ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1304 ਕਾਨੜਾ ਮਹਲਾ ੫ ॥ ਅਵਿਲੋਕਉ ਰਾਮ ਕੋ ਮੁਖਾਰਬਿੰਦ ॥ ਖੋਜਤ ਖੋਜਤ ਰਤਨੁ ਪਾਇਓ ਬਿਸਰੀ ਸਭ ਚਿੰਦ ॥੧॥ ਰਹਾਉ ॥ ਚਰਨ ਕਮਲ ਰਿਦੈ ਧਾਰਿ ॥ ਉਤਰਿਆ ਦੁਖੁ ਮੰਦ ॥੧॥ ਰਾਜ ਧਨੁ ਪਰਵਾਰੁ ਮੇਰੈ ਸਰਬਸੋ ਗੋਬਿੰਦ ॥ ਸਾਧਸੰਗਮਿ ਲਾਭੁ ਪਾਇਓ ਨਾਨਕ ਫਿਰਿ ਨ ਮਰੰਦ ॥੨॥੧੩॥੩੨॥ {ਪੰਨਾ 1304} ਪਦ ਅਰਥ: ਅਵਿਲੋਕਉ = ਅਵਿਲੋਕਉਂ, ਮੈਂ ਵੇਖਦਾ ਹਾਂ। ਕੋ = ਦਾ। ਮੁਖਾਰਬਿੰਦ = (ਮੁਖ-ਅਰਬਿੰਦ। ਅਰਬਿੰਦ = ਕੌਲ ਫੁੱਲ) ਕੌਲ ਫੁੱਲ ਵਰਗਾ ਸੋਹਣਾ ਮੂੰਹ। ਖੋਜਤ = ਖੋਜਦਿਆਂ। ਚਿੰਦ = ਚਿੰਤਾ।1। ਰਹਾਉ। ਰਿਦੈ = ਹਿਰਦੇ ਵਿਚ। ਧਾਰਿ = ਧਾਰ ਕੇ, ਟਿਕਾ ਕੇ। ਮੰਦ = ਭੈੜਾ, ਚੰਦਰਾ।1। ਮੇਰੈ = ਮੇਰੇ ਵਾਸਤੇ। ਸਰਬਸੋ = (svLÔv = ਸਾਰਾ ਧਨ) ਸਭ ਕੁਝ। ਸਾਧ ਸੰਗਮਿ = ਗੁਰੂ ਦੀ ਸੰਗਤਿ ਵਿਚ। ਮਰੰਦ = ਮਰਦਾ, ਆਤਮਕ ਮੌਤ ਆਉਂਦੀ।2। ਅਰਥ: ਹੇ ਭਾਈ! (ਗੁਰੂ ਦੀ ਰਾਹੀਂ) ਭਾਲ ਕਰਦਿਆਂ ਕਰਦਿਆਂ (ਮੈਂ ਪਰਮਾਤਮਾ ਦਾ ਨਾਮ-) ਰਤਨ ਲੱਭ ਲਿਆ ਹੈ (ਜਿਸ ਦੀ ਬਰਕਤਿ ਨਾਲ ਮੇਰੇ ਅੰਦਰੋਂ) ਸਾਰੀ ਚਿੰਤਾ ਦੂਰ ਹੋ ਗਈ ਹੈ। (ਹੁਣ ਮੇਰੀ ਇਹੀ ਤਾਂਘ ਰਹਿੰਦੀ ਹੈ ਕਿ) ਮੈਂ ਪ੍ਰਭੂ ਦਾ ਸੋਹਣਾ ਮੁਖੜਾ (ਸਦਾ) ਵੇਖਦਾ ਰਹਾਂ।1। ਰਹਾਉ। ਹੇ ਭਾਈ! ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਵਸਾ ਕੇ (ਮੇਰੇ ਅੰਦਰੋਂ) ਭੈੜਾ (ਸਾਰਾ) ਦੁੱਖ ਦੂਰ ਹੋ ਗਿਆ ਹੈ।1। ਹੇ ਭਾਈ! (ਹੁਣ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ ਹੀ) ਸਭ ਕੁਝ ਹੈ, (ਨਾਮ ਹੀ ਮੇਰੇ ਵਾਸਤੇ) ਰਾਜ (ਹੈ, ਨਾਮ ਹੀ ਮੇਰੇ ਵਾਸਤੇ) ਧਨ (ਹੈ, ਨਾਮ ਹੀ ਮੇਰਾ) ਪਰਵਾਰ ਹੈ। ਹੇ ਨਾਨਕ! (ਜਿਨ੍ਹਾਂ ਮਨੁੱਖਾਂ ਨੇ) ਗੁਰੂ ਦੀ ਸੰਗਤਿ ਵਿਚ (ਟਿਕ ਕੇ ਪਰਮਾਤਮਾ ਦਾ ਨਾਮ ਦਾ) ਲਾਭ ਖੱਟ ਲਿਆ, ਉਹਨਾਂ ਨੂੰ ਮੁੜ ਆਤਮਕ ਮੌਤ ਨਹੀਂ ਆਉਂਦੀ।2।13। 32। ਕਾਨੜਾ ਮਹਲਾ ੫ ਘਰੁ ੫ ੴ ਸਤਿਗੁਰ ਪ੍ਰਸਾਦਿ ॥ ਪ੍ਰਭ ਪੂਜਹੋ ਨਾਮੁ ਅਰਾਧਿ ॥ ਗੁਰ ਸਤਿਗੁਰ ਚਰਨੀ ਲਾਗਿ ॥ ਹਰਿ ਪਾਵਹੁ ਮਨੁ ਅਗਾਧਿ ॥ ਜਗੁ ਜੀਤੋ ਹੋ ਹੋ ਗੁਰ ਕਿਰਪਾਧਿ ॥੧॥ ਰਹਾਉ ॥ ਅਨਿਕ ਪੂਜਾ ਮੈ ਬਹੁ ਬਿਧਿ ਖੋਜੀ ਸਾ ਪੂਜਾ ਜਿ ਹਰਿ ਭਾਵਾਸਿ ॥ ਮਾਟੀ ਕੀ ਇਹ ਪੁਤਰੀ ਜੋਰੀ ਕਿਆ ਏਹ ਕਰਮ ਕਮਾਸਿ ॥ ਪ੍ਰਭ ਬਾਹ ਪਕਰਿ ਜਿਸੁ ਮਾਰਗਿ ਪਾਵਹੁ ਸੋ ਤੁਧੁ ਜੰਤ ਮਿਲਾਸਿ ॥੧॥ ਅਵਰ ਓਟ ਮੈ ਕੋਇ ਨ ਸੂਝੈ ਇਕ ਹਰਿ ਕੀ ਓਟ ਮੈ ਆਸ ॥ ਕਿਆ ਦੀਨੁ ਕਰੇ ਅਰਦਾਸਿ ॥ ਜਉ ਸਭ ਘਟਿ ਪ੍ਰਭੂ ਨਿਵਾਸ ॥ ਪ੍ਰਭ ਚਰਨਨ ਕੀ ਮਨਿ ਪਿਆਸ ॥ ਜਨ ਨਾਨਕ ਦਾਸੁ ਕਹੀਅਤੁ ਹੈ ਤੁਮ੍ਹ੍ਹਰਾ ਹਉ ਬਲਿ ਬਲਿ ਸਦ ਬਲਿ ਜਾਸ ॥੨॥੧॥੩੩॥ {ਪੰਨਾ 1304} ਪਦ ਅਰਥ: ਪੂਜਹੋ = ਪੂਜਹੁ, ਪੂਜਾ-ਭਗਤੀ ਕਰੋ। ਆਰਾਧਿ = ਆਰਾਧ ਕੇ, ਸਿਮਰ ਕੇ। ਲਾਗਿ = ਲੱਗ ਕੇ। ਪਾਵਹੁ = ਲੱਭ ਲਵੋਗੇ, ਮਿਲਾਪ ਹਾਸਲ ਕਰ ਲਵੋਗੇ। ਅਗਾਧਿ = ਅਥਾਹ। ਜੀਤੋ = ਜਿੱਤਿਆ ਜਾ ਸਕੇਗਾ। ਹੋ = ਹੇ ਭਾਈ! ਗੁਰ ਕਿਰਪਾਧਿ = ਗੁਰੂ ਦੀ ਕਿਰਪਾ ਨਾਲ।1। ਰਹਾਉ। ਬਹੁ ਬਿਧਿ = ਕਈ ਤਰ੍ਹਾਂ। ਸਾ = ਉਹੀ। ਜਿ = ਜਿਹੜੀ। ਹਰਿ ਭਾਵਾਸਿ = ਹਰੀ ਨੂੰ ਚੰਗੀ ਲੱਗਦੀ ਹੈ। ਪੁਤਰੀ = ਪੁਤਲੀ। ਜੋਰੀ = ਜੋੜੀ, ਬਣਾਈ। ਏਹ = ਇਹ ਪੁਤਲੀ। ਕਿਆ ਕਰਮ = ਕਿਹੜੇ ਕਰਮ? ਕਮਾਸਿ = ਕਰ ਸਕਦੀ ਹੈ। ਪ੍ਰਭ = ਹੇ ਪ੍ਰਭੂ! ਪਕਰਿ = ਫੜ ਕੇ। ਮਾਰਗਿ = ਰਸਤੇ ਉੱਤੇ। ਤੁਧੁ = ਤੈਨੂੰ। ਮਿਲਾਸਿ = ਮਿਲ ਪੈਂਦਾ ਹੈ।1। ਮੈ = ਮੈਨੂੰ। ਦੀਨੁ = ਨਿਮਾਣਾ, ਗਰੀਬ। ਜਉ = ਜਦੋਂ। ਘਟਿ = ਘਟ ਵਿਚ, ਸਰੀਰ ਵਿਚ। ਮਨਿ = ਮਨ ਵਿਚ। ਕਹੀਅਤੁ ਹੈ– ਅਖਵਾਂਦਾ ਹੈ, ਕਿਹਾ ਜਾਂਦਾ ਹੈ। ਹਉ = ਹਉਂ, ਮੈਂ। ਬਲਿ ਬਲਿ = ਸਦਕੇ। ਸਦ = ਸਦਾ। ਜਾਸ = ਜਾਂਦਾ ਹਾਂ।2। ਅਰਥ: ਹੇ ਭਾਈ! ਗੁਰੂ ਸਤਿਗੁਰੂ ਦੀ ਚਰਨੀਂ ਲੱਗ ਕੇ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਪ੍ਰਭੂ ਦੀ ਪੂਜਾ-ਭਗਤੀ ਕਰਿਆ ਕਰੋ, (ਇਸ ਤਰ੍ਹਾਂ ਉਸ) ਅਥਾਹ ਮਨ (ਦੇ ਮਾਲਕ) ਪ੍ਰਭੂ ਦਾ ਮਿਲਾਪ ਹਾਸਲ ਕਰ ਲਵੋਗੇ। ਹੇ ਭਾਈ! ਗੁਰੂ ਦੀ ਕਿਰਪਾ ਨਾਲ (ਪ੍ਰਭੂ ਦਾ ਸਿਮਰਨ ਕੀਤਿਆਂ) ਜਗਤ (ਦਾ ਮੋਹ) ਜਿੱਤਿਆ ਜਾਂਦਾ ਹੈ।1। ਰਹਾਉ। ਹੇ ਭਾਈ! (ਜਗਤ ਵਿਚ) ਅਨੇਕਾਂ ਪੂਜਾ (ਹੋ ਰਹੀਆਂ ਹਨ) ਮੈਂ (ਇਹਨਾਂ ਦੀ) ਕਈ ਤਰ੍ਹਾਂ ਖੋਜ-ਭਾਲ ਕੀਤੀ ਹੈ, (ਪਰ) ਉਹੀ ਪੂਜਾ (ਸ੍ਰੇਸ਼ਟ) ਹੈ ਜਿਹੜੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ (ਜਿਸ ਨਾਲ ਪਰਮਾਤਮਾ ਪ੍ਰਸੰਨ ਹੁੰਦਾ ਹੈ) । (ਪਰ ਅਜਿਹੀ ਪੂਜਾ ਭੀ ਪ੍ਰਭੂ ਆਪ ਹੀ ਕਰਾਂਦਾ ਹੈ) । ਹੇ ਭਾਈ! (ਪਰਮਾਤਮਾ ਨੇ ਮਨੁੱਖ ਦੀ ਇਹ) ਮਿੱਟੀ ਦੀ ਪੁਤਲੀ ਬਣਾ ਦਿੱਤੀ (ਪੁਤਲੀਆਂ ਦਾ ਮਾਲਕ ਪੁਤਲੀਆਂ ਨੂੰ ਆਪ ਹੀ ਨਚਾਂਦਾ ਹੈ) , ਇਹ ਜੀਵ-ਪੁਤਲੀ (ਪੁਤਲੀਆਂ ਘੜਨ ਵਾਲੇ ਪ੍ਰਭੂ ਦੀ ਪ੍ਰੇਰਨਾ ਤੋਂ ਬਿਨਾ) ਕੋਈ ਕੰਮ ਨਹੀਂ ਕਰ ਸਕਦੀ। ਹੇ ਪ੍ਰਭੂ! ਜਿਸ ਜੀਵ ਨੂੰ (ਉਸ ਦੀ) ਬਾਂਹ ਫੜ ਕੇ ਤੂੰ (ਜੀਵਨ ਦੇ ਸਹੀ) ਰਸਤੇ ਉੱਤੇ ਤੋਰਦਾ ਹੈਂ, ਉਹ ਜੀਵ ਤੈਨੂੰ ਮਿਲ ਪੈਂਦਾ ਹੈ।1। ਹੇ ਭਾਈ! (ਪ੍ਰਭੂ ਤੋਂ ਬਿਨਾ) ਮੈਨੂੰ ਕੋਈ ਹੋਰ ਆਸਰਾ ਨਹੀਂ ਸੁੱਝਦਾ, ਮੈਨੂੰ ਸਿਰਫ਼ ਪ੍ਰਭੂ ਦੀ ਓਟ ਹੈ ਪ੍ਰਭੂ ਦੀ (ਸਹਾਇਤਾ ਦੀ) ਆਸ ਹੈ। ਹੇ ਭਾਈ! ਜਦੋਂ ਹਰੇਕ ਸਰੀਰ ਵਿਚ ਪ੍ਰਭੂ ਦਾ ਹੀ ਨਿਵਾਸ ਹੈ (ਤਾਂ ਉਸ ਦੀ ਪ੍ਰੇਰਨਾ ਤੋਂ ਬਿਨਾ) ਵਿਚਾਰਾ ਜੀਵ ਕੋਈ ਅਰਦਾਸ ਭੀ ਨਹੀਂ ਕਰ ਸਕਦਾ। ਹੇ ਭਾਈ! (ਉਸ ਦੀ ਮਿਹਰ ਨਾਲ ਹੀ ਮੇਰੇ) ਮਨ ਵਿਚ ਪ੍ਰਭੂ ਦੇ ਚਰਨਾਂ (ਦੇ ਮਿਲਾਪ) ਦੀ ਤਾਂਘ ਹੈ। ਹੇ ਪ੍ਰਭੂ! ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ (ਇਸ ਦੀ ਲਾਜ ਰੱਖ, ਇਸ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ) । ਹੇ ਪ੍ਰਭੂ ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ।2।1। 33। ਕਾਨੜਾ ਮਹਲਾ ੫ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਜਗਤ ਉਧਾਰਨ ਨਾਮ ਪ੍ਰਿਅ ਤੇਰੈ ॥ ਨਵ ਨਿਧਿ ਨਾਮੁ ਨਿਧਾਨੁ ਹਰਿ ਕੇਰੈ ॥ ਹਰਿ ਰੰਗ ਰੰਗ ਰੰਗ ਅਨੂਪੇਰੈ ॥ ਕਾਹੇ ਰੇ ਮਨ ਮੋਹਿ ਮਗਨੇਰੈ ॥ ਨੈਨਹੁ ਦੇਖੁ ਸਾਧ ਦਰਸੇਰੈ ॥ ਸੋ ਪਾਵੈ ਜਿਸੁ ਲਿਖਤੁ ਲਿਲੇਰੈ ॥੧॥ ਰਹਾਉ ॥ ਸੇਵਉ ਸਾਧ ਸੰਤ ਚਰਨੇਰੈ ॥ ਬਾਂਛਉ ਧੂਰਿ ਪਵਿਤ੍ਰ ਕਰੇਰੈ ॥ ਅਠਸਠਿ ਮਜਨੁ ਮੈਲੁ ਕਟੇਰੈ ॥ ਸਾਸਿ ਸਾਸਿ ਧਿਆਵਹੁ ਮੁਖੁ ਨਹੀ ਮੋਰੈ ॥ ਕਿਛੁ ਸੰਗਿ ਨ ਚਾਲੈ ਲਾਖ ਕਰੋਰੈ ॥ ਪ੍ਰਭ ਜੀ ਕੋ ਨਾਮੁ ਅੰਤਿ ਪੁਕਰੋਰੈ ॥੧॥ ਮਨਸਾ ਮਾਨਿ ਏਕ ਨਿਰੰਕੇਰੈ ॥ ਸਗਲ ਤਿਆਗਹੁ ਭਾਉ ਦੂਜੇਰੈ ॥ ਕਵਨ ਕਹਾਂ ਹਉ ਗੁਨ ਪ੍ਰਿਅ ਤੇਰੈ ॥ ਬਰਨਿ ਨ ਸਾਕਉ ਏਕ ਟੁਲੇਰੈ ॥ ਦਰਸਨ ਪਿਆਸ ਬਹੁਤੁ ਮਨਿ ਮੇਰੈ ॥ ਮਿਲੁ ਨਾਨਕ ਦੇਵ ਜਗਤ ਗੁਰ ਕੇਰੈ ॥੨॥੧॥੩੪॥ {ਪੰਨਾ 1304} ਪਦ ਅਰਥ: ਪ੍ਰਿਅ = ਹੇ ਪਿਆਰੇ ਪ੍ਰਭੂ! ਜਗਤ ਉਧਾਰਨ = ਜਗਤ (ਦੇ ਜੀਵਾਂ) ਨੂੰ (ਵਿਕਾਰਾਂ ਤੋਂ) ਬਚਾ ਸਕਣ ਵਾਲਾ। ਤੇਰੈ = ਤੇਰੇ (ਹੱਥ) ਵਿਚ। ਨਵਨਿਧਿ = (ਧਰਤੀ ਦੇ) ਨੌ (ਹੀ) ਖ਼ਜ਼ਾਨੇ। ਨਿਧਾਨੁ = ਖ਼ਜ਼ਾਨਾ। ਹਰਿ ਕੇਰੈ = ਹਰੀ ਦੇ। ਰੰਗ ਰੰਗ ਰੰਗ = ਅਨੇਕਾਂ ਹੀ ਰੰਗ। ਹਰਿ ਅਨੂਪੇਰੈ = ਸੋਹਣੇ ਹਰੀ। ਅਨੂਪ = (ਅਨ-ਊਪ) ਜਿਸ ਵਰਗਾ ਹੋਰ ਕੋਈ ਨਹੀਂ, ਬਹੁਤ ਸੁੰਦਰ। ਮੋਹਿ = ਮੋਹ ਵਿਚ। ਮਗਨੇਰੈ = ਮਗਨ, ਮਸਤ। ਨੈਨਹੁ = ਅੱਖਾਂ ਨਾਲ। ਸਾਧ ਦਰਸੇਰੈ = ਗੁਰੂ ਦਾ ਦਰਸਨ। ਜਿਸੁ ਲਿਲੇਰੈ = ਜਿਸ ਦੇ ਮੱਥੇ ਉਤੇ (ਲਿਲਾਰ-ਲਿਲਾਟ, ਮੱਥਾ) ।1। ਰਹਾਉ। ਸੇਵਉ = ਸੇਵਉਂ, ਮੈਂ ਸੇਵਾ ਕਰਦਾ ਹਾਂ। ਬਾਂਛਉ = ਬਾਂਛਉਂ, ਮੈਂ ਚਾਹੁੰਦਾ ਹਾਂ। ਕਰੇਰੈ = ਕਰਦੀ ਹੈ। ਅਠਸਠਿ = ਅਠਾਹਠ। ਮਜਨੁ = ਇਸ਼ਨਾਨ। ਕਟੇਰੈ = ਕੱਟਦੀ ਹੈ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਨਹੀ ਮੋਰੈ = ਨਹੀਂ ਮੋੜਦਾ। ਸੰਗਿ ਨਾਲ। ਕਰੋਰੈ = ਕ੍ਰੋੜਾਂ। ਕੋ = ਦਾ। ਅੰਤਿ = ਆਖ਼ਰ ਨੂੰ, ਅੰਤ ਵੇਲੇ (ਜਦੋਂ ਹੋਰ ਹਰੇਕ ਪਦਾਰਥ ਦਾ ਸਾਥ ਮੁਕ ਜਾਂਦਾ ਹੈ) । ਪੁਕਰੋਰੈ = ਪੁੱਕਰਦਾ ਹੈ, ਮਦਦ ਕਰਦਾ ਹੈ, ਸਾਥ ਨਿਬਾਹੁੰਦਾ ਹੈ।1। ਮਨਸਾ = (mnI = w) ਮਨ ਦਾ ਫੁਰਨਾ। ਮਾਨਿ = ਸ਼ਾਂਤਿ ਕਰ। ਨਿਰੰਕੇਰੈ = ਨਿਰੰਕਾਰ ਵਿਚ। ਭਾਉ = ਪਿਆਰ। ਦੂਜੇਰੈ = ਦੂਜੇ ਪਦਾਰਥ ਵਿਚ। ਕਹਾਂ = ਮੈਂ ਆਖਾਂ। ਪ੍ਰਿਆ = ਹੇ ਪਿਆਰੇ ਪ੍ਰਭੂ! ਸਾਕਉ = ਸਾਕਉਂ। ਬਰਨਿ ਨ ਸਾਕਉ = ਮੈਂ ਬਿਆਨ ਨਹੀਂ ਕਰ ਸਕਦਾ। ਟੁਲੇਰੈ = ਟੋਲ, (ਦਿੱਤਾ ਹੋਇਆ) ਪਦਾਰਥ, ਕੀਤਾ ਹੋਇਆ ਉਪਕਾਰ। ਮਨਿ ਮੇਰੈ = ਮੇਰੇ ਮਨ ਵਿਚ। ਮਿਲੁ ਨਾਨਕ = ਨਾਨਕ ਨੂੰ ਮਿਲ। ਦੇਵ ਜਗਤ ਗੁਰ ਕੇਰੈ = ਹੇ ਜਗਤ ਕੇਰੈ ਗੁਰਦੇਵ!।2। ਅਰਥ: ਹੇ ਪਿਆਰੇ ਪ੍ਰਭੂ! ਜਗਤ (ਦੇ ਜੀਵਾਂ ਨੂੰ ਵਿਕਾਰਾਂ ਤੋਂ) ਬਚਾਵਣ ਵਾਲਾ ਤੇਰਾ ਨਾਮ ਤੇਰੇ (ਹੀ ਹੱਥ) ਵਿਚ ਹੈ। ਹੇ ਭਾਈ! ਪਰਮਾਤਮਾ ਦਾ ਨਾਮ-ਖ਼ਜ਼ਾਨਾ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨੇ ਹੈ। ਹੇ ਮਨ! ਸੋਹਣੇ ਹਰੀ ਦੇ (ਇਸ ਜਗਤ ਵਿਚ) ਅਨੇਕਾਂ ਹੀ ਰੰਗ ਤਮਾਸ਼ੇ ਹਨ, ਤੂੰ (ਇਹਨਾਂ ਰੰਗਾਂ ਦੇ) ਮੋਹ ਵਿਚ ਕਿਉਂ ਮਸਤ ਹੋ ਰਿਹਾ ਹੈਂ? ਹੇ ਭਾਈ! (ਆਪਣੀਆਂ) ਅੱਖਾਂ ਨਾਲ ਗੁਰੂ ਦਾ ਦਰਸਨ ਕਰਿਆ ਕਰ, (ਪਰ ਜੀਵ ਦੇ ਕੀਹ ਵੱਸ? ਗੁਰੂ ਦਾ ਦਰਸਨ) ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉਤੇ (ਇਸ ਦਰਸਨ ਦਾ) ਲੇਖ ਲਿਖਿਆ ਹੁੰਦਾ ਹੈ।1। ਰਹਾਉ। ਹੇ ਭਾਈ! ਮੈਂ (ਤਾਂ) ਸੰਤ ਜਨਾਂ ਦੇ ਚਰਨਾਂ ਦੀ ਓਟ ਲੈਂਦਾ ਹਾਂ, ਮੈਂ (ਸੰਤ ਜਨਾਂ ਦੇ ਚਰਨਾਂ ਦੀ) ਧੂੜ ਮੰਗਦਾ ਹਾਂ (ਇਹ ਚਰਨ-ਧੂੜ ਮਨੁੱਖ ਦਾ ਜੀਵਨ) ਪਵਿੱਤਰ ਕਰਦੀ ਹੈ, (ਇਹ ਚਰਨ-ਧੂੜ ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ (ਸੰਤ ਜਨਾਂ ਦੀ ਚਰਨ-ਧੂੜ ਦਾ ਇਸ਼ਨਾਨ ਜੀਵਾਂ ਦੇ ਮਨ ਦੀ) ਮੈਲ ਦੂਰ ਕਰਦਾ ਹੈ। ਹੇ ਭਾਈ! (ਆਪਣੇ) ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਜਿਹੜਾ ਮਨੁੱਖ ਨਾਮ ਸਿਮਰਦਾ ਹੈ, ਉਸ ਵਲੋਂ ਪਰਮਾਤਮਾ ਆਪਣਾ) ਮੂੰਹ ਨਹੀਂ ਮੋੜਦਾ। ਹੇ ਭਾਈ! (ਜਮ੍ਹਾਂ ਕੀਤੇ ਹੋਏ) ਲੱਖਾਂ ਕ੍ਰੋੜਾਂ ਰੁਪਿਆਂ ਵਿਚੋਂ ਕੁਝ ਭੀ (ਅਖ਼ੀਰ ਵੇਲੇ ਮਨੁੱਖ ਦੇ) ਨਾਲ ਨਹੀਂ ਜਾਂਦਾ। ਅਖ਼ੀਰ ਵੇਲੇ (ਜਦੋਂ ਹਰੇਕ ਪਦਾਰਥ ਦਾ ਸਾਥ ਮੁੱਕ ਜਾਂਦਾ ਹੈ) ਪਰਮਾਤਮਾ ਦਾ ਨਾਮ ਹੀ ਸਾਥ ਨਿਬਾਹੁੰਦਾ ਹੈ।1। ਹੇ ਭਾਈ! (ਆਪਣੇ) ਮਨ ਦੇ ਫੁਰਨੇ ਨੂੰ ਸਿਰਫ਼ ਨਿਰੰਕਾਰ (ਦੀ ਯਾਦ) ਵਿਚ ਸ਼ਾਂਤ ਕਰ ਲੈ। (ਪ੍ਰਭੂ ਤੋਂ ਬਿਨਾ) ਹੋਰ ਹੋਰ ਪਦਾਰਥ ਵਿਚ (ਪਾਇਆ ਹੋਇਆ) ਪਿਆਰ ਸਾਰਾ ਹੀ ਛੱਡ ਦੇ। ਹੇ ਪਿਆਰੇ ਪ੍ਰਭੂ! ਤੇਰੇ ਅੰਦਰ (ਅਨੇਕਾਂ ਹੀ) ਗੁਣ (ਹਨ) , ਮੈਂ (ਤੇਰੇ) ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ? ਮੈਂ ਤਾਂ ਤੇਰੇ ਇਕ ਉਪਕਾਰ ਨੂੰ ਭੀ ਬਿਆਨ ਨਹੀਂ ਕਰ ਸਕਦਾ। ਹੇ ਜਗਤ ਦੇ ਗੁਰਦੇਵ! ਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਤਾਂਘ ਹੈ, (ਮੈਨੂੰ) ਨਾਨਕ ਨੂੰ ਮਿਲ।2।1। 34। |
Sri Guru Granth Darpan, by Professor Sahib Singh |