ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1294

ਰਾਗੁ ਕਾਨੜਾ ਚਉਪਦੇ ਮਹਲਾ ੪ ਘਰੁ ੧

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਮੇਰਾ ਮਨੁ ਸਾਧ ਜਨਾਂ ਮਿਲਿ ਹਰਿਆ ॥ ਹਉ ਬਲਿ ਬਲਿ ਬਲਿ ਬਲਿ ਸਾਧ ਜਨਾਂ ਕਉ ਮਿਲਿ ਸੰਗਤਿ ਪਾਰਿ ਉਤਰਿਆ ॥੧॥ ਰਹਾਉ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਹਮ ਸਾਧ ਜਨਾਂ ਪਗ ਪਰਿਆ ॥ ਧਨੁ ਧਨੁ ਸਾਧ ਜਿਨ ਹਰਿ ਪ੍ਰਭੁ ਜਾਨਿਆ ਮਿਲਿ ਸਾਧੂ ਪਤਿਤ ਉਧਰਿਆ ॥੧॥ ਮਨੂਆ ਚਲੈ ਚਲੈ ਬਹੁ ਬਹੁ ਬਿਧਿ ਮਿਲਿ ਸਾਧੂ ਵਸਗਤਿ ਕਰਿਆ ॥ ਜਿਉਂ ਜਲ ਤੰਤੁ ਪਸਾਰਿਓ ਬਧਕਿ ਗ੍ਰਸਿ ਮੀਨਾ ਵਸਗਤਿ ਖਰਿਆ ॥੨॥ ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ ॥ ਹਉਮੈ ਦੁਰਤੁ ਗਇਆ ਸਭੁ ਨੀਕਰਿ ਜਿਉ ਸਾਬੁਨਿ ਕਾਪਰੁ ਕਰਿਆ ॥੩॥ ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਗੁਰ ਸਤਿਗੁਰ ਚਰਨ ਉਰ ਧਰਿਆ ॥ ਸਭੁ ਦਾਲਦੁ ਦੂਖ ਭੰਜ ਪ੍ਰਭੁ ਪਾਇਆ ਜਨ ਨਾਨਕ ਨਾਮਿ ਉਧਰਿਆ ॥੪॥੧॥ {ਪੰਨਾ 1294}

ਪਦ ਅਰਥ: ਮਿਲਿ = ਮਿਲ ਕੇ। ਹਰਿਆ = ਹਰਾ-ਭਰਾ, ਆਤਮਕ ਜੀਵਨ ਵਾਲਾ। ਹਉ = ਹਉਂ, ਮੈਂ। ਬਲਿ ਬਲਿ = ਸਦਕੇ, ਕੁਰਬਾਨ।1। ਰਹਾਉ।

ਹਰਿ = ਹੇ ਹਰੀ! ਪ੍ਰਭ = ਹੇ ਪ੍ਰਭੂ! ਪਗ = ਪੈਰੀਂ, ਚਰਨੀਂ। ਪਰਿਆ = ਪਿਆ ਰਹਾਂ। ਹਮ = ਅਸੀ, ਮੈਂ। ਧਨੁ ਧਨੁ = ਧੰਨ, ਭਾਗਾਂ ਵਾਲੇ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖ। ਉਧਰਿਆ = (ਵਿਕਾਰਾਂ ਤੋਂ) ਬਚ ਜਾਂਦੇ ਹਨ।1।

ਚਲੈ ਚਲੈ = ਮੁੜ ਮੁੜ ਭਟਕਦਾ ਫਿਰਦਾ ਹੈ। ਵਸਗਤਿ = ਵੱਸ ਵਿਚ। ਜਲ ਤੰਤੁ = (ਮੱਛੀਆਂ ਫੜਨ ਵਾਲਾ) ਜਾਲ। ਬਧਕਿ = ਬੱਧਕ ਨੇ, ਸ਼ਿਕਾਰੀ ਨੇ। ਗ੍ਰਸਿ = ਫੜ ਕੇ। ਮੀਨਾ = ਮੱਛੀ। ਖਰਿਆ = ਲੈ ਗਿਆ।2।

ਭਲ = ਭਲੇ। ਨੀਕੇ = ਚੰਗੇ। ਲਹੀਆ = ਲਹਿ ਜਾਂਦੀ ਹੈ। ਦੁਰਤੁ = ਪਾਪ। ਗਇਆ ਨੀਕਰਿ = ਨਿਕਲ ਗਿਆ। ਸਾਬੁਨਿ = ਸਾਬਣ ਨਾਲ। ਕਾਪਰੁ = ਕੱਪੜਾ। ਕਰਿਆ = (ਮਲ-ਰਹਿਤ) ਕਰ ਲਈਦਾ ਹੈ।3।

ਮਸਤਕਿ = ਮੱਥੇ ਉੱਤੇ। ਲਿਲਾਟਿ = ਮੱਥੇ ਉੱਤੇ। ਧੁਰਿ = ਧੁਰ ਦਰਗਾਹ ਤੋਂ। ਠਾਕੁਰਿ = ਠਾਕੁਰ ਪ੍ਰਭੂ ਨੇ। ਉਰ = ਹਿਰਦਾ। ਸਭੁ = ਸਾਰਾ। ਦਾਲਦੁ = ਗਰੀਬੀ। ਦਾਲਦੁ ਦੂਖੁ ਭੰਜ = ਗ਼ਰੀਬੀ ਤੇ ਦੁੱਖਾਂ ਦਾ ਨਾਸ ਕਰਨ ਵਾਲਾ। ਨਾਮਿ = ਨਾਮ ਦੀ ਰਾਹੀਂ। ਉਧਰਿਆ = ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।4।

ਅਰਥ: ਹੇ ਭਾਈ! ਮੇਰਾ ਮਨ ਸੰਤ ਜਨਾਂ ਨੂੰ ਮਿਲ ਕੇ ਆਤਮਕ ਜੀਵਨ ਵਾਲਾ ਬਣ ਗਿਆ ਹੈ। ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ। (ਸੰਤ ਜਨਾਂ ਦੀ) ਸੰਗਤਿ ਵਿਚ ਮਿਲ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ।1। ਰਹਾਉ।

ਹੇ ਹਰੀ! ਹੇ ਪ੍ਰਭੂ! (ਮੇਰੇ ਉਤੇ) ਆਪਣੀ ਮਿਹਰ ਕਰ, ਮੈਂ ਸੰਤ ਜਨਾਂ ਦੀ ਚਰਨੀਂ ਲੱਗਾ ਰਹਾਂ। ਹੇ ਭਾਈ! ਸ਼ਾਬਾਸ਼ ਹੈ ਸੰਤ ਜਨਾਂ ਨੂੰ ਜਿਨ੍ਹਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੋਈ ਹੈ। ਸੰਤ ਜਨਾਂ ਨੂੰ ਮਿਲ ਕੇ ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖ ਵਿਕਾਰਾਂ ਤੋਂ ਬਚ ਜਾਂਦੇ ਹਨ।1।

ਹੇ ਭਾਈ! (ਮਨੁੱਖ ਦਾ) ਮਨ (ਆਮ ਤੌਰ ਤੇ) ਕਈ ਤਰੀਕਿਆਂ ਨਾਲ ਸਦਾ ਭਟਕਦਾ ਫਿਰਦਾ ਹੈ, ਸੰਤ ਜਨਾਂ ਨੂੰ ਮਿਲ ਕੇ (ਇਉਂ) ਵੱਸ ਵਿਚ ਕਰ ਲਈਦਾ ਹੈ, ਜਿਵੇਂ ਕਿਸੇ ਸ਼ਿਕਾਰੀ ਨੇ ਜਾਲ ਖਿਲਾਰਿਆ, ਅਤੇ ਮੱਛੀ ਨੂੰ (ਕੁੰਡੇ ਵਿਚ) ਫਸਾ ਕੇ ਕਾਬੂ ਕਰ ਕੇ ਲੈ ਗਿਆ।2।

ਹੇ ਭਾਈ! ਪਰਮਾਤਮਾ ਦੇ ਸੇਵਕ ਸੰਤ ਜਨ ਭਲੇ ਅਤੇ ਚੰਗੇ ਜੀਵਨ ਵਾਲੇ ਹੁੰਦੇ ਹਨ, ਸੰਤ ਜਨਾਂ ਨੂੰ ਮਿਲ ਕੇ (ਮਨ ਦੀ ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ। ਜਿਵੇਂ ਸਾਬਣ ਨਾਲ ਕੱਪੜਾ (ਸਾਫ਼) ਕਰ ਲਈਦਾ ਹੈ, (ਤਿਵੇਂ ਸੰਤ ਜਨਾਂ ਦੀ ਸੰਗਤਿ ਵਿਚ ਮਨੁੱਖ ਦੇ ਅੰਦਰੋਂ) ਹਉਮੈ ਦਾ ਵਿਕਾਰ ਸਾਰਾ ਨਿਕਲ ਜਾਂਦਾ ਹੈ।3।

ਹੇ ਦਾਸ ਨਾਨਕ! ਜਿਸ ਮਨੁੱਖ ਦੇ ਮੱਥੇ ਉੱਤੇ ਠਾਕੁਰ-ਪ੍ਰਭੂ ਨੇ ਧੁਰ ਦਰਗਾਹ ਤੋਂ (ਗੁਰੂ-ਮਿਲਾਪ ਦਾ ਲੇਖ) ਲਿਖ ਦਿੱਤਾ, ਉਸ ਨੇ ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ। ਉਸ ਨੇ ਉਹ ਪਰਮਾਤਮਾ ਲੱਭ ਲਿਆ ਜਿਹੜਾ ਸਾਰੀ ਗ਼ਰੀਬੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਉਹ ਮਨੁੱਖ ਨਾਮ ਵਿਚ (ਜੁੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ।4।1।

ਕਾਨੜਾ ਮਹਲਾ ੪ ॥ ਮੇਰਾ ਮਨੁ ਸੰਤ ਜਨਾ ਪਗ ਰੇਨ ॥ ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਮਨੁ ਕੋਰਾ ਹਰਿ ਰੰਗਿ ਭੇਨ ॥੧॥ ਰਹਾਉ ॥ ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ ॥ ਪ੍ਰਭਿ ਦੀਨ ਦਇਆਲਿ ਕੀਓ ਅੰਗੀਕ੍ਰਿਤੁ ਮਨਿ ਹਰਿ ਹਰਿ ਨਾਮੁ ਜਪੇਨ ॥੧॥ ਹਰਿ ਕੇ ਸੰਤ ਮਿਲਹਿ ਮਨ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ ॥ ਹਰਿ ਕੇ ਸੰਤ ਮਿਲੇ ਹਰਿ ਮਿਲਿਆ ਹਮ ਕੀਏ ਪਤਿਤ ਪਵੇਨ ॥੨॥ ਹਰਿ ਕੇ ਜਨ ਊਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ ॥ ਜਨ ਕੀ ਮਹਿਮਾ ਬਰਨਿ ਨ ਸਾਕਉ ਓਇ ਊਤਮ ਹਰਿ ਹਰਿ ਕੇਨ ॥੩॥ ਤੁਮ੍ਹ੍ਹ ਹਰਿ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸਿ ਦੇਨ ॥ ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਲਦਿ ਵਾਖਰੁ ਹਰਿ ਹਰਿ ਲੇਨ ॥੪॥੨॥ {ਪੰਨਾ 1294}

ਪਦ ਅਰਥ: ਪਗ ਰੇਨ = ਚਰਨਾਂ ਦੀ ਧੂੜ। ਮਿਲਿ = ਮਿਲ ਕੇ। ਰੰਗਿ = ਰੰਗ ਨਾਲ। ਭੇਨ = ਭਿੱਜ ਗਿਆ।1। ਰਹਾਉ।

ਅਚਿਤ = (ਅ-ਚਿਤ) ਬੇ-ਧਿਆਨੇ। ਅਚੇਤ = ਗ਼ਾਫ਼ਿਲ। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਾਪ, ਅੰਦਾਜ਼ਾ। ਗੁਰਿ = ਗੁਰੂ ਨੇ। ਸੁਚਿਤ = ਸਿਆਣਾ। ਪ੍ਰਭਿ = ਪ੍ਰਭੂ ਨੇ। ਦੀਨ ਦਇਆਲਿ = ਦੀਨਾਂ ਉੱਤੇ ਦਇਆ ਕਰਨ ਵਾਲੇ ਨੇ। ਅੰਗੀਕਾਰੁ = ਪੱਖ। ਕੀਓ ਅੰਗੀਕ੍ਰਿਤੁ = ਰੱਖਿਆ ਕੀਤੀ। ਮਨਿ = ਮਨ ਵਿਚ।1।

ਮਨ ਪ੍ਰੀਤਮ ਸੰਤ = ਮੇਰੇ ਮਨ ਦੇ ਪਿਆਰੇ ਸੰਤ। ਮਿਲਹਿ = ਜੇ ਮਿਲ ਪੈਣ। ਕਟਿ = ਕੱਟ ਕੇ। ਦੇਵਉ = ਦੇਵਉਂ, ਮੈਂ ਦੇ ਦਿਆਂ। ਹੀਅਰਾ = ਹਿਰਦਾ। ਤੇਨ = ਉਹਨਾਂ ਨੂੰ। ਪਤਿਤ ਪਵੇਨ = ਪਤਿਤਾਂ ਤੋਂ ਪਵਿੱਤਰ।2।

ਜਗਿ = ਜਗਤ ਵਿਚ। ਕਹੀਅਹਿ = ਆਖੇ ਜਾਂਦੇ ਹਨ। ਸੇਨ = ਸਿੱਜ ਜਾਂਦੇ ਹਨ, ਭਿੱਜ ਜਾਂਦੇ ਹਨ। ਬਰਨਿ ਨ ਸਾਕਉ = (ਸਾਕਉਂ) ਮੈਂ ਬਿਆਨ ਨਹੀਂ ਕਰ ਸਕਦਾ। ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) । ਕੇਨ = ਕੀਤੇ ਹਨ।3।

ਸਾਹ = ਸ਼ਾਹ, ਨਾਮ-ਖ਼ਜ਼ਾਨੇ ਦਾ ਮਾਲਕ। ਸੁਆਮੀ = ਹੇ-ਸੁਆਮੀ! ਰਾਸਿ = ਸਰਮਾਇਆ, ਪੂੰਜੀ। ਦੇਨ = ਦੇਹ। ਪ੍ਰਭ = ਹੇ ਪ੍ਰਭੂ! ਲਦਿ ਲੇਨ = ਲੱਦ ਲਵਾਂ। ਵਾਖਰੁ = ਵੱਖਰ, ਸੌਦਾ।4।

ਅਰਥ: ਹੇ ਭਾਈ! ਮੇਰਾ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ (ਮੰਗਦਾ ਹੈ) । ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਮਿਲ ਕੇ (ਜਿਸ ਨੇ ਭੀ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣੀ, ਉਸ ਦਾ ਕੋਰਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਗਿਆ।1। ਰਹਾਉ।

ਹੇ ਭਾਈ! ਅਸੀਂ ਜੀਵ (ਪਰਮਾਤਮਾ ਵਲੋਂ) ਬੇ-ਧਿਆਨੇ ਗ਼ਾਫ਼ਿਲ ਰਹਿੰਦੇ ਹਾਂ, ਅਸੀਂ ਨਹੀਂ ਜਾਣਦੇ ਕਿ ਪਰਮਾਤਮਾ ਕਿਹੋ ਜਿਹਾ ਉੱਚੀ ਆਤਮਕ ਅਵਸਥਾ ਵਾਲਾ ਹੈ ਅਤੇ ਕੇਡਾ ਬੇਅੰਤ ਵੱਡਾ ਹੈ। (ਜਿਹੜੇ ਗੁਰੂ ਦੀ ਸਰਨ ਪੈ ਗਏ, ਉਹਨਾਂ ਨੂੰ) ਗੁਰੂ ਨੇ ਸਿਆਣੇ ਚਿੱਤ ਵਾਲੇ ਬਣਾ ਦਿੱਤਾ। ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਨੇ ਜਿਸ ਦਾ ਪੱਖ ਕੀਤਾ, ਉਸ ਨੇ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ।1।

ਹੇ ਭਾਈ! ਜੇ (ਮੇਰੇ) ਮਨ ਦੇ ਪਿਆਰੇ ਸੰਤ ਜਨ (ਮੈਨੂੰ) ਮਿਲ ਪੈਣ, ਤਾਂ ਮੈਂ ਉਹਨਾਂ ਨੂੰ (ਆਪਣਾ) ਹਿਰਦਾ ਕੱਟ ਕੇ ਦੇ ਦਿਆਂ। (ਜਿਨ੍ਹਾਂ ਨੂੰ) ਪਰਮਾਤਮਾ ਦੇ ਸੰਤ ਮਿਲ ਪਏ, ਉਹਨਾਂ ਨੂੰ ਪਰਮਾਤਮਾ ਮਿਲ ਪਿਆ। ਹੇ ਭਾਈ! ਸੰਤ ਜਨ ਅਸਾਂ ਜੀਵਾਂ ਨੂੰ ਪਤਿਤਾਂ ਤੋਂ ਪਵਿੱਤਰ ਕਰ ਲੈਂਦੇ ਹਨ।2।

ਹੇ ਭਾਈ! ਪਰਮਾਤਮਾ ਦੇ ਸੇਵਕ ਜਗਤ ਵਿਚ ਉੱਚੇ ਜੀਵਨ ਵਾਲੇ ਅਖਵਾਂਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਪੱਥਰ (ਭੀ ਅੰਦਰੋਂ) ਸਿੱਜ ਜਾਂਦੇ ਹਨ (ਪੱਥਰ-ਦਿਲ ਮਨੁੱਖ ਭੀ ਨਰਮ-ਦਿਲ ਹੋ ਜਾਂਦੇ ਹਨ) । ਹੇ ਭਾਈ! ਮੈਂ ਸੰਤ ਜਨਾਂ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ। ਪਰਮਾਤਮਾ ਨੇ (ਆਪ) ਉਹਨਾਂ ਨੂੰ ਉੱਚੇ ਜੀਵਨ ਵਾਲੇ ਬਣਾ ਦਿੱਤਾ ਹੈ।3।

ਹੇ ਪ੍ਰਭੂ! ਹੇ ਹਰੀ! ਹੇ ਸੁਆਮੀ! ਤੂੰ ਨਾਮ-ਖ਼ਜ਼ਾਨੇ ਦਾ ਮਾਲਕ ਹੈਂ, ਅਸੀਂ ਜੀਵ ਉਸ ਨਾਮ-ਧਨ ਦੇ ਵਪਾਰੀ ਹਾਂ, ਸਾਨੂੰ ਆਪਣਾ ਨਾਮ-ਸਰਮਾਇਆ ਦੇਹ। ਹੇ ਪ੍ਰਭੂ! ਆਪਣੇ ਦਾਸ ਨਾਨਕ ਉੱਤੇ ਮਿਹਰ ਕਰ, ਮੈਂ ਤੇਰਾ ਨਾਮ-ਸੌਦਾ ਲੱਦ ਸਕਾਂ।4।2।

TOP OF PAGE

Sri Guru Granth Darpan, by Professor Sahib Singh