ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1278 ਰਾਗੁ ਮਲਾਰ ਛੰਤ ਮਹਲਾ ੫ ॥ ੴ ਸਤਿਗੁਰ ਪ੍ਰਸਾਦਿ ॥ ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ ॥ ਅਪਨੇ ਜਨ ਸੰਗਿ ਰਾਤੇ ॥ ਜਨ ਸੰਗਿ ਰਾਤੇ ਦਿਨਸੁ ਰਾਤੇ ਇਕ ਨਿਮਖ ਮਨਹੁ ਨ ਵੀਸਰੈ ॥ ਗੋਪਾਲ ਗੁਣ ਨਿਧਿ ਸਦਾ ਸੰਗੇ ਸਰਬ ਗੁਣ ਜਗਦੀਸਰੈ ॥ ਮਨੁ ਮੋਹਿ ਲੀਨਾ ਚਰਨ ਸੰਗੇ ਨਾਮ ਰਸਿ ਜਨ ਮਾਤੇ ॥ ਨਾਨਕ ਪ੍ਰੀਤਮ ਕ੍ਰਿਪਾਲ ਸਦਹੂੰ ਕਿਨੈ ਕੋਟਿ ਮਧੇ ਜਾਤੇ ॥੧॥ {ਪੰਨਾ 1278} ਪਦ ਅਰਥ: ਪ੍ਰੇਮ ਕੇ ਦਾਤੇ = ਪਿਆਰ ਦੀ ਦਾਤਿ ਦੇਣ ਵਾਲੇ। ਭਗਤਿ ਕੇ ਦਾਤੇ = ਭਗਤੀ ਦੀ ਦਾਤਿ ਦੇਣ ਵਾਲੇ। ਸੰਗਿ = ਨਾਲ। ਰਾਤੇ = ਰੱਤੇ ਹੋਏ। ਦਿਨਸੁ ਰਾਤੇ = ਦਿਨ ਰਾਤ। ਨਿਮਖ = (inmy =) ਅੱਖ ਝਮਕਣ ਜਿਤਨਾ ਸਮਾ। ਮਨਹੁ = (ਸੇਵਕਾਂ ਦੇ) ਮਨ ਤੋਂ। ਵੀਸਰੈ = ਭੁੱਲਦਾ। ਗੁਣਨਿਧਿ = (ਸਾਰੇ) ਗੁਣਾਂ ਦਾ ਖ਼ਜ਼ਾਨਾ। ਜਗਦੀਸਰੈ = ਜਗਤ ਦੇ ਮਾਲਕ ਵਿਚ (ਜਗਤ-ਈਸਰੈ) । ਮੋਹਿ ਲੀਨਾ = ਮੋਹ ਲਿਆ ਹੈ, ਮਸਤ ਕਰ ਲਿਆ ਹੈ। ਨਾਮ ਰਸਿ = ਨਾਮ ਦੇ ਸੁਆਦ ਵਿਚ। ਮਾਤੇ = ਮਸਤ। ਸਦ ਹੂੰ = ਸਦਾ ਹੀ। ਕਿਨੈ = ਕਿਸੇ ਵਿਰਲੇ ਨੇ। ਕੋਟਿ ਮਧੇ = ਕ੍ਰੋੜਾਂ ਵਿਚੋਂ। ਜਾਤੇ = ਜਾਣਿਆ ਹੈ ਸਾਂਝ ਪਾਈ ਹੈ।1। ਅਰਥ: ਹੇ ਭਾਈ! ਪ੍ਰੀਤਮ ਪ੍ਰਭੂ ਜੀ (ਆਪਣੇ ਭਗਤਾਂ ਨੂੰ) ਪਿਆਰ ਦੀ ਦਾਤਿ ਦੇਣ ਵਾਲੇ ਹਨ, ਭਗਤੀ ਦੀ ਦਾਤਿ ਦੇਣ ਵਾਲੇ ਹਨ। ਪ੍ਰਭੂ ਜੀ ਆਪਣੇ ਸੇਵਕਾਂ ਨਾਲ ਰੱਤੇ ਰਹਿੰਦੇ ਹਨ, ਦਿਨ ਰਾਤ ਆਪਣੇ ਸੇਵਕਾਂ ਨਾਲ ਰੱਤੇ ਰਹਿੰਦੇ ਹਨ। ਹੇ ਭਾਈ! ਪ੍ਰਭੂ (ਆਪਣੇ ਸੇਵਕਾਂ ਦੇ) ਮਨ ਤੋਂ ਅੱਖ ਝਮਕਣ ਜਿਤਨੇ ਸਮੇਂ ਲਈ ਭੀ ਨਹੀਂ ਭੁੱਲਦਾ। ਜਗਤ ਦਾ ਪਾਲਣਹਾਰ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਦਾ (ਸਭ ਜੀਵਾਂ ਦੇ) ਨਾਲ ਹੈ, ਜਗਤ ਦੇ ਮਾਲਕ ਪ੍ਰਭੂ ਵਿਚ ਸਾਰੇ ਹੀ ਗੁਣ ਹਨ। ਹੇ ਭਾਈ! ਪ੍ਰਭੂ ਆਪਣੇ ਜਨਾਂ ਦਾ ਮਨ ਆਪਣੇ ਚਰਨਾਂ ਨਾਲ ਮਸਤ ਕਰੀ ਰੱਖਦਾ ਹੈ। (ਉਸ ਦੇ) ਸੇਵਕ (ਉਸ ਦੇ ਨਾਮ ਦੇ ਸੁਆਦ ਵਿਚ ਮਗਨ ਰਹਿੰਦੇ ਹਨ। ਹੇ ਨਾਨਕ! ਪ੍ਰੀਤਮ ਪ੍ਰਭੂ ਸਦਾ ਹੀ ਦਇਆ ਦਾ ਘਰ ਹੈ। ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੇ (ਉਸ ਨਾਲ) ਡੂੰਘੀ ਸਾਂਝ ਬਣਾਈ ਹੈ।1। ਪ੍ਰੀਤਮ ਤੇਰੀ ਗਤਿ ਅਗਮ ਅਪਾਰੇ ॥ ਮਹਾ ਪਤਿਤ ਤੁਮ੍ਹ੍ਹ ਤਾਰੇ ॥ ਪਤਿਤ ਪਾਵਨ ਭਗਤਿ ਵਛਲ ਕ੍ਰਿਪਾ ਸਿੰਧੁ ਸੁਆਮੀਆ ॥ ਸੰਤਸੰਗੇ ਭਜੁ ਨਿਸੰਗੇ ਰਂਉ ਸਦਾ ਅੰਤਰਜਾਮੀਆ ॥ ਕੋਟਿ ਜਨਮ ਭ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ॥ ਨਾਨਕ ਦਰਸ ਪਿਆਸ ਹਰਿ ਜੀਉ ਆਪਿ ਲੇਹੁ ਸਮ੍ਹ੍ਹਾਰੇ ॥੨॥ {ਪੰਨਾ 1278} ਪਦ ਅਰਥ: ਪ੍ਰੀਤਮ = ਹੇ ਪ੍ਰੀਤਮ! (ਸੰਬੋਧਨ) । ਗਤਿ = ਉੱਚੀ ਆਤਮਕ ਅਵਸਥਾ। ਅਗਮ = ਅਪਹੁੰਚ। ਅਪਾਰੇ = ਅ-ਪਾਰ, ਬੇਅੰਤ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ ਜੀਵ। ਤਾਰੇ = ਪਾਰ ਲੰਘਾਏ ਹਨ। ਪਤਿਤ ਪਾਵਨ = ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ! ਭਗਤਿ ਵਛਲ = ਹੇ ਭਗਤੀ-ਭਾਵ ਨੂੰ ਪਿਆਰ ਕਰਨ ਵਾਲੇ! ਸਿੰਧੁ = ਸਮੁੰਦਰ। ਸੁਆਮੀਆ = ਹੇ ਸੁਆਮੀ! ਸੰਗੇ = ਸੰਗਤਿ ਵਿਚ। ਭਜੁ = ਭਜਨ ਕਰਿਆ ਕਰ। ਨਿਸੰਗੇ = ਝਾਕਾ ਲਾਹ ਕੇ। ਰਂਉ = ਸਿਮਰਨ ਕਰਦਾ ਰਹੁ। ਤੇ = ਉਹ ਬੰਦੇ (ਬਹੁ-ਵਚਨ) । ਨਾਨਕ = ਹੇ ਨਾਨਕ! ਹਰਿ ਜੀਉ = ਹੇ ਪ੍ਰਭੂ ਜੀ! ਲੇਹੁ ਸਮ੍ਹ੍ਹਾਰੇ = ਸਮ੍ਹ੍ਹਾਰਿ ਲੇਹੁ, ਸੰਭਾਲ ਲਵੋ, ਆਪਣਾ ਬਣਾ ਲਵੋ।2। ਅਰਥ: ਹੇ ਪ੍ਰੀਤਮ ਪ੍ਰਭੂ! ਤੇਰੀ ਉੱਚੀ ਆਤਮਕ ਅਵਸਥਾ ਅਪਹੁੰਚ ਹੈ ਬੇਅੰਤ ਹੈ। ਵੱਡੇ ਵੱਡੇ ਪਾਪੀਆਂ ਨੂੰ ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਆ ਰਿਹਾ ਹੈਂ। ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ! ਹੇ ਭਗਤੀ ਨਾਲ ਪਿਆਰ ਕਰਨ ਵਾਲੇ ਸੁਆਮੀ! ਤੂੰ ਦਇਆ ਦਾ ਸਮੁੰਦਰ ਹੈਂ। (ਹੇ ਮਨ!) ਸਾਧ ਸੰਗਤਿ ਵਿਚ (ਟਿੱਕ ਕੇ) ਝਾਕਾ ਲਾਹ ਕੇ, ਉਸ ਅੰਤਰਜਾਮੀ ਪ੍ਰਭੂ ਦਾ ਸਦਾ ਭਜਨ ਕਰਿਆ ਕਰ, ਸਿਮਰਨ ਕਰਿਆ ਕਰ। ਹੇ ਭਾਈ! ਜਿਹੜੇ ਜੀਵ ਕ੍ਰੋੜਾਂ ਜਨਮਾਂ ਜੂਨਾਂ ਵਿਚ ਭਟਕਦੇ ਫਿਰਦੇ ਸਨ, ਉਹ ਪ੍ਰਭੂ ਦਾ ਨਾਮ ਸਿਮਰਦਿਆਂ (ਜੂਨਾਂ ਦੇ ਗੇੜ ਵਿਚੋਂ) ਪਾਰ ਲੰਘਾ ਲਏ ਗਏ। ਹੇ ਨਾਨਕ! (ਆਖ-) ਹੇ ਪ੍ਰਭੂ ਜੀ! (ਮੈਨੂੰ) ਤੇਰੇ ਦਰਸਨ ਦੀ ਤਾਂਘ ਹੈ, ਮੈਨੂੰ ਆਪਣਾ ਬਣਾ ਲਵੋ।2। ਹਰਿ ਚਰਨ ਕਮਲ ਮਨੁ ਲੀਨਾ ॥ ਪ੍ਰਭ ਜਲ ਜਨ ਤੇਰੇ ਮੀਨਾ ॥ ਜਲ ਮੀਨ ਪ੍ਰਭ ਜੀਉ ਏਕ ਤੂਹੈ ਭਿੰਨ ਆਨ ਨ ਜਾਨੀਐ ॥ ਗਹਿ ਭੁਜਾ ਲੇਵਹੁ ਨਾਮੁ ਦੇਵਹੁ ਤਉ ਪ੍ਰਸਾਦੀ ਮਾਨੀਐ ॥ ਭਜੁ ਸਾਧਸੰਗੇ ਏਕ ਰੰਗੇ ਕ੍ਰਿਪਾਲ ਗੋਬਿਦ ਦੀਨਾ ॥ ਅਨਾਥ ਨੀਚ ਸਰਣਾਇ ਨਾਨਕ ਕਰਿ ਮਇਆ ਅਪੁਨਾ ਕੀਨਾ ॥੩॥ {ਪੰਨਾ 1278} ਪਦ ਅਰਥ: ਪ੍ਰਭ = ਹੇ ਪ੍ਰਭੂ! ਮੀਨਾ = ਮੱਛੀਆਂ। ਏਕੁ ਤੂ ਹੈ– ਤੂੰ ਆਪ ਹੀ ਹੈਂ। ਭਿੰਨ = (ਤੈਥੋਂ) ਵੱਖਰਾ। ਆਨ = (ਕੋਈ) ਹੋਰ (ANX) । ਜਾਨੀਐ = ਜਾਣਿਆ ਜਾ ਸਕਦਾ। ਗਹਿ = ਫੜ ਕੇ। ਭੁਜਾ = ਬਾਂਹ। ਗਹਿ ਲੇਵਹੁ = ਫੜ ਲਵੋ। ਤਉ ਪ੍ਰਸਾਦੀ = ਤੇਰੀ ਮਿਹਰ ਨਾਲ ਹੀ। ਮਾਨੀਐ = ਆਦਰ ਮਿਲਦਾ ਹੈ। ਸੰਗੇ = ਸੰਗਤਿ ਵਿਚ। ਰੰਗੇ = ਰੰਗਿ, ਪਿਆਰ ਵਿਚ। ਦੀਨਾ ਕ੍ਰਿਪਾਲ ਗੋਬਿਦ = ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ। ਕਰਿ = ਕਰ ਕੇ। ਮਇਆ = ਦਇਆ।3। ਅਰਥ: ਹੇ ਹਰੀ! (ਮਿਹਰ ਕਰ, ਮੇਰਾ) ਮਨ ਤੇਰੇ ਸੋਹਣੇ ਚਰਨਾਂ ਵਿਚ ਲੀਨ ਰਹੇ। ਹੇ ਪ੍ਰਭੂ! ਤੂੰ ਪਾਣੀ ਹੈਂ, ਤੇਰੇ ਸੇਵਕ (ਪਾਣੀ ਦੀਆਂ) ਮੱਛੀਆਂ ਹਨ (ਤੈਥੋਂ ਵਿਛੁੜ ਕੇ ਜੀਉ ਨਹੀਂ ਸਕਦੇ) । ਹੇ ਪ੍ਰਭੂ ਜੀ! ਪਾਣੀ ਤੇ ਮੱਛੀਆਂ ਤੂੰ ਆਪ ਹੀ ਆਪ ਹੈਂ, (ਤੈਥੋਂ) ਵਖਰਾ ਕੋਈ ਹੋਰ ਨਹੀਂ ਜਾਣਿਆ ਜਾ ਸਕਦਾ। ਹੇ ਪ੍ਰਭੂ! (ਮੇਰੀ) ਬਾਂਹ ਫੜ ਲੈ (ਮੈਨੂੰ ਆਪਣਾ) ਨਾਮ ਦੇਹ। ਤੇਰੀ ਮਿਹਰ ਨਾਲ ਹੀ (ਤੇਰੇ ਦਰ ਤੇ) ਆਦਰ ਪਾ ਸਕੀਦਾ ਹੈ। ਹੇ ਭਾਈ! ਸਾਧ ਸੰਗਤਿ ਵਿਚ (ਟਿਕ ਕੇ) ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ (ਉਸਦਾ) ਭਜਨ ਕਰਿਆ ਕਰ। ਹੇ ਨਾਨਕ! ਸਰਨ ਆਏ ਨਿਖਸਮਿਆਂ ਤੇ ਨੀਚਾਂ ਨੂੰ ਭੀ ਮਿਹਰ ਕਰ ਕੇ ਪ੍ਰਭੂ ਆਪਣਾ ਬਣਾ ਲੈਂਦਾ ਹੈ।3। ਆਪਸ ਕਉ ਆਪੁ ਮਿਲਾਇਆ ॥ ਭ੍ਰਮ ਭੰਜਨ ਹਰਿ ਰਾਇਆ ॥ ਆਚਰਜ ਸੁਆਮੀ ਅੰਤਰਜਾਮੀ ਮਿਲੇ ਗੁਣ ਨਿਧਿ ਪਿਆਰਿਆ ॥ ਮਹਾ ਮੰਗਲ ਸੂਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ॥ ਮਿਲਿ ਸੰਗਿ ਸੋਹੇ ਦੇਖਿ ਮੋਹੇ ਪੁਰਬਿ ਲਿਖਿਆ ਪਾਇਆ ॥ ਬਿਨਵੰਤਿ ਨਾਨਕ ਸਰਨਿ ਤਿਨ ਕੀ ਜਿਨ੍ਹ੍ਹੀ ਹਰਿ ਹਰਿ ਧਿਆਇਆ ॥੪॥੧॥ {ਪੰਨਾ 1278} ਪਦ ਅਰਥ: ਆਪਸ ਕਉ = ਆਪਣੇ ਆਪ ਨੂੰ। ਆਪੁ = ਆਪਣਾ ਆਪ। ਭ੍ਰਮ ਭੰਜਨ = (ਜੀਵਾਂ ਦੀ) ਭਟਕਣਾ ਦੂਰ ਕਰਨ ਵਾਲਾ। ਹਰਿ ਰਾਇਆ = ਪ੍ਰਭੂ ਪਾਤਿਸ਼ਾਹ। ਗੁਣਨਿਧਿ = ਗੁਣਾਂ ਦਾ ਖ਼ਜ਼ਾਨਾ। ਮੰਗਲ = ਖ਼ੁਸ਼ੀਆਂ। ਸਾਰਿਆ = ਸੰਭਾਲੇ, ਹਿਰਦੇ ਵਿਚ ਵਸਾਏ। ਮਿਲਿ = ਮਿਲ ਕੇ। ਸੰਗਿ = (ਪ੍ਰਭੂ ਦੇ) ਨਾਲ। ਸੋਹੇ = ਸੋਭਨੀਕ ਹੋ ਗਏ, ਸੋਹਣੇ ਜੀਵਨ ਵਾਲੇ ਬਣ ਗਏ। ਦੇਖਿ = ਵੇਖ ਕੇ। ਮੋਹੇ = ਮਸਤ ਹੋ ਗਏ। ਪੁਰਬਿ = ਪੂਰਬਲੇ ਜਨਮ ਵਿਚ। ਬਿਨਵੰਤਿ = ਬੇਨਤੀ ਕਰਦਾ ਹੈ। 4 ਅਰਥ: ਹੇ ਭਾਈ! ਪ੍ਰਭੂ ਪਾਤਿਸ਼ਾਹ (ਜੀਵਾਂ ਦੀ) ਭਟਕਣਾ ਦੂਰ ਕਰਨ ਵਾਲਾ ਹੈ (ਤੇ ਜੀਵਾਂ ਨੂੰ ਆਪਣੇ ਨਾਲ ਮਿਲਾਣ ਵਾਲਾ ਹੈ। ਪਰ ਜੀਵਾਂ ਵਿਚ ਭੀ ਉਹ ਆਪ ਹੀ ਹੈ। ਸੋ, ਜੀਵਾਂ ਨੂੰ ਆਪਣੇ ਨਾਲ ਮਿਲਾ ਕੇ ਉਹ) ਆਪਣੇ ਆਪ ਨੂੰ ਆਪਣਾ ਆਪ (ਹੀ) ਮਿਲਾਂਦਾ ਹੈ। ਹੇ ਭਾਈ! ਮਾਲਕ-ਪ੍ਰਭੂ ਅਸਚਰਜ-ਰੂਪ ਹੈ ਸਭ ਦੇ ਦਿਲ ਦੀ ਜਾਣਨ ਵਾਲਾ ਹੈ। ਉਹ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਜਿਨ੍ਹਾਂ ਆਪਣੇ ਪਿਆਰਿਆਂ ਨੂੰ ਮਿਲ ਪੈਂਦਾ ਹੈ, ਉਹ ਸਦਾ ਉਸ ਗੋਬਿੰਦ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦੇ ਹਨ, ਉਹਨਾਂ ਦੇ ਅੰਦਰ ਮਹਾਨ ਖ਼ੁਸ਼ੀਆਂ ਮਹਾਨ ਸੁਖ ਪੈਦਾ ਹੋ ਜਾਂਦੇ ਹਨ। ਪਰ, ਹੇ ਭਾਈ! ਪੂਰਬਲੇ ਜਨਮ ਵਿਚ (ਪ੍ਰਾਪਤੀ ਦਾ ਲੇਖ) ਲਿਖਿਆ (ਜਿਨ੍ਹਾਂ ਦੇ ਮੱਥੇ ਉੱਤੇ) ਉੱਘੜ ਪਿਆ, ਉਹ ਪ੍ਰਭੂ ਨਾਲ ਮਿਲ ਕੇ ਸੋਹਣੇ ਜੀਵਨ ਵਾਲੇ ਬਣ ਗਏ, ਉਹ ਉਸ ਦਾ ਦਰਸਨ ਕਰ ਕੇ ਉਸ ਵਿਚ ਮਗਨ ਹੋ ਗਏ। ਨਾਨਕ ਬੇਨਤੀ ਕਰਦਾ ਹੈ– ਜਿਨ੍ਹਾਂ ਨੇ ਸਦਾ ਪਰਮਾਤਮਾ ਦਾ ਧਿਆਨ ਧਰਿਆ ਹੈ, ਮੈਂ ਉਹਨਾਂ ਦੀ ਸਰਨ ਪੈਂਦਾ ਹਾਂ।4।1। ੴ ਸਤਿਗੁਰ ਪ੍ਰਸਾਦਿ ॥ ਪਉੜੀ ਵਾਰ ਭਾਵ: (I) (1) ਪਰਮਾਤਮਾ ਨੇ ਆਪਣਾ ਆਪ ਪਰਗਟ ਕਰ ਕੇ ਇਹ ਕੁਦਰਤਿ ਰਚੀ ਹੈ; ਇਹ, ਮਾਨੋ, ਉਸ ਦਾ ਦਰਬਾਰ ਹੈ, ਜਿਸ ਵਿਚ ਉਹ ਆਪ ਤਖ਼ਤ ਉਤੇ ਬੈਠਾ ਹੋਇਆ ਹੈ। (2) ਸਾਰੀ ਕੁਦਰਤਿ ਵਿਚ ਮੌਜੂਦ ਹੈ, ਪਰ ਹੈ ਗੁਪਤ; ਕੋਈ ਉਸ ਦਾ 'ਸਰੂਪ' ਬਿਆਨ ਨਹੀਂ ਕਰ ਸਕਿਆ। (3) ਜਗਤ ਨੂੰ ਉਸ ਨੇ ਧੰਧਿਆਂ ਵਿਚ ਲਾ ਰੱਖਿਆ ਹੈ ਤੇ ਆਪ ਲੁਕਿਆ ਬੈਠਾ ਹੈ; ਜੋ ਵੱਡੇ ਵੱਡੇ ਭੀ ਆਏ ਉਹ ਭੀ ਧੰਧਿਆਂ ਵਿਚ ਹੀ ਰਹੇ। (4) ਇਹ ਜਗਤ, ਮਾਨੋ ਭਲਵਾਨਾਂ ਦਾ ਅਖਾੜਾ ਹੈ; ਭਲਾਈ ਤੇ ਬੁਰਾਈ ਦਾ ਇਥੇ ਘੋਲ ਹੋ ਰਿਹਾ ਹੈ; ਇਹ ਛਿੰਝ ਪ੍ਰਭੂ ਆਪ ਹੀ ਪਵਾ ਰਿਹਾ ਹੈ। (5) ਭਲਾਈ ਤੇ ਬੁਰਾਈ = ਇਹ ਦੋਵੇਂ ਧੜੇ ਉਸ ਨੇ ਆਪ ਬਣਾਏ ਹਨ; ਝਗੜਾ ਪੈਦਾ ਕਰਨ ਵਾਲਾ ਭੀ ਆਪ ਹੀ ਹੈ ਤੇ "ਧਰਮ" ਰਾਜ ਹੋ ਕੇ ਝਗੜੇ ਮਿਟਾਣ ਵਾਲਾ ਵਕੀਲ ਭੀ ਆਪ ਹੀ ਹੈ। (6) ਸੋ, ਜਿਸ ਕਰਤਾਰ ਨੇ ਇਹ ਬਹੁ-ਰੰਗੀ ਦੁਨੀਆ ਬਣਾਈ ਹੈ ਉਸੇ ਨੂੰ ਸਿਮਰੋ ਤਾਕਿ ਬੁਰਾਈ ਜ਼ੋਰ ਨਾਹ ਪਾ ਸਕੇ; ਹੋਰ ਕੋਈ ਬੇਲੀ ਨਹੀਂ ਬਣ ਸਕਦਾ। (7) ਜਗਤ ਦੇ ਦਿੱਸਦੇ ਅਧਿਕਾਰ ਤੇ ਅਤਿਆਚਾਰ ਵਿੱਚ ਕੇਵਲ ਉਹੀ ਸੁਖੀ ਹਨ ਜੋ ਜਗਤ ਦੇ ਰਚਣਹਾਰ ਦੇ ਚਰਨਾਂ ਵਿੱਚ ਜੁੜੇ ਹੋਏ ਹਨ। (II) (8) ਜਗਤ-ਅਖਾੜੇ ਦੀ ਇਸ ਛਿੰਝ ਦੀ ਦੁਨੀਆ ਨੂੰ ਸਮਝ ਨਹੀਂ ਆਈ; ਆਪਣੀ ਸਮਝ ਪਿੱਛੇ ਲੱਗਣ ਵਾਲੇ ਜੀਵ ਬੁਰਾਈ ਦੇ ਵੱਸ ਹੋ ਕੇ ਇਸ ਘੋਲ ਵਿਚ ਹਾਰ ਰਹੇ ਹਨ। (9) ਜੋ ਵੱਡੇ ਵੱਡੇ ਭੀ ਅਖਵਾ ਗਏ ਉਹਨਾਂ ਭੀ ਨਾਹ ਸਮਝਿਆ ਕਿ ਇਹ ਤ੍ਰਿਸ਼ਨਾ ਦੀ ਅੱਗ ਤੇ ਵਾਦ-ਵਿਵਾਦ ਪ੍ਰਭੂ ਨੇ ਆਪ ਪੈਦਾ ਕੀਤੇ ਹਨ। ਜੋ ਮਨੁੱਖ ਗੁਰੂ-ਦਰ ਤੇ ਆ ਕੇ ਉਪਦੇਸ਼ ਕਮਾਂਦੇ ਹਨ ਉਹ ਅਸਲੀਅਤ ਨੂੰ ਸਮਝ ਕੇ ਇਸ ਤ੍ਰਿਸ਼ਨਾ ਦੇ ਅਸਰ ਤੋਂ ਬਚਦੇ ਹਨ। (10) ਸਭ ਕੁਝ ਪ੍ਰਭੂ ਆਪ ਕਰਦਾ ਕਰਾਂਦਾ ਹੈ, ਜੀਆਂ ਦੇ ਕਰਮਾਂ ਦਾ ਲੇਖਾ ਭੀ ਆਪ ਹੀ ਮੰਗਦਾ ਹੈ; ਤ੍ਰਿਸ਼ਨਾ-ਅੱਗ ਤੋਂ ਬਚਾਂਦਾ ਭੀ ਆਪ ਹੀ ਹੈ। ਗੁਰੂ-ਦਰ ਤੇ ਆਇਆਂ ਉਸ ਪ੍ਰਭੂ ਵਿਚ ਜੁੜੀਦਾ ਹੈ। (11) ਮਨਮੁਖ ਅਹੰਕਾਰ ਦੇ ਕਾਰਣ ਦੁਖੀ ਹੁੰਦਾ ਹੈ; ਜੇ ਗੁਰੂ-ਸਰਨ ਆ ਕੇ ਪ੍ਰਭੂ ਨੂੰ ਧਿਆਏ ਤਾਂ ਤ੍ਰਿਸ਼ਨਾ-ਅੱਗ ਬੁੱਝ ਕੇ ਸ਼ਾਂਤੀ ਪ੍ਰਾਪਤ ਹੁੰਦੀ ਹੈ। (12) ਰਾਜ, ਹਕੂਮਤ, ਧਨ ਆਦਿਕ ਦਾ ਮਾਣ ਕਰਨ ਵਾਲੇ ਆਖ਼ਰ ਖ਼ੁਆਰ ਹੁੰਦੇ ਹਨ, ਕਿਉਂਕਿ ਕੂੜ ਨਿਖੁੱਟ ਜਾਂਦਾ ਹੈ। (13) ਜੋ ਮਨੁੱਖ ਮਾਇਆ-ਅਧੀਨ ਹੋ ਕੇ ਅਉਗਣ ਕਮਾਂਦੇ ਹਨ ਉਹ, ਮਾਨੋ, ਜੂਏ ਵਿਚ ਮਨੁੱਖਾ-ਜਨਮ ਹਾਰ ਜਾਂਦੇ ਹਨ, ਜਗਤ ਵਿਚ ਉਹਨਾਂ ਦਾ ਆਉਣਾ ਬੇ-ਅਰਥ ਜਾਂਦਾ ਹੈ। (14) ਨਾਮ ਵਿਸਾਰ ਕੇ ਮਨਮੁਖ ਬੇ-ਥਵ੍ਹਾ ਜੀਵਨ ਬਿਤਾਂਦੇ ਹਨ; ਅੰਦਰੋਂ ਕਾਲੇ, ਵੇਖਣ ਨੂੰ ਮਨੁੱਖ, ਉਹ ਅਸਲ ਵਿਚ ਪਸ਼ੂ-ਸਮਾਨ ਹਨ। (III) (15) ਪਰ ਜੰਗਲ ਵਿਚ ਜਾ ਕੇ ਸਮਾਧੀ ਲਾਣਾ, ਨੰਗੇ ਪਿੰਡੇ ਪਾਲਾ ਕੱਕਰ ਸਹਾਰਨਾ, ਪਿੰਡੇ ਤੇ ਸੁਆਹ ਮਲਣੀ, ਜਟਾਂ ਵਧਾ ਲੈਣੀਆਂ, ਧੂਣੀਆਂ ਤਪਾਣੀਆਂ, ਇਹ ਭੀ ਜੀਵਨ ਦਾ ਸਹੀ ਰਸਤਾ ਨਹੀਂ। (16) ਸਰੇਵੜੇ ਸਿਰ ਦੇ ਵਾਲ ਪੁਟਾਂਦੇ ਹਨ, ਦਿਨ ਰਾਤ ਗੰਦੇ ਰਹਿੰਦੇ ਹਨ, ਜੂਠਾ ਖਾਂਦੇ ਹਨ– ਇਹ ਭੀ ਮਨੁੱਖ ਲਈ ਸਹੀ ਚਲਨ ਨਹੀਂ ਹੈ। (17) ਕੋਈ ਰਾਗ ਗਾਂਦੇ ਹਨ, ਕੋਈ ਰਾਸਾਂ ਪਾਂਦੇ ਹਨ, ਕਈ ਅੰਨ ਖਾਣਾ ਛੱਡ ਦੇਂਦੇ ਹਨ; ਪਰ ਅਜੇਹੇ ਹਠ-ਕਰਮ ਚਾਹੇ ਕਿਤਨੇ ਵਧਾਈ ਚੱਲੋ, ਪ੍ਰਭੂ ਹਠ-ਕਰਮਾਂ ਨਾਲ ਪ੍ਰਸੰਨ ਨਹੀਂ ਹੁੰਦਾ। (18) ਪਰਮਾਤਮਾ ਗੁਰੂ ਦੀ ਰਾਹੀਂ ਹੀ ਮਿਲਦਾ ਹੈ; ਜਿਸ ਨੇ ਗੁਰ-ਸ਼ਬਦ ਦੀ ਰਾਹੀਂ ਅੰਦਰ ਵੱਸਦੇ ਪ੍ਰਭੂ-ਤੀਰਥ ਉਤੇ ਮਨ ਦਾ ਇਸ਼ਨਾਨ ਕਰਾਇਆ ਹੈ ਉਹ ਸੱਚਾ ਵਪਾਰੀ ਹੈ, ਉਸ ਦਾ ਜਨਮ ਮੁਬਾਰਕ ਹੈ। (19) ਪ੍ਰਭੂ ਭਗਤੀ ਤੇ ਰੀਝਦਾ ਹੈ, ਭਗਤੀ ਪ੍ਰੇਮ ਦੇ ਆਸਰੇ ਹੋ ਸਕਦੀ ਹੈ। ਇਸ ਪ੍ਰੇਮ-ਮਾਰਗ ਉਤੇ ਸਤਿਗੁਰੂ ਹੀ ਤੋਰਦਾ ਹੈ। (20) ਗੁਰੂ ਤੋਂ ਬਿਨਾ ਜਗਤ ਕਮਲਾ ਹੋਇਆ ਫਿਰਦਾ ਹੈ; ਗੁਰੂ ਪਾਸੋਂ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਤੁਰਨ ਦੀ ਜਾਚ ਸਿੱਖਦਾ ਹੈ ਤੇ ਆਪਣੀ ਮਰਜ਼ੀ ਤੇ ਤੁਰਨਾ ਛੱਡ ਦੇਂਦਾ ਹੈ। (21) ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਰੱਬ ਦੀ ਬੰਦਸ਼ (ਰਜ਼ਾ) ਵਿਚ ਤੁਰਦਾ ਹੈ ਉਹ ਸੰਸਾਰ-ਸਮੁੰਦਰ ਤੋਂ ਲੰਘ ਕੇ ਦਰਗਾਹ ਵਿਚ ਆਦਰ ਪਾਂਦਾ ਹੈ। (22) ਜਦ ਤਕ ਦੁਨੀਆ ਦਾ ਸਹਿਮ ਹੈ ਮਨ ਭਟਕਦਾ ਹੈ; ਭਟਕਣਾ ਦੇ ਕਾਰਨ ਅਡੋਲ ਅਵਸਥਾ ਨਹੀਂ ਬਣਦੀ ਤੇ ਪ੍ਰਭੂ-ਚਰਨਾਂ ਵਿਚ ਜੁੜ ਨਹੀਂ ਸਕੀਦਾ। ਇਕ ਪ੍ਰਭੂ ਦਾ ਡਰ ਦੁਨੀਆ ਦੇ ਸਹਿਮ ਮੁਕਾ ਦੇਂਦਾ ਹੈ ਤੇ ਇਹ ਪ੍ਰਭੂ-ਡਰ ਗੁਰੂ ਪਾਸੋਂ ਪ੍ਰਾਪਤ ਹੁੰਦਾ ਹੈ। (IV) (23) ਜੀਵਨ-ਰਾਹ ਵਿਚ ਵਿੱਦਵਤਾ ਭੀ ਸਹੈਤਾ ਨਹੀਂ ਕਰਦੀ; ਨਾਮ ਤੋਂ ਬਿਨਾ ਇਹ ਭੀ ਕੂੜ ਦਾ ਵਪਾਰ ਹੀ ਹੈ, ਵਿਕਾਰਾਂ ਤੋਂ ਬਚਾ ਨਹੀਂ ਹੋ ਸਕਦਾ। ਪ੍ਰਭੂ-ਦਰ ਤੇ ਪ੍ਰਵਾਨ ਕੇਵਲ 'ਨਾਮ' ਹੀ ਹੈ ਤੇ ਇਹ 'ਨਾਮ' ਗੁਰੂ ਤੋਂ ਮਿਲਦਾ ਹੈ। (24) ਹੋਰ ਅਕਲਾਂ ਸਭ ਝੂਠੀਆਂ ਹਨ; ਸਗੋਂ, ਅਹੰਕਾਰ ਪੈਦਾ ਕਰਦੀਆਂ ਹਨ, ਬਲਦੀ ਉੱਤੇ (ਦੁਬਿਧਾ ਦਾ) ਤੇਲ ਪਾਂਦੀਆਂ ਹਨ; ਪ੍ਰਭੂ ਦਾ 'ਨਾਮ' ਹੀ ਸੱਚਾ ਵਪਾਰ ਹੈ। (25) ਭਗਵਾ ਵੇਸ ਕਰ ਕੇ ਦੇਸਾਂ ਦੇਸਾਂਤਰਾਂ ਵਿਚ ਭੌਣਾ ਭੀ ਜੀਵਨ-ਰਾਹ ਨਹੀਂ ਹੈ; ਰੱਬ ਤਾਂ ਅੰਦਰ ਵੱਸਦਾ ਹੈ ਤੇ ਇਹ ਦੀਦਾਰ ਹੁੰਦਾ ਹੈ ਗੁਰ-ਸ਼ਬਦ ਦੀ ਰਾਹੀਂ। (26) ਤ੍ਰਿਸ਼ਨਾ ਦਾ ਭਾਂਬੜ ਜਗਤ ਵਿਚ ਮਚ ਰਿਹਾ ਹੈ, ਇਸ ਦੇ ਅਧੀਨ ਜੀਵ-ਪੰਛੀ ਚੋਗ ਚੁਗ ਰਿਹਾ ਹੈ; ਜਿਸ ਨੂੰ ਪ੍ਰਭੂ ਦੇ ਹੁਕਮ ਵਿਚ ਗੁਰੂ-ਜ਼ਹਾਜ਼ ਮਿਲ ਪੈਂਦਾ ਹੈ ਉਹ ਬਚ ਜਾਂਦਾ ਹੈ। (27) ਮ: 5। ਗੁਰ-ਸ਼ਬਦ ਦੀ ਬਰਕਤਿ ਨਾਲ ਸਾਰੇ ਵਿਕਾਰ ਲਹਿ ਜਾਂਦੇ ਹਨ; ਗੁਰਮੁਖਾਂ ਦੀ ਸੰਗਤਿ ਵਿਚ ਮਨੁੱਖ ਵਿਕਾਰਾਂ ਤੋਂ ਬਚ ਜਾਂਦਾ ਹੈ; ਪਰ ਇਹ ਸਭ ਕੁਝ ਉਸ ਦੀ ਮਿਹਰ ਦਾ ਸਦਕਾ ਹੈ। (28) ਪ੍ਰਭੂ ਹਰ ਥਾਂ ਮੌਜੂਦ ਹੈ, ਪਰ ਮਨੁੱਖ ਦੇ ਅੰਦਰ ਅਗਿਆਨ ਤੇ ਭਟਕਣਾ ਹੈ, ਦੀਦਾਰ ਨਹੀਂ ਹੁੰਦਾ। ਜਿਸ ਉਤੇ ਮਿਹਰ ਕਰੇ ਉਹ 'ਨਾਮ' ਸਿਮਰ ਕੇ ਪ੍ਰਭੂ ਵਿਚ ਜੁੜਦਾ ਹੈ। ਸਾਰੇ ਭਾਵ ਦਾ ਸੰਖੇਪ: (ੳ) (1 ਤੋਂ 7) ਪਰਮਾਤਮਾ ਨੇ ਜਗਤ ਇਕ ਅਖਾੜਾ ਰਚਿਆ ਹੈ ਜਿਥੇ ਭਲਾਈ ਤੇ ਬੁਰਾਈ ਦੇ ਘੋਲ ਦੀ ਛਿੰਝ ਪੈ ਰਹੀ ਹੈ। ਤ੍ਰਿਸ਼ਨਾ ਦੀ ਅੱਗ ਤੇ ਵਾਦ-ਵਿਵਾਦ ਉਸ ਨੇ ਆਪ ਹੀ ਰਚੇ ਹਨ, ਇਸ ਦੇ ਅਸਰ ਹੇਠ ਰਾਜ ਤੇ ਹਕੂਮਤਿ ਦਾ ਮਾਣ ਕਰਨ ਵਾਲੇ ਆਖ਼ਰ ਖ਼ੁਆਰ ਹੁੰਦੇ ਹਨ ਤੇ ਜਨਮ ਵਿਅਰਥ ਗਵਾ ਜਾਂਦੇ ਹਨ। (ਅ) (8 ਤੋਂ 14) ਪਰ, ਜੰਗਲ ਵਿਚ ਜੋਗੀਆਂ ਵਾਲਾ ਵਾਸ, ਜੀਵ-ਹਿੰਸਾ ਬਾਰੇ ਸਰੇਵੜਿਆਂ ਵਾਲਾ ਵਹਿਮ, ਅੰਨ ਦਾ ਤਿਆਗ, ਜਾਂ, ਰਾਸਾਂ ਪਾਣੀਆਂ = ਇਹਨੀਂ ਕੰਮੀਂ ਇਹ ਤ੍ਰਿਸ਼ਨਾ ਬੁੱਝ ਨਹੀਂ ਸਕਦੀ। (ੲ) (15 ਤੋਂ 22) ਪ੍ਰਭੂ ਭਗਤੀ ਤੇ ਰੀਝਦਾ ਹੈ, ਭਗਤੀ ਪ੍ਰੇਮ ਦੇ ਆਸਰੇ ਹੁੰਦੀ ਹੈ; ਸੋ, ਗੁਰੂ ਦੀ ਸਰਨ ਪੈ ਕੇ ਪ੍ਰੇਮ-ਮਾਰਗ ਤੇ ਤੁਰਨਾ ਹੈ, ਮਨ ਨੂੰ ਅੰਤਰ ਆਤਮੇ ਤੀਰਥ ਉਤੇ ਇਸ਼ਨਾਨ ਕਰਾਣਾ ਹੈ, ਪ੍ਰਭੂ ਦੀ ਰਜ਼ਾ ਵਿਚ ਬੰਦਸ਼ ਵਿਚ ਤੁਰਨ ਦੀ ਜਾਚ ਸਿੱਖਣੀ ਹੈ ਤੇ ਪ੍ਰਭੂ ਦੇ ਡਰ ਵਿਚ ਰਹਿ ਕੇ ਦੁਨੀਆ ਦੇ ਸਹਿਮ ਗਵਾਣੇ ਹਨ। (ਸ) (23 ਤੋਂ 28) ਤ੍ਰਿਸ਼ਨਾ ਦੇ ਭਾਂਬੜ ਤੋਂ ਬਚਣ ਲਈ ਵਿੱਦਵਤਾ ਭੀ ਸਹੈਤਾ ਨਹੀਂ ਕਰਦੀ; ਹੋਰ ਅਕਲਾਂ ਭੀ ਅਹੰਕਾਰ ਪੈਦਾ ਕਰ ਕੇ ਸਗੋਂ ਬਲਦੀ ਉਤੇ ਤੇਲ ਹੀ ਪਾਂਦੀਆਂ ਹਨ; ਭਗਵਾ ਵੇਸ ਤੇ ਦੇਸ਼-ਰਟਨ ਭੀ ਖ਼ੁਆਰ ਹੀ ਕਰਦੇ ਹਨ, ਇਕ ਗੁਰ-ਸ਼ਬਦ ਦੀ ਬਰਕਤਿ ਨਾਲ ਹੀ ਸਾਰੇ ਵਿਕਾਰ ਮਿਟਦੇ ਹਨ, ਅਗਿਆਨ ਤੇ ਭਟਕਣਾ ਦੂਰ ਹੁੰਦੀ ਹੈ। ਪਰ, ਪ੍ਰਭੂ ਗੁਰੂ ਮਿਲਾਂਦਾ ਹੈ ਉਸ ਨੂੰ, ਜਿਸ ਉਤੇ ਆਪ ਮਿਹਰ ਕਰੇ। (ਪ੍ਰ:) 'ਮਲਾਰ ਕੀ ਵਾਰ' ਗੁਰੂ ਨਾਨਕ ਦੇਵ ਜੀ ਨੇ ਕਦੋਂ ਲਿਖੀ? (ਉ:) ਇਸ ਪ੍ਰਸ਼ਨ ਨੂੰ ਵਿਚਾਰਨ ਲੱਗਿਆਂ ਪਹਿਲਾਂ ਇਹ ਪ੍ਰਸ਼ਨ ਉੱਠਦਾ ਹੈ ਕਿ 'ਵਾਰ' ਹੀ ਲਿਖਣ ਦਾ ਖ਼ਿਆਲ ਕਦੋਂ ਤੇ ਕਿਉਂ ਗੁਰੂ ਨਾਨਕ ਸਾਹਿਬ ਦੇ ਮਨ ਵਿਚ ਪੈਦਾ ਹੋਇਆ। ਅਸਾਡੇ ਦੇਸ਼ ਵਿਚ ਜੋਧਿਆਂ ਦੀ ਸੂਰਮਤਾ ਦੇ ਪ੍ਰਸੰਗ ਗਾ ਕੇ ਸੁਣਾਨ ਦਾ ਰਿਵਾਜ ਸੀ, ਇਸ ਸਾਰੇ ਪ੍ਰਸੰਗ ਦਾ ਨਾਮ 'ਵਾਰ' ਹੁੰਦਾ ਸੀ, ਸੋ, 'ਵਾਰ' ਆਮ ਤੌਰ ਤੇ ਜੰਗਾਂ ਜੁੱਧਾਂ ਬਾਰੇ ਹੀ ਹੁੰਦੀ ਸੀ। ਜਦੋਂ ਸੰਨ 1521 ਵਿਚ ਬਾਬਰ ਨੇ ਹਿੰਦੁਸਤਾਨ ਉਤੇ ਹਮਲਾ ਕਰ ਕੇ ਐਮਨਾਬਾਦ ਨੂੰ ਅੱਗ ਲਾਈ ਤੇ ਸ਼ਹਿਰ ਵਿਚ ਹੋਰ ਅੱਤਿਆਚਾਰਾਂ ਤੋਂ ਇਲਾਵਾ ਕਤਲਾਮ ਭੀ ਕੀਤੀ ਤਾਂ ਗੁਰੂ ਨਾਨਕ ਦੇਵ ਜੀ ਨੇ 'ਵਾਰ' ਦਾ ਨਕਸ਼ਾ ਲੋਕਾਂ ਦੀ ਹੱਡੀਂ ਵਰਤਦਾ ਅੱਖੀਂ ਭੀ ਵੇਖਿਆ। ਹੋਰ ਢਾਢੀ ਤਾਂ ਅਜੇਹੇ ਸਮੇ ਆਪਣੇ ਕਿਸੇ ਸਾਥੀ ਸੂਰਮੇ ਮਨੁੱਖ ਦੇ ਕਿਸੇ ਉੱਘੇ ਜੰਗੀ ਕਾਰਨਾਮੇ ਨੂੰ ਕਵਿਤਾ ਵਿਚ ਲਿਖਦੇ ਹਨ, ਜਿਵੇਂ ਇਕ ਕਵੀ ਨੇ 'ਨਾਦਰ ਦੀ ਵਾਰ' ਲਿਖੀ ਹੈ; ਪਰ, ਗੁਰੂ ਨਾਨਕ ਸਾਹਿਬ ਨੂੰ ਇਕ ਐਸਾ ਮਹਾਨ ਜੋਧਾ ਨਜ਼ਰੀਂ ਆ ਰਿਹਾ ਸੀ ਜਿਸ ਦੇ ਇਸ਼ਾਰੇ ਤੇ ਜਗਤ ਦੇ ਸਾਰੇ ਹੀ ਜੀਵ ਕਾਮਾਦਿਕ ਵੈਰੀਆਂ ਨਾਲ ਇਕ ਮਹਾਨ ਜੰਗ ਵਿਚ ਲੱਗੇ ਪਏ ਹਨ। ਐਮਨਾਬਾਦ ਦੇ ਜੰਗ ਨੂੰ ਵੇਖ ਕੇ, ਗੁਰੂ ਨਾਨਕ ਦੇਵ ਜੀ ਨੇ ਇਕ ਜੰਗੀ ਕਾਰਨਾਮੇ ਤੇ ਹੀ 'ਵਾਰ' ਲਿਖੀ; ਪਰ ਉਹਨਾਂ ਦਾ 'ਸ਼ਿਰੋਮਣੀ ਪਾਤ੍ਰ' (Hero) ਅਕਾਲ ਪੁਰਖ ਆਪ ਸੀ। ਗੁਰੂ ਨਾਨਕ ਸਾਹਿਬ ਨੇ ਤਿੰਨ ਵਾਰਾਂ ਲਿਖੀਆਂ ਹਨ– ਮਲਾਰ ਕੀ ਵਾਰ, ਮਾਝ ਕੀ ਵਾਰ ਅਤੇ ਆਸਾ ਦੀ ਵਾਰ; ਭਾਵ, ਇਕ ਵਾਰ 'ਮਲਾਰ' ਰਾਗ ਵਿਚ ਹੈ, ਦੂਜੀ 'ਮਾਝ' ਰਾਗ ਵਿਚ ਤੇ ਤੀਜੀ 'ਆਸਾ' ਰਾਗ ਵਿਚ ਹੈ। ਇਹਨਾਂ ਵਿਚੋਂ 'ਮਲਾਰ ਕੀ ਵਾਰ' ਐਸੀ ਹੈ ਜਿਸ ਵਿਚ ਰਣ-ਭੂਮੀ ਦਾ ਤੇ ਲੜਨ ਵਾਲੇ ਸੂਰਮਿਆਂ ਦਾ ਜ਼ਿਕਰ ਹੈ; ਜਿਵੇਂ: 'ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥ ਇਸ ਵਿਚਾਰ ਤੋਂ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪਹਿਲੀ 'ਵਾਰ' ਮਲਾਰ ਕੀ ਵਾਰ ਹੈ; ਐਮਨਾਬਾਦ ਦਾ ਜੰਗ ਵੇਖ ਕੇ ਉਹਨਾਂ ਨੇ ਮਹਾਂ ਬਲੀ ਜੋਧੇ ਅਕਾਲ ਪੁਰਖ ਦੇ ਉਸ ਜੰਗ ਦਾ ਹਾਲ ਲਿਖਿਆ ਜੋ ਸਾਰੇ ਜਗਤ-ਰੂਪ ਰਣ-ਭੂਮੀ ਵਿਚ ਹੋ ਰਿਹਾ ਹੈ। ਐਮਨਾਬਾਦ ਦੀ ਕਤਲਾਮ ਦੀ ਘਟਨਾ 1521 ਵਿਚ ਤਦੋਂ ਹੋਈ ਜਦੋਂ ਗੁਰੂ ਨਾਨਕ ਦੇਵ ਜੀ ਅਖ਼ੀਰਲੀ ਤੀਜੀ 'ਉਦਾਸੀ' ਤੋਂ ਵਾਪਸ ਐਮਨਾਬਾਦ ਆਏ। ਸੋ, ਇਹ 'ਵਾਰ' 1521 ਵਿਚ ਕਰਤਾਰਪੁਰੇ ਲਿਖੀ ਗਈ। ਇਸ 'ਵਾਰ' ਦੀਆਂ 28 ਪਉੜੀਆਂ ਹਨ, ਪਰ ਪਉੜੀ ਨੰ: 27 ਗੁਰੂ ਅਰਜਨ ਸਾਹਿਬ ਦੀ ਹੈ, ਗੁਰੂ ਨਾਨਕ ਸਾਹਿਬ ਦੀਆਂ ਲਿਖਤਾਂ ਹੋਈਆਂ ਸਿਰਫ਼ 27 ਪਉੜੀਆਂ ਹਨ, ਤੇ ਹਰੇਕ ਪਉੜੀ ਵਿਚ ਅੱਠ ਅੱਠ ਤੁਕਾਂ ਹਨ। ਹੁਣ ਇਸ 'ਵਾਰ' ਦਾ ਟਾਕਰਾ ਕਰੋ 'ਮਾਝ ਕੀ ਵਾਰ' ਨਾਲ; ਉਸ ਵਿਚ ਭੀ 27 ਪਉੜੀਆਂ ਹਨ ਤੇ ਹਰੇਕ ਪਉੜੀ ਵਿਚ ਅੱਠ-ਅੱਠ ਤੁਕਾਂ ਹਨ। ਮਜ਼ਮੂਨ ਭੀ ਦੋਹਾਂ ਵਾਰਾਂ ਦਾ ਇਕੋ ਜੇਹਾ ਹੈ– 'ਤ੍ਰਿਸ਼ਨਾ ਦੀ ਅੱਗ'। 'ਮਲਾਰ ਕੀ ਵਾਰ' ਵਿਚ ਲਿਖਿਆ ਹੈ 'ਅਗਨਿ ਭਖੈ ਭੜਹਾੜੁ ਅਨਦਿਨੁ ਭਖਸੀ' = 26; ਤੇ 'ਅਗਨਿ ਉਪਾਈ ਵਾਦੁ ਭੁਖ ਤਿਹਾਇਆ' = 9। 'ਮਾਝ ਕੀ ਵਾਰ' ਵਿਚ ਭੀ 'ਤ੍ਰਿਸ਼ਨਾ-ਅੱਗ' ਦਾ ਹੀ ਜ਼ਿਕਰ ਹੈ– 'ਤ੍ਰਿਸਨਾ ਅੰਦਰਿ ਅਗਨਿ ਹੈ ਨਾਹ ਤਿਪਤੈ ਭੁਖਾ ਤਿਹਾਇਆ' = 2। 'ਮਲਾਰ ਕੀ ਵਾਰ' ਵਿਚ ਲਿਖਿਆ ਹੈ ਕਿ ਇਸ ਤ੍ਰਿਸ਼ਨਾ ਅੱਗ ਤੋਂ ਜੰਗਲ-ਵਾਸ, ਸਰੇਵੜਿਆਂ ਵਾਲੀ ਕੁਚੀਲਤਾ, ਅੰਨ ਦਾ ਤਿਆਗ, ਵਿੱਦਵਤਾ ਤੇ ਭਗਵਾ ਵੇਸ ਆਦਿਕ ਬਚਾ ਨਹੀਂ ਸਕਦੇ, ਵੇਖੋ ਪਉੜੀ ਨੰ: 15, 16, 17, 23 ਤੇ 25। ਮਾਝ ਕੀ ਵਾਰ ਵਿਚ ਭੀ ਇਹੀ ਜ਼ਿਕਰ ਹੈ; ਵੇਖੋ ਪਉੜੀ ਨੰ: 5 ਤੇ 6। ਇਹਨਾਂ ਦੋਹਾਂ ਵਾਰਾਂ ਦੇ ਇਸ ਟਾਕਰੇ ਤੋਂ ਇਹ ਅੰਦਾਜ਼ਾ ਲੱਗਦਾ ਹੈ ਕਿ 'ਮਲਾਰ ਕੀ ਵਾਰ' ਲਿਖਣ ਤੋਂ ਥੋੜਾ ਹੀ ਚਿਰ ਪਿੱਛੋਂ ਸਤਿਗੁਰੂ ਜੀ ਨੇ ਇਹ ਦੂਜੀ 'ਮਾਝ ਕੀ ਵਾਰ' ਲਿਖੀ ਸੰਨ 1521 ਵਿਚ ਕਰਤਾਰਪੁਰੇ। ਤ੍ਰੈਵੇਂ ਉਦਾਸੀਆਂ ਮੁਕਾ ਕੇ ਅਜੇ ਕਰਤਾਰਪੁਰੇ ਟਿਕੇ ਹੀ ਸਨ; ਉਦਾਸੀਆਂ ਸਮੇ ਕਈ ਜੋਗੀਆਂ ਸੰਨਿਆਸੀਆਂ ਸਰੇਵੜਿਆਂ ਤੇ ਵਿਦਵਾਨ ਪੰਡਿਤ ਆਦਿਕਾਂ ਨੂੰ ਮਿਲੇ, ਉਹ ਖ਼ਿਆਲ ਅਜੇ ਦਿਲ ਵਿਚ ਤਾਜ਼ਾ ਸਨ ਜੋ ਇਹਨਾਂ ਦੋਹਾਂ 'ਵਾਰਾਂ' ਵਿਚ ਪਰਗਟ ਕੀਤੇ ਹਨ ਜਿਵੇਂ ਉਪਰ ਦੱਸਿਆ ਗਿਆ ਹੈ। ਪਰ, 'ਆਸਾ ਦੀ ਵਾਰ' ਇਹਨਾਂ 'ਵਾਰਾਂ' ਤੋਂ ਵੱਖਰੀ ਕਿਸਮ ਦੀ ਹੈ। ਇਸ ਵਿਚ 24 ਪਉੜੀਆਂ ਹਨ, ਹਰੇਕ ਪਉੜੀ ਵਿਚ ਤੁਕਾਂ ਭੀ ਸਾਢੇ ਚਾਰ ਚਾਰ ਹਨ। ਮਜ਼ਮੂਨ ਭੀ ਹੋਰ ਤਰ੍ਹਾਂ ਦਾ ਹੈ। ਸਾਰੀ 'ਵਾਰ' ਵਿਚ ਕਿਤੇ ਉਹਨਾਂ ਜੋਗੀਆਂ ਸੰਨਿਆਸੀਆਂ ਸਰੇਵੜਿਆਂ ਤੇ ਵਿਦਵਾਨ ਪੰਡਿਤਾਂ ਵਲ ਇਸ਼ਾਰਾ ਨਹੀਂ ਜਿਨ੍ਹਾਂ ਨੂੰ 'ਉਦਾਸੀਆਂ' ਵਿਚ ਮਿਲੇ ਸਨ। ਇਕ ਐਸੇ 'ਜੀਵਨ' ਦੀ ਤਸਵੀਰ ਇਥੇ ਦਿੱਤੀ ਗਈ ਹੈ ਜਿਸ ਦੀ ਹਰੇਕ ਨੂੰ ਲੋੜ ਹੈ, ਜਿਸ ਦਾ ਚੇਤਾ ਹਰੇਕ ਇਨਸਾਨ ਲਈ ਹਰ ਰੋਜ਼ ਕਰਨਾ ਜ਼ਰੂਰੀ ਜਿਹਾ ਜਾਪਦਾ ਹੈ; ਸ਼ਾਇਦ ਇਸੇ ਵਾਸਤੇ ਇਸ 'ਵਾਰ' ਦਾ ਕੀਰਤਨ ਨਿੱਤ ਕਰਨਾ ਸਿੱਖ ਮਰਯਾਦਾ ਵਿਚ ਦੱਸਿਆ ਗਿਆ ਹੈ। 'ਆਸਾ ਦੀ ਵਾਰ' ਕੀ ਹੈ? ਇੱਕ ਉੱਚ ਦਰਜੇ ਦੀ ਜੀਵਨ ਫ਼ਿਲਾਸਫ਼ੀ। ਐਮਨਾਬਾਦ ਦੀ ਕਤਲਾਮ, ਸਰੇਵੜਿਆਂ ਦੀ ਕੁਚੀਲਤਾ, ਪੰਡਿਤਾਂ ਦਾ ਵਿੱਦਿਆ-ਅਹੰਕਾਰ ਇਸ ਤੋਂ ਦੂਰ ਪਿਛਾਂਹ ਰਹਿ ਗਏ ਹਨ। ਸੋ, ਇਹ ਰਚਨਾ ਗੁਰੂ ਨਾਨਕ ਸਾਹਿਬ ਦੇ ਜੀਵਨ-ਸਫ਼ਰ ਦੇ ਅਖ਼ੀਰਲੇ ਹਿੱਸੇ ਦੀ ਜਾਪਦੀ ਹੈ, ਰਾਵੀ ਦੇ ਕੰਢੇ ਕਿਸੇ ਨਿਰੋਲ ਰੱਬੀ-ਇਕਾਂਤ ਵਿਚ ਬੈਠਿਆਂ। 'ਵਾਰ ਦੀ ਬਣਤਰ' ਪਉੜੀਆਂ: ਇਸ 'ਵਾਰ' ਵਿਚ 28 ਪਉੜੀਆਂ ਹਨ। ਹਰੇਕ ਪਉੜੀ ਵਿਚ ਅੱਠ ਅੱਠ ਤੁਕਾਂ ਹਨ। ਪਉੜੀ ਨੰ: 27 ਗੁਰੂ ਅਰਜਨ ਸਾਹਿਬ ਦੀ ਹੈ। ਇਹ 'ਵਾਰ' ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਹੈ; ਇਸ ਵਿਚ ਪਹਿਲਾਂ 27 ਪਉੜੀਆਂ ਹੀ ਸਨ। ਸਲੋਕ: ਇਸ 'ਵਾਰ' ਦੀਆਂ 28 ਪਉੜੀਆਂ ਦੇ ਨਾਲ ਕੁੱਲ 58 ਸਲੋਕ ਹਨ। ਪਉੜੀ ਨੰ: 21 ਦੇ ਨਾਲ 4 ਸਲੋਕ ਹਨ, ਬਾਕੀ 27 ਪਉੜੀਆਂ ਵਿਚ ਹਰੇਕ ਦੇ ਨਾਲ ਦੋ ਦੋ ਸਲੋਕ ਹਨ। ਗੁਰ-ਵਿਅਕਤੀਆਂ ਅਨੁਸਾਰ ਇਹਨਾਂ ਸਲੋਕਾਂ ਦਾ ਵੇਰਵਾ ਇਉਂ ਹੈ:
ਮ: 1 . . . . 24
ਸਲੋਕ ਮ: 1 ਹੇਠ-ਲਿਖੀਆਂ 8 ਪਉੜੀਆਂ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਦੋ ਦੋ ਸਲੋਕ ਹਨ: ਸਾਰੇ ਸਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ: ਇਸ 'ਵਾਰ' ਗੁਰੂ ਨਾਨਕ ਦੇਵ ਜੀ ਦੀ ਹੈ। ਜਦੋਂ ਲਿਖੀ ਗਈ ਸੀ ਤਦੋਂ ਇਸ ਦੀਆਂ 27 ਪਉੜੀਆਂ ਸਨ। ਪਉੜੀਆਂ ਦੇ ਨਾਲ ਦਰਜ ਸਲੋਕ ਸਭ ਤੋਂ ਵਧੀਕ ਗੁਰੂ ਅਮਰਦਾਸ ਜੀ ਦੇ ਹਨ (27) । ਗੁਰੂ ਨਾਨਕ ਦੇਵ ਜੀ ਦੇ 24 ਹਨ ਅਤੇ ਗੁਰੂ ਅੰਗਦ ਸਾਹਿਬ ਦੇ 5 ਹਨ। ਹਰੇਕ ਪਉੜੀ ਦੀਆਂ ਅੱਠ ਅੱਠ ਤੁਕਾਂ ਹਨ। ਕਾਵਿ ਦੇ ਦ੍ਰਿਸ਼ਟੀਕੋਣ ਤੋਂ ਸਾਰੀ ਹੀ 'ਵਾਰ' ਵਿਚ ਇਕ-ਸਾਰਤਾ ਹੈ। ਇਹ ਨਹੀਂ ਹੋ ਸਕਦਾ ਸੀ ਕਿ ਗੁਰੂ ਨਾਨਕ ਦੇਵ ਜੀ ਵਿਚੋਂ ਵਿਚੋਂ ਸਿਰਫ਼ 9 ਪਉੜੀਆਂ ਦੇ ਨਾਲ ਪੂਰੇ ਸਲੋਕ ਦਰਜ ਕਰਦੇ, 4 ਪਉੜੀਆਂ ਦੇ ਨਾਲ ਨਾਲ ਇਕ ਸਲੋਕ ਦਰਜ ਕਰਦੇ, ਅਤੇ ਬਾਕੀ ਦੀਆਂ 14 ਪਉੜੀਆਂ ਬਿਲਕੁਲ ਖ਼ਾਲੀ ਰਹਿਣ ਦੇਂਦੇ। ਇਹ ਮਿਥ ਭੀ ਉੱਕੀ ਗ਼ਲਤ ਹੋਵੇਗੀ ਕਿ ਇਹਨਾਂ ਸਾਰੀਆਂ 27 ਪਉੜੀਆਂ ਦੇ ਨਾਲ ਗੁਰੂ ਅਮਰਦਾਸ ਜੀ ਨੇ ਆਪਣੇ, ਗੁਰੂ ਅੰਗਦ ਸਾਹਿਬ ਦੇ ਅਤੇ ਗੁਰੂ ਨਾਨਕ ਸਾਹਿਬ ਦੇ ਸਲੋਕ ਦਰਜ ਕੀਤੇ। ਉਹਨਾਂ ਪਉੜੀ ਨੰ: 14 ਖ਼ਾਲੀ ਕਿਉਂ ਛੱਡਣੀ ਸੀ? ਇਸ ਪਉੜੀ ਦੇ ਨਾਲ ਦੋਵੇਂ ਸਲੋਕ ਗੁਰੂ ਅਰਜਨ ਸਾਹਿਬ ਦੇ ਹਨ। ਸੋ ਪੱਕੇ ਤੌਰ ਤੇ ਇਸੇ ਨਤੀਜੇ ਉਤੇ ਅਪੜਨਾ ਪਏਗਾ ਕਿ ਇਸ 'ਵਾਰ' ਦੀਆਂ ਸਾਰੀਆਂ ਹੀ ਪਉੜੀਆਂ ਦੇ ਨਾਲ ਸਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ ਸਨ। ਪੂਰਨੇ ਗੁਰੂ ਨਾਨਕ ਜੀ ਨੇ ਪਾਏ: ਇਹ ਨਿਰਨਾ ਪੱਕਾ ਹੋ ਗਿਆ ਕਿ ਗੁਰੂ ਨਾਨਕ ਦੇਵ ਜੀ ਨੇ ਇਹ 'ਵਾਰ' ਸਿਰਫ਼ ਪਉੜੀਆਂ ਦਾ ਸੰਗ੍ਰਹ ਬਣਾਇਆ ਸੀ। 'ਵਾਰਾਂ' ਵਿਚੋਂ ਇਹ 'ਵਾਰ' ਉਹਨਾਂ ਦੀ ਪਹਿਲੀ ਰਚਨਾ ਸੀ। ਸੋ, ਇਹ ਪੂਰਨੇ ਗੁਰੂ ਨਾਨਕ ਦੇਵ ਜੀ ਨੇ ਹੀ ਪਾਏ ਕਿ ਪਹਿਲੇ 'ਵਾਰਾਂ' ਸਿਰਫ਼ ਪਉੜੀਆਂ ਦਾ ਸੰਗ੍ਰਹ ਹੁੰਦੀਆਂ ਸਨ। ਸਭ 'ਵਾਰਾਂ' ਦੇ ਨਾਲ ਸਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ। ਕਿਥੋਂ ਲਏ? ਹਰੇਕ ਗੁਰ-ਵਿਅਕਤੀ ਦੇ ਸਲੋਕਾਂ ਦੇ ਸੰਗ੍ਰਹ ਵਿਚੋਂ ਲਏ। ਜਿਹੜੇ ਸਲੋਕ ਇਸ ਚੋਣ ਤੋਂ ਵਧ ਗਏ, ਉਹ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਅਖ਼ੀਰ ਤੇ ਸਿਰ-ਲੇਖ 'ਸਲੋਕ ਵਾਰਾਂ ਤੇ ਵਧੀਕ' ਦੇ ਹੇਠਾਂ ਦਰਜ ਕਰ ਦਿੱਤੇ। ਵਾਰ ਮਲਾਰ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥ ਕੈਲਾਸ ਦੇਉ ਤੇ ਮਾਲ ਦੇਉ ਦੋ ਸੱਕੇ ਭਰਾ ਸਨ, ਜੰਮੂ ਕਸ਼ਮੀਰ ਦੇ ਰਾਜੇ ਤੇ ਜਹਾਂਗੀਰ ਦਾ ਹਾਲਾ ਭਰਦੇ ਸਨ। ਇਹਨਾਂ ਨੂੰ ਕਮਜ਼ੋਰ ਕਰਨ ਲਈ ਜਹਾਂਗੀਰ ਨੇ ਕਿਸੇ ਭੇਤੀ ਨੂੰ ਵਿੱਚ ਪਾ ਕੇ ਇਹਨਾਂ ਨੂੰ ਆਪੋ ਵਿਚ ਲੜਾ ਦਿੱਤਾ; ਤਕੜਾ ਜੁੱਧ ਮਚਿਆ, ਮਾਲ ਦੇਉ ਜਿੱਤ ਗਿਆ, ਕੈਲਾਸ ਦੇਉ ਪਕੜਿਆ ਗਿਆ। ਪਰ ਫਿਰ ਦੋਵੇਂ ਭਰਾ ਸੁਲਹ ਕਰ ਕੇ ਪਿਆਰ ਨਾਲ ਰਲ ਬੈਠੇ, ਅੱਧਾ ਅੱਧਾ ਰਾਜ ਵੰਡ ਲਿਆ। ਢਾਢੀਆਂ ਨੇ ਇਸ ਜੰਗ ਦੀ ਵਾਰ ਲਿਖੀ। ਇਸ 'ਵਾਰ' ਵਿਚੋਂ ਨਮੂਨੇ ਦੀ ਪਉੜੀ: ਧਰਤ ਘੋੜਾ, ਪਰਬਤ ਪਲਾਣ, ਸਿਰ ਟੱਟਰ ਅੰਬਰ ॥ ਨੌ ਸੌ ਨਦੀ ਨੜਿੰਨਵੇ ਰਾਣਾ ਜਲ ਕੰਬਰ ॥ ਢੁਕਾ ਰਾਇ ਅਮੀਰ ਦੇਵ ਕਰਿ ਮੇਘ ਅਡੰਬਰ ॥ ਆਣਿਤ ਖੰਡਾ ਰਾਣਿਆਂ ਕੈਲਾਸ਼ੈ ਅੰਦਰ ॥ ਬਿਜਲੀ ਜਿਉਂ ਚਮਕਾਣੀਆਂ ਤੇਗਾਂ ਵਿਚ ਅੰਬਰ ॥ ਮਾਲਦੇਉ ਕੈਲਾਸ਼ ਨੂੰ ਬੱਧਾ ਕਰਿ ਸੰਬਰ ॥ ਫਿਰ ਅੱਧਾ ਧਨ ਮਾਲਦੇਉ ਛਡਿਆ ਗੜ੍ਹ ਅੰਦਰ ॥ ਮਾਲਦੇਉ ਜਸੁ ਖਟਿਆ ਵਾਂਗ ਸ਼ਾਹ ਸਿਕੰਦਰ ॥ ਜਿਸ ਸੁਰ ਵਿਚ ਮਾਲਦੇਉ ਦੀ ਇਹ ਵਾਰ ਲੋਕ ਗਾਉਂਦੇ ਸਨ, ਉਸੇ ਸੁਰ ਵਿਚ ਗੁਰੂ ਨਾਨਕ ਦੇਵ ਜੀ ਦੀ ਇਹ ਵਾਰ ਗਾਉਣ ਦੀ ਹਿਦੈਤ ਹੈ। ੴ ਸਤਿਗੁਰ ਪ੍ਰਸਾਦਿ ॥ ਸਲੋਕ ਮਹਲਾ ੩ ॥ ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ ॥ ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ॥ ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ ॥ ਕਮਲੁ ਵਿਗਸੈ ਸਚੁ ਮਨਿ ਗੁਰ ਕੈ ਸਬਦਿ ਨਿਹਾਲੁ ॥ ਮਨਮੁਖ ਦੂਜੀ ਤਰਫ ਹੈ ਵੇਖਹੁ ਨਦਰਿ ਨਿਹਾਲਿ ॥ ਫਾਹੀ ਫਾਥੇ ਮਿਰਗ ਜਿਉ ਸਿਰਿ ਦੀਸੈ ਜਮਕਾਲੁ ॥ ਖੁਧਿਆ ਤ੍ਰਿਸਨਾ ਨਿੰਦਾ ਬੁਰੀ ਕਾਮੁ ਕ੍ਰੋਧੁ ਵਿਕਰਾਲੁ ॥ ਏਨੀ ਅਖੀ ਨਦਰਿ ਨ ਆਵਈ ਜਿਚਰੁ ਸਬਦਿ ਨ ਕਰੇ ਬੀਚਾਰੁ ॥ ਤੁਧੁ ਭਾਵੈ ਸੰਤੋਖੀਆਂ ਚੂਕੈ ਆਲ ਜੰਜਾਲੁ ॥ ਮੂਲੁ ਰਹੈ ਗੁਰੁ ਸੇਵਿਐ ਗੁਰ ਪਉੜੀ ਬੋਹਿਥੁ ॥ ਨਾਨਕ ਲਗੀ ਤਤੁ ਲੈ ਤੂੰ ਸਚਾ ਮਨਿ ਸਚੁ ॥੧॥ {ਪੰਨਾ 1278-1279} ਪਦ ਅਰਥ: ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਰਹਸੀਐ = ਖਿੜ ਪੈਂਦਾ ਹੈ। ਵੁਠੈ = (ਮੀਂਹ) ਵੱਸਿਆਂ। ਧਰਤਿ = ਧਰਤੀ। ਸਰ = ਸਰੋਵਰ। ਸੁਭਰ = ਸੁ+ਭਰ ਨਕਾ-ਨਕ ਭਰੇ ਹੋਏ। ਤਾਲ = ਤਲਾ। ਅੰਦਰੁ = ਅੰਦਰਲਾ ਮਨ। ਵਿਗਸੈ = ਖਿੜ ਪੈਂਦਾ ਹੈ। ਨਿਹਾਲੁ = ਪ੍ਰਸੰਨ। ਤਰਫ = ਪਾਸਾ। ਨਦਰਿ ਨਿਹਾਲਿ = ਗਹੁ ਨਾਲ ਤੱਕ ਕੇ। ਖੁਧਿਆ = ਭੁੱਖ। ਬੁਰੀ = ਭੈੜੀ, ਚੰਦਰੀ। ਵਿਕਰਾਲੁ = ਡਰਾਉਣਾ। ਆਲ ਜੰਜਾਲੁ = ਘਰ ਦਾ ਜੰਜਾਲ। ਮੂਲੁ ਰਹੇ = ਰਾਸ (ਮੂਲ) ਬਚੀ ਰਹਿੰਦੀ ਹੈ। ਬੋਹਿਥੁ = ਜਹਾਜ਼। ਸਚਾ = ਸਦਾ ਕਾਇਮ ਰਹਿਣ ਵਾਲਾ। ਮਨਿ = ਮਨ ਵਿਚ। ਅਰਥ: ਜੇ ਗੁਰੂ ਮਿਲ ਪਏ ਤਾਂ ਮਨ ਖਿੜ ਪੈਂਦਾ ਹੈ ਜਿਵੇਂ ਮੀਂਹ ਪਿਆਂ ਧਰਤੀ ਦੀ ਸਜਾਵਟ ਬਣ ਜਾਂਦੀ ਹੈ, ਸਾਰੀ (ਧਰਤੀ) ਹਰੀ ਹੀ ਹਰੀ ਦਿੱਸਦੀ ਹੈ ਸਰੋਵਰ ਤੇ ਤਲਾਬ ਨਕਾ ਨਕ ਪਾਣੀ ਨਾਲ ਭਰ ਜਾਂਦੇ ਹਨ (ਇਸੇ ਤਰ੍ਹਾਂ ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ) ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਵਿਚ ਰਚ ਜਾਂਦਾ ਹੈ ਤੇ ਮਜੀਠ ਵਾਂਗ ਰੱਤਾ (ਪੱਕੇ ਪਿਆਰ-ਰੰਗ ਵਾਲਾ ਹੋ) ਜਾਂਦਾ ਹੈ, ਉਸ ਦਾ ਹਿਰਦਾ-ਕਉਲ ਖਿੜ ਪੈਂਦਾ ਹੈ, ਸੱਚਾ ਪ੍ਰਭੂ (ਉਸ ਦੇ) ਮਨ ਵਿਚ (ਆ ਵੱਸਦਾ ਹੈ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ ਪ੍ਰਸੰਨ ਰਹਿੰਦਾ ਹੈ। ਪਰ, ਗਹੁ ਨਾਲ ਤੱਕ ਕੇ ਵੇਖੋ, ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਦੂਜਾ ਪਾਸਾ ਹੁੰਦਾ ਹੈ (ਭਾਵ, ਉਸ ਦੀ ਹਾਲਤ ਇਸ ਦੇ ਉਲਟ ਹੁੰਦੀ ਹੈ) ਫਾਹੀ ਵਿਚ ਫਸੇ ਹਰਨ ਵਾਂਗ ਜਮਕਾਲ (ਭਾਵ, ਮੌਤ ਦਾ ਡਰ) ਸਦਾ ਉਸ ਦੇ ਸਿਰ ਉੱਤੇ (ਖੜਾ) ਦਿੱਸਦਾ ਹੈ; (ਆਤਮਕ ਮੌਤ ਉਸ ਉਤੇ ਆਪਣਾ ਜ਼ੋਰ ਪਾਈ ਰੱਖਦੀ ਹੈ) । (ਮਾਇਆ ਦੀ) ਚੰਦਰੀ ਭੁੱਖ ਤ੍ਰੇਹ ਤੇ ਨਿੰਦਿਆ, ਕਾਮ ਤੇ ਡਰਾਉਣਾ ਕ੍ਰੋਧ (ਉਸ ਨੂੰ ਸਦਾ ਸਤਾਂਦੇ ਹਨ, ਪਰ ਇਹ ਹਾਲਤ ਉਸ ਨੂੰ) ਇਹਨਾਂ ਅੱਖਾਂ ਨਾਲ (ਤਦ ਤਕ) ਨਹੀਂ ਦਿੱਸਦੀ ਜਦ ਤਕ ਉਹ ਗੁਰ-ਸ਼ਬਦ ਵਿਚ ਵਿਚਾਰ ਨਹੀਂ ਕਰਦਾ। (ਹੇ ਪ੍ਰਭੂ!) ਜਦੋਂ ਤੈਨੂੰ ਭਾਵੇ ਤਾਂ (ਇਹ ਅੱਖਾਂ) ਸੰਤੋਖ ਵਿਚ ਆਉਂਦੀਆਂ ਹਨ (ਭਾਵ, ਖੁਧਿਆ ਤ੍ਰਿਸਨਾ ਮਿਟਦੀ ਹੈ) ਤੇ ਘਰ ਦਾ ਜੰਜਾਲ ਮੁੱਕਦਾ ਹੈ। ਗੁਰੂ ਨੂੰ ਸੇਵਿਆਂ (ਭਾਵ, ਗੁਰੂ ਦੇ ਹੁਕਮ ਵਿਚ ਤੁਰਿਆਂ) ਜੀਵ ਦੀ ਨਾਮ-ਰੂਪ ਰਾਚਿ ਬਚੀ ਰਹਿੰਦੀ ਹੈ, ਗੁਰੂ ਦੀ ਪਉੜੀ (ਭਾਵ, ਸਿਮਰਨ) ਦੀ ਰਾਹੀਂ (ਨਾਮ-ਰੂਪੀ) ਜਹਾਜ਼ ਪ੍ਰਾਪਤ ਹੋ ਜਾਂਦਾ ਹੈ। ਹੇ ਨਾਨਕ! ਜੋ ਜੀਵ-ਇਸਤ੍ਰੀ (ਇਸ ਸਿਮਰਨ-ਰੂਪ ਗੁਰ-ਪਉੜੀ ਨੂੰ) ਸੰਭਾਲਦੀ ਹੈ ਉਹ ਅਸਲੀਅਤ ਲੱਭ ਲੈਂਦੀ ਹੈ। ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਉਸ ਦੇ ਮਨ ਵਿਚ ਸਦਾ ਲਈ ਆ ਵੱਸਦਾ ਹੈਂ।1। |
Sri Guru Granth Darpan, by Professor Sahib Singh |