ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1288 ਸਲੋਕ ਮਃ ੨ ॥ ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥ ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥੧॥ {ਪੰਨਾ 1288} ਪਦ ਅਰਥ: ਏਵੈ = ਇਸ ਤਰ੍ਹਾਂ। ਗੁਆਉ = ਗੁਫ਼ਤਗੂ, ਬਚਨ। ਇਲਤਿ = ਇੱਲਤਿ, ਸ਼ਰਾਰਤ। ਕੂੜੀ = ਝੂਠੀ ਜ਼ਨਾਨੀ। ਪੂਰੇ ਥਾਉ = ਸਭ ਤੋਂ ਅੱਗੇ ਥਾਂ ਮੱਲਦੀ ਹੈ। ਨਿਆਉ = ਨਿਆਂ। ਪਾਰਖੂ = ਚੰਗੀ ਪਰਖ ਕਰ ਸਕਣ ਵਾਲਾ। ਅਰਥ: ਕੰਗਾਲ ਦਾ ਨਾਮ ਬਾਦਸ਼ਾਹ (ਰੱਖਿਆ ਜਾਂਦਾ ਹੈ) , ਮੂਰਖ ਦਾ ਪੰਡਿਤ ਨਾਮ (ਪਾਇਆ ਜਾਂਦਾ ਹੈ) , ਅੰਨ੍ਹੇ ਨੂੰ ਪਾਰਖੂ (ਆਖਿਆ ਜਾਂਦਾ ਹੈ) = (ਬੱਸ! ਜਗਤ) ਇਸ ਤਰ੍ਹਾਂ ਦੀਆਂ (ਉਲਟੀਆਂ) ਗੱਲਾਂ ਕਰਦਾ ਹੈ। ਸ਼ਰਾਰਤਿ (ਕਰਨ ਵਾਲੇ) ਦਾ ਨਾਮ ਚੌਧਰੀ (ਪੈ ਜਾਂਦਾ ਹੈ) ਤੇ ਝੂਠੀ ਜ਼ਨਾਨੀ ਸਭ ਤੋਂ ਅੱਗੇ ਥਾਂ ਮੱਲਦੀ ਹੈ (ਭਾਵ, ਹਰ ਥਾਂ ਪ੍ਰਧਾਨ ਬਣਦੀ ਹੈ) । ਹੇ ਨਾਨਕ! ਇਹ ਹੈ ਨਿਆਂ ਕਲਿਜੁਗ ਦਾ (ਭਾਵ, ਜਿੱਥੇ ਇਹ ਰਵਈਆ ਵਰਤੀਂਦਾ ਹੈ ਓਥੇ ਕਲਿਜੁਗ ਦਾ ਪਹਰਾ ਜਾਣੋ) । ਪਰ, ਗੁਰੂ ਦੇ ਸਨਮੁਖ ਹੋਇਆਂ ਹੀ ਇਹ ਸਮਝ ਪੈਂਦੀ ਹੈ (ਕਿ ਇਹ ਵਤੀਰਾ ਮਾੜਾ ਹੈ। ਮਨ ਦੇ ਪਿੱਛੇ ਤੁਰਨ ਵਾਲੇ ਲੋਕ ਇਸ ਰਵਈਏ ਦੇ ਆਦੀ ਹੋਏ ਰਹਿੰਦੇ ਹਨ) ।1। ਮਃ ੧ ॥ ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਹ੍ਹਾ ਪੜ੍ਹ੍ਹਿਆ ਨਾਉ ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥ ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍ਹ੍ਹੀ ਕਮਾਣਾ ਨਾਉ ॥ ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥ ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍ਹ੍ਹਿ ਬੈਠੇ ਸੁਤੇ ॥ ਚਾਕਰ ਨਹਦਾ ਪਾਇਨ੍ਹ੍ਹਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ ਜਿਥੈ ਜੀਆਂ ਹੋਸੀ ਸਾਰ ॥ ਨਕੀ ਵਢੀ ਲਾਇਤਬਾਰ ॥੨॥ {ਪੰਨਾ 1288} ਪਦ ਅਰਥ: ਤੈ = ਅਤੇ। ਸਿਕਦਾਰ = ਅਹਲਕਾਰ। ਏਨ੍ਹ੍ਹਾ ਪੜਿਆ ਨਾਉ = ਇਹਨਾਂ ਦਾ ਨਾਮ ਹੈ "ਪੜ੍ਹੇ ਹੋਏ। " (ਨੋਟ: ਗਿਝਾਇਆ ਹੋਇਆ ਹਰਨ ਤੇ ਬਾਜ਼ ਆਪਣੇ ਹੀ ਜਾਤਿ-ਭਰਾਵਾਂ ਨੂੰ ਲਿਆ ਫਸਾਂਦਾ ਹੈ ਤਿਵੇਂ ਹੀ ਅਹਲਕਾਰ ਆਪਣੇ ਹੀ ਹਮ-ਜਿਨਸ ਮਨੁੱਖਾਂ ਦਾ ਲਹੂ ਪੀਂਦਾ ਹੈ) । ਫਾਂਧੀ = ਫਾਹੀ। ਅਗੈ = ਪ੍ਰਭੂ ਹੀ ਹਜ਼ੂਰੀ ਵਿਚ। ਥਾਉ ਨਾਹੀ = ਕਬੂਲ ਨਹੀਂ ਹਨ। ਬੀਨਾ = ਸਿਆਣਾ। ਪਹਿਲੋ ਦੇ = ਸਭ ਤੋਂ ਪਹਿਲਾ। ਮੁਕਦਮ = ਮੁਕੱਦਮ, ਮੁਸਾਹਿਬ। ਨਹਦਾ = ਨਹੁੰਦ੍ਰਾਂ। ਘਾਉ = ਜ਼ਖ਼ਮ। ਰਤੁ ਪਿਤੁ = ਲਹੂ ਤੇ ਪਿੱਤਾ। ਕੁਤਿਹੋ = (ਮੁਕੱਦਮ) ਕੁੱਤਿਆਂ ਦੀ ਰਾਹੀਂ। ਲਾਇਤਬਾਰ = ਬੇ-ਇਤਬਾਰੇ। ਸਾਰ = ਪਰਖ, ਕਦਰ। ਨਕੀ ਵਢੀ = ਵੱਢੇ ਨੱਕਾਂ ਨਾਲ, ਨੱਕ-ਵੱਢੇ। ਅਰਥ: ਹਰਨ, ਬਾਜ਼ ਤੇ ਅਹਲਕਾਰ = ਇਹਨਾਂ ਦਾ ਨਾਮ ਲੋਕ "ਪੜ੍ਹੇ ਹੋਏ" ਰੱਖਦੇ ਹਨ (ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ। ਜਿਸ ਜਿਸ ਨੇ 'ਨਾਮ' ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ ਪੰਡਿਤ ਹੈ ਤੇ ਸਿਆਣਾ ਹੈ (ਕਿਉਂਕਿ ਰੁੱਖ ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ ਬਣਦੀ ਹੈ (ਸੋ, ਸੁਖਦਾਤੀ ਵਿੱਦਿਆ ਉਹੀ ਹੈ ਜੇ ਪਹਿਲਾਂ ਮਨੁੱਖ ਆਪਣੇ ਮਨ ਵਿਚ 'ਨਾਮ' ਬੀਜੇ) । ('ਨਾਮ' ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ) , ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ) । ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ। ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ) ।2। ਪਉੜੀ ॥ ਆਪਿ ਉਪਾਏ ਮੇਦਨੀ ਆਪੇ ਕਰਦਾ ਸਾਰ ॥ ਭੈ ਬਿਨੁ ਭਰਮੁ ਨ ਕਟੀਐ ਨਾਮਿ ਨ ਲਗੈ ਪਿਆਰੁ ॥ ਸਤਿਗੁਰ ਤੇ ਭਉ ਊਪਜੈ ਪਾਈਐ ਮੋਖ ਦੁਆਰ ॥ ਭੈ ਤੇ ਸਹਜੁ ਪਾਈਐ ਮਿਲਿ ਜੋਤੀ ਜੋਤਿ ਅਪਾਰ ॥ ਭੈ ਤੇ ਭੈਜਲੁ ਲੰਘੀਐ ਗੁਰਮਤੀ ਵੀਚਾਰੁ ॥ ਭੈ ਤੇ ਨਿਰਭਉ ਪਾਈਐ ਜਿਸ ਦਾ ਅੰਤੁ ਨ ਪਾਰਾਵਾਰੁ ॥ ਮਨਮੁਖ ਭੈ ਕੀ ਸਾਰ ਨ ਜਾਣਨੀ ਤ੍ਰਿਸਨਾ ਜਲਤੇ ਕਰਹਿ ਪੁਕਾਰ ॥ ਨਾਨਕ ਨਾਵੈ ਹੀ ਤੇ ਸੁਖੁ ਪਾਇਆ ਗੁਰਮਤੀ ਉਰਿ ਧਾਰ ॥੨੨॥ {ਪੰਨਾ 1288} ਪਦ ਅਰਥ: ਮੇਦਨੀ = ਧਰਤੀ। ਸਾਰ = ਸੰਭਾਲ। ਭਰਮੁ = ਭਟਕਣਾ (-ਰੂਪ ਜ਼ੰਜੀਰ; ਵੇਖੋ ਪਉੜੀ ਨੰ: 21) । ਮੋਖ ਦੁਆਰ = (ਬੰਦੀਖ਼ਾਨੇ ਵਿਚੋਂ) ਖ਼ਲਾਸੀ ਦਾ ਰਸਤਾ। ਸਹਜੁ = ਅਡੋਲ ਅਵਸਥਾ। ਉਰਿ = ਹਿਰਦੇ ਵਿਚ। ਨਾਮਿ = ਨਾਮ ਵਿਚ। ਮਿਲਿ = ਮਿਲ ਕੇ। ਜੋਤੀ = ਪਰਮਾਤਮਾ ਵਿਚ। ਭੈਜਲੁ = ਸੰਸਾਰ-ਸਮੁੰਦਰ। ਪਾਰਾਵਾਰੁ = ਪਾਰ-ਅਵਾਰੁ, ਪਾਰਲਾ ਉਰਲਾ ਬੰਨਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਸਾਰ = ਕਦਰ। ਨ ਜਾਣਨੀ = ਨ ਜਾਨਣਿ, ਨਹੀਂ ਜਾਣਦੇ। ਜਲਤੇ = ਸੜਦੇ। ਕਰਹਿ = ਕਰਦੇ ਹਨ। ਤੇ = ਤੋਂ। ਉਰਿ = ਹਿਰਦੇ ਵਿਚ। ਅਰਥ: (ਜੋ ਪ੍ਰਭੂ) ਆਪ ਜਗਤ ਪੈਦਾ ਕਰਦਾ ਹੈ ਤੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ, (ਉਸ ਦਾ ਡਰ ਰੱਖਣ ਤੋਂ ਬਿਨਾ (ਮਾਇਆ ਪਿੱਛੇ) ਭਟਕਣ (-ਰੂਪ ਬੰਧਨ) ਕੱਟਿਆ ਨਹੀਂ ਜਾਂਦਾ, ਨਾਹ ਹੀ ਉਸ ਦੇ ਨਾਮ ਵਿਚ ਪਿਆਰ ਬਣਦਾ ਹੈ। ਪ੍ਰਭੂ ਦਾ ਡਰ ਗੁਰੂ ਦੀ ਸਰਣ ਪਿਆਂ ਪੈਦਾ ਹੁੰਦਾ ਹੈ ਤੇ ('ਰਬਾਣੀ ਬੰਦ' ਵਿਚੋਂ) ਖ਼ਲਾਸੀ ਦਾ ਰਸਤਾ ਮਿਲਦਾ ਹੈ (ਕਿਉਂਕਿ ਪ੍ਰਭੂ ਦਾ) ਡਰ ਰੱਖਿਆਂ ਬੇਅੰਤ ਪ੍ਰਭੂ ਦੀ ਜੋਤਿ ਵਿਚ ਜੋਤਿ ਮਿਲਿਆਂ ਮਨ ਦੀ ਅਡੋਲਤਾ ਪ੍ਰਾਪਤ ਹੁੰਦੀ ਹੈ। ਇਸ ਡਰ ਕਰਕੇ ਹੀ ਗੁਰਮਤਿ ਦੀ ਰਾਹੀਂ (ਉੱਚੀ) ਵੀਚਾਰ ਬਣਦੀ ਹੈ, ਤੇ, ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ, ਇਸ ਡਰ ਦੀ ਰਾਹੀਂ ਹੀ ਡਰ-ਰਹਿਤ ਪ੍ਰਭੂ ਮਿਲਦਾ ਹੈ ਜਿਸ ਦਾ ਅੰਤ ਨਹੀਂ ਪੈਂਦਾ ਜਿਸ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਪ੍ਰਭੂ ਦੇ ਡਰ (ਵਿਚ ਰਹਿਣ ਦੀ) ਸਾਰ ਨਹੀਂ ਪੈਂਦੀ (ਸਿੱਟਾ ਇਹ ਨਿਕਲਦਾ ਹੈ ਕਿ ਉਹ ਮਾਇਆ ਦੀ) ਤ੍ਰਿਸ਼ਨਾ (-ਅੱਗ) ਵਿਚ ਸੜਦੇ ਵਿਲਕਦੇ ਹਨ। ਹੇ ਨਾਨਕ! ਪ੍ਰਭੂ ਦੇ 'ਨਾਮ' ਤੋਂ ਹੀ ਸੁਖ ਮਿਲਦਾ ਹੈ ਤੇ (ਇਹ 'ਨਾਮ') ਗੁਰੂ ਦੀ ਮਤਿ ਉਤੇ ਤੁਰਿਆਂ ਹੀ ਹਿਰਦੇ ਵਿਚ ਟਿਕਦਾ ਹੈ। 22। ਸਲੋਕ ਮਃ ੧ ॥ ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਢੁ ॥ ਲਬੈ ਮਾਲੈ ਘੁਲਿ ਮਿਲਿ ਮਿਚਲਿ ਊਂਘੈ ਸਉੜਿ ਪਲੰਘੁ ॥ ਭੰਉਕੈ ਕੋਪੁ ਖੁਆਰੁ ਹੋਇ ਫਕੜੁ ਪਿਟੇ ਅੰਧੁ ॥ ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ ॥੧॥ {ਪੰਨਾ 1288} ਪਦ ਅਰਥ: ਸਾਦੈ = ਸੁਆਦ ਦਾ। ਗੰਢੁ = ਸੰਬੰਧ। ਲਬੈ = ਲੱਬ ਦਾ। ਮਾਲੈ = ਮਾਲ (-ਧਨ) ਨਾਲ। ਘੁਲਿ ਮਿਲਿ = ਚੰਗੀ ਤਰ੍ਹਾਂ ਮਿਲਵਾਂ। ਮਿਚਲਿ = ਮੇਲ, ਇਕ-ਮਿਕਤਾ; ਤਦਾਕਾਰਤਾ। ਊਘੈ = ਊਂਘਣ ਵਾਲੇ ਨੂੰ, ਨੀਂਦ੍ਰਾਲੇ ਨੂੰ। ਸਉੜਿ = ਸਉੜੀ ਥਾਂ। ਭਉਕੈ = ਭੌਂਕਦਾ ਹੈ, ਬਹੁਤਾ ਬੋਲਦਾ ਹੈ। ਕੋਪੁ = ਕ੍ਰੋਧ। ਫਕੜੁ ਪਿਟੇ = ਬਦ-ਜ਼ਬਾਨੀ ਬੋਲਦਾ ਹੈ। ਮੁਹਿ = ਮੂੰਹ ਵਿਚ। ਅਰਥ: ਰੂਪ ਦੀ ਕਾਮ (-ਵਾਸਨਾ) ਨਾਲ ਮਿੱਤ੍ਰਤਾ ਹੈ, ਭੁੱਖ ਦਾ ਸੁਆਦ ਨਾਲ ਸੰਬੰਧ ਹੈ। ਲੱਬ ਦੀ ਧਨ ਨਾਲ ਚੰਗੀ ਤਰ੍ਹਾਂ ਮਿਲਵੀਂ ਇਕ-ਮਿਕਤਾ ਹੈ (ਨੀਂਦਰ ਨਾਲ) ਊਂਘ ਰਹੇ ਨੂੰ ਸਉੜੀ ਥਾਂ ਹੀ ਪਲੰਘ ਹੈ। ਕ੍ਰੋਧ ਬਹੁਤ ਬੋਲਦਾ ਹੈ, (ਕ੍ਰੋਧ ਵਿਚ) ਅੰਨ੍ਹਾ (ਹੋਇਆ ਬੰਦਾ) ਖ਼ੁਆਰ ਹੋ ਕੇ ਬਦ-ਜ਼ਬਾਨੀ ਹੀ ਕਰਦਾ ਹੈ। ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ (ਮਨੁੱਖ ਦੇ) ਮੂੰਹ ਵਿਚ (ਬਦ-ਕਲਾਮੀ ਦੀ) ਬੋ ਹੀ ਹੁੰਦੀ ਹੈ (ਬੋਲਣ ਨਾਲੋਂ ਇਸ ਦਾ) ਚੁੱਪ ਰਹਿਣਾ ਚੰਗਾ ਹੈ।1। ਭਾਵ: ਜਿਥੇ ਨਾਮ-ਹੀਣਤਾ ਹੈ ਓਥੇ ਸੁਤੇ ਹੀ ਬਦਕਲਾਮੀ ਹੈ। ਮਃ ੧ ॥ ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥ ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ ॥ ਏਨਾ ਠਗਨ੍ਹ੍ਹਿ ਠਗ ਸੇ ਜਿ ਗੁਰ ਕੀ ਪੈਰੀ ਪਾਹਿ ॥ ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ ॥੨॥ {ਪੰਨਾ 1288} ਪਦ ਅਰਥ: ਕਿਨੈ = ਕਿਸੇ ਨੇ (ਭੀ) । ਲਜ = ਇੱਜ਼ਤ। ਮੁਠੇ = ਠੱਗੇ। ਏਨੀ ਠਗੀਂ = ਇਹਨਾਂ (ਪੰਜ) ਠੱਗਾਂ ਨੇ। ਰਖੀ = ਰੱਖੀ, ਬਚਾਈ। ਸੇ ਠਗ = ਉਹ ਠੱਗ, ਉਹ ਸਿਆਣੇ ਬੰਦੇ। ਠਗਨ੍ਹ੍ਹਿ = ਠੱਗ ਲੈਂਦੇ ਹਨ, ਚਾਲ ਵਿਚ ਨਹੀਂ ਆਉਂਦੇ। ਜਿ = ਜਿਹੜੇ। ਪਾਹਿ = ਪੈਂਦੇ ਹਨ। ਹੋਰਿ = (ਬਹੁ-ਵਚਨ ਲਫ਼ਜ਼ 'ਹੋਰ' ਤੋਂ) । ਹੋਰਿ ਕੇਤੇ = ਹੋਰ ਅਨੇਕਾਂ। ਮੁਠੈ ਜਾਹਿ = (ਆਤਮਕ ਜੀਵਨ ਦੇ ਸਰਮਾਏ ਵਲੋਂ) ਲੁੱਟੇ ਜਾ ਰਹੇ ਹਨ। ਕਰਮਾ ਬਾਹਰੇ = ਭਾਗ-ਹੀਣ ਬੰਦੇ। ਅਰਥ: ਰਾਜ, ਧਨ, ਸੁੰਦਰਤਾ, (ਉੱਚੀ) ਜਾਤਿ, ਤੇ ਜੁਆਨੀ = ਇਹ ਪੰਜੇ ਹੀ (ਮਾਨੋ) ਠੱਗ ਹਨ, ਇਹਨਾਂ ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ (ਜੋ ਭੀ ਇਹਨਾਂ ਦੇ ਅੱਡੇ ਚੜ੍ਹਿਆ) ਕਿਸੇ ਨੇ (ਇਹਨਾਂ ਤੋਂ) ਆਪਣੀ ਇੱਜ਼ਤ ਨਹੀਂ ਬਚਾਈ। ਇਹਨਾਂ (ਠੱਗਾਂ) ਨੂੰ ਭੀ ਉਹ ਠੱਗ (ਭਾਵ, ਸਿਆਣੇ ਬੰਦੇ) ਦਾਉ ਲਾ ਜਾਂਦੇ ਹਨ (ਭਾਵ, ਉਹ ਬੰਦੇ ਇਹਨਾਂ ਦੀ ਚਾਲ ਵਿਚ ਨਹੀਂ ਆਉਂਦੇ) ਜੋ ਸਤਿਗੁਰੂ ਦੀ ਸਰਨ ਆਉਂਦੇ ਹਨ। (ਪਰ) ਹੇ ਨਾਨਕ! ਹੋਰ ਬੜੇ ਭਾਗ-ਹੀਣ (ਇਹਨਾਂ ਦੇ ਢਹੇ ਚੜ੍ਹ ਕੇ) ਲੁੱਟੇ ਜਾ ਰਹੇ ਹਨ।2। ਪਉੜੀ ॥ ਪੜਿਆ ਲੇਖੇਦਾਰੁ ਲੇਖਾ ਮੰਗੀਐ ॥ ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ ॥ ਅਉਘਟ ਰੁਧੇ ਰਾਹ ਗਲੀਆਂ ਰੋਕੀਆਂ ॥ ਸਚਾ ਵੇਪਰਵਾਹੁ ਸਬਦਿ ਸੰਤੋਖੀਆਂ ॥ ਗਹਿਰ ਗਭੀਰ ਅਥਾਹੁ ਹਾਥ ਨ ਲਭਈ ॥ ਮੁਹੇ ਮੁਹਿ ਚੋਟਾ ਖਾਹੁ ਵਿਣੁ ਗੁਰ ਕੋਇ ਨ ਛੁਟਸੀ ॥ ਪਤਿ ਸੇਤੀ ਘਰਿ ਜਾਹੁ ਨਾਮੁ ਵਖਾਣੀਐ ॥ ਹੁਕਮੀ ਸਾਹ ਗਿਰਾਹ ਦੇਂਦਾ ਜਾਣੀਐ ॥੨੩॥ {ਪੰਨਾ 1288} ਪਦ ਅਰਥ: ਲੇਖੇਦਾਰੁ = ਲੇਖਾ ਰੱਖਣ ਵਾਲਾ, ਘੁੰਤਰਾਂ ਕੱਢਣ ਵਾਲਾ, ਚਤੁਰਾਈ ਦੀਆਂ ਗੱਲਾਂ ਕਰਨ ਵਾਲਾ। ਕੂੜਿਆਰੁ = ਕੂੜ ਦਾ ਵਪਾਰੀ। ਤੰਗੀਐ = ਔਖਿਆਈ ਪਾਂਦਾ ਹੈ। ਅਉਘਟ = ਔਖੇ। ਰੁਧੇ = ਰੋਕੇ ਹੋਏ। ਮੁਹੇ = ਮੂੰਹ ਉਤੇ ਹੀ। ਮੁਹਿ = ਮੂੰਹ ਉਤੇ ਹੀ। ਮੁਹੇ ਮੁਹਿ = ਮੂੰਹੋ ਮੂੰਹ। ਸਾਹ = (ਭਾਵ,) ਜ਼ਿੰਦਗੀ। ਗਿਰਾਹ = ਗਿਰਾਹੀ, (ਭਾਵ,) ਰੋਜ਼ੀ। ਸਚਾ = ਸਦਾ ਕਾਇਮ ਰਹਿਣ ਵਾਲਾ। ਵੇਪਰਵਾਹੁ = ਬੇ-ਮੁਥਾਜ। ਸਬਦਿ = ਸ਼ਬਦ ਦੀ ਰਾਹੀਂ। ਹਾਥ = ਡੂੰਘਾਈ। ਪਤਿ = ਇੱਜ਼ਤ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ ਦੇ ਦਰ ਤੇ। ਜਾਣੀਐ = ਸਮਝ ਆ ਜਾਂਦੀ ਹੈ। ਅਰਥ: ਜੇ ਮਨੁੱਖ ਵਿਦਵਾਨ ਭੀ ਹੋਵੇ ਤੇ ਚਤੁਰਾਈ ਦੀਆਂ ਗੱਲਾਂ ਭੀ ਕਰਨਾ ਜਾਣਦਾ ਹੋਵੇ ('ਤ੍ਰਿਸ਼ਨਾ' ਬਾਰੇ) ਉਸ ਤੋਂ ਭੀ ਲੇਖਾ ਲਈਦਾ ਹੈ (ਭਾਵ, 'ਤ੍ਰਿਸ਼ਨਾ' ਉਸ ਤੋਂ ਭੀ ਲੇਖਾ ਲੈਂਦੀ ਹੈ, ਨਿਰੀ ਵਿੱਦਿਆ ਤੇ ਚਤੁਰਾਈ 'ਤ੍ਰਿਸ਼ਨਾ' ਤੋਂ ਬਚਾ ਨਹੀਂ ਸਕਦੀ) , (ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾ (ਪੜ੍ਹਿਆ ਹੋਇਆ ਭੀ) ਕੂੜ ਦਾ ਹੀ ਵਪਾਰੀ ਹੈ; ਔਖਾ ਹੁੰਦਾ ਹੈ ਔਖਿਆਈ ਹੀ ਪਾਂਦਾ ਹੈ। ਉਸ ਦੇ (ਜ਼ਿੰਦਗੀ ਦੇ) ਗਲੀਆਂ ਤੇ ਰਸਤੇ (ਤ੍ਰਿਸ਼ਨਾ ਦੀ ਅੱਗ ਨਾਲ) ਰੁਕੇ ਪਏ ਹਨ (ਉਹਨਾਂ ਵਿਚੋਂ ਦੀ ਲੰਘਣਾ) ਔਖਾ ਹੈ। ਗੁਰ-ਸ਼ਬਦ ਦੀ ਰਾਹੀਂ ਸੰਤੋਖੀ ਬੰਦਿਆਂ ਨੂੰ ਸਦਾ ਕਾਇਮ ਰਹਿਣ ਵਾਲਾ ਬੇ-ਮੁਥਾਜ ਪਰਮਾਤਮਾ ਮਿਲਦਾ ਹੈ। ਪ੍ਰਭੂ (ਮਾਨੋ) ਬੜਾ ਡੂੰਘਾ (ਸਮੁੰਦਰ) ਹੈ, (ਵਿੱਦਿਆ ਚਤੁਰਾਈ ਦੇ ਆਸਰੇ) ਉਸ ਦੀ ਥਾਹ ਨਹੀਂ ਪੈ ਸਕਦੀ। (ਸਗੋਂ 'ਪੜ੍ਹਿਆ ਕੂੜਿਆਰੁ' ਵਿੱਦਿਆ ਦੇ ਮਾਣ ਵਿਚ ਰਹਿ ਕੇ ਤ੍ਰਿਸ਼ਨਾ ਦੀਆਂ) ਚੋਟਾਂ ਦਬਾਦਬ ਖਾਂਦਾ ਹੈ; (ਪਿਆ ਪੜ੍ਹਿਆ ਹੋਇਆ ਹੋਵੇ) ਕੋਈ ਮਨੁੱਖ ਗੁਰੂ (ਦੀ ਸਰਨ) ਤੋਂ ਬਿਨਾ (ਤ੍ਰਿਸ਼ਨਾ ਤੋਂ) ਬੱਚ ਨਹੀਂ ਸਕਦਾ। (ਪਰਮਾਤਮਾ ਦਾ) ਨਾਮ ਸਿਮਰਨਾ ਚਾਹੀਦਾ ਹੈ (ਜੇ ਨਾਮ ਸਿਮਰੀਏ) ਤਾਂ ਬੇਸ਼ਕ ਇੱਜ਼ਤ ਨਾਲ ਪ੍ਰਭੂ ਦੇ ਦਰ ਤੇ ਅੱਪੜੋ। (ਸਿਮਰਨ ਦੀ ਬਰਕਤਿ ਨਾਲ) ਇਹ ਨਿਸਚਾ ਬਣਦਾ ਹੈ ਕਿ ਪ੍ਰਭੂ ਆਪਣੇ ਹੁਕਮ ਵਿਚ ਜੀਵਾਂ ਨੂੰ ਜੀਵਨ ਤੇ ਰੋਜ਼ੀ ਦੇਂਦਾ ਹੈ। 23। |
Sri Guru Granth Darpan, by Professor Sahib Singh |