ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1295

ਕਾਨੜਾ ਮਹਲਾ ੪ ॥ ਜਪਿ ਮਨ ਰਾਮ ਨਾਮ ਪਰਗਾਸ ॥ ਹਰਿ ਕੇ ਸੰਤ ਮਿਲਿ ਪ੍ਰੀਤਿ ਲਗਾਨੀ ਵਿਚੇ ਗਿਰਹ ਉਦਾਸ ॥੧॥ ਰਹਾਉ ॥ ਹਮ ਹਰਿ ਹਿਰਦੈ ਜਪਿਓ ਨਾਮੁ ਨਰਹਰਿ ਪ੍ਰਭਿ ਕ੍ਰਿਪਾ ਕਰੀ ਕਿਰਪਾਸ ॥ ਅਨਦਿਨੁ ਅਨਦੁ ਭਇਆ ਮਨੁ ਬਿਗਸਿਆ ਉਦਮ ਭਏ ਮਿਲਨ ਕੀ ਆਸ ॥੧॥ ਹਮ ਹਰਿ ਸੁਆਮੀ ਪ੍ਰੀਤਿ ਲਗਾਈ ਜਿਤਨੇ ਸਾਸ ਲੀਏ ਹਮ ਗ੍ਰਾਸ ॥ ਕਿਲਬਿਖ ਦਹਨ ਭਏ ਖਿਨ ਅੰਤਰਿ ਤੂਟਿ ਗਏ ਮਾਇਆ ਕੇ ਫਾਸ ॥੨॥ ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਭ ਤਾਸ ॥ ਅਵਗਨੀਆਰੇ ਪਾਥਰ ਭਾਰੇ ਸਤਸੰਗਤਿ ਮਿਲਿ ਤਰੇ ਤਰਾਸ ॥੩॥ ਜੇਤੀ ਸ੍ਰਿਸਟਿ ਕਰੀ ਜਗਦੀਸਰਿ ਤੇ ਸਭਿ ਊਚ ਹਮ ਨੀਚ ਬਿਖਿਆਸ ॥ ਹਮਰੇ ਅਵਗੁਨ ਸੰਗਿ ਗੁਰ ਮੇਟੇ ਜਨ ਨਾਨਕ ਮੇਲਿ ਲੀਏ ਪ੍ਰਭ ਪਾਸ ॥੪॥੩॥ {ਪੰਨਾ 1295}

ਪਦ ਅਰਥ: ਜਪਿ = ਜਪਿਆ ਕਰ। ਮਨ = ਹੇ ਮਨ! ਪਰਗਾਸ = (ਆਤਮਕ ਜੀਵਨ ਦੀ ਸੂਝ ਦਾ) ਚਾਨਣ। ਮਿਲਿ = ਮਿਲ ਕੇ। ਗਿਰਹ = ਗ੍ਰਿਹਸਤ।1। ਰਹਾਉ।

ਹਮ = ਅਸੀਂ ਜੀਵ, ਜਿਹੜੇ ਪ੍ਰਾਣੀ। ਹਿਰਦੈ = ਹਿਰਦੇ ਵਿਚ। ਨਰਹਰਿ = ਪਰਮਾਤਮਾ। ਪ੍ਰਭਿ = ਪ੍ਰਭੂ ਨੇ। ਕਿਰਪਾਸ = (øpw_X) ਕਿਰਪਾਲ। ਅਨਦਿਨੁ = ਹਰ ਵੇਲੇ, ਹਰ ਰੋਜ਼ (Anuidnz) । ਬਿਗਸਿਆ = ਖਿੜ ਪਿਆ।1।

ਸਾਸ = ਸਾਹ। ਗ੍ਰਾਸ = ਗਿਰਾਹੀਆਂ। ਕਿਲਬਿਖ = ਪਾਪ। ਦਹਨ ਭਏ = ਸੜ ਗਏ। ਫਾਸ = ਫਾਹੀਆਂ।2।

ਕਿਰਮ = ਕੀੜੇ। ਮੁਗਧ = ਮੂਰਖ। ਪ੍ਰਭ ਤਾਸ = ਉਸ ਪ੍ਰਭੂ ਨੇ। ਤਰਾਸ = ਉਸ ਨੇ ਤਾਰ ਲਿਆ।3।

ਜਗਦੀਸਰਿ = ਜਗਤ ਦੇ ਈਸਰ ਨੇ। ਤੇ ਸਭਿ = ਉਹ ਸਾਰੇ। ਬਿਖਿਆਸੁ = ਵਿਸ਼ਿਆਂ ਵਿਚ ਫਸੇ ਹੋਏ। ਸੰਗਿ = ਨਾਲ। ਸੰਗਿ ਗੁਰ = ਗੁਰੂ ਦੀ ਸੰਗਤਿ ਵਿਚ।4।

ਅਰਥ: ਹੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, (ਨਾਮ ਦੀ ਬਰਕਤਿ ਨਾਲ ਆਤਮਕ ਜੀਵਨ ਦੀ ਸੂਝ ਦਾ) ਚਾਨਣ (ਹੋ ਜਾਂਦਾ ਹੈ) । ਪਰਮਾਤਮਾ ਦੇ ਸੰਤ ਜਨਾਂ ਨੂੰ ਮਿਲ ਕੇ (ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ) ਪਿਆਰ ਬਣ ਜਾਂਦਾ ਹੈ, ਉਹ ਗ੍ਰਿਹਸਤ ਵਿਚ ਹੀ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ।1। ਰਹਾਉ।

ਹੇ ਭਾਈ! ਕਿਰਪਾਲ ਪ੍ਰਭੂ ਨੇ (ਜਦੋਂ ਅਸਾਂ ਜੀਵਾਂ ਉੱਤੇ) ਮਿਹਰ ਕੀਤੀ, ਅਸਾਂ ਹਿਰਦੇ ਵਿਚ ਉਸ ਦਾ ਨਾਮ ਜਪਿਆ। (ਨਾਮ ਦੀ ਬਰਕਤਿ ਨਾਲ) ਹਰ ਵੇਲੇ (ਸਾਡੇ ਅੰਦਰ) ਆਨੰਦ ਬਣ ਗਿਆ, (ਸਾਡਾ) ਮਨ ਖਿੜ ਪਿਆ, (ਸਿਮਰਨ ਦਾ ਹੋਰ) ਉੱਦਮ ਹੁੰਦਾ ਗਿਆ, (ਪ੍ਰਭੂ ਨੂੰ) ਮਿਲਣ ਦੀ ਆਸ ਬਣਦੀ ਗਈ।1।

ਹੇ ਭਾਈ! ਅਸਾਂ ਜਿਨ੍ਹਾਂ ਜੀਵਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਬਣਿਆ (ਤੇ) ਜਿਨ੍ਹਾਂ ਨੇ ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ (ਨਾਮ ਜਪਿਆ, ਉਹਨਾਂ ਦੇ) ਇਕ ਖਿਨ ਵਿਚ ਹੀ ਸਾਰੇ ਪਾਪ ਸੜ ਗਏ, ਮਾਇਆ ਦੀਆਂ ਫਾਹੀਆਂ ਟੁੱਟ ਗਈਆਂ।2।

ਪਰ, ਹੇ ਭਾਈ! ਅਸਾਂ ਜੀਵਾਂ ਦੀ ਕੀਹ ਪਾਂਇਆਂ ਹੈ? ਅਸੀਂ ਤਾਂ ਕੀੜੇ ਹਾਂ। ਅਸੀਂ ਕੀਹ ਕਰਮ ਕਰ ਸਕਦੇ ਹਾਂ? ਸਾਡੀ ਮੂਰਖਾਂ ਦੀ ਤਾਂ ਉਹ ਪ੍ਰਭੂ (ਆਪ ਹੀ) ਰੱਖਿਆ ਕਰਦਾ ਹੈ। ਅਸੀਂ ਔਗੁਣਾਂ ਨਾਲ ਭਰੇ ਰਹਿੰਦੇ ਹਾਂ, (ਔਗੁਣਾਂ ਦੇ ਭਾਰ ਨਾਲ) ਪੱਥਰ ਵਰਗੇ ਭਾਰੇ ਹਾਂ (ਅਸੀਂ ਕਿਵੇਂ ਇਸ ਸੰਸਾਰ-ਸਮੁੰਦਰ ਵਿਚੋਂ ਤਰ ਸਕਦੇ ਹਾਂ?) ਸਾਧ ਸੰਗਤਿ ਵਿਚ ਮਿਲ ਕੇ ਹੀ ਪਾਰ ਲੰਘ ਸਕਦੇ ਹਾਂ, (ਉਹ ਮਾਲਕ) ਪਾਰ ਲੰਘਾਂਦਾ ਹੈ।3।

ਹੇ ਭਾਈ! ਜਗਤ ਦੇ ਮਾਲਕ-ਪ੍ਰਭੂ ਨੇ ਜਿਤਨੀ ਭੀ ਸ੍ਰਿਸ਼ਟੀ ਰਚੀ ਹੈ (ਇਸ ਦੇ) ਸਾਰੇ ਜੀਵ ਜੰਤ (ਅਸਾਂ ਮਨੁੱਖ ਅਖਵਾਣ ਵਾਲਿਆਂ ਨਾਲੋਂ) ਉੱਚੇ ਹਨ, ਅਸੀਂ ਵਿਸ਼ੇ-ਵਿਕਾਰਾਂ ਵਿਚ ਪੈ ਕੇ ਨੀਵੇਂ ਹਾਂ। ਹੇ ਦਾਸ ਨਾਨਕ! ਪ੍ਰਭੂ ਸਾਡੇ ਔਗੁਣ ਗੁਰੂ ਦੀ ਸੰਗਤਿ ਵਿਚ ਮਿਟਾਂਦਾ ਹੈ। ਗੁਰੂ ਸਾਨੂੰ ਪ੍ਰਭੂ ਨਾਲ ਮਿਲਾਂਦਾ ਹੈ।4।3।

ਕਾਨੜਾ ਮਹਲਾ ੪ ॥ ਮੇਰੈ ਮਨਿ ਰਾਮ ਨਾਮੁ ਜਪਿਓ ਗੁਰ ਵਾਕ ॥ ਹਰਿ ਹਰਿ ਕ੍ਰਿਪਾ ਕਰੀ ਜਗਦੀਸਰਿ ਦੁਰਮਤਿ ਦੂਜਾ ਭਾਉ ਗਇਓ ਸਭ ਝਾਕ ॥੧॥ ਰਹਾਉ ॥ ਨਾਨਾ ਰੂਪ ਰੰਗ ਹਰਿ ਕੇਰੇ ਘਟਿ ਘਟਿ ਰਾਮੁ ਰਵਿਓ ਗੁਪਲਾਕ ॥ ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ ਬਿਖਿਆ ਕੇ ਤਾਕ ॥੧॥ ਸੰਤ ਜਨਾ ਕੀ ਬਹੁਤੁ ਬਹੁ ਸੋਭਾ ਜਿਨ ਉਰਿ ਧਾਰਿਓ ਹਰਿ ਰਸਿਕ ਰਸਾਕ ॥ ਹਰਿ ਕੇ ਸੰਤ ਮਿਲੇ ਹਰਿ ਮਿਲਿਆ ਜੈਸੇ ਗਊ ਦੇਖਿ ਬਛਰਾਕ ॥੨॥ ਹਰਿ ਕੇ ਸੰਤ ਜਨਾ ਮਹਿ ਹਰਿ ਹਰਿ ਤੇ ਜਨ ਊਤਮ ਜਨਕ ਜਨਾਕ ॥ ਤਿਨ ਹਰਿ ਹਿਰਦੈ ਬਾਸੁ ਬਸਾਨੀ ਛੂਟਿ ਗਈ ਮੁਸਕੀ ਮੁਸਕਾਕ ॥੩॥ ਤੁਮਰੇ ਜਨ ਤੁਮ੍ਹ੍ਹ ਹੀ ਪ੍ਰਭ ਕੀਏ ਹਰਿ ਰਾਖਿ ਲੇਹੁ ਆਪਨ ਅਪਨਾਕ ॥ ਜਨ ਨਾਨਕ ਕੇ ਸਖਾ ਹਰਿ ਭਾਈ ਮਾਤ ਪਿਤਾ ਬੰਧਪ ਹਰਿ ਸਾਕ ॥੪॥੪॥ {ਪੰਨਾ 1295}

ਪਦ ਅਰਥ: ਮੇਰੈ ਮਨਿ = ਮੇਰੇ ਮਨ ਨੇ। ਗੁਰ ਵਾਕ = ਗੁਰੂ ਦੇ ਬਚਨਾਂ ਅਨੁਸਾਰ। ਜਗਦੀਸਰਿ = ਜਗਤ ਦੇ ਈਸਰ (ਮਾਲਕ) ਨੇ। ਦੁਰਮਤਿ = ਖੋਟੀ ਅਕਲ। ਦੂਜਾ ਭਾਉ = (ਪ੍ਰਭੂ ਤੋਂ ਬਿਨਾ) ਹੋਰ ਦਾ ਪਿਆਰ। ਝਾਕ = ਤੱਕ, ਲਾਲਸਾ। ਸਭ = ਸਾਰੀ।1। ਰਹਾਉ।

ਨਾਨਾ = ਕਈ ਕਿਸਮਾਂ ਦੇ। ਕੇਰੇ = ਦੇ। ਘਟਿ ਘਟਿ = ਹਰੇਕ ਸਰੀਰ ਵਿਚ। ਰਵਿਓ = ਵਿਆਪਕ ਹੈ। ਗੁਪਲਾਕ = ਗੁਪਤ। ਪ੍ਰਗਟੇ = ਪਰਗਟ ਹੋ ਗਏ, ਦਿੱਸ ਪਏ। ਤਾਕ = ਭਿੱਤ। ਬਿਖਿਆ = ਮਾਇਆ।1।

ਉਰਿ = ਹਿਰਦੇ ਵਿਚ। ਰਸਿਕ ਰਸਾਕ = ਰਸੀਏ, ਪ੍ਰੇਮੀ। ਦੇਖਿ = ਵੇਖ ਕੇ। ਬਛਰਾਕ = ਵੱਛਾ।2।

ਮਹਿ = ਵਿਚ। ਤੇ ਜਨ = ਉਹ ਮਨੁੱਖ (ਬਹੁ-ਵਚਨ) । ਜਨਕ ਜਨਾਕ = ਜਨ, ਸੰਤ ਜਨ। ਹਿਰਦੈ = ਹਿਰਦੇ ਵਿਚ। ਬਾਸੁ = ਸੁਗੰਧੀ। ਛੂਟਿ ਗਈ = ਮੁੱਕ ਗਈ। ਮੁਸਕ ਮੁਸਕਾਕ = ਬਦਬੂ, ਦੁਰਗੰਧ।3।

ਪ੍ਰਭ = ਹੇ ਪ੍ਰਭੂ! ਆਪਨ ਅਪਨਾਕ = ਆਪਣੇ ਅਪਣਾ ਕੇ, ਆਪਣੇ ਬਣਾ ਕੇ। ਸਖਾ = ਮਿੱਤਰ। ਸਾਕ = ਸਨਬੰਧੀ।4।

ਅਰਥ: ਹੇ ਭਾਈ! (ਜਿਸ ਮਨੁੱਖ ਉੱਤੇ) ਜਗਤ ਦੇ ਮਾਲਕ ਹਰੀ ਨੇ ਮਿਹਰ ਕੀਤੀ (ਉਸਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਪ੍ਰਭੂ ਦਾ ਨਾਮ ਜਪਿਆ, ਤੇ, ਉਸ ਦੇ ਅੰਦਰੋਂ) ਖੋਟੀ ਬੁੱਧੀ ਦੂਰ ਹੋ ਗਈ, ਮਾਇਆ ਦਾ ਮੋਹ ਮੁੱਕ ਗਿਆ, (ਮਾਇਆ ਵਾਲੀ) ਸਾਰੀ ਝਾਕ ਖ਼ਤਮ ਹੋਈ। ਹੇ ਭਾਈ! ਮੇਰੇ ਮਨ ਨੇ (ਭੀ) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਦੇ ਕਈ ਕਿਸਮਾਂ ਦੇ ਰੂਪ ਹਨ, ਕਈ ਕਿਸਮਾਂ ਦੇ ਰੰਗ ਹਨ। ਹਰੇਕ ਸਰੀਰ ਵਿਚ ਪਰਮਾਤਮਾ ਗੁਪਤ ਵੱਸ ਰਿਹਾ ਹੈ। ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਸੰਤ ਜਨ ਮਿਲ ਪੈਂਦੇ ਹਨ, ਉਹਨਾਂ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ। ਉਹਨਾਂ ਮਨੁੱਖਾਂ ਦੇ ਮਾਇਆ ਦੇ (ਮੋਹ ਵਾਲੇ ਬੰਦ) ਭਿੱਤ ਖੁਲ੍ਹ ਜਾਂਦੇ ਹਨ।1।

ਹੇ ਭਾਈ! ਜਿਨ੍ਹਾਂ ਰਸੀਏ ਸੰਤ ਜਨਾਂ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਵਸਾ ਲਿਆ, ਉਹਨਾਂ ਦੀ (ਜਗਤ ਵਿਚ) ਬਹੁਤ ਸੋਭਾ ਹੁੰਦੀ ਹੈ। ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਦੇ ਇਹੋ (ਜਿਹੇ) ਸੰਤ ਮਿਲ ਪੈਂਦੇ ਹਨ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ (ਉਹ ਇਉਂ ਪ੍ਰਸੰਨ ਚਿੱਤ ਰਹਿੰਦੇ ਹਨ) ਜਿਵੇਂ ਗਾਂ ਨੂੰ ਵੇਖ ਕੇ ਉਸ ਦਾ ਵੱਛਾ।2।

ਹੇ ਭਾਈ! ਪਰਮਾਤਮਾ ਆਪਣੇ ਸੰਤ ਜਨਾਂ ਦੇ ਅੰਦਰ (ਪ੍ਰਤੱਖ ਵੱਸਦਾ ਹੈ) , ਉਹ ਸੰਤ ਜਨ ਹੋਰ ਸਭ ਮਨੁੱਖਾਂ ਨਾਲੋਂ ਉੱਚੇ ਜੀਵਨ ਵਾਲੇ ਹੁੰਦੇ ਹਨ। ਉਹਨਾਂ ਨੇ ਆਪਣੇ ਹਿਰਦੇ ਵਿਚ ਹਰਿ-ਨਾਮ ਦੀ ਸੁਗੰਧੀ ਵਸਾ ਲਈ ਹੁੰਦੀ ਹੈ (ਇਸ ਵਾਸਤੇ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ) ਬਦਬੂ ਮੁੱਕ ਜਾਂਦੀ ਹੈ।3।

ਹੇ ਪ੍ਰਭੂ! ਆਪਣੇ ਸੇਵਕਾਂ ਨੂੰ ਤੂੰ ਆਪ ਹੀ (ਚੰਗੇ) ਬਣਾਂਦਾ ਹੈਂ, ਉਹਨਾਂ ਨੂੰ ਤੂੰ ਆਪ ਹੀ ਆਪਣੇ ਬਣਾ ਕੇ ਉਹਨਾਂ ਦੀ ਰੱਖਿਆ ਕਰਦਾ ਹੈਂ। ਹੇ ਨਾਨਕ! ਪ੍ਰਭੂ ਜੀ ਆਪਣੇ ਸੇਵਕਾਂ ਦੇ ਮਿੱਤਰ ਹਨ, ਭਰਾ ਹਨ, ਮਾਂ ਹਨ, ਪਿਉ ਹਨ, ਅਤੇ ਸਾਕ-ਸਨਬੰਧੀ ਹਨ।4। 4।

ਕਾਨੜਾ ਮਹਲਾ ੪ ॥ ਮੇਰੇ ਮਨ ਹਰਿ ਹਰਿ ਰਾਮ ਨਾਮੁ ਜਪਿ ਚੀਤਿ ॥ ਹਰਿ ਹਰਿ ਵਸਤੁ ਮਾਇਆ ਗੜ੍ਹ੍ਹਿ ਵੇੜ੍ਹ੍ਹੀ ਗੁਰ ਕੈ ਸਬਦਿ ਲੀਓ ਗੜੁ ਜੀਤਿ ॥੧॥ ਰਹਾਉ ॥ ਮਿਥਿਆ ਭਰਮਿ ਭਰਮਿ ਬਹੁ ਭ੍ਰਮਿਆ ਲੁਬਧੋ ਪੁਤ੍ਰ ਕਲਤ੍ਰ ਮੋਹ ਪ੍ਰੀਤਿ ॥ ਜੈਸੇ ਤਰਵਰ ਕੀ ਤੁਛ ਛਾਇਆ ਖਿਨ ਮਹਿ ਬਿਨਸਿ ਜਾਇ ਦੇਹ ਭੀਤਿ ॥੧॥ ਹਮਰੇ ਪ੍ਰਾਨ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨਿ ਹੋਇ ਪ੍ਰਤੀਤਿ ॥ ਪਰਚੈ ਰਾਮੁ ਰਵਿਆ ਘਟ ਅੰਤਰਿ ਅਸਥਿਰੁ ਰਾਮੁ ਰਵਿਆ ਰੰਗਿ ਪ੍ਰੀਤਿ ॥੨॥ ਹਰਿ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆਂ ਮਨੁ ਰੰਗਿ ਰੰਗੀਤਿ ॥ ਹਰਿ ਰੰਗੁ ਲਹੈ ਨ ਉਤਰੈ ਕਬਹੂ ਹਰਿ ਹਰਿ ਜਾਇ ਮਿਲੈ ਹਰਿ ਪ੍ਰੀਤਿ ॥੩॥ ਹਮ ਬਹੁ ਪਾਪ ਕੀਏ ਅਪਰਾਧੀ ਗੁਰਿ ਕਾਟੇ ਕਟਿਤ ਕਟੀਤਿ ॥ ਹਰਿ ਹਰਿ ਨਾਮੁ ਦੀਓ ਮੁਖਿ ਅਉਖਧੁ ਜਨ ਨਾਨਕ ਪਤਿਤ ਪੁਨੀਤਿ ॥੪॥੫॥ {ਪੰਨਾ 1295-1296}

ਪਦ ਅਰਥ: ਮਨ = ਹੇ ਮਨ! ਜਪਿ = ਜਪਿਆ ਕਰ। ਚੀਤਿ = ਚਿੱਤ ਵਿਚ, ਆਪਣੇ ਅੰਦਰ। ਵਸਤੁ = ਕੀਮਤੀ ਚੀਜ਼। ਗੜ੍ਹ੍ਹਿ = ਕਿਲ੍ਹੇ ਵਿਚ। ਵੇੜ੍ਹ੍ਹੀ = ਘਿਰੀ ਹੋਈ। ਕੈ ਸਬਦਿ = ਸ਼ਬਦ ਦੀ ਰਾਹੀਂ। ਗੜੁ = ਕਿਲ੍ਹਾ।1। ਰਹਾਉ।

ਮਿਥਿਆ = ਨਾਸਵੰਤ (ਪਦਾਰਥਾਂ ਦੀ ਖ਼ਾਤਰ) । ਭਰਮਿ = ਭਟਕ ਕੇ। ਭਰਮਿ ਭਰਮਿ ਭ੍ਰਮਿਆ = ਸਦਾ ਹੀ ਭਟਕਦਾ ਫਿਰਦਾ ਹੈ। ਲੁਬਧੋ = ਫਸਿਆ ਹੋਇਆ। ਕਲਤ੍ਰ = ਇਸਤ੍ਰੀ। ਤਰਵਰ = ਰੁੱਖ। ਛਾਇਆ = ਛਾਂ। ਤੁਛ = ਥੋੜ੍ਹੇ ਸਮੇ ਲਈ ਹੀ। ਦੇਹ = ਸਰੀਰ। ਭੀਤਿ = ਕੰਧ।1।

ਪ੍ਰਾਨ ਪ੍ਰੀਤਮ = ਪ੍ਰਾਣਾਂ ਤੋਂ ਪਿਆਰੇ। ਮਨਿ = ਮਨ ਵਿਚ। ਪ੍ਰਤੀਤਿ = ਸਰਧਾ। ਪਰਚੈ = ਪ੍ਰਸੰਨ ਹੁੰਦਾ ਹੈ। ਰਵਿਆ = ਵਿਆਪਕ। ਘਟ ਅੰਤਰਿ = ਸਰੀਰ ਵਿਚ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਰੰਗਿ = ਪ੍ਰੇਮ ਨਾਲ।2।

ਨੀਕੇ = ਚੰਗੇ। ਰੰਗਿ ਰੰਗੀਤਿ = ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ। ਰੰਗੁ = ਪ੍ਰੇਮ-ਰੰਗ। ਜਾਇ = ਜਾ ਕੇ।3।

ਗੁਰਿ = ਗੁਰੂ ਨੇ। ਕਟਿਤ ਕਟੀਤਿ = ਕੱਟ ਕੱਟ ਕੇ। ਕਾਟੇ ਕਟਿਤ ਕਟੀਤਿ = ਪੂਰਨ ਤੌਰ ਤੇ ਕੱਟ ਦਿੱਤੇ। ਮੁਖਿ = ਮੂੰਹ ਵਿਚ। ਅਉਖਧੁ = ਦਵਾਈ। ਪਤਿਤ = ਵਿਕਾਰੀ। ਪੁਨੀਤਿ = ਪਵਿੱਤਰ।4।

ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਆਪਣੇ ਅੰਦਰ ਜਪਿਆ ਕਰ। (ਹੇ ਭਾਈ! ਤੇਰੇ ਅੰਦਰ) ਪਰਮਾਤਮਾ ਦਾ ਨਾਮ ਇਕ ਕੀਮਤੀ ਚੀਜ਼ (ਹੈ, ਪਰ ਉਹ) ਮਾਇਆ ਦੇ (ਮੋਹ ਦੇ) ਕਿਲ੍ਹੇ ਵਿਚ ਘਿਰੀ ਪਈ ਹੈ (ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ) ਕਿਲ੍ਹੇ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਜਿੱਤ ਲੈਂਦਾ ਹੈ।1। ਰਹਾਉ।

ਹੇ ਭਾਈ! (ਜੀਵ) ਨਾਸਵੰਤ ਪਦਾਰਥਾਂ ਦੀ ਖ਼ਾਤਰ ਸਦਾ ਹੀ ਭਟਕਦਾ ਫਿਰਦਾ ਹੈ, ਪੁੱਤਰ ਇਸਤ੍ਰੀ ਦੇ ਮੋਹ ਪਿਆਰ ਵਿਚ ਫਸਿਆ ਰਹਿੰਦਾ ਹੈ। ਪਰ ਜਿਵੇਂ ਰੁੱਖ ਦੀ ਛਾਂ ਥੋੜ੍ਹੇ ਹੀ ਸਮੇ ਲਈ ਹੁੰਦੀ ਹੈ, ਤਿਵੇਂ ਮਨੁੱਖ ਦਾ ਆਪਣਾ ਹੀ ਸਰੀਰ ਇਕ ਖਿਨ ਵਿਚ ਢਹਿ ਜਾਂਦਾ ਹੈ (ਜਿਵੇਂ ਕੱਚੀ) ਕੰਧ।1।

ਹੇ ਭਾਈ! ਪਰਮਾਤਮਾ ਦੇ ਸੇਵਕ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹ ਸਾਨੂੰ ਪ੍ਰਾਣਾਂ ਤੋਂ ਭੀ ਪਿਆਰੇ ਲੱਗਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਮਨ ਵਿਚ (ਪਰਮਾਤਮਾ ਵਾਸਤੇ) ਸਰਧਾ ਪੈਂਦੀ ਹੁੰਦੀ ਹੈ, ਪਰਮਾਤਮਾ ਪ੍ਰਸੰਨ ਹੁੰਦਾ ਹੈ, ਸਭ ਸਰੀਰਾਂ ਵਿਚ ਵੱਸਦਾ ਦਿੱਸਦਾ ਹੈ, ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਪ੍ਰੇਮ-ਰੰਗ ਵਿਚ ਸਿਮਰਿਆ ਜਾ ਸਕਦਾ ਹੈ।2।

ਹੇ ਭਾਈ! ਪਰਮਾਤਮਾ ਦੇ ਭਗਤ ਚੰਗੇ ਜੀਵਨ ਵਾਲੇ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਮਨ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ। ਪ੍ਰਭੂ-ਪ੍ਰੇਮ ਦਾ ਉਹ ਰੰਗ ਕਦੇ ਭੀ ਲਹਿੰਦਾ ਨਹੀਂ, ਕਦੇ ਭੀ ਉਤਰਦਾ ਨਹੀਂ। ਉਸ ਪ੍ਰੇਮ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਆ ਪਹੁੰਚਦਾ ਹੈ।3।

ਹੇ ਭਾਈ! ਅਸੀਂ ਜੀਵ ਬੜੇ ਪਾਪ ਕਰਦੇ ਰਹਿੰਦੇ ਹਾਂ, ਅਸੀਂ ਬੜੇ ਮੰਦ-ਕਰਮੀ ਹਾਂ (ਜਿਹੜੇ ਭੀ ਮਨੁੱਖ ਗੁਰੂ ਦੀ ਸਰਨ ਜਾ ਪਏ) ਗੁਰੂ ਨੇ (ਉਹਨਾਂ ਦੇ ਸਾਰੇ ਪਾਪ) ਪੂਰਨ ਤੌਰ ਤੇ ਕੱਟ ਦਿੱਤੇ। ਹੇ ਦਾਸ ਨਾਨਕ! (ਆਖ– ਗੁਰੂ ਨੇ ਜਿਨ੍ਹਾਂ ਦੇ) ਮੁਖ ਵਿਚ ਪਰਮਾਤਮਾ ਦਾ ਨਾਮ-ਦਾਰੂ ਦਿੱਤਾ, ਉਹਨਾਂ ਨੂੰ ਵਿਕਾਰੀਆਂ ਤੋਂ ਪਵਿੱਤਰ ਜੀਵਨ ਵਾਲੇ ਬਣਾ ਦਿੱਤਾ।4।5।

TOP OF PAGE

Sri Guru Granth Darpan, by Professor Sahib Singh