ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1289 ਸਲੋਕ ਮਃ ੧ ॥ ਪਉਣੈ ਪਾਣੀ ਅਗਨੀ ਜੀਉ ਤਿਨ ਕਿਆ ਖੁਸੀਆ ਕਿਆ ਪੀੜ ॥ ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਨਿ ਵਜੀਰ ॥ ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ ॥ ਇਕਿ ਦੇ ਖਾਹਿ ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ ॥ ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ ॥ ਸਭੁ ਕੋ ਨਥੈ ਨਥਿਆ ਬਖਸੇ ਤੋੜੇ ਨਥ ॥ ਵਰਨਾ ਚਿਹਨਾ ਬਾਹਰਾ ਲੇਖੇ ਬਾਝੁ ਅਲਖੁ ॥ ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ ॥ ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥੁ ॥ ਅਕਥ ਕੀ ਕਥਾ ਸੁਣੇਇ ॥ ਰਿਧਿ ਬੁਧਿ ਸਿਧਿ ਗਿਆਨੁ ਸਦਾ ਸੁਖੁ ਹੋਇ ॥੧॥ {ਪੰਨਾ 1289} ਪਦ ਅਰਥ: ਪਉਣੈ = ਪਉਣ ਦਾ, ਹਵਾ ਦਾ। ਜੀਉ = ਜੀਵ। ਤਿਨ = ਇਹਨਾਂ ਜੀਵਾਂ ਨੂੰ। ਕਿਆ = ਕੀਹ? ਕਿਆ ਖੁਸੀਆ ਕਿਆ ਪੀੜ = ਕੀਹ ਸੁਖ ਤੇ ਕੀਹ ਦੁੱਖ? (ਭਾਵ, ਜੇ ਤੱਤਾਂ ਵਲ ਵੇਖੀਏ ਤਾਂ ਸਭ ਜੀਵਾਂ ਦੇ ਇਕੋ ਜਿਹੇ ਹਨ, ਫਿਰ ਇਹਨਾਂ ਨੂੰ ਸੁਖ ਦੁਖ ਕਿਉਂ ਵੱਖੋ ਵੱਖਰੇ ਹਨ?) ਆਕਾਸੀ = ਆਕਾਸ਼ਾਂ ਵਿਚ ਹਨ, (ਭਾਵ,) ਹੁਕਮ ਕਰ ਰਹੇ ਹਨ। ਇਕਿ = ਕਈ ਬੰਦੇ। ਦਰਿ = (ਰਾਜਿਆਂ ਦੇ) ਦਰ ਤੇ। ਆਰਜਾ = ਉਮਰ। ਜਹੀਰ = (ਅ:) ਦੁਖੀ। ਫਕੀਰ = ਕੰਗਾਲ। ਨਥੈ ਨਥਿਆ = ਨੱਥ ਵਿਚ ਜਕੜਿਆ ਹੋਇਆ। ਜਾਪੈ = ਜਾਪਦਾ ਹੈ, ਭਾਸਦਾ ਹੈ, ਦਿੱਸਦਾ ਹੈ। ਕਰਨਾ = ਜੀਵਾਂ ਦਾ ਕੰਮ ਆਦਿਕ ਕਰਨਾ। ਕਥਨਾ = ਕਹਿਣਾ, ਬੋਲਣਾ। ਕਾਰ = ਪ੍ਰਭੂ ਵਲੋਂ ਮਿਥੀ ਹੋਈ ਕਿਰਤਿ। ਸੁਣੇਇ = ਸੁਣਦਾ ਹੈ। ਅਰਥ: ਹਵਾ ਪਾਣੀ ਤੇ ਅੱਗ (ਆਦਿਕ ਤੱਤਾਂ ਦਾ ਮੇਲ ਮਿਲਾ ਕੇ ਤੇ ਜੀਵਾਤਮਾ ਪਾ ਕੇ ਪ੍ਰਭੂ ਨੇ) ਜੀਵ ਬਣਾਇਆ, (ਤੱਤ ਸਭ ਜੀਵਾਂ ਦੇ ਇਕੋ ਜਿਹੇ ਹਨ, ਪਰ ਅਚਰਜ ਖੇਡ ਹੈ ਕਿ) ਇਹਨਾਂ ਨੂੰ ਕਈਆਂ ਨੂੰ ਦੁੱਖ ਤੇ ਕਈਆਂ ਨੂੰ ਸੁਖ (ਮਿਲ ਰਹੇ ਹਨ) । ਕਈ ਧਰਤੀ ਤੇ ਹਨ (ਭਾਵ, ਸਾਧਾਰਨ ਜਿਹੀ ਹਾਲਤ ਵਿਚ ਹਨ) ਕਈ (ਮਾਨੋ) ਪਤਾਲ ਵਿਚ ਪਏ ਹਨ (ਭਾਵ, ਕਈ ਨਿੱਘਰੇ ਹੋਏ ਹਨ) ਕਈ (ਮਾਨੋ) ਅਕਾਸ਼ ਵਿਚ ਹਨ (ਭਾਵ, ਕਈ ਹੁਕਮ ਕਰ ਰਹੇ ਹਨ) , ਤੇ ਕਈ (ਰਾਜਿਆਂ ਦੇ) ਦਰਬਾਰ ਵਿਚ ਵਜ਼ੀਰ ਬਣੇ ਹੋਏ ਹਨ। ਕਈ ਬੰਦਿਆਂ ਦੀ ਵੱਡੀ ਉਮਰ ਹੈ, ਕਈ (ਘਟ ਉਮਰੇ) ਮਰ ਕੇ ਦੁਖੀ ਹੁੰਦੇ ਹਨ। ਕਈ ਬੰਦੇ (ਹੋਰਨਾਂ ਨੂੰ ਭੀ) ਦੇ ਕੇ ਆਪ ਹੀ ਵਰਤਦੇ ਹਨ (ਪਰ ਉਹਨਾਂ ਦਾ ਧਨ) ਮੁੱਕਦਾ ਨਹੀਂ, ਕਈ ਸਦਾ ਕੰਗਾਲ ਫਿਰਦੇ ਹਨ। ਪ੍ਰਭੂ ਆਪਣੇ ਹੁਕਮ ਅਨੁਸਾਰ ਇਕ ਪਲਕ ਵਿਚ ਲੱਖਾਂ ਜੀਵ ਪੈਦਾ ਕਰਦਾ ਹੈ ਲੱਖਾਂ ਨਾਸ ਕਰਦਾ ਹੈ, ਹਰੇਕ ਜੀਵ (ਆਪਣੇ ਕੀਤੇ ਕਰਮਾਂ ਅਨੁਸਾਰ ਰਜ਼ਾ-ਰੂਪ) ਨੱਥ ਵਿਚ ਜਕੜਿਆ ਪਿਆ ਹੈ। ਜਿਸ ਉਤੇ ਬਖ਼ਸ਼ਸ਼ ਕਰਦਾ ਹੈ ਉਸ ਦੇ ਬੰਧਨ ਤੋੜਦਾ ਹੈ। ਪਰ ਪ੍ਰਭੂ ਆਪ ਕਰਮਾਂ ਦੇ ਲੇਖੇ ਤੋਂ ਉਤਾਂਹ ਹੈ, ਉਸ ਦਾ ਕੋਈ ਰੰਗ ਰੂਪ ਨਹੀਂ ਹੈ ਤੇ ਕੋਈ ਚਿਹਨ ਚੱਕ੍ਰ ਨਹੀਂ ਹੈ। ਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਉਂਞ ਉਹ ਹਰ ਥਾਂ ਹੋਂਦ ਵਾਲਾ ਦਿੱਸਦਾ ਹੈ। ਹੇ ਨਾਨਕ! ਜੀਵ ਜੋ ਕੁਝ ਕਰ ਰਹੇ ਹਨ ਤੇ ਬੋਲ ਰਹੇ ਹਨ ਉਹ ਸਭ ਪ੍ਰਭੂ ਦੀ ਪਾਈ ਹੋਈ ਕਾਰ ਹੀ ਹੈ, ਤੇ ਉਹ ਆਪ ਐਸਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ। ਜਿਹੜਾ ਮਨੁੱਖ ਉਸ ਅਕੱਥ ਪ੍ਰਭੂ ਦੀਆਂ ਗੱਲਾਂ ਸੁਣਦਾ ਹੈ (ਭਾਵ, ਗੁਣ ਗਾਂਦਾ ਹੈ) ਉਸ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ ਉਸ ਨੂੰ ਸੁਖ ਮਿਲਦਾ ਹੈ (ਮਾਨੋ) ਉਸ ਨੂੰ ਰਿੱਧੀਆਂ ਸਿੱਧੀਆਂ ਮਿਲ ਗਈਆਂ ਹਨ।1। ਮਃ ੧ ॥ ਅਜਰੁ ਜਰੈ ਤ ਨਉ ਕੁਲ ਬੰਧੁ ॥ ਪੂਜੈ ਪ੍ਰਾਣ ਹੋਵੈ ਥਿਰੁ ਕੰਧੁ ॥ ਕਹਾਂ ਤੇ ਆਇਆ ਕਹਾਂ ਏਹੁ ਜਾਣੁ ॥ ਜੀਵਤ ਮਰਤ ਰਹੈ ਪਰਵਾਣੁ ॥ ਹੁਕਮੈ ਬੂਝੈ ਤਤੁ ਪਛਾਣੈ ॥ ਇਹੁ ਪਰਸਾਦੁ ਗੁਰੂ ਤੇ ਜਾਣੈ ॥ ਹੋਂਦਾ ਫੜੀਅਗੁ ਨਾਨਕ ਜਾਣੁ ॥ ਨਾ ਹਉ ਨਾ ਮੈ ਜੂਨੀ ਪਾਣੁ ॥੨॥ {ਪੰਨਾ 1289} ਪਦ ਅਰਥ: ਅਜਰੁ = ਜੋ ਜਰਿਆ ਨਾ ਜਾ ਸਕੇ, ਉਹ ਹਾਲਤ ਜਿਸ ਨੂੰ ਜਰਨਾ ਔਖਾ ਹੈ, ਮਨ ਦਾ ਉਹ ਵੇਗ ਜਿਸ ਨੂੰ ਜਰਨਾ ਔਖਾ ਹੈ (ਨੋਟ: ਕਈ ਸੱਜਣ ਇਸ ਦਾ ਅਰਥ ਇਉਂ ਕਰਦੇ ਹਨ– 'ਆਤਮ ਰਸ ਜੋ ਅਜਰ ਵਸਤੂ ਹੈ। ' ਪਰ ਪ੍ਰਸ਼ਨ ਉੱਠਦਾ ਹੈ ਕਿ 'ਆਤਮਰਸ' ਕਿਉਂ 'ਅਜਰ' ਹੈ? ਕੀ ਇਹ ਕੋਈ ਐਸੀ ਅਯੋਗ ਅਵਸਥਾ ਪੈਦਾ ਕਰ ਦੇਂਦਾ ਹੈ ਜੋ ਜਰੀ ਨਹੀਂ ਜਾਂਦੀ? ਫਿਰ, ਜੇ 'ਬੰਦਗੀ' ਭੀ ਕਿਸੇ ਕੁਰਾਹੇ ਪਾ ਸਕਦੀ ਹੈ ਤਾਂ ਇਹ ਸਹੀ ਰਸਤਾ ਕਿਵੇਂ ਹੋਇਆ? ਜਿਥੇ 'ਨਾਮ' ਹੈ ਓਥੇ 'ਹਉਮੈ' ਨਹੀਂ, ਓਥੇ ਪ੍ਰਭੂ ਨਾਲੋਂ 'ਵਿਛੋੜਾ' ਨਹੀਂ, ਓਥੇ ਪ੍ਰਭੂ ਨਾਲ 'ਮਿਲਾਪ' ਹੈ; ਤੇ ਇਹ ਅਵਸਥਾ ਮਾੜੀ ਨਹੀਂ ਹੁੰਦੀ, ਇਥੇ ਕੋਈ 'ਅਹੰਕਾਰ' ਨਹੀਂ ਆ ਸਕਦਾ; ਅਹੰਕਾਰ' ਤੇ 'ਨਾਮ' ਤਾਂ ਇਕੱਠੇ ਰਹਿ ਹੀ ਨਹੀਂ ਸਕਦੇ। ਸੋ, 'ਆਤਮ ਰਸ' ਕੋਈ ਅਜੇਹੀ ਅਵਸਥਾ ਨਹੀਂ ਜਿਸ ਉਤੇ ਕੋਈ ਬੰਦਸ਼ ਦੀ ਲੋੜ ਪਏ, ਜਿਸ ਵਲੋਂ ਕੋਈ ਖ਼ਤਰਾ ਹੋ ਸਕਦਾ ਹੋਵੇ। ਕ੍ਰੋਧ ਤੇ ਸਰਾਪ ਆਦਿਕ ਵਾਲੀ ਅਵਸਥਾ 'ਨਾਮ' ਤੋਂ 'ਆਤਮਰਸ' ਤੋਂ ਬਹੁਤ ਨੀਵੀਂ ਹੁੰਦੀ ਹੈ। ਆਤਮ-ਰਸੀਆ ਕ੍ਰੋਧ ਵਿਚ ਨਹੀਂ ਆਉਂਦਾ, ਸ੍ਰਾਪ ਨਹੀਂ ਦੇਂਦਾ; ਜਦੋਂ ਉਹ ਸ੍ਰਾਪ ਦੇਣ ਵਾਲੀ ਹਾਲਤ ਵਿਚ ਹੋਵੇ, ਤਦੋਂ ਉਹ 'ਆਤਮ-ਰਸੀਆ' ਨਹੀਂ ਹੁੰਦਾ) । ਬੰਧੁ = ਬੰਧੇਜ, ਹੱਦ ਬੰਨਾ। ਨਉ ਕੁਲ ਬੰਧੁ = ਨੌ ਗੋਲਕਾਂ (ਨੱਕ ਕੰਨ ਆਦਿ ਗਿਆਨ ਤੇ ਕਰਮ ਇੰਦ੍ਰਿਆਂ) ਨੂੰ ਹੱਦ-ਬੰਨਾ ਮਿਲ ਜਾਂਦਾ ਹੈ; (ਭਾਵ,) ਇਹ ਸਾਰੇ ਇੰਦ੍ਰੇ ਆਪਣੀ ਜਾਇਜ਼ ਹੱਦ ਵਿਚ ਰਹਿੰਦੇ ਹਨ। ਪ੍ਰਾਣ = ਸੁਆਸ ਸੁਆਸ। ਥਿਰੁ = ਅਡੋਲ। ਕੰਧੁ = ਸਰੀਰ। ਥਿਰੁ ਕੰਧੁ = ਸਰੀਰ ਅਡੋਲ ਹੋ ਜਾਂਦਾ ਹੈ, (ਭਾਵ,) ਵਿਕਾਰਾਂ ਵਿਚ ਡੋਲਦਾ ਨਹੀਂ। ਪਰਸਾਦੁ = ਕਿਰਪਾ, ਮਿਹਰ। ਹੋਂਦਾ = ਜੋ ਕਹੇ 'ਮੈਂ ਹਾਂ', (ਭਾਵ,) ਹਉਮੈ ਵਾਲਾ, ਅਹੰਕਾਰੀ। ਫੜੀਅਗੁ = ਫੜਿਆ ਜਾਇਗਾ। ਜਾਣੁ = ਜਾਣ ਲੈ, ਸਮਝ ਲੈ। ਜੂਨੀ ਪਾਣੁ = ਜੂਨਾਂ ਵਿਚ ਪੈਣਾ, ਜਨਮ-ਮਰਨ ਦਾ ਗੇੜ। ਅਰਥ: ਜਦੋਂ ਮਨੁੱਖ ਮਨ ਦੀ ਉਸ ਅਵਸਥਾ ਤੇ ਕਾਬੂ ਪਾ ਲੈਂਦਾ ਹੈ ਜਿਸ ਤੇ ਕਾਬੂ ਪਾਣਾ ਔਖਾ ਹੁੰਦਾ ਹੈ (ਭਾਵ, ਜਦੋਂ ਮਨੁੱਖ ਮਨ ਨੂੰ ਵਿਕਾਰਾਂ ਵਿਚ ਡਿੱਗਣ ਤੋਂ ਰੋਕ ਲੈਂਦਾ ਹੈ) , ਜਦੋਂ ਮਨੁੱਖ ਸੁਆਸ ਸੁਆਸ ਪ੍ਰਭੂ ਨੂੰ ਸਿਮਰਦਾ ਹੈ ਤਾਂ ਇਸ ਦੇ ਨੌ ਹੀ (ਕਰਮ ਤੇ ਗਿਆਨ) ਇੰਦ੍ਰੇ ਜਾਇਜ਼ ਹੱਦ ਵਿਚ ਰਹਿੰਦੇ ਹਨ, ਇਸ ਦਾ ਸਰੀਰ ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ। ਕਿੱਥੋਂ ਆਇਆ ਹੈ ਤੇ ਕਿੱਥੇ ਇਸ ਨੇ ਜਾਣਾ ਹੈ? (ਭਾਵ, ਇਸ ਦਾ 'ਜਨਮ ਮਰਨ ਦਾ ਚੱਕਰ' ਮਿਟ ਜਾਂਦਾ ਹੈ) , ਜੀਵਤ-ਭਾਵ (ਭਾਵ, ਨਫ਼ਸਾਨੀ ਖ਼ਾਹਸ਼ਾਂ) ਤੋਂ ਮਰ ਕੇ (ਪ੍ਰਭੂ ਦਰ ਤੇ) ਪ੍ਰਵਾਨ ਹੋ ਜਾਂਦਾ ਹੈ। ਤਦੋਂ ਜੀਵ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਅਸਲੀਅਤ ਨੂੰ ਪਛਾਣ ਲੈਂਦਾ ਹੈ– ਇਹ ਮਿਹਰ ਇਸ ਨੂੰ ਗੁਰੂ ਤੋਂ ਮਿਲਦੀ ਹੈ। ਹੇ ਨਾਨਕ! ਇਹ ਸਮਝ ਲੈ ਕਿ ਉਹੀ ਫਸਦਾ ਹੈ ਜੋ ਕਹਿੰਦਾ ਹੈ 'ਮੈਂ ਹਾਂ' 'ਮੈਂ ਹਾਂ' ਜਿਥੇ 'ਹਉ' ਨਹੀਂ ਜਿਥੇ 'ਮੈਂ' ਨਹੀਂ, ਓਥੇ ਜੂਨੀਆਂ ਵਿਚ ਪੈਣ (ਦਾ ਦੁੱਖ ਭੀ) ਨਹੀਂ ਹੈ।2। ਪਉੜੀ ॥ ਪੜ੍ਹ੍ਹੀਐ ਨਾਮੁ ਸਾਲਾਹ ਹੋਰਿ ਬੁਧੀ ਮਿਥਿਆ ॥ ਬਿਨੁ ਸਚੇ ਵਾਪਾਰ ਜਨਮੁ ਬਿਰਥਿਆ ॥ ਅੰਤੁ ਨ ਪਾਰਾਵਾਰੁ ਨ ਕਿਨ ਹੀ ਪਾਇਆ ॥ ਸਭੁ ਜਗੁ ਗਰਬਿ ਗੁਬਾਰੁ ਤਿਨ ਸਚੁ ਨ ਭਾਇਆ ॥ ਚਲੇ ਨਾਮੁ ਵਿਸਾਰਿ ਤਾਵਣਿ ਤਤਿਆ ॥ ਬਲਦੀ ਅੰਦਰਿ ਤੇਲੁ ਦੁਬਿਧਾ ਘਤਿਆ ॥ ਆਇਆ ਉਠੀ ਖੇਲੁ ਫਿਰੈ ਉਵਤਿਆ ॥ ਨਾਨਕ ਸਚੈ ਮੇਲੁ ਸਚੈ ਰਤਿਆ ॥੨੪॥ {ਪੰਨਾ 1289} ਪਦ ਅਰਥ: ਹੋਰਿ ਬੁਧੀ = ਹੋਰ ਅਕਲਾਂ। ਗਰਬਿ = ਅਹੰਕਾਰ ਵਿਚ। ਗੁਬਾਰੁ = ਅੰਨ੍ਹਾ। ਤਾਵਣਿ = ਕੜਾਹੇ ਵਿਚ। ਉਠੀ ਖੇਲੁ = ਖੇਡ ਮੁੱਕ ਜਾਂਦੀ ਹੈ, ਮਰ ਜਾਂਦਾ ਹੈ। ਉਵਤਿਆ = ਅਵੈੜਾ। ਸਚੇ ਰਤਿਆ = ਸੱਚੇ ਵਿਚ ਰੰਗਿਆ ਹੋਇਆ। ਮਿਥਿਆ = ਵਿਅਰਥ। ਕਿਨ ਹੀ = ਕਿਨਿ ਹੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ 'ਿ' ਉੱਡ ਗਈ ਹੈ) ਕਿਸੇ ਨੇ ਹੀ। ਪਾਰਾਵਾਰੁ = ਪਾਰ-ਅਵਾਰੁ, ਪਾਰਲਾ ਉਰਲਾ ਬੰਨਾ। ਸਚੁ = ਸੱਚ, ਸਦਾ-ਥਿਰ ਹਰਿ-ਨਾਮ। ਭਾਇਆ = ਚੰਗਾ ਲੱਗਦਾ। ਤਤਿਆ = ਤਲੀਦੇ ਹਨ। ਸਚੈ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਅਰਥ: (ਹੇ ਭਾਈ!) ਪ੍ਰਭੂ ਦਾ 'ਨਾਮ' ਪੜ੍ਹਨਾ ਚਾਹੀਦਾ ਹੈ, ਸਿਫ਼ਤਿ-ਸਾਲਾਹ ਪੜ੍ਹਨੀ ਚਾਹੀਦੀ ਹੈ, 'ਨਾਮ' ਤੋਂ ਬਿਨਾ ਹੋਰ ਅਕਲਾਂ ਵਿਅਰਥ ਹਨ; ('ਨਾਮ' ਹੀ ਸੱਚਾ ਵਪਾਰ ਹੈ, ਇਸ) ਸੱਚੇ ਵਪਾਰ ਤੋਂ ਬਿਨਾ ਜੀਵਨ ਅਜਾਈਂ ਜਾਂਦਾ ਹੈ। (ਇਹਨਾਂ ਹੋਰ ਹੋਰ ਕਿਸਮਾਂ ਦੀਆਂ ਅਕਲਾਂ ਤੇ ਚਤੁਰਾਈਆਂ ਨਾਲ) ਕਦੇ ਕਿਸੇ ਨੇ ਪ੍ਰਭੂ ਦਾ ਅੰਤ ਨਹੀਂ ਪਾਇਆ, ਉਸਦਾ ਪਾਰਲਾ ਉਰਲਾ ਬੰਨਾ ਨਹੀਂ ਲੱਭਾ, (ਹਾਂ, ਇਹਨਾਂ ਅਕਲਾਂ ਦੇ ਕਾਰਨ) ਸਾਰਾ ਜਗਤ ਅਹੰਕਾਰ ਵਿਚ ਅੰਨ੍ਹਾ ਹੋ ਜਾਂਦਾ ਹੈ, ਇਹਨਾਂ (ਨਾਮ-ਹੀਣ ਵਿਦਵਾਨਾਂ) ਨੂੰ 'ਸਚੁ' (ਭਾਵ, 'ਨਾਮ' ਸਿਮਰਨਾ) ਚੰਗਾ ਨਹੀਂ ਲੱਗਦਾ। (ਜਿਉਂ ਜਿਉਂ) ਇਹ ਨਾਮ ਵਿਸਾਰ ਕੇ ਤੁਰਦੇ ਹਨ ('ਹਉਮੈ' ਦੇ ਕਾਰਨ, ਮਾਨੋ,) ਕੜਾਹੇ ਵਿਚ ਤਲੀਦੇ ਹਨ। (ਇਹਨਾਂ ਦੇ ਹਿਰਦੇ ਵਿਚ ਪੈਦਾ ਹੋਈ ਹੋਈ) ਦੁਬਿਧਾ, ਮਾਨੋ, ਬਲਦੀ ਵਿਚ ਤੇਲ ਪਾਇਆ ਜਾਂਦਾ ਹੈ (ਭਾਵ, 'ਦੁਬਿਧਾ' ਦੇ ਕਾਰਨ ਵਿੱਦਿਆ ਤੋਂ ਪੈਦਾ ਹੋਇਆ ਅਹੰਕਾਰ ਹੋਰ ਵਧੀਕ ਦੁਖੀ ਕਰਦਾ ਹੈ) । (ਅਜੇਹਾ ਬੰਦਾ ਜਗਤ ਵਿਚ) ਆਉਂਦਾ ਹੈ ਤੇ ਮਰ ਜਾਂਦਾ ਹੈ (ਭਾਵ, ਵਿਅਰਥ ਜੀਵਨ ਗੁਜ਼ਾਰ ਜਾਂਦਾ ਹੈ, ਤੇ ਸਾਰੀ ਉਮਰ) ਅਵੈੜਾ ਹੀ ਭੌਂਦਾ ਫਿਰਦਾ ਹੈ। ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਉਸ ਬੰਦੇ ਦਾ ਮੇਲ ਹੁੰਦਾ ਹੈ ਜੋ ਉਸ ਸੱਚੇ (ਦੇ ਪਿਆਰ) ਵਿਚ ਰੰਗਿਆ ਹੁੰਦਾ ਹੈ। 24। ਸਲੋਕ ਮਃ ੧ ॥ ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥ ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥ ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥ ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥ ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥ ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥ ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥ ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥ {ਪੰਨਾ 1289} ਪਰ ਅਰਥ: ਨਿੰਮਿਆ = ਨਿਰਮਿਆ, ਬਣਿਆ, ਮੁਢ ਬੱਝਾ। ਜੀਉ ਪਾਇ = ਜਿੰਦ ਹਾਸਲ ਕਰ ਕੇ, ਭਾਵ, ਜਦੋਂ ਜਾਨ ਪਈ। ਗਿਰਾਸੁ = ਗਿਰਾਹੀ, ਖ਼ੁਰਾਕ। ਸਾਸੁ = ਸਾਹ। ਕੋ = ਕੋਈ (ਭਾਵ,) ਜੀਵ। ਆਵੈ ਰਾਸਿ = ਰਾਸ ਆਉਂਦਾ ਹੈ, ਸਿਰੇ ਚੜ੍ਹਦਾ ਹੈ, ਸਫਲ ਹੁੰਦਾ ਹੈ। ਆਪਿ ਛੁਟੇ = ਆਪਣੇ ਜ਼ੋਰ ਨਾਲ ਬਚਿਆਂ। ਬਚਨਿ = ਬਚਨ ਨਾਲ, (ਇਸ ਕਿਸਮ ਦੀ) ਚਰਚਾ ਨਾਲ। ਬਿਣਾਸੁ = ਹਾਨੀ। ਅਰਥ: ਸਭ ਤੋਂ ਪਹਿਲਾਂ ਮਾਸ (ਭਾਵ, ਪਿਤਾ ਦੇ ਵੀਰਜ) ਤੋਂ ਹੀ (ਜੀਵ ਦੀ ਹਸਤੀ ਦਾ) ਮੁੱਢ ਬੱਝਦਾ ਹੈ, (ਫਿਰ) ਮਾਸ (ਭਾਵ, ਮਾਂ ਦੇ ਪੇਟ) ਵਿਚ ਹੀ ਇਸ ਦਾ ਵਸੇਬਾ ਹੁੰਦਾ ਹੈ; ਜਦੋਂ (ਪੁਤਲੇ ਵਿਚ) ਜਾਨ ਪੈਂਦੀ ਹੈ ਤਾਂ ਵੀ (ਜੀਭ-ਰੂਪ) ਮਾਸ ਮੂੰਹ ਵਿਚ ਮਿਲਦਾ ਹੈ (ਇਸ ਦੇ ਸਰੀਰ ਦੀ ਸਾਰੀ ਹੀ ਘਾੜਤ) ਹੱਡ ਚੰਮ ਸਰੀਰ ਸਭ ਕੁਝ ਮਾਸ (ਹੀ ਬਣਦਾ ਹੈ) । ਜਦੋਂ (ਮਾਂ ਦੇ ਪੇਟ-ਰੂਪ) ਮਾਸ ਵਿਚੋਂ ਬਾਹਰ ਭੇਜਿਆ ਜਾਂਦਾ ਹੈ ਤਾਂ ਭੀ ਮੰਮਾ (-ਰੂਪ) ਮਾਸ ਖ਼ੁਰਾਕ ਮਿਲਦੀ ਹੈ; ਇਸ ਦਾ ਮੂੰਹ ਭੀ ਮਾਸ ਦਾ ਹੈ ਜੀਭ ਭੀ ਮਾਸ ਦੀ ਹੈ, ਮਾਸ ਵਿਚ ਸਾਹ ਲੈਂਦਾ ਹੈ। ਜਦੋਂ ਜੁਆਨ ਹੁੰਦਾ ਹੈ ਤੇ ਵਿਆਹਿਆ ਜਾਂਦਾ ਹੈ ਤਾਂ ਭੀ (ਇਸਤ੍ਰੀ-ਰੂਪ) ਮਾਸ ਹੀ ਘਰ ਲੈ ਆਉਂਦਾ ਹੈ; (ਫਿਰ) ਮਾਸ ਤੋਂ ਹੀ (ਬੱਚਾ-ਰੂਪ) ਮਾਸ ਜੰਮਦਾ ਹੈ; (ਸੋ, ਜਗਤ ਦਾ ਸਾਰਾ) ਸਾਕ-ਸੰਬੰਧ ਮਾਸ ਤੋਂ ਹੀ ਹੈ। (ਮਾਸ ਖਾਣ ਜਾਂ ਨਾਹ ਖਾਣ ਦਾ ਨਿਰਨਾ ਸਮਝਣ ਦੇ ਥਾਂ) ਜੇ ਸਤਿਗੁਰੂ ਮਿਲ ਪਏ ਤੇ ਪ੍ਰਭੂ ਦੀ ਰਜ਼ਾ ਸਮਝੀਏ ਤਾਂ ਜੀਵ (ਦਾ ਜਗਤ ਵਿਚ ਆਉਣਾ) ਨੇਪਰੇ ਚੜ੍ਹਦਾ ਹੈ (ਨਹੀਂ ਤਾਂ ਜੀਵ ਨੂੰ ਮਾਸ ਨਾਲ ਜੰਮਣ ਤੋਂ ਲੈ ਕੇ ਮਰਨ ਤਕ ਇਤਨਾ ਡੂੰਘਾ ਵਾਸਤਾ ਪੈਂਦਾ ਹੈ ਕਿ) ਆਪਣੇ ਜ਼ੋਰ ਨਾਲ ਇਸ ਤੋਂ ਬਚਿਆਂ ਖ਼ਲਾਸੀ ਨਹੀਂ ਹੁੰਦੀ; ਤੇ, ਹੇ ਨਾਨਕ! (ਇਸ ਕਿਸਮ ਦੀ) ਚਰਚਾ ਨਾਲ (ਨਿਰੀ) ਹਾਨੀ ਹੀ ਹੁੰਦੀ ਹੈ।1। ਮਃ ੧ ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥ ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥ ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥ ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥ ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਮਾਸੁ ਪੁਰਾਣੀ ਮਾਸੁ ਕਤੇਬੀ ਚਹੁ ਜੁਗਿ ਮਾਸੁ ਕਮਾਣਾ ॥ ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥ ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥ ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ੍ਹ ਕਾ ਦਾਨੁ ਨ ਲੈਣਾ ॥ ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥ ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥ ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥ ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥ ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥ {ਪੰਨਾ 1289-1290} ਪਦ ਅਰਥ: ਝਗੜੇ = ਚਰਚਾ ਕਰਦਾ ਹੈ। ਗਿਆਨੁ = ਉੱਚੀ ਸਮਝ, ਆਤਮਕ ਜੀਵਨ ਦੀ ਸੂਝ। ਧਿਆਨੁ = ਉੱਚੀ ਸੁਰਤਿ। ਬਾਣੇ = ਬਾਣ ਅਨੁਸਾਰ, ਆਦਤ ਅਨੁਸਾਰ। ਫੜੁ = ਪਖੰਡ। ਸਿ ਲੋਚਨ = ਉਹ ਅੱਖਾਂ। ਰਕਤੁ = ਰੱਤ, ਲਹੂ। ਨਿਪੰਨੇ = ਪੈਦਾ ਹੋਏ। ਨਿਸਿ = ਰਾਤ ਵੇਲੇ। ਮੰਧੁ = ਮੰਦ। ਬਾਹਰ ਕਾ ਮਾਸੁ = ਬਾਹਰੋਂ ਲਿਆਂਦਾ ਹੋਇਆ ਮਾਸ। ਜੀਇ = ਜੀਵ ਨੇ। ਅਭਖੁ = ਨਾਹ ਖਾਣ ਵਾਲੀ ਸ਼ੈ। ਕੇਰਾ = ਦਾ। ਕਤੇਬੀ = ਮੁਸਲਮਾਨਾਂ ਦੀਆਂ ਮਜ਼ਹਬੀ ਕਿਤਾਬਾਂ ਵਿਚ। ਕਮਾਣਾ = ਵਰਤਿਆ ਜਾਂਦਾ ਹੈ। ਜਜਿ = ਜੱਗ ਵਿਚ। ਕਾਜਿ = ਵਿਆਹ ਵਿਚ। ਤੋਇਅਹੁ = ਪਾਣੀ ਤੋਂ। ਬਿਕਾਰਾ = ਤਬਦੀਲੀਆਂ। ਸੰਨਿਆਸੀ = ਤਿਆਗੀ। ਮਾਰਿ = ਮਾਰ ਕੇ। ਛੋਡਿ = ਛੱਡ ਕੇ। ਬੈਸਿ = ਬੈਠ ਕੇ। ਨਕੁ ਪਕੜਹਿ = ਨੱਕ ਬੰਦ ਕਰ ਲੈਂਦੇ ਹਨ। ਰਾਤੀ = ਰਾਤ ਨੂੰ, ਲੁਕ ਕੇ। ਮਾਣਸ ਖਾਣੇ = ਲੋਕਾਂ ਦਾ ਲਹੂ ਪੀਣ ਦੀਆਂ ਸੋਚਾਂ ਸੋਚਦੇ ਹਨ। ਸੂਝੈ = ਸੁੱਝਦਾ (ਇਹਨਾਂ ਨੂੰ) । ਕਿਆ ਕਹੀਐ = ਸਮਝਣ ਦਾ ਕੋਈ ਲਾਭ ਨਹੀਂ। ਕਹੈ– (ਜੇ ਕੋਈ) ਆਖੇ, ਜੇ ਕੋਈ ਸਮਝਾਏ। ਸੁਆਮੀ = ਹੇ ਸੁਆਮੀ! ਹੇ ਪੰਡਿਤ! ਸਭਿ = ਸਾਰੇ। ਲਇਆ ਵਾਸੇਰਾ = ਡੇਰਾ ਲਾਇਆ ਹੋਇਆ ਹੈ। ਭਖੁ = ਖਾਣ-ਜੋਗ ਚੀਜ਼। ਚਤੁਰੁ = ਸਿਆਣਾ। ਸੁਹਾਵੈ = ਸੋਭਦਾ ਹੈ, ਚੰਗਾ ਮੰਨਿਆ ਜਾਂਦਾ ਹੈ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ਉਹ ਸਾਰੇ। ਨਰਕਿ = ਨਰਕ ਵਿਚ। ਸੁਰਗਿ = ਸੁਰਗ ਵਿਚ। ਧਿਙਾਣਾ = ਧੱਕੇ ਦੀ ਗੱਲ। ਰਸ = ਚਸਕੇ। ਏਤੇ ਰਸ = ਇਹਨਾਂ ਸਾਰੇ ਪਦਾਰਥਾਂ ਦੇ ਚਸਕੇ। ਛੋਡਿ = ਛੱਡ ਕੇ। ਵਿਚਾਰਾ = ਵਿਚਾਰ ਦੀ ਗੱਲ। ਤ੍ਰਿਭਵਣੁ = ਸਾਰਾ ਜਗਤ। ਅਰਥ: (ਆਪਣੇ ਵਲੋਂ ਮਾਸ ਦਾ ਤਿਆਗੀ) ਮੂਰਖ (ਪੰਡਿਤ) ਮਾਸ ਮਾਸ ਆਖ ਕੇ ਚਰਚਾ ਕਰਦਾ ਹੈ, ਪਰ ਨਾਹ ਇਸ ਨੂੰ ਆਤਮਕ ਜੀਵਨ ਦੀ ਸਮਝ ਨਾਹ ਇਸ ਨੂੰ ਸੁਰਤਿ ਹੈ (ਨਹੀਂ ਤਾਂ ਇਹ ਗਹੁ ਨਾਲ ਵਿਚਾਰੇ ਕਿ) ਮਾਸ ਤੇ ਸਾਗ ਵਿਚ ਕੀਹ ਫ਼ਰਕ ਹੈ, ਤੇ ਕਿਸ (ਦੇ ਖਾਣ) ਵਿਚ ਪਾਪ ਹੈ। (ਪੁਰਾਣੇ ਸਮੇ ਵਿਚ ਭੀ, ਲੋਕ) ਦੇਵਤਿਆਂ ਦੇ ਸੁਭਾਉ ਅਨੁਸਾਰ (ਭਾਵ, ਦੇਵਤਿਆਂ ਨੂੰ ਖ਼ੁਸ਼ ਕਰਨ ਲਈ) ਗੈਂਡਾ ਮਾਰ ਕੇ ਹੋਮ ਤੇ ਜੱਗ ਕਰਦੇ ਸਨ। ਜੋ ਮਨੁੱਖ (ਆਪਣੇ ਵਲੋਂ) ਮਾਸ ਤਿਆਗ ਕੇ (ਜਦ ਕਦੇ ਕਿਤੇ ਮਾਸ ਵੇਖਣ ਤਾਂ) ਬੈਠ ਕੇ ਆਪਣਾ ਨੱਕ ਬੰਦ ਕਰ ਲੈਂਦੇ ਹਨ (ਕਿ ਮਾਸ ਦੀ ਬੋ ਆ ਗਈ ਹੈ) ਉਹ ਰਾਤ ਨੂੰ ਮਨੁੱਖ ਨੂੰ ਖਾਂ ਜਾਂਦੇ ਹਨ (ਭਾਵ, ਲੁਕ ਕੇ ਮਨੁੱਖਾਂ ਦਾ ਲਹੂ ਪੀਣ ਦੇ ਮਨਸੂਬੇ ਬੰਨ੍ਹਦੇ ਹਨ) ; (ਮਾਸ ਨਾਹ ਖਾਣ ਦਾ ਇਹ) ਪਖੰਡ ਕਰਕੇ ਲੋਕਾਂ ਨੂੰ ਵਿਖਾਂਦੇ ਹਨ, ਉਂਞ ਇਹਨਾਂ ਨੂੰ ਆਪ ਨਾਹ ਸਮਝ ਹੈ ਨਾਹ ਸੁਰਤਿ ਹੈ। ਪਰ, ਹੇ ਨਾਨਕ! ਕਿਸੇ ਅੰਨ੍ਹੇ ਮਨੁੱਖ ਨੂੰ ਸਮਝਾਣ ਦਾ ਕੋਈ ਲਾਭ ਨਹੀਂ, (ਜੇ ਕੋਈ ਇਸ ਨੂੰ) ਸਮਝਾਵੇ (ਭੀ) , ਤਾਂ ਭੀ ਇਹ ਸਮਝਾਇਆ ਸਮਝਦਾ ਨਹੀਂ ਹੈ। (ਜੇ ਕਹੋ ਅੰਨ੍ਹਾ ਕੌਣ ਹੈ ਤਾਂ) ਅੰਨ੍ਹਾ ਉਹ ਹੈ ਜੋ ਅੰਨ੍ਹਿਆਂ ਵਾਲਾ ਕੰਮ ਕਰਦਾ ਹੈ, ਜਿਸ ਦੇ ਦਿਲ ਵਿਚ ਉਹ ਅੱਖਾਂ ਨਹੀਂ ਹਨ (ਭਾਵ, ਜੋ ਸਮਝ ਤੋਂ ਸੱਖਣਾ ਹੈ) , (ਨਹੀਂ ਤਾਂ ਸੋਚਣ ਵਾਲੀ ਗੱਲ ਹੈ ਕਿ ਆਪ ਭੀ ਤਾਂ) ਮਾਂ ਤੇ ਪਿਉ ਦੀ ਰੱਤ ਤੋਂ ਹੀ ਹੋਏ ਹਨ ਤੇ ਮੱਛੀ (ਆਦਿਕ) ਦੇ ਮਾਸ ਤੋਂ ਪਰਹੇਜ਼ ਕਰਦੇ ਹਨ (ਭਾਵ, ਮਾਸ ਤੋਂ ਹੀ ਪੈਦਾ ਹੋ ਕੇ ਮਾਸ ਤੋਂ ਪਰਹੇਜ਼ ਕਰਨ ਦਾ ਕੀਹ ਭਾਵ? ਪਹਿਲਾਂ ਭੀ ਤਾਂ ਮਾਂ ਪਿਉ ਦੇ ਮਾਸ ਤੋਂ ਹੀ ਸਰੀਰ ਪਲਿਆ ਹੈ) । (ਫਿਰ) , ਜਦੋਂ ਰਾਤ ਨੂੰ ਜ਼ਨਾਨੀ ਤੇ ਮਰਦ ਇਕੱਠੇ ਹੁੰਦੇ ਹਨ ਤਦੋਂ ਭੀ (ਮਾਸ ਨਾਲ ਹੀ) ਮੰਦ (ਭਾਵ, ਭੋਗ) ਕਰਦੇ ਹਨ। ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ, (ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤਿ ਹੈ। (ਭਲਾ ਦੱਸੋ,) ਪੰਡਿਤ ਜੀ! (ਇਹ ਕੀਹ ਕਿ) ਬਾਹਰੋਂ ਲਿਆਂਦਾ ਹੋਇਆ ਮਾਸ ਮਾੜਾ ਤੇ ਘਰ ਦਾ (ਵਰਤਿਆ) ਮਾਸ ਚੰਗਾ? (ਫਿਰ) ਸਾਰੇ ਜੀਅ ਜੰਤ ਮਾਸ ਤੋਂ ਪੈਦਾ ਹੋਏ ਹਨ, ਜਿੰਦ ਨੇ (ਮਾਸ ਵਿਚ ਹੀ) ਡੇਰਾ ਲਾਇਆ ਹੋਇਆ ਹੈ; ਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਅੰਨ੍ਹਾ ਹੈ ਉਹ ਨਾਹ ਖਾਣ-ਜੋਗ ਚੀਜ਼ (ਭਾਵ, ਪਰਾਇਆ ਹੱਕ) ਤਾਂ ਖਾਂਦੇ ਹਨ ਤੇ ਖਾਣ-ਜੋਗ ਚੀਜ਼ (ਭਾਵ ਜਿਸ ਚੀਜ਼ ਤੋਂ ਜ਼ਿੰਦਗੀ ਦਾ ਹੀ ਮੁੱਢ ਬੱਝਾ ਤਿਆਗਦੇ ਹਨ। ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਅਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ, (ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤਿ ਹੈ। ਪੁਰਾਣਾਂ ਵਿਚ ਮਾਸ (ਦਾ ਜ਼ਿਕਰ) , ਮੁਸਲਮਾਨੀ ਮਜ਼ਹਬੀ ਕਿਤਾਬਾਂ ਵਿਚ ਭੀ ਮਾਸ (ਵਰਤਣ ਦਾ ਜ਼ਿਕਰ) ; ਜਗਤ ਦੇ ਸ਼ੁਰੂ ਤੋਂ ਹੀ ਮਾਸ ਵਰਤੀਂਦਾ ਚਲਾ ਆਇਆ ਹੈ। ਜੱਗ ਵਿਚ, ਵਿਆਹ ਆਦਿਕ ਕਾਜ ਵਿਚ (ਮਾਸ ਦੀ ਵਰਤੋਂ) ਪ੍ਰਧਾਨ ਹੈ, ਉਹਨੀਂ ਥਾਈਂ ਮਾਸ ਵਰਤੀਂਦਾ ਰਿਹਾ ਹੈ। ਜ਼ਨਾਨੀ, ਮਰਦ, ਸ਼ਾਹ, ਪਾਤਿਸ਼ਾਹ...ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ। ਜੇ ਇਹ ਸਾਰੇ (ਮਾਸ ਤੋਂ ਬਣਨ ਕਰਕੇ) ਨਰਕ ਵਿਚ ਪੈਂਦੇ ਦਿੱਸਦੇ ਹਨ ਤਾਂ ਉਹਨਾਂ ਤੋਂ (ਮਾਸ-ਤਿਆਗੀ ਪੰਡਿਤ ਨੂੰ) ਦਾਨ ਭੀ ਨਹੀਂ ਲੈਣਾ ਚਾਹੀਦਾ। (ਨਹੀਂ ਤਾਂ) ਵੇਖੋ, ਇਹ ਅਚਰਜ ਧੱਕੇ ਦੀ ਗੱਲ ਹੈ ਕਿ ਦਾਨ ਦੇਣ ਵਾਲੇ ਨਰਕੇ ਪੈਣ ਤੇ ਲੈਣ ਵਾਲੇ ਸੁਰਗ ਵਿਚ। (ਅਸਲ ਵਿਚ) ਹੇ ਪੰਡਿਤ! ਤੂੰ ਢਾਢਾ ਚਤੁਰ ਹੈਂ, ਤੈਨੂੰ ਆਪ ਨੂੰ (ਮਾਸ ਖਾਣ ਦੇ ਮਾਮਲੇ ਦੀ) ਸਮਝ ਨਹੀਂ, ਪਰ ਤੂੰ ਲੋਕਾਂ ਨੂੰ ਸਮਝਾਂਦਾ ਹੈਂ। ਹੇ ਪੰਡਿਤ! ਤੈਨੂੰ ਇਹ ਹੀ ਪਤਾ ਨਹੀਂ ਕਿ ਮਾਸ ਕਿਥੋਂ ਪੈਦਾ ਹੋਇਆ। (ਵੇਖ,) ਪਾਣੀ ਤੋਂ ਅੰਨ ਪੈਦਾ ਹੁੰਦਾ ਹੈ, ਕਮਾਦ ਗੰਨਾ ਉੱਗਦਾ ਹੈ ਤੇ ਕਪਾਹ ਉੱਗਦੀ ਹੈ, ਪਾਣੀ ਤੋਂ ਹੀ ਸਾਰਾ ਸੰਸਾਰ ਪੈਦਾ ਹੁੰਦਾ ਹੈ। ਪਾਣੀ ਆਖਦਾ ਹੈ ਕਿ ਮੈਂ ਕਈ ਤਰੀਕਿਆਂ ਨਾਲ ਭਲਿਆਈ ਕਰਦਾ ਹਾਂ (ਭਾਵ, ਜੀਵ ਦੇ ਪਾਲਣ ਲਈ ਕਈ ਤਰੀਕਿਆਂ ਦੀ ਖ਼ੁਰਾਕ-ਪੁਸ਼ਾਕ ਪੈਦਾ ਕਰਦਾ ਹਾਂ) , ਇਹ ਸਾਰੀਆਂ ਤਬਦੀਲੀਆਂ (ਭਾਵ, ਬੇਅੰਤ ਕਿਸਮਾਂ ਦੇ ਪਦਾਰਥ) ਪਾਣੀ ਵਿਚ ਹੀ ਹਨ। ਸੋ, ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ (ਕਿ ਜੇ ਸੱਚਾ ਤਿਆਗੀ ਬਣਨਾ ਹੈ ਤਾਂ) ਇਹਨਾਂ ਸਾਰੇ ਪਦਾਰਥਾਂ ਦੇ ਚਸਕੇ ਛੱਡ ਕੇ ਤਿਆਗੀ ਬਣੇ (ਕਿਉਂਕਿ ਮਾਸ ਦੀ ਉਤਪੱਤੀ ਭੀ ਪਾਣੀ ਤੋਂ ਹੈ ਤੇ ਅੰਨ ਕਮਾਦ ਆਦਿਕ ਦੀ ਉਤਪੱਤੀ ਭੀ ਪਾਣੀ ਤੋਂ ਹੀ ਹੈ) ।2। |
Sri Guru Granth Darpan, by Professor Sahib Singh |