ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1301

ਕਾਨੜਾ ਮਹਲਾ ੫ ॥ ਸਾਜਨਾ ਸੰਤ ਆਉ ਮੇਰੈ ॥੧॥ ਰਹਾਉ ॥ ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ ॥੧॥ ਸੰਤ ਚਰਨ ਧਰਉ ਮਾਥੈ ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥੨॥ ਸੰਤ ਪ੍ਰਸਾਦਿ ਕਮਲੁ ਬਿਗਸੈ ਗੋਬਿੰਦ ਭਜਉ ਪੇਖਿ ਨੇਰੈ ॥੩॥ ਪ੍ਰਭ ਕ੍ਰਿਪਾ ਤੇ ਸੰਤ ਪਾਏ ਵਾਰਿ ਵਾਰਿ ਨਾਨਕ ਉਹ ਬੇਰੈ ॥੪॥੫॥੧੬॥ {ਪੰਨਾ 1301}

ਪਦ ਅਰਥ: ਸਾਜਨਾ = ਹੇ ਸੱਜਣੋ! ਸੰਤ = ਹੇ ਸੰਤ ਜਨੋ! ਮੇਰੈ = ਮੇਰੇ ਘਰ ਵਿਚ, ਮੇਰੇ ਕੋਲ।1। ਰਹਾਉ।

ਗੁਨ ਗਾਇ = (ਪਰਮਾਤਮਾ ਦੇ) ਗੁਣ ਗਾ ਕੇ। ਮੰਗਲ = ਖ਼ੁਸ਼ੀਆਂ। ਕਸਮਲਾ = ਪਾਪ। ਮਿਟਿ ਜਾਹਿ = ਮਿਟ ਜਾਂਦੇ ਹਨ। ਪਰੇਰੈ = ਦੂਰ (ਹੋ ਜਾਂਦੇ ਹਨ) ।1।

ਧਰਉ = ਧਰਉਂ, ਮੈਂ ਧਰਦਾ ਹਾਂ। ਮਾਥੈ = (ਆਪਣੇ) ਮੱਥੇ ਉੱਤੇ। ਚਾਂਦਨਾ = ਚਾਨਣ। ਗ੍ਰਿਹਿ ਅੰਧੇਰੈ = (ਮੇਰੇ) ਹਨੇਰੇ (ਹਿਰਦੇ-) ਘਰ ਵਿਚ। ਹੋਇ = ਹੋ ਜਾਂਦਾ ਹੈ।2।

ਸੰਤ ਪ੍ਰਸਾਦਿ = ਸੰਤ ਜਨਾਂ ਦੀ ਕਿਰਪਾ ਨਾਲ। ਕਮਲੁ = ਹਿਰਦਾ ਕੌਲ-ਫੁੱਲ। ਬਿਗਸੈ = ਖਿੜ ਪੈਂਦਾ ਹੈ। ਭਜਉ = ਭਜਉਂ, ਮੈਂ ਭਜਦਾ ਹਾਂ, ਮੈਂ ਭਜਨ ਕਰਦਾ ਹਾਂ। ਪੇਖਿ = ਵੇਖ ਕੇ।3।

ਤੇ = ਤੋਂ, ਦੀ ਰਾਹੀਂ। ਵਾਰਿ ਵਾਰਿ = ਕੁਰਬਾਨ ਕੁਰਬਾਨ (ਜਾਂਦਾ ਹਾਂ) । ਉਹ ਬੇਰੈ = ਉਸ ਵੇਲੇ ਤੋਂ।4।

ਅਰਥ: ਹੇ ਸੰਤ ਜਨੋ! ਹੇ ਸੱਜਣੋ! ਤੁਸੀ ਮੇਰੇ ਘਰ ਆਓ।1। ਰਹਾਉ।

ਹੇ ਸੱਜਣੋ! (ਤੁਹਾਡੀ ਸੰਗਤਿ ਵਿਚ ਪਰਮਾਤਮਾ ਦੇ) ਗੁਣ ਗਾ ਕੇ (ਮੇਰੇ ਹਿਰਦੇ ਵਿਚ) ਆਨੰਦ ਪੈਦਾ ਹੋ ਜਾਂਦਾ ਹੈ, ਖ਼ੁਸ਼ੀਆਂ ਬਣ ਜਾਂਦੀਆਂ ਹਨ, (ਮੇਰੇ ਅੰਦਰੋਂ) ਸਾਰੇ ਪਾਪ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ।1।

ਹੇ ਭਾਈ! ਜਦੋਂ ਮੈਂ ਸੰਤ ਜਨਾਂ ਦੇ ਚਰਨ (ਆਪਣੇ) ਮੱਥੇ ਉੱਤੇ ਰੱਖਦਾ ਹਾਂ, ਮੇਰੇ ਹਨੇਰੇ (ਹਿਰਦੇ-) ਘਰ ਵਿੱਚ (ਆਤਮਕ) ਚਾਨਣ ਹੋ ਜਾਂਦਾ ਹੈ।2।

ਹੇ ਭਾਈ! ਸੰਤ ਜਨਾਂ ਦੀ ਕਿਰਪਾ ਨਾਲ (ਮੇਰਾ ਹਿਰਦਾ-) ਕੌਲ ਖਿੜ ਪੈਂਦਾ ਹੈ, ਗੋਬਿੰਦ ਨੂੰ (ਆਪਣੇ) ਨੇੜੇ ਵੇਖ ਕੇ ਮੈਂ ਉਸ ਦਾ ਭਜਨ ਕਰਦਾ ਹਾਂ।3।

ਹੇ ਨਾਨਕ! (ਆਖ– ਹੇ ਭਾਈ!) ਪਰਮਾਤਮਾ ਦੀ ਮਿਹਰ ਨਾਲ ਮੈਂ ਸੰਤ ਜਨਾਂ ਨੂੰ ਮਿਲਿਆ। ਮੈਂ ਉਸ ਵੇਲੇ ਤੋਂ ਸਦਾ ਕੁਰਬਾਨ ਜਾਂਦਾ ਹਾਂ (ਜਦੋਂ ਸੰਤਾਂ ਦੀ ਸੰਗਤਿ ਪ੍ਰਾਪਤ ਹੋਈ) ।4।5। 16।

ਕਾਨੜਾ ਮਹਲਾ ੫ ॥ ਚਰਨ ਸਰਨ ਗੋਪਾਲ ਤੇਰੀ ॥ ਮੋਹ ਮਾਨ ਧੋਹ ਭਰਮ ਰਾਖਿ ਲੀਜੈ ਕਾਟਿ ਬੇਰੀ ॥੧॥ ਰਹਾਉ ॥ ਬੂਡਤ ਸੰਸਾਰ ਸਾਗਰ ॥ ਉਧਰੇ ਹਰਿ ਸਿਮਰਿ ਰਤਨਾਗਰ ॥੧॥ ਸੀਤਲਾ ਹਰਿ ਨਾਮੁ ਤੇਰਾ ॥ ਪੂਰਨੋ ਠਾਕੁਰ ਪ੍ਰਭੁ ਮੇਰਾ ॥੨॥ ਦੀਨ ਦਰਦ ਨਿਵਾਰਿ ਤਾਰਨ ॥ ਹਰਿ ਕ੍ਰਿਪਾ ਨਿਧਿ ਪਤਿਤ ਉਧਾਰਨ ॥੩॥ ਕੋਟਿ ਜਨਮ ਦੂਖ ਕਰਿ ਪਾਇਓ ॥ ਸੁਖੀ ਨਾਨਕ ਗੁਰਿ ਨਾਮੁ ਦ੍ਰਿੜਾਇਓ ॥੪॥੬॥੧੭॥ {ਪੰਨਾ 1301}

ਪਦ ਅਰਥ: ਗੋਪਾਲ = (ਗੋ-ਸ੍ਰਿਸ਼ਟੀ) ਹੇ ਸ੍ਰਿਸ਼ਟੀ ਦੇ ਪਾਲਣਹਾਰ! ਧੋਹ = ਠੱਗੀ। ਕਾਟਿ ਬੇਰੀ = ਬੇੜੀ ਕੱਟ ਕੇ।1। ਰਹਾਉ।

ਬੂਡਤ = ਡੁੱਬ ਰਹੇ। ਸਾਗਰ = ਸਮੁੰਦਰ। ਉਧਰੇ = ਬਚ ਜਾਂਦੇ ਹਨ। ਸਿਮਰਿ = ਸਿਮਰ ਕੇ। ਰਤਨਾਗਰ = (ਰਤਨ-ਆਕਰ) ਰਤਨਾਂ ਦੀ ਖਾਣ ਪ੍ਰਭੂ।1।

ਸੀਤਲਾ = ਸੀਤਲ, ਠੰਢ ਪਾਣ ਵਾਲਾ। ਪੂਰਨੋ = ਸਰਬ-ਵਿਆਪਕ। ਠਾਕੁਰ = ਹੇ ਠਾਕੁਰ!।2।

ਦੀਨ ਦਰਦ = ਗ਼ਰੀਬਾਂ ਦੇ ਦੁੱਖ। ਨਿਵਾਰਿ = ਦੂਰ ਕਰ ਕੇ। ਤਾਰਨ = ਪਾਰ ਲੰਘਾਣ ਵਾਲਾ। ਨਿਧਿ = ਖ਼ਜ਼ਾਨਾ। ਪਤਿਤ = ਵਿਕਾਰੀ। ਉਧਾਰਨ = ਬਚਾਣ ਵਾਲਾ।1।

ਕੋਟਿ = ਕ੍ਰੋੜਾਂ। ਕਰਿ = ਸਹਾਰ ਕੇ। ਪਾਇਓ = (ਮਨੁੱਖਾ ਜਨਮ) ਲੱਭਾ। ਗੁਰਿ = ਗੁਰੂ ਨੇ। ਦ੍ਰਿੜਾਇਓ = ਹਿਰਦੇ ਵਿਚ ਪੱਕਾ ਕੀਤਾ।4।

ਅਰਥ: ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੈਂ ਤੇਰੇ ਚਰਨਾਂ ਦੀ ਸਰਨ ਆਇਆ ਹਾਂ। (ਮੇਰੇ ਅੰਦਰੋਂ) ਮੋਹ, ਅਹੰਕਾਰ, ਠੱਗੀ, ਭਟਕਣਾ (ਆਦਿਕ ਦੀਆਂ) ਫਾਹੀਆਂ ਕੱਟ ਕੇ (ਮੇਰੀ) ਰੱਖਿਆ ਕਰ।1। ਰਹਾਉ।

ਹੇ ਰਤਨਾਂ ਦੀ ਖਾਣ ਹਰੀ! ਸੰਸਾਰ-ਸਮੁੰਦਰ ਵਿਚ ਡੁੱਬ ਰਹੇ ਜੀਵ (ਤੇਰਾ ਨਾਮ) ਸਿਮਰ ਕੇ ਬਚ ਨਿਕਲਦੇ ਹਨ।1।

ਹੇ ਹਰੀ! ਤੇਰਾ ਨਾਮ (ਜੀਵਾਂ ਦੇ ਹਿਰਦੇ ਵਿਚ) ਠੰਢ ਪਾਣ ਵਾਲਾ ਹੈ। ਹੇ ਠਾਕੁਰ! ਤੂੰ ਸਰਬ-ਵਿਆਪਕ ਹੈਂ, ਤੂੰ ਮੇਰਾ ਪ੍ਰਭੂ ਹੈਂ।2।

ਹੇ ਭਾਈ! ਪਰਮਾਤਮਾ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ (ਉਹਨਾਂ ਨੂੰ ਦੁਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘਾਣ ਵਾਲਾ ਹੈ। ਹੇ ਭਾਈ! ਹਰੀ ਦਇਆ ਦਾ ਖ਼ਜ਼ਾਨਾ ਹੈ, ਵਿਕਾਰੀਆਂ ਨੂੰ (ਵਿਕਾਰਾਂ ਵਿਚੋਂ) ਬਚਾਣ ਵਾਲਾ ਹੈ।3।

ਹੇ ਨਾਨਕ! (ਮਨੁੱਖ) ਕ੍ਰੋੜਾਂ ਜਨਮਾਂ ਦੇ ਦੁੱਖ ਸਹਾਰ ਕੇ (ਮਨੁੱਖਾ ਜਨਮ) ਹਾਸਲ ਕਰਦਾ ਹੈ, (ਪਰ) ਸੁਖੀ (ਉਹੀ) ਹੈ ਜਿਸ ਦੇ ਹਿਰਦੇ ਵਿਚ) ਗੁਰੂ ਨੇ (ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ ਹੈ।4।6। 17।

ਕਾਨੜਾ ਮਹਲਾ ੫ ॥ ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥ ਕੋਟਿ ਜਾਪ ਤਾਪ ਸੁਖ ਪਾਏ ਆਇ ਮਿਲੇ ਪੂਰਨ ਬਡਭਾਗੀ ॥੧॥ ਰਹਾਉ ॥ ਮੋਹਿ ਅਨਾਥੁ ਦਾਸੁ ਜਨੁ ਤੇਰਾ ਅਵਰ ਓਟ ਸਗਲੀ ਮੋਹਿ ਤਿਆਗੀ ॥ ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲਿ ਸੋਵਤ ਜਾਗੀ ॥੧॥ ਤੂ ਅਥਾਹੁ ਅਤਿ ਬਡੋ ਸੁਆਮੀ ਕ੍ਰਿਪਾ ਸਿੰਧੁ ਪੂਰਨ ਰਤਨਾਗੀ ॥ ਨਾਨਕੁ ਜਾਚਕੁ ਹਰਿ ਹਰਿ ਨਾਮੁ ਮਾਂਗੈ ਮਸਤਕੁ ਆਨਿ ਧਰਿਓ ਪ੍ਰਭ ਪਾਗੀ ॥੨॥੭॥੧੮॥ {ਪੰਨਾ 1301}

ਪਦ ਅਰਥ: ਧਨਿ = (DNX) ਸਲਾਹੁਣ-ਜੋਗ। ਸੰਗਿ = ਨਾਲ। ਕੋਟਿ = ਕ੍ਰੋੜਾਂ। ਆਇ = ਆ ਕੇ। ਬਡਭਾਗੀ = ਵੱਡੇ ਭਾਗਾਂ ਨਾਲ।1। ਰਹਾਉ।

ਮੋਹਿ = ਮੈਂ। ਅਨਾਥੁ = ਨਿਮਾਣਾ। ਅਵਰ ਓਟ = ਹੋਰ ਆਸਰਾ। ਮੋਹਿ = ਮੈਂ। ਭੋਰ ਭਰਮ = ਛੋਟੇ ਤੋਂ ਛੋਟੇ ਭਰਮ ਭੀ। ਅੰਜਨ = ਸੁਰਮਾ। ਮਿਲਿ = ਮਿਲ ਕੇ।1।

ਅਤਿ ਬਡੋ = ਬਹੁਤ ਵੱਡਾ। ਕ੍ਰਿਪਾ ਸਿੰਧੁ = ਕਿਰਪਾ ਦਾ ਸਮੁੰਦਰ। ਰਤਨਾਗੀ = (ਰਤਨ-ਆਕਰ) ਰਤਨਾਂ ਦੀ ਖਾਣ। ਜਾਚਕੁ = ਮੰਗਤਾ। ਮਾਂਗੈ = ਮੰਗਦਾ ਹੈ (ਇਕ-ਵਚਨ) । ਮਸਤਕੁ = ਮੱਥਾ। ਆਨਿ = ਲਿਆ ਕੇ (ਆਇ = ਆ ਕੇ) । ਪ੍ਰਭ ਪਾਗੀ = ਪ੍ਰਭੂ ਦੇ ਪਗਾਂ (ਪੈਰਾਂ) ਵਿਚ।2।

ਅਰਥ: ਹੇ ਭਾਈ! ਉਹ ਪ੍ਰੀਤ ਸਲਾਹੁਣ-ਜੋਗ ਹੈ ਜਿਹੜੀ (ਪਰਮਾਤਮਾ ਦੇ) ਚਰਨਾਂ ਨਾਲ ਲੱਗਦੀ ਹੈ। (ਉਸ ਪ੍ਰੀਤ ਦੀ ਬਰਕਤਿ ਨਾਲ, ਮਾਨੋ) ਕ੍ਰੋੜਾਂ ਜਪਾਂ ਤਪਾਂ ਦੇ ਸੁਖ ਪ੍ਰਾਪਤ ਹੋ ਜਾਂਦੇ ਹਨ, ਅਤੇ ਪੂਰਨ ਪ੍ਰਭੂ ਜੀ ਵੱਡੇ ਭਾਗਾਂ ਨਾਲ ਆ ਮਿਲਦੇ ਹਨ।1। ਰਹਾਉ।

ਹੇ ਪ੍ਰਭੂ! ਮੈਂ ਤੇਰਾ ਦਾਸ ਹਾਂ ਤੇਰਾ ਸੇਵਕ ਹਾਂ, ਮੈਨੂੰ ਹੋਰ ਕੋਈ ਆਸਰਾ ਨਹੀਂ (ਤੈਥੋਂ ਬਿਨਾ) ਮੈਂ ਹੋਰ ਸਾਰੀ ਓਟ ਛੱਡ ਚੁੱਕਾ ਹਾਂ। ਹੇ ਪ੍ਰਭੂ! ਤੇਰਾ ਨਾਮ ਸਿਮਰਦਿਆਂ ਤੇਰੇ ਨਾਲ ਡੂੰਘੀ ਸਾਂਝ ਦਾ ਸੁਰਮਾ ਪਾਇਆਂ ਮੇਰੇ ਛੋਟੇ ਤੋਂ ਛੋਟੇ ਭਰਮ ਭੀ ਕੱਟੇ ਗਏ ਹਨ, (ਤੇਰੇ ਚਰਨਾਂ ਵਿਚ) ਮਿਲ ਕੇ ਮੈਂ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਜਾਗ ਪਈ ਹਾਂ।1।

ਹੇ ਸੁਆਮੀ! ਤੂੰ ਇਕ ਬਹੁਤ ਵੱਡਾ ਅਥਾਹ ਦਇਆ-ਦਾ-ਸਮੁੰਦਰ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਰਤਨਾਂ ਦੀ ਖਾਣ ਹੈਂ। (ਤੇਰੇ ਦਰ ਦਾ) ਮੰਗਤਾ ਨਾਨਕ, ਹੇ ਹਰੀ! ਤੇਰਾ ਨਾਮ ਮੰਗਦਾ ਹੈ, (ਨਾਨਕ ਨੇ ਆਪਣਾ) ਮੱਥਾ, ਹੇ ਪ੍ਰਭੂ! ਤੇਰੇ ਚਰਨਾਂ ਤੇ ਲਿਆ ਕੇ ਰੱਖ ਦਿੱਤਾ ਹੈ।2।7। 18।

ਕਾਨੜਾ ਮਹਲਾ ੫ ॥ ਕੁਚਿਲ ਕਠੋਰ ਕਪਟ ਕਾਮੀ ॥ ਜਿਉ ਜਾਨਹਿ ਤਿਉ ਤਾਰਿ ਸੁਆਮੀ ॥੧॥ ਰਹਾਉ ॥ ਤੂ ਸਮਰਥੁ ਸਰਨਿ ਜੋਗੁ ਤੂ ਰਾਖਹਿ ਅਪਨੀ ਕਲ ਧਾਰਿ ॥੧॥ ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ ॥ ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ ॥੨॥੮॥੧੯॥ {ਪੰਨਾ 1301}

ਪਦ ਅਰਥ: ਕੁਚਿਲ = ਗੰਦੇ ਆਚਰਨ ਵਾਲੇ। ਕਠੋਰ = ਨਿਰਦਈ। ਕਪਟ = ਠੱਗੀ ਕਰਨ ਵਾਲੇ। ਕਾਮੀ = ਵਿਸ਼ਈ। ਜਿਉ ਜਾਨਹਿ = ਜਿਸ ਭੀ ਢੰਗ ਨਾਲ ਤੂੰ (ਪਾਰ ਲੰਘਾਣਾ ਠੀਕ) ਜਾਣਦਾ ਹੈਂ। ਤਿਉ = ਉਸੇ ਤਰ੍ਹਾਂ। ਸੁਆਮੀ = ਹੇ ਸੁਆਮੀ!।1। ਰਹਾਉ।

ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ। ਸਰਨਿ ਜੋਗੁ = ਸਰਨ-ਪਏ ਦੀ ਰੱਖਿਆ ਕਰਨ ਜੋਗਾ। ਕਲ = ਸੱਤਿਆ, ਤਾਕਤ। ਧਾਰਿ = ਧਾਰ ਕੇ, ਵਰਤ ਕੇ।1।

ਜਾਪ = ਦੇਵਤਿਆਂ ਨੂੰ ਵੱਸ ਕਰਨ ਦੇ ਮੰਤ੍ਰ। ਤਾਪ = ਧੂਣੀਆਂ ਆਦਿਕ ਨਾਲ ਸਰੀਰ ਨੂੰ ਕਸ਼ਟ ਦੇਣੇ। ਸੁਚਿ = ਸਰੀਰਕ ਪਵਿੱਤਰਤਾ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਣ ਦੇ ਜਤਨ। ਇਨ ਬਿਧੇ = ਇਹਨਾਂ ਤਰੀਕਿਆਂ ਨਾਲ। ਛੁਟਕਾਰ = (ਵਿਕਾਰਾਂ ਤੋਂ) ਖ਼ਲਾਸੀ। ਗਰਤ = (ÀwqL) ਟੋਆ। ਘੋਰ ਅੰਧ = ਘੁੱਪ ਹਨੇਰਾ (ਜਿੱਥੇ ਆਤਮਕ ਜੀਵਨ ਦੀ ਸੂਝ ਦਾ ਰਤਾ ਭੀ ਚਾਨਣ ਨਾਹ ਮਿਲੇ) । ਤੇ = ਤੋਂ, ਵਿਚੋਂ। ਪ੍ਰਭ = ਹੇ ਪ੍ਰਭੂ! ਨਦਰਿ ਨਿਹਾਰਿ = ਮਿਹਰ ਦੀ ਨਿਗਾਹ ਨਾਲ ਵੇਖ ਕੇ। ਨਿਹਾਰਿ = ਵੇਖ ਕੇ।2।

ਅਰਥ: ਹੇ ਸੁਆਮੀ! ਅਸੀਂ ਜੀਵ ਗੰਦੇ ਆਚਰਨ ਵਾਲੇ ਤੇ ਨਿਰਦਈ ਰਹਿੰਦੇ ਹਾਂ, ਠੱਗੀਆਂ ਕਰਨ ਵਾਲੇ ਹਾਂ, ਵਿਸ਼ਈ ਹਾਂ। ਜਿਸ ਭੀ ਤਰੀਕੇ ਨਾਲ ਤੂੰ (ਜੀਵਾਂ ਨੂੰ ਪਾਰ ਲੰਘਾਣਾ ਠੀਕ) ਸਮਝਦਾ ਹੈਂ, ਉਸੇ ਤਰ੍ਹਾਂ (ਇਹਨਾਂ ਵਿਕਾਰਾਂ ਤੋਂ) ਪਾਰ ਲੰਘਾ।1। ਰਹਾਉ।

ਹੇ ਸੁਆਮੀ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ-ਪਏ ਦੀ ਰੱਖਿਆ ਕਰਨ-ਜੋਗ ਹੈਂ, ਤੂੰ (ਜੀਵਾਂ ਨੂੰ) ਆਪਣੀ ਤਾਕਤ ਵਰਤ ਕੇ ਬਚਾਂਦਾ (ਆ ਰਿਹਾ) ਹੈਂ।1।

ਹੇ ਨਾਨਕ! (ਆਖ-) ਜਪ, ਤਪ, ਵਰਤ-ਨੇਮ; ਸਰੀਰਕ ਪਵਿੱਤ੍ਰਤਾ, ਸੰਜਮ = ਇਹਨਾਂ ਤਰੀਕਿਆਂ ਨਾਲ (ਵਿਕਾਰਾਂ ਤੋਂ ਜੀਵਾਂ ਦੀ) ਖ਼ਲਾਸੀ ਨਹੀਂ ਹੋ ਸਕਦੀ। ਹੇ ਪ੍ਰਭੂ! ਤੂੰ (ਆਪ ਹੀ) ਮਿਹਰ ਦੀ ਨਿਗਾਹ ਨਾਲ ਤੱਕ ਕੇ (ਵਿਕਾਰਾਂ ਦੇ) ਘੁੱਪ ਹਨੇਰੇ ਟੋਏ ਵਿਚੋਂ ਬਾਹਰ ਕੱਢ।2।8। 19।

ਕਾਨੜਾ ਮਹਲਾ ੫ ਘਰੁ ੪    ੴ ਸਤਿਗੁਰ ਪ੍ਰਸਾਦਿ ॥ ਨਾਰਾਇਨ ਨਰਪਤਿ ਨਮਸਕਾਰੈ ॥ ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ ॥ ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥ ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ ॥੧॥ ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥ ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥ {ਪੰਨਾ 1301}

ਪਦ ਅਰਥ: ਨਰਪਤਿ = ਨਰਾਂ ਦਾ ਪਤੀ, ਪਾਤਿਸ਼ਾਹ। ਨਮਸਕਾਰੈ = ਨਮਸਕਾਰ ਕਰਦਾ ਰਹਿੰਦਾ ਹੈ, ਸਿਰ ਨਿਵਾਂਦਾ ਰਹਿੰਦਾ ਹੈ। ਕਉ = ਤੋਂ। ਬਲਿ ਜਾਈਐ = ਸਦਕੇ ਜਾਣਾ ਚਾਹੀਦਾ ਹੈ। ਮੁਕਤੁ = (ਦੁਨੀਆ ਦੇ ਬੰਧਨਾਂ ਤੋਂ) ਸੁਤੰਤਰ। ਮੋਹਿ = ਮੈਨੂੰ। ਤਾਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ (ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ) ।1। ਰਹਾਉ।

ਕਵਨ ਕਵਨ ਗੁਨ = ਕਿਹੜੇ ਕਿਹੜੇ ਗੁਣ? ਕਹੀਐ = ਬਿਆਨ ਕੀਤੇ ਜਾਣ। ਪਾਰੈ = ਪਾਰਲਾ ਬੰਨਾ। ਕਈ ਕੋਰੈ = ਕਈ ਕ੍ਰੋੜਾਂ ਵਿਚੋਂ। ਕੋ ਹੈ– ਕੋਈ (ਵਿਰਲਾ) ਹੈ। ਐਸੋ = ਇਸ ਤਰ੍ਹਾਂ। ਬੀਚਾਰੈ = ਬੀਚਾਰਦਾ ਹੈ।1।

ਬਿਸਮ = ਹੈਰਾਨ। ਭਈ ਹੈ– ਹੋ ਜਾਈਦਾ ਹੈ। ਲਾਲ ਗੁਪਾਲ ਰੰਗਾਰੈ = ਸੋਹਣੇ ਪ੍ਰਭੂ ਅਤੇ ਸੋਹਣੇ ਪ੍ਰਭੂ ਦੇ ਰੰਗਾਂ ਤੋਂ। ਕਹੁ = ਆਖ। ਨਾਨਕ = ਹੇ ਨਾਨਕ! ਰਸੁ = (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ) ਸੁਆਦ। ਆਈ ਹੈ– ਆਉਂਦਾ ਹੈ। ਚਾਖਿ = ਚੱਖ ਕੇ। ਮੁਸਕਾਰੈ = ਮੁਸਕਰਾ ਦੇਂਦਾ ਹੈ।2।

ਅਰਥ: ਹੇ ਭਾਈ! (ਪ੍ਰਭੂ ਦੇ ਬੇਅੰਤ ਰੰਗ ਵੇਖ ਵੇਖ ਕੇ ਜਿਹੜਾ ਗੁਰੂ) ਪ੍ਰਭੂ-ਪਾਤਿਸ਼ਾਹ ਨੂੰ ਸਦਾ ਸਿਰ ਨਿਵਾਂਦਾ ਰਹਿੰਦਾ ਹੈ, ਜਿਹੜਾ (ਨਾਮ ਦੀ ਬਰਕਤਿ ਨਾਲ) (ਦੁਨੀਆ ਦੇ ਬੰਧਨਾਂ ਤੋਂ) ਆਪ ਨਿਰਲੇਪ ਹੈ, ਤੇ ਮੈਨੂੰ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ, ਉਸ ਗੁਰੂ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ।1। ਰਹਾਉ।

ਹੇ ਭਾਈ! ਲੱਖਾਂ ਬੰਦਿਆਂ ਵਿਚੋਂ ਕ੍ਰੋੜਾਂ ਬੰਦਿਆਂ ਵਿਚੋਂ ਕੋਈ ਵਿਰਲਾ (ਅਜਿਹਾ ਮਨੁੱਖ) ਹੁੰਦਾ ਹੈ, ਜੋ ਇਉਂ ਸੋਚਦਾ ਹੈ ਕਿ ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰਮਾਤਮਾ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।1।

ਹੇ ਭਾਈ! ਸੋਹਣੇ ਪ੍ਰਭੂ ਅਤੇ ਸੋਹਣੇ ਪ੍ਰਭੂ ਦੇ (ਅਸਚਰਜ) ਕੌਤਕਾਂ ਤੋਂ ਹੈਰਾਨ ਹੋ ਜਾਈਦਾ ਹੈ ਹੈਰਾਨ ਹੀ ਹੋ ਜਾਈਦਾ ਹੈ। ਹੇ ਨਾਨਕ! ਆਖ– ਸੰਤ ਜਨਾਂ ਨੂੰ (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ) ਸੁਆਦ ਆਉਂਦਾ ਹੈ (ਪਰ ਇਸ ਸੁਆਦ ਨੂੰ ਉਹ ਬਿਆਨ ਨਹੀਂ ਕਰ ਸਕਦੇ) ਜਿਵੇਂ (ਕੋਈ) ਗੁੰਗਾ ਮਨੁੱਖ (ਕੋਈ ਸੁਆਦਲਾ ਪਦਾਰਥ) ਚੱਖ ਕੇ (ਸਿਰਫ਼) ਮੁਸਕਰਾ ਹੀ ਦੇਂਦਾ ਹੈ (ਪਰ ਸੁਆਦ ਨੂੰ ਬਿਆਨ ਨਹੀਂ ਕਰ ਸਕਦਾ) ।2।1। 20।

TOP OF PAGE

Sri Guru Granth Darpan, by Professor Sahib Singh