ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1307 ਕਾਨੜਾ ਮਹਲਾ ੫ ਘਰੁ ੧੦ ੴ ਸਤਿਗੁਰ ਪ੍ਰਸਾਦਿ ॥ ਐਸੋ ਦਾਨੁ ਦੇਹੁ ਜੀ ਸੰਤਹੁ ਜਾਤ ਜੀਉ ਬਲਿਹਾਰਿ ॥ ਮਾਨ ਮੋਹੀ ਪੰਚ ਦੋਹੀ ਉਰਝਿ ਨਿਕਟਿ ਬਸਿਓ ਤਾਕੀ ਸਰਨਿ ਸਾਧੂਆ ਦੂਤ ਸੰਗੁ ਨਿਵਾਰਿ ॥੧॥ ਰਹਾਉ ॥ ਕੋਟਿ ਜਨਮ ਜੋਨਿ ਭ੍ਰਮਿਓ ਹਾਰਿ ਪਰਿਓ ਦੁਆਰਿ ॥੧॥ ਕਿਰਪਾ ਗੋਬਿੰਦ ਭਈ ਮਿਲਿਓ ਨਾਮੁ ਅਧਾਰੁ ॥ ਦੁਲਭ ਜਨਮੁ ਸਫਲੁ ਨਾਨਕ ਭਵ ਉਤਾਰਿ ਪਾਰਿ ॥੨॥੧॥੪੫॥ {ਪੰਨਾ 1307} ਪਦ ਅਰਥ: ਦਾਨੁ = (ਨਾਮਿ ਦੀ) ਦਾਤਿ। ਸੰਤਹੁ = ਹੇ ਸੰਤ ਜਨੋ! ਜਾਤ = ਜਾਂਦੀ ਹੈ। ਜੀਉ = ਜਿੰਦ। ਬਲਿਹਾਰਿ = ਸਦਕੇ, ਕੁਰਬਾਨ। ਮਾਨ = ਅਹੰਕਾਰ। ਪੰਚ = (ਕਾਮਾਦਿਕ) ਪੰਜ (ਚੋਰ) । ਦੋਹੀ = ਠੱਗੀ ਹੋਈ। ਉਰਝਿ = (ਕਾਮਾਦਿਕ ਵਿਚ) ਫਸ ਕੇ। ਨਿਕਟਿ = (ਇਹਨਾਂ ਕਾਮਾਦਿਕਾਂ ਦੇ) ਨੇੜੇ। ਤਾਕੀ = (ਹੁਣ) ਤੱਕੀ ਹੈ। ਸਾਧੂਆ = ਸੰਤ ਜਨਾਂ ਦੀ। ਦੂਤ ਸੰਗੁ = (ਕਾਮਾਦਿਕ) ਵੈਰੀਆਂ ਦਾ ਸਾਥ। ਨਿਵਾਰਿ = ਦੂਰ ਕਰੋ।1। ਰਹਾਉ। ਕੋਟਿ = ਕ੍ਰੋੜਾਂ। ਭ੍ਰਮਿਓ = ਭਟਕਦਾ ਫਿਰਿਆ। ਦੁਆਰਿ = (ਤੁਹਾਡੇ) ਦਰ ਤੇ।1। ਅਧਾਰੁ = ਆਸਰਾ। ਦੁਲਭ = ਮੁਸ਼ਕਿਲ ਨਾਲ ਮਿਲਣ ਵਾਲਾ। ਸਫਲੁ = ਕਾਮਯਾਬ। ਭਵ = ਸੰਸਾਰ-ਸਮੁੰਦਰ।2। ਅਰਥ: ਹੇ ਸੰਤ ਜਨੋ! ਮੈਨੂੰ ਇਹੋ ਜਿਹਾ ਦਾਨ ਦੇਹੋ (ਜੋ ਕਾਮਾਦਿਕ ਪੰਜ ਵੈਰੀਆਂ ਤੋਂ ਬਚਾ ਰੱਖੇ, ਮੇਰੀ) ਜਿੰਦ (ਨਾਮ ਦੀ ਦਾਤਿ ਤੋਂ) ਸਦਕੇ ਜਾਂਦੀ ਹੈ। (ਇਹ ਜਿੰਦ) ਅਹੰਕਾਰ ਵਿਚ ਮਸਤ ਰਹਿੰਦੀ ਹੈ, (ਕਾਮਾਦਿਕ) ਪੰਜ (ਚੋਰਾਂ ਦੇ ਹੱਥੋਂ) ਠੱਗੀ ਜਾਂਦੀ ਹੈ, (ਉਹਨਾਂ ਕਾਮਾਦਿਕਾਂ ਵਿਚ ਹੀ) ਫਸ ਕੇ (ਉਹਨਾਂ ਦੇ ਹੀ) ਨੇੜੇ ਟਿਕੀ ਰਹਿੰਦੀ ਹੈ। ਮੈਂ (ਇਹਨਾਂ ਤੋਂ ਬਚਣ ਲਈ) ਸੰਤ ਜਨਾਂ ਦੀ ਸਰਨ ਤੱਕੀ ਹੈ। (ਹੇ ਸੰਤ ਜਨੋ! ਮੇਰਾ ਇਹਨਾਂ ਕਾਮਾਦਿਕ) ਵੈਰੀਆਂ ਵਾਲਾ ਸਾਥ ਦੂਰ ਕਰੋ।1। ਰਹਾਉ। ਹੇ ਸੰਤ ਜਨੋ! (ਕਾਮਾਦਿਕ ਪੰਜਾਂ ਵੈਰੀਆਂ ਦੇ ਪ੍ਰਭਾਵ ਹੇਠ ਰਹਿ ਕੇ ਮਨੁੱਖ ਦੀ ਜਿੰਦ) ਕ੍ਰੋੜਾਂ ਜਨਮਾਂ ਜੂਨਾਂ ਵਿਚ ਭਟਕਦੀ ਰਹਿੰਦੀ ਹੈ। (ਹੇ ਸੰਤ ਜਨੋ!) ਮੈਂ ਹੋਰ ਆਸਰੇ ਛੱਡ ਕੇ ਤੁਹਾਡੇ ਦਰ ਤੇ ਆਇਆ ਹਾਂ।1। ਹੇ ਭਾਈ! ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਸ ਨੂੰ (ਕਾਮਾਦਿਕ ਵੈਰੀਆਂ ਦਾ ਟਾਕਰਾ ਕਰਨ ਲਈ ਪਰਮਾਤਮਾ ਦਾ) ਨਾਮ ਆਸਰਾ ਮਿਲ ਜਾਂਦਾ ਹੈ, ਉਸ ਦਾ ਇਹ ਦੁਰਲੱਭ (ਮਨੁੱਖਾ) ਜਨਮ ਕਾਮਯਾਬ ਹੋ ਜਾਂਦਾ ਹੈ। ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ ਤੇ ਆਖ– ਹੇ ਪ੍ਰਭੂ! ਮੈਨੂੰ ਆਪਣੇ ਨਾਮ ਦਾ ਆਸਰਾ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।2।1। 45। ਕਾਨੜਾ ਮਹਲਾ ੫ ਘਰੁ ੧੧ ੴ ਸਤਿਗੁਰ ਪ੍ਰਸਾਦਿ ॥ ਸਹਜ ਸੁਭਾਏ ਆਪਨ ਆਏ ॥ ਕਛੂ ਨ ਜਾਨੌ ਕਛੂ ਦਿਖਾਏ ॥ ਪ੍ਰਭੁ ਮਿਲਿਓ ਸੁਖ ਬਾਲੇ ਭੋਲੇ ॥੧॥ ਰਹਾਉ ॥ ਸੰਜੋਗਿ ਮਿਲਾਏ ਸਾਧ ਸੰਗਾਏ ॥ ਕਤਹੂ ਨ ਜਾਏ ਘਰਹਿ ਬਸਾਏ ॥ ਗੁਨ ਨਿਧਾਨੁ ਪ੍ਰਗਟਿਓ ਇਹ ਚੋਲੈ ॥੧॥ ਚਰਨ ਲੁਭਾਏ ਆਨ ਤਜਾਏ ॥ ਥਾਨ ਥਨਾਏ ਸਰਬ ਸਮਾਏ ॥ ਰਸਕਿ ਰਸਕਿ ਨਾਨਕੁ ਗੁਨ ਬੋਲੈ ॥੨॥੧॥੪੬॥ {ਪੰਨਾ 1307} ਪਦ ਅਰਥ: ਸਹਜ = ਆਤਮਕ ਅਡੋਲਤਾ। ਸੁਭਾਏ = ਸੁਭਾਇ, ਪਿਆਰ ਦੀ ਰਾਹੀਂ, ਪਿਆਰ ਦੇ ਪ੍ਰੇਰੇ ਹੋਏ। ਆਪਨ = ਆਪਣੇ ਆਪ। ਜਾਨੌ = ਜਾਨਉਂ, ਮੈਂ ਜਾਣਦਾ। ਨ ਕਛੂ ਜਾਨੌ (ਨ) ਕਛੂ ਦਿਖਾਏ = ਨਾਹ ਮੈਂ ਕੁਝ ਜਾਣਦਾ ਹਾਂ, ਨਾਹ ਮੈਂ ਕੁਝ ਵਿਖਾਇਆ ਹੈ (ਨਾਹ ਮੇਰੀ ਮਤਿ-ਬੁਧਿ ਉੱਚੀ ਹੈ, ਨਾਹ ਮੇਰੀ ਕਰਣੀ ਉੱਚੀ ਹੈ) । ਬਾਲੇ ਭੋਲੇ = ਭੋਲੇ ਬਾਲਕ ਨੂੰ।1। ਰਹਾਉ। ਸੰਜੋਗਿ = ਸੰਜੋਗ ਨੇ। ਸਾਧ ਸੰਗਾਏ = ਸਾਧ ਸੰਗਤਿ ਵਿਚ। ਕਤਹੂ = ਕਿਸੇ ਭੀ ਹੋਰ ਪਾਸੇ। ਘਰਹਿ = ਘਰ ਵਿਚ ਹੀ। ਗੁਨ ਨਿਧਾਨੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਇਹ ਚੋਲੈ = ਇਸ ਸਰੀਰ ਵਿਚ।1। ਲੁਭਾਏ = ਖਿੱਚ ਪਾ ਲਈ ਹੈ। ਆਨ = ਹੋਰ (ਪਿਆਰ, ਆਸਰੇ) । ਤਜਾਏ = ਛੱਡ ਦਿੱਤੇ ਹਨ। ਥਾਨ ਥਨਾਏ = ਥਾਨ ਥਾਨ ਵਿਚ, ਹਰੇਕ ਥਾਂ ਵਿਚ। ਸਰਬ = ਸਭਨਾਂ ਵਿਚ। ਰਸਕਿ = ਸੁਆਦ ਨਾਲ, ਆਨੰਦ ਨਾਲ।2। ਅਰਥ: ਹੇ ਭਾਈ! (ਕਿਸੇ) ਆਤਮਕ ਅਡੋਲਤਾ ਵਾਲੇ ਪਿਆਰ ਦੀ ਪ੍ਰੇਰਨਾ ਨਾਲ (ਪ੍ਰਭੂ ਜੀ) ਆਪਣੇ ਆਪ ਹੀ (ਮੈਨੂੰ) ਆ ਮਿਲੇ ਹਨ, ਮੈਂ ਤਾਂ ਨਾਹ ਕੁਝ ਜਾਣਦਾ-ਬੁੱਝਦਾ ਹਾਂ, ਨਾਹ ਮੈਂ ਕੋਈ ਚੰਗੀ ਕਰਣੀ ਵਿਖਾ ਸਕਿਆ ਹਾਂ। ਮੈਨੂੰ ਭੋਲੇ ਬਾਲ ਨੂੰ ਉਹ ਸੁਖਾਂ ਦਾ ਮਾਲਕ ਪ੍ਰਭੂ (ਆਪ ਹੀ) ਆ ਮਿਲਿਆ ਹੈ।1। ਰਹਾਉ। ਹੇ ਭਾਈ! (ਕਿਸੇ ਪਿਛਲੇ) ਸੰਜੋਗ ਨੇ (ਮੈਨੂੰ) ਸਾਧ ਸੰਗਤਿ ਵਿਚ ਮਿਲਾ ਦਿੱਤਾ, (ਹੁਣ ਮੇਰਾ ਮਨ) ਕਿਸੇ ਭੀ ਹੋਰ ਪਾਸੇ ਨਹੀਂ ਜਾਂਦਾ, (ਹਿਰਦੇ-) ਘਰ ਵਿਚ ਹੀ ਟਿਕਿਆ ਰਹਿੰਦਾ ਹੈ। (ਮੇਰੇ ਇਸ ਸਰੀਰ ਵਿਚ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਪਰਗਟ ਹੋ ਪਿਆ ਹੈ।1। ਹੇ ਭਾਈ! (ਪ੍ਰਭੂ ਦੇ) ਚਰਨਾਂ ਨੇ (ਮੈਨੂੰ ਆਪਣੇ ਵਲ) ਖਿੱਚ ਪਾ ਲਈ ਹੈ, ਮੈਥੋਂ ਹੋਰ ਸਾਰੇ ਮੋਹ-ਪਿਆਰ ਛਡਾ ਲਏ ਹਨ, (ਹੁਣ ਮੈਨੂੰ ਇਉਂ ਦਿੱਸਦਾ ਹੈ ਕਿ ਉਹ ਪ੍ਰਭੂ) ਹਰੇਕ ਥਾਂ ਵਿਚ ਸਭਨਾਂ ਵਿਚ ਵੱਸ ਰਿਹਾ ਹੈ। (ਹੁਣ ਉਸ ਦਾ ਦਾਸ) ਨਾਨਕ ਬੜੇ ਆਨੰਦ ਨਾਲ ਉਸ ਦੇ ਗੁਣ ਉਚਾਰਦਾ ਰਹਿੰਦਾ ਹੈ।2।1। 46। ਕਾਨੜਾ ਮਹਲਾ ੫ ॥ ਗੋਬਿੰਦ ਠਾਕੁਰ ਮਿਲਨ ਦੁਰਾਈ ॥ ਪਰਮਿਤਿ ਰੂਪੁ ਅਗੰਮ ਅਗੋਚਰ ਰਹਿਓ ਸਰਬ ਸਮਾਈ ॥੧॥ ਰਹਾਉ ॥ ਕਹਨਿ ਭਵਨਿ ਨਾਹੀ ਪਾਇਓ ਪਾਇਓ ਅਨਿਕ ਉਕਤਿ ਚਤੁਰਾਈ ॥੧॥ ਜਤਨ ਜਤਨ ਅਨਿਕ ਉਪਾਵ ਰੇ ਤਉ ਮਿਲਿਓ ਜਉ ਕਿਰਪਾਈ ॥ ਪ੍ਰਭੂ ਦਇਆਰ ਕ੍ਰਿਪਾਰ ਕ੍ਰਿਪਾ ਨਿਧਿ ਜਨ ਨਾਨਕ ਸੰਤ ਰੇਨਾਈ ॥੨॥੨॥੪੭॥ {ਪੰਨਾ 1307} ਪਦ ਅਰਥ: ਦੁਰਾਈ = ਕਠਨ, ਔਖਾ। ਪਰਮਿਤਿ = ਮਿਤਿ ਤੋਂ ਪਰੇ, ਅੰਦਾਜ਼ੇ ਤੋਂ ਪਰੇ, ਜਿਸਦੀ ਹਸਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ। ਅਗੰਮ = ਅਪਹੁੰਚ। ਅਗੋਚਰ = (ਅ-ਗੋ-ਚਰ। ਗੋ = ਗਿਆਨ-ਇੰਦ੍ਰੇ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾ ਹੋ ਸਕੇ।1। ਰਹਾਉ। ਕਹਨਿ = ਕਹਿਣ ਨਾਲ, ਆਖਣ ਨਾਲ, (ਨਿਰਾ) ਜ਼ਬਾਨੀ ਗੱਲਾਂ ਕਰਨ ਨਾਲ। ਭਵਣਿ = ਭੌਣ ਨਾਲ, ਤੀਰਥ ਯਾਤ੍ਰਾ ਆਦਿ ਕਰਨ ਨਾਲ। ਉਕਤਿ = ਦਲੀਲ, ਯੁਕਤੀ।1। ਉਪਾਵ = (ਲਫ਼ਜ਼ 'ਉਪਾਉ' ਤੋਂ ਬਹੁ-ਵਚਨ) ਹੀਲੇ। ਰੇ = ਹੇ ਭਾਈ! ਤਉ = ਤਦੋਂ। ਜਉ = ਜਦੋਂ। ਦਇਆਰ = ਦਇਆਲ। ਕ੍ਰਿਪਾਰ = ਕਿਰਪਾਲ। ਕ੍ਰਿਪਾਨਿਧਿ = ਕਿਰਪਾ ਦਾ ਖ਼ਜ਼ਾਨਾ। ਰੇਨਾਈ = ਚਰਨ-ਧੂੜ।2। ਅਰਥ: ਹੇ ਭਾਈ! ਗੋਬਿੰਦ ਨੂੰ ਠਾਕੁਰ ਨੂੰ ਮਿਲਣਾ ਬਹੁਤ ਔਖਾ ਹੈ। ਉਹ ਪਰਮਾਤਮਾ (ਉਂਞ ਤਾਂ) ਸਭਨਾਂ ਵਿਚ ਸਮਾਇਆ ਹੋਇਆ ਹੈ (ਪਰ) ਉਸ ਦਾ ਸਰੂਪ ਅੰਦਾਜ਼ੇ ਤੋਂ ਪਰੇ ਹੈ, ਉਹ ਅਪਹੁੰਚ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।1। ਰਹਾਉ। ਹੇ ਭਾਈ! (ਨਿਰਾ ਗਿਆਨ ਦੀਆਂ) ਗੱਲਾਂ ਕਰਨ ਨਾਲ, (ਤੀਰਥ ਆਦਿਕਾਂ ਤੇ) ਭੌਣ ਨਾਲ ਪਰਮਾਤਮਾ ਨਹੀਂ ਮਿਲਦਾ, ਅਨੇਕਾਂ ਯੁਕਤੀਆਂ ਤੇ ਚਤੁਰਾਈਆਂ ਨਾਲ ਭੀ ਨਹੀਂ ਮਿਲਦਾ।1। ਹੇ ਭਾਈ! ਅਨੇਕਾਂ ਜਤਨਾਂ ਅਤੇ ਅਨੇਕਾਂ ਹੀਲਿਆਂ ਨਾਲ ਪਰਮਾਤਮਾ ਨਹੀਂ ਮਿਲਦਾ। ਉਹ ਤਦੋਂ ਹੀ ਮਿਲਦਾ ਹੈ ਜਦੋਂ ਉਸ ਦੀ ਆਪਣੀ ਕਿਰਪਾ ਹੁੰਦੀ ਹੈ। ਹੇ ਦਾਸ ਨਾਨਕ! ਦਇਆਲ, ਕਿਰਪਾਲ, ਕਿਰਪਾ ਦਾ ਖ਼ਜ਼ਾਨਾ ਪ੍ਰਭੂ ਸੰਤ ਜਨਾਂ ਦੀ ਚਰਨ-ਧੂੜ ਵਿਚ ਰਿਹਾਂ ਮਿਲਦਾ ਹੈ।2। 2। 47। ਕਾਨੜਾ ਮਹਲਾ ੫ ॥ ਮਾਈ ਸਿਮਰਤ ਰਾਮ ਰਾਮ ਰਾਮ ॥ ਪ੍ਰਭ ਬਿਨਾ ਨਾਹੀ ਹੋਰੁ ॥ ਚਿਤਵਉ ਚਰਨਾਰਬਿੰਦ ਸਾਸਨ ਨਿਸਿ ਭੋਰ ॥੧॥ ਰਹਾਉ ॥ ਲਾਇ ਪ੍ਰੀਤਿ ਕੀਨ ਆਪਨ ਤੂਟਤ ਨਹੀ ਜੋਰੁ ॥ ਪ੍ਰਾਨ ਮਨੁ ਧਨੁ ਸਰਬਸੋੁ ਹਰਿ ਗੁਨ ਨਿਧੇ ਸੁਖ ਮੋਰ ॥੧॥ ਈਤ ਊਤ ਰਾਮ ਪੂਰਨੁ ਨਿਰਖਤ ਰਿਦ ਖੋਰਿ ॥ ਸੰਤ ਸਰਨ ਤਰਨ ਨਾਨਕ ਬਿਨਸਿਓ ਦੁਖੁ ਘੋਰ ॥੨॥੩॥੪੮॥ {ਪੰਨਾ 1307} ਪਦ ਅਰਥ: ਮਾਈ = ਹੇ ਮਾਂ! ਸਿਮਰਤ = ਸਿਮਰਦਿਆਂ। ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ, ਮੈਂ ਚੇਤੇ ਕਰਦਾ ਹਾਂ। ਚਰਨਾਰਬਿੰਦ = (ਚਰਨ-ਅਰਬਿੰਦ। ਅਰਬਿੰਦ = ਕੌਲ ਫੁੱਲ) ਕੌਲ-ਫੁੱਲ ਵਰਗੇ ਸੋਹਣੇ ਚਰਨ। ਸਾਸਨ = ਹਰੇਕ ਸਾਹ ਦੇ ਨਾਲ। ਨਿਸਿ = ਰਾਤ। ਭੋਰ = ਦਿਨ।1। ਰਹਾਉ। ਲਾਇ = ਲਾ ਕੇ, ਜੋੜ ਕੇ। ਕੀਨ ਆਪਨ = ਆਪਣਾ ਬਣਾ ਲਿਆ ਹੈ। ਜੋਰੁ = ਜੋੜ, ਮਿਲਾਪ। ਸਰਬਸੋੁ (svLÔv) । ਅੱਖਰ 'ਸ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਸਰਬਸੁ' ਹੈ, ਇਥੇ 'ਸਰਬਸੋ' ਪੜ੍ਹਨਾ ਹੈ) ਸਾਰਾ ਧਨ-ਪਦਾਰਥ, ਸਭ ਕੁਝ। ਗੁਨ ਨਿਧੇ = ਗੁਣਾਂ ਦਾ ਖ਼ਜ਼ਾਨਾ ਹਰੀ। ਮੋਰ = ਮੇਰਾ।1। ਈਤ = ਇਥੇ। ਊਤ = ਉਥੇ। ਨਿਰਖਤ = (ਮੈਂ) ਵੇਖਦਾ ਹਾਂ। ਰਿਦ ਖੋਰਿ = ਹਿਰਦੇ ਦੀ ਖੋੜ ਵਿਚ, ਹਿਰਦੇ ਦੇ ਗੁਪਤ ਥਾਂ ਵਿਚ। ਤਰਨ = ਬੇੜੀ, ਜਹਾਜ਼। ਘੋਰ = ਬਹੁਤ ਭਾਰੀ।2। ਅਰਥ: ਹੇ ਮਾਂ! ਪ੍ਰਭੂ ਬਿਨਾ (ਮੇਰਾ) ਕੋਈ ਹੋਰ (ਆਸਰਾ) ਨਹੀਂ ਹੈ। ਉਸ ਦਾ ਨਾਮ ਹਰ ਵੇਲੇ ਸਿਮਰਦਿਆਂ ਮੈਂ ਦਿਨ ਰਾਤ ਹਰੇਕ ਸਾਹ ਦੇ ਨਾਲ ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰਦਾ ਰਹਿੰਦਾ ਹਾਂ।1। ਰਹਾਉ। ਹੇ ਮਾਂ! (ਉਸ ਪਰਮਾਤਮਾ ਨਾਲ) ਪਿਆਰ ਪਾ ਕੇ (ਮੈਂ ਉਸ ਨੂੰ) ਆਪਣਾ ਬਣਾ ਲਿਆ ਹੈ (ਹੁਣ ਇਹ) ਪ੍ਰੀਤ ਦੀ ਗੰਢ ਟੁੱਟੇਗੀ ਨਹੀਂ। ਮੇਰੇ ਵਾਸਤੇ ਗੁਣਾਂ ਦਾ ਖ਼ਜ਼ਾਨਾ ਹਰੀ ਹੀ ਸੁਖ ਹੈ, ਜਿੰਦ ਹੈ, ਮਨ ਹੈ, ਧਨ ਹੈ, ਮੇਰਾ ਸਭ ਕੁਝ ਉਹੀ ਹੈ।1। ਹੇ ਨਾਨਕ! ਇਥੇ ਉਥੇ ਹਰ ਥਾਂ ਪਰਮਾਤਮਾ ਹੀ ਵਿਆਪਕ ਹੈ, ਮੈਂ ਉਸਨੂੰ ਆਪਣੇ ਹਿਰਦੇ ਦੇ ਲੁਕਵੇਂ ਥਾਂ ਵਿਚ (ਬੈਠਾ) ਵੇਖ ਰਿਹਾ ਹਾਂ। (ਜੀਵਾਂ ਨੂੰ ਪਾਰ ਲੰਘਾਣ ਲਈ ਉਹ) ਜਹਾਜ਼ ਹੈ, ਸੰਤਾਂ ਦੀ ਸਰਨ ਵਿਚ (ਜਿਨ੍ਹਾਂ ਨੂੰ ਮਿਲ ਪੈਂਦਾ ਹੈ, ਉਹਨਾਂ ਦਾ) ਸਾਰਾ ਵੱਡੇ ਤੋਂ ਵੱਡਾ ਦੁੱਖ ਭੀ ਨਾਸ ਹੋ ਜਾਂਦਾ ਹੈ।2।3। 48। ਕਾਨੜਾ ਮਹਲਾ ੫ ॥ ਜਨ ਕੋ ਪ੍ਰਭੁ ਸੰਗੇ ਅਸਨੇਹੁ ॥ ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ ॥੧॥ ਰਹਾਉ ॥ ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ ॥੧॥ ਮੁਕਤਿ ਜੁਗਤਿ ਭੁਗਤਿ ਪੂਰਨ ਪਰਮਾਨੰਦ ਪਰਮ ਨਿਧਾਨ ॥ ਭੈ ਭਾਇ ਭਗਤਿ ਨਿਹਾਲ ਨਾਨਕ ਸਦਾ ਸਦਾ ਕੁਰਬਾਨ ॥੨॥੪॥੪੯॥ {ਪੰਨਾ 1307-1308} ਪਦ ਅਰਥ: ਕੋ = ਦਾ। ਪ੍ਰਭੁ = ਮਾਲਕ। ਸੰਗੇ = (ਤੇਰੇ) ਨਾਲ। ਅਸਨੇਹੁ = ਨੇਹੁ, ਪਿਆਰ। ਸਾਜਨੋ = ਸਾਜਨੁ, ਸੱਜਣ। ਗ੍ਰਿਹਿ ਤੇਰੈ = ਤੇਰੇ ਘਰ ਵਿਚ। ਸਭ ਕੇਹੁ = ਸਭ ਕੁਝ, ਹਰੇਕ ਪਦਾਰਥ।1। ਰਹਾਉ। ਮਾਨੁ = ਇੱਜ਼ਤ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਤਾਨੁ = ਤਾਕਤ, ਆਸਰਾ। ਲਖਮੀ = ਮਾਇਆ। ਸੁਤ = ਪੁੱਤਰ। ਦੇਹ = ਸਰੀਰ, ਸਰੀਰ-ਅਰੋਗਤਾ।1। ਮੁਕਤਿ = (ਵਿਕਾਰਾਂ ਤੋਂ) ਖ਼ਲਾਸੀ। ਜੁਗਤਿ = ਜੀਵਨ-ਜਾਚ। ਭੁਗਤਿ = ਖ਼ੁਰਾਕ, ਭੋਜਨ। ਪਰਮਾਨੰਦ = ਪਰਮ ਆਨੰਦ, ਸਭ ਤੋਂ ਉੱਚੇ ਆਨੰਦ ਦਾ ਮਾਲਕ। ਨਿਧਾਨ = ਖ਼ਜ਼ਾਨਾ। ਭੈ = ਡਰ ਵਿਚ, ਅਦਬ ਵਿਚ। ਭਾਇ = ਪਿਆਰ ਵਿਚ। ਨਿਹਾਲ = ਪਰਸੰਨ।2। ਅਰਥ: ਹੇ ਪ੍ਰਭੂ! ਤੂੰ ਆਪਣੇ ਸੇਵਕ ਦੇ ਸਿਰ ਉਤੇ ਰਾਖਾ ਹੈਂ, (ਤੇਰੇ ਸੇਵਕ ਦਾ ਤੇਰੇ) ਨਾਲ ਪਿਆਰ (ਟਿਕਿਆ ਰਹਿੰਦਾ ਹੈ) । ਹੇ ਪ੍ਰਭੂ! ਤੂੰ (ਹੀ) ਮੇਰਾ ਸੱਜਣ ਹੈਂ, ਤੂੰ (ਹੀ) ਮੇਰਾ ਮਿੱਤਰ ਹੈਂ, ਤੇਰੇ ਘਰ ਵਿਚ ਹਰੇਕ ਪਦਾਰਥ ਹੈ।1। ਰਹਾਉ। ਹੇ ਪ੍ਰਭੂ! ਮੈਂ (ਤੇਰੇ ਦਰ ਤੋਂ) ਇੱਜ਼ਤ ਮੰਗਦਾ ਹਾਂ, (ਤੇਰਾ) ਆਸਰਾ ਮੰਗਦਾ ਹਾਂ, ਧਨ-ਪਦਾਰਥ ਮੰਗਦਾ ਹਾਂ, ਪੁੱਤਰ ਮੰਗਦਾ ਹਾਂ, ਸਰੀਰਕ ਅਰੋਗਤਾ ਮੰਗਦਾ ਹਾਂ।1। ਹੇ ਪ੍ਰਭੂ! ਤੂੰ ਹੀ ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲਾ ਹੈਂ, ਤੂੰ ਹੀ ਜੀਵਨ-ਜਾਚ ਸਿਖਾਂਦਾ ਹੈਂ, ਤੂੰ ਹੀ ਭੋਜਨ ਦੇਣ ਵਾਲਾ ਹੈਂ, ਤੂੰ ਸਭ ਤੋਂ ਉੱਚੇ ਆਨੰਦ ਤੇ ਸੁਖਾਂ ਦਾ ਖ਼ਜ਼ਾਨਾ ਹੈਂ। ਹੇ ਨਾਨਕ! (ਆਖ– ਹੇ ਪ੍ਰਭੂ! ਮੈਂ ਤੈਥੋਂ) ਸਦਾ ਹੀ ਸਦਕੇ ਜਾਂਦਾ ਹਾਂ, (ਜਿਹੜੇ ਮਨੁੱਖ ਤੇਰੇ) ਡਰ ਵਿਚ ਪਿਆਰ ਵਿਚ (ਟਿਕ ਕੇ ਤੇਰੀ) ਭਗਤੀ (ਕਰਦੇ ਹਨ, ਉਹ) ਨਿਹਾਲ (ਹੋ ਜਾਂਦੇ ਹਨ) ।2।4। 49। |
Sri Guru Granth Darpan, by Professor Sahib Singh |