ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1280 ਸਲੋਕ ਮਃ ੨ ॥ ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥ ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੍ਹ੍ਹ ਅਵਰੀ ਲਾਗਾ ਨੇਹੁ ॥੧॥ {ਪੰਨਾ 1280} ਪਦ ਅਰਥ: ਚਿਤਿ = ਚਿੱਤ ਵਿਚ। ਨੇਹੁ = ਪਿਆਰ। ਕੰਤੈ = ਖਸਮ ਪ੍ਰਭੂ ਨੂੰ। ਅਰਥ: ਹੇ ਸਖੀ! ਸਾਵਣ (ਦਾ ਮਹੀਨਾ) ਆਇਆ ਹੈ (ਭਾਵ, ਗੁਰੂ ਵਲੋਂ ਨਾਮ-ਅੰਮ੍ਰਿਤ ਦੀ ਵਰਖਾ ਹੋ ਰਹੀ ਹੈ) ਖਸਮ (-ਪ੍ਰਭੂ) ਨੂੰ ਹਿਰਦੇ ਵਿਚ ਪ੍ਰੋ ਲਉ। ਹੇ ਨਾਨਕ! ਜਿਨ੍ਹਾਂ (ਜੀਵ-ਇਸਤਰੀਆਂ) ਦਾ ਪਿਆਰ (ਪ੍ਰਭੂ-ਪਤੀ ਨੂੰ ਛੱਡ ਕੇ) ਹੋਰਨਾਂ ਨਾਲ ਹੈ ਉਹ ਮੰਦ-ਭਾਗਣਾਂ ਦੁਖੀ ਹੁੰਦੀਆਂ ਹਨ।1। ਮਃ ੨ ॥ ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥ ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ੍ਹ ਸਹ ਨਾਲਿ ਪਿਆਰੁ ॥੨॥ {ਪੰਨਾ 1280} ਪਦ ਅਰਥ: ਜਲਹਰੁ = ਜਲਧਰ, ਬੱਦਲ। ਸੁਖਿ = ਸੁਖ ਵਿਚ। ਸਵਨੁ = (ਵਿਆਕਰਣ ਅਨੁਸਾਰ ਇਹ ਲਫ਼ਜ਼ 'ਹੁਕਮੀ ਭਵਿੱਖਤ' ਅੱਨ ਪੁਰਖ, ਬਹੁ-ਵਚਨ ਹੈ; ਵੇਖੋ 'ਗੁਰਬਾਣੀ ਵਿਆਕਰਣ') ਬੇਸ਼ੱਕ ਸਉਣ, ਪਈਆਂ ਸਉਣ। ਅਰਥ: ਹੇ ਸਖੀ! ਸਾਵਣ (ਭਾਵ 'ਨਾਮ' ਦੀ ਵਰਖਾ ਦਾ ਸਮਾ) ਆਇਆ ਹੈ, ਬੱਦਲ ਵਰ੍ਹਾਊ ਹੋ ਗਿਆ ਹੈ (ਭਾਵ, ਗੁਰੂ ਮੇਹਰ ਕਰ ਰਿਹਾ ਹੈ) । ਹੇ ਨਾਨਕ! (ਇਸ ਸੁਹਾਵਣੇ ਸਮੇ) ਜਿਨ੍ਹਾਂ (ਜੀਵ-ਇਸਤ੍ਰੀਆਂ ਦਾ) ਖਸਮ (-ਪ੍ਰਭੂ) ਨਾਲ ਪਿਆਰ ਬਣਿਆ ਹੈ ਉਹ ਭਾਗਾਂ ਵਾਲੀਆਂ ਪਈਆਂ ਸੁਖ ਨਾਲ ਸਉਣ (ਭਾਵ, ਸੁਖੀ ਜੀਵਨ ਬਿਤੀਤ ਕਰਨ) ।2। ਪਉੜੀ ॥ ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥ ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥ ਮਨਮੁਖ ਮਾਰੇ ਪਛਾੜਿ ਮੂਰਖ ਕਚਿਆ ॥ ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ ॥ ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ ॥ ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ ॥ ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ ॥ ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ ॥੪॥ {ਪੰਨਾ 1280} ਪਦ ਅਰਥ: ਮਲਾਖਾੜਾ = ਮੱਲ-ਅਖਾੜਾ, ਭਲਵਾਨਾਂ ਦੇ ਘੁਲਣ ਦਾ ਥਾਂ। ਭੜਥੂ = ਰੌਲਾ। ਮਚਿਆ = ਚੜ੍ਹਦੀ ਕਲਾ ਵਿਚ ਹਨ। ਮਸਵਾਣੀ = ਦਵਾਤ (ਮਸੁ = ਸਿਆਹੀ) । ਅਰਥ: (ਪ੍ਰਭੂ ਨੇ) ਆਪ ਹੀ ਛਿੰਞ ਪਵਾ ਕੇ (ਭਾਵ ਜਗਤ-ਰਚਨਾ ਕਰ ਕੇ) (ਇਹ ਜਗਤ, ਮਾਨੋ) ਭਲਵਾਨਾਂ ਦੇ ਘੁਲਣ ਦਾ ਥਾਂ ਬਣਾਇਆ ਹੈ; (ਜੀਵ-ਰੂਪ ਭਲਵਾਨ) ਰੌਲਾ ਪਾ ਕੇ (ਇਥੇ) ਆ ਉਤਰੇ ਹਨ (ਭਾਵ, ਬੇਅੰਤ ਜੀਵ ਦਬਾਦਬ ਜਗਤ ਵਿਚ ਜਨਮ ਲੈ ਕੇ ਤੁਰੇ ਆ ਰਹੇ ਹਨ) । (ਇਹਨਾਂ ਵਿਚੋਂ) ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹਨ ਚੜ੍ਹਦੀ ਕਲਾ ਵਿਚ ਹਨ, (ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੱਚੇ ਮੂਰਖਾਂ ਨੂੰ ਪਟਕਾ ਕੇ (ਭਾਵ ਮੂੰਹ-ਭਾਰ) ਮਾਰਦਾ ਹੈ; (ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ ਲੜ ਰਿਹਾ ਹੈ, ਆਪ ਹੀ ਮਾਰ ਰਿਹਾ ਹੈ ਉਸ ਨੇ ਆਪ ਹੀ (ਇਹ ਛਿੰਞ ਦਾ) ਕਾਰਜ ਰਚਿਆ ਹੈ। ਸਭਨਾਂ ਜੀਵਾਂ ਦਾ ਮਾਲਕ ਇਕ ਪ੍ਰਭੂ ਹੈ, ਇਸ ਗੱਲ ਦੀ ਸਮਝ ਗੁਰੂ ਦੇ ਸਨਮੁਖ ਹੋਇਆਂ ਆਉਂਦੀ ਹੈ, ਆਪਣੇ ਹੁਕਮ-ਅਨੁਸਾਰ ਹੀ (ਹਰੇਕ ਜੀਵ ਦੇ) ਸਿਰ ਉਤੇ ਕਲਮ ਦਵਾਤ ਤੋਂ ਬਿਨਾ ਹੀ (ਰਜ਼ਾ ਦਾ) ਲੇਖ ਲਿਖ ਰਿਹਾ ਹੈ। (ਉਸ ਪ੍ਰਭੂ ਦਾ) ਮਿਲਾਪ ਸਤਸੰਗ ਵਿਚ ਹੋ ਸਕਦਾ ਹੈ ਜਿਥੇ ਸਦਾ ਪ੍ਰਭੂ ਦੇ ਗੁਣ ਕਥੇ ਜਾਂਦੇ ਹਨ। ਹੇ ਨਾਨਕ! (ਗੁਰੂ ਦਾ) ਸੱਚਾ ਸ਼ਬਦ ਗਾ ਕੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਛਾਣਿਆ ਜਾ ਸਕਦਾ ਹੈ (ਭਾਵ, ਪ੍ਰਭੂ ਦੀ ਸਾਰ ਪੈਂਦੀ ਹੈ, ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ) । ਸਲੋਕ ਮਃ ੩ ॥ ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ ॥ ਕਿਆ ਜਾਣਾ ਤਿਸੁ ਸਾਹ ਸਿਉ ਕੇਵ ਰਹਸੀ ਰੰਗੁ ॥ ਰੰਗੁ ਰਹਿਆ ਤਿਨ੍ਹ੍ਹ ਕਾਮਣੀ ਜਿਨ੍ਹ੍ਹ ਮਨਿ ਭਉ ਭਾਉ ਹੋਇ ॥ ਨਾਨਕ ਭੈ ਭਾਇ ਬਾਹਰੀ ਤਿਨ ਤਨਿ ਸੁਖੁ ਨ ਹੋਇ ॥੧॥ {ਪੰਨਾ 1280} ਪਦ ਅਰਥ: ਊਂਨਵਿ = ਨਿਊਂ ਕੇ। ਅਵਰਿ = ਹੋਰ ਹੋਰ, ਕਈ ਤਰ੍ਹਾਂ ਦੇ। ਵੰਨ = ਰੰਗ। ਤਿਸੁ ਸਾਹ ਸਿਉ = ਉਸ ਸ਼ਾਹ ਨਾਲ (ਜੋ ਨਿਉਂ ਨਿਉਂ ਕੇ ਆਇਆ ਹੈ) । ਕੇਵ = ਕਿਵੇਂ? ਰੰਗੁ = ਪਿਆਰ। ਭਾਉ = ਪ੍ਰੇਮ। ਭਾਇ ਬਾਹਰੀ = ਪ੍ਰੇਮ ਤੋਂ ਸਖਣੀਆਂ। ਭਉ = ਡਰ, ਅਦਬ। ਅਰਥ: (ਗੁਰੂ-ਰੂਪ ਬੱਦਲ) ਨਿਉਂ ਨਿਉਂ ਕੇ ਆਇਆ ਹੈ (ਭਾਵ, ਮਿਹਰ ਕਰਨ ਤੇ ਤਿਆਰ ਹੈ) ਤੇ ਕਈ ਤਰ੍ਹਾਂ ਦੇ ਰੰਗ ਵਿਖਾ ਰਿਹਾ ਹੈ (ਭਾਵ, ਗੁਰੂ ਕਈ ਕਿਸਮ ਦੇ ਕਉਤਕ ਕਰਦਾ ਹੈ) ; ਪਰ, ਕੀਹ ਪਤਾ ਮੇਰਾ ਉਸ (ਨਾਮ-ਖ਼ਜ਼ਾਨੇ ਦੇ) ਸ਼ਾਹ ਦੇ ਨਾਲ ਕਿਵੇਂ ਪਿਆਰ ਬਣਿਆ ਰਹੇਗਾ। (ਉਸ ਮਿਹਰਾਂ ਦੇ ਸਾਈਂ ਨਾਲ) ਉਹਨਾਂ (ਜੀਵ-) ਇਸਤਰੀਆਂ ਦਾ ਪਿਆਰ ਟਿਕਿਆ ਰਹਿੰਦਾ ਹੈ ਜਿਨ੍ਹਾਂ ਦੇ ਮਨ ਵਿਚ ਉਸ ਦਾ ਡਰ ਤੇ ਪਿਆਰ ਹੈ। ਹੇ ਨਾਨਕ! ਜੋ ਡਰ ਤੇ ਪਿਆਰ ਤੋਂ ਸੱਖਣੀਆਂ ਹਨ ਉਹਨਾਂ ਦੇ ਸਰੀਰ ਵਿਚ ਸੁਖ ਨਹੀਂ ਹੁੰਦਾ।1। ਮਃ ੩ ॥ ਊਂਨਵਿ ਊਂਨਵਿ ਆਇਆ ਵਰਸੈ ਨੀਰੁ ਨਿਪੰਗੁ ॥ ਨਾਨਕ ਦੁਖੁ ਲਾਗਾ ਤਿਨ੍ਹ੍ਹ ਕਾਮਣੀ ਜਿਨ੍ਹ੍ਹ ਕੰਤੈ ਸਿਉ ਮਨਿ ਭੰਗੁ ॥੨॥ {ਪੰਨਾ 1280} ਪਦ ਅਰਥ: ਨਿਪੰਗੁ = (ਨਿ+ਪੰਗੁ; ਪੰਗੁ = ਪੰਕ, ਚਿੱਕੜ) ਚਿੱਕੜ-ਰਹਿਤ, ਸਾਫ਼। ਭੰਗੁ = ਤੋਟ, ਵਿਛੋੜਾ। ਮਨਿ = ਮਨ ਵਿਚ। ਅਰਥ: (ਗੁਰੂ-ਬੱਦਲ) ਨਿਉਂ ਨਿਉਂ ਕੇ ਆਇਆ ਹੈ ਤੇ ਸਾਫ਼ ਜਲ ਵਰਸ ਰਿਹਾ ਹੈ; ਪਰ, ਹੇ ਨਾਨਕ! ਉਹਨਾਂ (ਜੀਵ-) ਇਸਤਰੀਆਂ ਨੂੰ (ਫਿਰ ਭੀ) ਦੁੱਖ ਵਿਆਪ ਰਿਹਾ ਹੈ ਜਿਨ੍ਹਾਂ ਦੇ ਮਨ ਵਿਚ ਖਸਮ-ਪ੍ਰਭੂ ਨਾਲੋਂ ਵਿਛੋੜਾ ਹੈ।1। ਪਉੜੀ ॥ ਦੋਵੈ ਤਰਫਾ ਉਪਾਇ ਇਕੁ ਵਰਤਿਆ ॥ ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ ॥ ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ ॥ ਮਨਮੁਖ ਕਚੇ ਕੂੜਿਆਰ ਤਿਨ੍ਹ੍ਹੀ ਨਿਹਚਉ ਦਰਗਹ ਹਾਰਿਆ ॥ ਗੁਰਮਤੀ ਸਬਦਿ ਸੂਰ ਹੈ ਕਾਮੁ ਕ੍ਰੋਧੁ ਜਿਨ੍ਹ੍ਹੀ ਮਾਰਿਆ ॥ ਸਚੈ ਅੰਦਰਿ ਮਹਲਿ ਸਬਦਿ ਸਵਾਰਿਆ ॥ ਸੇ ਭਗਤ ਤੁਧੁ ਭਾਵਦੇ ਸਚੈ ਨਾਇ ਪਿਆਰਿਆ ॥ ਸਤਿਗੁਰੁ ਸੇਵਨਿ ਆਪਣਾ ਤਿਨ੍ਹ੍ਹਾ ਵਿਟਹੁ ਹਉ ਵਾਰਿਆ ॥੫॥ {ਪੰਨਾ 1280} ਨੋਟ: ਗੁਰੂ ਅਮਰਦਾਸ ਜੀ ਮਾਰੂ ਕੀ ਵਾਰ ਦੀ ਪਉੜੀ ਨੰ: 10 ਵਿਚ ਲਫ਼ਜ਼ 'ਦੋਵੈ ਤਰਫਾ' ਵਰਤਦੇ ਹਨ। ਇਹ 'ਵਾਰ' ਉਹਨਾਂ ਪਾਸ ਮੌਜੂਦ ਸੀ। ਪਦ ਅਰਥ: ਤਰਫਾ = ਧੜੇ ('ਗੁਰਮੁਖ' ਤੇ 'ਮਨਮੁਖ' ਜਿਨ੍ਹਾਂ ਦਾ ਜ਼ਿਕਰ ਪਿਛਲੀ ਪਉੜੀ ਵਿਚ ਆਇਆ ਹੈ) । ਵਾਦੁ = ਝਗੜਾ। ਪਰਵਿਰਤਿ = ਦੁਨੀਆ ਵਿਚ ਮਨ ਦਾ ਫਸ ਜਾਣਾ। ਨਿਰਵਿਰਤਿ = ਦੁਨੀਆ ਵਲੋਂ ਮਨ ਵੱਖਰਾ ਰਹਿਣਾ। ਹਾਠਾ = ਤਰਫ਼ਾਂ, ਪਾਸੇ। ਰੈਬਾਰਿਆ = ਰਹਬਰ, ਵਿਚੋਲਾ। ਸੂਰ = ਸੂਰਮੇ। ਨਾਇ = ਨਾਮ ਵਿਚ। ਮਹਲਿ = ਹਜ਼ੂਰੀ ਵਿਚ। ਸਵਾਰਿਆ = ਸੁਰਖ਼ਰੂ ਹੋ ਗਏ। ਅਰਥ: ('ਗੁਰਮੁਖ' ਤੇ 'ਮਨਮੁਖ') ਦੋਹਾਂ ਕਿਸਮਾਂ ਦੇ ਜੀਵ ਪੈਦਾ ਕਰ ਕੇ (ਦੋਹਾਂ ਵਿਚ) ਪ੍ਰਭੂ ਆਪ ਮੌਜੂਦ ਹੈ, ਧਾਰਮਿਕ ਉਪਦੇਸ਼ (=ਬੇਦ ਬਾਣੀ) ਭੀ ਉਸ ਨੇ ਆਪ ਹੀ ਕੀਤਾ ਹੈ (ਤੇ ਇਸ ਤਰ੍ਹਾਂ 'ਗੁਰਮੁਖ' ਤੇ 'ਮਨਮੁਖ' ਦੇ ਅੰਦਰ 'ਵਿਚਾਰ' ਵਖੋ-ਵੱਖਰੇ ਪਾ ਕੇ, ਦੋਹਾਂ ਧਿਰਾਂ ਦੇ) ਅੰਦਰ ਝਗੜਾ ਭੀ ਆਪ ਹੀ ਪਾਇਆ ਹੈ। ਜਗਤ ਦੇ ਧੰਧਿਆਂ ਵਿਚ ਖਚਿਤ ਹੋਣਾ ਤੇ ਜਗਤ ਤੋਂ ਨਿਰਲੇਪ ਰਹਿਣਾ = ਇਹ ਦੋਵੇਂ ਪਾਸੇ ਉਸ ਨੇ ਆਪ ਹੀ ਬਣਾ ਦਿੱਤੇ ਹਨ ਤੇ ਆਪ ਹੀ 'ਧਰਮ' (-ਰੂਪ ਹੋ ਕੇ ਦੋਹਾਂ ਵਿਚ) ਵਿਚੋਲਾ ਬਣਿਆ ਹੋਇਆ ਹੈ; ਪਰ, ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਕੂੜ ਦੇ ਵਪਾਰੀ ਹਨ ਉਹ ਜ਼ਰੂਰ ਪ੍ਰਭੂ ਦੀ ਦਰਗਾਹ ਵਿਚ ਬਾਜ਼ੀ ਹਾਰ ਜਾਂਦੇ ਹਨ। ਜਿਨ੍ਹਾਂ ਨੇ ਗੁਰੂ ਦੀ ਮਤਿ ਦਾ ਆਸਰਾ ਲਿਆ ਉਹ ਗੁਰ-ਸ਼ਬਦ ਦੀ ਬਰਕਤਿ ਨਾਲ ਸੂਰਮੇ ਬਣ ਗਏ ਕਿਉਂਕਿ ਉਹਨਾਂ ਕਾਮ ਤੇ ਕ੍ਰੋਧ ਜਿੱਤ ਲਿਆ; ਉਹ ਗੁਰ-ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੋ ਗਏ। (ਹੇ ਪ੍ਰਭੂ!) ਉਹ ਤੇਰੇ ਭਗਤ ਤੈਨੂੰ ਚੰਗੇ ਲੱਗਦੇ ਹਨ, ਕਿਉਂਕਿ ਉਹ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਪਿਆਰ ਪਾਂਦੇ ਹਨ। ਜੋ ਮਨੁੱਖ ਆਪਣੇ ਸਤਿਗੁਰੂ ਨੂੰ ਸੇਂਵਦੇ ਹਨ (ਭਾਵ, ਜੋ ਗੁਰੂ ਦੇ ਕਹੇ ਉਤੇ ਤੁਰਦੇ ਹਨ) , ਮੈਂ ਉਹਨਾਂ ਤੋਂ ਸਦਕੇ ਹਾਂ।5। ਸਲੋਕ ਮਃ ੩ ॥ ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥ ਨਾਨਕ ਭਾਣੈ ਚਲੈ ਕੰਤ ਕੈ ਸੁ ਮਾਣੇ ਸਦਾ ਰਲੀ ॥੧॥ {ਪੰਨਾ 1280} ਪਦ ਅਰਥ: ਰਲੀ = ਆਨੰਦ। ਲਾਇ = ਲਾ ਕੇ। ਕੈ ਭਾਣੇ = ਦੇ ਹੁਕਮ ਵਿਚ। ਅਰਥ: (ਗੁਰੂ-ਬੱਦਲ) ਝੁਕ ਝੁਕ ਕੇ ਆਇਆ ਹੈ ਤੇ ਝੜੀ ਲਾ ਕੇ ਵਰ੍ਹ ਰਿਹਾ ਹੈ (ਭਾਵ, ਗੁਰੂ 'ਨਾਮ'-ਉਪਦੇਸ਼ ਦੀ ਵਰਖਾ ਕਰ ਰਿਹਾ ਹੈ) ; ਪਰ, ਹੇ ਨਾਨਕ! (ਇਸ ਉਪਦੇਸ਼ ਨੂੰ ਸੁਣ ਕੇ) ਜੋ ਮਨੁੱਖ ਖਸਮ (-ਪ੍ਰਭੂ) ਦੀ ਰਜ਼ਾ ਵਿਚ ਤੁਰਦਾ ਹੈ ਉਹੀ (ਉਸ 'ਉਪਦੇਸ਼'-ਵਰਖਾ ਦਾ) ਆਨੰਦ ਮਾਣਦਾ ਹੈ।1। ਮਃ ੩ ॥ ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥ ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥ ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ ॥ ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ ॥੨॥ {ਪੰਨਾ 1280} ਪਦ ਅਰਥ: ਬਪੁੜੇਂ = ਹੇ ਵਿਚਾਰੇ ਬੰਦਿਓ! ਮੇਘ = ਬੱਦਲ। ਮੇਘੈ ਹਥਿ = ਬੱਦਲ ਦੇ ਹੱਥ ਵਿਚ। ਪਠਾਇਆ = ਭੇਜਿਆ ਹੈ। ਮੰਨਿ = ਮਨ ਵਿਚ। ਨਦਰਿ = ਨਜ਼ਰ (ਅਰਬੀ ਦੇ 'ਜ਼' ਦਾ ਉੱਚਾਰਣ 'ਦ' ਭੀ ਹੈ; ਇਸੇ ਤਰ੍ਹਾਂ 'ਕਾਗ਼ਜ਼' ਤੇ 'ਕਾਗਦ') । ਕਰਣਪਲਾਹ = (ਸੰ: ਕਰੁਣਾ-ਪ੍ਰਲਾਪ। ਕਰੁਣਾ = ਤਰਸ। ਪ੍ਰਲਾਪ = ਵਿਰਲਾਪ) ਉਹ ਵਿਰਲਾਪ ਜੋ ਤਰਸ ਪੈਦਾ ਕਰੇ, ਤਰਲੇ, ਕੀਰਨੇ। ਅਰਥ: ਹੇ ਵਿਚਾਰੇ ਬੰਦਿਓ! ਇਸ ਬੱਦਲ ਨੂੰ ਉੱਠ ਉੱਠ ਕੇ ਕੀਹ ਵੇਖਦੇ ਹਉ, ਇਸ ਦੇ ਆਪਣੇ ਵੱਸ ਕੁਝ ਨਹੀਂ (ਕਿ ਇਹ ਵਰਖਾ ਕਰ ਸਕੇ) । (ਹੇ ਭਾਈ!) ਜਿਸ ਮਾਲਕ ਨੇ ਇਹ ਬੱਦਲ ਘੱਲਿਆ ਹੈ ਉਸ ਨੂੰ ਆਪਣੇ ਮਨ ਵਿਚ ਚੇਤੇ ਕਰੋ। (ਪਰ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ) ਜਿਸ ਜੀਵ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਦੇ ਮਨ ਵਿਚ (ਆਪਣਾ ਆਪ) ਵਸਾਂਦਾ ਹੈ। ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਬਿਨਾ ਸਾਰੀ ਸ੍ਰਿਸ਼ਟੀ ਤਰਲੈ ਲੈ ਰਹੀ ਹੈ।2। ਪਉੜੀ ॥ ਸੋ ਹਰਿ ਸਦਾ ਸਰੇਵੀਐ ਜਿਸੁ ਕਰਤ ਨ ਲਾਗੈ ਵਾਰ ॥ ਆਡਾਣੇ ਆਕਾਸ ਕਰਿ ਖਿਨ ਮਹਿ ਢਾਹਿ ਉਸਾਰਣਹਾਰ ॥ ਆਪੇ ਜਗਤੁ ਉਪਾਇ ਕੈ ਕੁਦਰਤਿ ਕਰੇ ਵੀਚਾਰ ॥ ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ ॥ ਗੁਰਮੁਖਿ ਪਤਿ ਸਿਉ ਲੇਖਾ ਨਿਬੜੈ ਬਖਸੇ ਸਿਫਤਿ ਭੰਡਾਰ ॥ ਓਥੈ ਹਥੁ ਨ ਅਪੜੈ ਕੂਕ ਨ ਸੁਣੀਐ ਪੁਕਾਰ ॥ ਓਥੈ ਸਤਿਗੁਰੁ ਬੇਲੀ ਹੋਵੈ ਕਢਿ ਲਏ ਅੰਤੀ ਵਾਰ ॥ ਏਨਾ ਜੰਤਾ ਨੋ ਹੋਰ ਸੇਵਾ ਨਹੀ ਸਤਿਗੁਰੁ ਸਿਰਿ ਕਰਤਾਰ ॥੬॥ {ਪੰਨਾ 1280} ਪਦ ਅਰਥ: ਵਾਰ = ਦੇਰ (ਵੇਖੋ, ਆਸਾ ਦੀ ਵਾਰ, 1।1।) । ਆਡਾਣੇ = ਅੱਡੇ ਹੋਏ, ਤਣੇ ਹੋਏ। ਪਤਿ = ਇੱਜ਼ਤ। ਓਥੈ = ਉਸ ਅਵਸਥਾ ਵਿਚ ਜਦੋਂ ਸਾਰੇ ਕੀਤੇ ਕਰਮ ਸਾਹਮਣੇ ਆਉਂਦੇ ਹਨ। ਅਰਥ: (ਹੇ ਭਾਈ!) ਉਸ ਪ੍ਰਭੂ ਨੂੰ ਸਦਾ ਸਿਮਰੀਏ ਜਿਸ ਨੂੰ (ਜਗਤ) ਬਣਾਦਿਆਂ ਚਿਰ ਨਹੀਂ ਲੱਗਦਾ; ਇਹ ਤਣੇ ਹੋਏ ਆਕਾਸ਼ ਬਣਾ ਕੇ ਇਕ ਪਲਕ ਵਿਚ ਨਾਸ ਕਰ ਕੇ (ਮੁੜ) ਬਣਾਣ ਦੇ ਸਮਰੱਥ ਹੈ। ਪ੍ਰਭੂ ਆਪ ਹੀ ਜਗਤ ਪੈਦਾ ਕਰ ਕੇ ਆਪ ਹੀ ਇਸ ਰਚਨਾ ਦਾ ਖ਼ਿਆਲ ਰੱਖਦਾ ਹੈ। ਪਰ, ਜੋ ਮਨੁੱਖ (ਐਸੇ ਪ੍ਰਭੂ ਨੂੰ ਵਿਸਾਰ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਵਿਕਾਰਾਂ ਵਿਚ ਪ੍ਰਵਿਰਤ ਹੁੰਦਾ ਹੈ) ਉਸ ਪਾਸੋਂ ਅਗਾਂਹ ਉਸ ਦੇ ਕੀਤੇ ਕਰਮਾਂ ਦਾ ਲੇਖਾ ਮੰਗਿਆ ਜਾਂਦਾ ਹੈ (ਵਿਕਾਰਾਂ ਦੇ ਕਾਰਨ) ਉਸ ਨੂੰ ਮਾਰ ਪੈਂਦੀ ਹੈ। ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਬੰਦੇ ਦਾ ਲੇਖਾ ਇੱਜ਼ਤ ਨਾਲ ਨਿੱਬੜਦਾ ਹੈ ਕਿਉਂਕਿ ਗੁਰੂ ਉਸ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਖ਼ਜ਼ਾਨੇ ਬਖ਼ਸ਼ਦਾ ਹੈ। ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ ਕਿਸੇ ਹੋਰ ਦੀ ਪੇਸ਼ ਨਹੀਂ ਜਾਂਦੀ, ਤੇ ਉਸ ਵੇਲੇ ਕਿਸੇ ਕੂਕ-ਪੁਕਾਰ ਦਾ ਭੀ ਕੋਈ ਫ਼ਾਇਦਾ ਨਹੀਂ ਹੁੰਦਾ। ਉਸ ਵੇਲੇ ਵਾਸਤੇ ਤਾਂ ਸਤਿਗੁਰੂ ਹੀ ਮਦਦਗਾਰ ਹੁੰਦਾ ਹੈ ਕਿਉਂਕਿ ਆਖ਼ਰ ਗੁਰੂ ਹੀ ਵਿਕਾਰਾਂ ਤੋਂ ਬਾਹਰ ਕੱਢਦਾ ਹੈ। ਕਿਸੇ ਹੋਰ ਕਿਸਮ ਦੀ ਸੇਵਾ ਇਹਨਾਂ ਜੀਵਾਂ ਲਈ ਲਾਭਦਾਇਕ ਨਹੀਂ ਹੈ, ਅਕਾਲ ਪੁਰਖ ਦਾ ਭੇਜਿਆ ਹੋਇਆ ਸਤਿਗੁਰੂ ਹੀ ਜੀਵਾਂ ਦੇ ਸਿਰ ਉਤੇ ਹੱਥ ਰੱਖਦਾ ਹੈ।6। |
Sri Guru Granth Darpan, by Professor Sahib Singh |