ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1282 ਪਉੜੀ ॥ ਅਤੁਲੁ ਕਿਉ ਤੋਲੀਐ ਵਿਣੁ ਤੋਲੇ ਪਾਇਆ ਨ ਜਾਇ ॥ ਗੁਰ ਕੈ ਸਬਦਿ ਵੀਚਾਰੀਐ ਗੁਣ ਮਹਿ ਰਹੈ ਸਮਾਇ ॥ ਅਪਣਾ ਆਪੁ ਆਪਿ ਤੋਲਸੀ ਆਪੇ ਮਿਲੈ ਮਿਲਾਇ ॥ ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥ ਹਉ ਬਲਿਹਾਰੀ ਗੁਰ ਆਪਣੇ ਜਿਨਿ ਸਚੀ ਬੂਝ ਦਿਤੀ ਬੁਝਾਇ ॥ ਜਗਤੁ ਮੁਸੈ ਅੰਮ੍ਰਿਤੁ ਲੁਟੀਐ ਮਨਮੁਖ ਬੂਝ ਨ ਪਾਇ ॥ ਵਿਣੁ ਨਾਵੈ ਨਾਲਿ ਨ ਚਲਸੀ ਜਾਸੀ ਜਨਮੁ ਗਵਾਇ ॥ ਗੁਰਮਤੀ ਜਾਗੇ ਤਿਨ੍ਹ੍ਹੀ ਘਰੁ ਰਖਿਆ ਦੂਤਾ ਕਾ ਕਿਛੁ ਨ ਵਸਾਇ ॥੮॥ {ਪੰਨਾ 1282} (ਨੋਟ: 'ਆਪੁ' ਤੇ 'ਆਪਿ' ਦਾ ਫ਼ਰਕ ਚੇਤੇ ਰੱਖਣ ਜੋਗ ਹੈ। ਵੇਖੋ, 'ਗੁਰਬਾਣੀ ਵਿਆਕਰਣ') ਪਦ ਅਰਥ: ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਹਉ = ਹਉਂ, ਮੈਂ। ਜਿਨਿ = ਜਿਸ (ਗੁਰੂ ਨੇ) । ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਮੁਸੈ = ਠੱਗਿਆ ਜਾ ਰਿਹਾ ਹੈ। ਬੂਝ = ਸਮਝ। ਜਾਸੀ = ਜਾਇਗਾ। ਵਸਾਇ = ਵੱਸ, ਜ਼ੋਰ। ਅਰਥ: ਪਰਮਾਤਮਾ ਅਤੁੱਲ ਹੈ, ਉਸ ਦੇ ਸਾਰੇ ਗੁਣ ਜਾਚੇ ਨਹੀਂ ਜਾ ਸਕਦੇ; ਪਰ ਉਸ ਦੇ ਗੁਣਾਂ ਦੀ ਵਿਚਾਰ ਕਰਨ ਤੋਂ ਬਿਨਾ ਉਸ ਦੀ ਪ੍ਰਾਪਤੀ ਭੀ ਨਹੀਂ ਹੁੰਦੀ। ਪ੍ਰਭੂ ਦੇ ਗੁਣਾਂ ਦੀ ਵਿਚਾਰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੋ ਸਕਦੀ ਹੈ (ਜੋ ਮਨੁੱਖ ਵਿਚਾਰ ਕਰਦਾ ਹੈ ਉਹ) ਉਸ ਦੇ ਗੁਣਾਂ ਵਿਚ ਮਗਨ ਰਹਿੰਦਾ ਹੈ। ਆਪਣੇ ਆਪ ਨੂੰ ਪ੍ਰਭੂ ਆਪ ਹੀ ਤੋਲ ਸਕਦਾ ਹੈ (ਭਾਵ, ਪ੍ਰਭੂ ਕਿਤਨਾ ਵੱਡਾ ਹੈ ਇਹ ਗੱਲ ਉਹ ਆਪ ਹੀ ਜਾਣਦਾ ਹੈ) ਉਹ ਆਪ ਹੀ (ਆਪਣੇ ਸੇਵਕਾਂ ਨੂੰ ਗੁਰੂ ਦਾ) ਮਿਲਾਇਆ ਮਿਲਦਾ ਹੈ। ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ; (ਉਹ ਕੇਡਾ ਵੱਡਾ ਹੈ ਇਸ ਬਾਰੇ) ਕੋਈ ਗੱਲ ਆਖੀ ਨਹੀਂ ਜਾ ਸਕਦੀ। ਮੈਂ ਕੁਰਬਾਨ ਹਾਂ ਆਪਣੇ ਗੁਰੂ ਤੋਂ ਜਿਸ ਨੇ (ਮੈਨੂੰ ਸੱਚੀ ਸੂਝ ਦੇ ਦਿੱਤੀ ਹੈ) । (ਗੁਰੂ ਦੀ ਮਤਿ ਤੋਂ ਬਿਨਾ) ਜਗਤ ਠੱਗਿਆ ਜਾ ਰਿਹਾ ਹੈ, ਅੰਮ੍ਰਿਤ ਲੁਟਿਆ ਜਾ ਰਿਹਾ ਹੈ, ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਹ ਸਮਝ ਨਹੀਂ ਪੈਂਦੀ। ਪ੍ਰਭੂ ਦੇ ਨਾਮ ਤੋਂ ਬਿਨਾ (ਕੋਈ ਹੋਰ ਸ਼ੈ ਮਨੁੱਖ ਦੇ) ਨਾਲ ਨਹੀਂ ਜਾਇਗੀ (ਸੋ, 'ਨਾਮ' ਤੋਂ ਭੁੱਲਾ ਹੋਇਆ ਮਨੁੱਖ ਆਪਣਾ ਜਨਮ ਅਜਾਈਂ ਗਵਾ ਕੇ ਜਾਇਗਾ। ਜਿਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੇ ਹਨ ਉਹ ਆਪਣਾ ਘਰ (ਭਾਵ, ਆਪਣਾ ਸਰੀਰ, ਵਿਕਾਰਾਂ ਤੋਂ) ਬਚਾ ਰੱਖਦੇ ਹਨ, ਇਹਨਾਂ ਦੂਤਾਂ (ਵਿਕਾਰਾਂ) ਦਾ ਉਹਨਾਂ ਉਤੇ ਕੋਈ ਜ਼ੋਰ ਨਹੀਂ ਚਲਦਾ।8। ਸਲੋਕ ਮਃ ੩ ॥ ਬਾਬੀਹਾ ਨਾ ਬਿਲਲਾਇ ਨਾ ਤਰਸਾਇ ਏਹੁ ਮਨੁ ਖਸਮ ਕਾ ਹੁਕਮੁ ਮੰਨਿ ॥ ਨਾਨਕ ਹੁਕਮਿ ਮੰਨਿਐ ਤਿਖ ਉਤਰੈ ਚੜੈ ਚਵਗਲਿ ਵੰਨੁ ॥੧॥ {ਪੰਨਾ 1282} ਪਦ ਅਰਥ: ਤਿਖ = ਤ੍ਰੇਹ। ਚਵਗਲਿ = ਚਾਰ ਗੁਣਾਂ। ਵੰਨੁ = ਰੰਗ। ਅਰਥ: ਹੇ ਪਪੀਹੇ! ਨਾਹ ਵਿਲਕ, ਆਪਣਾ ਮਨ ਨਾਹ ਤਰਸਾ ਤੇ ਮਾਲਕ ਦਾ ਹੁਕਮ ਮੰਨ (ਉਸ ਦੇ ਹੁਕਮ ਵਿਚ ਹੀ ਵਰਖਾ ਹੋਵੇਗੀ) ਹੇ ਨਾਨਕ! ਪ੍ਰਭੂ ਦੀ ਰਜ਼ਾ ਵਿਚ ਟੁਰਿਆਂ ਹੀ (ਮਾਇਆ ਦੀ ਤ੍ਰੇਹ ਮਿਟਦੀ ਹੈ ਤੇ ਚੌਗੁਣਾ ਰੰਗ ਚੜ੍ਹਦਾ ਹੈ (ਭਾਵ, ਮਨ ਪੂਰੇ ਤੌਰ ਤੇ ਖਿੜਦਾ ਹੈ) ।1। ਮਃ ੩ ॥ ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥ ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ ॥ ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥ ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥ ਨਾਨਕ ਗੁਰਮੁਖਿ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹਿ ॥੨॥ {ਪੰਨਾ 1282} ਪਦ ਅਰਥ: ਕੂਕਣ ਪਾਹਿ = ਤੂੰ ਵਿਲਕ ਰਿਹਾ ਹੈਂ। ਚਹੁ ਦਿਸਿ = ਚਹੁ ਪਾਸੀਂ। ਫਿਰਾਇ = ਤੂੰ ਫਿਰਦਾ ਹੈਂ। ਸਾਰ = ਕਦਰ। ਨ ਜਾਣਹੀ = ਨ ਜਾਣਹਿ, ਤੂੰ ਨਹੀਂ ਜਾਣਦਾ। ਏਤੈ ਜਲਿ ਵਰਸਦੈ = ਇਤਨਾ ਪਾਣੀ ਵਰ੍ਹਦਿਆਂ। ਤ੍ਰਿਖ = ਤ੍ਰਿਹ ਨਾਲ। ਅਰਥ: ਹੇ ਪਪੀਹੇ! ਪਾਣੀ ਵਿਚ ਤੂੰ ਵੱਸਦਾ ਹੈਂ, ਪਾਣੀ ਵਿਚ ਹੀ ਤੂੰ ਤੁਰਦਾ ਫਿਰਦਾ ਹੈਂ (ਭਾਵ, ਹੇ ਜੀਵ! ਸਰਬ ਵਿਆਪਕ ਹਰੀ ਵਿਚ ਹੀ ਤੂੰ ਜੀਉਂਦਾ ਵੱਸਦਾ ਹੈ, ਪਰ ਉਸ ਪਾਣੀ ਦੀ ਤੈਨੂੰ ਕਦਰ ਨਹੀਂ, ਇਸ ਵਾਸਤੇ ਤੂੰ ਵਿਲਕ ਰਿਹਾ ਹੈਂ। ਚਹੁੰ ਪਾਸੀਂ ਹੀ ਜਲਾਂ ਵਿਚ ਥਲਾਂ ਵਿਚ ਵਰਖਾ ਹੋ ਰਹੀ ਹੈ ਕੋਈ ਥਾਂ ਐਸਾ ਨਹੀਂ ਜਿਥੇ ਵਰਖਾ ਨਹੀਂ ਹੁੰਦੀ; ਇਤਨੀ ਵਰਖਾ ਹੁੰਦਿਆਂ ਜੋ ਤਿਹਾਏ ਮਰ ਰਹੇ ਹਨ ਉਹਨਾਂ ਦੇ (ਚੰਗੇ) ਭਾਗ ਨਹੀਂ ਹਨ। ਹੇ ਨਾਨਕ! ਗੁਰੂ ਦੀ ਰਾਹੀਂ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ ਉਹਨਾਂ ਨੂੰ ਇਹ ਸੂਝ ਆਉਂਦੀ ਹੈ (ਕਿ ਪ੍ਰਭੂ ਹਰ ਥਾਂ ਵੱਸਦਾ ਹੈ) ।2। ਪਉੜੀ ॥ ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ ॥ ਗੁਰਮੁਖਿ ਨਾਮੁ ਧਿਆਇ ਤੁਝੈ ਸਮਾਇਆ ॥ ਜੁਗ ਛਤੀਹ ਗੁਬਾਰੁ ਤਿਸ ਹੀ ਭਾਇਆ ॥ ਜਲਾ ਬਿੰਬੁ ਅਸਰਾਲੁ ਤਿਨੈ ਵਰਤਾਇਆ ॥ ਨੀਲੁ ਅਨੀਲੁ ਅਗੰਮੁ ਸਰਜੀਤੁ ਸਬਾਇਆ ॥ ਅਗਨਿ ਉਪਾਈ ਵਾਦੁ ਭੁਖ ਤਿਹਾਇਆ ॥ ਦੁਨੀਆ ਕੈ ਸਿਰਿ ਕਾਲੁ ਦੂਜਾ ਭਾਇਆ ॥ ਰਖੈ ਰਖਣਹਾਰੁ ਜਿਨਿ ਸਬਦੁ ਬੁਝਾਇਆ ॥੯॥ {ਪੰਨਾ 1282} ਪਦ ਅਰਥ: ਸਿਧ = ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਜੁਗ ਛਤੀਹ = (ਭਾਵ,) ਅਨੇਕਾਂ ਜੁਗ। ਗੁਬਾਰੁ = ਹਨੇਰਾ। ਬਿੰਬੁ = ਜਲ। ਅਸਰਾਲੁ = ਭਿਆਨਕ। ਨੀਲੁ ਅਨੀਲੁ = (ਭਾਵ,) ਬੇਅੰਤ। ਸਰਜੀਤੁ = ਸਦਾ ਜੀਉਂਦੇ ਰਹਿਣ ਵਾਲਾ। ਜਿਨਿ = ਜਿਸ (ਪ੍ਰਭੂ) ਨੇ। ਸਿਰਿ = ਸਿਰ ਉੱਤੇ। ਭਾਇਆ = ਚੰਗਾ ਲੱਗਾ। ਤਿਸ ਹੀ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ) ਉਸ (ਪ੍ਰਭੂ) ਨੂੰ ਹੀ। ਵਾਦੁ = ਝਗੜਾ। ਅਰਥ: (ਹੇ ਪ੍ਰਭੂ!) ਨਾਥ, ਜਤੀ, ਪੁੱਗੇ ਹੋਏ ਜੋਗੀ, ਪੀਰ (ਕਈ ਹੋ ਗੁਜ਼ਰੇ ਹਨ, ਪਰ,) ਕਿਸੇ ਨੇ ਤੇਰਾ ਅੰਤ ਨਹੀਂ ਪਾਇਆ (ਭਾਵ, ਤੂੰ ਕਿਹੋ ਜਿਹਾ ਹੈਂ ਕਦੋਂ ਤੋਂ ਹੈਂ, ਕੇਡਾ ਹੈਂ = ਇਹ ਗੱਲ ਕੋਈ ਨਹੀਂ ਦੱਸ ਸਕਿਆ, ਕਈ ਜਤਨ ਕਰ ਚੁਕੇ) । ਗੁਰੂ ਦੀ ਸਿੱਖਿਆ ਉਤੇ ਤੁਰਨ ਵਾਲੇ ਮਨੁੱਖ (ਅਜੇਹੇ ਨਿਸਫਲ ਉੱਦਮ ਛੱਡ ਕੇ, ਕੇਵਲ ਤੇਰਾ) ਨਾਮ ਸਿਮਰ ਕੇ ਤੇਰੇ (ਚਰਨਾਂ ਵਿਚ) ਲੀਨ ਰਹਿੰਦੇ ਹਨ। (ਹੇ ਭਾਈ!) ਇਹ ਗੱਲ ਉਸ ਪ੍ਰਭੂ ਨੂੰ ਇਉਂ ਹੀ ਚੰਗੀ ਲੱਗੀ ਹੈ ਕਿ ਅਨੇਕਾਂ ਜੁਗ ਹਨੇਰਾ ਹੀ ਹਨੇਰਾ ਸੀ (ਭਾਵ, ਇਹ ਕਿਹਾ ਨਹੀਂ ਜਾ ਸਕਦਾ ਕਿ ਜਦੋਂ ਜਗਤ-ਰਚਨਾ ਨਹੀਂ ਸੀ ਹੋਈ ਤਦੋਂ ਕੀਹ ਸੀ) ; ਫਿਰ ਭਿਆਨਕ ਜਲ ਹੀ ਜਲ = ਇਹ ਖੇਡ ਭੀ ਉਸੇ ਨੇ ਵਰਤਾਈ; ਤੇ, ਉਹ ਸਦਾ ਜੀਉਂਦਾ ਰਹਿਣ ਵਾਲਾ ਪ੍ਰਭੂ ਆਪ ਬੇਅੰਤ ਹੀ ਬੇਅੰਤ ਅਤੇ ਪਹੁੰਚ ਤੋਂ ਪਰੇ! (ਹੇ ਭਾਈ!) (ਜਦੋਂ ਉਸ ਨੇ ਜਗਤ-ਰਚਨਾ ਕਰ ਦਿੱਤੀ, ਤਦੋਂ) ਤ੍ਰਿਸ਼ਨਾ ਦੀ ਅੱਗ, ਵਾਦ-ਵਿਵਾਦ ਤੇ ਭੁੱਖ ਤ੍ਰਿਹ ਭੀ ਉਸ ਨੇ ਆਪ ਹੀ ਪੈਦਾ ਕਰ ਦਿੱਤੇ। ਦੁਨੀਆ (ਭਾਵ, ਜੀਵਾਂ) ਦੇ ਸਿਰ ਉਤੇ ਮੌਤ (ਦਾ ਡਰ ਭੀ ਉਸੇ ਨੇ ਪੈਦਾ ਕੀਤਾ ਹੈ; ਕਿਉਂਕਿ ਇਹਨਾਂ ਨੂੰ) ਇਹ ਦੂਜਾ (ਭਾਵ, ਪ੍ਰਭੂ ਨੂੰ ਛੱਡ ਕੇ ਇਹ ਦਿੱਸਦਾ ਜਗਤ) ਪਿਆਰਾ ਲੱਗ ਰਿਹਾ ਹੈ। ਪਰ, ਰੱਖਣ ਦੇ ਸਮਰੱਥ ਪ੍ਰਭੂ ਜਿਸ ਨੇ (ਗੁਰੂ ਦੀ ਰਾਹੀਂ) ਸ਼ਬਦ ਦੀ ਸੂਝ ਬਖ਼ਸ਼ੀ ਹੈ (ਇਹਨਾਂ ਅਗਨਿ, ਵਾਦ, ਭੁਖ, ਤ੍ਰਿਹ ਤੇ ਕਾਲ ਆਦਿਕ ਤੋਂ) ਰੱਖਦਾ ਭੀ ਆਪ ਹੀ ਹੈ।9। ਸਲੋਕ ਮਃ ੩ ॥ ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ ॥ ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ ॥ ਨਾਨਕ ਨਦਰੀ ਸੁਖੁ ਹੋਇ ਏਨਾ ਜੰਤਾ ਕਾ ਦੁਖੁ ਜਾਇ ॥੧॥ {ਪੰਨਾ 1282} ਪਦ ਅਰਥ: ਸਭਤੈ = ਹਰ ਥਾਂ। ਭਾਇ = ਪ੍ਰੇਮ ਨਾਲ। (ਭਾਉ = ਪ੍ਰੇਮ) । ਸੁਆਇ = ਸੁਭਾਉ ਅਨੁਸਾਰ, ਰਜ਼ਾ ਅਨੁਸਾਰ। ਵਰਸੈ = ਵਰ੍ਹਦਾ ਹੈ। ਸੇ = ਉਹੀ। ਨਦਰਿ = ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ। ਅਰਥ: (ਪ੍ਰਭੂ ਦਾ ਨਾਮ-ਰੂਪ) ਇਹ ਜਲ (ਭਾਵ, ਮੀਂਹ) ਹਰ ਥਾਂ ਵੱਸ ਰਿਹਾ ਹੈ ਤੇ ਵਰ੍ਹਦਾ ਭੀ ਹੈ ਪ੍ਰੇਮ ਨਾਲ ਤੇ ਆਪਣੀ ਮੌਜ ਨਾਲ (ਭਾਵ, ਕਿਸੇ ਵਿਤਕਰੇ ਨਾਲ ਨਹੀਂ) , ਪਰ, ਕੇਵਲ ਉਹੀ (ਜੀਵ-ਰੂਪ) ਰੁੱਖ ਹਰੇ ਹੁੰਦੇ ਹਨ ਜੋ ਗੁਰੂ ਦੇ ਸਨਮੁਖ ਹੋ ਕੇ (ਇਸ 'ਨਾਮ' ਵਰਖਾ ਵਿਚ) ਲੀਨ ਰਹਿੰਦੇ ਹਨ। ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸੁਖ ਪੈਦਾ ਹੁੰਦਾ ਹੈ ਤੇ ਇਹਨਾਂ ਜੀਵਾਂ ਦਾ ਦੁੱਖ ਦੂਰ ਹੁੰਦਾ ਹੈ।1। ਮਃ ੩ ॥ ਭਿੰਨੀ ਰੈਣਿ ਚਮਕਿਆ ਵੁਠਾ ਛਹਬਰ ਲਾਇ ॥ ਜਿਤੁ ਵੁਠੈ ਅਨੁ ਧਨੁ ਬਹੁਤੁ ਊਪਜੈ ਜਾਂ ਸਹੁ ਕਰੇ ਰਜਾਇ ॥ ਜਿਤੁ ਖਾਧੈ ਮਨੁ ਤ੍ਰਿਪਤੀਐ ਜੀਆਂ ਜੁਗਤਿ ਸਮਾਇ ॥ ਇਹੁ ਧਨੁ ਕਰਤੇ ਕਾ ਖੇਲੁ ਹੈ ਕਦੇ ਆਵੈ ਕਦੇ ਜਾਇ ॥ ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ ॥ ਨਾਨਕ ਜਿਨ ਕਉ ਨਦਰਿ ਕਰੇ ਤਾਂ ਇਹੁ ਧਨੁ ਪਲੈ ਪਾਇ ॥੨॥ {ਪੰਨਾ 1282} ਪਦ ਅਰਥ: ਭਿੰਨੀ = ਭਿੱਜੀ ਹੋਈ। ਭਿੰਨੀ ਰੈਣਿ = ਸੁਹਾਵਣੀ ਰਾਤ ਵੇਲੇ। ਕਰੇ ਰਜਾਇ = ਮਰਜ਼ੀ ਵਰਤਦਾ ਹੈ, ਪ੍ਰਭੂ ਨੂੰ ਭਾਉਂਦਾ ਹੈ। ਜੁਗਤਿ = ਜੀਊਣ-ਜੁਗਤਿ। ਸਮਾਇ = ਆ ਵੱਸਦੀ ਹੈ। ਖੇਲੁ = ਤਮਾਸ਼ਾ। ਪਲੈ ਪਾਇ = ਦੇਂਦਾ ਹੈ, ਬਖ਼ਸ਼ਦਾ ਹੈ। ਵੁਠਾ = ਵੱਸਿਆ। ਛਹਬਰ = ਝੜੀ। ਜਿਤੁ = ਜਿਸ ਦੀ ਰਾਹੀਂ। ਜਿਤੁ ਵੁਠੈ = ਜਿਸ ਦੇ ਵਰ੍ਹਨ ਨਾਲ। ਗਿਆਨ = ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲਾ ਮਨੁੱਖ। ਅਰਥ: ਜਦੋਂ ਪ੍ਰਭੂ ਨੂੰ ਭਾਉਂਦਾ ਹੈ (ਤਦੋਂ) ਸੁਹਾਵਣੀ ਰਾਤੇ (ਬੱਦਲ) ਚਮਕਦਾ ਹੈ ਤੇ ਝੜੀ ਲਾ ਕੇ ਵਰ੍ਹਦਾ ਹੈ, ਇਸ ਦੇ ਵੱਸਣ ਨਾਲ ਬੜਾ ਅੰਨ (-ਰੂਪ) ਧਨ ਪੈਦਾ ਹੁੰਦਾ ਹੈ। ਇਸ ਧਨ ਦੇ ਵਰਤਣ ਨਾਲ ਮਨ ਰੱਜਦਾ ਹੈ ਤੇ ਜੀਵਾਂ ਵਿਚ ਜੀਊਣ ਦੀ ਜੁਗਤੀ ਆਉਂਦੀ ਹੈ (ਭਾਵ, ਅੰਨ ਖਾਧਿਆਂ ਜੀਵ ਜੀਊਂਦੇ ਹਨ) । ਪਰ, ਇਹ (ਅੰਨ-ਰੂਪ) ਧਨ ਤਾਂ ਕਰਤਾਰ ਦਾ ਇਕ ਤਮਾਸ਼ਾ ਹੈ ਜੋ ਕਦੇ ਪੈਦਾ ਹੁੰਦਾ ਹੈ ਕਦੇ ਨਾਸ ਹੋ ਜਾਂਦਾ ਹੈ। ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦਿਆਂ ਲਈ ਪ੍ਰਭੂ ਦਾ ਨਾਮ ਹੀ ਧਨ ਹੈ ਜੋ ਸਦਾ ਟਿਕਿਆ ਰਹਿੰਦਾ ਹੈ। ਹੇ ਨਾਨਕ! ਜਿਨ੍ਹਾਂ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਉਹਨਾਂ ਨੂੰ ਇਹ ਧਨ ਬਖ਼ਸ਼ਦਾ ਹੈ।2। ਪਉੜੀ ॥ ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥ ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ ॥ ਜੋ ਤਿਸੁ ਭਾਵੈ ਸੋ ਥੀਐ ਹੁਕਮੁ ਕਰੇ ਗਾਵਾਰੁ ॥ ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥ ਆਪੇ ਵੇਖੈ ਸੁਣੇ ਆਪਿ ਸਭਸੈ ਦੇ ਆਧਾਰੁ ॥ ਸਭ ਮਹਿ ਏਕੁ ਵਰਤਦਾ ਸਿਰਿ ਸਿਰਿ ਕਰੇ ਬੀਚਾਰੁ ॥ ਗੁਰਮੁਖਿ ਆਪੁ ਵੀਚਾਰੀਐ ਲਗੈ ਸਚਿ ਪਿਆਰੁ ॥ ਨਾਨਕ ਕਿਸ ਨੋ ਆਖੀਐ ਆਪੇ ਦੇਵਣਹਾਰੁ ॥੧੦॥ {ਪੰਨਾ 1282} ਪਦ ਅਰਥ: ਗਾਵਾਰੁ = ਮੂਰਖ। ਸਭਸੈ = ਸਭਨਾਂ ਨੂੰ। ਸਿਰਿ ਸਿਰਿ = ਹਰੇਕ ਦੇ ਸਿਰ ਉਤੇ। (ਨੋਟ: ਲਫ਼ਜ਼ 'ਆਪਿ' ਤੇ 'ਆਪੁ' ਦਾ ਫ਼ਰਕ ਸਮਝਣ-ਜੋਗ ਹੈ। ਆਪੁ = ਆਪਣੇ ਆਪ ਨੂੰ) । ਹਉ = ਮੈਂ। ਕੈ ਸਿਉ = ਕਿਸ ਦੇ ਪਾਸ? ਪੁਕਾਰ = ਫ਼ਰੀਆਦ। ਥੀਐ = ਹੁੰਦਾ ਹੈ। ਭਾਵੈ = ਚੰਗਾ ਲੱਗਦਾ ਹੈ। ਆਪੇ = ਆਪ ਹੀ। ਆਧਾਰੁ = ਆਸਰਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ) । ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਅਰਥ: ਪ੍ਰਭੂ (ਸਭ ਕੁਝ) ਆਪ ਹੀ ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਆਪ ਹੀ ਕਰਾ ਰਿਹਾ ਹੈ (ਸੋ, ਇਸ ਅਗਨਿ, ਵਾਦੁ, ਭੁੱਖ, ਤ੍ਰੇਹ, ਕਾਲ ਆਦਿਕ ਬਾਰੇ) ਕਿਸੇ ਹੋਰ ਪਾਸ ਫ਼ਰਿਆਦ ਨਹੀਂ ਕੀਤੀ ਜਾ ਸਕਦੀ। (ਜੀਵਾਂ ਪਾਸੋਂ) ਆਪ ਹੀ (ਭੁੱਖ ਤ੍ਰਿਹ ਆਦਿਕ ਵਾਲੇ) ਕੰਮ ਕਰਾ ਰਿਹਾ ਹੈ ਤੇ (ਇਹਨਾਂ ਕੀਤੇ ਕੰਮਾਂ ਦਾ) ਲੇਖਾ ਭੀ ਆਪ ਹੀ ਮੰਗਦਾ ਹੈ। ਮੂਰਖ ਜੀਵ (ਐਵੇਂ ਹੀ) ਹੈਂਕੜ ਵਿਖਾਂਦਾ ਹੈ (ਅਸਲ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ। (ਇਹਨਾਂ ਅਗਨਿ ਭੁੱਖ ਆਦਿਕਾਂ ਤੋਂ) ਜੇ ਪ੍ਰਭੂ ਆਪ ਹੀ ਬਚਾਏ ਤਾਂ ਬਚੀਦਾ ਹੈ, ਇਹ ਬਖ਼ਸ਼ਸ਼ ਉਹ ਆਪ ਹੀ ਕਰਨ ਵਾਲਾ ਹੈ। ਜੀਵਾਂ ਦੀ ਸੰਭਾਲ ਪ੍ਰਭੂ ਆਪ ਹੀ ਕਰਦਾ ਹੈ, ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣਦਾ ਹੈ ਤੇ ਹਰੇਕ ਜੀਵ ਨੂੰ ਆਸਰਾ ਦੇਂਦਾ ਹੈ। ਸਭ ਜੀਵਾਂ ਵਿਚ ਪ੍ਰਭੂ ਆਪ ਹੀ ਮੌਜੂਦ ਹੈ ਤੇ ਹਰੇਕ ਜੀਵ ਦਾ ਧਿਆਨ ਰੱਖਦਾ ਹੈ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਤੇ ਉਸ ਦਾ ਪਿਆਰ (ਇਹਨਾਂ ਭੁੱਖ ਤ੍ਰਿਹ ਆਦਿਕ ਵਾਲੇ ਪਦਾਰਥਾਂ ਦੇ ਥਾਂ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਬਣਦਾ ਹੈ। ਪਰ, ਹੇ ਨਾਨਕ! ਇਹ ਦਾਤਿ ਉਹ ਆਪ ਹੀ ਦੇਂਦਾ ਹੈ, ਕਿਸੇ ਹੋਰ ਅੱਗੇ ਕੁਝ ਕਿਹਾ ਨਹੀਂ ਜਾ ਸਕਦਾ।10। |
Sri Guru Granth Darpan, by Professor Sahib Singh |