ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1305

ਕਾਨੜਾ ਮਹਲਾ ੫ ॥ ਐਸੀ ਕਉਨ ਬਿਧੇ ਦਰਸਨ ਪਰਸਨਾ ॥੧॥ ਰਹਾਉ ॥ ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ ॥੧॥ ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥ ਹਰਿ ਸੰਤਨਾ ਕੀ ਰੇਨ ॥ ਹੀਉ ਅਰਪਿ ਦੇਨ ॥ ਪ੍ਰਭ ਭਏ ਹੈ ਕਿਰਪੇਨ ॥ ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ ॥੨॥੨॥੩੫॥ {ਪੰਨਾ 1305}

ਪਦ ਅਰਥ: ਬਿਧੇ = ਬਿਧਿ, ਤਰੀਕਾ, ਢੰਗ। ਪਰਸਨਾ = (ਚਰਨਾਂ ਦੀ) ਛੁਹ।1। ਰਹਾਉ।

ਪਿਆਸ = ਤਾਂਘ। ਸਫਲ ਮੂਰਤਿ = ਉਹ ਪ੍ਰਭੂ ਜਿਸ ਦੀ ਹਸਤੀ (ਜੀਵਾਂ ਨੂੰ ਸਾਰੇ) ਫਲ ਦੇਣ ਵਾਲੀ ਹੈ। ਉਮਗਿ = ਉਮੰਗ ਵਿਚ ਆ ਕੇ। ਹੀਉ = ਹਿਰਦਾ।1।

ਦੀਨ = ਨਿਮਾਣਾ। ਮੀਨ = ਮੱਛੀ। ਰੇਨ = ਚਰਨ-ਧੂੜ। ਅਰਪਿ ਦੇਨ = ਭੇਟ ਕਰ ਦਿੱਤਾ ਜਾਏ। ਕਿਰਪੇਨ = ਕਿਰਪਾਲ। ਤਿਆਗਿ ਛੋਡਿਓ = ਤਿਆਗ ਦਿੱਤਾ। ਭੇਟਨਾ = ਮਿਲਦਾ ਹੈ।2।

ਅਰਥ: ਹੇ ਭਾਈ! (ਮੈਨੂੰ ਦੱਸ) ਇਹੋ ਜਿਹਾ ਕਿਹੜਾ ਤਰੀਕਾ ਹੈ ਜਿਸ ਨਾਲ ਪ੍ਰਭੂ ਦਾ ਦਰਸਨ (ਹੋ ਜਾਏ, ਪ੍ਰਭੂ ਦੇ ਚਰਨਾਂ ਦੀ) ਛੁਹ ਮਿਲ ਜਾਏ?।1। ਰਹਾਉ।

ਹੇ ਭਾਈ! ਸਭ ਜੀਵਾਂ ਨੂੰ ਮਨ-ਮੰਗੀਆਂ ਮੁਰਾਦਾਂ ਦੇਣ ਵਾਲੇ ਪ੍ਰਭੂ ਦੇ ਦਰਸਨ ਦੀ ਮੇਰੇ ਅੰਦਰ ਤਾਂਘ ਹੈ ਉਡੀਕ ਹੈ। ਉਮੰਗ ਵਿਚ ਮੇਰਾ ਹਿਰਦਾ (ਦਰਸ਼ਨ ਨੂੰ) ਤਰਸ ਰਿਹਾ ਹੈ।1।

(ਉੱਤਰ:) ਜੇ ਨਿਮਾਣੇ ਹੋ ਕੇ ਸੰਤ ਜਨਾਂ ਦੇ ਚਰਨਾਂ ਤੇ ਢਹਿ ਪਈਏ (ਜੇ ਪ੍ਰਭੂ ਦੇ ਦਰਸਨ ਦੀ ਇਤਨੀ ਤਾਂਘ ਹੋਵੇ, ਜਿਵੇਂ) ਮੱਛੀ ਨੂੰ (ਪਾਣੀ ਦੀ) ਪਿਆਸ ਹੁੰਦੀ ਹੈ, ਜੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਖ਼ਾਤਰ ਆਪਣਾ ਹਿਰਦਾ ਭੇਟ ਕਰ ਦੇਈਏ, ਤਾਂ, ਹੇ ਭਾਈ! ਪ੍ਰਭੂ ਦਇਆਵਾਨ ਹੁੰਦਾ ਹੈ। ਹੇ ਨਾਨਕ! (ਜਦੋਂ ਕਿਸੇ ਨੇ ਆਪਣੇ ਅੰਦਰੋਂ) ਅਹੰਕਾਰ ਅਤੇ ਮੋਹ ਤਿਆਗ ਦਿੱਤਾ, ਤਦੋਂ (ਉਸ ਨੂੰ) ਪ੍ਰਭੂ ਜੀ ਮਿਲ ਪੈਂਦੇ ਹਨ।2। 2। 35।

ਕਾਨੜਾ ਮਹਲਾ ੫ ॥ ਰੰਗਾ ਰੰਗ ਰੰਗਨ ਕੇ ਰੰਗਾ ॥ ਕੀਟ ਹਸਤ ਪੂਰਨ ਸਭ ਸੰਗਾ ॥੧॥ ਰਹਾਉ ॥ ਬਰਤ ਨੇਮ ਤੀਰਥ ਸਹਿਤ ਗੰਗਾ ॥ ਜਲੁ ਹੇਵਤ ਭੂਖ ਅਰੁ ਨੰਗਾ ॥ ਪੂਜਾਚਾਰ ਕਰਤ ਮੇਲੰਗਾ ॥ ਚਕ੍ਰ ਕਰਮ ਤਿਲਕ ਖਾਟੰਗਾ ॥ ਦਰਸਨੁ ਭੇਟੇ ਬਿਨੁ ਸਤਸੰਗਾ ॥੧॥ ਹਠਿ ਨਿਗ੍ਰਹਿ ਅਤਿ ਰਹਤ ਬਿਟੰਗਾ ॥ ਹਉ ਰੋਗੁ ਬਿਆਪੈ ਚੁਕੈ ਨ ਭੰਗਾ ॥ ਕਾਮ ਕ੍ਰੋਧ ਅਤਿ ਤ੍ਰਿਸਨ ਜਰੰਗਾ ॥ ਸੋ ਮੁਕਤੁ ਨਾਨਕ ਜਿਸੁ ਸਤਿਗੁਰੁ ਚੰਗਾ ॥੨॥੩॥੩੬॥ {ਪੰਨਾ 1305}

ਪਦ ਅਰਥ: ਕੀਟ = ਕੀੜਾ। ਹਸਤ = ਹਸਤਿ, ਹਾਥੀ। ਪੂਰਨ = ਵਿਆਪਕ।1। ਰਹਾਉ।

ਸਹਿਤ = ਸਮੇਤ। ਹੇਵਤ = ਬਰਫ਼। ਅਰੁ = ਅਤੇ। ਪੂਜਾਚਾਰ = ਪੂਜਾ-ਆਚਾਰ, ਪੂਜਾ ਆਦਿਕ ਦੇ ਕਰਮ। ਮੇਲੰਗਾ = ਅੰਗਾਂ ਨੂੰ ਮੇਲ ਕੇ, ਆਸਣ ਜਮਾ ਕੇ। ਖਾਟੰਗਾ = ਖਟ ਅੰਗਾ ਤੇ, (ਦੋਵੇਂ ਲੱਤਾਂ, ਦੋਵੇਂ ਬਾਹਾਂ, ਛਾਤੀ, ਸਿਰ = ਇਹਨਾਂ) ਛੇ ਅੰਗਾਂ ਤੇ। ਦਰਸਨੁ ਸਤ ਸੰਗਾ = ਸਾਧ ਸੰਗਤਿ ਦਾ ਦਰਸਨ।1।

ਹਠਿ = ਹਠ ਨਾਲ। ਨਿਗ੍ਰਹਿ = ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ। ਬਿਟੰਗਾ = ਟੰਗਾਂ ਤੋਂ ਬਿਨਾ, ਸਿਰ ਭਾਰ, ਸਿਰ-ਪਰਨੇ। ਹਉ ਰੋਗੁ = ਹਉਮੈ ਦਾ ਰੋਗ। ਬਿਆਪੈ = ਜ਼ੋਰ ਪਾ ਲੈਂਦਾ ਹੈ। ਚੁਕੈ ਨ = ਮੁੱਕਦਾ ਨਹੀਂ। ਭੰਗਾ = ਤੋਟ, ਵਿੱਥ। ਤ੍ਰਿਸਨ = ਤ੍ਰਿਸ਼ਨਾ। ਜਰੰਗਾ = ਜਲਦੇ ਹਨ ਅੰਗ। ਮੁਕਤੁ = (ਵਿਕਾਰਾਂ ਤੋਂ) ਸੁਤੰਤਰ।2।

ਅਰਥ: ਹੇ ਭਾਈ! ਪਰਮਾਤਮਾ (ਇਸ ਜਗਤ-ਤਮਾਸ਼ੇ ਵਿਚ) ਅਨੇਕਾਂ ਹੀ ਰੰਗਾਂ ਵਿਚ (ਵੱਸ ਰਿਹਾ ਹੈ) ਕੀੜੀ ਤੋਂ ਲੈ ਕੇ ਹਾਥੀ ਤਕ ਸਭਨਾਂ ਦੇ ਨਾਲ ਵੱਸਦਾ ਹੈ।1। ਰਹਾਉ।

ਹੇ ਭਾਈ! (ਉਸ ਪਰਮਾਤਮਾ ਦਾ ਦਰਸਨ ਕਰਨ ਲਈ) ਕੋਈ ਵਰਤ ਨੇਮ ਰੱਖ ਰਿਹਾ ਹੈ, ਕੋਈ ਗੰਗਾ ਸਮੇਤ ਸਾਰੇ ਤੀਰਥਾਂ ਦਾ ਇਸ਼ਨਾਨ ਕਰਦਾ ਹੈ; ਕੋਈ (ਠੰਢੇ) ਪਾਣੀ ਅਤੇ ਬਰਫ਼ (ਦੀ ਠੰਢ ਸਹਾਰ ਰਿਹਾ ਹੈ) , ਕੋਈ ਭੁੱਖਾਂ ਕੱਟਦਾ ਹੈ ਕੋਈ ਨੰਗਾ ਰਹਿੰਦਾ ਹੈ; ਕੋਈ ਆਸਣ ਜਮਾ ਦੇ ਪੂਜਾ ਆਦਿਕ ਦੇ ਕਰਮ ਕਰਦਾ ਹੈ; ਕੋਈ ਆਪਣੇ ਸਰੀਰ ਦੇ ਛੇ ਅੰਗਾਂ ਉਤੇ ਚੱਕਰ ਤਿਲਕ ਆਦਿਕ ਲਾਣ ਦੇ ਕਰਮ ਕਰਦਾ ਹੈ। ਪਰ ਸਾਧ ਸੰਗਤਿ ਦਾ ਦਰਸਨ ਕਰਨ ਤੋਂ ਬਿਨਾ (ਇਹ ਸਾਰੇ ਕਰਮ ਵਿਅਰਥ ਹਨ) ।

ਹੇ ਭਾਈ! (ਅਨੇਕਾਂ ਰੰਗਾਂ ਵਿਚ ਵਿਆਪਕ ਉਸ ਪ੍ਰਭੂ ਦਾ ਦਰਸਨ ਕਰਨ ਲਈ) ਕੋਈ ਮਨੁੱਖ ਹਠ ਨਾਲ ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ ਸਿਰ ਪਰਨੇ ਹੋਇਆ ਹੈ। (ਪਰ ਇਸ ਤਰ੍ਹਾਂ ਸਗੋਂ) ਹਉਮੈ ਦਾ ਰੋਗ (ਮਨੁੱਖ ਉਤੇ) ਜ਼ੋਰ ਪਾ ਲੈਂਦਾ ਹੈ, (ਉਸ ਦੇ ਅੰਦਰੋਂ ਆਤਮਕ ਜੀਵਨ ਦੀ) ਤੋਟ ਮੁੱਕਦੀ ਨਹੀਂ, ਕਾਮ ਕ੍ਰੋਧ ਤ੍ਰਿਸ਼ਨਾ (ਦੀ ਅੱਗ) ਵਿਚ ਸੜਦਾ ਰਹਿੰਦਾ ਹੈ। ਹੇ ਨਾਨਕ! (ਕਾਮ ਕ੍ਰੋਧ ਤ੍ਰਿਸ਼ਨਾ ਤੋਂ) ਉਹ ਮਨੁੱਖ ਬਚਿਆ ਰਹਿੰਦਾ ਹੈ ਜਿਸ ਨੂੰ ਸੋਹਣਾ ਗੁਰੂ ਮਿਲ ਪੈਂਦਾ ਹੈ।2।3। 31।

ਕਾਨੜਾ ਮਹਲਾ ੫ ਘਰੁ ੭    ੴ ਸਤਿਗੁਰ ਪ੍ਰਸਾਦਿ ॥ ਤਿਖ ਬੂਝਿ ਗਈ ਗਈ ਮਿਲਿ ਸਾਧ ਜਨਾ ॥ ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ ॥੧॥ ਰਹਾਉ ॥ ਜੈਸੀ ਕਰੀ ਪ੍ਰਭ ਮੋ ਸਿਉ ਮੋ ਸਿਉ ਐਸੀ ਹਉ ਕੈਸੇ ਕਰਉ ॥ ਹੀਉ ਤੁਮ੍ਹ੍ਹਾਰੇ ਬਲਿ ਬਲੇ ਬਲਿ ਬਲੇ ਬਲਿ ਗਈ ॥੧॥ ਪਹਿਲੇ ਪੈ ਸੰਤ ਪਾਇ ਧਿਆਇ ਧਿਆਇ ਪ੍ਰੀਤਿ ਲਾਇ ॥ ਪ੍ਰਭ ਥਾਨੁ ਤੇਰੋ ਕੇਹਰੋ ਜਿਤੁ ਜੰਤਨ ਕਰਿ ਬੀਚਾਰੁ ॥ ਅਨਿਕ ਦਾਸ ਕੀਰਤਿ ਕਰਹਿ ਤੁਹਾਰੀ ॥ ਸੋਈ ਮਿਲਿਓ ਜੋ ਭਾਵਤੋ ਜਨ ਨਾਨਕ ਠਾਕੁਰ ਰਹਿਓ ਸਮਾਇ ॥ ਏਕ ਤੂਹੀ ਤੂਹੀ ਤੂਹੀ ॥੨॥੧॥੩੭॥ {ਪੰਨਾ 1305}

ਪਦ ਅਰਥ: ਤਿਖ = ਤ੍ਰਿਸ਼ਨਾ, ਮਾਇਆ ਦੀ ਤ੍ਰਿਹ। ਮਿਲਿ = ਮਿਲ ਕੇ। ਪੰਚ ਚੋਰ = (ਆਤਮਕ ਜੀਵਨ ਦੇ ਸਰਮਾਏ ਨੂੰ ਚੁਰਾਣ ਵਾਲੇ ਕਾਮਾਦਿਕ) ਪੰਜ ਚੋਰ। ਹਰੇ ਗੁਨ = ਹਰੀ ਦੇ ਗੁਣ। ਸਹਜੇ ਸੁਖੈਨੋ = ਬੜੇ ਸੌਖ ਨਾਲ। ਦਰਸ ਪਿਆਰਿ = ਦਰਸਨ ਦੇ ਪਿਆਰ ਵਿਚ।1। ਰਹਾਉ।

ਮੋ ਸਿਉ = ਮੇਰੇ ਨਾਲ। ਹਉ = ਹਉਂ, ਮੈਂ। ਕਰਉ = ਕਰਉਂ, ਮੈਂ ਕਰਾਂ। ਹੀਓੁ = ਹਿਰਦਾ (ਅੱਖਰ 'ੳ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਹੀਉ' ਹੈ, ਇਥੇ 'ਹੀਓ' ਪੜ੍ਹਨਾ ਹੈ) । ਬਲਿ ਬਲੇ = ਸਦਕੇ, ਕੁਰਬਾਨ।1।

ਪੈ = ਪੈ ਕੇ। ਸੰਤ ਪਾਇ = ਸੰਤ ਜਨਾਂ ਦੀ ਪੈਰੀਂ। ਧਿਆਇ = (ਤੇਰਾ ਨਾਮ) ਸਿਮਰ ਕੇ। ਕੇਹਰੋ = ਕਿਹੜਾ? ਜਿਤੁ = ਜਿਸ (ਥਾਂ) ਵਿਚ। ਕੀਰਤਿ = ਸਿਫ਼ਤਿ-ਸਾਲਾਹ। ਕਰਹਿ = ਕਰਦੇ ਹਨ (ਬਹੁ-ਵਚਨ) । ਭਾਵਤੋ = ਪਿਆਰਾ ਲੱਗਦਾ ਹੈ। ਠਾਕੁਰ = ਹੇ ਠਾਕੁਰ। ਰਹਿਓ ਸਮਾਇ = ਵਿਆਪਕ ਹੈਂ।2।

ਅਰਥ: ਹੇ ਭਾਈ! ਸੰਤ ਜਨਾਂ ਨੂੰ ਮਿਲ ਕੇ (ਮੇਰੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਉੱਕੀ ਹੀ ਮੁੱਕ ਗਈ ਹੈ। ਪ੍ਰਭੂ ਦੇ ਦਰਸ਼ਨ ਦੀ ਤਾਂਘ ਵਿਚ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਬੜੇ ਹੀ ਸੌਖ ਨਾਲ (ਕਾਮਾਦਿਕ) ਪੰਜੇ ਚੋਰ (ਮੇਰੇ ਅੰਦਰੋਂ) ਭੱਜ ਗਏ ਹਨ।1। ਰਹਾਉ।

ਹੇ ਪ੍ਰਭੂ! ਜਿਹੋ ਜਿਹੀ ਮਿਹਰ ਤੂੰ ਮੇਰੇ ਉੱਤੇ ਕੀਤੀ ਹੈ, (ਉਸ ਦੇ ਵੱਟੇ ਵਿਚ) ਉਹੋ ਜਿਹੀ (ਤੇਰੀ ਸੇਵਾ) ਮੈਂ ਕਿਵੇਂ ਕਰ ਸਕਦਾ ਹਾਂ? ਹੇ ਪ੍ਰਭੂ! ਮੇਰਾ ਹਿਰਦਾ ਤੈਥੋਂ ਸਦਕੇ ਜਾਂਦਾ ਹੈ, ਕੁਰਬਾਨ ਹੁੰਦਾ ਹੈ।1।

ਹੇ ਪ੍ਰਭੂ! ਪਹਿਲਾਂ (ਤੇਰੇ) ਸੰਤ ਜਨਾਂ ਦੀ ਪੈਰੀਂ ਪੈ ਕੇ (ਤੇ, ਤੇਰਾ ਨਾਮ) ਸਿਮਰ ਸਿਮਰ ਸਿਮਰ ਕੇ ਮੈਂ (ਤੇਰੇ ਨਾਲ) ਪ੍ਰੀਤ ਬਣਾਈ ਹੈ। ਹੇ ਪ੍ਰਭੂ! ਤੇਰਾ ਉਹ ਥਾਂ ਬੜਾ ਹੀ ਅਸਚਰਜ ਹੋਵੇਗਾ ਜਿੱਥੇ (ਬੈਠ ਕੇ) ਤੂੰ (ਸਾਰੇ) ਜੀਵਾਂ ਦੀ ਸੰਭਾਲ ਕਰਦਾ ਹੈਂ। ਤੇਰੇ ਅਨੇਕਾਂ ਹੀ ਦਾਸ ਤੇਰੀ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ। ਹੇ ਦਾਸ ਨਾਨਕ! (ਆਖ-) ਹੇ ਠਾਕੁਰ! ਤੈਨੂੰ ਉਹੀ (ਦਾਸ) ਮਿਲ ਸਕਿਆ ਹੈ ਜੋ ਤੈਨੂੰ ਪਿਆਰਾ ਲੱਗਾ। ਹੇ ਠਾਕੁਰ! ਤੂੰ ਹਰ ਥਾਂ ਵਿਆਪਕ ਹੈਂ, ਹਰ ਥਾਂ ਸਿਰਫ਼ ਤੂੰ ਹੀ ਹੈਂ।2।1। 37।

ਕਾਨੜਾ ਮਹਲਾ ੫ ਘਰੁ ੮    ੴ ਸਤਿਗੁਰ ਪ੍ਰਸਾਦਿ ॥ ਤਿਆਗੀਐ ਗੁਮਾਨੁ ਮਾਨੁ ਪੇਖਤਾ ਦਇਆਲ ਲਾਲ ਹਾਂ ਹਾਂ ਮਨ ਚਰਨ ਰੇਨ ॥੧॥ ਰਹਾਉ ॥ ਹਰਿ ਸੰਤ ਮੰਤ ਗੁਪਾਲ ਗਿਆਨ ਧਿਆਨ ॥੧॥ ਹਿਰਦੈ ਗੋਬਿੰਦ ਗਾਇ ਚਰਨ ਕਮਲ ਪ੍ਰੀਤਿ ਲਾਇ ਦੀਨ ਦਇਆਲ ਮੋਹਨਾ ॥ ਕ੍ਰਿਪਾਲ ਦਇਆ ਮਇਆ ਧਾਰਿ ॥ ਨਾਨਕੁ ਮਾਗੈ ਨਾਮੁ ਦਾਨੁ ॥ ਤਜਿ ਮੋਹੁ ਭਰਮੁ ਸਗਲ ਅਭਿਮਾਨੁ ॥੨॥੧॥੩੮॥ {ਪੰਨਾ 1305}

ਪਦ ਅਰਥ: ਤਿਆਗੀਐ = ਤਿਆਗ ਦੇਣਾ ਚਾਹੀਦਾ ਹੈ। ਪੇਖਤਾ = ਵੇਖ ਰਿਹਾ ਹੈ। ਦਇਆਲ = ਦਇਆ ਦਾ ਘਰ ਪ੍ਰਭੂ। ਹਾਂ ਹਾਂ ਮਨ = ਹੇ ਮਨ! ਰੇਨ = ਧੂੜ।1। ਰਹਾਉ।

ਮੰਤ = ਉਪੇਦਸ਼। ਗਿਆਨ = ਡੂੰਘੀ ਸਾਂਝ। ਧਿਆਨ = ਸੁਰਤਿ।1।

ਹਿਰਦੈ = ਹਿਰਦੇ ਵਿਚ। ਲਾਇ = ਜੋੜੀ ਰੱਖ। ਮੋਹਨਾ = ਮਨ ਨੂੰ ਮੋਹ ਲੈਣ ਵਾਲਾ ਪ੍ਰਭੂ। ਕ੍ਰਿਪਾਲ = ਹੇ ਕਿਰਪਾਲ! ਮਇਆ ਧਾਰਿ = ਮਿਹਰ ਕਰ। ਨਾਨਕੁ ਮਾਗੈ = ਨਾਨਕ ਮੰਗਦਾ ਹੈ। ਤਜਿ = ਤਿਆਗ ਕੇ। ਭਰਮੁ = ਭਟਕਣਾ।2।

ਅਰਥ: ਹੇ ਭਾਈ! (ਆਪਣੇ ਅੰਦਰੋਂ) ਮਾਣ ਅਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ। ਦਇਆ-ਦਾ-ਘਰ ਸੋਹਣਾ ਪ੍ਰਭੂ (ਸਾਡੇ ਹਰੇਕ ਕੰਮ ਨੂੰ) ਵੇਖ ਰਿਹਾ ਹੈ। ਹੇ ਮਨ! (ਸਭਨਾਂ ਦੇ) ਚਰਨਾਂ ਦੀ ਧੂੜ (ਬਣਿਆ ਰਹੁ) ।1। ਰਹਾਉ।

ਹੇ ਭਾਈ! ਹਰੀ ਗੋਪਾਲ ਦੇ ਸੰਤ ਜਨਾਂ ਦੇ ਉਪਦੇਸ਼ ਦੀ ਡੂੰਘੀ ਵਿਚਾਰ ਵਿਚ ਸੁਰਤਿ ਜੋੜੀ ਰੱਖ।1।

ਹੇ ਭਾਈ! ਗੋਬਿੰਦ ਦੇ ਗੁਣ (ਆਪਣੇ) ਹਿਰਦੇ ਵਿਚ (ਸਦਾ) ਗਾਇਆ ਕਰ, ਦੀਨਾਂ ਉਤੇ ਦਇਆ ਕਰਨ ਵਾਲੇ ਮੋਹਨ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣਾਈ ਰੱਖ।

ਹੇ ਕਿਰਪਾ ਦੇ ਸੋਮੇ ਪ੍ਰਭੂ! (ਮੇਰੇ ਉਤੇ ਸਦਾ) ਮਿਹਰ ਕਰ (ਤੇਰਾ ਦਾਸ) ਨਾਨਕ (ਆਪਣੇ ਅੰਦਰੋਂ) ਮੋਹ ਭਰਮ ਤੇ ਸਾਰਾ ਮਾਣ ਦੂਰ ਕਰ ਕੇ (ਤੇਰੇ ਦਰ ਤੋਂ ਤੇਰਾ) ਨਾਮ-ਦਾਨ ਮੰਗਦਾ ਹੈ।2।1। 38।

ਕਾਨੜਾ ਮਹਲਾ ੫ ॥ ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥੧॥ ਰਹਾਉ ॥ ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ ॥੧॥ ਜਤਨ ਭਾਂਤਨ ਤਪਨ ਭ੍ਰਮਨ ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ ॥ ਸੋਧਿ ਸਗਰ ਸੋਧਨਾ ਸੁਖੁ ਨਾਨਕਾ ਭਜੁ ਨਾਉ ॥੨॥੨॥੩੯॥ {ਪੰਨਾ 1305-1306}

ਪਦ ਅਰਥ: ਪ੍ਰਭ ਕਹਨ– ਪ੍ਰਭੂ ਦੀ ਸਿਫ਼ਤਿ-ਸਾਲਾਹ। ਮਲਨ ਦਹਨ– (ਵਿਕਾਰਾਂ ਦੀ) ਮੈਲ ਨੂੰ ਸਾੜਨ ਦੇ ਸਮਰੱਥ (ਸਿਫ਼ਤਿ-ਸਾਲਾਹ) । ਲਹਨ– ਪ੍ਰਾਪਤੀ। ਗੁਰ ਮਿਲੇ = ਗੁਰ ਮਿਲਿ, ਗੁਰੂ ਨੂੰ ਮਿਲ ਕੇ। ਆਨ = (ANX) ਕੋਈ ਹੋਰ। ਉਪਾਉ = ਤਰੀਕਾ, ਢੰਗ।1। ਰਹਾਉ।

ਤਟਨ = (ਤਟ = ਤੀਰਥ ਦਾ ਕੰਢਾ) ਤੀਰਥ-ਇਸ਼ਨਾਨ। ਖਟਨ = (ਖਟ = ਛੇ) ਰੋਜ਼ਾਨਾ ਛੇ ਕਰਮਾਂ ਦੇ ਅਭਿਆਸ (ਦਾਨ ਦੇਣ ਤੇ ਲੈਣ, ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨਾ ਤੇ ਕਰਾਣਾ) । ਜਟਨ = ਜਟਾਂ ਸਿਰ ਉਤੇ ਧਾਰਨ ਕਰਨੀਆਂ। ਹੋਮਨ = ਹੋਮ-ਜੱਗ ਕਰਨੇ। ਡੰਡ ਧਾਰ = ਡੰਡਾ-ਧਾਰੀ ਜੋਗੀ ਬਣਨਾ। ਸੁਆਉ = ਸੁਆਰਥ, ਪ੍ਰਯੋਜਨ।1।

ਭਾਂਤਨ = ਅਨੇਕਾਂ ਭਾਂਤ ਦੇ। ਤਪਨ = ਤਪ ਸਾਧਣੇ। ਭ੍ਰਮਨ = ਧਰਤੀ ਉਤੇ ਭੌਂਦੇ ਫਿਰਨਾ। ਕਥਤੇ = ਕਥਦਿਆਂ। ਥਾਹ = ਡੂੰਘਾਈ। ਠਾਉ = ਥਾਂ। ਸੋਧਿ = ਸੋਧ ਕੇ, ਵਿਚਾਰ ਕੇ। ਸੋਧਨਾ = ਵਿਚਾਰਾਂ। ਸਗਰ = ਸਗਲ, ਸਾਰੀਆਂ। ਭਜੁ ਨਾਉ = ਨਾਮ ਸਿਮਰਿਆ ਕਰ।2।

ਅਰਥ: ਹੇ ਭਾਈ! ਗੁਰੂ ਨੂੰ ਮਿਲ ਕੇ (ਹੀ, ਵਿਕਾਰਾਂ ਦੀ) ਮੈਲ ਨੂੰ ਸਾੜਨ ਦੀ ਸਮਰੱਥਾ ਵਾਲੀ ਪ੍ਰਭੂ ਦੀ ਸਿਫ਼ਤਿ-ਸਾਲਾਹ ਪ੍ਰਾਪਤ ਹੁੰਦੀ ਹੈ। ਹੋਰ ਕੋਈ ਹੀਲਾ (ਇਸ ਦੀ ਪ੍ਰਾਪਤੀ ਦਾ) ਨਹੀਂ ਹੈ।1। ਰਹਾਉ।

ਹੇ ਭਾਈ! ਤੀਰਥਾਂ ਦੇ ਇਸ਼ਨਾਨ, ਬ੍ਰਾਹਮਣਾਂ ਵਾਲੇ ਛੇ ਕਰਮਾਂ ਦਾ ਰੋਜ਼ਾਨਾ ਅੱਭਿਆਸ, ਜਟਾਂ ਧਾਰਨ ਕਰਨੀਆਂ, ਹੋਮ-ਜੱਗ ਕਰਨੇ, ਡੰਡਾ ਧਾਰੀ ਜੋਗੀ ਬਣਨਾ = (ਮੇਰਾ ਇਹਨਾਂ ਕੰਮਾਂ ਨਾਲ ਕੋਈ) ਵਾਸਤਾ ਨਹੀਂ।1।

ਹੇ ਭਾਈ! (ਧੂਣੀਆਂ ਆਦਿਕ ਤਪਾ ਕੇ) ਤਪ ਕਰਨੇ, ਧਰਤੀ ਦਾ ਭ੍ਰਮਣ ਕਰਦੇ ਰਹਿਣਾ = ਇਹੋ ਜਿਹੇ ਅਨੇਕਾਂ ਕਿਸਮਾਂ ਦੇ ਜਤਨ ਕੀਤਿਆਂ, ਅਨੇਕਾਂ ਵਖਿਆਨ ਕੀਤਿਆਂ (ਪਰਮਾਤਮਾ ਦੇ ਗੁਣਾਂ ਦੀ) ਹਾਥ ਨਹੀਂ ਲੱਭਦੀ (ਸੁਖ-ਸ਼ਾਂਤੀ ਦਾ) ਥਾਂ ਨਹੀਂ ਮਿਲਦਾ। ਹੇ ਨਾਨਕ! ਸਾਰੀਆਂ ਵਿਚਾਰਾਂ ਵਿਚਾਰ ਕੇ (ਇਹੀ ਗੱਲ ਲੱਭੀ ਹੈ ਕਿ) ਪਰਮਾਤਮਾ ਦਾ ਨਾਮ ਸਿਮਰਿਆ ਕਰੋ (ਇਸੇ ਵਿਚ ਹੀ) ਆਨੰਦ ਹੈ।2। 2। 39।

TOP OF PAGE

Sri Guru Granth Darpan, by Professor Sahib Singh