ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1308 ਕਾਨੜਾ ਮਹਲਾ ੫ ॥ ਕਰਤ ਕਰਤ ਚਰਚ ਚਰਚ ਚਰਚਰੀ ॥ ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ॥੧॥ ਰਹਾਉ ॥ ਅਹੰ ਅਹੰ ਅਹੈ ਅਵਰ ਮੂੜ ਮੂੜ ਮੂੜ ਬਵਰਈ ॥ ਜਤਿ ਜਾਤ ਜਾਤ ਜਾਤ ਸਦਾ ਸਦਾ ਸਦਾ ਸਦਾ ਕਾਲ ਹਈ ॥੧॥ ਮਾਨੁ ਮਾਨੁ ਮਾਨੁ ਤਿਆਗਿ ਮਿਰਤੁ ਮਿਰਤੁ ਨਿਕਟਿ ਨਿਕਟਿ ਸਦਾ ਹਈ ॥ ਹਰਿ ਹਰੇ ਹਰੇ ਭਾਜੁ ਕਹਤੁ ਨਾਨਕੁ ਸੁਨਹੁ ਰੇ ਮੂੜ ਬਿਨੁ ਭਜਨ ਭਜਨ ਭਜਨ ਅਹਿਲਾ ਜਨਮੁ ਗਈ ॥੨॥੫॥੫੦॥੧੨॥੬੨॥ {ਪੰਨਾ 1308} ਪਦ ਅਰਥ: ਕਰਤ ਕਰਤ = ਹਰ ਵੇਲੇ ਕਰਦੇ ਰਹਿੰਦੇ। ਚਰਚ ਚਰਚ ਚਰਚਰੀ = ਚਰਚਾ ਹੀ ਚਰਚਾ। ਜੋਗ ਧਿਆਨ = ਜੋਗ-ਸਮਾਧੀਆਂ ਲਾਣ ਵਾਲੇ। ਭੇਖ = (ਛੇ) ਭੇਖਾਂ ਦੇ ਸਾਧੂ। ਗਿਆਨ = (ਸ਼ਾਸਤ੍ਰਾਂ ਦੇ) ਜਾਣਨ ਵਾਲੇ। ਫਿਰਤ ਫਿਰਤ = ਸਦਾ ਫਿਰਦੇ ਰਹਿਣ ਵਾਲੇ। ਧਰਤ = ਧਰਤੀ। ਧਰਚਰੀ = ਧਰਤੀ ਉਤੇ ਫਿਰਨ ਵਾਲੇ।1। ਰਹਾਉ। ਅਹੰ ਅਹੰ = ਹਉਮੈ ਹੀ ਹਉਮੈ। ਅਵਰ = ਹੋਰ। ਅਹੈ– ਹੈ। ਮੂੜ = ਮੂਰਖ। ਬਵਰਈ = ਬਵਰੇ, ਝੱਲੇ। ਜਤਿ = (X>) ਜਿੱਥੇ (ਭੀ) । ਜਾਤ = ਜਾਂਦੇ। ਕਾਲ = ਮੌਤ, ਆਤਮਕ ਮੌਤ। ਹਈ = (ਟਿਕੀ ਰਹਿੰਦੀ) ਹੈ।1। ਮਾਨੁ = ਅਹੰਕਾਰ। ਤਿਆਗੁ = ਛੱਡ। ਮਿਰਤੁ = ਮੌਤ। ਨਿਕਟਿ = ਨੇੜੇ। ਹਈ = ਹੈ। ਭਾਜੁ = ਭਜਨ ਕਰ। ਕਹਤ ਨਾਨਕੁ = ਨਾਨਕ ਆਖਦਾ ਹੈ। ਅਹਿਲਾ = ਕੀਮਤੀ। ਗਈ = (ਵਿਅਰਥ) ਜਾ ਰਿਹਾ ਹੈ।2। ਅਰਥ: ਹੇ ਭਾਈ! ਅਨੇਕਾਂ ਜੋਗ ਸਮਾਧੀਆਂ ਲਾਣ ਵਾਲੇ (ਛੇ) ਭੇਖਾਂ ਦੇ ਸਾਧੂ (ਸ਼ਾਸਤ੍ਰ ਦੇ) ਗਿਆਨਵਾਨ ਸਦਾ ਧਰਤੀ ਉਤੇ ਤੁਰੇ ਫਿਰਦੇ ਹਨ, (ਜਿੱਥੇ ਜਾਂਦੇ ਹਨ) ਚਰਚਾ ਹੀ ਚਰਚਾ ਕਰਦੇ ਫਿਰਦੇ ਹਨ (ਪਰ ਪ੍ਰਭੂ ਦੇ ਭੋਜਨ ਤੋਂ ਬਿਨਾ ਇਹ ਸਭ ਕੁਝ ਵਿਅਰਥ ਹੈ) ।1। ਹੇ ਭਾਈ! (ਇਹੋ ਜਿਹੇ ਅਨੇਕਾਂ ਹੀ) ਹੋਰ ਹਨ, (ਉਹਨਾਂ ਦੇ ਅੰਦਰ) ਹਉਮੈ ਹੀ ਹਉਮੈ, (ਨਾਮ ਤੋਂ ਸੱਖਣੇ ਉਹ) ਮੂਰਖ ਹਨ, ਮੂਰਖ ਹਨ, ਝੱਲੇ ਹਨ। (ਉਹ ਧਰਤੀ ਉੱਤੇ ਤੁਰੇ ਫਿਰਦੇ ਹਨ, ਇਸ ਨੂੰ ਧਰਮ ਦਾ ਕੰਮ ਸਮਝਦੇ ਹਨ ਪਰ ਉਹ) ਜਿੱਥੇ ਭੀ ਜਾਂਦੇ ਹਨ, ਜਿੱਥੇ ਭੀ ਜਾਂਦੇ ਹਨ, ਸਦਾ ਹੀ ਸਦਾ ਹੀ ਆਤਮਕ ਮੌਤ (ਉਹਨਾਂ ਉਤੇ ਸਵਾਰ ਰਹਿੰਦੀ) ਹੈ। ਹੇ ਮੂਰਖ! (ਇਹਨਾਂ ਸਮਾਧੀਆਂ ਦਾ) ਮਾਣ, (ਭੇਖ ਦਾ) ਮਾਣ (ਸ਼ਾਸਤ੍ਰਾਂ ਦੇ ਗਿਆਨ ਦਾ) ਅਹੰਕਾਰ ਛੱਡ ਦੇਹ, (ਇਸ ਤਰ੍ਹਾਂ ਆਤਮਕ) ਮੌਤ ਸਦਾ (ਤੇਰੇ) ਨੇੜੇ ਹੈ, ਸਦਾ (ਤੇਰੇ) ਨੇੜੇ ਹੈ। (ਤੈਨੂੰ) ਨਾਨਕ ਆਖਦਾ ਹੈ– ਹੇ ਮੂਰਖ! ਪਰਮਾਤਮਾ ਦਾ ਭਜਨ ਕਰ, ਹਰੀ ਦਾ ਭਜਨ ਕਰ। ਭਜਨ ਤੋਂ ਬਿਨਾ ਕੀਮਤੀ ਮਨੁੱਖਾ ਜਨਮ (ਵਿਅਰਥ) ਜਾ ਰਿਹਾ ਹੈ।2।5। 50।12। 62। ਕਾਨੜਾ ਅਸਟਪਦੀਆ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ ॥ ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ ॥੧॥ ਰਹਾਉ ॥ ਭਗਤ ਜਨਾਂ ਕੀ ਖਿਨੁ ਖਿਨੁ ਲੋਚਾ ਨਾਮੁ ਜਪਤ ਸੁਖੁ ਪਾਵੈਗੋ ॥ ਅਨ ਰਸ ਸਾਦ ਗਏ ਸਭ ਨੀਕਰਿ ਬਿਨੁ ਨਾਵੈ ਕਿਛੁ ਨ ਸੁਖਾਵੈਗੋ ॥੧॥ ਗੁਰਮਤਿ ਹਰਿ ਹਰਿ ਮੀਠਾ ਲਾਗਾ ਗੁਰੁ ਮੀਠੇ ਬਚਨ ਕਢਾਵੈਗੋ ॥ ਸਤਿਗੁਰ ਬਾਣੀ ਪੁਰਖੁ ਪੁਰਖੋਤਮ ਬਾਣੀ ਸਿਉ ਚਿਤੁ ਲਾਵੈਗੋ ॥੨॥ ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ ਮਨੁ ਭੀਨਾ ਨਿਜ ਘਰਿ ਆਵੈਗੋ ॥ ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ ॥੩॥ ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ ॥ ਨਾਮੁ ਸੁਣੈ ਨਾਮੋ ਮਨਿ ਭਾਵੈ ਨਾਮੇ ਹੀ ਤ੍ਰਿਪਤਾਵੈਗੋ ॥੪॥ {ਪੰਨਾ 1308} ਪਦ ਅਰਥ: ਜਪਿ = ਜਪਿਆ ਕਰ। ਮਨ = ਹੇ ਮਨ! ਪਾਵੈਗੋ = ਪਾਵੈ, ਪਾਂਦਾ ਹੈ। ਜਪੈ = ਜਪਦਾ ਹੈ। ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਸਮਾਵੈਗੋ = ਸਮਾਵੈ, ਲੀਨ ਰਹਿੰਦਾ ਹੈ।1। ਰਹਾਉ। ਖਿਨੁ ਖਿਨੁ = ਹਰ ਵੇਲੇ। ਲੋਚਾ = ਤਾਂਘ। ਜਪਤ = ਜਪਦਿਆਂ। ਅਨ ਰਸ ਸਾਦ = ਹੋਰ ਰਸਾਂ ਦੇ ਸੁਆਦ। ਨੀਕਰਿ ਗਏ = ਨਿਕਲ ਗਏ, ਦੂਰ ਹੋ ਗਏ।1। ਗੁਰੁ ਕਢਾਵੈਗੋ, = ਗੁਰੁ ਕਢਾਵੈ, ਗੁਰੂ ਕਢਾਂਦਾ ਹੈ। ਪੁਰਖੋਤਮ = ਸਭ ਤੋਂ ਉੱਤਮ (ਅਕਾਲ-) ਪੁਰਖ। ਸਿਉ = ਨਾਲ। ਲਾਵੈਗੋ = ਲਾਵੈ, ਲਾਂਦਾ ਹੈ।2। ਦ੍ਰਵਿਆ = ਨਰਮ ਹੋ ਗਿਆ ਹੈ। ਭੀਨਾ = ਭਿੱਜ ਗਿਆ ਹੈ। ਨਿਜ ਘਰਿ = ਆਪਣੇ (ਅਸਲ) ਘਰ ਵਿਚ। ਤਹ = ਉਸ (ਹਿਰਦੇ-ਘਰ) ਵਿਚ। ਅਨਹਤ = ਇਕ-ਰਸ, ਲਗਾਤਾਰ। ਧੁਨੀ = ਸੁਰ। ਬਾਜਹਿ = ਵੱਜਦੇ ਰਹਿੰਦੇ ਹਨ। ਨੀਝਰ = (inBLØr) ਚਸ਼ਮਾ। ਚੁਆਵੈਗੋ = ਚੁਆਵੈ, ਚੋਂਦੀ ਰਹਿੰਦੀ ਹੈ, ਜਾਰੀ ਰਹਿੰਦੀ ਹੈ।3। ਤਿਲ ਤਿਲ = ਹਰ ਵੇਲੇ। ਗਾਵੈ = ਗਾਂਦਾ ਰਹਿੰਦਾ ਹੈ। ਨਾਮਿ = ਨਾਮ ਵਿਚ। ਨਾਮੋ = ਨਾਮ ਹੀ। ਮਨਿ = ਮਨ ਵਿਚ। ਭਾਵੇ = ਪਿਆਰਾ ਲੱਗਦਾ ਹੈ। ਨਾਮੇ = ਨਾਮ ਵਿਚ ਹੀ। ਤ੍ਰਿਪਤਾਵੈਗੋ = ਤ੍ਰਿਪਤ ਰਹਿੰਦਾ ਹੈ।4। ਅਰਥ: ਹੇ (ਮੇਰੇ) ਮਨ! (ਪਰਮਾਤਮਾ ਦਾ) ਨਾਮ (ਸਦਾ) ਜਪਿਆ ਕਰ (ਜਿਹੜਾ ਮਨੁੱਖ ਜਪਦਾ ਹੈ, ਉਹ) ਸੁਖ ਪਾਂਦਾ ਹੈ। ਜਿਉਂ ਜਿਉਂ (ਮਨੁੱਖ ਹਰਿ-ਨਾਮ) ਜਪਦਾ ਹੈ, ਤਿਉਂ ਤਿਉਂ ਆਨੰਦ ਮਾਣਦਾ ਹੈ, ਅਤੇ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਲੀਨ ਰਹਿੰਦਾ ਹੈ।1। ਰਹਾਉ। ਹੇ ਮਨ! ਭਗਤ ਜਨਾਂ ਦੀ ਹਰ ਵੇਲੇ (ਨਾਮ ਜਪਣ ਦੀ) ਤਾਂਘ ਬਣੀ ਰਹਿੰਦੀ ਹੈ, (ਪਰਮਾਤਮਾ ਦਾ ਭਗਤ) ਹਰਿ-ਨਾਮ ਜਪਦਿਆਂ ਆਨੰਦ ਪ੍ਰਾਪਤ ਕਰਦਾ ਹੈ। (ਉਸ ਦੇ ਅੰਦਰੋਂ) ਹੋਰ ਸਾਰੇ ਰਸਾਂ ਦੇ ਸੁਆਦ ਨਿਕਲ ਜਾਂਦੇ ਹਨ, ਹਰਿ-ਨਾਮ ਤੋਂ ਬਿਨਾ (ਭਗਤ ਨੂੰ) ਹੋਰ ਕੁਝ ਚੰਗਾ ਨਹੀਂ ਲੱਗਦਾ।1। ਹੇ ਮਨ! ਗੁਰੂ ਦੀ ਮਤਿ ਦੀ ਬਰਕਤਿ ਨਾਲ (ਭਗਤ ਨੂੰ) ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲਗ ਪੈਂਦਾ ਹੈ, ਗੁਰੂ (ਉਸ ਦੇ ਮੂੰਹੋਂ ਸਿਫ਼ਤਿ-ਸਾਲਾਹ ਦੇ) ਮਿੱਠੇ ਬਚਨ (ਹੀ) ਕਢਾਂਦਾ ਹੈ। ਗੁਰੂ ਦੀ ਬਾਣੀ ਦੀ ਰਾਹੀਂ (ਭਗਤ) ਸ੍ਰੇਸ਼ਟ ਪੁਰਖ ਪਰਮਾਤਮਾ ਨੂੰ (ਮਿਲ ਪੈਂਦਾ ਹੈ, ਇਸ ਵਾਸਤੇ ਭਗਤ ਸਦਾ) ਗੁਰੂ ਦੀ ਬਾਣੀ ਨਾਲ (ਆਪਣਾ) ਚਿੱਤ ਪੱਘਰ ਜਾਂਦਾ ਹੈ; ਮੇਰਾ ਮਨ (ਨਾਮ-ਰਸ ਨਾਲ) ਭਿੱਜ ਜਾਂਦਾ ਹੈ, (ਬਾਹਰ ਭਟਕਣ ਦੇ ਥਾਂ) ਆਪਣੇ ਅਸਲ ਸਰੂਪ ਵਿਚ ਟਿਕਿਆ ਰਹਿੰਦਾ ਹੈ। ਹਿਰਦੇ ਵਿਚ ਇਉਂ ਆਨੰਦ ਬਣਿਆ ਰਹਿੰਦਾ ਹੈ, (ਮਾਨੋ) ਉਸ ਹਿਰਦੇ ਵਿਚ ਇਕ-ਰਸ ਸੁਰ ਨਾਲ ਵਾਜੇ ਵੱਜਦੇ ਰਹਿੰਦੇ ਹਨ, (ਮਾਨੋ) ਚਸ਼ਮੇ (ਦੇ ਪਾਣੀ) ਦੀ ਧਾਰ ਚਲਦੀ ਰਹਿੰਦੀ ਹੈ।3। ਹੇ ਮਨ! (ਪਰਮਾਤਮਾ ਦਾ ਭਗਤ) ਹਰ ਵੇਲੇ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਗੁਰੂ ਦੀ ਮਤਿ ਲੈ ਕੇ (ਭਗਤ ਦਾ) ਮਨ (ਸਦਾ) ਨਾਮ ਵਿਚ ਲੀਨ ਰਹਿੰਦਾ ਹੈ। ਭਗਤ (ਹਰ ਵੇਲੇ ਪਰਮਾਤਮਾ ਦਾ) ਨਾਮ ਸੁਣਦਾ ਹੈ, ਨਾਮ ਹੀ (ਉਸ ਦੇ) ਮਨ ਵਿਚ ਪਿਆਰਾ ਲੱਗਦਾ ਹੈ, ਨਾਮ ਦੀ ਰਾਹੀਂ ਹੀ (ਭਗਤ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ।4। ਕਨਿਕ ਕਨਿਕ ਪਹਿਰੇ ਬਹੁ ਕੰਗਨਾ ਕਾਪਰੁ ਭਾਂਤਿ ਬਨਾਵੈਗੋ ॥ ਨਾਮ ਬਿਨਾ ਸਭਿ ਫੀਕ ਫਿਕਾਨੇ ਜਨਮਿ ਮਰੈ ਫਿਰਿ ਆਵੈਗੋ ॥੫॥ ਮਾਇਆ ਪਟਲ ਪਟਲ ਹੈ ਭਾਰੀ ਘਰੁ ਘੂਮਨਿ ਘੇਰਿ ਘੁਲਾਵੈਗੋ ॥ ਪਾਪ ਬਿਕਾਰ ਮਨੂਰ ਸਭਿ ਭਾਰੇ ਬਿਖੁ ਦੁਤਰੁ ਤਰਿਓ ਨ ਜਾਵੈਗੋ ॥੬॥ ਭਉ ਬੈਰਾਗੁ ਭਇਆ ਹੈ ਬੋਹਿਥੁ ਗੁਰੁ ਖੇਵਟੁ ਸਬਦਿ ਤਰਾਵੈਗੋ ॥ ਰਾਮ ਨਾਮੁ ਹਰਿ ਭੇਟੀਐ ਹਰਿ ਰਾਮੈ ਨਾਮਿ ਸਮਾਵੈਗੋ ॥੭॥ ਅਗਿਆਨਿ ਲਾਇ ਸਵਾਲਿਆ ਗੁਰ ਗਿਆਨੈ ਲਾਇ ਜਗਾਵੈਗੋ ॥ ਨਾਨਕ ਭਾਣੈ ਆਪਣੈ ਜਿਉ ਭਾਵੈ ਤਿਵੈ ਚਲਾਵੈਗੋ ॥੮॥੧॥ {ਪੰਨਾ 1308} ਪਦ ਅਰਥ: ਕਨਿਕ = ਸੋਨਾ। ਕਾਪਰੁ = ਕਪੜਾ। ਭਾਂਤਿ = ਕਈ ਕਿਸਮਾਂ ਦਾ। ਬਨਾਵੈਗੋ = ਬਨਾਵੈ, ਬਣਾਂਦਾ ਹੈ। ਸਭਿ = ਸਾਰੇ। ਫੀਕ ਫਿਕਾਨੈ = ਬਹੁਤ ਹੀ ਫਿੱਕੇ। ਜਨਮਿ = ਜੰਮ ਕੇ।5। ਪਟਲ = ਪਰਦਾ। ਘੂਮਨਿ ਘੇਰਿ = ਘੁੰਮਣਘੇਰੀ। ਘੁਲਾਵੈਗੋ = ਘੁਲਦਾ ਹੈ, ਦੁੱਖੀ ਹੁੰਦਾ ਹੈ। ਮਨੂਰ = ਸੜਿਆ ਹੋਇਆ ਲੋਹਾ। ਬਿਖੁ = (ਆਤਮਕ ਮੌਤ ਲਿਆਉਣੀ ਵਾਲੀ) ਜ਼ਹਰ। ਦੁਤਰੁ = ਜਿਸ ਤੋਂ ਪਾਰ ਲੰਘਣਾ ਔਖਾ ਹੁੰਦਾ ਹੈ।6। ਭਉ = ਡਰ, ਅਦਬ। ਬੈਰਾਗੁ = ਪਿਆਰ, ਲਗਨ। ਬੋਹਿਥੁ = ਜਹਾਜ਼। ਖੇਵਟੁ = ਮਲਾਹ। ਸਬਦਿ = ਸ਼ਬਦ ਦੀ ਰਾਹੀਂ। ਤਰਾਵੈਗੋ = ਤਰਾਵੈ, ਪਾਰ ਲੰਘਾ ਦੇਂਦਾ ਹੈ। ਭੇਟੀਐ = ਮਿਲ ਸਕੀਦਾ ਹੈ। ਰਾਮੈ ਨਾਮਿ = ਪਰਮਾਤਮਾ ਦੇ ਨਾਮ ਵਿਚ।7। ਅਗਿਆਨਿ = ਅੱਗਿਆਨਤਾ ਵਿਚ। ਲਾਇ = ਜੋੜ ਕੇ। ਗੁਰ ਗਿਆਨੈ = ਗੁਰੂ ਦੇ ਦੱਸੇ ਗਿਆਨ ਵਿਚ। ਭਾਣੈ = ਰਜ਼ਾ ਵਿਚ। ਭਾਵੈ = ਚੰਗਾ ਲੱਗਦਾ ਹੈ।8। ਅਰਥ: (ਹੇ ਮੇਰੇ ਮਨ! ਮਾਇਆ-ਵੇੜ੍ਹਿਆ ਮਨੁੱਖ) ਸੋਨੇ (ਆਦਿਕ ਕੀਮਤੀ ਧਾਤਾਂ) ਦੇ ਅਨੇਕਾਂ ਕੰਗਣ (ਆਦਿਕ ਗਹਿਣੇ) ਪਹਿਨਦਾ ਹੈ (ਆਪਣੇ ਸਰੀਰ ਨੂੰ ਸਜਾਣ ਲਈ) ਕਈ ਕਿਸਮ ਦਾ ਕੱਪੜਾ ਬਣਾਂਦਾ ਹੈ, (ਪਰਮਾਤਮਾ ਦੇ) ਨਾਮ ਤੋਂ ਬਿਨਾ (ਇਹ) ਸਾਰੇ (ਉੱਦਮ) ਬਿਲਕੁਲ ਬੇ-ਸੁਆਦੇ ਹਨ। (ਅਜਿਹਾ ਮਨੁੱਖ ਸਦਾ) ਜੰਮਣ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।5। ਹੇ ਮੇਰੇ ਮਨ! ਮਾਇਆ (ਦੇ ਮੋਹ) ਦਾ ਪਰਦਾ ਬੜਾ ਕਰੜਾ ਪਰਦਾ ਹੈ, (ਇਸ ਮੋਹ ਦੇ ਪਰਦੇ ਦੇ ਕਾਰਨ ਮਨੁੱਖ ਲਈ ਉਸ ਦਾ) ਘਰ ਘੁੰਮਣ-ਘੇਰੀ ਬਣ ਜਾਂਦਾ ਹੈ, (ਇਸ ਵਿਚ ਡੁੱਬਣ ਤੋਂ ਬਚਣ ਲਈ ਸਾਰੀ ਉਮਰ ਮਨੁੱਖ) ਘੋਲ ਕਰਦਾ ਹੈ। (ਮੋਹ ਵਿਚ ਫਸ ਦੇ ਕੀਤੇ ਹੋਏ) ਪਾਪ ਵਿਕਾਰ ਸੜੇ ਹੋਏ ਲੋਹੇ ਵਰਗੇ ਭਾਰੇ (ਬੋਝ) ਬਣ ਜਾਂਦੇ ਹਨ, (ਇਹਨਾਂ ਦੇ ਕਾਰਨ) ਆਤਮਕ ਮੌਤ ਲਿਆਉਣ ਵਾਲੇ ਜ਼ਹਰ-ਰੂਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣਾ ਔਖਾ ਹੋ ਜਾਂਦਾ ਹੈ, (ਮਾਇਆ-ਵੇੜ੍ਹੇ ਮਨੁੱਖ ਪਾਸੋਂ ਉਸ ਵਿਚੋਂ) ਪਾਰ ਨਹੀਂ ਲੰਘਿਆ ਜਾ ਸਕਦਾ।6। ਹੇ ਮੇਰੇ ਮਨ! (ਹਿਰਦੇ ਵਿਚ ਪਰਮਾਤਮਾ ਦਾ) ਅਦਬ ਅਤੇ ਪਿਆਰ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਜਹਾਜ਼ ਬਣ ਜਾਂਦਾ ਹੈ (ਜਿਸ ਮਨੁੱਖ ਦੇ ਅੰਦਰ ਪਿਆਰ ਹੈ ਡਰ ਹੈ, ਉਸ ਨੂੰ) ਗੁਰੂ ਮਲਾਹ (ਆਪਣੇ) ਸ਼ਬਦ ਦੀ ਰਾਹੀਂ ਪਾਰ ਲੰਘਾ ਲੈਂਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ (ਜਪ ਕੇ) ਪਰਮਾਤਮਾ ਨੂੰ ਮਿਲ ਸਕੀਦਾ ਹੈ; (ਜਿਸ ਮਨੁੱਖ ਦੇ ਅੰਦਰ ਅਦਬ ਤੇ ਪਿਆਰ ਹੈ, ਉਹ) ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ।7। ਪਰ, ਹੇ ਨਾਨਕ! ਜਿਵੇਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵ ਨੂੰ ਜੀਵਨ ਰਾਹ ਤੇ) ਤੋਰਦਾ ਹੈ, (ਕਦੇ ਜੀਵ ਨੂੰ) ਅਗਿਆਨਤਾ ਵਿਚ ਫਸਾ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੰਵਾਈ ਰੱਖਦਾ ਹੈ, ਕਦੇ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਸੂਝ ਵਿਚ ਟਿਕਾ ਕੇ (ਉਸ ਨੀਂਦ ਤੋਂ) ਜਗਾ ਦੇਂਦਾ ਹੈ।8।1। |
Sri Guru Granth Darpan, by Professor Sahib Singh |