ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1299 ਕਾਨੜਾ ਮਹਲਾ ੫ ॥ ਭਗਤਿ ਭਗਤਨ ਹੂੰ ਬਨਿ ਆਈ ॥ ਤਨ ਮਨ ਗਲਤ ਭਏ ਠਾਕੁਰ ਸਿਉ ਆਪਨ ਲੀਏ ਮਿਲਾਈ ॥੧॥ ਰਹਾਉ ॥ ਗਾਵਨਹਾਰੀ ਗਾਵੈ ਗੀਤ ॥ ਤੇ ਉਧਰੇ ਬਸੇ ਜਿਹ ਚੀਤ ॥੧॥ ਪੇਖੇ ਬਿੰਜਨ ਪਰੋਸਨਹਾਰੈ ॥ ਜਿਹ ਭੋਜਨੁ ਕੀਨੋ ਤੇ ਤ੍ਰਿਪਤਾਰੈ ॥੨॥ ਅਨਿਕ ਸ੍ਵਾਂਗ ਕਾਛੇ ਭੇਖਧਾਰੀ ॥ ਜੈਸੋ ਸਾ ਤੈਸੋ ਦ੍ਰਿਸਟਾਰੀ ॥੩॥ ਕਹਨ ਕਹਾਵਨ ਸਗਲ ਜੰਜਾਰ ॥ ਨਾਨਕ ਦਾਸ ਸਚੁ ਕਰਣੀ ਸਾਰ ॥੪॥੫॥ {ਪੰਨਾ 1299} ਪਦ ਅਰਥ: ਭਗਤਨ ਹੂੰ = ਭਗਤਾਂ ਨੂੰ ਹੀ। ਬਨਿ ਆਈ = ਫਬਦੀ ਹੈ। ਗਲਤ = ਗ਼ਲਤਾਨ, ਮਸਤ। ਸਿਉ = ਨਾਲ। ਆਪਨ = ਆਪਣੇ ਨਾਲ।1। ਰਹਾਉ। ਗਾਵਨਹਾਰੀ = ਰਿਵਾਜੀ ਤੌਰ ਤੇ ਗਾਵਣ ਵਾਲੀ ਦੁਨੀਆ। ਤੇ = ਉਹ ਮਨੁੱਖ (ਬਹੁ-ਵਚਨ) । ਜਿਹ ਚੀਤ = ਜਿਨ੍ਹਾਂ ਦੇ ਚਿੱਤ ਵਿਚ।1। ਬਿੰਜਨ = ਸੁਆਦਲੇ ਖਾਣੇ। ਪਰੋਸਨਹਾਰੈ = ਪਰੋਸਣ ਵਾਲੇ ਨੇ, ਹੋਰਨਾਂ ਅੱਗੇ ਧਰਨ ਵਾਲੇ ਨੇ। ਤ੍ਰਿਪਤਾਰੈ = ਰੱਜਦਾ ਹੈ।2। ਕਾਛੇ = (kwziCq) ਮਨ-ਬਾਂਛਤ। ਭੇਖਧਾਰੀ = ਸ੍ਵਾਂਗ ਰਚਣ ਵਾਲਾ। ਸਾ = ਸੀ। ਤੈਸੋ = ਉਹੋ ਜਿਹਾ ਹੀ। ਦ੍ਰਿਸਟਾਰੀ = ਦਿੱਸਦਾ ਹੈ।3। ਕਹਨ ਕਹਾਵਨ = ਹੋਰ ਹੋਰ ਗੱਲਾਂ ਆਖਣੀਆਂ ਅਖਵਾਉਣੀਆਂ। ਜੰਜਾਰ = ਜੰਜਾਲ, ਮਾਇਆ ਦੇ ਮੋਹ ਦੀਆਂ ਫਾਹੀਆਂ (ਦਾ ਕਾਰਨ) । ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਸਾਰ = ਸ੍ਰੇਸ਼ਟ। ਕਰਣੀ = ਕਰਤੱਬ।4। ਅਰਥ: ਹੇ ਭਾਈ! (ਪਰਮਾਤਮਾ ਦੀ) ਭਗਤੀ ਭਗਤ-ਜਨਾਂ ਪਾਸੋਂ ਹੀ ਹੋ ਸਕਦੀ ਹੈ। ਉਹਨਾਂ ਦੇ ਤਨ ਉਹਨਾਂ ਦੇ ਮਨ ਪਰਮਾਤਮਾ ਦੀ ਯਾਦ ਵਿਚ ਮਸਤ ਰਹਿੰਦੇ ਹਨ। ਉਹਨਾਂ ਨੂੰ ਪ੍ਰਭੂ ਆਪਣੇ ਨਾਲ ਮਿਲਾਈ ਰੱਖਦਾ ਹੈ।1। ਰਹਾਉ। ਹੇ ਭਾਈ! ਲੋਕਾਈ ਰਿਵਾਜੀ ਤੌਰ ਤੇ ਹੀ (ਸਿਫ਼ਤਿ-ਸਾਲਾਹ ਦੇ) ਗੀਤ ਗਾਂਦੀ ਹੈ। ਪਰ ਸੰਸਾਰ-ਸਮੁੰਦਰ ਤੋਂ ਪਾਰ ਉਹੀ ਲੰਘਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਵੱਸਦੇ ਹਨ।1। ਹੇ ਭਾਈ! ਹੋਰਨਾਂ ਅੱਗੇ (ਖਾਣੇ) ਧਰਨ ਵਾਲੇ ਨੇ (ਤਾਂ ਸਦਾ) ਸੁਆਦਲੇ ਖਾਣੇ ਵੇਖੇ ਹਨ, ਪਰ ਰੱਜਦੇ ਉਹੀ ਹਨ ਜਿਨ੍ਹਾਂ ਨੇ ਉਹ ਖਾਣੇ ਖਾਧੇ।2। ਹੇ ਭਾਈ! ਸ੍ਵਾਂਗੀ ਮਨੁੱਖ (ਮਾਇਆ ਦੀ ਖ਼ਾਤਰ) ਅਨੇਕਾਂ ਮਨ-ਬਾਂਛਤ ਸ੍ਵਾਂਗ ਬਣਾਂਦਾ ਹੈ, ਪਰ ਜਿਹੋ ਜਿਹਾ ਉਹ (ਅਸਲ ਵਿਚ) ਹੈ, ਉਹੋ ਜਿਹਾ ਹੀ (ਉਹਨਾਂ ਨੂੰ) ਦਿੱਸਦਾ ਹੈ (ਜਿਹੜੇ ਉਸ ਨੂੰ ਜਾਣਦੇ ਹਨ) ।3। ਹੇ ਭਾਈ! (ਹਰਿ-ਨਾਮ ਸਿਮਰਨ ਤੋਂ ਬਿਨਾ) ਹੋਰ ਹੋਰ ਗੱਲਾਂ ਆਖਣੀਆਂ ਅਖਵਾਣੀਆਂ = ਇਹ ਸਾਰੇ ਉੱਦਮ ਮਾਇਆ ਦੇ ਮੋਹ ਦੀਆਂ ਫਾਹੀਆਂ ਦਾ ਮੂਲ ਹਨ। ਹੇ ਦਾਸ ਨਾਨਕ! ਪਰਮਾਤਮਾ ਦਾ ਨਾਮ ਸਿਮਰਨਾ ਹੀ ਸਭ ਤੋਂ ਸ੍ਰੇਸ਼ਟ ਕਰਤੱਬ ਹੈ।4।5। ਕਾਨੜਾ ਮਹਲਾ ੫ ॥ ਤੇਰੋ ਜਨੁ ਹਰਿ ਜਸੁ ਸੁਨਤ ਉਮਾਹਿਓ ॥੧॥ ਰਹਾਉ ॥ ਮਨਹਿ ਪ੍ਰਗਾਸੁ ਪੇਖਿ ਪ੍ਰਭ ਕੀ ਸੋਭਾ ਜਤ ਕਤ ਪੇਖਉ ਆਹਿਓ ॥੧॥ ਸਭ ਤੇ ਪਰੈ ਪਰੈ ਤੇ ਊਚਾ ਗਹਿਰ ਗੰਭੀਰ ਅਥਾਹਿਓ ॥੨॥ ਓਤਿ ਪੋਤਿ ਮਿਲਿਓ ਭਗਤਨ ਕਉ ਜਨ ਸਿਉ ਪਰਦਾ ਲਾਹਿਓ ॥੩॥ ਗੁਰ ਪ੍ਰਸਾਦਿ ਗਾਵੈ ਗੁਣ ਨਾਨਕ ਸਹਜ ਸਮਾਧਿ ਸਮਾਹਿਓ ॥੪॥੬॥ {ਪੰਨਾ 1299} ਪਦ ਅਰਥ: ਜਨੁ = ਦਾਸ, ਸੇਵਕ। ਜਸੁ = ਸਿਫ਼ਤਿ-ਸਾਲਾਹ। ਸੁਨਤ = ਸੁਣਦਿਆਂ। ਉਮਾਹਿਓ = ਉਮਾਹ ਵਿਚ ਆ ਜਾਂਦਾ ਹੈ, ਪ੍ਰਸੰਨ-ਚਿੱਤ ਹੋ ਜਾਂਦਾ ਹੈ।1। ਰਹਾਉ। ਮਨਹਿ = ਮਨ ਵਿਚ। ਪ੍ਰਗਾਸੁ = (ਆਤਮਕ ਜੀਵਨ ਦਾ) ਚਾਨਣ। ਪੇਖਿ = ਵੇਖ ਕੇ। ਸੋਭਾ = ਵਡਿਆਈ। ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਆਹਿਓ = ਮੌਜੂਦ।1। ਤੇ = ਤੋਂ। ਤੇ ਊਚਾ = (ਸਭ) ਤੇ ਊਚਾ। ਗਹਿਰ = ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ।2। ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ। ਪਰਦਾ = ਵਿੱਥ। ਲਾਹਿਓ = ਦੂਰ ਕਰ ਦਿੱਤਾ।3। ਪ੍ਰਸਾਦਿ = ਕਿਰਪਾ ਨਾਲ। ਸਹਜ = ਆਤਮਕ ਅਡੋਲਤਾ। ਸਮਾਹਿਓ = ਲੀਨ ਰਹਿੰਦਾ ਹੈ।4। ਅਰਥ: ਹੇ ਪ੍ਰਭੂ! ਤੇਰਾ ਸੇਵਕ ਤੇਰੀ ਸਿਫ਼ਤਿ-ਸਾਲਾਹ ਸੁਣਦਿਆਂ ਉਮਾਹ ਵਿਚ ਆ ਜਾਂਦਾ ਹੈ।1। ਰਹਾਉ। ਹੇ ਭਾਈ! ਪ੍ਰਭੂ ਦੀ ਵਡਿਆਈ ਵੇਖ ਕੇ (ਮੇਰੇ) ਮਨ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ। ਮੈਂ ਜਿਧਰ ਕਿਧਰ ਵੇਖਦਾ ਹਾਂ, (ਮੈਨੂੰ ਉਹ ਹਰ ਪਾਸੇ) ਮੌਜੂਦ (ਦਿੱਸਦਾ) ਹੈ। ਹੇ ਭਾਈ! ਪਰਮਾਤਮਾ ਸਭ ਜੀਵਾਂ ਤੋਂ ਵੱਡਾ ਹੈ ਸਭ ਜੀਵਾਂ ਤੋਂ ਉੱਚਾ ਹੈ; ਡੂੰਘਾ (ਸਮੁੰਦਰ) ਹੈ, ਵੱਡੇ ਜਿਗਰੇ ਵਾਲਾ ਹੈ, ਉਸ ਦੀ ਹਾਥ ਨਹੀਂ ਲੱਭ ਸਕਦੀ।2। ਹੇ ਭਾਈ! (ਜਿਵੇਂ) ਤਾਣੇ ਵਿਚ ਪੇਟੇ ਵਿਚ (ਧਾਗਾ ਮਿਲਿਆ ਹੋਇਆ ਹੁੰਦਾ ਹੈ, ਤਿਵੇਂ) ਪਰਮਾਤਮਾ ਆਪਣੇ ਭਗਤਾਂ ਨੂੰ ਮਿਲਿਆ ਹੁੰਦਾ ਹੈ, ਹੇ ਭਾਈ! ਆਪਣੇ ਸੇਵਕਾਂ ਤੋਂ ਉਸ ਨੇ ਉਹਲਾ ਦੂਰ ਕੀਤਾ ਹੁੰਦਾ ਹੈ।3। ਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਜਿਹੜਾ ਮਨੁੱਖ ਪਰਮਾਤਮਾ ਦੇ) ਗੁਣ ਗਾਂਦਾ ਰਹਿੰਦਾ ਹੈ ਉਹ ਆਤਮਕ ਅਡੋਲਤਾ ਦੀ ਸਮਾਧੀ ਵਿਚ ਲੀਨ ਰਹਿੰਦਾ ਹੈ।4।6। ਕਾਨੜਾ ਮਹਲਾ ੫ ॥ ਸੰਤਨ ਪਹਿ ਆਪਿ ਉਧਾਰਨ ਆਇਓ ॥੧॥ ਰਹਾਉ ॥ ਦਰਸਨ ਭੇਟਤ ਹੋਤ ਪੁਨੀਤਾ ਹਰਿ ਹਰਿ ਮੰਤ੍ਰੁ ਦ੍ਰਿੜਾਇਓ ॥੧॥ ਕਾਟੇ ਰੋਗ ਭਏ ਮਨ ਨਿਰਮਲ ਹਰਿ ਹਰਿ ਅਉਖਧੁ ਖਾਇਓ ॥੨॥ ਅਸਥਿਤ ਭਏ ਬਸੇ ਸੁਖ ਥਾਨਾ ਬਹੁਰਿ ਨ ਕਤਹੂ ਧਾਇਓ ॥੩॥ ਸੰਤ ਪ੍ਰਸਾਦਿ ਤਰੇ ਕੁਲ ਲੋਗਾ ਨਾਨਕ ਲਿਪਤ ਨ ਮਾਇਓ ॥੪॥੭॥ {ਪੰਨਾ 1299} ਪਦ ਅਰਥ: ਪਹਿ = ਪਾਸ, ਕੋਲ, ਦੇ ਹਿਰਦੇ ਵਿਚ। ਉਧਾਰਨ = (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ।1। ਰਹਾਉ। ਦਰਸਨ ਭੇਟਤ = (ਸੰਤ ਜਨਾਂ ਦਾ, ਗੁਰੂ ਦਾ) ਦਰਸਨ ਕਰਦਿਆਂ। ਪੁਨੀਤਾ = ਪਵਿੱਤਰ, ਚੰਗੇ ਜੀਵਨ ਵਾਲਾ। ਦ੍ਰਿੜਾਇਓ = ਹਿਰਦੇ ਵਿਚ ਪੱਕਾ ਕਰਦਾ ਹੈ।1। ਨਿਰਮਲ = ਸਾਫ਼। ਅਉਖਧੁ = ਦਵਾਈ।2। ਅਸਥਿਤ = ਅਡੋਲ-ਚਿੱਤ। ਸੁਖ ਥਾਨਾ = ਆਤਮਕ ਅਡੋਲਤਾ ਵਿਚ। ਬਹੁਰਿ = ਫਿਰ, ਮੁੜ। ਕਤਹੂ = ਕਿਤੇ ਭੀ। ਧਾਇਓ = ਭਟਕਦਾ, ਦੌੜਦਾ।3। ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕੁਲ ਲੋਗਾ = (ਉਸ ਦੀ) ਕੁਲ ਦੇ ਸਾਰੇ ਲੋਕ। ਲਿਪਤ ਨ ਮਾਇਓ = ਮਾਇਆ ਵਿਚ ਨਹੀਂ ਫਸਦਾ, ਮਾਇਆ ਦਾ ਪ੍ਰਭਾਵ ਨਹੀਂ ਪੈਂਦਾ।4। ਅਰਥ: ਹੇ ਭਾਈ! (ਜਗਤ ਦੇ ਜੀਵਾਂ ਨੂੰ) ਵਿਕਾਰਾਂ ਤੋਂ ਬਚਾਣ ਲਈ (ਪਰਮਾਤਮਾ) ਆਪ ਸੰਤ ਜਨਾਂ ਦੇ ਹਿਰਦੇ ਵਿਚ ਆ ਵੱਸਦਾ ਹੈ।1। ਰਹਾਉ। ਹੇ ਭਾਈ! (ਜੀਵ ਗੁਰੂ ਦਾ) ਦਰਸਨ ਕਰਦਿਆਂ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, (ਗੁਰੂ ਉਹਨਾਂ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ।1। ਹੇ ਭਾਈ! (ਜਿਹੜੇ ਮਨੁੱਖ ਗੁਰੂ ਪਾਸੋਂ) ਹਰਿ-ਨਾਮ ਦੀ ਦਵਾਈ (ਲੈ ਕੇ) ਖਾਂਦੇ ਹਨ (ਉਹਨਾਂ ਦੇ) ਸਾਰੇ ਰੋਗ ਕੱਟੇ ਜਾਂਦੇ ਹਨ, (ਉਹਨਾਂ ਦੇ) ਮਨ ਪਵਿੱਤਰ ਹੋ ਜਾਂਦੇ ਹਨ।2। ਹੇ ਭਾਈ! (ਗੁਰੂ ਪਾਸੋਂ ਨਾਮ-ਦਵਾਈ ਲੈ ਕੇ ਖਾਣ ਵਾਲੇ ਮਨੁੱਖ) ਅਡੋਲ-ਚਿੱਤ ਹੋ ਜਾਂਦੇ ਹਨ; ਆਤਮਕ ਆਨੰਦ ਵਿਚ ਟਿਕੇ ਰਹਿੰਦੇ ਹਨ, (ਇਸ ਆਨੰਦ ਨੂੰ ਛੱਡ ਕੇ ਉਹ) ਮੁੜ ਹੋਰ ਕਿਸੇ ਭੀ ਪਾਸੇ ਨਹੀਂ ਭਟਕਦੇ।3। ਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਨਾਮ-ਦਵਾਈ ਖਾ ਕੇ ਉਹ ਨਿਰੇ ਆਪ ਹੀ ਨਹੀਂ ਤਰਦੇ; ਉਹਨਾਂ ਦੀ) ਕੁਲ ਦੇ ਲੋਕ ਭੀ (ਸੰਸਾਰ-ਸਮੁੰਦਰ ਤੋਂ ਪਾਰ) ਲੰਘ ਜਾਂਦੇ ਹਨ; ਉਹਨਾਂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ।4।7। ਕਾਨੜਾ ਮਹਲਾ ੫ ॥ ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥ ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥ {ਪੰਨਾ 1299} ਪਦ ਅਰਥ: ਬਿਸਰਿ ਗਈ = ਭੁੱਲ ਗਈ ਹੈ। ਸਭ = ਸਾਰੀ। ਤਾਤਿ = ਈਰਖਾ, ਸਾੜਾ। ਤਾਤਿ ਪਰਾਈ = ਦੂਜਿਆਂ ਦਾ ਸੁਖ ਵੇਖ ਕੇ ਅੰਦਰੇ ਅੰਦਰ ਸੜਨ ਦੀ ਆਦਤ। ਤੇ = ਤੋਂ। ਜਬ ਤੇ = ਜਦੋਂ ਤੋਂ। ਮੋਹਿ = ਮੈਂ।1। ਰਹਾਉ। ਕੋ = ਕੋਈ (ਮਨੁੱਖ) । ਸਗਲ ਸੰਗਿ = ਸਭਨਾਂ ਨਾਲ। ਹਮ ਕਉ ਬਨਿ ਆਈ = ਮੇਰਾ ਪਿਆਰ ਬਣਿਆ ਹੋਇਆ ਹੈ।1। ਭਲ = ਭਲਾ, ਚੰਗਾ। ਸੁਮਤਿ = ਚੰਗੀ ਅਕਲ। ਸਾਧੂ ਤੇ = ਗੁਰੂ ਪਾਸੋਂ।2। ਰਵਿ ਰਹਿਆ = ਮੌਜੂਦ ਹੈ। ਪੇਖਿ = ਵੇਖ ਕੇ। ਬਿਗਸਾਈ = ਬਿਗਸਾਈਂ; ਮੈਂ ਖ਼ੁਸ਼ ਹੁੰਦਾ ਹਾਂ।3। ਅਰਥ: ਹੇ ਭਾਈ! ਜਦੋਂ ਤੋਂ ਮੈਂ ਗੁਰੂ ਦੀ ਸੰਗਤਿ ਪ੍ਰਾਪਤ ਕੀਤੀ ਹੈ, (ਤਦੋਂ ਤੋਂ) ਦੂਜਿਆਂ ਦਾ ਸੁਖ ਵੇਖ ਕੇ ਅੰਦਰੇ ਅੰਦਰ ਸੜਨ ਦੀ ਸਾਰੀ ਆਦਤ ਭੁੱਲ ਗਈ ਹੈ।1। ਰਹਾਉ। ਹੇ ਭਾਈ! (ਹੁਣ) ਮੈਨੂੰ ਕੋਈ ਵੈਰੀ ਨਹੀਂ ਦਿੱਸਦਾ, ਕੋਈ ਓਪਰਾ ਨਹੀਂ ਦਿੱਸਦਾ; ਸਭਨਾਂ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ।1। ਹੇ ਭਾਈ! (ਹੁਣ) ਜੋ ਕੁਝ ਪਰਮਾਤਮਾ ਕਰਦਾ ਹੈ, ਮੈਂ ਉਸ ਨੂੰ (ਸਭ ਜੀਵਾਂ ਲਈ) ਭਲਾ ਹੀ ਮੰਨਦਾ ਹਾਂ। ਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਪਾਸੋਂ ਸਿੱਖੀ ਹੈ।2। ਹੇ ਨਾਨਕ! (ਆਖ– ਜਦੋਂ ਤੋਂ ਸਾਧ ਸੰਗਤਿ ਮਿਲੀ ਹੈ, ਮੈਨੂੰ ਇਉਂ ਦਿੱਸਦਾ ਹੈ ਕਿ) ਇਕ ਪਰਮਾਤਮਾ ਹੀ ਸਭ ਜੀਵਾਂ ਵਿਚ ਮੌਜੂਦ ਹੈ (ਤਾਹੀਏਂ ਸਭ ਨੂੰ) ਵੇਖ ਵੇਖ ਕੇ ਮੈਂ ਖ਼ੁਸ਼ ਹੁੰਦਾ ਹਾਂ।3।8। ਕਾਨੜਾ ਮਹਲਾ ੫ ॥ ਠਾਕੁਰ ਜੀਉ ਤੁਹਾਰੋ ਪਰਨਾ ॥ ਮਾਨੁ ਮਹਤੁ ਤੁਮ੍ਹ੍ਹਾਰੈ ਊਪਰਿ ਤੁਮ੍ਹ੍ਹਰੀ ਓਟ ਤੁਮ੍ਹ੍ਹਾਰੀ ਸਰਨਾ ॥੧॥ ਰਹਾਉ ॥ ਤੁਮ੍ਹ੍ਹਰੀ ਆਸ ਭਰੋਸਾ ਤੁਮ੍ਹ੍ਹਰਾ ਤੁਮਰਾ ਨਾਮੁ ਰਿਦੈ ਲੈ ਧਰਨਾ ॥ ਤੁਮਰੋ ਬਲੁ ਤੁਮ ਸੰਗਿ ਸੁਹੇਲੇ ਜੋ ਜੋ ਕਹਹੁ ਸੋਈ ਸੋਈ ਕਰਨਾ ॥੧॥ ਤੁਮਰੀ ਦਇਆ ਮਇਆ ਸੁਖੁ ਪਾਵਉ ਹੋਹੁ ਕ੍ਰਿਪਾਲ ਤ ਭਉਜਲੁ ਤਰਨਾ ॥ ਅਭੈ ਦਾਨੁ ਨਾਮੁ ਹਰਿ ਪਾਇਓ ਸਿਰੁ ਡਾਰਿਓ ਨਾਨਕ ਸੰਤ ਚਰਨਾ ॥੨॥੯॥ {ਪੰਨਾ 1299} ਪਦ ਅਰਥ: ਠਾਕੁਰ ਜੀਉ = ਹੇ ਪ੍ਰਭੂ ਜੀ! ਪਰਨਾ = ਆਸਰਾ। ਮਹਤੁ = ਮਹੱਤਵ, ਵਡਿਆਈ।1। ਰਹਾਉ। ਰਿਦੈ = ਹਿਰਦੇ ਵਿਚ। ਸੰਗਿ = ਨਾਲ। ਸੁਹੇਲੇ = ਸੁਖੀ। ਕਹਹੁ = ਤੁਸੀ ਆਖਦੇ ਹੋ।1। ਮਇਆ = ਕਿਰਪਾ। ਪਾਵਉ = ਪਾਵਉਂ, ਮੈਂ ਹਾਸਲ ਕਰਦਾ ਹਾਂ, ਮਾਣਦਾ ਹਾਂ। ਕ੍ਰਿਪਾਲ = ਦਇਆਵਾਨ। ਤ = ਤਾਂ। ਭਉਜਲੁ = ਸੰਸਾਰ-ਸਮੁੰਦਰ। ਅਭੈ ਦਾਨੁ = ਨਿਰਭੈਤਾ ਦੇਣ ਵਾਲਾ। ਡਾਰਿਓ = ਰੱਖ ਦਿੱਤਾ ਹੈ।2। ਅਰਥ: ਹੇ ਪ੍ਰਭੂ ਜੀ! (ਮੈਨੂੰ) ਤੇਰਾ ਹੀ ਆਸਰਾ ਹੈ। ਮੈਨੂੰ ਤੇਰੇ ਉਤੇ ਹੀ ਮਾਣ ਹੈ; ਫ਼ਖ਼ਰ ਹੈ, ਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੀ ਹੀ ਸਰਨ ਆ ਪਿਆ ਹਾਂ।1। ਰਹਾਉ। ਹੇ ਪ੍ਰਭੂ ਜੀ! ਮੈਨੂੰ ਤੇਰੀ ਹੀ ਆਸ ਹੈ, ਤੇਰੇ ਉਤੇ ਹੀ ਭਰੋਸਾ ਹੈ, ਮੈਂ ਤੇਰਾ ਹੀ ਨਾਮ (ਆਪਣੇ) ਹਿਰਦੇ ਵਿਚ ਟਿਕਾਇਆ ਹੋਇਆ ਹੈ। ਮੈਨੂੰ ਤੇਰਾ ਹੀ ਤਾਣ ਹੈ, ਤੇਰੇ ਚਰਨਾਂ ਵਿਚ ਮੈਂ ਸੁਖੀ ਰਹਿੰਦਾ ਹਾਂ। ਜੋ ਕੁਝ ਤੂੰ ਆਖਦਾ ਹੈਂ, ਮੈਂ ਉਹੀ ਕੁਝ ਕਰ ਸਕਦਾ ਹਾਂ। ਹੇ ਪ੍ਰਭੂ! ਤੇਰੀ ਮਿਹਰ ਨਾਲ, ਤੇਰੀ ਕਿਰਪਾ ਨਾਲ ਹੀ ਮੈਂ ਸੁਖ ਮਾਣਦਾ ਹਾਂ। ਜੇ ਤੂੰ ਦਇਆਵਾਨ ਹੋਵੇਂ, ਤਾਂ ਮੈਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ। ਹੇ ਨਾਨਕ! (ਆਖ– ਹੇ ਭਾਈ!) ਨਿਰਭੈਤਾ ਦਾ ਦਾਨ ਦੇਣ ਵਾਲਾ, ਹਰਿ-ਨਾਮ ਮੈਂ (ਗੁਰੂ ਪਾਸੋਂ) ਹਾਸਲ ਕੀਤਾ ਹੈ (ਇਸ ਵਾਸਤੇ) ਮੈਂ ਆਪਣਾ ਸਿਰ ਗੁਰੂ ਦੇ ਚਰਨਾਂ ਉਤੇ ਰੱਖਿਆ ਹੋਇਆ ਹੈ।2।9। |
Sri Guru Granth Darpan, by Professor Sahib Singh |