ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1281 ਸਲੋਕ ਮਃ ੩ ॥ ਬਾਬੀਹਾ ਜਿਸ ਨੋ ਤੂ ਪੂਕਾਰਦਾ ਤਿਸ ਨੋ ਲੋਚੈ ਸਭੁ ਕੋਇ ॥ ਅਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੁ ਹਰਿਆ ਹੋਇ ॥ ਗੁਰ ਪਰਸਾਦੀ ਪਾਈਐ ਵਿਰਲਾ ਬੂਝੈ ਕੋਇ ॥ ਬਹਦਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖੁ ਹੋਇ ॥ ਨਾਨਕ ਅੰਮ੍ਰਿਤੁ ਸਦ ਹੀ ਵਰਸਦਾ ਗੁਰਮੁਖਿ ਦੇਵੈ ਹਰਿ ਸੋਇ ॥੧॥ {ਪੰਨਾ 1281} ਪਦ ਅਰਥ: ਬਾਬੀਹਾ = ਹੇ ਪਪੀਹੇ! (ਨੋਟ: ਪਪੀਹਾ ਵਰਖਾ-ਬੂੰਦ ਦਾ ਪਿਆਸਾ ਹੁੰਦਾ ਹੈ; ਸੋ, ਇਸ ਨੂੰ ਉਸ ਮਨੁੱਖ ਨਾਲ ਉਪਮਾ ਦਿੱਤੀ ਹੈ ਜੋ ਪ੍ਰਭੂ ਨੂੰ ਮਿਲਣ ਦੀ ਤਾਂਘ ਕਰਦਾ ਹੈ) । ਵਸਸੀ = ਵਰਖਾ ਕਰੇਗਾ। ਵਣੁ = ਜੰਗਲ। ਤ੍ਰਿਣੁ = ਘਾਹ। ਵਾਣੁ ਤ੍ਰਿਣੁ = ਸਾਰੀ ਬਨਸਪਤੀ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ। ਅਰਥ: ਹੇ ਬਿਰਹੀ ਜੀਵ! ਜਿਸ ਪ੍ਰਭੂ ਨੂੰ ਮਿਲਣ ਲਈ ਤੂੰ ਤਰਲੇ ਲੈ ਰਿਹਾ ਹੈਂ, ਉਸ ਨੂੰ ਮਿਲਣ ਲਈ ਹਰੇਕ ਜੀਵ ਲੋਚਦਾ ਹੈ, ਜਦੋਂ ਉਹ ਪ੍ਰਭੂ ਆਪ ਮਿਹਰ ਕਰ ਕੇ ('ਨਾਮ' ਦੀ) ਵਰਖਾ ਕਰੇਗਾ ਤਾਂ ਸਾਰੀ ਸ੍ਰਿਸ਼ਟੀ (ਸਾਰੀ ਬਨਸਪਤੀ) ਹਰੀ ਹੋ ਜਾਇਗੀ। ਕੋਈ ਵਿਰਲਾ ਬੰਦਾ ਸਮਝਦਾ ਹੈ ਕਿ ('ਨਾਮ-ਅੰਮ੍ਰਿਤੁ') ਗੁਰੂ ਦੀ ਕਿਰਪਾ ਨਾਲ ਮਿਲਦਾ ਹੈ; ਜੇ ਬੈਠਦੇ ਉੱਠਦੇ ਹਰ ਵੇਲੇ ਪ੍ਰਭੂ ਨੂੰ ਸਿਮਰੀਏ ਤਾਂ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ। ਹੇ ਨਾਨਕ! ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਤਾਂ ਸਦਾ ਹੀ ਹੋ ਰਹੀ ਹੈ, ਪਰ ਉਹ ਪ੍ਰਭੂ ਇਹ ਦਾਤਿ ਉਸ ਮਨੁੱਖ ਨੂੰ ਦੇਂਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ।1। ਮਃ ੩ ॥ ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ ॥ ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ ॥ ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ ॥ ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ ॥ ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥ ਜਿਤੁ ਖਾਧੈ ਸੁਖੁ ਊਪਜੈ ਫਿਰਿ ਦੂਖੁ ਨ ਲਾਗੈ ਆਇ ॥੨॥ {ਪੰਨਾ 1281} ਪਦ ਅਰਥ: ਕਲਮਲਿ = ਵਿਆਕੁਲ। ਮੇਦਨੀ = ਧਰਤੀ। ਸਚੈ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ। ਕੰਨੁ ਦੇ = ਕੰਨ ਦੇ ਕੇ, ਧਿਆਨ ਨਾਲ। ਧੀਰਕ = ਧੀਰਜ। ਵੁਠਾ = ਵੱਸਿਆ। ਛਹਬਰ = ਝੜੀ। ਅਨੁ = ਅੰਨ, ਅਨਾਜ। ਸੰਬਾਹਿ = ਅਪੜਾ ਕੇ, ਇਕੱਠਾ ਕਰ ਕੇ। (ਨੋਟ: 'ਭੂਤ-ਕਾਲ' ਦਾ ਅਰਥ 'ਵਰਤਮਾਨ' ਵਿਚ ਕਰਨਾ ਹੈ) । ਅਰਥ: (ਜਦੋਂ) ਧਰਤੀ (ਮੀਂਹ ਖੁਣੋਂ) ਵਿਆਕੁਲ ਹੁੰਦੀ ਹੈ ਤੇ ਇਕ-ਮਨ ਹੋ ਕੇ ਅਰਜ਼ੋਈ ਕਰਦੀ ਹੈ ਤਾਂ ਸਦਾ-ਥਿਰ ਸੱਚਾ ਪ੍ਰਭੂ (ਇਸ ਅਰਜ਼ੋਈ ਨੂੰ) ਗਹੁ ਨਾਲ ਸੁਣਦਾ ਹੈ, ਤੇ, ਸੁਤੇ ਹੀ ਆਪਣੇ ਸਦਾ ਦੇ ਬਣੇ ਸੁਭਾਉ ਅਨੁਸਾਰ (ਧਰਤੀ ਨੂੰ) ਧੀਰਜ ਦੇਂਦਾ ਹੈ; ਇੰਦ੍ਰ ਨੂੰ ਹੁਕਮ ਕਰਦਾ ਹੈ, ਉਹ ਝੜੀ ਲਾ ਕੇ ਵਰਖਾ ਕਰਦਾ ਹੈ; ਬੇਅੰਤ ਅਨਾਜ (-ਰੂਪ) ਧਨ ਪੈਦਾ ਹੁੰਦਾ ਹੈ। (ਪ੍ਰਭੂ ਦੀ ਇਸ ਬਖ਼ਸ਼ਸ਼ ਦਾ) ਮੁੱਲ ਨਹੀਂ ਪਾਇਆ ਜਾ ਸਕਦਾ। ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ ਉਸ ਦਾ ਨਾਮ ਵਡਿਆਓ; ਇਸ ਨਾਮ-ਭੋਜਨ ਦੇ ਖਾਧਿਆਂ ਸੁਖ ਪੈਦਾ ਹੁੰਦਾ ਹੈ (ਸੁਖ ਭੀ ਐਸਾ ਕਿ) ਫਿਰ ਕਦੇ ਦੁੱਖ ਆ ਕੇ ਨਹੀਂ ਲੱਗਦਾ।2। ਪਉੜੀ ॥ ਹਰਿ ਜੀਉ ਸਚਾ ਸਚੁ ਤੂ ਸਚੇ ਲੈਹਿ ਮਿਲਾਇ ॥ ਦੂਜੈ ਦੂਜੀ ਤਰਫ ਹੈ ਕੂੜਿ ਮਿਲੈ ਨ ਮਿਲਿਆ ਜਾਇ ॥ ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ ॥ ਮੋਹੁ ਸੋਗੁ ਵਿਜੋਗੁ ਹੈ ਪੂਰਬਿ ਲਿਖਿਆ ਕਮਾਇ ॥ ਹਉ ਬਲਿਹਾਰੀ ਤਿਨ ਕਉ ਜੋ ਹਰਿ ਚਰਣੀ ਰਹੈ ਲਿਵ ਲਾਇ ॥ ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ ॥ ਸੇ ਸੁਖੀਏ ਸਦਾ ਸੋਹਣੇ ਜਿਨ੍ਹ੍ਹ ਵਿਚਹੁ ਆਪੁ ਗਵਾਇ ॥ ਤਿਨ੍ਹ੍ਹ ਸੋਗੁ ਵਿਜੋਗੁ ਕਦੇ ਨਹੀ ਜੋ ਹਰਿ ਕੈ ਅੰਕਿ ਸਮਾਇ ॥੭॥ {ਪੰਨਾ 1281} ਪਦ ਅਰਥ: ਦੂਜੈ = (ਪ੍ਰਭੂ ਨੂੰ ਛੱਡ ਕੇ) ਹੋਰ ਵਿਚ ਲੱਗਿਆਂ। ਕੂੜਿ = ਕੂੜ ਵਿਚ ਲੱਗਿਆਂ, ਮਾਇਆ ਦੇ ਮੋਹ ਵਿਚ ਫਸਿਆਂ। ਪੂਰਬਿ = ਪਿਛਲੇ ਸਮੇ ਵਿਚ। ਅੰਕਿ = ਗੋਦ ਵਿਚ। ਵਿਛੋੜਿਐ = ਵਿਛੋੜੇ ਹੋਏ ਨੂੰ। ਸਮਾਇ = ਲੀਨ। ਅਰਥ: ਹੇ ਪ੍ਰਭੂ ਜੀ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਜੋ ਤੇਰਾ ਰੂਪ ਹੋ ਜਾਂਦਾ ਹੈ ਤੂੰ ਉਸ ਨੂੰ (ਆਪਣੇ ਵਿਚ) ਮਿਲਾ ਲੈਂਦਾ ਹੈਂ। ਜੋ ਮਨੁੱਖ ਮਾਇਆ ਵਿਚ ਲੱਗਾ ਹੋਇਆ ਹੈ ਉਸ ਦਾ (ਸੱਚ ਦੇ ਉਲਟ) ਦੂਜਾ ਪਾਸਾ ਹੈ (ਭਾਵ; ਉਹ ਦੂਜੇ ਪਾਸੇ, ਕੂੜ ਵਲ, ਜਾਂਦਾ ਹੈ; ਤੇ) ਕੂੜ ਦੀ ਰਾਹੀਂ (ਭਾਵ, ਕੂੜ ਵਿਚ ਲੱਗਿਆਂ) ਪ੍ਰਭੂ ਨਹੀਂ ਮਿਲਦਾ, ਪ੍ਰਭੂ ਨੂੰ ਮਿਲਿਆ ਨਹੀਂ ਜਾ ਸਕਦਾ। (ਕੂੜ ਵਿਚ ਲੱਗੇ ਬੰਦੇ ਨੂੰ) ਮੋਹ ਚਿੰਤਾ ਵਿਛੋੜਾ ਵਿਆਪਦਾ ਹੈ ਉਹ (ਮੁੜ) ਉਹੀ ਕੰਮ ਕਰਦਾ ਜਾਂਦਾ ਹੈ ਜੋ ਪਿਛਲੇ ਕੀਤੇ ਅਨੁਸਾਰ (ਉਸ ਦੇ ਮੱਥੇ ਉਤੇ) ਲਿਖਿਆ ਹੈ; ਪਰ, ਪ੍ਰਭੂ ਵਿਛੋੜੇ ਹੋਏ ਜੀਵ ਨੂੰ ਭੀ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ ਆਪਣੀ ਇਹ ਵਡਿਆਈ ਵਿਖਾਂਦਾ ਹੈ। ਜਿਹੜੇ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਸੁਰਤਿ ਜੋੜਿ ਰੱਖਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ; ਪ੍ਰਭੂ ਨੇ ਅਜੇਹੀ ਬਣਤਰ ਬਣਾ ਰੱਖੀ ਹੈ (ਕਿ ਉਸ ਦੇ ਚਰਨਾਂ ਵਿਚ ਜੁੜਨ ਵਾਲੇ ਇਉਂ ਜਗਤ ਵਿਚ ਨਿਰਲੇਪ ਰਹਿੰਦੇ ਹਨ) ਜਿਵੇਂ ਪਾਣੀ ਵਿਚ ਕਉਲ ਫੁੱਲ ਅਛੋਹ ਰਹਿੰਦਾ ਹੈ। ਜੋ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦੇ ਹਨ ਉਹ ਸਦਾ ਸੁਖੀ ਰਹਿੰਦੇ ਹਨ ਤੇ ਸੋਹਣੇ ਲੱਗਦੇ ਹਨ (ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ) । ਜੋ ਪ੍ਰਭੂ ਦੀ ਗੋਦ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਕਦੇ ਚਿੰਤਾ ਤੇ ਵਿਛੋੜਾ ਵਿਆਪਦਾ ਨਹੀਂ।7। ਸਲੋਕ ਮਃ ੩ ॥ ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥ ਤਿਸੈ ਸਰੇਵਿਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥ ਗੁਰਮੁਖਿ ਹਰਿ ਪ੍ਰਭੁ ਮਨਿ ਵਸੈ ਤਾਂ ਸਦਾ ਸਦਾ ਸੁਖੁ ਹੋਇ ॥ ਸਹਸਾ ਮੂਲਿ ਨ ਹੋਵਈ ਸਭ ਚਿੰਤਾ ਵਿਚਹੁ ਜਾਇ ॥ ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥ ਸਚਾ ਸਾਹਿਬੁ ਮਨਿ ਵਸੈ ਤਾਂ ਮਨਿ ਚਿੰਦਿਆ ਫਲੁ ਪਾਇ ॥ ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥ {ਪੰਨਾ 1281} ਪਦ ਅਰਥ: ਸਹਸਾ = ਤੌਖ਼ਲਾ। ਚਿੰਦਿਆ = ਚਿਤਵਿਆ ਹੋਇਆ। ਲਇਅਨੁ = ਲਏ ਹਨ ਉਸ ਨੇ (ਵੇਖੋ, 'ਗੁਰਬਾਣੀ ਵਿਆਕਰਣ) । ਪੰਨੈ = ਲੇਖੇ ਵਿਚ। ਵਸਿ = ਵੱਸ ਵਿਚ। ਸਰੇਵਿਹੁ = ਸਿਮਰਦੇ ਰਹੋ। ਮਨਿ = ਮਨ ਵਿਚ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਮੂਲਿ ਨ = ਬਿਲਕੁਲ ਨਹੀਂ। ਹੋਵਈ = ਹੋਵੈ; ਹੁੰਦਾ। ਸਹਜੈ = ਰਜ਼ਾ ਅਨੁਸਾਰ। ਜਿ = ਜਿਹੜੇ ਮਨੁੱਖ। ਅਰਥ: ਹੇ ਨਾਨਕ! ਜਿਸ ਪ੍ਰਭੂ ਦੇ ਵੱਸ ਵਿਚ ਹਰੇਕ ਗੱਲ ਹੈ ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ; ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ; ਹੇ ਬੰਦਿਓ! ਉਸ ਪ੍ਰਭੂ ਨੂੰ ਹੀ ਸਿਮਰੋ। (ਜੇ) ਗੁਰੂ ਦੀ ਰਾਹੀਂ ਹਰੀ-ਪ੍ਰਭੂ ਮਨ ਵਿਚ ਆ ਵੱਸੇ ਤਾਂ (ਮਨ ਵਿਚ) ਸਦਾ ਹੀ ਸੁਖ ਬਣਿਆ ਰਹਿੰਦਾ ਹੈ, ਤੌਖ਼ਲਾ ਉੱਕਾ ਹੀ ਨਹੀਂ ਹੁੰਦਾ, ਸਾਰੀ ਚਿੰਤਾ ਮਨ ਵਿਚੋਂ ਨਿਕਲ ਜਾਂਦੀ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ ਉਹ ਰਜ਼ਾ ਵਿਚ ਹੋ ਰਿਹਾ ਹੀ ਦਿੱਸਦਾ ਹੈ ਉਸ ਉੱਤੇ ਕੋਈ ਇਤਰਾਜ਼ (ਮਨ ਵਿਚ) ਉੱਠਦਾ ਹੀ ਨਹੀਂ। ਜੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਆ ਵੱਸੇ ਤਾਂ ਮਨ ਵਿਚ ਚਿਤਵਿਆ ਹੋਇਆ (ਹਰੇਕ) ਫਲ ਹਾਸਲ ਹੁੰਦਾ ਹੈ। ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਲੇਖੇ ਵਿਚ ਲਿਖ ਲਿਆ ਹੈ (ਭਾਵ, ਜਿਨ੍ਹਾਂ ਉਤੇ ਮਿਹਰ ਦੀ ਨਜ਼ਰ ਕਰਦਾ ਹੈ) ਉਹਨਾਂ ਦੀ ਅਰਦਾਸ ਗਹੁ ਨਾਲ ਸੁਣਦਾ ਹੈ।1। ਮਃ ੩ ॥ ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ ॥ ਗੁਰਮੁਖਿ ਜਿਨ੍ਹ੍ਹੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥ ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥ ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ ॥ ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥੨॥ {ਪੰਨਾ 1281} ਪਦ ਅਰਥ: ਬੂਝਣਹਾਰ = ਸਮਝਣ-ਜੋਗੇ; ਉਹ ਮਨੁੱਖ ਜੋ ਇਹ ਸਮਝਣ ਦੇ ਸਮਰਥ ਹਨ। ਉਰਿ = ਹਿਰਦੇ ਵਿਚ। ਧਾਰਿ = ਸਾਂਭ ਕੇ। ਆਤਮ ਰਾਮੁ = ਸਭ ਥਾਈਂ ਵਿਆਪਕ ਆਤਮਾ, ਪਰਮਾਤਮਾ। ਮੁਰਾਰਿ = (ਮੁਰ+ਅਰਿ) 'ਮੁਰ' ਦੈਂਤ ਦਾ ਵੈਰੀ (ਕ੍ਰਿਸ਼ਨ) , ਪ੍ਰਭੂ। ਬੂਝਨਿ = ਸਮਝਦੇ ਹਨ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀਵਹਿ = ਪੀਂਦੇ ਹਨ। ਮਾਰਿ = ਮਾਰ ਕੇ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਅਰਥ: 'ਅੰਮ੍ਰਿਤ' ਦੀ ਵਰਖਾ ਸਦਾ ਹੋ ਰਹੀ ਹੈ (ਪਰ ਇਸ ਭੇਤ ਨੂੰ) ਉਹੀ ਸਮਝਦੇ ਹਨ ਜੋ ਸਮਝਣ-ਜੋਗੇ ਹਨ; ਜਿਨ੍ਹਾਂ ਨੇ ਗੁਰੂ ਦੀ ਰਾਹੀਂ (ਇਹ ਭੇਤ) ਸਮਝ ਲਿਆ ਹੈ ਉਹ 'ਅੰਮ੍ਰਿਤ' ਹਿਰਦੇ ਵਿਚ ਸਾਂਭ ਰੱਖਦੇ ਹਨ; ਉਹ ਮਨੁੱਖ ਹਉਮੈ ਤੇ (ਮਾਇਆ ਦੀ) ਤ੍ਰਿਸ਼ਨਾ ਮਿਟਾ ਕੇ, ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਸਦਾ 'ਅੰਮ੍ਰਿਤ' ਪੀਂਦੇ ਹਨ। (ਉਹ ਅੰਮ੍ਰਿਤ ਕੀਹ ਹੈ?) 'ਅੰਮ੍ਰਿਤ' ਪ੍ਰਭੂ ਦਾ 'ਨਾਮ' ਹੈ ਤੇ ਇਸ ਦੀ ਵਰਖਾ ਹੁੰਦੀ ਹੈ ਪ੍ਰਭੂ ਦੀ ਕਿਰਪਾ ਨਾਲ। ਹੇ ਨਾਨਕ! ਸਭ ਵਿਚ ਵਿਆਪਕ ਮੁਰਾਰੀ ਪਰਮਾਤਮਾ ਸਤਿਗੁਰੂ ਦੀ ਰਾਹੀਂ ਨਜ਼ਰੀਂ ਆਉਂਦਾ ਹੈ।2। |
Sri Guru Granth Darpan, by Professor Sahib Singh |