ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1302

ਕਾਨੜਾ ਮਹਲਾ ੫ ॥ ਨ ਜਾਨੀ ਸੰਤਨ ਪ੍ਰਭ ਬਿਨੁ ਆਨ ॥ ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥ ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥ ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥੧॥ ਕਰਤ ਰਹੇ ਕ੍ਰਤਗ੍ਯ੍ਯ ਕਰੁਣਾ ਮੈ ਅੰਤਰਜਾਮੀ ਗ੍ਯ੍ਯਿਾਨ ॥ ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ ਹਰਿ ਦਾਨ ॥੨॥੨॥੨੧॥ {ਪੰਨਾ 1302}

ਪਦ ਅਰਥ: ਆਨ = (ANX) ਹੋਰ। ਪੇਖਿ = ਵੇਖ ਕੇ। ਸਮਾਨੋ = ਸਮਾਨ, ਇਕੋ ਜਿਹਾ (ਵੱਸਦਾ) । ਮੁਖਿ = ਮੂੰਹ ਨਾਲ। ਬਕਨੋ = ਉਚਾਰਨਾ। ਮਨਿ = ਮਨ ਵਿਚ। ਮਾਨ = ਮੰਨਣਾ, ਬਿਆਨ ਕਰਨਾ।1। ਰਹਾਉ।

ਘਟਿ = ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਪੂਰਿ ਰਹੇ = ਵਿਆਪਕ ਹਨ। ਸੁਖ ਸਾਗਰ = ਸੁਖਾਂ ਦੇ ਸਮੁੰਦਰ ਪ੍ਰਭੂ ਜੀ। ਭੈ ਭੰਜਨ = ਸਾਰੇ ਡਰ ਦੂਰ ਕਰਨ ਵਾਲੇ ਪ੍ਰਭੂ ਜੀ। ਮੇਰੇ ਪ੍ਰਾਨ = ਮੇਰੇ ਪ੍ਰਾਣਾਂ ਤੋਂ ਪਿਆਰੇ ਪ੍ਰਭੂ ਜੀ। ਮਨਹਿ = ਮਨ ਵਿਚ। ਪ੍ਰਗਾਸੁ = (ਆਤਮਕ ਜੀਵਨ ਦੀ ਸੂਝ ਦਾ) ਚਾਨਣ। ਮੰਤ੍ਰੁ ਗੁਰ = ਗੁਰੂ ਦਾ ਮੰਤ੍ਰ, ਗੁਰੂ ਦਾ ਉਪਦੇਸ਼। ਦੀਓ ਕਾਨ = ਕੰਨਾਂ ਵਿਚ ਦਿੱਤਾ, (ਹਿਰਦੇ ਵਿਚ) ਪੱਕਾ ਕੀਤਾ।1।

ਕਰਤ ਰਹੇ = ਕਰਦੇ ਹਨ। ਕ੍ਰਤਗ੍ਯ੍ਯ = (øqi<। ਕ੍ਰਿਤ = ਪ੍ਰਭੂ ਦੇ ਕੀਤੇ ਹੋਏ ਉਪਕਾਰ। < = ਜਾਨਣਾ) ਪ੍ਰਭੂ ਦੇ ਕੀਤੇ ਉਪਕਾਰਾਂ ਨੂੰ ਜਾਨਣ ਵਾਲੇ। ਕਰੁਣਾਮੈ = (ਕਰੁਣਾ-ਤਰਸ) ਤਰਸ-ਭਰਪੂਰ। ਅੰਤਰਜਾਮੀ = ਸਭ ਦੇ ਦਿਲਾਂ ਦੀ ਜਾਨਣ ਵਾਲਾ। ਗ੍ਯ੍ਯਿਾਨ = ਗਿਆਨ, ਜਾਣ-ਪਛਾਣ। ਗਾਵੈ = ਗਾਉਂਦਾ ਹੈ (ਇਕ-ਵਚਨ) । ਮਾਂਗਨ ਕਉ = ਮੰਗਣ ਵਾਸਤੇ।2।

ਅਰਥ: ਹੇ ਭਾਈ! ਸੰਤ ਜਨਾਂ ਨੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਕਿਤੇ ਵੱਸਦਾ) ਨਹੀਂ ਜਾਣਿਆ। ਸੰਤ ਜਨ ਉੱਚੇ ਨੀਵੇਂ ਸਭ ਜੀਵਾਂ ਵਿਚ (ਸਿਰਫ਼ ਪਰਮਾਤਮਾ ਨੂੰ) ਇੱਕ-ਸਮਾਨ (ਵੱਸਦਾ) ਵੇਖ ਕੇ ਮੂੰਹੋਂ (ਪਰਮਾਤਮਾ ਦਾ ਨਾਮ) ਉਚਾਰਦੇ ਹਨ ਅਤੇ (ਆਪਣੇ) ਮਨ ਵਿਚ ਉਸ ਦਾ ਧਿਆਨ ਧਰਦੇ ਹਨ।1। ਰਹਾਉ।

ਹੇ ਭਾਈ! ਮੇਰੇ ਪ੍ਰਾਣਾਂ ਤੋਂ ਪਿਆਰੇ ਪ੍ਰਭੂ ਜੀ, ਸਾਰੇ ਡਰ ਦੂਰ ਕਰਨ ਵਾਲੇ ਪ੍ਰਭੂ ਜੀ, ਸਾਰੇ ਸੁਖਾਂ ਦੇ ਸਮੁੰਦਰ ਪ੍ਰਭੂ ਜੀ ਹਰੇਕ ਸਰੀਰ ਵਿਚ ਮੌਜੂਦ ਹਨ। ਜਿਨ੍ਹਾਂ ਦੇ ਅੰਦਰ ਪਰਮਾਤਮਾ ਗੁਰੂ ਦਾ ਸ਼ਬਦ ਪੱਕਾ ਕਰ ਦੇਂਦਾ ਹੈ, ਉਹਨਾਂ ਦੇ ਮਨ ਵਿਚ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਪੈਦਾ ਹੋ ਜਾਂਦਾ ਹੈ (ਉਹਨਾਂ ਦੇ ਅੰਦਰੋਂ) ਭਟਕਣਾ ਦੂਰ ਹੋ ਜਾਂਦੀ ਹੈ।1।

ਹੇ ਭਾਈ! ਪਰਮਾਤਮਾ ਦੇ ਕੀਤੇ ਨੂੰ ਜਾਨਣ ਵਾਲੇ (ਸੰਤ ਜਨ) ਅੰਤਰਜਾਮੀ ਤਰਸ-ਰੂਪ ਪਰਮਾਤਮਾ ਦੇ ਗੁਣਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਨਾਨਕ (ਭੀ) ਪਰਮਾਤਮਾ (ਦੇ ਨਾਮ) ਦਾ ਦਾਨ ਮੰਗਣ ਵਾਸਤੇ ਅੱਠੇ ਪਹਰ ਉਸ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ।2। 2। 21।

ਕਾਨੜਾ ਮਹਲਾ ੫ ॥ ਕਹਨ ਕਹਾਵਨ ਕਉ ਕਈ ਕੇਤੈ ॥ ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥ ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥ ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥ ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥ ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥ {ਪੰਨਾ 1302}

ਪਦ ਅਰਥ: ਕਈ = ਅਨੇਕਾਂ ਬੰਦੇ। ਕੇਤੈ = ਕਿਤਨੇ ਹੀ ਬੰਦੇ। ਜੋ = ਜਿਹੜਾ (ਸੇਵਕ) । ਤਤ ਜੋਗ ਕਉ = ਤੱਤ ਦੇ ਜੋਗ ਨੂੰ, ਜਗਤ-ਦੇ-ਮੂਲ ਪ੍ਰਭੂ ਦੇ ਮਿਲਾਪ ਨੂੰ। ਬੇਤੈ = ਜਾਣਦਾ ਹੈ, ਮਾਣਦਾ ਹੈ।1। ਰਹਾਉ।

ਰੇ = ਹੇ ਭਾਈ! ਏਕੈ ਏਕੀ = ਸਿਰਫ਼ ਇਕ ਪਰਮਾਤਮਾ ਨੂੰ। ਨੇਤੈ = ਨੇਤ੍ਰੈ, ਅੱਖਾਂ ਵਿਚ (ਵਸਾਂਦਾ ਹੈ) , ਅੱਖਾਂ ਨਾਲ (ਵੇਖਦਾ ਹੈ) । ਜੇਤੈ = (ਵਿਕਾਰਾਂ ਦੇ ਟਾਕਰੇ ਤੇ) ਜਿੱਤ।1।

ਸੋਗੁ = ਚਿੰਤਾ, ਗ਼ਮ। ਹਰਖੀ = ਹਰਖ ਹੀ, ਖ਼ੁਸ਼ੀ ਹੀ। ਛੋਡਿ = (ਉਸ ਹਰਖ ਨੂੰ) ਛੱਡ ਕੇ। ਕਤ ਆਵੈ = ਕਿੱਥੇ ਆਉਂਦਾ ਹੈ? ਨਹੀਂ (ਮੁੜ ਮੁੜ) ਜੰਮਦਾ। ਕਤ ਰਮਤੈ = ਮੁੜ ਮੁੜ ਨਹੀਂ ਮਰਦਾ, ਕਿੱਥੇ ਜਾਂਦਾ ਹੈ?।2।

ਅਰਥ: ਹੇ ਭਾਈ! ਅਜਿਹਾ ਕੋਈ ਵਿਰਲਾ ਸੰਤ-ਜਨ ਹੈ, ਕੋਈ ਵਿਰਲਾ ਸੇਵਕ ਹੈ, ਜਿਹੜਾ ਜਗਤ-ਦੇ-ਮੂਲ ਪਰਮਾਤਮਾ ਦੇ ਮਿਲਾਪ ਨੂੰ ਮਾਣਦਾ ਹੈ। ਜ਼ਬਾਨੀ ਆਖਣ ਅਖਵਾਣ ਵਾਲੇ ਤਾਂ ਅਨੇਕਾਂ ਹੀ ਹਨ।1। ਰਹਾਉ।

ਹੇ ਭਾਈ! (ਜਿਹੜਾ ਕੋਈ ਵਿਰਲਾ ਸੰਤ-ਜਨ ਪ੍ਰਭੂ-ਮਿਲਾਪ ਮਾਣਦਾ ਹੈ, ਉਸ ਨੂੰ) ਕੋਈ ਦੁੱਖ ਨਹੀਂ ਪੋਹ ਸਕਦਾ, (ਉਸ ਦੇ ਅੰਦਰ ਸਦਾ) ਆਨੰਦ ਹੀ ਆਨੰਦ ਹੈ, ਉਹ ਇਕ ਪਰਮਾਤਮਾ ਨੂੰ ਹੀ (ਹਰ ਥਾਂ) ਅੱਖਾਂ ਨਾਲ ਵੇਖਦਾ ਹੈ। ਹੇ ਭਾਈ! ਉਸ ਨੂੰ ਕੋਈ ਮਨੁੱਖ ਬੁਰਾ ਨਹੀਂ ਜਾਪਦਾ, ਹਰੇਕ ਭਲਾ ਹੀ ਦਿੱਸਦਾ ਹੈ, (ਦੁਨੀਆ ਦੇ ਵਿਕਾਰਾਂ ਦੇ ਟਾਕਰੇ ਤੇ ਉਸ ਨੂੰ) ਕਦੇ ਹਾਰ ਨਹੀਂ ਹੁੰਦੀ, ਸਦਾ ਜਿੱਤ ਹੀ ਹੁੰਦੀ ਹੈ।1।

ਹੇ ਭਾਈ! ਜਿਹੜਾ ਕੋਈ ਵਿਰਲਾ ਮਨੁੱਖ ਪ੍ਰਭੂ-ਮਿਲਾਪ ਮਾਣਦਾ ਹੈ, ਉਸ ਨੂੰ ਕਦੇ) ਚਿੰਤਾ ਨਹੀਂ ਵਿਆਪਦੀ, (ਉਸ ਦੇ ਅੰਦਰ ਸਦਾ) ਖ਼ੁਸ਼ੀ ਹੀ ਰਹਿੰਦੀ ਹੈ, (ਇਸ ਆਤਮਕ ਆਨੰਦ ਨੂੰ) ਛੱਡ ਕੇ ਉਹ ਕੁਝ ਹੋਰ ਗ੍ਰਹਣ ਨਹੀਂ ਕਰਦਾ। ਹੇ ਨਾਨਕ! ਆਖ– ਪਰਮਾਤਮਾ ਦਾ ਜਿਹੜਾ ਇਹੋ ਜਿਹਾ ਸੇਵਕ ਬਣਦਾ ਹੈ, ਉਹ ਮੁੜ ਮੁੜ ਜੰਮਣ ਮਰਨ ਦੇ ਗੇੜ ਵਿਚ ਨਹੀਂ ਪੈਂਦਾ।2।3। 22।

ਕਾਨੜਾ ਮਹਲਾ ੫ ॥ ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ ॥ ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ ॥ ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ ਤੇਊ ਗਹੇ ਰਹੇ ਅਟਕਾਇ ॥ ਅਨਿਕ ਭਾਂਤਿ ਕੀ ਏਕੈ ਜਾਲੀ ਤਾ ਕੀ ਗੰਠਿ ਨਹੀ ਛੋਰਾਇ ॥੧॥ ਫਿਰਤ ਫਿਰਤ ਨਾਨਕ ਦਾਸੁ ਆਇਓ ਸੰਤਨ ਹੀ ਸਰਨਾਇ ॥ ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠਿ ਲਗਾਇ ॥੨॥੪॥੨੩॥ {ਪੰਨਾ 1302}

ਪਦ ਅਰਥ: ਕੋ = ਦਾ। ਹੀਏ ਕੋ = ਹਿਰਦੇ ਦਾ। ਗਲਤ = ਗ਼ਲਤਾਨ, ਮਸਤ, ਗ਼ਰਕ। ਤਿਹ ਸੰਗੇ = ਉਸ (ਮੋਹਨੀ ਦੇ) ਨਾਲ ਹੀ। ਮੋਹਨੀ = ਮਨ ਨੂੰ ਮੋਹ ਲੈਣ ਵਾਲੀ ਮਾਇਆ। ਮੇਰੀ ਮਾਇ = ਹੇ ਮੇਰੀ ਮਾਂ!।1। ਰਹਾਉ।

ਜੈ ਜੈ ਪਹਿ = ਜਿਨ੍ਹਾਂ ਜਿਨ੍ਹਾਂ (ਮਨੁੱਖਾਂ) ਦੇ ਕੋਲ। ਕਹਉ = ਕਹਉਂ, ਮੈਂ ਆਖਦਾ ਹਾਂ। ਬ੍ਰਿਥਾ = ਤਕਲਫ਼ਿ, ਔਖਿਆਈ। ਹਉ = ਹਉਂ, ਮੈਂ। ਗਹੇ = ਫੜੇ ਹੋਏ। ਰਹੇ ਅਟਕਾਇ = ਜੀਵਨ-ਪੰਧ ਵਿਚ ਰੁਕੇ ਪਏ ਹਨ। ਜਾਲੀ = ਫਾਹੀ। ਗੰਠਿ = ਗੰਢ। ਨਹੀ ਛੋਰਾਇ = ਕੋਈ ਛੁੜਾ ਨਹੀਂ ਸਕਦਾ।1।

ਅਗਿਆਨ = (ਆਤਮਕ ਜੀਵਨ ਵਲੋਂ) ਬੇ-ਸਮਝੀ। ਭਰਮ = ਭਟਕਣਾ। ਕੰਠਿ = ਗਲ ਨਾਲ।2।

ਅਰਥ: ਹੇ ਮੇਰੀ ਮਾਂ! (ਮੈਂ ਤਾਂ ਸਦਾ ਇਹੀ ਅਰਦਾਸ ਕਰਦਾ ਹਾਂ ਕਿ ਮੇਰੇ) ਦਿਲ ਦਾ ਜਾਨੀ ਪ੍ਰਭੂ (ਮੈਨੂੰ ਕਦੇ ਭੀ) ਨਾਹ ਭੁੱਲੇ। (ਉਸ ਨੂੰ ਭੁਲਾਇਆਂ) ਮਨ ਨੂੰ ਮੋਹਣ ਵਾਲੀ ਮਾਇਆ ਆਪਣੇ ਮੋਹ ਵਿਚ ਫਸਾਣ ਲੱਗ ਪੈਂਦੀ ਹੈ, ਸਰੀਰ ਅਤੇ ਮਨ (ਦੋਵੇਂ ਹੀ) ਉਸ (ਮੋਹਨੀ) ਦੇ ਨਾਲ ਹੀ ਮਸਤ ਰਹਿੰਦੇ ਹਨ।1। ਰਹਾਉ।

ਹੇ ਮਾਂ! ਜਿਨ੍ਹਾਂ ਜਿਨ੍ਹਾਂ ਪਾਸ ਮੈਂ ਆਪਣੀ ਇਹ ਔਖਿਆਈ ਦੱਸਦਾ ਹਾਂ, ਉਹ ਭੀ ਸਾਰੇ (ਇਸ ਮੋਹਨੀ ਦੇ ਪੰਜੇ ਵਿਚ) ਫਸੇ ਪਏ ਹਨ ਅਤੇ (ਜੀਵਨ-ਪੰਧ ਵਿਚ) ਰੁਕੇ ਹੋਏ ਹਨ। (ਇਹ ਮੋਹਨੀ) ਅਨੇਕਾਂ ਹੀ ਰੂਪਾਂ ਦੀ ਇਕੋ ਹੀ ਜਾਲੀ ਹੈ, ਇਸ ਦੀ (ਪਈ ਹੋਈ) ਗੰਢ ਨੂੰ ਕੋਈ ਭੀ ਛੁੜਾ ਨਹੀਂ ਸਕਦਾ।1।

ਹੇ ਨਾਨਕ! (ਆਖ– ਹੇ ਭਾਈ! ਅਨੇਕਾਂ ਜੂਨਾਂ ਵਿਚ) ਭਟਕਦਾ ਭਟਕਦਾ ਜਿਹੜਾ (ਮਨੁੱਖ ਸੰਤ ਜਨਾਂ ਦਾ) ਦਾਸ (ਬਣ ਕੇ) ਸੰਤ ਜਨਾਂ ਦੀ ਸਰਨ ਆਉਂਦਾ ਹੈ, (ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ, ਭਟਕਣਾ ਅਤੇ ਮਾਇਆ ਦੇ ਮੋਹ (ਦੀਆਂ ਗੰਢਾਂ) ਕੱਟੀਆਂ ਜਾਂਦੀਆਂ ਹਨ, (ਪ੍ਰਭੂ ਜੀ) ਉਸ ਨੂੰ ਆਪਣੇ ਗਲ ਨਾਲ ਲਾ ਲੈਂਦੇ ਹਨ।2।4। 23।

ਕਾਨੜਾ ਮਹਲਾ ੫ ॥ ਆਨਦ ਰੰਗ ਬਿਨੋਦ ਹਮਾਰੈ ॥ ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ ॥੧॥ ਰਹਾਉ ॥ ਨਾਮੋ ਗਿਆਨੁ ਨਾਮੁ ਇਸਨਾਨਾ ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥ ਹਰਿ ਨਾਮੋ ਸੋਭਾ ਨਾਮੁ ਬਡਾਈ ਭਉਜਲੁ ਬਿਖਮੁ ਨਾਮੁ ਹਰਿ ਤਾਰੈ ॥੧॥ ਅਗਮ ਪਦਾਰਥ ਲਾਲ ਅਮੋਲਾ ਭਇਓ ਪਰਾਪਤਿ ਗੁਰ ਚਰਨਾਰੈ ॥ ਕਹੁ ਨਾਨਕ ਪ੍ਰਭ ਭਏ ਕ੍ਰਿਪਾਲਾ ਮਗਨ ਭਏ ਹੀਅਰੈ ਦਰਸਾਰੈ ॥੨॥੫॥੨੪॥ {ਪੰਨਾ 1302}

ਪਦ ਅਰਥ: ਰੰਗ = ਖ਼ੁਸ਼ੀਆਂ। ਬਿਨੋਦ = ਖ਼ੁਸ਼ੀ, ਆਨੰਦ। ਹਮਾਰੈ = ਸਾਡੇ ਅੰਦਰ, ਮੇਰੇ ਹਿਰਦੇ ਵਿਚ। ਨਾਮੋ = ਹਰਿ-ਨਾਮ ਹੀ। ਪ੍ਰਾਨ ਅਧਾਰੇ = ਜ਼ਿੰਦਗੀ ਦਾ ਸਹਾਰਾ।1। ਰਹਾਉ।

ਸਵਾਰੈ = ਸਫਲ ਕਰਦਾ ਹੈ, ਸਿਰੇ ਚਾੜ੍ਹਦਾ ਹੈ। ਭਉਜਲੁ = ਸੰਸਾਰ-ਸਮੁੰਦਰ। ਬਿਖਮੁ = ਕਠਨ, ਔਖਾ। ਤਾਰੈ = ਪਾਰ ਲੰਘਾਂਦਾ ਹੈ।1।

ਅਗਮ = ਅ-ਗਮ, ਜਿਸ ਤਕ ਪਹੁੰਚ ਨਾਹ ਹੋ ਸਕੇ, ਅਪਹੁੰਚ। ਅਮੋਲਾ = ਜਿਹੜਾ ਕਿਸੇ ਕੀਮਤ ਤੋਂ ਨਾਹ ਮਿਲ ਸਕੇ। ਗੁਰ ਚਰਨਾਰੈ = ਗੁਰੂ ਦੇ ਚਰਨਾਂ ਦੀ ਬਰਕਤਿ ਨਾਲ। ਕਹੁ = ਆਖ। ਮਗਨ = ਮਸਤ। ਹੀਅਰੈ = ਹਿਰਦੇ ਵਿਚ।2।

ਅਰਥ: ਹੇ ਭਾਈ! (ਗੁਰੂ ਦੇ ਚਰਨਾਂ ਨਾਲ) ਮੇਰੇ ਹਿਰਦੇ ਵਿਚ ਸਦਾ ਆਤਮਕ ਆਨੰਦ ਤੇ ਚਾਉ ਬਣਿਆ ਰਹਿੰਦਾ ਹੈ (ਕਿਉਂਕਿ ਪਰਮਾਤਮਾ ਦਾ) ਨਾਮ ਮੇਰੀ ਜ਼ਿੰਦਗੀ ਦਾ ਸਹਾਰਾ ਬਣ ਗਿਆ ਹੈ, ਹਰਿ-ਨਾਮ ਹੀ (ਮੇਰਾ ਹਰ ਵੇਲੇ ਦਾ) ਗੀਤ ਹੈ, ਹਰਿ-ਨਾਮ ਹੀ ਮੇਰੀ ਸੁਰਤਿ ਦਾ ਨਿਸ਼ਾਨਾ (ਬਣ ਚੁਕਾ) ਹੈ।1। ਰਹਾਉ।

ਹੇ ਭਾਈ! (ਗੁਰੂ ਦੇ ਚਰਨਾਂ ਦਾ ਸਦਕਾ ਹੁਣ ਪਰਮਾਤਮਾ ਦਾ) ਨਾਮ ਹੀ (ਮੇਰੇ ਵਾਸਤੇ ਸ਼ਾਸਤ੍ਰਾਂ ਦਾ) ਗਿਆਨ ਹੈ, ਨਾਮ (ਮੇਰੇ ਵਾਸਤੇ ਤੀਰਥਾਂ ਦਾ) ਇਸ਼ਨਾਨ ਹੈ ਹਰਿ ਨਾਮ ਮੇਰੇ ਸਾਰੇ ਕੰਮ ਸਿਰੇ ਚਾੜ੍ਹਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ (ਮੇਰੇ) ਵਾਸਤੇ (ਦੁਨੀਆ ਦੀ) ਸੋਭਾ-ਵਡਿਆਈ ਹੈ। ਹੇ ਭਾਈ! ਪਰਮਾਤਮਾ ਦਾ ਨਾਮ (ਹੀ) ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ।1।

ਹੇ ਭਾਈ! ਇਹ ਹਰਿ-ਨਾਮ ਇਕ ਐਸਾ ਕੀਮਤੀ ਪਦਾਰਥ ਹੈ ਜਿਸ ਤਕ (ਆਪਣੇ ਉੱਦਮ ਨਾਲ) ਪਹੁੰਚ ਨਹੀਂ ਹੋ ਸਕਦੀ, ਇਕ ਐਸਾ ਲਾਲ ਹੈ ਜੋ ਕਿਸੇ ਮੁੱਲ ਤੋਂ ਨਹੀਂ ਮਿਲਦਾ। ਪਰ ਇਹ ਗੁਰੂ ਦੇ ਚਰਨਾਂ ਵਿਚ ਟਿਕਿਆਂ ਲੱਭ ਪੈਂਦਾ ਹੈ। ਹੇ ਨਾਨਕ! ਆਖ– (ਗੁਰੂ ਦੇ ਚਰਨਾਂ ਦੀ ਬਰਕਤਿ ਨਾਲ ਜਿਸ ਮਨੁੱਖ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਦੇ ਦਰਸਨ ਵਿਚ ਮਸਤ ਰਹਿੰਦਾ ਹੈ।2।5। 24।

ਕਾਨੜਾ ਮਹਲਾ ੫ ॥ ਸਾਜਨ ਮੀਤ ਸੁਆਮੀ ਨੇਰੋ ॥ ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥ ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀ ਨਾਹੀ ਕਛੁ ਤੇਰੋ ॥ ਆਗੈ ਦ੍ਰਿਸਟਿ ਆਵਤ ਸਭ ਪਰਗਟ ਈਹਾ ਮੋਹਿਓ ਭਰਮ ਅੰਧੇਰੋ ॥੧॥ ਅਟਕਿਓ ਸੁਤ ਬਨਿਤਾ ਸੰਗ ਮਾਇਆ ਦੇਵਨਹਾਰੁ ਦਾਤਾਰੁ ਬਿਸੇਰੋ ॥ ਕਹੁ ਨਾਨਕ ਏਕੈ ਭਾਰੋਸਉ ਬੰਧਨ ਕਾਟਨਹਾਰੁ ਗੁਰੁ ਮੇਰੋ ॥੨॥੬॥੨੫॥ {ਪੰਨਾ 1302}

ਪਦ ਅਰਥ: ਨੇਰੋ = (ਹਰੇਕ ਜੀਵ ਦੇ) ਨੇੜੇ। ਪੇਖਤ = ਵੇਖਦਾ ਹੈ। ਕੈ ਸੰਗੇ = ਦੇ ਨਾਲ ਹੀ। ਥੋਰੈ ਕਾਜ = ਥੋੜੀ ਜਿਹੀ ਜ਼ਿੰਦਗੀ ਦੇ ਮਨੋਰਥਾਂ ਦੀ ਖ਼ਾਤਰ। ਬੁਰੋ ਫੇਰੋ = ਬੁਰੇ ਫੇੜ, ਮੰਦੇ ਕੰਮ। ਕਾਹ = ਕਿਉਂ?।1। ਰਹਾਉ।

ਜੇਤੋ = ਜਿਤਨਾ ਭੀ। ਲਪਟਾਇਓ = ਤੂੰ ਚੰਬੜ ਰਿਹਾ ਹੈਂ। ਦ੍ਰਿਸਟਿ ਆਵਤ = ਦਿੱਸ ਪੈਂਦਾ ਹੈ। ਆਗੈ = ਪਰਲੋਕ ਵਿਚ। ਪ੍ਰਗਟ = ਪ੍ਰਤੱਖ ਤੌਰ ਤੇ। ਈਹਾ = ਇੱਥੇ, ਇਸ ਲੋਕ ਵਿਚ। ਮੋਹਿਓ = ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈ।1।

ਸੁਤ = ਪੁੱਤਰ। ਬਨਿਤਾ = ਇਸਤ੍ਰੀ। ਦੇਵਨਹਾਰੁ = ਸਭ ਕੁਝ ਦੇਣ ਦੀ ਸਮਰੱਥਾ ਵਾਲਾ। ਬਿਸੇਰੋ = ਭੁਲਾ ਦਿੱਤਾ ਹੈ। ਏਕੈ ਭਾਰੋਸਉ = ਇਕੋ ਦਾ ਭਰੋਸਾ। ਕਾਟਨਹਾਰੁ = ਕੱਟਣ ਦੀ ਸਮਰੱਥਾ ਵਾਲਾ।2।

ਅਰਥ: ਹੇ ਭਾਈ! (ਸਭਨਾਂ ਦਾ) ਸੱਜਣ ਮਿੱਤਰ ਮਾਲਕ ਪ੍ਰਭੂ (ਹਰ ਵੇਲੇ ਤੇਰੇ) ਨੇੜੇ (ਵੱਸ ਰਿਹਾ ਹੈ) । ਉਹ ਸਭ ਜੀਵਾਂ ਦੇ ਨਾਲ ਵੱਸਦਾ ਹੈ (ਸਭਨਾਂ ਦੇ ਕਰਮ) ਵੇਖਦਾ ਹੈ (ਸਭਨਾਂ ਦੀਆਂ) ਸੁਣਦਾ ਹੈ ਥੋੜੀ ਜਿਹੀ ਜ਼ਿੰਦਗੀ ਦੇ ਮਨੋਰਥਾਂ ਦੀ ਖ਼ਾਤਰ ਮੰਦੇ ਕੰਮ ਕਿਉਂ ਕੀਤੇ ਜਾਣ?।1। ਰਹਾਉ।

ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਜਿਤਨੇ ਭੀ ਪਦਾਰਥਾਂ ਨਾਲ ਤੂੰ ਚੰਬੜ ਰਿਹਾ ਹੈਂ ਉਹਨਾਂ ਵਿਚੋਂ ਤੇਰਾ (ਆਖ਼ਰ) ਕੁਝ ਭੀ ਨਹੀਂ ਬਣਨਾ। ਇਥੇ ਤੂੰ ਮਾਇਆ ਦੇ ਮੋਹ ਵਿਚ ਫਸ ਰਿਹਾ ਹੈਂ, ਭਰਮਾਂ ਦੇ ਹਨੇਰੇ ਵਿਚ (ਠੇਢੇ ਖਾ ਰਿਹਾ ਹੈਂ) ਪਰ ਪਰਲੋਕ ਵਿਚ (ਇਥੋਂ ਦਾ ਕੀਤਾ ਹੋਇਆ) ਸਭ ਕੁਝ ਪ੍ਰਤੱਖ ਤੌਰ ਤੇ ਦਿੱਸ ਪੈਂਦਾ ਹੈ।1।

ਹੇ ਭਾਈ! ਤੂੰ ਪੁੱਤਰ ਇਸਤ੍ਰੀ ਅਤੇ ਮਾਇਆ ਦੇ ਮੋਹ ਵਿਚ (ਆਤਮਕ ਜੀਵਨ ਦੇ ਪੰਧ ਵਲੋਂ) ਰੁਕਿਆ ਪਿਆ ਹੈਂ, ਸਭ ਕੁਝ ਦੇ ਸਕਣ ਵਾਲੇ ਦਾਤਾਰ ਪ੍ਰਭੂ ਨੂੰ ਭੁਲਾ ਰਿਹਾ ਹੈਂ। ਹੇ ਨਾਨਕ ਆਖ– ਹੇ ਭਾਈ! ਸਿਰਫ਼ ਇੱਕ (ਗੁਰੂ ਪਰਮੇਸਰ ਦਾ) ਭਰੋਸਾ (ਰੱਖ) । ਪਿਆਰਾ ਗੁਰੂ (ਮਾਇਆ ਦੇ ਸਾਰੇ) ਬੰਧਨ ਕੱਟਣ ਦੀ ਸਮਰੱਥਾ ਵਾਲਾ ਹੈ (ਉਸ ਦੀ ਸਰਨ ਪਿਆ ਰਹੁ) ।2।6। 25।

TOP OF PAGE

Sri Guru Granth Darpan, by Professor Sahib Singh