ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1303

ਕਾਨੜਾ ਮਹਲਾ ੫ ॥ ਬਿਖੈ ਦਲੁ ਸੰਤਨਿ ਤੁਮ੍ਹ੍ਹਰੈ ਗਾਹਿਓ ॥ ਤੁਮਰੀ ਟੇਕ ਭਰੋਸਾ ਠਾਕੁਰ ਸਰਨਿ ਤੁਮ੍ਹ੍ਹਾਰੀ ਆਹਿਓ ॥੧॥ ਰਹਾਉ ॥ ਜਨਮ ਜਨਮ ਕੇ ਮਹਾ ਪਰਾਛਤ ਦਰਸਨੁ ਭੇਟਿ ਮਿਟਾਹਿਓ ॥ ਭਇਓ ਪ੍ਰਗਾਸੁ ਅਨਦ ਉਜੀਆਰਾ ਸਹਜਿ ਸਮਾਧਿ ਸਮਾਹਿਓ ॥੧॥ ਕਉਨੁ ਕਹੈ ਤੁਮ ਤੇ ਕਛੁ ਨਾਹੀ ਤੁਮ ਸਮਰਥ ਅਥਾਹਿਓ ॥ ਕ੍ਰਿਪਾ ਨਿਧਾਨ ਰੰਗ ਰੂਪ ਰਸ ਨਾਮੁ ਨਾਨਕ ਲੈ ਲਾਹਿਓ ॥੨॥੭॥੨੬॥ {ਪੰਨਾ 1303}

ਪਦ ਅਰਥ: ਬਿਖੈ ਦਲੁ = ਵਿਸ਼ਿਆਂ ਦਾ ਦਲ, ਵਿਸ਼ਿਆਂ ਦੀ ਫ਼ੌਜ। ਸੰਤਨਿ ਤੁਮ੍ਹ੍ਹਰੈ = ਤੇਰੇ ਸੰਤ ਜਨਾਂ ਦੀ ਰਾਹੀਂ। ਗਾਹਿਓ = ਗਾਹ ਲਿਆ ਹੈ, ਵੱਸ ਵਿਚ ਕਰ ਲਿਆ ਹੈ। ਠਾਕੁਰ = ਹੇ ਠਾਕੁਰ! ਆਹਿਓ = ਚਾਹੁੰਦਾ ਹਾਂ।1। ਰਹਾਉ।

ਪਰਾਛਤ = ਪਾਪ। ਭੇਟਿ = ਭੇਟ ਕੇ, ਕਰ ਕੇ। ਮਿਟਾਹਿਓ = ਮਿਟਾ ਲੈਂਦੇ ਹਨ। ਪ੍ਰਗਾਸੁ = (ਆਤਮਕ ਜੀਵਨ ਦੀ ਸੂਝ ਦਾ) ਚਾਨਣ। ਉਜੀਆਰਾ = ਉਜਿਆਲਾ, ਰੌਸ਼ਨੀ। ਸਹਜਿ = ਆਤਮਕ ਅਡੋਲਤਾ ਵਿਚ। ਸਮਾਹਿਓ = ਲੀਨ ਰਹਿੰਦੇ ਹਨ।1।

ਤੁਮ ਤੇ = ਤੈਥੋਂ। ਸਮਰਥ = ਸਾਰੀਆਂ ਤਾਕਤਾਂ ਦਾ ਮਾਲਕ। ਅਥਾਹਿਓ = ਅਥਾਹ, ਬੇਅੰਤ ਡੂੰਘਾ। ਕ੍ਰਿਪਾ ਨਿਧਾਨ = ਹੇ ਕਿਰਪਾ ਦੇ ਖ਼ਜ਼ਾਨੇ! ਲਾਹਿਓ = ਲਾਹਾ, ਲਾਭ।2।

ਅਰਥ: ਹੇ (ਮੇਰੇ) ਠਾਕੁਰ! ਮੈਨੂੰ ਤੇਰੀ ਟੇਕ ਹੈ, ਮੈਨੂੰ ਤੇਰਾ (ਹੀ) ਭਰੋਸਾ ਹੈ, ਮੈਂ (ਸਦਾ) ਤੇਰੀ ਹੀ ਸਰਨ ਲੋੜਦਾ ਹਾਂ। ਤੇਰੇ ਸੰਤ ਜਨਾਂ ਦੀ (ਸੰਗਤਿ ਦੀ) ਰਾਹੀਂ ਮੈਂ (ਸਾਰੇ) ਵਿਸ਼ਿਆਂ ਦੀ ਫ਼ੌਜ ਨੂੰ ਵੱਸ ਵਿਚ ਕਰ ਲਿਆ ਹੈ।1। ਰਹਾਉ।

ਹੇ ਮੇਰੇ ਠਾਕੁਰ! (ਜਿਹੜੇ ਭੀ ਵਡਭਾਗੀ ਤੇਰੀ ਸਰਨ ਪੈਂਦੇ ਹਨ, ਉਹ) ਤੇਰਾ ਦਰਸਨ ਕਰ ਕੇ ਜਨਮਾਂ ਜਨਮਾਂਤਰਾਂ ਦੇ ਪਾਪ ਮਿਟਾ ਲੈਂਦੇ ਹਨ, (ਉਹਨਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ, ਆਤਮਕ ਆਨੰਦ ਦੀ ਰੌਸ਼ਨੀ ਹੋ ਜਾਂਦੀ ਹੈ, ਉਹ ਸਦਾ ਆਤਮਕ ਅਡੋਲਤਾ ਦੀ ਸਮਾਧੀ ਵਿਚ ਲੀਨ ਰਹਿੰਦੇ ਹਨ।1।

ਹੇ ਮੇਰੇ ਠਾਕੁਰ! ਕੌਣ ਆਖਦਾ ਹੈ ਕਿ ਤੈਥੋਂ ਕੁਝ ਭੀ ਹਾਸਲ ਨਹੀਂ ਹੁੰਦਾ? ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪ੍ਰਭੂ (ਸੁਖਾਂ ਦਾ) ਅਥਾਹ (ਸਮੁੰਦਰ) ਹੈਂ। ਹੇ ਨਾਨਕ! (ਆਖ-) ਹੇ ਕਿਰਪਾ ਦੇ ਖ਼ਜ਼ਾਨੇ! (ਜਿਹੜਾ ਮਨੁੱਖ ਤੇਰੀ ਸਰਨ ਪੈਂਦਾ ਹੈ, ਉਹ ਤੇਰੇ ਦਰ ਤੋਂ ਤੇਰਾ) ਨਾਮ-ਲਾਭ ਹਾਸਲ ਕਰਦਾ ਹੈ (ਇਹ ਨਾਮ ਹੀ ਉਸ ਦੇ ਵਾਸਤੇ ਦੁਨੀਆ ਦੇ) ਰੰਗ ਰੂਪ ਰਸ ਹਨ।2।7। 26।

ਕਾਨੜਾ ਮਹਲਾ ੫ ॥ ਬੂਡਤ ਪ੍ਰਾਨੀ ਹਰਿ ਜਪਿ ਧੀਰੈ ॥ ਬਿਨਸੈ ਮੋਹੁ ਭਰਮੁ ਦੁਖੁ ਪੀਰੈ ॥੧॥ ਰਹਾਉ ॥ ਸਿਮਰਉ ਦਿਨੁ ਰੈਨਿ ਗੁਰ ਕੇ ਚਰਨਾ ॥ ਜਤ ਕਤ ਪੇਖਉ ਤੁਮਰੀ ਸਰਨਾ ॥੧॥ ਸੰਤ ਪ੍ਰਸਾਦਿ ਹਰਿ ਕੇ ਗੁਨ ਗਾਇਆ ॥ ਗੁਰ ਭੇਟਤ ਨਾਨਕ ਸੁਖੁ ਪਾਇਆ ॥੨॥੮॥੨੭॥ {ਪੰਨਾ 1303}

ਪਦ ਅਰਥ: ਬੂਡਤ ਪ੍ਰਾਨੀ = (ਵਿਕਾਰਾਂ ਵਿਚ) ਡੁੱਬ ਰਿਹਾ ਮਨੁੱਖ। ਜਪਿ = ਜਪ ਕੇ। ਧੀਰੈ = (ਪਾਰ ਲੰਘ ਸਕਣ ਲਈ) ਹੌਸਲਾ ਹਾਸਲ ਕਰ ਲੈਂਦਾ ਹੈ। ਬਿਨਸੈ = ਨਾਸ ਹੋ ਜਾਂਦਾ ਹੈ। ਭਰਮੁ = ਭਟਕਣਾ। ਪੀਰੈ = ਪੀੜ।1। ਰਹਾਉ।

ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਰੈਨਿ = ਰਾਤ। ਜਤ ਕਤ = ਜਿਧਰ ਕਿਧਰ। ਪੇਖਉ = ਪੇਖਉਂ, ਮੈਂ ਵੇਖਦਾ ਹਾਂ।1।

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਗੁਰ ਭੇਟਤ = ਗੁਰੂ ਨੂੰ ਮਿਲਦਿਆਂ।2।

ਅਰਥ: ਹੇ ਭਾਈ! (ਸੰਸਾਰ-ਸਮੁੰਦਰ ਵਿਚ) ਡੁੱਬ ਰਿਹਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਦਾ ਨਾਮ ਜਪ ਕੇ (ਪਾਰ ਲੰਘ ਸਕਣ ਲਈ) ਹੌਸਲਾ ਪ੍ਰਾਪਤ ਕਰ ਲੈਂਦਾ ਹੈ, (ਉਸ ਦੇ ਅੰਦਰੋਂ) ਮਾਇਆ ਦਾ ਮੋਹ ਮਿਟ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਦੁੱਖ-ਦਰਦ ਨਾਸ ਹੋ ਜਾਂਦਾ ਹੈ।1। ਰਹਾਉ।

ਹੇ ਭਾਈ! ਮੈਂ (ਭੀ) ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹਾਂ। ਹੇ ਪ੍ਰਭੂ! ਮੈਂ ਜਿਧਰ ਕਿਧਰ ਵੇਖਦਾ ਹਾਂ (ਗੁਰੂ ਦੀ ਕਿਰਪਾ ਨਾਲ) ਮੈਨੂੰ ਤੇਰਾ ਹੀ ਸਹਾਰਾ ਦਿੱਸ ਰਿਹਾ ਹੈ।1।

ਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਜਿਹੜਾ ਮਨੁੱਖ) ਪਰਮਾਤਮਾ ਦੇ ਗੁਣ ਗਾਣ ਲੱਗ ਪਿਆ, ਗੁਰੂ ਨੂੰ ਮਿਲਦਿਆਂ ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ।2।8। 27।

ਕਾਨੜਾ ਮਹਲਾ ੫ ॥ ਸਿਮਰਤ ਨਾਮੁ ਮਨਹਿ ਸੁਖੁ ਪਾਈਐ ॥ ਸਾਧ ਜਨਾ ਮਿਲਿ ਹਰਿ ਜਸੁ ਗਾਈਐ ॥੧॥ ਰਹਾਉ ॥ ਕਰਿ ਕਿਰਪਾ ਪ੍ਰਭ ਰਿਦੈ ਬਸੇਰੋ ॥ ਚਰਨ ਸੰਤਨ ਕੈ ਮਾਥਾ ਮੇਰੋ ॥੧॥ ਪਾਰਬ੍ਰਹਮ ਕਉ ਸਿਮਰਹੁ ਮਨਾਂ ॥ ਗੁਰਮੁਖਿ ਨਾਨਕ ਹਰਿ ਜਸੁ ਸੁਨਾਂ ॥੨॥੯॥੨੮॥ {ਪੰਨਾ 1303}

ਪਦ ਅਰਥ: ਸਿਮਰਤ = ਸਿਮਰਦਿਆਂ। ਮਨਹਿ = ਮਨ ਵਿਚ। ਪਾਈਐ = ਪ੍ਰਾਪਤ ਕਰ ਲਈਦਾ ਹੈ। ਮਿਲਿ = ਮਿਲ ਕੇ। ਜਸੁ = ਸਿਫ਼ਤਿ-ਸਾਲਾਹ। ਗਾਈਐ = ਗਾਣਾ ਚਾਹੀਦਾ ਹੈ।1। ਰਹਾਉ।

ਪ੍ਰਭ = ਹੇ ਪ੍ਰਭੂ! ਰਿਦੈ = ਹਿਰਦੇ ਵਿਚ। ਬਸੇਰੋ = ਟਿਕਾਣਾ। ਚਰਨ ਸੰਤਨ ਕੈ = ਸੰਤ ਜਨਾਂ ਦੇ ਚਰਨਾਂ ਉੱਤੇ।1।

ਕਉ = ਨੂੰ। ਮਨਾਂ = ਹੇ ਮਨ! ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੁਨਾਂ = ਸੁਣਾਂ।1।

ਅਰਥ: ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ (ਕਿਉਂਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਮਨ ਵਿਚ ਆਨੰਦ ਪ੍ਰਾਪਤ ਕਰ ਸਕੀਦਾ ਹੈ।1। ਰਹਾਉ।

ਹੇ ਪ੍ਰਭੂ! ਮਿਹਰ ਕਰ ਕੇ (ਮੇਰੇ) ਹਿਰਦੇ ਵਿਚ (ਆਪਣਾ) ਟਿਕਾਣਾ ਬਣਾਈ ਰੱਖ। ਹੇ ਪ੍ਰਭੂ! ਮੇਰਾ ਮੱਥਾ (ਤੇਰੇ) ਸੰਤ ਜਨਾਂ ਦੇ ਚਰਨਾਂ ਉਤੇ ਟਿਕਿਆ ਰਹੇ।1।

ਹੇ ਨਾਨਕ! (ਆਖ-) ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਦਾ ਰਹੁ। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਸੁਣਿਆ ਕਰ।2।9। 28।

ਕਾਨੜਾ ਮਹਲਾ ੫ ॥ ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ ॥ ਰਸਨਾ ਹਰਿ ਹਰਿ ਭੋਜਨਿ ਤ੍ਰਿਪਤਾਨੀ ਅਖੀਅਨ ਕਉ ਸੰਤੋਖੁ ਪ੍ਰਭ ਦਰਸਨ ॥੧॥ ਰਹਾਉ ॥ ਕਰਨਨਿ ਪੂਰਿ ਰਹਿਓ ਜਸੁ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ ॥ ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ॥੧॥ ਸਰਨਿ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਿਤ ਨਹੀ ਕਰਸਨ ॥ ਕਰੁ ਗਹਿ ਲੀਏ ਨਾਨਕ ਜਨ ਅਪਨੇ ਅੰਧ ਘੋਰ ਸਾਗਰ ਨਹੀ ਮਰਸਨ ॥੨॥੧੦॥੨੯॥ {ਪੰਨਾ 1303}

ਪਦ ਅਰਥ: ਮਨ = ਹੇ ਮਨ! ਪਰਸਨ = ਛੁਹਣਾ। ਰਸਨਾ = ਜੀਭ। ਭੋਜਨਿ = ਭੋਜਨ ਨਾਲ। ਤ੍ਰਿਪਤਾਨੀ = ਰੱਜੀ ਰਹਿੰਦੀ ਹੈ। ਅਖੀਅਨ ਕਉ = ਅੱਖਾਂ ਨੂੰ। ਸੰਤੋਖ = ਸਾਂਤੀ।1। ਰਹਾਉ।

ਕਰਨਨਿ = ਕੰਨਾਂ ਵਿਚ। ਪੂਰਿ ਰਹਿਓ = ਭਰਿਆ ਰਹਿੰਦਾ ਹੈ, ਟਿਕਿਆ ਰਹਿੰਦਾ ਹੈ। ਕਲਮਲ = ਪਾਪ। ਮਲ = ਮੈਲ। ਹਰਸਨ = ਦੂਰ ਕਰ ਸਕਣ ਵਾਲਾ। ਪਾਵਨ ਧਾਵਨ = ਪੈਰਾਂ ਨਾਲ ਦੌੜ-ਭੱਜ। ਪੰਥਾ = ਰਸਤਾ। ਸੁਖ ਪੰਥਾ = ਸੁਖ ਦੇਣ ਵਾਲਾ ਰਸਤਾ। ਕਾਇਆ = ਸਰੀਰ। ਸਰਸਨ = ਸ-ਰਸਨ, ਰਸ-ਸਹਿਤ, ਹੁਲਾਰੇ ਵਾਲੇ।1।

ਗਹੀ = ਫੜੀ। ਉਪਾਵ = (ਲਫ਼ਜ਼ 'ਉਪਾਉ' ਤੋਂ ਬਹੁ-ਵਚਨ) ਹੀਲੇ। ਆਨ = (ANX) ਹੋਰ। ਕਰੁ = ਹੱਥ (ਇਕ-ਵਚਨ) । ਗਹਿ ਲੀਏ = ਫੜ ਲਏ। ਅੰਧ ਘੋਰ = ਘੁੱਪ ਹਨੇਰਾ। ਸਾਗਰ = ਸਮੁੰਦਰ। ਮਰਸਨ = (ਆਤਮਕ) ਮੌਤ।2।

ਅਰਥ: ਹੇ ਮੇਰੇ ਮਨ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਪ੍ਰਭੂ ਦੇ ਚਰਨ ਛੁਹਣ ਲਈ ਤਾਂਘ ਹੁੰਦੀ ਹੈ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ ਦੀ (ਆਤਮਕ) ਖ਼ੁਰਾਕ ਨਾਲ ਰੱਜੀ ਰਹਿੰਦੀ ਹੈ, ਉਹਨਾਂ ਦੀਆਂ ਅੱਖਾਂ ਨੂੰ ਪ੍ਰਭੂ ਦੇ ਦੀਦਾਰ ਦੀ ਠੰਢ ਮਿਲੀ ਰਹਿੰਦੀ ਹੈ।1। ਰਹਾਉ।

ਹੇ ਮੇਰੇ ਮਨ! (ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ ਦੇ ਚਰਨ ਛੁਹਣ ਦੀ ਤਾਂਘ ਹੁੰਦੀ ਹੈ, ਉਹਨਾਂ ਦੇ) ਕੰਨਾਂ ਵਿਚ ਪ੍ਰੀਤਮ ਪ੍ਰਭੂ ਦੀ ਸਿਫ਼ਤਿ-ਸਾਲਾਹ ਟਿਕੀ ਰਹਿੰਦੀ ਹੈ ਜੋ ਸਾਰੇ ਪਾਪਾਂ ਸਾਰੇ ਐਬਾਂ ਦੀ ਮੈਲ ਦੂਰ ਕਰਨ ਦੇ ਸਮਰੱਥ ਹੈ, ਉਹਨਾਂ ਦੇ ਪੈਰਾਂ ਦੀ ਦੌੜ-ਭੱਜ ਮਾਲਕ-ਪ੍ਰਭੂ (ਦੇ ਮਿਲਾਪ) ਦੇ ਸੁਖਦਾਈ ਰਸਤੇ ਉਤੇ ਬਣੀ ਰਹਿੰਦੀ ਹੈ, ਉਹਨਾਂ ਦੇ ਸਰੀਰਕ ਅੰਗ ਸੰਤ ਜਨਾਂ (ਦੇ ਚਰਨਾਂ) ਨਾਲ (ਛੁਹ ਕੇ) ਹੁਲਾਰੇ ਵਿਚ ਟਿਕੇ ਰਹਿੰਦੇ ਹਨ।1।

ਹੇ ਮੇਰੇ ਮਨ ਜਿਨ੍ਹਾਂ ਮਨੁੱਖਾਂ ਨੇ ਸਰਬ-ਵਿਆਪਕ ਨਾਸ-ਰਹਿਤ ਪਰਮਾਤਮਾ ਦੀ ਸਰਨ ਫੜ ਲਈ, ਉਹ (ਇਸ ਸਰਨ ਨੂੰ ਛੱਡ ਕੇ ਉਸ ਦੇ ਮਿਲਾਪ ਵਾਸਤੇ) ਹੋਰ ਹੋਰ ਹੀਲੇ ਕਰ ਕੇ ਨਹੀਂ ਥੱਕਦੇ ਫਿਰਦੇ। ਹੇ ਨਾਨਕ! (ਆਖ-) ਪ੍ਰਭੂ ਨੇ ਜਿਨ੍ਹਾਂ ਆਪਣੇ ਸੇਵਕਾਂ ਦਾ ਹੱਥ ਫੜ ਲਿਆ ਹੁੰਦਾ ਹੈ, ਉਹ ਸੇਵਕ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਸੰਸਾਰ-ਸਮੁੰਦਰ ਵਿਚ ਆਤਮਕ ਮੌਤ ਨਹੀਂ ਸਹੇੜਦੇ।2।10। 29।

ਕਾਨੜਾ ਮਹਲਾ ੫ ॥ ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚੁ ਅਨਿਕ ਬਰੀਆ ॥੧॥ ਰਹਾਉ ॥ ਅਹੰ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ॥੧॥ ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ ॥ ਕਰੁਣ ਕ੍ਰਿਪਾਲ ਗੋੁਪਾਲ ਦੀਨ ਬੰਧੁ ਨਾਨਕ ਉਧਰੁ ਸਰਨਿ ਪਰੀਆ ॥੨॥੧੧॥੩੦॥ {ਪੰਨਾ 1303}

ਪਦ ਅਰਥ: ਕੁਹਕਤ = ਕੁਹਕਦੇ ਹਨ (ਮੋਰਾਂ ਵਾਂਗ) , ਮੱਚਦੇ ਹਨ। ਖਪਟ = ਨਾਸ ਕਰਨ ਵਾਲੇ, ਆਤਮਕ ਜੀਵਨ ਨੂੰ ਤਬਾਹ ਕਰਨ ਵਾਲੇ। ਕਪਟ = ਖੋਟ। ਖਲ = ਦੁਸ਼ਟ (ਕਾਮਾਦਿਕ) । ਗਰਜਤ = ਗੱਜਦੇ ਹਨ। ਮੀਚੁ = ਮੌਤ, ਆਤਮਕ ਮੌਤ। ਮਰਜਤ = ਮਾਰਦੀ ਹੈ। ਬਰੀਆ = ਵਾਰੀ।1। ਰਹਾਉ।

ਅਹੰ = ਅਹੰਕਾਰ। ਮਤ = ਮੱਤੇ ਹੋਏ। ਅਨ = (ANX) ਹੋਰ ਹੋਰ (ਰਸ) । ਰਤ = ਰੱਤੇ ਹੋਏ। ਕੁਮਿਤ = ਖੋਟੇ ਮਿੱਤਰ। ਹਿਤ = ਪਿਆਰ। ਪੇਖਤ = ਵੇਖਦੇ। ਭ੍ਰਮਤ = ਭਟਕਦੇ। ਗਰੀ = ਗਲੀ। ਲਾਖ ਗਰੀਆ = (ਕਾਮਾਦਿਕ ਵਿਕਾਰਾਂ ਦੀਆਂ) ਲੱਖਾਂ ਗਲੀਆਂ।1।

ਅਨਿਤ ਬਿਉਹਾਰ = ਨਾਹ ਨਿੱਤ ਰਹਿਣ ਵਾਲੇ ਪਦਾਰਥਾਂ ਦਾ ਕਾਰ-ਵਿਹਾਰ। ਅਚਾਰ = ਆਚਰਨ। ਬਿਧਿ ਹੀਨਤ = ਮਰਯਾਦਾ ਤੋਂ ਸੱਖਣਾ। ਮਮ = ਮਮਤਾ। ਮਦ = ਨਸ਼ਾ। ਮਾਤ = ਮੱਤੇ ਹੋਏ। ਕੋਪ = ਕ੍ਰੋਧ। ਜਰੀਆ = ਸੜਦੇ। ਕਰੁਣ = (ਕਰੁਣਾ = ਤਰਸ) ਹੇ ਤਰਸ-ਰੂਪ! ਕ੍ਰਿਪਾਲ = ਹੇ ਦਇਆ ਦੇ ਘਰ! ਗੋੁਪਾਲ = ਹੇ ਗੁਪਾਲ! (ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ) । ਦੀਨ ਬੰਧੁ = ਗਰੀਬਾਂ ਦਾ ਹਿਤੂ। ਉਧਰੁ = (ਵਿਕਾਰਾਂ ਤੋਂ) ਬਚਾਈ ਰੱਖ।2।

ਅਰਥ: ਹੇ ਭਾਈ! (ਜਿਨ੍ਹਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦਾ) ਨਾਸ ਕਰਨ ਵਾਲੇ ਖੋਟ ਭੜਕੇ ਰਹਿੰਦੇ ਹਨ, (ਜਿਨ੍ਹਾਂ ਦੇ ਅੰਦਰ ਕਾਮਾਦਿਕ) ਦੁਸ਼ਟ ਗੱਜਦੇ ਰਹਿੰਦੇ ਹਨ, (ਉਹਨਾਂ ਨੂੰ) ਮੌਤ ਅਨੇਕਾਂ ਵਾਰੀ ਮਾਰਦੀ ਰਹਿੰਦੀ ਹੈ।1। ਰਹਾਉ।

ਹੇ ਭਾਈ! (ਅਜਿਹੇ ਮਨੁੱਖ) ਹਉਮੈ ਦੇ ਮੱਤੇ ਹੋਏ (ਪ੍ਰਭੂ ਨੂੰ ਭੁਲਾ ਕੇ) ਹੋਰ ਹੋਰ (ਰਸਾਂ) ਵਿਚ ਰੱਤੇ ਰਹਿੰਦੇ ਹਨ, (ਅਜਿਹੇ ਮਨੁੱਖ) ਖੋਟੇ ਮਿੱਤਰਾਂ ਨਾਲ ਪਿਆਰ ਪਾਂਦੇ ਹਨ, ਖੋਟਿਆਂ ਨੂੰ ਆਪਣੇ ਸੱਜਣ ਬਣਾਂਦੇ ਹਨ, (ਅਜਿਹੇ ਮਨੁੱਖ ਕਾਮਾਦਿਕ ਵਿਕਾਰਾਂ ਦੀਆਂ) ਲੱਖਾਂ ਗਲੀਆਂ ਨੂੰ ਝਾਕਦੇ ਭਟਕਦੇ ਫਿਰਦੇ ਹਨ।1।

ਹੇ ਭਾਈ! (ਅਜਿਹੇ ਮਨੁੱਖ) ਨਾਸਵੰਤ ਪਦਾਰਥਾਂ ਦੇ ਕਾਰ-ਵਿਹਾਰ ਵਿਚ ਹੀ ਰੁੱਝੇ ਰਹਿੰਦੇ ਹਨ, ਉਹਨਾਂ ਦਾ ਆਚਰਨ ਚੰਗੀ ਮਰਯਾਦਾ ਤੋਂ ਸੱਖਣਾ ਹੁੰਦਾ ਹੈ, ਉਹ (ਮਾਇਆ ਦੀ) ਮਮਤਾ ਦੇ ਨਸ਼ੇ ਵਿਚ ਮਸਤ ਰਹਿੰਦੇ ਹਨ, ਅਤੇ ਕ੍ਰੋਧ ਦੀ ਅੱਗ ਵਿਚ ਸੜਦੇ ਰਹਿੰਦੇ ਹਨ।

ਹੇ ਨਾਨਕ! (ਆਖ-) ਹੇ ਤਰਸ-ਰੂਪ ਪ੍ਰਭੂ! ਹੇ ਦਇਆ ਦੇ ਘਰ ਪ੍ਰਭੂ! ਹੇ ਸ੍ਰਿਸ਼ਟੀ ਦੇ ਪਾਲਕ! ਤੂੰ ਗਰੀਬਾਂ ਦਾ ਪਿਆਰਾ ਹੈਂ, (ਮੈਂ ਤੇਰੀ) ਸਰਨ ਆ ਪਿਆ ਹਾਂ, (ਮੈਨੂੰ ਇਹਨਾਂ ਕਾਮਾਦਿਕ ਦੁਸ਼ਟਾਂ ਤੋਂ) ਬਚਾਈ ਰੱਖ।2।11। 30।

ਕਾਨੜਾ ਮਹਲਾ ੫ ॥ ਜੀਅ ਪ੍ਰਾਨ ਮਾਨ ਦਾਤਾ ॥ ਹਰਿ ਬਿਸਰਤੇ ਹੀ ਹਾਨਿ ॥੧॥ ਰਹਾਉ ॥ ਗੋਬਿੰਦ ਤਿਆਗਿ ਆਨ ਲਾਗਹਿ ਅੰਮ੍ਰਿਤੋ ਡਾਰਿ ਭੂਮਿ ਪਾਗਹਿ ॥ ਬਿਖੈ ਰਸ ਸਿਉ ਆਸਕਤ ਮੂੜੇ ਕਾਹੇ ਸੁਖ ਮਾਨਿ ॥੧॥ ਕਾਮਿ ਕ੍ਰੋਧਿ ਲੋਭਿ ਬਿਆਪਿਓ ਜਨਮ ਹੀ ਕੀ ਖਾਨਿ ॥ ਪਤਿਤ ਪਾਵਨ ਸਰਨਿ ਆਇਓ ਉਧਰੁ ਨਾਨਕ ਜਾਨਿ ॥੨॥੧੨॥੩੧॥ {ਪੰਨਾ 1303-1304}

ਪਦ ਅਰਥ: ਜੀਅ ਦਾਤਾ = ਜਿੰਦ ਦੇਣ ਵਾਲਾ। ਪ੍ਰਾਨ ਦਾਤਾ = ਪ੍ਰਾਨ ਦੇਣ ਵਾਲਾ। ਮਾਨ ਦਾਤਾ = ਇੱਜ਼ਤ ਦੇਣ ਵਾਲਾ। ਬਿਸਰਤੇ = ਭੁੱਲਦਿਆਂ। ਹਾਨਿ = ਹਾਨੀ, ਘਾਟਾ, ਆਤਮਕ ਘਾਟ।1। ਰਹਾਉ।

ਤਿਆਗਿ = ਤਿਆਗ ਕੇ, ਭੁਲਾ ਕੇ। ਆਨ = (ANX) ਹੋਰ ਹੋਰ (ਪਦਾਰਥਾਂ) ਵਿਚ। ਲਾਗਹਿ = ਤੂੰ ਲੱਗ ਰਿਹਾ ਹੈਂ। ਅੰਮ੍ਰਿਤੋ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਡਾਰਿ = ਡੋਲ੍ਹ ਕੇ। ਭੂਮਿ ਪਾਗਹਿ = ਧਰਤੀ ਉਤੇ ਸੁੱਟ ਰਿਹਾ ਹੈਂ। ਬਿਖੈ ਰਸ ਸਿਉ = ਵਿਸ਼ੇ-ਵਿਕਾਰਾਂ ਦੇ ਸੁਆਦਾਂ ਨਾਲ। ਆਸਕਤ = ਲੰਪਟ, ਚੰਬੜਿਆ ਹੋਇਆ। ਮੂੜੇ = ਹੇ ਮੂਰਖ! ਕਾਹੇ = ਕਿਵੇਂ? ਮਾਨਿ = ਮਾਣ ਸਕਦਾ ਹੈਂ।1।

ਕਾਮਿ = ਕਾਮ (-ਵਾਸਨਾ) ਵਿਚ। ਬਿਆਪਿਓ = ਫਸਿਆ ਹੋਇਆ। ਖਾਨਿ = ਖਾਣ, ਸੋਮਾ। ਜਨਮ ਹੀ ਕੀ ਖਾਨਿ = ਜਨਮਾਂ ਦੇ ਗੇੜ ਦਾ ਹੀ ਸੋਮਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਤਿਤ ਪਾਵਨ = ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ! ਉਧਰੁ = ਬਚਾ ਲੈ। ਜਾਨਿ = (ਆਪਣਾ) ਜਾਣ ਕੇ।2।

ਅਰਥ: ਹੇ ਭਾਈ! ਪਰਮਾਤਮਾ (ਤੈਨੂੰ) ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਇੱਜ਼ਤ ਦੇਣ ਵਾਲਾ ਹੈ। (ਅਜਿਹੇ) ਪਰਮਾਤਮਾ ਨੂੰ ਵਿਸਾਰਦਿਆਂ (ਆਤਮਕ ਜੀਵਨ ਵਿਚ) ਘਾਟਾ ਹੀ ਘਾਟਾ ਪੈਂਦਾ ਹੈ।1। ਰਹਾਉ।

ਹੇ ਮੂਰਖ! ਪਰਮਾਤਮਾ (ਦੀ ਯਾਦ) ਛੱਡ ਕੇ ਤੂੰ ਹੋਰ ਹੋਰ (ਪਦਾਰਥਾਂ) ਵਿਚ ਲੱਗਾ ਰਹਿੰਦਾ ਹੈਂ, ਤੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਡੋਲ੍ਹ ਕੇ ਧਰਤੀ ਵਿਚ ਸੁੱਟ ਰਿਹਾ ਹੈਂ, ਵਿਸ਼ੇ-ਵਿਕਾਰਾਂ ਦੇ ਸੁਆਦਾਂ ਨਾਲ ਚੰਬੜਿਆ ਹੋਇਆ ਤੂੰ ਕਿਵੇਂ ਸੁਖ ਹਾਸਲ ਕਰ ਸਕਦਾ ਹੈਂ?।1।

ਹੇ ਮੂਰਖ! ਤੂੰ (ਸਦਾ) ਕਾਮ ਵਿਚ, ਕ੍ਰੋਧ ਵਿਚ, ਲੋਭ ਵਿਚ ਫਸਿਆ ਰਹਿੰਦਾ ਹੈਂ, (ਇਹ ਕਾਮ ਕ੍ਰੋਧ ਲੋਭ ਆਦਿਕ ਤਾਂ) ਜਨਮਾਂ ਦੇ ਗੇੜ ਦਾ ਹੀ ਵਸੀਲਾ ਹਨ।

ਹੇ ਨਾਨਕ! (ਆਖ-) ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ! (ਮੈਂ ਤੇਰੀ) ਸਰਨ ਆਇਆ ਹਾਂ, (ਮੈਨੂੰ ਆਪਣੇ ਦਰ ਤੇ ਡਿਗਾ) ਜਾਣ ਕੇ (ਇਹਨਾਂ ਵਿਕਾਰਾਂ ਤੋਂ ਬਚਾਈ ਰੱਖ) ।2।12। 31।

TOP OF PAGE

Sri Guru Granth Darpan, by Professor Sahib Singh