ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1306

ਕਾਨੜਾ ਮਹਲਾ ੫ ਘਰੁ ੯    ੴ ਸਤਿਗੁਰ ਪ੍ਰਸਾਦਿ ॥ ਪਤਿਤ ਪਾਵਨੁ ਭਗਤਿ ਬਛਲੁ ਭੈ ਹਰਨ ਤਾਰਨ ਤਰਨ ॥੧॥ ਰਹਾਉ ॥ ਨੈਨ ਤਿਪਤੇ ਦਰਸੁ ਪੇਖਿ ਜਸੁ ਤੋਖਿ ਸੁਨਤ ਕਰਨ ॥੧॥ ਪ੍ਰਾਨ ਨਾਥ ਅਨਾਥ ਦਾਤੇ ਦੀਨ ਗੋਬਿਦ ਸਰਨ ॥ ਆਸ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ ਹਰਿ ਚਰਨ ॥੨॥੧॥੪੦॥ {ਪੰਨਾ 1306}

ਪਦ ਅਰਥ: ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪਤਿਤ ਪਾਵਨੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਭਗਤਿ ਬਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਭੈ ਹਰਨ = ਸਾਰੇ ਡਰ ਦੂਰ ਕਰਨ ਵਾਲਾ। ਤਰਨ = ਬੇੜੀ, ਜਹਾਜ਼। ਤਾਰਨ ਤਰਨ = (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼।1। ਰਹਾਉ।

ਨੈਨ = ਅੱਖਾਂ। ਤਿਪਤੇ = ਰੱਜ ਜਾਂਦੇ ਹਨ। ਪੇਖਿ = ਵੇਖ ਕੇ। ਸੁਨਤ = ਸੁਣਦਿਆਂ। ਕਰਨ = ਕੰਨ। ਤੋਖਿ = ਸੰਤੋਖੇ ਜਾਂਦੇ ਹਨ, ਸ਼ਾਂਤੀ ਹਾਸਲ ਕਰਦੇ ਹਨ।1।

ਪ੍ਰਾਨ ਨਾਥ = ਹੇ (ਜੀਵਾਂ ਦੇ) ਪ੍ਰਾਣਾਂ ਦੇ ਨਾਥ! ਅਨਾਥ ਦਾਤੇ = ਹੇ ਅਨਾਥਾਂ ਦੇ ਦਾਤਾਰ! ਦੀਨ ਦਾਤੇ = ਹੇ ਦੀਨਾਂ ਦੇ ਦਾਤਾਰ! ਆਸ ਪੂਰਨ = ਹੇ (ਸਭ ਦੀਆਂ) ਆਸਾਂ ਪੂਰੀਆਂ ਕਰਨ ਵਾਲੇ! ਗਹੀ = ਫੜੀ ਹੈ। ਹਰਿ = ਹੇ ਹਰੀ!।2।

ਅਰਥ: ਹੇ ਪ੍ਰਭੂ! ਤੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈਂ, ਤੂੰ ਭਗਤੀ-ਭਾਵ ਨਾਲ ਪਿਆਰ ਕਰਨ ਵਾਲਾ ਹੈਂ, ਤੂੰ (ਜੀਵਾਂ ਦੇ ਸਾਰੇ) ਡਰ ਦੂਰ ਕਰਨ ਵਾਲਾ ਹੈਂ, ਤੂੰ (ਜੀਵਨ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼ ਹੈਂ।1। ਰਹਾਉ।

ਹੇ ਪ੍ਰਭੂ! ਤੇਰਾ ਦਰਸਨ ਕਰ ਕੇ (ਮੇਰੀਆਂ) ਅੱਖਾਂ ਰੱਜ ਜਾਂਦੀਆਂ ਹਨ, (ਮੇਰੇ) ਕੰਨ ਤੇਰਾ ਜਸ ਸੁਣ ਕੇ ਠੰਢ ਹਾਸਲ ਕਰਦੇ ਹਨ।1।

ਹੇ (ਜੀਵਾਂ ਦੇ) ਪ੍ਰਾਣਾਂ ਦੇ ਨਾਥ! ਹੇ ਅਨਾਥਾਂ ਦੇ ਦਾਤੇ! ਹੇ ਦੀਨਾਂ ਦੇ ਦਾਤੇ! ਹੇ ਗੋਬਿੰਦ! ਮੈਂ ਤੇਰੀ ਸਰਨ ਆਇਆ ਹਾਂ। ਹੇ ਨਾਨਕ! (ਆਖ-) ਹੇ ਹਰੀ! ਹੇ (ਸਭ ਜੀਵਾਂ ਦੀਆਂ) ਆਸਾਂ ਪੂਰਨ ਕਰਨ ਵਾਲੇ! ਹੇ (ਸਭ ਦੇ) ਦੁੱਖ ਨਾਸ ਕਰਨ ਵਾਲੇ! ਮੈਂ ਤੇਰੇ ਚਰਨਾਂ ਦੀ ਓਟ ਲਈ ਹੈ।2।1। 40।

ਕਾਨੜਾ ਮਹਲਾ ੫ ॥ ਚਰਨ ਸਰਨ ਦਇਆਲ ਠਾਕੁਰ ਆਨ ਨਾਹੀ ਜਾਇ ॥ ਪਤਿਤ ਪਾਵਨ ਬਿਰਦੁ ਸੁਆਮੀ ਉਧਰਤੇ ਹਰਿ ਧਿਆਇ ॥੧॥ ਰਹਾਉ ॥ ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ ॥ ਬਿਕਲ ਮਾਇਆ ਸੰਗਿ ਧੰਧ ॥ ਕਰੁ ਗਹੇ ਪ੍ਰਭ ਆਪਿ ਕਾਢਹੁ ਰਾਖਿ ਲੇਹੁ ਗੋਬਿੰਦ ਰਾਇ ॥੧॥ ਅਨਾਥ ਨਾਥ ਸਨਾਥ ਸੰਤਨ ਕੋਟਿ ਪਾਪ ਬਿਨਾਸ ॥ ਮਨਿ ਦਰਸਨੈ ਕੀ ਪਿਆਸ ॥ ਪ੍ਰਭ ਪੂਰਨ ਗੁਨਤਾਸ ॥ ਕ੍ਰਿਪਾਲ ਦਇਆਲ ਗੁਪਾਲ ਨਾਨਕ ਹਰਿ ਰਸਨਾ ਗੁਨ ਗਾਇ ॥੨॥੨॥੪੧॥ {ਪੰਨਾ 1306}

ਪਦ ਅਰਥ: ਦਇਆਲ ਠਾਕੁਰ = ਹੇ ਦਇਆ ਦੇ ਘਰ ਮਾਲਕ ਪ੍ਰਭੂ! ਆਨ = (ANX) ਹੋਰ। ਜਾਇ = ਥਾਂ। ਪਤਿਤ ਪਾਵਨ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਸੁਆਮੀ = ਹੇ ਸੁਆਮੀ! ਉਧਰਤੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ। ਧਿਆਇ = ਸਿਮਰ ਕੇ।1। ਰਹਾਉ।

ਗਾਰ = ਜਿੱਲ੍ਹਣ। ਸਾਗਰ = ਸਮੁੰਦਰ। ਪਤਿਤ = ਡਿੱਗੇ ਹੋਏ। ਅੰਧ = ਅੰਨ੍ਹਾ, ਜਿਸ ਨੂੰ ਜੀਵਨ ਦਾ ਸਹੀ ਰਸਤਾ ਨਹੀਂ ਦਿੱਸ ਸਕਦਾ। ਬਿਕਲ = ਵਿਆਕੁਲ, ਘਬਰਾਏ ਹੋਏ। ਸੰਗਿ = ਨਾਲ। ਮਾਇਆ ਧੰਧ = ਮਾਇਆ ਦੇ ਧੰਧੇ। ਕਰੁ = ਹੱਥ। ਗਹੇ = ਗਹਿ, ਫੜ ਕੇ। ਗੋਬਿੰਦ ਰਾਏ = ਹੇ ਪ੍ਰਭੂ ਪਾਤਿਸ਼ਾਹਿ!।1।

ਅਨਾਥ ਨਾਥ = ਹੇ ਅਨਾਥਾਂ ਦੇ ਨਾਥ! ਸਨਾਥ ਸੰਤਨ = ਹੇ ਸੰਤਾਂ ਦੇ ਸਹਾਰੇ! ਕੋਟਿ = ਕ੍ਰੋੜਾਂ। ਮਨਿ = (ਮੇਰੇ) ਮਨ ਵਿਚ। ਪਿਆਸ = ਤਾਂਘ। ਗੁਨ ਤਾਸ = ਹੇ ਗੁਣਾਂ ਦੇ ਖ਼ਜ਼ਾਨੇ! ਕ੍ਰਿਪਾਲ = ਹੇ ਕਿਰਪਾ ਦੇ ਘਰ! ਰਸਨਾ = ਜੀਭ।2।

ਅਰਥ: ਹੇ ਦਇਆ-ਦੇ-ਘਰ ਠਾਕੁਰ ਪ੍ਰਭੂ! (ਮੈਂ ਤੇਰੇ) ਚਰਨਾਂ ਦੀ ਸਰਨ (ਆਇਆ ਹਾਂ। ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਤੈਥੋਂ ਬਿਨਾ) ਹੋਰ ਕੋਈ ਥਾਂ ਨਹੀਂ। ਹੇ ਸੁਆਮੀ! ਵਿਕਾਰੀਆਂ ਨੂੰ ਪਵਿੱਤਰ ਕਰਨਾ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ। ਹੇ ਹਰੀ! ਤੇਰਾ ਨਾਮ ਸਿਮਰ ਸਿਮਰ ਕੇ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।1। ਰਹਾਉ।

ਹੇ ਪ੍ਰਭੂ ਪਾਤਿਸ਼ਾਹ! ਜਗਤ ਵਿਕਾਰਾਂ ਦੀ ਜਿੱਲ੍ਹਣ ਹੈ, ਵਿਕਾਰਾਂ ਦਾ ਸਮੁੰਦਰ ਹੈ, ਮਾਇਆ ਦੇ ਮੋਹ ਅਤੇ ਮਾਣ ਨਾਲ ਅੰਨ੍ਹੇ ਹੋਏ ਜੀਵ (ਇਸ ਵਿਚ) ਡਿੱਗੇ ਰਹਿੰਦੇ ਹਨ, ਮਾਇਆ ਦੇ ਝੰਬੇਲਿਆਂ ਨਾਲ ਵਿਆਕੁਲ ਹੋਏ ਰਹਿੰਦੇ ਹਨ। ਹੇ ਪ੍ਰਭੂ! (ਇਹਨਾਂ ਦਾ) ਹੱਥ ਫੜ ਕੇ ਤੂੰ ਆਪ (ਇਹਨਾਂ ਨੂੰ ਇਸ ਜਿੱਲ੍ਹਣ ਵਿਚੋਂ) ਕੱਢ, ਤੂੰ ਆਪ (ਇਹਨਾਂ ਦੀ) ਰੱਖਿਆ ਕਰ।1।

ਹੇ ਅਨਾਥਾਂ ਦੇ ਨਾਥ! ਹੇ ਸੰਤਾਂ ਦੇ ਸਹਾਰੇ! ਹੇ (ਜੀਵਾਂ ਦੇ) ਕ੍ਰੋੜਾਂ ਪਾਪ ਨਾਸ ਕਰਨ ਵਾਲੇ! (ਮੇਰੇ) ਮਨ ਵਿਚ (ਤੇਰੇ) ਦਰਸਨ ਦੀ ਤਾਂਘ ਹੈ। ਹੇ ਪੂਰਨ ਪ੍ਰਭੂ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਕ੍ਰਿਪਾਲ! ਹੇ ਦਇਆਲ! ਹੇ ਗੁਪਾਲ! ਹੇ ਹਰੀ! (ਮਿਹਰ ਕਰ) ਨਾਨਕ ਦੀ ਜੀਭ (ਤੇਰੇ) ਗੁਣ ਗਾਂਦੀ ਰਹੇ।2। 2। 41।

ਕਾਨੜਾ ਮਹਲਾ ੫ ॥ ਵਾਰਿ ਵਾਰਉ ਅਨਿਕ ਡਾਰਉ ॥ ਸੁਖੁ ਪ੍ਰਿਅ ਸੁਹਾਗ ਪਲਕ ਰਾਤ ॥੧॥ ਰਹਾਉ ॥ ਕਨਿਕ ਮੰਦਰ ਪਾਟ ਸੇਜ ਸਖੀ ਮੋਹਿ ਨਾਹਿ ਇਨ ਸਿਉ ਤਾਤ ॥੧॥ ਮੁਕਤ ਲਾਲ ਅਨਿਕ ਭੋਗ ਬਿਨੁ ਨਾਮ ਨਾਨਕ ਹਾਤ ॥ ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ ਬਿਹਾਤ ॥੨॥੩॥੪੨॥ {ਪੰਨਾ 1306}

ਪਦ ਅਰਥ: ਵਾਰਿ ਡਾਰਿ = ਵਾਰਿ ਡਾਰਉਂ, ਮੈਂ ਸਦਕੇ ਕਰਦੀ ਹਾਂ। ਵਾਰਉ = ਵਾਰਉਂ, ਮੈਂ ਵਾਰਦੀ ਹਾਂ। ਅਨਿਕ = ਅਨੇਕਾਂ (ਹੋਰ ਸੁਖ) । ਪ੍ਰਿਅ ਸੁਹਾਗ ਰਾਤ = ਪਿਆਰ ਦੇ ਸੁਹਾਗ ਦੀ ਰਾਤ। ਸੁਖ ਪਲਕ = ਪਲ ਭਰ ਦਾ ਸੁਖ।1। ਰਹਾਉ।

ਕਨਿਕ = ਸੋਨਾ। ਕਨਿਕ ਮੰਦਰ = ਸੋਨੇ ਦੇ ਮਹਲ। ਪਾਟ = ਪੱਟ, ਰੇਸ਼ਮ। ਪਾਟ ਸੇਜ = ਪੱਟ ਦੀ ਸੇਜ। ਸਖੀ = ਹੇ ਸਖੀ! ਮੋਹਿ = ਮੈਨੂੰ। ਤਾਤ = ਪ੍ਰਯੋਜਨ।1।

ਮੁਕਤ = ਮੋਤੀ। ਹਾਤ = (ਆਤਮਕ) ਮੌਤ। ਸੈਨ = ਸੌਣਾ। ਪ੍ਰਿਅ ਸੰਗਿ = ਪਿਆਰੇ ਨਾਲ। ਸੂਖਿ = ਸੁਖ ਵਿਚ। ਬਿਹਾਤਿ = (ਉਮਰ) ਗੁਜ਼ਰਦੀ ਹੈ।2।

ਅਰਥ: ਹੇ ਸਖੀ! (ਪਤਿਬ੍ਰਤਾ ਇਸਤ੍ਰੀ ਵਾਂਗ) ਮੈਂ ਪਿਆਰੇ ਪ੍ਰਭੂ-ਪਤੀ ਦੇ ਸੁਹਾਗ ਦੀ ਰਾਤ ਦੇ ਸੁਖ ਤੋਂ (ਹੋਰ) ਅਨੇਕਾਂ (ਸੁਖ) ਵਾਰਦੀ ਹਾਂ, ਸਦਕੇ ਰਹਿੰਦੀ ਹਾਂ।1। ਰਹਾਉ।

ਹੇ ਸਹੇਲੀਏ! ਸੋਨੇ ਦੇ ਮਹਲ ਅਤੇ ਰੇਸ਼ਮੀ ਕਪੜਿਆਂ ਦੀ ਸੇਜ = ਇਹਨਾਂ ਨਾਲ ਮੈਨੂੰ ਕੋਈ ਲਗਨ ਨਹੀਂ ਹੈ।1।

ਹੇ ਨਾਨਕ! ਮੋਤੀ, ਹੀਰੇ (ਮਾਇਕ ਪਦਾਰਥਾਂ ਦੇ) ਅਨੇਕਾਂ ਭੋਗ ਪਰਮਾਤਮਾ ਦੇ ਨਾਮ ਤੋਂ ਬਿਨਾ (ਆਤਮਕ) ਮੌਤ (ਦਾ ਕਾਰਨ) ਹਨ। (ਇਸ ਵਾਸਤੇ) ਹੇ ਸਹੇਲੀਏ! ਰੁੱਖੀ ਰੋਟੀ (ਖਾਣੀ, ਅਤੇ) ਭੁੰਞੇ ਸੌਣਾ (ਚੰਗਾ ਹੈ ਕਿਉਂਕਿ) ਪਿਆਰੇ, ਪ੍ਰਭੂ ਦੀ ਸੰਗਤਿ ਵਿਚ ਜ਼ਿੰਦਗੀ ਸੁਖ ਵਿਚ ਬੀਤਦੀ ਹੈ।2।3। 42।

ਕਾਨੜਾ ਮਹਲਾ ੫ ॥ ਅਹੰ ਤੋਰੋ ਮੁਖੁ ਜੋਰੋ ॥ ਗੁਰੁ ਗੁਰੁ ਕਰਤ ਮਨੁ ਲੋਰੋ ॥ ਪ੍ਰਿਅ ਪ੍ਰੀਤਿ ਪਿਆਰੋ ਮੋਰੋ ॥੧॥ ਰਹਾਉ ॥ ਗ੍ਰਿਹਿ ਸੇਜ ਸੁਹਾਵੀ ਆਗਨਿ ਚੈਨਾ ਤੋਰੋ ਰੀ ਤੋਰੋ ਪੰਚ ਦੂਤਨ ਸਿਉ ਸੰਗੁ ਤੋਰੋ ॥੧॥ ਆਇ ਨ ਜਾਇ ਬਸੇ ਨਿਜ ਆਸਨਿ ਊਂਧ ਕਮਲ ਬਿਗਸੋਰੋ ॥ ਛੁਟਕੀ ਹਉਮੈ ਸੋਰੋ ॥ ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗਹੇਰੋ ॥੨॥੪॥੪੩॥ {ਪੰਨਾ 1306}

ਪਦ ਅਰਥ: ਅਹੰ = ਅਹੰਕਾਰ, ਹਉਮੈ। ਤੋਰੋ = ਤੋਰ, ਤੋੜ, ਨਾਸ ਕਰ। ਜੋਰੋ = ਜੋੜ। ਮੁਖੁ ਜੋਰੋ = (ਸਤਸੰਗੀਆਂ ਨਾਲ) ਮੂੰਹ ਜੋੜ, ਸੰਗਤਿ ਵਿਚ ਮਿਲ ਬੈਠਿਆ ਕਰ। ਕਰਤ = ਕਰਦਿਆਂ। ਗੁਰੁ ਗੁਰੁ ਕਰਤ = ਗੁਰੂ ਗੁਰੂ ਕਰਦਿਆਂ, ਗੁਰੂ ਨੂੰ ਹਿਰਦੇ ਵਿਚ ਵਸਾਂਦਿਆਂ। ਲੋਰੋ = ਲੋੜ, ਭਾਲ, ਖੋਜ। ਮਨੁ ਲੋਰੋ = ਮਨ ਨੂੰ ਖੋਜਿਆ ਕਰ। ਮੋਰੋ = ਮੋੜ, ਸੁਰਤਿ ਪਰਤਾਇਆ ਕਰ। ਪ੍ਰਿਅ ਪ੍ਰੀਤਿ = ਪਿਆਰੇ ਦੀ ਪ੍ਰੀਤ (ਵਾਲੇ ਪਾਸੇ) ।1। ਰਹਾਉ।

ਗ੍ਰਿਹਿ = (ਹਿਰਦੇ-) ਘਰ ਵਿਚ। ਸੁਹਾਵੀ = ਸੁਖ ਦੇਣ ਵਾਲੀ, ਸੋਹਣੀ। ਆਗਨਿ = ਆਂਗਨ ਵਿਚ, (ਹਿਰਦੇ-) ਵਿਹੜੇ ਵਿਚ। ਚੈਨਾ = ਚੈਨ, ਸ਼ਾਂਤੀ। ਤੋਰੋ = ਤੋੜ। ਰੀ = ਹੇ ਸਖੀ! ਸਿਉ = ਨਾਲ। ਸੰਗੁ = ਸਾਥ।1।

ਆਇ ਨ ਜਾਇ = ਨ ਆਇ ਨ ਜਾਇ, ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਭਟਕਦਾ ਨਹੀਂ। ਨਿਜ ਆਸਨਿ = ਆਪਣੇ ਆਸਣ ਉੱਤੇ। ਊਂਧ = (ਪ੍ਰਭੂ ਵਲੋਂ) ਉਲਟਿਆ ਹੋਇਆ। ਕਮਲ = (ਹਿਰਦਾ-) ਕੌਲ-ਫੁੱਲ। ਬਿਗਸੋਰੋ = ਖਿੜ ਪੈਂਦਾ ਹੈ। ਸੋਰੋ = ਸ਼ੋਰ, ਰੌਲਾ। ਰੀ = ਹੇ ਸਖੀ! ਗਾਇਓ = (ਜਿਸ ਨੇ) ਗਾਇਆ। ਗੁਨੀ ਗਹੇਰੋ = ਗੁਣਾਂ ਦਾ ਖ਼ਜ਼ਾਨਾ।2।

ਅਰਥ: ਹੇ ਸਖੀ! (ਸਾਧ ਸੰਗਤਿ ਵਿਚ) ਮਿਲ ਬੈਠਿਆ ਕਰ (ਸਾਧ ਸੰਗਤਿ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਦੂਰ ਕਰ। ਹੇ ਸਹੇਲੀ! ਗੁਰੂ ਨੂੰ ਹਰ ਵੇਲੇ ਆਪਣੇ ਅੰਦਰ ਵਸਾਂਦਿਆਂ (ਆਪਣੇ) ਮਨ ਨੂੰ ਖੋਜਿਆ ਕਰ, (ਇਸ ਤਰ੍ਹਾਂ ਆਪਣੇ ਮਨ ਨੂੰ) ਪਿਆਰੇ ਪ੍ਰਭੂ ਦੀ ਪ੍ਰੀਤ ਵਲ ਪਰਤਾਇਆ ਕਰ।1। ਰਹਾਉ।

ਹੇ ਸਹੇਲੀ! (ਸਾਧ ਸੰਗਤਿ ਵਿਚ ਮਨ ਦੀ ਖੋਜ ਅਤੇ ਪ੍ਰਭੂ ਦੀ ਪ੍ਰੀਤ ਦੀ ਸਹਾਇਤਾ ਨਾਲ ਆਪਣੇ ਅੰਦਰੋਂ) (ਕਾਮਾਦਿਕ) ਪੰਜ ਵੈਰੀਆਂ ਨਾਲੋਂ (ਆਪਣਾ) ਸਾਥ ਤੋੜਨ ਦਾ ਸਦਾ ਜਤਨ ਕਰਿਆ ਕਰ, (ਇਸ ਤਰ੍ਹਾਂ ਤੇਰੇ) ਹਿਰਦੇ-ਘਰ ਵਿਚ (ਪ੍ਰਭੂ-ਮਿਲਾਪ ਦੀ) ਸੋਹਣੀ ਸੇਜ ਬਣ ਜਾਇਗੀ, ਤੇਰੇ (ਹਿਰਦੇ ਦੇ) ਵਿਹੜੇ ਵਿਚ ਸ਼ਾਂਤੀ ਆ ਟਿਕੇਗੀ।1।

ਹੇ ਨਾਨਕ! (ਆਖ-) ਹੇ ਸਖੀ! ਜਿਸ ਜੀਵ-ਇਸਤ੍ਰੀ ਨੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ, (ਉਸ ਦੇ ਅੰਦਰੋਂ) ਹਉਮੈ ਦਾ ਰੌਲਾ ਮੁੱਕ ਗਿਆ, ਉਸ ਦਾ (ਪ੍ਰਭੂ ਵਲੋਂ) ਉਲਟਿਆ ਹੋਇਆ ਹਿਰਦਾ-ਕੌਲ-ਫੁੱਲ ਖਿੜ ਪੈਂਦਾ ਹੈ, ਉਹ ਸਦਾ ਆਪਣੇ ਆਸਣ ਉਤੇ ਬੈਠੀ ਰਹਿੰਦੀ ਹੈ (ਅਡੋਲ-ਚਿੱਤ ਰਹਿੰਦੀ ਹੈ) , ਉਸ ਦੀ ਭਟਕਣਾ ਮੁੱਕ ਜਾਂਦੀ ਹੈ।2।4। 43।

ਕਾਨੜਾ ਮਃ ੫ ਘਰੁ ੯ ॥ ਤਾਂ ਤੇ ਜਾਪਿ ਮਨਾ ਹਰਿ ਜਾਪਿ ॥ ਜੋ ਸੰਤ ਬੇਦ ਕਹਤ ਪੰਥੁ ਗਾਖਰੋ ਮੋਹ ਮਗਨ ਅਹੰ ਤਾਪ ॥ ਰਹਾਉ ॥ ਜੋ ਰਾਤੇ ਮਾਤੇ ਸੰਗਿ ਬਪੁਰੀ ਮਾਇਆ ਮੋਹ ਸੰਤਾਪ ॥੧॥ ਨਾਮੁ ਜਪਤ ਸੋਊ ਜਨੁ ਉਧਰੈ ਜਿਸਹਿ ਉਧਾਰਹੁ ਆਪ ॥ ਬਿਨਸਿ ਜਾਇ ਮੋਹ ਭੈ ਭਰਮਾ ਨਾਨਕ ਸੰਤ ਪ੍ਰਤਾਪ ॥੨॥੫॥੪੪॥ {ਪੰਨਾ 1306}

ਪਦ ਅਰਥ: ਤਾਂ ਤੇ = ਇਸ ਵਾਸਤੇ। ਮਨਾ = ਹੇ ਮਨ! ਜਾਪਿ = ਜਪਿਆ ਕਰ। ਸੰਤ ਬੇਦ = ਗੁਰੂ ਦੇ ਬਚਨ। ਪੰਥੁ = (ਜ਼ਿੰਦਗੀ ਦਾ) ਰਸਤਾ। ਗਾਖਰੋ = ਔਖਾ, ਕਠਨ। ਮਗਨ = ਮਸਤ। ਅਹੰ = ਹਉਮੈ। ਰਹਾਉ।

ਰਾਤੇ = ਰੰਗੇ ਹੋਏ। ਮਾਤੇ = ਮਸਤ। ਸੰਗਿ ਮਾਇਆ = ਮਾਇਆ ਨਾਲ। ਬਪੁਰੀ = ਵਿਚਾਰੀ, ਭੈੜੀ। ਸੰਤਾਪ = ਕਲੇਸ਼।1।

ਜਪਤ = ਜਪਦਿਆਂ। ਜਿਸਹਿ = ਜਿਸ ਨੂੰ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) । ਉਧਾਰਹੁ = ਪਾਰ ਲੰਘਾਂਦਾ ਹੈਂ। ਭੈ = (ਸਾਰੇ) ਡਰ। ਸੰਤ ਪ੍ਰਤਾਪ = ਗੁਰੂ ਦੇ ਪਰਤਾਪ ਨਾਲ।2।

ਅਰਥ: ਹੇ (ਮੇਰੇ) ਮਨ! (ਜੇ ਹਉਮੈ ਦੇ ਤਾਪ ਤੋਂ ਬਚਣਾ ਹੈ) ਤਾਂ ਪਰਮਾਤਮਾ ਦਾ ਨਾਮ ਜਪਿਆ ਕਰ, ਸਦਾ ਜਪਿਆ ਕਰ, ਇਹੀ ਉਪਦੇਸ਼ ਗੁਰੂ ਦੇ ਬਚਨ ਕਰਦੇ ਹਨ। (ਨਾਮ ਜਪਣ ਤੋਂ ਬਿਨਾ ਜ਼ਿੰਦਗੀ ਦਾ) ਰਸਤਾ ਬਹੁਤ ਔਖਾ ਹੈ (ਇਸ ਤੋਂ ਬਿਨਾ) ਮੋਹ ਵਿਚ ਡੁੱਬੇ ਰਹੀਦਾ ਹੈ, ਹਉਮੈ ਦਾ ਤਾਪ ਚੜ੍ਹਿਆ ਰਹਿੰਦਾ ਹੈ। ਰਹਾਉ।

ਹੇ ਮਨ! ਜਿਹੜੇ ਮਨੁੱਖ ਭੈੜੀ ਮਾਇਆ ਨਾਲ ਰੱਤੇ ਮੱਤੇ ਰਹਿੰਦੇ ਹਨ, ਉਹਨਾਂ ਨੂੰ (ਮਾਇਆ ਦੇ) ਮੋਹ ਦੇ ਕਾਰਨ (ਅਨੇਕਾਂ) ਦੁੱਖ-ਕਲੇਸ਼ ਵਿਆਪਦੇ ਹਨ।1।

ਹੇ ਪ੍ਰਭੂ! ਜਿਸ (ਮਨੁੱਖ) ਨੂੰ ਤੂੰ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈਂ, ਉਹ ਮਨੁੱਖ (ਤੇਰਾ) ਨਾਮ ਜਪਦਿਆਂ ਪਾਰ ਲੰਘਦਾ ਹੈ। ਹੇ ਨਾਨਕ! ਗੁਰੂ ਦੇ ਪਰਤਾਪ ਨਾਲ (ਮਨੁੱਖ ਦੇ ਅੰਦਰੋਂ ਮਾਇਆ ਦਾ) ਮੋਹ ਦੂਰ ਹੋ ਜਾਂਦਾ ਹੈ, ਸਾਰੇ ਡਰ ਮਿਟ ਜਾਂਦੇ ਹਨ, ਭਟਕਣਾ ਮੁੱਕ ਜਾਂਦੀ ਹੈ।2।5। 44।

TOP OF PAGE

Sri Guru Granth Darpan, by Professor Sahib Singh