮਿਲਣ ਤੋਂ ਬਿਨਾ। ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ।4।

ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਦੀ ਭਗਤੀ ਕਰਦਾ ਰਹੁ (ਇਹੀ ਹੈ ਅਸਲ ਖ਼ਜ਼ਾਨਾ) ਹਰਿ-ਨਾਮ ਦਾ (ਇਹ) ਧਨ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਅਤੇ ਹਰ ਵੇਲੇ ਆਤਮਕ ਅਡੋਲਤਾ ਵਿਚ ਸੁਰਤਿ ਜੁੜੀ ਰਹਿੰਦੀ ਹੈ।1। ਰਹਾਉ।

ਹੇ ਭਾਈ! (ਜਿਸ ਮਨੁੱਖ ਉੱਤੇ) ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਦੀ ਸੇਵਾ ਵਿਚ ਲਾਂਦਾ ਹੈ, (ਜਿਹੜਾ ਗੁਰੂ) ਉਸ ਦਾ ਦੁੱਖ ਦੂਰ ਕਰ ਕੇ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਵਸਾਂਦਾ ਹੈ। ਹੇ ਭਾਈ! (ਜਿਸ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ, ਉਸ ਨੂੰ) ਗੁਰੂ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣਾ ਨਾਮ) ਸੁਣਾਂਦਾ ਹੈ ਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਆਪਣਾ ਚਿੱਤ ਜੋੜਦਾ ਹੈ ਅਤੇ ਸਦਾ ਕਾਇਮ ਰਹਿਣ ਵਾਲੀ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ।2।

ਹੇ ਭਾਈ! (ਜਿਵੇਂ ਜਿਹੜੀ) ਇਸਤ੍ਰੀ ਖਸਮ ਤੋਂ ਬਿਨਾ (ਹੁੰਦੀ ਹੋਈ ਸਰੀਰਕ) ਸਿੰਗਾਰ ਕਰਦੀ ਹੈ ਉਹ ਭੈੜੇ ਆਚਰਨ ਵਾਲੀ ਆਖੀ ਜਾਂਦੀ ਹੈ ਅਤੇ ਸਦਾ ਖ਼ੁਆਰ ਹੁੰਦੀ ਹੈ (ਤਿਵੇਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਇਹ ਰਵਈਆ ਵਿਅਰਥ ਜਾਂਦਾ ਹੈ ਕਿ ਉਹ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਬਥੇਰੇ ਵਿਖਾਵੇ ਦੇ ਧਾਰਮਿਕ ਕਰਮਾਂ ਦੀ ਤਾਕੀਦ ਕਰਦੇ ਹਨ।2।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਨੂੰ ਇਹ ਆਤਮਕ ਸੁਹਜ ਫਬਦਾ ਹੈ ਕਿ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਸਿਰਫ਼ ਪਰਮਾਤਮਾ ਨਾਮ ਡੂੰਘੀ ਸਾਂਝ ਪਾਂਦੀ ਹੈ। ਉਸ ਜੀਵ-ਇਸਤ੍ਰੀ ਨੂੰ ਸੋਭਾ ਵਾਲੀ ਕਿਹਾ ਜਾਂਦਾ ਹੈ।3।

ਹੇ ਭਾਈ! (ਨਾਮ ਦੀ ਦਾਤਿ) ਦੇਣ ਵਾਲੇ ਗੁਰੂ ਤੋਂ ਬਿਨਾ ਕਿਸੇ ਨੇ ਭੀ (ਪਰਮਾਤਮਾ ਦਾ ਮਿਲਾਪ) ਹਾਸਲ ਨਹੀਂ ਕੀਤਾ। ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਲੋਭ ਦੇ ਕਾਰਨ (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ (ਦੇ ਪਿਆਰ) ਵਿਚ ਮਗਨ ਰਹਿੰਦਾ ਹੈ। ਹੇ ਭਾਈ! ਜੇ ਕਿਸੇ ਨੂੰ ਆਤਮਕ ਜੀਵਨ ਦੀ ਸੂਝ ਪਈ ਹੈ ਤਾਂ ਇਉਂ ਸਮਝ ਰੱਖੋ ਕਿ ਗੁਰੂ ਨੂੰ ਮਿਲਣ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ।4।

ਕਹਿ ਕਹਿ ਕਹਣੁ ਕਹੈ ਸਭੁ ਕੋਇ ॥ ਬਿਨੁ ਮਨ ਮੂਏ ਭਗਤਿ ਨ ਹੋਇ ॥ ਗਿਆਨ ਮਤੀ ਕਮਲ ਪਰਗਾਸੁ ॥ ਤਿਤੁ ਘਟਿ ਨਾਮੈ ਨਾਮਿ ਨਿਵਾਸੁ ॥੫॥ ਹਉਮੈ ਭਗਤਿ ਕਰੇ ਸਭੁ ਕੋਇ ॥ ਨਾ ਮਨੁ ਭੀਜੈ ਨਾ ਸੁਖੁ ਹੋਇ ॥ ਕਹਿ ਕਹਿ ਕਹਣੁ ਆਪੁ ਜਾਣਾਏ ॥ ਬਿਰਥੀ ਭਗਤਿ ਸਭੁ ਜਨਮੁ ਗਵਾਏ ॥੬॥ ਸੇ ਭਗਤ ਸਤਿਗੁਰ ਮਨਿ ਭਾਏ ॥ ਅਨਦਿਨੁ ਨਾਮਿ ਰਹੇ ਲਿਵ ਲਾਏ ॥ ਸਦ ਹੀ ਨਾਮੁ ਵੇਖਹਿ ਹਜੂਰਿ ॥ ਗੁਰ ਕੈ ਸਬਦਿ ਰਹਿਆ ਭਰਪੂਰਿ ॥੭॥ ਆਪੇ ਬਖਸੇ ਦੇਇ ਪਿਆਰੁ ॥ ਹਉਮੈ ਰੋਗੁ ਵਡਾ ਸੰਸਾਰਿ ॥ ਗੁਰ ਕਿਰਪਾ ਤੇ ਏਹੁ ਰੋਗੁ ਜਾਇ ॥ ਨਾਨਕ ਸਾਚੇ ਸਾਚਿ ਸਮਾਇ ॥੮॥੧॥੩॥੫॥੮॥ {ਪੰਨਾ 1277}

ਪਦ ਅਰਥ: ਕਹਿ ਕਹਿ ਕਹੈ– ਆਖ ਆਖ ਕੇ ਆਖਦਾ ਹੈ, ਸਦਾ ਫੜਾਂ ਮਾਰਦਾ ਹੈ। ਸਭੁ ਕੋਇ = ਹਰੇਕ ਪ੍ਰਾਣੀ (ਇਕ-ਵਚਨ) । ਗਿਆਨ = ਆਤਮਕ ਜੀਵਨ ਦੀ ਸੂਝ। ਗਿਆਨ ਮਤੀ = ਆਤਮਕ ਜੀਵਨ ਦੀ ਸੂਝ ਵਾਲੀ ਮਤਿ ਦੀ ਰਾਹੀਂ। ਪਰਗਾਸੁ = ਖਿੜਾਉ। ਤਿਤੁ = ਉਸ ਵਿਚ। ਤਿਤੁ ਘਟਿ = ਉਸ ਹਿਰਦੇ ਵਿਚ। ਨਾਮੈ ਨਿਵਾਸੁ = ਨਾਮ ਦਾ ਨਿਵਾਸ। ਨਾਮਿ = ਨਾਮ ਦੀ ਰਾਹੀਂ।5।

ਸਭੁ ਕੋਇ = ਹਰੇਕ ਜੀਵ। ਭੀਜੈ = ਭਿੱਜਦਾ, ਨਾਮ-ਜਲ ਨਾਲ ਭਿੱਜਦਾ। ਕਹਣੁ = ਇਹ ਫੜ ਕਿ ਮੈਂ ਭਗਤੀ ਕਰਦਾ ਹਾਂ। ਕਹਿ = ਆਖ ਕੇ। ਆਪੁ ਜਾਣਾਏ = ਆਪਣੇ ਆਪ ਨੂੰ ਜਤਾਂਦਾ ਹੈ।6।

ਸੇ = ਉਹ (ਬਹੁ-ਵਚਨ) । ਮਨਿ = ਮਨ ਵਿਚ। ਭਾਏ = ਪਿਆਰੇ ਲੱਗੇ। ਅਨਦਿਨੁ = ਹਰ ਰੋਜ਼, ਹਰ ਵੇਲੇ। ਲਿਵ ਲਾਏ = ਲਿਵ ਲਾਇ, ਸੁਰਤਿ ਜੋੜ ਕੇ। ਸਦ = ਸਦਾ। ਵੇਖਹਿ = ਵੇਖਦੇ ਹਨ (ਬਹੁ-ਵਚਨ) । ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਸਬਦਿ = ਸ਼ਬਦ ਦੀ ਰਾਹੀਂ। ਭਰਪੂਰਿ = ਸਭ ਥਾਂ ਵਿਆਪਕ।7।

ਆਪੇ = ਆਪ ਹੀ। ਬਖਸੇ = ਬਖ਼ਸ਼ਸ਼ ਕਰਦਾ ਹੈ। ਦੇਇ = ਦੇਂਦਾ ਹੈ। ਸੰਸਾਰਿ = ਸੰਸਾਰ ਵਿਚ। ਤੇ = ਦੀ ਰਾਹੀਂ, ਤੋਂ। ਜਾਇ = ਦੂਰ ਹੁੰਦਾ ਹੈ। ਸਾਚੇ ਸਾਚਿ = ਸਾਚਿ ਹੀ ਸਾਚਿ = ਸਦਾ-ਥਿਰ ਪ੍ਰਭੂ ਵਿਚ।5।

ਪਦ ਅਰਥ: ਹੇ ਭਾਈ! (ਇਹ) ਫੜ (ਕਿ ਮੈਂ ਭਗਤੀ ਕਰਦਾ ਹਾਂ) ਹਰ ਕੋਈ ਹਰ ਵੇਲੇ ਮਾਰ ਸਕਦਾ ਹੈ, ਪਰ ਮਨ ਵੱਸ ਵਿਚ ਆਉਣ ਤੋਂ ਬਿਨਾ ਭਗਤੀ ਹੋ ਨਹੀਂ ਸਕਦੀ। ਹੇ ਭਾਈ! ਆਤਮਕ ਜੀਵਨ ਦੀ ਸੂਝ ਵਾਲੀ ਮਤਿ ਦੀ ਰਾਹੀਂ ਜਿਸ ਹਿਰਦੇ-ਕੰਵਲ ਦਾ ਖਿੜਾਉ ਹੋ ਜਾਂਦਾ ਹੈ, ਨਾਮ (ਜਪਣ) ਦੀ ਰਾਹੀਂ ਉਸ ਹਿਰਦੇ ਵਿਚ (ਸਦਾ ਲਈ) ਨਾਮ ਦਾ ਨਿਵਾਸ ਹੋ ਜਾਂਦਾ ਹੈ।5।

ਹੇ ਭਾਈ! (ਗੁਰੂ ਦੀ ਸਰਨ ਆਉਣ ਤੋਂ ਬਿਨਾ ਆਪਣੀ) ਹਉਮੈ ਦੇ ਆਸਰੇ ਹਰ ਕੋਈ ਭਗਤੀ ਕਰਦਾ ਹੈ, ਪਰ ਇਸ ਤਰ੍ਹਾਂ ਮਨੁੱਖ ਦਾ ਮਨ ਨਾਮ-ਜਲ ਨਾਲ ਤਰ ਨਹੀਂ ਹੁੰਦਾ, ਨਾਹ ਹੀ ਉਸਦੇ ਅੰਦਰ ਆਤਮਕ ਅਨੰਦ ਪੈਦਾ ਹੁੰਦਾ ਹੈ। ਇਹ ਫੜ (ਕਿ ਮੈਂ ਭਗਤੀ ਕਰਦਾ ਹਾਂ) ਮਾਰ ਮਾਰ ਕੇ ਮਨੁੱਖ ਆਪਣੇ ਆਪ ਨੂੰ (ਭਗਤ) ਜ਼ਾਹਰ ਕਰਦਾ ਹੈ, (ਪਰ ਇਹੋ ਜਿਹੀ) ਭਗਤੀ ਵਿਅਰਥ ਜਾਂਦੀ ਹੈ, (ਮਨੁੱਖ ਆਪਣਾ ਸਾਰਾ) ਜਨਮ ਗਵਾ ਲੈਂਦਾ ਹੈ।6।

ਹੇ ਭਾਈ! (ਅਸਲ) ਭਗਤ ਉਹ ਹਨ ਜਿਹੜੇ ਗੁਰੂ ਦੇ ਮਨ ਵਿਚ ਪਿਆਰੇ ਲੱਗਦੇ ਹਨ, ਹਰ ਵੇਲੇ ਹਰਿ-ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ। ਉਹ ਮਨੁੱਖ ਹਰਿ-ਨਾਮ ਨੂੰ ਸਦਾ ਹੀ ਆਪਣੇ ਅੰਗ-ਸੰਗ ਵੇਖਦੇ ਹਨ, ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ ਉਹ ਹਰ ਥਾਂ ਵਿਆਪਕ ਦਿੱਸਦਾ ਹੈ।7।

ਹੇ ਭਾਈ! (ਜਿਸ ਮਨੁੱਖ ਉਤੇ ਪ੍ਰਭੂ) ਆਪ ਹੀ ਬਖ਼ਸ਼ਸ਼ ਕਰਦਾ ਹੈ, (ਉਸ ਨੂੰ ਆਪਣੇ) ਪਿਆਰ (ਦੀ ਦਾਤ) ਦੇਂਦਾ ਹੈ। (ਉਂਞ ਤਾਂ) ਜਗਤ ਵਿਚ ਹਉਮੈ ਦਾ ਬੜਾ ਭਾਰੀ ਰੋਗ ਹੈ। ਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ ਅੰਦਰੋਂ) ਇਹ ਰੋਗ ਦੂਰ ਹੁੰਦਾ ਹੈ ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ।8।1।3।5।8।

ਵੇਰਵਾ:
ਮਹਲਾ 1 . . . . . . . . . . . .5
ਮਹਲਾ 3 (ਘਰੁ 1) . . . . . .2
ਮਹਲਾ 3 (ਘਰੁ 2) . . . . . .1
. . ਕੁੱਲ ਜੋੜ . . . . . . . . . . 8

TOP OF PAGE

Sri Guru Granth Darpan, by Professor Sahib Singh