ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1279 ਮਹਲਾ ੧ ॥ ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥ ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ ॥੨॥ {ਪੰਨਾ 1279} ਪਦ ਅਰਥ: ਪਾਧਰੁ = ਪੱਧਰਾ ਰਾਹ। ਹੇਕੋ = ਇਕੋ ਹੀ। ਗੁਰ ਪਉੜੀ = ਗੁਰੂ ਦੀ ਦੱਸੀ ਹੋਈ ਪਉੜੀ, (ਭਾਵ, ਸਿਮਰਨ) । ਨਿਜ = ਨਿਰੋਲ ਆਪਣਾ। ਰੂੜਉ = ਸੋਹਣਾ। ਸਭਿ = ਸਾਰੇ। ਠਾਕੁਰੁ = ਪਾਲਣਹਾਰ। ਅਰਥ: ਹੇ ਨਾਨਕ! (ਇਕ ਪ੍ਰਭੂ ਹੀ) ਸੋਹਣਾ ਪਾਲਣਹਾਰ ਖਸਮ ਹੈ (ਉਸ ਪ੍ਰਭੂ ਦਾ ਹੀ) ਇਕ ਦਰ (ਜੀਵ ਦਾ) ਨਿਰੋਲ ਆਪਣਾ ਥਾਂ ਹੈ (ਜਿੱਥੋਂ ਕਦੇ ਕਿਸੇ ਨੇ ਦੁਰਕਾਰਨਾ ਨਹੀਂ, ਇਸ 'ਦਰ' ਤਕ ਅੱਪੜਨ ਲਈ) ਗੁਰੂ ਦੀ ਪਉੜੀ (ਭਾਵ, ਸਿਮਰਨ ਹੀ) ਇਕੋ ਸਿੱਧਾ ਰਸਤਾ ਹੈ, (ਪ੍ਰਭੂ ਦਾ) ਸੱਚਾ ਨਾਮ (ਸਿਮਰਨਾ) ਹੀ ਸਾਰੇ ਸੁਖਾਂ (ਦਾ ਮੂਲ) ਹੈ।2। ਪਉੜੀ ॥ ਆਪੀਨ੍ਹ੍ਹੈ ਆਪੁ ਸਾਜਿ ਆਪੁ ਪਛਾਣਿਆ ॥ ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ ॥ ਵਿਣੁ ਥੰਮ੍ਹ੍ਹਾ ਗਗਨੁ ਰਹਾਇ ਸਬਦੁ ਨੀਸਾਣਿਆ ॥ ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ ॥ ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ ॥ ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥ ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ ॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥੧॥ {ਪੰਨਾ 1279} ਪਦ ਅਰਥ: ਆਪੀਨ੍ਹ੍ਹੈ– (ਨੋਟ: ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) "ਆਪਿ ਹੀ ਨੈ", ਭਾਵ, (ਪ੍ਰਭੂ) ਨੇ ਆਪ ਹੀ। ਲਫ਼ਜ਼ 'ਹੀ' ਦਾ 'ਹ' ਇਥੋਂ ਹੱਟ ਕੇ 'ਨੈ' ਦੇ ਨਾਲ ਮਿਲ ਕੇ "ਆਪਿ ਈ ਨ੍ਹ੍ਹੈ" ਤੋਂ ਇਕੱਠਾ "ਆਪੀਨ੍ਹ੍ਹੈ" ਬਣ ਗਿਆ ਹੈ; ਵੇਖੋ "ਆਸਾ ਦੀ ਵਾਰ" ਪਉੜੀ 1। ਆਪੁ = ਆਪਣੇ ਆਪ ਨੂੰ। ਅੰਬਾਰੁ = ਆਕਾਸ਼। ਰਹਾਇ = ਟਿਕਾ ਕੇ। ਨੀਸਾਣਿਆ = 'ਨਿਸਾਣ' ਬਣਾਇਆ ਹੈ, ਨਗਾਰਾ ਬਣਾਇਆ ਹੈ। ਸਬਦੁ = ਹੁਕਮ। ਚੋਜ = ਤਮਾਸ਼ੇ। ਵਿਡਾਣਿਆ = ਅਚਰਜ। ਪੁਰਬ = ਧਾਰਮਿਕ ਮੇਲੇ। ਸਰਿ = ਬਰਾਬਰ। ਕਿ = ਕੀਹ? ਹੋਰ = ਹੋਰ ਸ੍ਰਿਸ਼ਟੀ। ਅਰਥ: (ਪ੍ਰਭੂ ਨੇ) ਆਪ ਹੀ ਆਪਣੇ ਆਪ ਨੂੰ ਪਰਗਟ ਕਰ ਕੇ ਆਪਣਾ ਅਸਲਾ ਸਮਝਿਆ ਹੈ, ਆਕਾਸ਼ ਤੇ ਧਰਤੀ ਨੂੰ ਵਖੋ-ਵਖ ਕਰ ਕੇ (ਇਹ ਆਕਾਸ਼ ਉਸ ਨੇ ਮਾਨੋ, ਆਪਣੇ ਤਖ਼ਤ ਉਤੇ) ਚੰਦੋਆ ਤਾਣਿਆ ਹੋਇਆ ਹੈ; (ਸਾਰੇ ਜਗਤ-ਰੂਪ ਦਰਬਾਰ ਉਤੇ) ਆਕਾਸ਼ ਨੂੰ ਥੰਮ੍ਹਾਂ ਤੋਂ ਬਿਨਾ ਟਿਕਾ ਕੇ ਆਪਣੇ ਹੁਕਮ ਨੂੰ ਨਗਾਰਾ ਬਣਾਇਆ ਹੈਂ; ਆਪਣੀ) ਜੋਤਿ ਟਿਕਾਈ ਹੈ; (ਜੀਵਾਂ ਦੇ ਵਿਹਾਰ-ਕਾਰ ਲਈ) ਰਾਤ ਤੇ ਦਿਨ (-ਰੂਪ) ਅਚਰਜ ਤਮਾਸ਼ੇ ਬਣਾ ਦਿੱਤੇ ਹਨ। ਪੁਰਬਾਂ ਸਮੇ ਤੀਰਥਾਂ ਉਤੇ ਨ੍ਹਾਉਣ ਆਦਿਕ ਧਰਮਾਂ ਦੇ ਖ਼ਿਆਲ (ਭੀ ਪ੍ਰਭੂ ਨੇ ਆਪ ਹੀ ਜੀਵਾਂ ਦੇ ਅੰਦਰ ਪੈਦਾ ਕੀਤੇ ਹਨ) । (ਹੇ ਪ੍ਰਭੂ!) (ਤੇਰੀ ਇਸ ਅਸਰਜ ਖੇਡ ਦਾ) ਕੀਹ ਬਿਆਨ ਕਰੀਏ? ਤੇਰੇ ਵਰਗਾ ਹੋਰ ਕੋਈ ਨਹੀਂ ਹੈ; ਤੂੰ ਤਾਂ ਸਦਾ ਕਾਇਮ ਰਹਿਣ ਵਾਲੇ ਤਖ਼ਤ ਉਤੇ ਬੈਠਾ ਹੈਂ ਤੇ ਹੋਰ (ਸ੍ਰਿਸ਼ਟੀ) ਜੰਮਦੀ ਹੈ (ਪੈਦਾ ਹੁੰਦੀ ਹੈ ਤੇ ਨਾਸ ਹੁੰਦੀ ਹੈ) ।1। ਸਲੋਕ ਮਃ ੧ ॥ ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ ॥ ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ ॥੧॥ {ਪੰਨਾ 1279} ਪਦ ਅਰਥ: ਸਾਵਣਿ = ਸਾਵਣ (ਦੇ ਮਹੀਨੇ) ਵਿਚ। ਓਮਾਹਾ = ਚਾਉ। ਰਸੀਆ = ਰਸ ਦਾ ਆਸ਼ਕ। ਘਰਿ = ਘਰ ਵਿਚ। ਅਰਥ: ਹੇ ਨਾਨਕ! ਜੇ ਸਾਵਣ ਦੇ ਮਹੀਨੇ ਮੀਂਹ ਪਏ ਤਾਂ ਚਾਰ ਧਿਰਾਂ ਨੂੰ ਚਾਉ ਹੁੰਦਾ ਹੈ, ਸੱਪਾਂ ਨੂੰ ਹਰਨਾਂ ਨੂੰ, ਮੱਛੀਆਂ ਨੂੰ ਤੇ ਰਸਾਂ ਦੇ ਆਸ਼ਕਾਂ ਨੂੰ ਜਿਨ੍ਹਾਂ ਦੇ ਘਰ ਵਿਚ (ਰਸ ਮਾਨਣ ਲਈ) ਧਨ ਹੋਵੇ।1। ਮਃ ੧ ॥ ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ ॥ ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ ॥੨॥ ਪਦ ਅਰਥ: ਗਾਈਪੁਤ = ਬਲਦ। ਪੰਥੀ = ਰਾਹੀ, ਮੁਸਾਫ਼ਿਰ। ਚਾਕਰੁ = ਨੌਕਰ। ਅਰਥ: ਹੇ ਨਾਨਕ! ਸਾਵਣ ਵਿਚ ਜੇ ਮੀਂਹ ਪਏ ਤਾਂ ਚਾਰ ਧਿਰਾਂ ਨੂੰ (ਉਮਾਹ ਤੋਂ) ਵਿਛੋੜਾ (ਭੀ, ਭਾਵ, ਦੁੱਖ ਭੀ) ਹੁੰਦਾ ਹੈ, ਬਲਦਾਂ ਨੂੰ (ਕਿਉਂਕਿ ਮੀਂਹ ਪਿਆਂ ਇਹ ਹਲੀਂ ਜੋਏ ਜਾਂਦੇ ਹਨ) , ਗਰੀਬਾਂ ਨੂੰ (ਜਿਨ੍ਹਾਂ ਦੀ ਮੇਹਨਤਿ-ਮਜੂਰੀ ਵਿਚ ਰੋਕ ਪੈਂਦੀ ਹੈ) , ਰਾਹੀਆਂ ਨੂੰ ਤੇ ਨੌਕਰ ਸ਼ਖ਼ਸ਼ ਨੂੰ।2। ਨੋਟ: ਗੁਰੂ ਦੇ ਦਰ ਤੋਂ 'ਨਾਮ' ਦੀ ਵਰਖਾ ਹੋਣ ਤੇ ਗੁਰਮੁਖ ਤੇ ਮਨਮੁਖ ਉਤੇ ਵੱਖੋ-ਵੱਖਰਾ ਅਸਰ ਹੁੰਦਾ ਹੈ। ਪਉੜੀ ॥ ਤੂ ਸਚਾ ਸਚਿਆਰੁ ਜਿਨਿ ਸਚੁ ਵਰਤਾਇਆ ॥ ਬੈਠਾ ਤਾੜੀ ਲਾਇ ਕਵਲੁ ਛਪਾਇਆ ॥ ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ ॥ ਨਾ ਤਿਸੁ ਬਾਪੁ ਨ ਮਾਇ ਕਿਨਿ ਤੂ ਜਾਇਆ ॥ ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ ॥ ਨਾ ਤਿਸੁ ਭੁਖ ਪਿਆਸ ਰਜਾ ਧਾਇਆ ॥ ਗੁਰ ਮਹਿ ਆਪੁ ਸਮੋਇ ਸਬਦੁ ਵਰਤਾਇਆ ॥ ਸਚੇ ਹੀ ਪਤੀਆਇ ਸਚਿ ਸਮਾਇਆ ॥੨॥ {ਪੰਨਾ 1279} ਪਦ ਅਰਥ: ਕਵਲੁ = ਪੁਰਾਣਾ ਖ਼ਿਆਲ ਹੈ ਕਿ ਬ੍ਰਹਮਾ ਨੇ ਜਗਤ ਪੈਦਾ ਕੀਤਾ ਤੇ ਬ੍ਰਹਮਾ ਆਪ 'ਕਵਲ' ਤੋਂ ਜੰਮਿਆ, ਸੋ, 'ਕਵਲ' ਦੀ ਉਤਪੱਤੀ ਦਾ ਮੂਲ'। ਕਵਲੁ ਛਪਾਇਆ = ਸ੍ਰਿਸ਼ਟੀ ਦੀ ਉਤਪੱਤੀ ਨੂੰ ਲੁਕਾ ਕੇ, (ਭਾਵ,) ਅਜੇ ਜਗਤ ਦੀ ਉਤਪੱਤੀ ਨਹੀਂ ਸੀ ਹੋਈ। ਕਿਨਿ = ਕਿਸ ਨੇ? ਤੂ = ਤੈਨੂੰ। ਸਬਾਇਆ = ਸਾਰੇ। ਰਜਾ ਧਾਇਆ = ਰੱਜਿਆ-ਪੁੱਜਿਆ। ਪਤੀਆਇ = ਪਤੀਜ ਕੇ। ਸਚਿ = ਸੱਚੇ ਪ੍ਰਭੂ ਵਿਚ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਅਰਥ: (ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਐਸੀ ਹਸਤੀ ਦਾ ਮਾਲਕ (ਸਚਿਆਰੁ) ਹੈਂ ਕਿ ਜਿਸ ਨੇ (ਆਪਣੀ ਇਹ) ਹਸਤੀ (ਹਰ ਥਾਂ) ਵਰਤਾਈ ਹੋਈ ਹੈ; ਅਜੇ ਸ੍ਰਿਸ਼ਟੀ ਦੀ ਉਤਪੱਤੀ ਨਹੀਂ ਸੀ ਹੋਈ ਜਦੋਂ ਤੂੰ (ਆਪਣੇ ਆਪ ਵਿਚ) ਸਮਾਧੀ ਲਾਈ ਬੈਠਾ ਸੈਂ, ਬ੍ਰਹਮਾ ਨੇ (ਭੀ ਜੋ ਜਗਤ ਦਾ ਰਚਣ ਵਾਲਾ ਮੰਨਿਆ ਜਾਂਦਾ ਹੈ ਇਹ ਭੇਤ ਨਾਹ ਸਮਝਿਆ ਤੇ ਆਪਣੇ ਆਪ ਨੂੰ ਹੀ ਸਭ ਤੋਂ) ਵੱਡਾ ਅਖਵਾਇਆ, ਉਸ ਨੂੰ ਤੇਰੀ ਸਾਰ ਨਾਹ ਆਈ। (ਹੇ ਪ੍ਰਭੂ!) ਕਿਸ ਨੇ ਤੈਨੂੰ ਪੈਦਾ ਕੀਤਾ ਹੈ? (ਭਾਵ, ਤੈਨੂੰ ਜਨਮ ਦੇਣ ਵਾਲਾ ਕੋਈ ਨਹੀਂ ਹੈ) । (ਹੇ ਭਾਈ!) ਉਸ (ਪ੍ਰਭੂ) ਦਾ ਨਾ ਕੋਈ ਪਿਉ ਹੈ ਨਾ ਮਾਂ; ਨਾਹ ਉਸ ਦਾ ਕੋਈ (ਖ਼ਾਸ) ਸਰੂਪ ਹੈ ਨਾਹ ਨਿਸ਼ਾਨ; ਸਾਰੇ ਰੂਪ ਰੰਗ ਉਸ ਦੇ ਹਨ; ਉਸ ਨੂੰ ਕੋਈ ਭੁੱਖ ਤ੍ਰੇਹ ਭੀ ਨਹੀਂ ਹੈ, ਰੱਜਿਆ ਪੁੱਜਿਆ ਹੋਇਆ ਹੈ। (ਹੇ ਭਾਈ!) ਪ੍ਰਭੂ ਆਪਣੇ ਆਪ ਨੂੰ ਗੁਰੂ ਵਿਚ ਲੀਨ ਕਰ ਕੇ (ਆਪਣਾ) ਸ਼ਬਦ (ਭਾਵ, ਸਨੇਹਾ) (ਸਾਰੇ ਜਗਤ ਵਿਚ) ਵੰਡ ਰਿਹਾ ਹੈ, ਤੇ ਗੁਰੂ ਇਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਪਤੀਜ ਕੇ ਸਦਾ-ਥਿਰ ਪ੍ਰਭੂ ਵਿਚ ਹੀ ਜੁੜਿਆ ਰਹਿੰਦਾ ਹੈ।2। ਸਲੋਕ ਮਃ ੧ ॥ ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥ ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧॥ {ਪੰਨਾ 1279} ਪਦ ਅਰਥ: ਕਰਕ = ਪੀੜ, (ਪ੍ਰਭੂ ਤੋਂ ਵਿਛੋੜੇ ਦਾ) ਦੁੱਖ। ਵੈਦਗੀ = ਦਵਾਈ ਦੇਣ ਲਈ। ਅਰਥ: ਹਕੀਮ (ਮਰੀਜ਼ ਨੂੰ) ਦਵਾਈ ਦੇਣ ਲਈ ਸੱਦਿਆ ਜਾਂਦਾ ਹੈ, ਉਹ (ਮਰੀਜ਼ ਦੀ) ਬਾਂਹ ਫੜ ਕੇ (ਨਾੜੀ) ਟੋਲਦਾ ਹੈ (ਤੇ ਮਰਜ਼ ਲੱਭਣ ਦਾ ਜਤਨ ਕਰਦਾ ਹੈ; ਪਰ) ਅੰਞਾਣ ਹਕੀਮ ਇਹ ਨਹੀਂ ਜਾਣਦਾ ਕਿ (ਪ੍ਰਭੂ ਤੋਂ ਵਿਛੋੜੇ ਦੀ) ਪੀੜ (ਬਿਰਹੀ ਬੰਦਿਆਂ ਦੇ) ਦਿਲ ਵਿਚ ਹੋਇਆ ਕਰਦੀ ਹੈ।1। ਮਃ ੨ ॥ ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥ ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ ॥ ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ ॥ ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ ॥੨॥ {ਪੰਨਾ 1279} ਪਦ ਅਰਥ: ਵੰਞੈ = ਦੂਰ ਹੋ ਜਾਏ। ਰੋਗਾ ਘਾਣਿ = ਰੋਗਾਂ ਦੀ ਘਾਣੀ, ਰੋਗਾਂ ਦਾ ਢੇਰ। ਜਿਤੁ ਦਾਰੂ = ਜਿਸ ਦਵਾਈ ਨਾਲ। ਉਠਿਅਹਿ = ਉਡਾਏ ਜਾ ਸਕਣ। ਤਨਿ = ਸਰੀਰ ਵਿਚ। ਆਇ = ਆ ਕੇ। ਗਵਾਇਹਿ = ਜੇ ਤੂੰ ਦੂਰ ਕਰ ਲਏਂ। ਅਰਥ: (ਹੇ ਭਾਈ) ! ਪਹਿਲਾਂ (ਆਪਣਾ ਹੀ ਆਤਮਕ) ਰੋਗ ਲੱਭ (ਤੇ ਉਸ ਦੀ) ਅਜੇਹੀ ਦਵਾਈ ਭਾਲ ਲੈ ਜਿਸ ਨਾਲ ਸਾਰੇ (ਆਤਮਕ) ਰੋਗ ਦੂਰ ਹੋ ਜਾਣ ਜਿਸ ਦਵਾਈ ਨਾਲ (ਸਾਰੇ) ਰੋਗ ਉਠਾਏ ਜਾ ਸਕਣ ਤੇ ਸਰੀਰ ਵਿਚ ਸੁਖ ਆ ਵੱਸੇ। (ਹੇ ਭਾਈ! ਤਾਂ ਹੀ) ਤੂੰ ਹਕੀਮਾਂ ਦਾ ਹਕੀਮ ਹੈਂ (ਸਭ ਤੋਂ ਵਧੀਆ ਹਕੀਮ ਹੈਂ) (ਤਾਂ ਹੀ) ਤੂੰ ਸਿਆਣਾ ਵੈਦ (ਅਖਵਾ ਸਕਦਾ) ਹੈਂ। ਹੇ ਨਾਨਕ! (ਆਖ– ਹੇ ਭਾਈ!) ਜੇ ਤੂੰ (ਪਹਿਲਾਂ) ਆਪਣਾ ਰੋਗ ਦੂਰ ਕਰ ਲਏਂ ਤਾਂ (ਆਪਣੇ ਆਪ ਨੂੰ) ਹਕੀਮ ਅਖਵਾ (ਅਖਵਾਣ ਦਾ ਹੱਕਦਾਰ ਹੈਂ) । ਪਉੜੀ ॥ ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ ॥ ਬ੍ਰਹਮੇ ਦਿਤੇ ਬੇਦ ਪੂਜਾ ਲਾਇਆ ॥ ਦਸ ਅਵਤਾਰੀ ਰਾਮੁ ਰਾਜਾ ਆਇਆ ॥ ਦੈਤਾ ਮਾਰੇ ਧਾਇ ਹੁਕਮਿ ਸਬਾਇਆ ॥ ਈਸ ਮਹੇਸੁਰੁ ਸੇਵ ਤਿਨ੍ਹ੍ਹੀ ਅੰਤੁ ਨ ਪਾਇਆ ॥ ਸਚੀ ਕੀਮਤਿ ਪਾਇ ਤਖਤੁ ਰਚਾਇਆ ॥ ਦੁਨੀਆ ਧੰਧੈ ਲਾਇ ਆਪੁ ਛਪਾਇਆ ॥ ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥੩॥ {ਪੰਨਾ 1279} ਪਦ ਅਰਥ: ਦਸ ਅਵਤਾਰੀ = (ਅਵਤਾਰੀਂ) ਦਸ ਅਵਤਾਰਾਂ ਵਿਚ (ਦਸ ਅਵਤਾਰ = ਵਰਾਹ, ਨਰਸਿੰਘ, ਬਾਵਨ (ਵਾਮਨ) , ਪਰਸ ਰਾਮ, ਮੱਛ, ਕੱਛ, ਰਾਮ, ਕ੍ਰਿਸ਼ਨ; ਬੌਧ, ਤੇ ਕਲਕੀ = 10) । ਹੁਕਮਿ = ਹੁਕਮ ਵਿਚ। ਈਸ ਮਹੇਸੁਰ = ਸ਼ਿਵ ਦੇ 11 (ਰੁੱਦ੍ਰ) ਅਵਤਾਰ। ਤਿਨ੍ਹ੍ਹੀ = ਉਹਨਾਂ 11 ਸ਼ਿਵ-ਅਵਤਾਰਾਂ ਨੇ। ਅਰਥ: (ਪਰਮਾਤਮਾ ਨੇ ਆਪ ਹੀ) ਬ੍ਰਹਮਾ ਵਿਸ਼ਨੂ ਤੇ ਸ਼ਿਵ = (ਇਹ ਤਿੰਨ) ਦੇਵਤੇ ਪੈਦਾ ਕੀਤੇ। ਬ੍ਰਹਮਾ ਨੂੰ ਉਸ ਨੇ ਵੇਦ ਦੇ ਦਿੱਤੇ (ਭਾਵ ਵੇਦਾਂ ਦਾ ਕਰਤਾ ਬਣਾਇਆ ਤੇ ਲੋਕਾਂ ਪਾਸੋਂ ਇਹਨਾਂ ਦੀ ਦੱਸੀ) ਪੂਜਾ ਕਰਾਣ ਵਿਚ ਇਸ ਨੂੰ ਰੁੰਨ੍ਹ ਦਿੱਤਾ। (ਵਿਸ਼ਨੂ) ਦਸ ਅਵਤਾਰਾਂ ਵਿਚ ਰਾਜਾ ਰਾਮ (ਆਦਿਕ) ਰੂਪ ਧਾਰਦਾ ਰਿਹਾ ਤੇ ਹੱਲੇ ਕਰ ਕਰ ਦੈਤਾਂ ਨੂੰ ਮਾਰਦਾ ਰਿਹਾ (ਪਰ ਇਹ) ਸਾਰੇ (ਅਵਤਾਰ ਪ੍ਰਭੂ ਦੇ ਹੀ) ਹੁਕਮ ਵਿਚ ਹੋਏ। ਸ਼ਿਵ (ਦੇ 11 ਰੁੱਦ੍ਰ) ਅਵਤਾਰਾਂ ਨੇ ਸੇਵਾ ਕੀਤੀ (ਭਾਵ, ਤਪ ਸਾਧੇ, ਪਰ ਉਹਨਾਂ ਭੀ ਪ੍ਰਭੂ ਦਾ) ਅੰਤ ਨ ਪਾਇਆ। (ਪ੍ਰਭੂ ਨੇ) ਸਦਾ ਅਟੱਲ ਰਹਿਣ ਵਾਲੇ ਮੁੱਲ ਵਾਲੀ (ਆਪਣੀ ਸੱਤਿਆ) ਪਾ ਕੇ (ਇਹ ਜਗਤ, ਮਾਨੋ, ਆਪਣਾ) ਤਖ਼ਤ ਬਣਾਇਆ ਹੈ, ਇਸ ਵਿਚ ਦੁਨੀਆ (ਦੇ ਜੀਵਾਂ) ਨੂੰ ਧੰਧੇ ਵਿਚ ਰੁੰਨ੍ਹ ਕੇ (ਪ੍ਰਭੂ ਨੇ) ਆਪਣੇ ਆਪ ਨੂੰ ਲੁਕਾ ਰੱਖਿਆ ਹੈ। (ਇਹ ਭੀ) ਧੁਰੋਂ (ਪ੍ਰਭੂ ਦਾ ਹੀ) ਫ਼ੁਰਮਾਨ ਹੈ ਕਿ ਧਰਮ ਰਾਜ (ਜੀਵਾਂ ਤੋਂ ਚੰਗੇ ਮੰਦੇ) ਕੰਮ ਕਰਾ ਰਿਹਾ ਹੈ।3। |
Sri Guru Granth Darpan, by Professor Sahib Singh |