ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1287 ਸਲੋਕ ਮਃ ੧ ॥ ਰਾਤੀ ਕਾਲੁ ਘਟੈ ਦਿਨਿ ਕਾਲੁ ॥ ਛਿਜੈ ਕਾਇਆ ਹੋਇ ਪਰਾਲੁ ॥ ਵਰਤਣਿ ਵਰਤਿਆ ਸਰਬ ਜੰਜਾਲੁ ॥ ਭੁਲਿਆ ਚੁਕਿ ਗਇਆ ਤਪ ਤਾਲੁ ॥ ਅੰਧਾ ਝਖਿ ਝਖਿ ਪਇਆ ਝੇਰਿ ॥ ਪਿਛੈ ਰੋਵਹਿ ਲਿਆਵਹਿ ਫੇਰਿ ॥ ਬਿਨੁ ਬੂਝੇ ਕਿਛੁ ਸੂਝੈ ਨਾਹੀ ॥ ਮੋਇਆ ਰੋਂਹਿ ਰੋਂਦੇ ਮਰਿ ਜਾਂਹੀ ॥ ਨਾਨਕ ਖਸਮੈ ਏਵੈ ਭਾਵੈ ॥ ਸੇਈ ਮੁਏ ਜਿਨ ਚਿਤਿ ਨ ਆਵੈ ॥੧॥ {ਪੰਨਾ 1287} ਪਦ ਅਰਥ: ਰਾਤੀ ਦਿਨਿ = ਰਾਤਿ ਤੇ ਦਿਨ ਦੀ ਰਾਹੀਂ; (ਭਾਵ) ਜਿਉਂ ਜਿਉਂ ਦਿਨ ਰਾਤਿ ਬੀਤਦੇ ਹਨ। ਕਾਲੁ = ਜ਼ਿੰਦਗੀ ਦਾ ਸਮਾ। ਕਾਇਆ = ਸਰੀਰ। ਛਿਜੈ = ਪੁਰਾਣਾ ਹੋ ਰਿਹਾ ਹੈ, ਬਿਰਧ ਹੋ ਰਿਹਾ ਹੈ। ਪਰਾਲੁ = ਪਰਾਲੀ ਵਾਂਗ ਫੋਕਾ ਕਮਜ਼ੋਰ। ਵਰਤਣਿ = ਜਗਤ ਦਾ ਵਰਤਣ-ਵਲੇਵਾ। ਜੰਜਾਲੁ = ਫਾਹੀ। ਤਪ ਤਾਲੁ = ਤਪ ਦੀ ਜਾਚ, ਬੰਦਗੀ ਦਾ ਵੱਲ। ਝੇਰਿ = ਝੇੜੇ ਵਿਚ, ਗੇੜ ਵਿਚ। ਲਿਆਵਹਿ ਫੇਰਿ = ਮੋੜ ਲਿਆਈਏ। ਰੋਂਹਿ = ਰੋਂਦੇ ਹਨ। ਮਰਿ ਜਾਂਹੀ = ਖਪਦੇ ਹਨ। ਅਰਥ: ਜਿਉਂ ਜਿਉਂ ਰਾਤਿ ਦਿਨ ਬੀਤਦੇ ਹਨ ਉਮਰ ਦਾ ਸਮਾ ਘਟਦਾ ਹੈ, ਸਰੀਰ ਬੁੱਢਾ ਹੁੰਦਾ ਜਾਂਦਾ ਹੈ ਤੇ ਕਮਜ਼ੋਰ ਪੈਂਦਾ ਜਾਂਦਾ ਹੈ; ਜਗਤ ਦਾ ਵਰਤਣਿ-ਵਲੇਵਾ (ਜੀਵ ਲਈ) ਸਾਰਾ ਫਾਹੀ ਬਣਦਾ ਜਾਂਦਾ ਹੈ (ਇਸ ਵਿਚ) ਭੁੱਲੇ ਹੋਏ ਨੂੰ ਬੰਦਗੀ ਦੀ ਜਾਚ ਵਿੱਸਰ ਜਾਂਦੀ ਹੈ। (ਜਗਤ ਦੇ ਵਰਤਣਿ-ਵਲੇਵੇ ਵਿਚ) ਅੰਨ੍ਹਾ ਹੋਇਆ ਜੀਵ (ਇਸ ਵਿਚ) ਝਖਾਂ ਮਾਰ ਮਾਰ ਕੇ (ਕਿਸੇ ਲੰਮੇ) ਝੰਬੇਲੇ ਵਿਚ ਜਾ ਪੈਂਦਾ ਹੈ, ਤੇ, (ਉਸ ਦੇ ਮਰਨ) ਪਿਛੋਂ (ਉਸ ਦੇ ਸਨਬੰਧੀ) ਰੋਂਦੇ ਹਨ (ਤੇ ਵੈਣ ਕਰਦੇ ਹਨ ਕਿ ਉਸ ਨੂੰ ਕਿਵੇਂ) ਮੋੜ ਲਿਆਈਏ। ਸਮਝਣ ਤੋਂ ਬਿਨਾ ਜਗਤ ਨੂੰ (ਵਰਤਣਿ-ਵਲੇਵੇ ਵਿਚ) ਕੁਝ ਸੁੱਝਦਾ ਨਹੀਂ; (ਮਰਨ ਵਾਲਾ ਤਾਂ) ਮਰ ਗਿਆ, (ਪਿਛਲੇ) ਰੋਂਦੇ ਹਨ ਤੇ ਰੋ ਰੋ ਕੇ ਖਪਦੇ ਹਨ। ਪਰ, ਹੇ ਨਾਨਕ! ਖਸਮ ਪ੍ਰਭੂ ਨੂੰ ਇਉਂ ਹੀ ਚੰਗਾ ਲੱਗਦਾ ਹੈ (ਕਿ ਜੀਵ ਇਸੇ ਤਰ੍ਹਾਂ ਪਏ ਖਪਣ) । (ਅਸਲ ਵਿਚ) ਆਤਮਕ ਮੌਤੇ ਮਰੇ ਹੋਏ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਨਹੀਂ ਵੱਸਦਾ। ਮਃ ੧ ॥ ਮੁਆ ਪਿਆਰੁ ਪ੍ਰੀਤਿ ਮੁਈ ਮੁਆ ਵੈਰੁ ਵਾਦੀ ॥ ਵੰਨੁ ਗਇਆ ਰੂਪੁ ਵਿਣਸਿਆ ਦੁਖੀ ਦੇਹ ਰੁਲੀ ॥ ਕਿਥਹੁ ਆਇਆ ਕਹ ਗਇਆ ਕਿਹੁ ਨ ਸੀਓ ਕਿਹੁ ਸੀ ॥ ਮਨਿ ਮੁਖਿ ਗਲਾ ਗੋਈਆ ਕੀਤਾ ਚਾਉ ਰਲੀ ॥ ਨਾਨਕ ਸਚੇ ਨਾਮ ਬਿਨੁ ਸਿਰ ਖੁਰ ਪਤਿ ਪਾਟੀ ॥੨॥ {ਪੰਨਾ 1287} ਪਦ ਅਰਥ: ਵਾਦੀ = ਵਾਦ ਕਰਨ ਵਾਲਾ, (ਵਾਦੁ = ਝਗੜਾ) ਝਗੜਿਆਂ ਦਾ ਮੂਲ (ਜਿਵੇਂ 'ਧਨ' ਤੋਂ 'ਧਨੀ') । ਵੰਨੁ = ਰੰਗ। ਦੁਖੀ ਦੇਹ = ਵਿਚਾਰਾ ਸਰੀਰ। ਕਹ = ਕਿਥੇ? ਕਿਹੁ ਨ ਸੀਓ = ਇਹ ਕੁਝ ਉਹ ਨਹੀਂ ਸੀ। ਮਨਿ = ਮਨ ਵਿਚ। ਮੁਖਿ = ਮੂੰਹ ਨਾਲ। ਗੋਈਆ = ਆਖੀਆਂ। ਰਲੀ = ਰਲੀਆਂ। ਸਿਰ ਖੁਰ = ਸਿਰ ਤੋਂ ਪੈਰਾਂ ਤਕ, ਸਾਰੀ ਦੀ ਸਾਰੀ। ਪਤਿ = ਇੱਜ਼ਤ। (ਨੋਟ: ਇਉਂ ਮਲੂਮ ਹੁੰਦਾ ਹੈ ਕਿ ਇਹ ਸ਼ਲੋਕ ਉਚਾਰਨ ਵੇਲੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਅਜੇ ਐਮਨਾਬਾਦ ਦੀ ਕਤਲਾਮ ਦੀ ਘਟਨਾ ਤਾਜ਼ਾ ਸੀ, ਜਿਥੇ ਇਸਤ੍ਰੀਆਂ ਦੀ ਬੇ-ਪਤੀ ਬਾਰੇ ਉਹਨਾਂ ਇਹ ਦਰਦ-ਭਰੇ ਬਚਨ ਉਚਾਰੇ ਸਨ = 'ਇਕਨ੍ਹ੍ਹਾ ਪੇਰਣ ਸਿਰਖੁਰ ਪਾਟੇ ਇਕਨ੍ਹ੍ਹਾ ਵਾਸੁ ਮਸਾਣੀ') । ਅਰਥ: (ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਉਸ ਦਾ ਉਹ) ਪ੍ਰੀਤ-ਪਿਆਰ ਮੁੱਕ ਜਾਂਦਾ ਹੈ (ਜੋ ਉਹ ਆਪਣੇ ਸਨਬੰਧੀਆਂ ਨਾਲ ਕਰਦਾ ਸੀ) ਝਗੜਿਆਂ ਦਾ ਮੂਲ ਵੈਰ ਭੀ ਖ਼ਤਮ ਹੋ ਜਾਂਦਾ ਹੈ; (ਸਰੀਰ ਦਾ ਸੋਹਣਾ) ਰੰਗ ਰੂਪ ਨਾਸ ਹੋ ਜਾਂਦਾ ਹੈ, ਵਿਚਾਰਾ ਸਰੀਰ ਭੀ ਰੁਲ ਜਾਂਦਾ ਹੈ (ਅੱਗ ਜਾਂ ਮਿੱਟੀ ਆਦਿਕ ਦੇ ਹਵਾਲੇ ਹੋ ਜਾਂਦਾ ਹੈ) । (ਉਸ ਦੇ ਸਨਬੰਧੀ ਤੇ ਭਾਈਚਾਰੇ ਦੇ ਬੰਦੇ) ਮਨ ਵਿਚ (ਖ਼ਿਆਲ ਕਰਦੇ ਹਨ) ਤੇ ਮੂੰਹੋਂ ਗੱਲਾਂ ਕਰਦੇ ਹਨ ਕਿ ਉਹ ਕਿਥੋਂ ਆਇਆ ਸੀ ਕਿਥੇ ਤੁਰ ਗਿਆ (ਭਾਵ, ਜਿਥੋਂ ਆਇਆ ਸੀ ਓਥੇ ਚਲਾ ਗਿਆ) ਉਹ ਇਹੋ ਜਿਹਾ ਨਹੀਂ ਸੀ ਤੇ ਇਹੋ ਜਿਹਾ ਹੈਸੀ (ਭਾਵ ਉਸ ਵਿਚ ਫਲਾਣੇ ਐਬ ਨਹੀਂ ਸਨ, ਤੇ, ਉਸ ਵਿਚ ਫਲਾਣੇ ਗੁਣ ਸਨ) , ਉਹ ਬੜੇ ਚਾਉ ਤੇ ਰਲੀਆਂ ਮਾਣ ਗਿਆ ਹੈ। ਪਰ, ਹੇ ਨਾਨਕ! (ਲੋਕ ਜੋ ਚਾਹੇ ਆਖੇ) ਪਰਮਾਤਮਾ ਦੇ ਨਾਮ ਤੋਂ ਬਿਨਾ (ਲੋਕਾਂ ਵਲੋਂ ਹੋਈ ਹੋਈ) ਸਾਰੀ ਦੀ ਸਾਰੀ ਇੱਜ਼ਤ ਲੀਰਾਂ ਹੋ ਗਈ (ਸਮਝੋ) ।2। ਪਉੜੀ ॥ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਅੰਤੇ ਹੋਇ ਸਖਾਈ ॥ ਬਾਝੁ ਗੁਰੂ ਜਗਤੁ ਬਉਰਾਨਾ ਨਾਵੈ ਸਾਰ ਨ ਪਾਈ ॥ ਸਤਿਗੁਰੁ ਸੇਵਹਿ ਸੇ ਪਰਵਾਣੁ ਜਿਨ੍ਹ੍ਹ ਜੋਤੀ ਜੋਤਿ ਮਿਲਾਈ ॥ ਸੋ ਸਾਹਿਬੁ ਸੋ ਸੇਵਕੁ ਤੇਹਾ ਜਿਸੁ ਭਾਣਾ ਮੰਨਿ ਵਸਾਈ ॥ ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ ਅੰਧਾ ਅੰਧੁ ਕਮਾਈ ॥ ਬਿਖਿਆ ਕਦੇ ਹੀ ਰਜੈ ਨਾਹੀ ਮੂਰਖ ਭੁਖ ਨ ਜਾਈ ॥ ਦੂਜੈ ਸਭੁ ਕੋ ਲਗਿ ਵਿਗੁਤਾ ਬਿਨੁ ਸਤਿਗੁਰ ਬੂਝ ਨ ਪਾਈ ॥ ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਸ ਨੋ ਕਿਰਪਾ ਕਰੇ ਰਜਾਈ ॥੨੦॥ {ਪੰਨਾ 1287} ਪਦ ਅਰਥ: ਸਖਾਈ = ਸਖਾ, ਮਿੱਤਰ। ਬਉਰਾਨਾ = ਕਮਲਾ ਜਿਹਾ। ਸਾਰ = ਕਦਰ, ਸੂਝ। ਜੋਤਿ = ਜਿੰਦ, ਸੁਰਤਿ। ਮੰਨਿ = ਮਨ ਵਿਚ। ਕਹੁ ਕਿਨਿ = ਦੱਸ, ਕਿਸ ਨੇ? (ਭਾਵ) ਕਿਸੇ ਨੇ ਨਹੀਂ। ਅੰਧੁ = ਅੰਨ੍ਹ-ਪੁਣਾ, ਅੰਨ੍ਹਿਆਂ ਵਾਲਾ ਕੰਮ। ਬਿਖਿਆ = ਮਾਇਆ। ਵਿਗੁਤਾ = ਖ਼ੁਆਰ ਹੁੰਦਾ ਹੈ। ਰਜਾਈ = ਰਜ਼ਾ ਦਾ ਮਾਲਕ-ਪ੍ਰਭੂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਾਵੈ = ਨਾਮ ਦੀ। ਜਿਸੁ ਮੰਨਿ = ਜਿਸ ਦੇ ਮਨ ਵਿਚ। ਸਭੁ ਕੋ = ਹਰੇਕ ਜੀਵ। ਲਗਿ = ਲੱਗ ਕੇ। ਦੂਜੈ = (ਪਰਮਾਤਮਾ ਤੋਂ ਬਿਨਾ) ਹੋਰ (ਦੇ ਪਿਆਰ) ਵਿਚ। ਬੂਝ = ਸਮਝ। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) । ਜੋਤੀ = ਪਰਮਾਤਮਾ ਵਿਚ। ਅਰਥ: ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਸੁਖ ਦੇਣ ਵਾਲਾ ਹੈ, ਆਖ਼ਰ ('ਨਾਮ' ਹੀ) ਮਿੱਤਰ ਬਣਦਾ ਹੈ। ਪਰ ਜਗਤ, ਗੁਰੂ ਤੋਂ ਬਿਨਾ ਕਮਲਾ ਜਿਹਾ ਹੋ ਰਿਹਾ ਹੈ, (ਕਿਉਂਕਿ ਗੁਰੂ ਤੋਂ ਬਿਨਾ ਇਸ ਨੂੰ) ਨਾਮ ਦੀ ਕਦਰ ਨਹੀਂ ਪੈਂਦੀ। ਜਿਹੜੇ ਬੰਦੇ ਗੁਰੂ ਦੇ ਕਹੇ ਅਨੁਸਾਰ ਤੁਰਦੇ ਹਨ (ਤੇ ਇਸ ਤਰ੍ਹਾਂ) ਜਿਨ੍ਹਾਂ ਨੇ ਪ੍ਰਭੂ ਵਿਚ ਆਪਣੀ ਸੁਰਤਿ ਜੋੜੀ ਹੈ ਉਹ (ਪ੍ਰਭੂ-ਦਰ ਤੇ) ਕਬੂਲ ਹਨ। ਜਿਸ ਮਨੁੱਖ ਨੂੰ ਪ੍ਰਭੂ ਆਪਣਾ ਭਾਣਾ (ਮਿੱਠਾ ਕਰ) ਮਨਾਂਦਾ ਹੈ ਉਹ ਸੇਵਕ ਉਹੋ ਜਿਹਾ ਹੋ ਜਾਂਦਾ ਹੈ ਜੈਸਾ ਪ੍ਰਭੂ-ਮਾਲਕ ਹੈ। ਆਪਣੀ ਮਰਜ਼ੀ ਅਨੁਸਾਰ ਤੁਰ ਕੇ ਕਦੇ ਕੋਈ ਮਨੁੱਖ ਸੁਖ ਨਹੀਂ ਪਾਂਦਾ, ਅੰਨ੍ਹਾ ਸਦਾ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਹੈ; ਮੂਰਖ ਦੀ (ਮਾਇਆ ਦੀ) ਭੁੱਖ ਮੁੱਕਦੀ ਨਹੀਂ, ਮਾਇਆ ਵਿਚ ਕਦੇ ਉਹ ਰੱਜਦਾ ਨਹੀਂ ਹੈ। ਮਾਇਆ ਵਿਚ ਲੱਗ ਕੇ ਹਰ ਕੋਈ ਖ਼ੁਆਰ ਹੀ ਹੁੰਦਾ ਹੈ, ਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ (ਕਿ ਮਾਇਆ ਦਾ ਮੋਹ ਖ਼ੁਆਰੀ ਦਾ ਹੀ ਮੂਲ ਹੈ) । ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਕਹੇ ਅਨੁਸਾਰ ਤੁਰਦਾ ਹੈ ਤੇ ਸੁਖ ਪਾਂਦਾ ਹੈ। 20। ਸਲੋਕ ਮਃ ੧ ॥ ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ ॥ ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ ॥ ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥ ਜਿਨ੍ਹ੍ਹ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ॥੧॥ {ਪੰਨਾ 1287} ਪਦ ਅਰਥ: ਪਲੈ ਪਾਇ = ਮਿਲ ਜਾਏ (ਨੋਟ: 'ਧਨੁ ਪਲੈ ਪਾਇ' ਅਤੇ 'ਪਲੈ ਧਨੁ ਵਸੈ' ਵਿਚ ਲਫ਼ਜ਼ 'ਪੱਲਾ' ਸਾਂਝਾ ਹੋਣ ਤੋਂ ਇਉਂ ਜਾਪਦਾ ਹੈ ਕਿ ਲਫ਼ਜ਼ 'ਧਨ' ਦਾ ਅਰਥ ਦੋਹੀਂ ਥਾਈਂ ਇੱਕੋ ਹੀ ਹੈ। ਸੋ 'ਧਨੁ ਪਲੈ ਪਾਇ' ਵਿਚ 'ਨਾਮ-ਧਨ' ਦਾ ਜ਼ਿਕਰ ਨਹੀਂ ਹੈ। 'ਸਰਮੁ ਧਰਮੁ ਦੁਇ' = ਇਹ ਲਫ਼ਜ਼ ਦੱਸਦੇ ਹਨ ਕਿ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਉਹ ਘਟਨਾ ਮੌਜੂਦ ਹੈ ਜਿਸ ਬਾਰੇ ਉਹਨਾਂ ਉਚਾਰਿਆ ਸੀ 'ਸਰਮੁ ਧਰਮੁ ਦੁਇ ਛਪਿ ਖਲੋਏ'। ਸ਼ੁਰੂ ਵਿਚ ਇਹ ਦੱਸਿਆ ਗਿਆ ਹੈ ਕਿ ਇਹ ਵਾਰ ਐਮਨਾਬਾਦ ਦੀ ਕਤਲਾਮ ਤੋਂ ਛੇਤੀ ਹੀ ਪਿਛੋਂ ਲਿਖੀ ਜਾਪਦੀ ਹੈ, ਪਰ ਇਹ ਗੱਲ ਭੀ ਸੁਆਦਲੀ ਹੈ ਕਿ ਗੁਰੂ ਅਰਜਨ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਕੁਝ ਸ਼ਲੋਕ ਭੀ ਐਸੇ ਇਥੇ ਦਰਜ ਕੀਤੇ ਹਨ ਜੋ ਉਸੇ ਹੀ ਘਟਨਾ ਦਾ ਚੇਤਾ ਕਰਾਂਦੇ ਹਨ) । ਕਾਂਢੀਐ = ਕਿਹਾ ਜਾਂਦਾ ਹੈ। ਸਰਮੁ = ਇੱਜ਼ਤ। ਦੁਇ = ਦੋਵੇਂ। ਜਿਤੁ = ਜਿਸ (ਧਨ) ਦੀ ਰਾਹੀਂ। ਸਿਰਿ = ਸਿਰ ਉਤੇ। ਖਾਇ = ਖਾਂਦਾ ਹੈ, ਸਹਾਰਦਾ ਹੈ। ਕੈ ਪਲੈ = ਦੇ ਪੱਲੇ ਵਿਚ। ਹਿਰਦੈ = ਹਿਰਦੇ ਵਿਚ। ਗੁਣੀ ਗਹੀਰ = ਗੁਣਾਂ ਦੇ ਸਮੁੰਦਰ। ਅਰਥ: ਹੇ ਨਾਨਕ! (ਜਗਤ ਸਮਝਦਾ ਹੈ ਕਿ) ਜੇ ਧਨ ਮਿਲ ਜਾਏ ਤਾਂ ਇੱਜ਼ਤ ਬਣੀ ਰਹਿੰਦੀ ਹੈ ਤੇ ਧਰਮ ਕਮਾ ਸਕੀਦਾ ਹੈ। ਪਰ, ਜਿਸ (ਧਨ) ਦੇ ਕਾਰਣ ਸਿਰ ਉਤੇ ਚੋਟਾਂ ਪੈਣ ਉਹ ਧਨ ਮਿੱਤ੍ਰ (ਭਾਵ, ਸ਼ਰਮ ਧਰਮ ਵਿਚ ਸਹਾਈ) ਨਹੀਂ ਕਿਹਾ ਜਾ ਸਕਦਾ। ਜਿਨ੍ਹਾਂ ਪਾਸ ਧਨ ਹੈ ਉਹਨਾਂ ਦਾ ਨਾਮ 'ਕੰਗਾਲ' ਹੈ; (ਉਹ ਆਤਮਕ ਜੀਵਨ ਵਿਚ ਕੰਗਾਲ ਹਨ) ; ਤੇ ਹੇ ਪ੍ਰਭੂ! ਜਿਨ੍ਹਾਂ ਦੇ ਹਿਰਦੇ ਵਿਚ ਤੂੰ ਆਪ ਵੱਸਦਾ ਹੈਂ ਉਹ ਹਨ ਗੁਣਾਂ ਦੇ ਸਮੁੰਦਰ।1। ਮਃ ੧ ॥ ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥ ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥ ਰੂਪੀ ਭੁਖ ਨ ਉਤਰੈ ਜਾਂ ਦੇਖਾਂ ਤਾਂ ਭੁਖ ॥ ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ ॥੨॥ {ਪੰਨਾ 1287} ਪਦ ਅਰਥ: ਦੁਨੀ = ਦੁਨੀਆ, ਮਾਇਆ। ਰੂਪੀ = ਰੂਪਾਂ ਦੀ ਰਾਹੀਂ, ਰੂਪ ਵੇਖ ਵੇਖ ਕੇ। ਰਸ = ਚਸਕੇ। ਦੁਖੀ = ਦੁੱਖਾਂ ਨਾਲ। ਸਹੇੜੀਐ = ਜੋੜੀਦੀ ਹੈ। ਲਗਹਿ = ਲੱਗਦੇ ਹਨ। ਤੇਤੇ = ਉਤਨੇ ਹੀ। ਅਰਥ: ਦੁੱਖ ਸਹਿ ਸਹਿ ਕੇ ਧਨ ਇਕੱਠਾ ਕਰੀਦਾ ਹੈ, ਜੇ ਇਹ ਗੁਆਚ ਜਾਏ ਤਾਂ ਭੀ ਦੁੱਖ ਹੀ ਮਾਰਦੇ ਹਨ। ਹੇ ਨਾਨਕ! ਪ੍ਰਭੂ ਦੇ ਸੱਚੇ ਨਾਮ ਤੋਂ ਬਿਨਾ ਕਿਸੇ ਦੀ ਤ੍ਰਿਸ਼ਨਾ ਮਿਟਦੀ ਨਹੀਂ। 'ਰੂਪ' ਵੇਖਣ ਨਾਲ (ਰੂਪ ਵੇਖਣ ਦੀ) ਤ੍ਰਿਸ਼ਨਾ ਜਾਂਦੀ ਨਹੀਂ (ਸਗੋਂ) ਜਿਉਂ ਜਿਉਂ ਵੇਖੀਏ, ਤਿਉਂ ਤਿਉਂ ਹੋਰ ਤ੍ਰਿਸ਼ਨਾ (ਵਧਦੀ ਹੈ) । ਜਿਸਮ ਦੇ ਜਿਤਨੇ ਭੀ ਵਧੀਕ ਚਸਕੇ ਹਨ, ਉਤਨੇ ਹੀ ਵਧੀਕ ਇਸ ਨੂੰ ਦੁੱਖ ਵਿਆਪਦੇ ਹਨ।2। ਮਃ ੧ ॥ ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ ॥ ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ ॥ ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ ॥ ਨਾਨਕ ਸਚੇ ਨਾਮ ਵਿਣੁ ਕੇਤੇ ਡੁਬੇ ਸਾਥ ॥੩॥ {ਪੰਨਾ 1287} ਪਦ ਅਰਥ: ਅੰਧੀ ਕੰਮੀ = ਉਹਨਾਂ ਕੰਮਾਂ ਦੇ ਕਾਰਨ ਜੋ ਵਿਚਾਰ-ਹੀਣ ਹੋ ਕੇ ਕੀਤੇ ਜਾਣ। ਅੰਧੁ = ਅੰਨ੍ਹਾ, ਵਿਚਾਰ ਤੋਂ ਸੱਖਣਾ। ਤਨੁ = (ਭਾਵ,) ਗਿਆਨ-ਇੰਦ੍ਰੇ। ਪਥਰ ਬੰਧੁ = ਪੱਥਰਾਂ ਦਾ ਬੰਨ੍ਹ; (ਭਾਵ,) ਪ੍ਰਭੂ ਦੇ ਨਾਮ ਦੀ ਵਿਚਾਰ। ਤੁਲਹਾ = ਹੌਲੀਆਂ ਹੌਲੀਆਂ ਲੱਕੜਾਂ ਦਾ ਬੱਧਾ ਹੋਇਆ ਗੱਠਾ ਜੋ ਦਰੀਆ ਦੇ ਕੰਢੇ ਦੇ ਲੋਕ ਬੇੜੀ ਦੇ ਥਾਂ ਵਰਤਦੇ ਹਨ। ਹਾਥ = ਡੂੰਘਾਈ, ਥਾਹ। ਸਾਥ = ਕਾਫ਼ਲੇ, ਪੂਰਾਂ ਦੇ ਪੂਰ। ਮਨਿ ਅੰਧੈ = ਜੇ ਮਨ ਅੰਨ੍ਹਾ ਹੋ ਜਾਏ। ਚਿਕੜਿ ਲਾਇਐ = ਜੇ ਚਿੱਕੜ ਲਾਇਆ ਜਾਏ। ਕੇਤੇ = ਅਨੇਕਾਂ। ਅਰਥ: ਜਿਉਂ ਜਿਉਂ ਵਿਚਾਰ-ਹੀਣ ਹੋ ਕੇ ਮੰਦੇ ਕੰਮ ਕੀਤੇ ਜਾਣ, ਤਿਉਂ ਤਿਉਂ ਮਨ ਅੰਨ੍ਹਾ (ਭਾਵ, ਵਿਚਾਰੋਂ ਸੱਖਣਾ) ਹੁੰਦਾ ਜਾਂਦਾ ਹੈ; ਤੇ ਮਨ ਵਿਚਾਰ-ਹੀਣ ਹੋਇਆ ਗਿਆਨ-ਇੰਦ੍ਰੇ ਭੀ ਅੰਨ੍ਹੇ ਹੋ ਜਾਂਦੇ ਹਨ (ਭਾਵ, ਅੱਖਾਂ ਕੰਨ ਆਦਿਕ ਭੀ ਮੰਦੇ ਪਾਸੇ ਲੈ ਤੁਰਦੇ ਹਨ) । ਸੋ, ਜਦੋਂ ਪੱਥਰਾਂ ਦਾ ਬੰਨ੍ਹ (ਭਾਵ, ਪ੍ਰਭੂ-ਨਾਮ ਦੇ ਵਿਚਾਰ ਦਾ ਪੱਕਾ ਆਸਰਾ) ਟੁੱਟ ਜਾਂਦਾ ਹੈ ਤਾਂ ਚਿੱਕੜ ਲਾਇਆਂ ਕੁਝ ਨਹੀਂ ਬਣਦਾ (ਭਾਵ, ਹੋਰ ਹੋਰ ਆਸਰੇ ਢੂੰਢਿਆਂ) । (ਜਦੋਂ) ਬੰਨ੍ਹ ਟੁੱਟ ਗਿਆ, ਨਾਹ ਬੇੜੀ ਰਹੀ, ਨਾਹ ਤੁਲਹਾ ਰਿਹਾ, ਨਾਹ (ਪਾਣੀ ਦੀ) ਹਾਥ ਪੈ ਸਕੀ। (ਭਾਵ, ਪਾਣੀ ਭੀ ਬਹੁਤ ਡੂੰਘਾ ਹੋਇਆ) , (ਅਜੇਹੀ ਹਾਲਤ ਵਿਚ) ਹੇ ਨਾਨਕ! ਪ੍ਰਭੂ ਦੇ ਸੱਚੇ ਨਾਮ (-ਰੂਪ ਬੰਨ੍ਹ ਬੇੜੀ ਤੁਲਹੇ) ਤੋਂ ਬਿਨਾ ਕਈ ਪੂਰਾਂ ਦੇ ਪੂਰ ਡੁੱਬਦੇ ਹਨ।3। ਮਃ ੧ ॥ ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥ ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ ॥ ਜਿਥੈ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ ॥ ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ ॥ ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥੪॥ {ਪੰਨਾ 1287} ਪਦ ਅਰਥ: ਰੁਪਾ = ਚਾਂਦੀ। ਘੋੜੀ ਪਾਤਿਸਾਹ = ਘੋੜਿਆਂ ਵਾਲੇ, (ਭਾਵ,) ਰਸਾਲਿਆਂ ਦੇ ਮਾਲਕ ਬਾਦਸ਼ਾਹ। ਸਾਇਰੁ = ਸਮੁੰਦਰ। ਅਸਗਾਹ = ਬਹੁਤ ਡੂੰਘਾ, ਅਥਾਹ। ਕੰਧੀ = ਕੰਢਾ। ਧਾਹੀ = ਧਾਹੀਂ। ਕਹਾਹ = ਸ਼ੋਰ, ਰੌਲਾ। ਧਾਹੀ ਕਹਾਹ = ਢਾਹਾਂ ਦਾ ਰੌਲਾ, ਹਾਏ ਹਾਏ ਦਾ ਸ਼ੋਰ। ਸਿਰਿ = ਸਿਰ ਉਤੇ, ਤੋਂ ਵੱਡੇ। ਅਰਥ: ਲੱਖਾਂ ਮਣਾਂ ਸੋਨਾ ਹੋਵੇ ਤੇ ਲੱਖਾਂ ਮਣਾਂ ਚਾਂਦੀ = ਅਜੇਹੇ ਲੱਖਾਂ ਧਨੀਆਂ ਨਾਲੋਂ ਭੀ ਜੇ ਵੱਡੇ ਧਨੀ ਹੋਣ, ਲੱਖਾਂ ਸਿਪਾਹੀਆਂ ਦੀਆਂ ਫ਼ੌਜਾਂ ਹੋਣ ਲੱਖਾਂ ਵਾਜੇ ਵੱਜਦੇ ਹੋਣ, ਨੇਜ਼ੇ-ਬਰਦਾਰ ਲੱਖਾਂ ਫ਼ੌਜੀ ਰਸਾਲਿਆਂ ਦੇ ਮਾਲਕ ਬਾਦਸ਼ਾਹ ਹੋਣ; ਪਰ, ਜਿੱਥੇ (ਵਿਕਾਰਾਂ ਦੀ) ਅੱਗ ਤੇ ਪਾਣੀ ਦਾ ਅਥਾਹ ਸਮੁੰਦਰ ਲੰਘਣਾ ਪੈਂਦਾ ਹੈ, (ਇਸ ਸਮੁੰਦਰ ਦਾ) ਕੰਢਾ ਭੀ ਨਹੀਂ ਦਿੱਸਦਾ, ਹਾਏ ਹਾਏ ਦਾ ਕੁਰਲਾਟ ਭੀ ਪੈ ਰਿਹਾ ਹੈ, ਓਥੇ, ਹੇ ਨਾਨਕ! ਪਰਖੇ ਜਾਂਦੇ ਹਨ ਕਿ ਕੌਣ ਧਨੀ ਹਨ ਤੇ ਕੌਣ ਬਾਦਸ਼ਾਹ (ਭਾਵ, ਦੁਨੀਆ ਦਾ ਧਨ ਤੇ ਬਾਦਸ਼ਾਹੀ ਵਿਕਾਰਾਂ ਦੀ ਅੱਗ ਵਿਚ ਸੜਨੋਂ ਤੇ ਵਿਕਾਰਾਂ ਦੀਆਂ ਲਹਿਰਾਂ ਵਿਚ ਡੁੱਬਣੋਂ ਬਚਾ ਨਹੀਂ ਸਕਦੇ; ਧਨ ਤੇ ਬਾਦਸ਼ਾਹੀ ਹੁੰਦਿਆਂ ਭੀ 'ਹਾਏ ਹਾਏ' ਨਹੀਂ ਮਿਟਦੀ) ।4। ਪਉੜੀ ॥ ਇਕਨ੍ਹ੍ਹਾ ਗਲੀਂ ਜੰਜੀਰ ਬੰਦਿ ਰਬਾਣੀਐ ॥ ਬਧੇ ਛੁਟਹਿ ਸਚਿ ਸਚੁ ਪਛਾਣੀਐ ॥ ਲਿਖਿਆ ਪਲੈ ਪਾਇ ਸੋ ਸਚੁ ਜਾਣੀਐ ॥ ਹੁਕਮੀ ਹੋਇ ਨਿਬੇੜੁ ਗਇਆ ਜਾਣੀਐ ॥ ਭਉਜਲ ਤਾਰਣਹਾਰੁ ਸਬਦਿ ਪਛਾਣੀਐ ॥ ਚੋਰ ਜਾਰ ਜੂਆਰ ਪੀੜੇ ਘਾਣੀਐ ॥ ਨਿੰਦਕ ਲਾਇਤਬਾਰ ਮਿਲੇ ਹੜ੍ਹ੍ਹਵਾਣੀਐ ॥ ਗੁਰਮੁਖਿ ਸਚਿ ਸਮਾਇ ਸੁ ਦਰਗਹ ਜਾਣੀਐ ॥੨੧॥ {ਪੰਨਾ 1287-1288} ਪਦ ਅਰਥ: ਗਲੀਂ = ਗਲਾਂ ਵਿਚ। ਜੰਜੀਰ = 'ਬਿਖਿਆ' ਦੇ ਬੰਧਨ (ਵੇਖੋ ਪਿਛਲੀ ਪਉੜੀ "ਬਿਖਿਆ ਕਦੇ ਹੀ ਰਜੈ ਨਾਹੀ") । ਬੰਦਿ = ਬੰਦੀਖ਼ਾਨੇ ਵਿਚ। ਗਇਆ ਜਾਣੀਐ = ਇਥੋਂ ਤੁਰਿਆਂ ਸਮਝ ਪੈਂਦੀ ਹੈ (ਭਾਵ, ਜਦੋਂ ਮਾਇਆ ਨਾਲੋਂ ਵਿਛੋੜਾ ਹੋਣ ਲੱਗਦਾ ਹੈ ਤਦੋਂ ਸਮਝ ਆਉਂਦੀ ਹੈ ਕਿ ਮਾਇਆ ਦੇ ਮੋਹ ਦੇ ਕਿਤਨੇ ਕੁ ਪੱਕੇ ਜੰਜੀਰ ਪਏ ਹੋਏ ਸਨ) । ਨਿਬੇੜੁ = ਨਿਰਨਾ, ਨਿਆਂ। ਭਉਜਲੁ = ਸੰਸਾਰ-ਸਮੁੰਦਰ। ਜਾਰ = ਵਿਭਚਾਰੀ। ਲਾਇਤਬਾਰ = ਚੁਗ਼ਲਖ਼ੋਰ। ਹੜ੍ਹ੍ਹਵਾਣੀ = ਹੱਥ-ਕੜੀ, ਕਾਠ। ਸਰਿ = ਸਦਾ-ਥਿਰ ਹਰਿ-ਨਾਮ ਦੀ ਰਾਹੀਂ। ਪਲੈ ਪਾਇ = ਮਿਲਦਾ ਹੈ। ਸਮਾਇ = ਲੀਨ ਹੋ ਕੇ। ਅਰਥ: (ਜੋ 'ਬਿਖਿਆ' ਵਿਚ ਲੱਗੇ ਰਹੇ) ਉਹਨਾਂ ਦੇ ਗਲਾਂ ਵਿਚ (ਮਾਇਆ ਦੇ ਮੋਹ ਦੇ ਬੰਧਨ-ਰੂਪ) ਜ਼ੰਜੀਰ ਪਏ ਹੋਏ ਹਨ, ਉਹ, (ਮਾਨੋ,) ਰੱਬ ਦੇ ਬੰਦੀਖ਼ਾਨੇ ਵਿਚ (ਕੈਦ) ਹਨ; ਜੇ ਸੱਚੇ ਪ੍ਰਭੂ ਦੀ ਪਛਾਣ ਆ ਜਾਏ (ਜੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਬਣ ਜਾਏ) ਤਾਂ ਸਦਾ-ਥਿਰ ਹਰਿ-ਨਾਮ ਦੀ ਰਾਹੀਂ ਹੀ (ਇਹਨਾਂ ਜ਼ੰਜੀਰਾਂ ਵਿਚ) ਬੱਝੇ ਹੋਏ ਛੁੱਟ ਸਕਦੇ ਹਨ। ਤਾਂ ਤੇ ਉਸ ਸੱਚੇ ਪ੍ਰਭੂ ਨਾਲ ਸਾਂਝ ਬਣਾਈਏ, ਤਦੋਂ ਹੀ (ਨਾਮ-ਸਿਮਰਨ-ਰੂਪ) ਲਿਖਿਆ ਹੋਇਆ (ਲੇਖ) ਮਿਲਦਾ ਹੈ ਇਹ ਸਾਰਾ ਨਿਰਨਾ ਪ੍ਰਭੂ ਦੇ ਹੁਕਮ ਵਿਚ ਹੀ ਹੁੰਦਾ ਹੈ, ਤੇ ਇਸ ਦੀ ਸਮਝ (ਇਥੋਂ ਜਗਤ ਤੋਂ) ਤੁਰਿਆਂ ਹੀ ਪੈਂਦੀ ਹੈ। (ਸੋ,) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰਥ ਹੈ। ਚੋਰਾਂ ਵਿਭਚਾਰੀਆਂ ਤੇ ਜੂਏ-ਬਾਜ਼ (ਆਦਿਕ ਵਿਕਾਰੀਆਂ ਦਾ ਇਉਂ ਹਾਲ ਹੁੰਦਾ ਹੈ ਜਿਵੇਂ) ਕੋਲ੍ਹੂ ਵਿਚ ਪੀੜੇ ਜਾ ਰਹੇ ਹਨ; ਨਿੰਦਕਾਂ ਤੇ ਚੁਗ਼ਲਖ਼ੋਰਾਂ ਨੂੰ (ਮਾਨੋ, ਨਿੰਦਾ ਤੇ ਚੁਗ਼ਲੀ ਦੀ) ਹਥਕੜੀ ਵੱਜੀ ਹੋਈ ਹੈ (ਭਾਵ, ਇਸ ਭੈੜੀ ਵਾਦੀ ਵਿਚੋਂ ਉਹ ਆਪਣੇ ਆਪ ਨੂੰ ਕੱਢ ਨਹੀਂ ਸਕਦੇ) । ਪਰ ਜੋ ਮਨੁੱਖ ਗੁਰੂ ਦੇ ਸਨਮੁਖ ਹਨ ਉਹ ਪ੍ਰਭੂ ਵਿਚ ਲੀਨ ਹੋ ਕੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ। 21। |
Sri Guru Granth Darpan, by Professor Sahib Singh |