ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1290 ਪਉੜੀ ॥ ਹਉ ਕਿਆ ਆਖਾ ਇਕ ਜੀਭ ਤੇਰਾ ਅੰਤੁ ਨ ਕਿਨ ਹੀ ਪਾਇਆ ॥ ਸਚਾ ਸਬਦੁ ਵੀਚਾਰਿ ਸੇ ਤੁਝ ਹੀ ਮਾਹਿ ਸਮਾਇਆ ॥ ਇਕਿ ਭਗਵਾ ਵੇਸੁ ਕਰਿ ਭਰਮਦੇ ਵਿਣੁ ਸਤਿਗੁਰ ਕਿਨੈ ਨ ਪਾਇਆ ॥ ਦੇਸ ਦਿਸੰਤਰ ਭਵਿ ਥਕੇ ਤੁਧੁ ਅੰਦਰਿ ਆਪੁ ਲੁਕਾਇਆ ॥ ਗੁਰ ਕਾ ਸਬਦੁ ਰਤੰਨੁ ਹੈ ਕਰਿ ਚਾਨਣੁ ਆਪਿ ਦਿਖਾਇਆ ॥ ਆਪਣਾ ਆਪੁ ਪਛਾਣਿਆ ਗੁਰਮਤੀ ਸਚਿ ਸਮਾਇਆ ॥ ਆਵਾ ਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ ॥ ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ ॥੨੫॥ {ਪੰਨਾ 1290} ਪਦ ਅਰਥ: ਦਿਸੰਤਰ = ਦੇਸ+ਅੰਤਰ, ਦੇਸਾਂਤਰ, ਹੋਰ ਹੋਰ ਦੇਸ। ਆਪੁ = ਆਪਣਾ ਆਪ (ਨੋਟ: ਲਫ਼ਜ਼ 'ਆਪੁ' ਤੇ 'ਆਪਿ' ਦੇ ਜੋੜ ਤੇ ਅਰਥ ਵਿਚ ਫ਼ਰਕ ਸਮਝਣ-ਜੋਗ ਹੈ) । ਬਾਜਾਰੁ = ਵਿਖਾਣਾ। ਆਵਾਗਉਣੁ = ਜਨਮ ਮਰਨ ਦਾ ਗੇੜ। ਗਉ = ਮੈਂ। ਆਖਾ = ਆਖਾਂ, ਮੈਂ ਦੱਸਾਂ। ਕਿਨ ਹੀ = ਕਿਨਿ ਹੀ, ਕਿਸੇ ਨੇ ਹੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ 'ਿ' ਉੱਡ ਗਈ ਹੈ) । ਇਕਿ = ਕਈ (ਲਫ਼ਜ਼ 'ਇਕ' ਤੋਂ ਬਹੁ-ਵਚਨ) । ਭਵਿ = ਭੌਂ ਕੇ। ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਬਜਾਰੀ = ਵਿਖਾਵਾ ਕਰਨ ਵਾਲਾ, ਵਿਖਾਵੇ ਦੇ ਢੌਂਗ ਰਚਾਣ ਵਾਲਾ, ਪਖੰਡੀ। ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ। ਅਰਥ: (ਹੇ ਪ੍ਰਭੂ!) ਮੇਰੀ ਇਕ ਜੀਭ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ? ਤੇਰਾ ਅੰਤ ਕਿਸੇ ਨੇ ਨਹੀਂ ਪਾਇਆ; ਜੋ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦਾ ਸ਼ਬਦ ਵਿਚਾਰਦੇ ਹਨ ਉਹ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ। ਕਈ ਮਨੁੱਖ ਭਗਵਾ ਭੇਖ ਬਣਾ ਕੇ ਭਟਕਦੇ ਫਿਰਦੇ ਹਨ, ਪਰ ਗੁਰੂ ਦੀ ਸਰਨ ਆਉਣ ਤੋਂ ਬਿਨਾ (ਹੇ ਪ੍ਰਭੂ!) ਤੈਨੂੰ ਕਿਸੇ ਨਹੀਂ ਲੱਭਾ, ਇਹ ਲੋਕ (ਬਾਹਰ) ਦੇਸਾਂ ਦੇਸਾਂਤਰਾਂ ਵਿਚ ਭਉਂਦੇ ਖਪ ਗਏ, ਪਰ ਤੂੰ ਆਪਣੇ ਆਪ ਨੂੰ (ਜੀਵ ਦੇ) ਅੰਦਰ ਲੁਕਾ ਰੱਖਿਆ ਹੈ। ਸਤਿਗੁਰੂ ਦਾ ਸਬਦੁ (ਮਾਨੋ,) ਇਕ ਚਮਕਦਾ ਮੋਤੀ ਹੈ (ਜਿਸ ਨੂੰ ਪ੍ਰਭੂ ਨੇ ਇਹ ਮੋਤੀ ਬਖ਼ਸ਼ਿਆ ਹੈ, ਉਸ ਦੇ ਹਿਰਦੇ ਵਿਚ (ਪ੍ਰਭੂ ਨੇ) ਆਪ ਚਾਨਣ ਕਰ ਕੇ (ਉਸ ਨੂੰ ਆਪਣਾ ਆਪ) ਵਿਖਾਇਆ ਹੈ; (ਉਹ ਵਡ-ਭਾਗੀ ਮਨੁੱਖ) ਆਪਣਾ ਅਸਲਾ ਪਛਾਣ ਲੈਂਦਾ ਹੈ ਤੇ ਗੁਰੂ ਦੀ ਸਿੱਖਿਆ ਦੀ ਰਾਹੀਂ ਸੱਚੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ। (ਪਰ) ਜਿਨ੍ਹਾਂ (ਭੇਖੀਆਂ ਨੇ) ਵਿਖਾਵੇ ਦਾ ਢੌਂਗ ਰਚਾਇਆ ਹੋਇਆ ਹੈ ਉਹਨਾਂ ਪਖੰਡੀਆਂ ਨੂੰ ਜਨਮ ਮਰਨ (ਦਾ ਗੇੜ) ਮਿਲਦਾ ਹੈ; ਤੇ, ਜਿਨ੍ਹਾਂ ਨੂੰ ਮਨ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ ਉਹ ਸਦਾ-ਥਿਰ ਰਹਿਣ ਵਾਲੇ ਇੱਕ ਪ੍ਰਭੂ ਦਾ ਗੁਣ ਗਾਂਦੇ ਹਨ। 25। ਸਲੋਕ ਮਃ ੧ ॥ ਨਾਨਕ ਮਾਇਆ ਕਰਮ ਬਿਰਖੁ ਫਲ ਅੰਮ੍ਰਿਤ ਫਲ ਵਿਸੁ ॥ ਸਭ ਕਾਰਣ ਕਰਤਾ ਕਰੇ ਜਿਸੁ ਖਵਾਲੇ ਤਿਸੁ ॥੧॥ {ਪੰਨਾ 1290} ਪਦ ਅਰਥ: ਕਰਮ = ਕੀਤੇ ਕਰਮਾਂ ਅਨੁਸਾਰ। ਬਿਰਖੁ = (ਸਰੀਰ-ਰੂਪ) ਰੁੱਖ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ। ਵਿਸੁ = (ਆਤਮਕ ਮੌਤ ਲਿਆਉਣ ਵਾਲਾ ਮੋਹ-ਰੂਪ) ਜ਼ਹਰ। ਕਾਰਣ = ਵਸੀਲੇ, ਸਬੱਬ। ਅਰਥ: ਹੇ ਨਾਨਕ! (ਜੀਵਾਂ ਦੇ ਕੀਤੇ) ਕਰਮਾਂ ਅਨੁਸਾਰ (ਮਨੁੱਖਾ ਸਰੀਰ-ਰੂਪ) ਮਾਇਆ ਦਾ (ਰਚਿਆ) ਰੁੱਖ (ਉੱਗਦਾ) ਹੈ (ਇਸ ਨੂੰ) ਅੰਮ੍ਰਿਤ (ਭਾਵ, ਨਾਮ ਸੁਖ) ਤੇ ਜ਼ਹਰ (ਭਾਵ, ਮੋਹ-ਦੁੱਖ) ਦੋ ਕਿਸਮਾਂ ਦੇ ਫਲ ਲੱਗਦੇ ਹਨ। ਕਰਤਾਰ ਆਪ (ਅੰਮ੍ਰਿਤ ਤੇ ਵਿਹੁ ਦੋ ਕਿਸਮਾਂ ਦੇ ਫਲਾਂ ਦੇ) ਸਾਰੇ ਵਸੀਲੇ ਬਣਾਂਦਾ ਹੈ, ਜਿਸ ਜੀਵ ਨੂੰ ਜਿਹੜਾ ਫਲ ਖਵਾਂਦਾ ਹੈ ਉਸ ਨੂੰ (ਉਹੀ ਖਾਣਾ ਪੈਂਦਾ ਹੈ) ।1। ਮਃ ੨ ॥ ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥ ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ ॥੨॥ {ਪੰਨਾ 1290} ਪਦ ਅਰਥ: ਜਲੀਈਂ = ਸੜੀਆਂ ਹੋਈਆਂ ਨੇ, ਚੰਦਰੀਆਂ ਨੇ। ਅਗੀ ਸੇਤੀ = ਅੱਗ ਨਾਲ। ਜਾਲਿ = ਸਾੜ ਦੇ। ਏਨੀ = ਇਹਨਾਂ ਨੇ। ਅਰਥ: ਹੇ ਨਾਨਕ! ਦੁਨੀਆ ਦੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦੇਹ। ਇਹਨਾਂ ਚੰਦਰੀਆਂ ਨੇ (ਮਨੁੱਖ ਤੋਂ) ਪ੍ਰਭੂ ਦਾ ਨਾਮ ਭੁਲਵਾ ਦਿੱਤਾ ਹੈ (ਪਰ ਇਹਨਾਂ ਵਿਚੋਂ) ਇੱਕ ਭੀ (ਮਰਨ ਪਿਛੋਂ) ਨਾਲ ਨਹੀਂ ਜਾਂਦੀ।2। ਪਉੜੀ ॥ ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ ॥ ਤੇਰੈ ਹਥਿ ਨਿਬੇੜੁ ਤੂਹੈ ਮਨਿ ਭਾਇਆ ॥ ਕਾਲੁ ਚਲਾਏ ਬੰਨਿ ਕੋਇ ਨ ਰਖਸੀ ॥ ਜਰੁ ਜਰਵਾਣਾ ਕੰਨ੍ਹ੍ਹਿ ਚੜਿਆ ਨਚਸੀ ॥ ਸਤਿਗੁਰੁ ਬੋਹਿਥੁ ਬੇੜੁ ਸਚਾ ਰਖਸੀ ॥ ਅਗਨਿ ਭਖੈ ਭੜਹਾੜੁ ਅਨਦਿਨੁ ਭਖਸੀ ॥ ਫਾਥਾ ਚੁਗੈ ਚੋਗ ਹੁਕਮੀ ਛੁਟਸੀ ॥ ਕਰਤਾ ਕਰੇ ਸੁ ਹੋਗੁ ਕੂੜੁ ਨਿਖੁਟਸੀ ॥੨੬॥ {ਪੰਨਾ 1290} ਪਦ ਅਰਥ: ਸਿਰਿ = ਸਿਰ ਉਤੇ। ਸਿਰਿ ਸਿਰਿ = ਹਰੇਕ ਦੇ ਸਿਰ ਉੱਤੇ, ਹਰੇਕ ਦਾ ਵੱਖੋ-ਵੱਖਰਾ। ਨਿਬੇੜ = ਨਿਰਨਾ, ਫ਼ੈਸਲਾ। ਜਰਵਾਣਾ = ਜ਼ਾਲਮ (ਨੋਟ: ਲਫ਼ਜ਼ 'ਜਰਵਾਣਾ' ਬਾਬਰ ਦੀ ਐਮਨਾਬਾਦ ਵਾਲੀ ਕਤਲਾਮ ਦਾ ਚੇਤਾ ਕਰਾਂਦਾ ਜਾਪਦਾ ਹੈ। 'ਜਰਵਾਣਾ ਕੰਨ੍ਹ੍ਹਿ ਚੜਿਆ ਨਚਸੀ'; ਇਹ ਲਫ਼ਜ਼ ਮੁਗ਼ਲ ਫ਼ੌਜੀ ਸਿਪਾਹੀਆਂ ਦੇ ਅਤਿਆਚਾਰ ਅੱਖਾਂ ਅੱਗੇ ਲਿਆਉਂਦੇ ਜਾਪਦੇ ਹਨ) । ਬੋਹਿਬੁ = ਜਹਾਜ਼। ਭੜਹਾੜੁ = ਭਾਂਬੜ। ਅਨਦਿਨੁ = ਹਰ ਰੋਜ਼। ਹੋਗੁ = ਹੋਵੇਗਾ। ਤੇਰੈ ਹਥਿ = ਤੇਰੇ ਹੱਥ ਵਿਚ। ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਦਾ। ਕਾਲੁ = ਮੌਤ। ਬੰਨਿ = ਬੰਨ੍ਹ ਕੇ। ਜਰੁ = ਬੁਢੇਪਾ। ਕੰਨ੍ਹ੍ਹਿ = ਮੋਢੇ ਉਤੇ। ਸਚਾ = ਸਦਾ ਕਾਇਮ ਰਹਿਣ ਵਾਲਾ। ਭਖੈ = ਭਖ ਰਿਹਾ ਹੈ, ਬਲ ਰਿਹਾ ਹੈ। ਹੁਕਮੀ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ। ਅਰਥ: (ਹੇ ਪ੍ਰਭੂ! ਸਾਰੇ ਜਗਤ ਨੂੰ ਤੂੰ) ਆਪਣੇ ਹੁਕਮ ਵਿਚ ਤੋਰ ਰਿਹਾ ਹੈਂ (ਕਿਤੇ ਭੇਖੀ ਵਿਖਾਵੇ ਦਾ ਢੌਂਗ ਰਚਾ ਰਹੇ ਹਨ, ਕਿਤੇ ਤੈਨੂੰ ਪਿਆਰ ਕਰਨ ਵਾਲੇ ਤੇਰੀ ਸਿਫ਼ਤਿ-ਸਾਲਾਹ ਕਰ ਰਹੇ ਹਨ; ਇਹਨਾਂ ਦੇ ਕਰਮਾਂ ਅਨੁਸਾਰ 'ਆਵਾਗਾਉਣ' ਅਤੇ ਤੇਰਾ ਪਿਆਰ ਤੇਰੇ ਹੀ ਹੁਕਮ ਵਿਚ) ਵੱਖੋ-ਵੱਖਰਾ ਫ਼ੈਸਲਾ (ਹੁੰਦਾ ਹੈ) , ਸਾਰਾ ਫ਼ੈਸਲਾ ਤੇਰੇ ਹੀ ਹੱਥ ਵਿਚ ਹੈ, ਤੂੰ ਹੀ (ਮੇਰੇ) ਮਨ ਵਿਚ ਪਿਆਰਾ ਲੱਗਦਾ ਹੈਂ। ਜਦੋਂ ਮੌਤ ਬੰਨ੍ਹ ਕੇ (ਜੀਵ ਨੂੰ) ਤੋਰ ਲੈਂਦੀ ਹੈ, ਕੋਈ ਇਸ ਨੂੰ ਰੱਖ ਨਹੀਂ ਸਕਦਾ; ਜ਼ਾਲਮ ਬੁਢੇਪਾ (ਹਰੇਕ ਦੇ) ਮੋਢੇ ਉਤੇ ਚੜ੍ਹ ਕੇ ਨੱਚਦਾ ਹੈ (ਭਾਵ, ਮੌਤ ਦਾ ਸੁਨੇਹਾ ਦੇ ਰਿਹਾ ਹੈ ਜਿਸ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ) । ਸਤਿਗੁਰੂ ਹੀ ਸੱਚਾ ਜਹਾਜ਼ ਹੈ ਸੱਚਾ ਬੇੜਾ ਹੈ ਜੋ (ਮੌਤ ਦੇ ਡਰ ਤੋਂ) ਬਚਾਂਦਾ ਹੈ। (ਜਗਤ ਵਿਚ ਤ੍ਰਿਸ਼ਨਾ ਦੀ) ਅੱਗ ਦਾ ਭਾਂਬੜ ਮਚ ਰਿਹਾ ਹੈ, ਹਰ ਵੇਲੇ ਮਚਿਆ ਰਹਿੰਦਾ ਹੈ (ਇਸ ਭਾਂਬੜ ਵਿਚ) ਫਸਿਆ ਹੋਇਆ ਜੀਵ ਚੋਗਾ ਚੁਗ ਰਿਹਾ ਹੈ; ਪ੍ਰਭੂ ਦੇ ਹੁਕਮ ਅਨੁਸਾਰ ਹੀ ਇਸ ਵਿਚੋਂ ਬਚ ਸਕਦਾ ਹੈ ਕਿਉਂਕਿ ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ। ਕੂੜ (ਦਾ ਵਪਾਰ, ਭਾਵ, ਤ੍ਰਿਸ਼ਨਾ-ਅਧੀਨ ਹੋ ਕੇ ਮਾਇਕ ਪਦਾਰਥਾਂ ਪਿਛੇ ਦੌੜਨਾ) ਜੀਵ ਦੇ ਨਾਲ ਨਹੀਂ ਨਿਭਦਾ। 26। |
Sri Guru Granth Darpan, by Professor Sahib Singh |