ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1283

ਸਲੋਕ ਮਃ ੩ ॥ ਬਾਬੀਹਾ ਏਹੁ ਜਗਤੁ ਹੈ ਮਤ ਕੋ ਭਰਮਿ ਭੁਲਾਇ ॥ ਇਹੁ ਬਾਬੀਂਹਾ ਪਸੂ ਹੈ ਇਸ ਨੋ ਬੂਝਣੁ ਨਾਹਿ ॥ ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ ॥ ਨਾਨਕ ਗੁਰਮੁਖਿ ਜਿਨ੍ਹ੍ਹ ਪੀਆ ਤਿਨ੍ਹ੍ਹ ਬਹੁੜਿ ਨ ਲਾਗੀ ਆਇ ॥੧॥ {ਪੰਨਾ 1283}

ਪਦ ਅਰਥ: ਬੂਝਣੁ = ਸਮਝ। ਜਿਤੁ ਪੀਤੈ = ਜਿਸ ਦੇ ਪੀਤਿਆਂ। ਭਰਮਿ = ਭੁਲੇਖੇ ਵਿਚ, ਭਟਕਣਾ ਵਿਚ। ਭੁਲਾਇ = ਖੁੰਝ ਜਾਏ। ਇਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਇਸੁ' ਦਾ ੁ ਉੱਡ ਗਿਆ ਹੈ) । ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਤਿਖ = ਤ੍ਰਿਹ। ਜਿਤੁ ਪੀਤੈ = ਜਿਸ ਨੂੰ ਪੀਤਿਆਂ। ਜਿਨ੍ਹ੍ਹ = ਜਿਨ੍ਹਾਂ ਨੇ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ।

ਅਰਥ: (ਲਫ਼ਜ਼ ਪਪੀਹਾ ਸੁਣ ਕੇ) ਮਤਾਂ ਕੋਈ ਭੁਲੇਖਾ ਖਾ ਜਾਏ, ਪਪੀਹਾ ਇਹ ਜਗਤ ਹੈ, ਇਹ ਪਪੀਹਾ (-ਜੀਵ) ਪਸ਼ੂ (-ਸੁਭਾਉ) ਹੈ, ਇਸ ਨੂੰ ਇਹ ਸਮਝ ਨਹੀਂ (ਕਿ) ਪਰਮਾਤਮਾ ਦਾ ਨਾਮ (ਐਸਾ) ਅੰਮ੍ਰਿਤ ਹੈ ਜਿਸ ਨੂੰ ਪੀਤਿਆਂ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ।

ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਗੁਰੂ ਦੇ ਸਨਮੁਖ ਹੋ ਕੇ (ਨਾਮ-ਅੰਮ੍ਰਿਤ) ਪੀਤਾ ਹੈ ਉਹਨਾਂ ਨੂੰ ਮੁੜ ਕੇ (ਮਾਇਆ ਦੀ) ਤ੍ਰੇਹ ਨਹੀਂ ਲੱਗਦੀ।1।

ਮਃ ੩ ॥ ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ॥ ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ ॥ ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ ॥ ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ ॥ ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ ॥੨॥ {ਪੰਨਾ 1283}

ਪਦ ਅਰਥ: ਲੋਇ = ਲੋਕਿ, ਜਗਤ ਵਿਚ। ਵੂਠੈ = ਮੀਂਹ ਪਿਆਂ। ਜੁਗਤਿ = ਜੀਵਨ-ਜੁਗਤੀ। ਧਰਣੀ = ਧਰਤੀ। ਸੀਗਾਰੁ = ਸੁਹੱਪਣ। ਜਲੁ = (ਭਾਵ,) ਜ਼ਿੰਦਗੀ ਦਾ ਮੂਲ, ਪ੍ਰਭੂ। ਸਭੁ ਕੋਇ = ਹਰੇਕ ਜੀਵ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਮੁਕਤੁ = (ਮਾਇਆ ਦੇ ਮੋਹ ਤੋਂ) ਆਜ਼ਾਦ।

ਅਰਥ: (ਭਾਵੇਂ) 'ਮਲਾਰ' ਠੰਢਾ ਰਾਗ ਹੈ (ਭਾਵ, ਠੰਢ ਪਾਣ ਵਾਲਾ ਹੈ) , ਪਰ (ਅਸਲ) ਸ਼ਾਂਤੀ ਤਾਂ ਹੀ ਹੁੰਦੀ ਹੈ ਜੇ (ਇਸ ਰਾਗ ਦੀ ਰਾਹੀਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੀਏ। ਜੇ ਪ੍ਰਭੂ ਆਪਣੀ ਦਇਆ ਕਰੇ ਤਾਂ (ਇਹ ਸ਼ਾਂਤੀ) ਸਾਰੇ ਜਗਤ ਵਿਚ (ਇਉਂ) ਵਰਤੇ, ਜਿਵੇਂ ਮੀਂਹ ਪਿਆਂ ਜੀਵਾਂ ਵਿਚ ਜੀਵਨ-ਜੁਗਤੀ (ਭਾਵ, ਸੱਤਿਆ) ਆਉਂਦੀ ਹੈ ਅਤੇ ਧਰਤੀ ਨੂੰ ਹੀ ਹਰਿਆਵਲ ਰੂਪ ਸੁਹੱਪਣ ਮਿਲ ਜਾਂਦਾ ਹੈ।

ਹੇ ਨਾਨਕ! (ਅਸਲ ਵਿਚ) ਇਹ ਜਗਤ ਪਰਮਾਤਮਾ ਦਾ ਰੂਪ ਹੈ (ਕਿਉਂਕਿ) ਹਰੇਕ ਜੀਵ ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ; ਪਰ ਕੋਈ ਵਿਰਲਾ ਬੰਦਾ (ਇਹ ਗੱਲ) ਗੁਰੂ ਦੀ ਮਿਹਰ ਨਾਲ ਸਮਝਦਾ ਹੈ (ਤੇ ਜੋ ਸਮਝ ਲੈਂਦਾ ਹੈ) ਉਹ ਮਨੁੱਖ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ।2।

ਪਉੜੀ ॥ ਸਚਾ ਵੇਪਰਵਾਹੁ ਇਕੋ ਤੂ ਧਣੀ ॥ ਤੂ ਸਭੁ ਕਿਛੁ ਆਪੇ ਆਪਿ ਦੂਜੇ ਕਿਸੁ ਗਣੀ ॥ ਮਾਣਸ ਕੂੜਾ ਗਰਬੁ ਸਚੀ ਤੁਧੁ ਮਣੀ ॥ ਆਵਾ ਗਉਣੁ ਰਚਾਇ ਉਪਾਈ ਮੇਦਨੀ ॥ ਸਤਿਗੁਰੁ ਸੇਵੇ ਆਪਣਾ ਆਇਆ ਤਿਸੁ ਗਣੀ ॥ ਜੇ ਹਉਮੈ ਵਿਚਹੁ ਜਾਇ ਤ ਕੇਹੀ ਗਣਤ ਗਣੀ ॥ ਮਨਮੁਖ ਮੋਹਿ ਗੁਬਾਰਿ ਜਿਉ ਭੁਲਾ ਮੰਝਿ ਵਣੀ ॥ ਕਟੇ ਪਾਪ ਅਸੰਖ ਨਾਵੈ ਇਕ ਕਣੀ ॥੧੧॥ {ਪੰਨਾ 1283}

ਪਦ ਅਰਥ: ਮਣੀ = ਵਡਿਆਈ। ਵਣੀ = ਵਣਾਂ ਵਿਚ। ਧਣੀ = ਮਾਲਕ। ਗਣੀ = ਗਣੀਂ, ਮੈਂ ਗਿਣਾਂ। ਗਰਬੁ = ਅਹੰਕਾਰ। ਕੂੜਾ = ਵਿਅਰਥ। ਸਚੀ = ਸਦਾ ਕਾਇਮ ਰਹਿਣ ਵਾਲੀ। ਮੇਦਨੀ = ਧਰਤੀ, ਸ੍ਰਿਸ਼ਟੀ। ਆਵਾਗਉਣ = ਜਨਮ ਮਰਨ। ਗਣੀ = ਮੈਂ ਗਿਣਦਾ ਹਾਂ। ਮੋਹਿ = ਮੋਹ ਵਿਚ। ਗੁਬਾਰਿ = ਹਨੇਰੇ ਵਿਚ। ਅਸੰਖ = ਅਣਗਿਣਤ।

ਅਰਥ: ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਵੇਪਰਵਾਹ (ਬੇ-ਮੁਥਾਜ) ਮਾਲਕ ਹੈ; ਤੂੰ ਆਪ ਹੀ ਸਭ ਕੁਝ (ਕਰਨ ਕਰਾਨ ਜੋਗਾ) ਹੈਂ, ਕੇਹੜੇ ਦੂਜੇ ਨੂੰ ਮੈਂ ਤੇਰੇ ਵਰਗਾ ਮਿਥਾਂ? (ਦੁਨੀਆ ਦੀ ਕਿਸੇ ਵਡਿਆਈ ਨੂੰ ਪ੍ਰਾਪਤ ਕਰ ਕੇ) ਮਨੁੱਖ ਦਾ (ਕੋਈ) ਅਹੰਕਾਰ ਕਰਨਾ ਵਿਅਰਥ ਹੈ ਤੇਰੀ ਵਡਿਆਈ ਹੀ ਸਦਾ ਕਾਇਮ ਰਹਿਣ ਵਾਲੀ ਹੈ; ਤੂੰ ਹੀ 'ਜਨਮ ਮਰਨ' (ਦੀ ਮਰਯਾਦਾ) ਬਣਾ ਕੇ ਸ੍ਰਿਸ਼ਟੀ ਪੈਦਾ ਕੀਤੀ ਹੈ।

ਜਿਹੜਾ ਮਨੁੱਖ ਆਪਣੇ ਗੁਰੂ ਦੇ ਕਹੇ ਉਤੇ ਤੁਰਦਾ ਹੈ ਉਸ ਦਾ (ਜਗਤ ਵਿਚ) ਆਉਣਾ ਸਫਲ ਹੈ। ਜੇ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਤਾਂ (ਤ੍ਰਿਸ਼ਨਾ ਆਦਿਕ ਦੇ ਅਧੀਨ ਹੋ ਕੇ) ਤੌਖ਼ਲੇ ਕਰਨ ਦੀ ਲੋੜ ਨਹੀਂ ਰਹਿ ਜਾਂਦੀ।

(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੋਹ-ਰੂਪ ਹਨੇਰੇ ਵਿਚ (ਇਉਂ) ਭਟਕ ਰਿਹਾ ਹੈ, ਜਿਵੇਂ (ਰਾਹੋਂ) ਭੁੱਲਾ ਹੋਇਆ ਮਨੁੱਖ ਜੰਗਲਾਂ ਵਿਚ (ਭਟਕਦਾ ਹੈ) । ਪ੍ਰਭੂ ਆਪਣੇ 'ਨਾਮ' ਦਾ ਇਕ ਕਿਣਕਾ ਦੇ ਕੇ ਬੇਅੰਤ ਪਾਪ ਕੱਟ ਦੇਂਦਾ ਹੈ।11।

ਸਲੋਕ ਮਃ ੩ ॥ ਬਾਬੀਹਾ ਖਸਮੈ ਕਾ ਮਹਲੁ ਨ ਜਾਣਹੀ ਮਹਲੁ ਦੇਖਿ ਅਰਦਾਸਿ ਪਾਇ ॥ ਆਪਣੈ ਭਾਣੈ ਬਹੁਤਾ ਬੋਲਹਿ ਬੋਲਿਆ ਥਾਇ ਨ ਪਾਇ ॥ ਖਸਮੁ ਵਡਾ ਦਾਤਾਰੁ ਹੈ ਜੋ ਇਛੇ ਸੋ ਫਲ ਪਾਇ ॥ ਬਾਬੀਹਾ ਕਿਆ ਬਪੁੜਾ ਜਗਤੈ ਕੀ ਤਿਖ ਜਾਇ ॥੧॥ {ਪੰਨਾ 1283}

ਪਦ ਅਰਥ: ਨ ਜਾਣਹੀ = ਨ ਜਾਣਹਿ, ਤੂੰ ਨਹੀਂ ਜਾਣਦਾ। ਆਪਣੈ ਭਾਣੈ = ਆਪਣੇ ਮਨ ਦੀ ਮਰਜ਼ੀ ਵਿਚ ਤੁਰ ਕੇ। ਥਾਇ ਨ ਪਾਇ = ਕਬੂਲ ਨਹੀਂ ਹੁੰਦਾ। ਬਪੁੜਾ = ਵਿਚਾਰਾ। ਤਿਖ = ਤ੍ਰੇਹ।

ਅਰਥ: ਹੇ (ਜੀਵ) ਪਪੀਹੇ! ਤੂੰ ਆਪਣੇ ਮਾਲਕ ਦਾ ਘਰ ਨਹੀਂ ਜਾਣਦਾ (ਤਾਹੀਂਏ ਮਾਇਆ ਦੀ ਤ੍ਰਿਸ਼ਨਾ ਨਾਲ ਆਤੁਰ ਹੋ ਰਿਹਾ ਹੈਂ) , (ਮਾਲਕ ਦਾ) ਘਰ ਵੇਖਣ ਲਈ ਅਰਜ਼ੋਈ ਕਰ। (ਜਿਤਨਾ ਚਿਰ) ਤੂੰ ਆਪਣੇ (ਮਨ ਦੀ) ਮਰਜ਼ੀ ਪਿੱਛੇ ਤੁਰ ਕੇ ਬਹੁਤਾ ਬੋਲਦਾ ਹੈਂ, ਇਹ ਬੋਲਣਾ ਪ੍ਰਵਾਨ ਨਹੀਂ ਹੁੰਦਾ। (ਹੇ ਜੀਵ!) ਮਾਲਕ ਬੜੀਆਂ ਬਖ਼ਸ਼ਸ਼ਾਂ ਕਰਨ ਵਾਲਾ ਹੈ (ਉਸ ਦੇ ਦਰ ਤੇ ਪਿਆਂ) ਜੋ ਮੰਗੀਏ ਸੋ ਮਿਲ ਜਾਂਦਾ ਹੈ।

ਇਹ (ਜੀਵ) ਪਪੀਹਾ ਵਿਚਾਰਾ ਕੀਹ ਹੈ? (ਪ੍ਰਭੂ ਦੇ ਦਰ ਤੇ ਅਰਜ਼ੋਈ ਕੀਤਿਆਂ) ਸਾਰੇ ਜਗਤ ਦੀ (ਮਾਇਆ ਦੀ) ਤ੍ਰੇਹ ਮਿਟ ਜਾਂਦੀ ਹੈ।1।

ਮਃ ੩ ॥ ਬਾਬੀਹਾ ਭਿੰਨੀ ਰੈਣਿ ਬੋਲਿਆ ਸਹਜੇ ਸਚਿ ਸੁਭਾਇ ॥ ਇਹੁ ਜਲੁ ਮੇਰਾ ਜੀਉ ਹੈ ਜਲ ਬਿਨੁ ਰਹਣੁ ਨ ਜਾਇ ॥ ਗੁਰ ਸਬਦੀ ਜਲੁ ਪਾਈਐ ਵਿਚਹੁ ਆਪੁ ਗਵਾਇ ॥ ਨਾਨਕ ਜਿਸੁ ਬਿਨੁ ਚਸਾ ਨ ਜੀਵਦੀ ਸੋ ਸਤਿਗੁਰਿ ਦੀਆ ਮਿਲਾਇ ॥੨॥ {ਪੰਨਾ 1283}

ਪਦ ਅਰਥ: ਭਿੰਨੀ ਰੈਣਿ = (ਤ੍ਰੇਲ-) ਭਿੱਜੀ ਰਾਤ ਵੇਲੇ, ਅੰਮ੍ਰਿਤ ਵੇਲੇ। ਸਹਜੇ = ਅਡੋਲ ਅਵਸਥਾ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ (ਜੁੜ ਕੇ) । ਸੁਭਾਇ = ਸੁਭਾਵਿਕ ਹੀ, ਜੁੜੇ-ਮਨ ਦੀ ਮੌਜ ਨਾਲ। ਜਲੁ = (ਭਾਵ) ਪ੍ਰਭੂ-ਨਾਮ। ਚਸਾ = (ਭਾਵ) ਪਲਕ ਭਰ ਭੀ। ਜੀਉ = ਜਿੰਦ। ਸਬਦੀ = ਸ਼ਬਦ ਦੀ ਰਾਹੀਂ। ਆਪੁ = ਆਪਾ-ਭਾਵ। ਗਵਾਇ = ਦੂਰ ਕਰ ਕੇ। ਸਤਿਗੁਰਿ = ਗੁਰੂ ਨੇ।

ਅਰਥ: (ਜਦੋਂ) (ਜੀਵ-) ਪਪੀਹਾ ਅੰਮ੍ਰਿਤ ਵੇਲੇ ਅਡੋਲ ਅਵਸਥਾ ਵਿਚ ਪ੍ਰਭੂ-ਚਰਨਾਂ ਵਿਚ ਜੁੜ ਕੇ (ਜੁੜੇ) ਮਨ ਦੀ ਮੌਜ ਨਾਲ ਅਰਜ਼ੋਈ ਕਰਦਾ ਹੈ ਕਿ ਪ੍ਰਭੂ ਦਾ ਨਾਮ ਮੇਰੀ ਜਿੰਦ ਹੈ, 'ਨਾਮ' ਤੋਂ ਬਿਨਾ ਮੈਂ ਜੀਊ ਨਹੀਂ ਸਕਦਾ, (ਤਾਂ ਇਸ ਤਰ੍ਹਾਂ) ਮਨ ਵਿਚੋਂ ਆਪਾ-ਭਾਵ ਗਵਾ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਨਾਮ-ਅੰਮ੍ਰਿਤ ਮਿਲਦਾ ਹੈ। ਹੇ ਨਾਨਕ! ਜਿਸ ਪ੍ਰਭੂ ਤੋਂ ਬਿਨਾ ਇਕ ਪਲਕ ਭਰ ਭੀ ਜੀਵਿਆ ਨਹੀਂ ਜਾ ਸਕਦਾ, ਸਤਿਗੁਰੂ ਨੇ (ਅਰਜ਼ੋਈ ਕਰਨ ਵਾਲੇ ਨੂੰ) ਉਹ ਪ੍ਰਭੂ ਮਿਲਾ ਦਿੱਤਾ ਹੈ (ਭਾਵ, ਮਿਲਾ ਦੇਂਦਾ ਹੈ) ।2।

ਪਉੜੀ ॥ ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥ ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ ॥ ਲਖ ਚਉਰਾਸੀਹ ਮੇਦਨੀ ਤੁਝ ਹੀ ਤੇ ਹੋਈ ॥ ਇਕਿ ਰਾਜੇ ਖਾਨ ਮਲੂਕ ਕਹਹਿ ਕਹਾਵਹਿ ਕੋਈ ॥ ਇਕਿ ਸਾਹ ਸਦਾਵਹਿ ਸੰਚਿ ਧਨੁ ਦੂਜੈ ਪਤਿ ਖੋਈ ॥ ਇਕਿ ਦਾਤੇ ਇਕ ਮੰਗਤੇ ਸਭਨਾ ਸਿਰਿ ਸੋਈ ॥ ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ ॥ ਕੂੜ ਨਿਖੁਟੇ ਨਾਨਕਾ ਸਚੁ ਕਰੇ ਸੁ ਹੋਈ ॥੧੨॥ {ਪੰਨਾ 1283}

ਪਦ ਅਰਥ: ਖੰਡ = ਹਿੱਸੇ। ਅਸੰਖ = ਬੇਅੰਤ। ਸਿਰਜੀ = ਪੈਦਾ ਕੀਤੀ। ਤੇ = ਤੋਂ। ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) ਕਈ। ਸਦਾਵਹਿ = ਅਖਵਾਂਦੇ ਹਨ। ਦੂਜੈ = ਮਾਇਆ ਦੇ ਮੋਹ ਵਿਚ। ਪਤਿ = ਇੱਜ਼ਤ। ਸਿਰਿ = ਸਿਰ ਉੱਤੇ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਕੂੜ = ਮਾਇਆ ਦੇ ਸੌਦੇ। ਗੋਵਿੰਦੁ = ਧਰਤੀ ਦੀ ਸਾਰ ਲੈਣ ਵਾਲਾ। ਗੋਈ = ਨਾਸ ਕੀਤੀ। ਮੇਦਨੀ = ਧਰਤੀ, ਸ੍ਰਿਸ਼ਟੀ। ਸੰਚਿ = ਇਕੱਠਾ ਕਰ ਕੇ। ਬਾਜਾਰੀਆ = ਮਸਖ਼ਰੇ, ਬਹੁ-ਰੂਪੀਏ। ਭੀਹਾਵਲਿ = ਡਰਾਉਣੀ (ਧਰਤੀ) ।

ਅਰਥ: (ਇਸ ਸ੍ਰਿਸ਼ਟੀ ਦੇ) ਬੇਅੰਤ ਧਰਤੀਆਂ ਤੇ ਪਾਤਾਲ ਹਨ, ਮੈਥੋਂ ਗਿਣੇ ਨਹੀਂ ਜਾ ਸਕਦੇ। (ਹੇ ਪ੍ਰਭੂ!) ਤੂੰ (ਇਸ ਸ੍ਰਿਸ਼ਟੀ ਨੂੰ) ਪੈਦਾ ਕਰਨ ਵਾਲਾ ਹੈਂ ਤੂੰ ਹੀ ਇਸ ਦੀ ਸਾਰ ਲੈਣ ਵਾਲਾ ਹੈਂ, ਤੂੰ ਹੀ ਪੈਦਾ ਕੀਤੀ ਹੈ ਤੂੰ ਹੀ ਨਾਸ ਕਰਦਾ ਹੈਂ। ਸ੍ਰਿਸ਼ਟੀ ਦੀ ਚੌਰਾਸੀ ਲਖ ਜੂਨ ਤੈਥੋਂ ਹੀ ਪੈਦਾ ਹੋਈ ਹੈ।

(ਇਥੇ) ਕਈ ਆਪਣੇ ਆਪ ਨੂੰ ਰਾਜੇ ਖ਼ਾਨ ਤੇ ਮਲਕ ਆਖਦੇ ਹਨ ਤੇ ਅਖਵਾਂਦੇ ਹਨ, ਕਈ ਧਨ ਇਕੱਠਾ ਕਰ ਕੇ (ਆਪਣੇ ਆਪ ਨੂੰ) ਸ਼ਾਹ ਸਦਾਂਦੇ ਹਨ, (ਪਰ) ਇਸ ਦੂਜੇ ਮੋਹ ਵਿਚ ਪੈ ਕੇ ਇੱਜ਼ਤ ਗਵਾ ਲੈਂਦੇ ਹਨ। ਇਥੇ ਕਈ ਦਾਤੇ ਹਨ ਕਈ ਮੰਗਤੇ ਹਨ (ਪਰ ਕੀਹ ਦਾਤੇ ਤੇ ਕੀਹ ਮੰਗਤੇ) ਸਭਨਾਂ ਦੇ ਸਿਰ ਉਤੇ ਉਹ ਪ੍ਰਭੂ ਹੀ ਖਸਮ ਹੈ।

(ਭਾਵੇਂ ਰਾਜੇ ਸਦਾਣ ਭਾਵੇਂ ਸ਼ਾਹ ਅਖਵਾਣ) ਪ੍ਰਭੂ ਦੇ ਨਾਮ ਤੋਂ ਬਿਨਾ ਜੀਵ (ਮਾਨੋ) ਬਹੁ-ਰੂਪੀਏ ਹਨ (ਧਰਤੀ ਇਹਨਾਂ ਦੇ ਭਾਰ ਨਾਲ) ਭੈ-ਭੀਤ ਹੋਈ ਹੋਈ ਹੈ। ਹੇ ਨਾਨਕ! (ਇਹ ਰਾਜੇ ਤੇ ਸ਼ਾਹੂਕਾਰ ਆਦਿਕ) ਕੂੜ ਦੇ ਸੌਦੇ ਮੁੱਕ ਜਾਂਦੇ ਹਨ (ਭਾਵ ਤ੍ਰਿਸ਼ਨਾ-ਅਧੀਨ ਹੋ ਕੇ ਰਾਜ ਧਨ ਆਦਿਕ ਦਾ ਮਾਣ ਕੂੜਾ ਹੈ) ਜੋ ਕੁਝ ਸਦਾ-ਥਿਰ ਰਹਿਣ ਵਾਲਾ ਪ੍ਰਭੂ ਕਰਦਾ ਹੈ ਉਹੀ ਹੈ।12।

ਸਲੋਕ ਮਃ ੩ ॥ ਬਾਬੀਹਾ ਗੁਣਵੰਤੀ ਮਹਲੁ ਪਾਇਆ ਅਉਗਣਵੰਤੀ ਦੂਰਿ ॥ ਅੰਤਰਿ ਤੇਰੈ ਹਰਿ ਵਸੈ ਗੁਰਮੁਖਿ ਸਦਾ ਹਜੂਰਿ ॥ ਕੂਕ ਪੁਕਾਰ ਨ ਹੋਵਈ ਨਦਰੀ ਨਦਰਿ ਨਿਹਾਲ ॥ ਨਾਨਕ ਨਾਮਿ ਰਤੇ ਸਹਜੇ ਮਿਲੇ ਸਬਦਿ ਗੁਰੂ ਕੈ ਘਾਲ ॥੧॥ {ਪੰਨਾ 1283}

ਪਦ ਅਰਥ: ਹਜੂਰਿ = ਅੰਗ-ਸੰਗ। ਘਾਲ = ਮਿਹਨਤ। ਮਹਲੁ = ਪਰਮਾਤਮਾ ਦੀ ਹਜ਼ੂਰੀ। ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਹੋਵਈ = ਹੋਵਏ, ਹੋਵੈ, ਹੁੰਦੀ। ਨਦਰੀ = ਮਿਹਰ ਦੀ ਨਿਗਾਹ ਰੱਖਣ ਵਾਲਾ। ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ (ਟਿਕ ਕੇ) । ਸਬਦਿ = ਸ਼ਬਦ ਵਿਚ (ਜੁੜ ਕੇ) ।

ਅਰਥ: ਹੇ (ਜੀਵ-) ਪਪੀਹੇ! ਗੁਣਾਂ ਵਾਲੀ (ਜੀਵ-ਇਸਤ੍ਰੀ) ਨੂੰ ਰੱਬ ਦਾ ਘਰ ਲੱਭ ਪੈਂਦਾ ਹੈ, ਪਰ ਅਉਗਣਿਆਰੀ ਉਸ ਤੋਂ ਵਿਥ ਤੇ ਰਹਿੰਦੀ ਹੈ। ਹੇ (ਜੀਵ-) ਪਪੀਹੇ! ਤੇਰੇ ਅੰਦਰ ਹੀ ਰੱਬ ਵੱਸਦਾ ਹੈ, ਗੁਰੂ ਦੇ ਸਨਮੁਖ ਹੋਇਆਂ ਸਦਾ ਅੰਗ-ਸੰਗ ਦਿੱਸਦਾ ਹੈ (ਗੁਰੂ ਦੀ ਸਰਨ ਪਿਆਂ) ਕਿਸੇ ਕੂਕ ਪੁਕਾਰ ਦੀ ਲੋੜ ਨਹੀਂ ਰਹਿੰਦੀ, ਮੇਹਰਾਂ ਦੇ ਸਾਂਈ ਦੀ ਮਿਹਰ ਦੀ ਨਜ਼ਰ ਨਾਲ ਨਿਹਾਲ ਹੋ ਜਾਈਦਾ ਹੈ। ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਬੰਦੇ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਘਾਲ ਕਮਾਈ ਕਰ ਕੇ ਆਤਮਕ ਅਡੋਲਤਾ ਵਿਚ ਟਿਕੇ ਰਹਿ ਕੇ ਉਸ ਨੂੰ ਮਿਲ ਪੈਂਦੇ ਹਨ।1।

TOP OF PAGE

Sri Guru Granth Darpan, by Professor Sahib Singh