ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1300

ਕਾਨੜਾ ਮਹਲਾ ੫ ॥ ਸਾਧ ਸਰਨਿ ਚਰਨ ਚਿਤੁ ਲਾਇਆ ॥ ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ ਨਾਮ ਮੰਤ੍ਰੁ ਸਤਿਗੁਰੂ ਦ੍ਰਿੜਾਇਆ ॥੧॥ ਰਹਾਉ ॥ ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ ਬਹੁਰਿ ਬਹੁਰਿ ਫਿਰਿ ਧਾਇਆ ॥ ਸੁਖੁ ਪਾਇਆ ਤ੍ਰਿਸਨਾ ਸਭ ਬੁਝੀ ਹੈ ਸਾਂਤਿ ਪਾਈ ਗੁਨ ਗਾਇਆ ॥੧॥ ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ ॥ ਸਾਧਸੰਗਿ ਜਮ ਜੇਵਰੀ ਕਾਟੀ ਨਾਨਕ ਸਹਜਿ ਸਮਾਇਆ ॥੨॥੧੦॥ {ਪੰਨਾ 1300}

ਪਦ ਅਰਥ: ਸਾਧ = ਗੁਰੂ। ਪੇਖੀ = ਵੇਖ ਲਈ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ।1। ਰਹਾਉ।

ਤ੍ਰਿਪਤਾਨੋ = ਰੱਜਦਾ। ਜੋਬਨਿ = ਜੁਆਨੀ ਨਾਲ। ਧਨਿ = ਧਨ ਨਾਲ। ਬਹੁਰਿ = ਮੁੜ। ਧਾਇਆ = ਭਟਕਦਾ ਹੈ। ਬੁਝੀ ਹੈ– ਮੁੱਕ ਗਈ ਹੈ।1।

ਕੀ ਨਿਆਈ = ਵਰਗਾ। ਭ੍ਰਮਿ = ਭਟਕ ਕੇ। ਮੋਹਿ = ਮੋਹ ਵਿਚ। ਬਿਆਪਿਓ = ਫਸਿਆ ਹੋਇਆ। ਸਾਧ ਸੰਗਿ = ਸਾਧ ਸੰਗਤਿ ਵਿਚ। ਜੇਵਰੀ = ਰੱਸੀ, ਫਾਹੀ। ਸਹਜਿ = ਆਤਮਕ ਅਡੋਲਤਾ ਵਿਚ।2।

ਅਰਥ: ਹੇ ਭਾਈ! (ਜਦੋਂ ਤੋਂ) ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਿਆ ਹੈ, (ਜਦੋਂ ਤੋਂ) ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਟਿਕਾਇਆ ਹੈ (ਤਦੋਂ ਤੋਂ ਉਸ ਜਗਤ ਨੂੰ) ਸੁਪਨਾ ਹੀ (ਅਖੀਂ) ਵੇਖ ਲਿਆ ਹੈ ਜਿਸ ਨੂੰ ਸੁਪਨੇ ਦੀ ਗੱਲ ਸੁਣਿਆ ਹੋਇਆ ਸੀ।1। ਰਹਾਉ।

ਹੇ ਭਾਈ! (ਇਹ ਮਨ) ਰਾਜ ਜੋਬਨ ਧਨ ਨਾਲ ਨਹੀਂ ਰੱਜਦਾ, ਮੁੜ ਮੁੜ (ਇਹਨਾਂ ਪਦਾਰਥਾਂ ਦੇ ਪਿੱਛੇ) ਭਟਕਦਾ ਫਿਰਦਾ ਹੈ। ਪਰ ਜਦੋਂ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ, ਤਾਂ ਮਾਇਆ ਦੀ ਸਾਰੀ ਤ੍ਰਿਸ਼ਨਾ ਬੁੱਝ ਜਾਂਦੀ ਹੈ, ਆਤਮਕ ਆਨੰਦ ਮਿਲ ਜਾਂਦਾ ਹੈ, ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ।1।

ਹੇ ਭਾਈ! (ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਮਨੁੱਖ ਪਸ਼ੂ ਵਰਗਾ ਹੀ ਰਹਿੰਦਾ ਹੈ, ਮਾਇਆ ਦੀ ਭਟਕਣਾ ਵਿਚ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ। ਪਰ, ਹੇ ਨਾਨਕ! ਸਾਧ ਸੰਗਤਿ ਵਿਚ ਟਿਕਿਆਂ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦਾ ਹੈ।2।10।

ਕਾਨੜਾ ਮਹਲਾ ੫ ॥ ਹਰਿ ਕੇ ਚਰਨ ਹਿਰਦੈ ਗਾਇ ॥ ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ ॥੧॥ ਰਹਾਉ ॥ ਸਗਲ ਆਸ ਹੋਤ ਪੂਰਨ ਕੋਟਿ ਜਨਮ ਦੁਖੁ ਜਾਇ ॥੧॥ ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗਿ ਸਮਾਇ ॥ ਤਾਪ ਸੰਤਾਪ ਮਿਟੇ ਨਾਨਕ ਬਾਹੁੜਿ ਕਾਲੁ ਨ ਖਾਇ ॥੨॥੧੧॥ {ਪੰਨਾ 1300}

ਪਦ ਅਰਥ: ਹਿਰਦੈ = ਹਿਰਦੇ ਵਿਚ। ਗਾਇ = ਗਾਇਆ ਕਰ, ਸਿਫ਼ਤਿ-ਸਾਲਾਹ ਕਰਿਆ ਕਰ। ਸੀਤਲਾ ਮੂਰਤਿ = ਉਸ ਪ੍ਰਭੂ ਨੂੰ ਜਿਸ ਦਾ ਸਰੂਪ ਠੰਢਾ-ਠਾਰ ਹੈ। ਸੁਖ ਮੂਰਤਿ = ਸੁਖ-ਸਰੂਪ ਪ੍ਰਭੂ। ਸਾਂਤਿ ਮੂਰਤਿ = ਸ਼ਾਂਤੀ-ਸਰੂਪ ਪ੍ਰਭੂ ਨੂੰ। ਧਿਆਇ = ਧਿਆਇਆ ਕਰ।1। ਰਹਾਉ।

ਸਗਲ = ਸਾਰੀ। ਕੋਟਿ ਜਨਮ ਦੁਖੁ = ਕ੍ਰੋੜਾਂ ਜਨਮਾਂ ਦਾ ਦੁਖੁ।

ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਸਮਾਇ = ਲੀਨ ਹੋਇਆ ਰਹੁ। ਕਾਲੁ = ਮੌਤ, ਆਤਮਕ ਮੌਤ।2।

ਅਰਥ: ਹੇ ਭਾਈ! ਪਰਮਾਤਮਾ ਦੇ ਚਰਨ ਹਿਰਦੇ ਵਿਚ (ਟਿਕਾ ਕੇ; ਉਸ ਦੇ ਗੁਣ) ਗਾਇਆ ਕਰ। ਉਸ ਪ੍ਰਭੂ ਦਾ ਸਦਾ ਧਿਆਨ ਧਰਿਆ ਕਰ, ਉਸ ਪ੍ਰਭੂ ਦਾ ਸਦਾ ਸਿਮਰਨ ਕਰਿਆ ਕਰ ਜੋ ਠੰਢ-ਸਰੂਪ ਹੈ ਜੋ ਸੁਖ-ਸਰੂਪ ਹੈ ਜੋ ਸ਼ਾਂਤੀ-ਸਰੂਪ ਹੈ।1। ਰਹਾਉ।

ਹੇ ਭਾਈ! (ਸਿਮਰਨ ਦੀ ਬਰਕਤਿ ਨਾਲ ਮਨੁੱਖ ਦੀ) ਸਾਰੀ ਆਸ ਪੂਰੀ ਹੋ ਜਾਂਦੀ ਹੈ, ਕ੍ਰੋੜਾਂ ਜਨਮਾਂ ਦਾ ਦੁੱਖ ਦੂਰ ਹੋ ਜਾਂਦਾ ਹੈ।2।

ਹੇ ਨਾਨਕ! (ਆਖ– ਹੇ ਭਾਈ!) ਗੁਰੂ ਦੀ ਸੰਗਤਿ ਵਿਚ ਟਿਕਿਆ ਰਹੁ = ਇਹੀ ਹੈ ਅਨੇਕਾਂ ਪੁੰਨ ਦਾਨ ਆਦਿਕ ਕਰਮ। (ਸੰਗਤਿ ਦੀ ਬਰਕਤਿ ਨਾਲ ਸਾਰੇ) ਦੁੱਖ ਕਲੇਸ਼ ਮਿਟ ਜਾਂਦੇ ਹਨ, ਆਤਮਕ ਮੌਤ (ਆਤਮਕ ਜੀਵਨ ਨੂੰ) ਫਿਰ ਨਹੀਂ ਖਾ ਸਕਦੀ।2।11।

ਕਾਨੜਾ ਮਹਲਾ ੫ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਕਥੀਐ ਸੰਤਸੰਗਿ ਪ੍ਰਭ ਗਿਆਨੁ ॥ ਪੂਰਨ ਪਰਮ ਜੋਤਿ ਪਰਮੇਸੁਰ ਸਿਮਰਤ ਪਾਈਐ ਮਾਨੁ ॥੧॥ ਰਹਾਉ ॥ ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗਿ ॥ ਪਤਿਤ ਪੁਨੀਤ ਹੋਹਿ ਖਿਨ ਭੀਤਰਿ ਪਾਰਬ੍ਰਹਮ ਕੈ ਰੰਗਿ ॥੧॥ ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ ॥ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ॥੨॥੧॥੧੨॥ {ਪੰਨਾ 1300}

ਪਦ ਅਰਥ: ਕਥੀਐ = ਕਥਨਾ ਚਾਹੀਦਾ ਹੈ, ਗੱਲ ਤੋਰਨੀ ਚਾਹੀਦੀ ਹੈ। ਪ੍ਰਭ ਗਿਆਨੁ ਕਥੀਐ = ਪ੍ਰਭੂ ਦਾ ਗਿਆਨ ਕਥਨਾ ਚਾਹੀਦਾ ਹੈ, ਪ੍ਰਭੂ ਦੀ ਜਾਣ ਪਛਾਣ ਕਥਨੀ ਚਾਹੀਦੀ ਹੈ, ਪ੍ਰਭੂ ਦੇ ਗੁਣਾਂ ਦੀ ਗੱਲ ਤੋਰਨੀ ਚਾਹੀਦੀ ਹੈ। ਸੰਤ ਸੰਗਿ = ਸੰਤ ਜਨਾਂ ਦੀ ਸੰਗਤਿ ਵਿਚ। ਪੂਰਨ = ਸਰਬ-ਵਿਆਪਕ। ਪਰਮ ਜੋਤਿ = ਸਭ ਤੋਂ ਉੱਚੀ ਜੋਤਿ। ਸਿਮਰਤ = ਸਿਮਰਦਿਆਂ। ਪਾਈਐ = ਪਾਈਦਾ ਹੈ।1। ਰਹਾਉ।

ਰਹੇ = ਮੁੱਕ ਜਾਂਦੇ ਹਨ। ਆਵਤ ਜਾਤ = ਆਉਂਦੇ ਜਾਂਦੇ, ਜੰਮਦੇ ਮਰਦੇ, ਜਨਮ ਮਰਨ ਦੇ ਗੇੜ। ਸ੍ਰਮ = ਥਕੇਵੇਂ। ਸਾਧੂ = ਗੁਰੂ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਹੋਹਿ = ਹੋ ਜਾਂਦੇ ਹਨ (ਬਹੁ-ਵਚਨ) । ਕੈ ਰੰਗਿ = ਦੇ ਪ੍ਰੇਮ-ਰੰਗ ਵਿਚ।1।

ਜੋ ਜੋ = ਜਿਹੜਾ ਜਿਹੜਾ ਮਨੁੱਖ। ਕਥੈ = ਬਿਆਨ ਕਰਦਾ ਹੈ। ਦੁਰਮਤਿ = ਖੋਟੀ ਮਤਿ। ਸਗਲ = ਸਾਰੇ। ਪਾਵੈ = ਹਾਸਲ ਕਰ ਲੈਂਦਾ ਹੈ (ਇਕ-ਵਚਨ) ।2।

ਅਰਥ: ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਦੀ ਗੱਲ ਤੋਰਨੀ ਚਾਹੀਦੀ ਹੈ। ਹੇ ਭਾਈ! ਸਰਬ-ਵਿਆਪਕ ਸਭ ਤੋਂ ਉੱਚੇ ਨੂਰ ਪਰਮੇਸਰ ਦਾ (ਨਾਮ) ਸਿਮਰਦਿਆਂ (ਲੋਕ ਪਰਲੋਕ ਵਿਚ) ਇਜ਼ਤ ਹਾਸਲ ਕਰੀਦੀ ਹੈ।1। ਰਹਾਉ।

ਹੇ ਭਾਈ! ਗੁਰੂ ਦੀ ਸੰਗਤਿ ਵਿਚ (ਹਰਿ-ਨਾਮ) ਸਿਮਰਦਿਆਂ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ (ਭਟਕਣਾਂ ਦੇ) ਥਕੇਵੇਂ ਨਾਸ ਹੋ ਜਾਂਦੇ ਹਨ। ਪਰਮਾਤਮਾ ਦੇ ਪ੍ਰੇਮ-ਰੰਗ ਦੀ ਬਰਕਤਿ ਨਾਲ ਵਿਕਾਰੀ ਮਨੁੱਖ ਭੀ ਇਕ ਖਿਨ ਵਿਚ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ।1।

ਹੇ ਭਾਈ! ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਚਾਰਦਾ ਹੈ ਸੁਣਦਾ ਹੈ, ਉਸ ਦੀ ਖੋਟੀ ਮਤਿ ਦਾ ਨਾਸ ਹੋ ਜਾਂਦਾ ਹੈ। ਹੇ ਨਾਨਕ! ਉਹ ਮਨੁੱਖ ਸਾਰੀਆਂ ਮਨੋ-ਕਾਮਨਾਂ ਹਾਸਲ ਕਰ ਲੈਂਦਾ ਹੈ, ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ।2।1।12।

ਕਾਨੜਾ ਮਹਲਾ ੫ ॥ ਸਾਧਸੰਗਤਿ ਨਿਧਿ ਹਰਿ ਕੋ ਨਾਮ ॥ ਸੰਗਿ ਸਹਾਈ ਜੀਅ ਕੈ ਕਾਮ ॥੧॥ ਰਹਾਉ ॥ ਸੰਤ ਰੇਨੁ ਨਿਤਿ ਮਜਨੁ ਕਰੈ ॥ ਜਨਮ ਜਨਮ ਕੇ ਕਿਲਬਿਖ ਹਰੈ ॥੧॥ ਸੰਤ ਜਨਾ ਕੀ ਊਚੀ ਬਾਨੀ ॥ ਸਿਮਰਿ ਸਿਮਰਿ ਤਰੇ ਨਾਨਕ ਪ੍ਰਾਨੀ ॥੨॥੨॥੧੩॥ {ਪੰਨਾ 1300}

ਪਦ ਅਰਥ: ਨਿਧਿ = ਖ਼ਜ਼ਾਨਾ। ਕੋ = ਦਾ। ਸੰਗਿ = (ਹਰ ਵੇਲੇ) ਨਾਲ। ਸਹਾਈ = ਸਾਥੀ। ਕੈ ਕਾਮ = ਦੇ ਕੰਮ (ਆਉਂਦਾ ਹੈ) ।1। ਰਹਾਉ।

ਰੇਨੁ = ਚਰਨ-ਧੂੜ। ਨਿਤਿ = ਸਦਾ। ਮਜਨੁ = ਇਸ਼ਨਾਨ। ਕਿਲਬਿਖ = ਪਾਪ। ਹਰੈ = ਦੂਰ ਕਰ ਲੈਂਦਾ ਹੈ।1।

ਊਚੀ ਬਾਨੀ = ਉੱਚਾ ਜੀਵਨ ਬਣਾਣ ਵਾਲੀ ਬਾਣੀ। ਸਿਮਰਿ = ਸਿਮਰ ਕੇ। ਤਾਰੇ = ਪਾਰ ਲੰਘ ਗਏ।2।

ਅਰਥ: ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਿਹਾਂ) ਪਰਮਾਤਮਾ ਦਾ ਨਾਮ-ਖ਼ਜ਼ਾਨਾ (ਮਿਲ ਜਾਂਦਾ ਹੈ, ਜੋ ਜੀਵ ਦੇ) ਨਾਲ (ਸਦਾ) ਸਾਥੀ ਬਣਿਆ ਰਹਿੰਦਾ ਹੈ ਜੋ ਜਿੰਦ ਦੇ (ਸਦਾ) ਕੰਮ ਆਉਂਦਾ ਹੈ।1। ਰਹਾਉ।

ਹੇ ਨਾਨਕ! ਜਿਹੜਾ ਮਨੁੱਖ ਸੰਤ ਜਨਾਂ ਦੀ ਚਰਨ-ਧੂੜ ਵਿਚ ਸਦਾ ਇਸ਼ਨਾਨ ਕਰਦਾ ਹੈ, ਉਹ ਆਪਣੇ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਲੈਂਦਾ ਹੈ।1।

ਹੇ ਨਾਨਕ! ਸੰਤ ਜਨਾਂ ਦੀ (ਮਨੁੱਖੀ ਜੀਵਨ ਨੂੰ) ਉੱਚਾ ਕਰਨ ਵਾਲੀ ਬਾਣੀ ਨੂੰ ਸਿਮਰ ਸਿਮਰ ਕੇ ਅਨੇਕਾਂ ਹੀ ਪ੍ਰਾਣੀ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ।2। 2।13।

ਕਾਨੜਾ ਮਹਲਾ ੫ ॥ ਸਾਧੂ ਹਰਿ ਹਰੇ ਗੁਨ ਗਾਇ ॥ ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ ॥੧॥ ਰਹਾਉ ॥ ਈਤ ਊਤ ਕਹਾ ਲੋੁਭਾਵਹਿ ਏਕ ਸਿਉ ਮਨੁ ਲਾਇ ॥੧॥ ਮਹਾ ਪਵਿਤ੍ਰ ਸੰਤ ਆਸਨੁ ਮਿਲਿ ਸੰਗਿ ਗੋਬਿਦੁ ਧਿਆਇ ॥੨॥ ਸਗਲ ਤਿਆਗਿ ਸਰਨਿ ਆਇਓ ਨਾਨਕ ਲੇਹੁ ਮਿਲਾਇ ॥੩॥੩॥੧੪॥ {ਪੰਨਾ 1300}

ਪਦ ਅਰਥ: ਸਾਧੂ = ਗੁਰੂ (ਦੀ ਰਾਹੀਂ) । ਗਾਇ = ਗਾਇਆ ਕਰ। ਮਾਨ = ਮਨ। ਸਿਮਰਤ = ਸਿਮਰਦਿਆਂ।1। ਰਹਾਉ।

ਈਤ ਊਤ = ਇਧਰ ਉਧਰ, ਇਥੇ ਉਥੇ। ਕਹਾ = ਕਿੱਥੇ? ਲੋੁਭਾਵਹਿ = (ਅੱਖਰ 'ਲ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਲੋਭਾਵਹਿ' ਹੈ। ਇਥੇ 'ਲੁਭਾਵਹਿ' ਪੜ੍ਹਨਾ ਹੈ) ਤੂੰ ਲੋਭ ਵਿਚ ਫਸ ਰਿਹਾ ਹੈਂ। ਸਿਉ = ਨਾਲ।1।

ਸੰਤ ਆਸਨੁ = ਗੁਰੂ ਦਾ ਟਿਕਾਣਾ। ਮਿਲਿ ਸੰਗਿ = (ਗੁਰੂ) ਨਾਲ ਮਿਲ ਕੇ।2।

ਤਿਆਗਿ = ਛੱਡ ਕੇ।3।

ਅਰਥ: ਹੇ ਭਾਈ! ਇਹ ਮਨ, ਇਹ ਤਨ, ਇਹ ਧਨ, ਇਹ ਜਿੰਦ, (ਜਿਸ) ਪ੍ਰਭੂ ਦੇ (ਦਿੱਤੇ ਹੋਏ ਹਨ, ਉਸ ਦਾ ਨਾਮ) ਸਿਮਰਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ, (ਤੂੰ) ਗੁਰੂ (ਦੀ ਸਰਨ ਪੈ ਕੇ) ਉਸ ਪ੍ਰਭੂ ਦੇ ਗੁਣ ਗਾਇਆ ਕਰ।1। ਰਹਾਉ।

ਹੇ ਭਾਈ! ਤੂੰ ਇਧਰ ਉਧਰ ਕਿਉਂ ਲੋਭ ਵਿਚ ਫਸ ਰਿਹਾ ਹੈਂ? ਇਕ ਪਰਮਾਤਮਾ ਨਾਲ ਆਪਣਾ ਮਨ ਜੋੜ।1।

ਹੇ ਭਾਈ! ਗੁਰੂ ਦਾ ਟਿਕਾਣਾ (ਜੀਵਨ ਨੂੰ) ਬਹੁਤ ਸੁੱਚਾ ਬਣਾਣ ਵਾਲਾ ਹੈ। ਗੁਰੂ ਨਾਲ ਮਿਲ ਕੇ ਗੋਬਿੰਦ ਨੂੰ (ਆਪਣੇ ਮਨ ਵਿਚ) ਧਿਆਇਆ ਕਰ।2।

ਹੇ ਨਾਨਕ! (ਆਖ– ਹੇ ਪ੍ਰਭੂ!) ਸਾਰੇ (ਆਸਰੇ) ਛੱਡ ਕੇ ਮੈਂ ਤੇਰੀ ਸਰਨ ਆਇਆ ਹਾਂ। ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ।3। 3।14।

ਕਾਨੜਾ ਮਹਲਾ ੫ ॥ ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ ॥੧॥ ਰਹਾਉ ॥ ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ ॥੧॥ ਸਿਮਰਤ ਇਕ ਬਾਰ ਹਰਿ ਹਰਿ ਮਿਟਿ ਕੋਟਿ ਕਸਮਲ ਜਾਂਤਿ ॥੨॥ ਗੁਣ ਰਮੰਤ ਦੂਖ ਨਾਸਹਿ ਰਿਦ ਭਇਅੰਤ ਸਾਂਤਿ ॥੩॥ ਅੰਮ੍ਰਿਤਾ ਰਸੁ ਪੀਉ ਰਸਨਾ ਨਾਨਕ ਹਰਿ ਰੰਗਿ ਰਾਤ ॥੪॥੪॥੧੫॥ {ਪੰਨਾ 1300-1301}

ਪਦ ਅਰਥ: ਪੇਖਿ ਪੇਖਿ = (ਹਰ ਥਾਂ ਵੱਸਦਾ) ਵੇਖ ਵੇਖ ਕੇ। ਬਿਗਸਾਉ = ਬਿਗਸਾਉਂ, ਬਿਗਸਉਂ, ਮੈਂ ਖਿੜ ਪੈਂਦਾ ਹਾਂ। ਇਕਾਂਤ = (ਸਰਬ-ਵਿਆਪਕ ਹੁੰਦਿਆਂ ਭੀ) ਵੱਖਰਾ, ਨਿਰਲੇਪ।1। ਰਹਾਉ।

ਤਿਸੁ ਆਨ ਨਾਹੀ ਭਾਂਤਿ = ਤਿਸੁ ਭਾਂਤਿ ਆਨ ਨਾਹੀ, ਉਸ ਵਰਗਾ ਹੋਰ ਕੋਈ ਨਹੀਂ। ਮੂਰਤਿ = ਸਰੂਪ।1।

ਸਿਮਰਤ = ਸਿਮਰਦਿਆਂ। ਇਕ ਬਾਰ = ਸਦਾ, ਲਗਾਤਾਰ। ਮਿਟਿ ਜਾਂਤਿ = ਮਿਟ ਜਾਂਦੇ ਹਨ। ਕਸਮਲ = ਪਾਪ।2।

ਅੰਮ੍ਰਿਤਾ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਰਸਨਾ = ਜੀਭ ਨਾਲ। ਰੰਗਿ = ਪ੍ਰੇਮ-ਰੰਗ ਵਿਚ। ਰਾਤ = ਰੱਤਾ ਰਹੁ।4।

ਅਰਥ: ਹੇ ਭਾਈ! ਮੈਂ ਆਪਣੇ ਸੱਜਣ ਪ੍ਰਭੂ ਨੂੰ (ਹਰ ਥਾਂ ਵੱਸਦਾ) ਵੇਖ ਵੇਖ ਕੇ ਖ਼ੁਸ਼ ਹੋ ਜਾਂਦਾ ਹਾਂ, (ਉਹ ਸਰਬ-ਵਿਆਪਕ ਹੁੰਦਿਆਂ ਭੀ ਮਾਇਆ ਦੇ ਪ੍ਰਭਾਵ ਤੋਂ) ਵੱਖਰਾ ਰਹਿੰਦਾ ਹੈ।1। ਰਹਾਉ।

ਹੇ ਭਾਈ! ਉਹ ਸੱਜਣ ਪ੍ਰਭੂ ਆਨੰਦ-ਰੂਪ ਹੈ, ਸੁਖ-ਸਰੂਪ ਹੈ, ਆਤਮਕ ਅਡੋਲਤਾ ਦਾ ਸਰੂਪ ਹੈ। ਉਸ ਵਰਗਾ ਹੋਰ ਕੋਈ ਨਹੀਂ ਹੈ।1।

ਹੇ ਭਾਈ! ਉਸ ਹਰੀ ਪ੍ਰਭੂ ਦਾ ਨਾਮ ਸਦਾ ਸਿਮਰਦਿਆਂ ਕ੍ਰੋੜਾਂ ਪਾਪ ਮਿਟ ਜਾਂਦੇ ਹਨ।2।

ਹੇ ਭਾਈ! ਉਹ ਸੱਜਣ-ਪ੍ਰਭੂ ਦੇ ਗੁਣ ਗਾਂਦਿਆਂ (ਸਾਰੇ) ਦੁੱਖ ਨਾਸ ਹੋ ਜਾਂਦੇ ਹਨ, ਹਿਰਦੇ ਵਿਚ ਠੰਢ ਪੈ ਜਾਂਦੀ ਹੈ।3।

ਹੇ ਨਾਨਕ! (ਉਸ ਸੱਜਣ-ਪ੍ਰਭੂ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਆਪਣੀ) ਜੀਭ ਨਾਲ ਪੀਂਦਾ ਰਹੁ, ਅਤੇ ਉਸ ਹਰੀ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹੁ।4। 4।15।

TOP OF PAGE

Sri Guru Granth Darpan, by Professor Sahib Singh