ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1309 ਕਾਨੜਾ ਮਹਲਾ ੪ ॥ ਜਪਿ ਮਨ ਹਰਿ ਹਰਿ ਨਾਮੁ ਤਰਾਵੈਗੋ ॥ ਜੋ ਜੋ ਜਪੈ ਸੋਈ ਗਤਿ ਪਾਵੈ ਜਿਉ ਧ੍ਰੂ ਪ੍ਰਹਿਲਾਦੁ ਸਮਾਵੈਗੋ ॥੧॥ ਰਹਾਉ ॥ ਕ੍ਰਿਪਾ ਕ੍ਰਿਪਾ ਕ੍ਰਿਪਾ ਕਰਿ ਹਰਿ ਜੀਉ ਕਰਿ ਕਿਰਪਾ ਨਾਮਿ ਲਗਾਵੈਗੋ ॥ ਕਰਿ ਕਿਰਪਾ ਸਤਿਗੁਰੂ ਮਿਲਾਵਹੁ ਮਿਲਿ ਸਤਿਗੁਰ ਨਾਮੁ ਧਿਆਵੈਗੋ ॥੧॥ ਜਨਮ ਜਨਮ ਕੀ ਹਉਮੈ ਮਲੁ ਲਾਗੀ ਮਿਲਿ ਸੰਗਤਿ ਮਲੁ ਲਹਿ ਜਾਵੈਗੋ ॥ ਜਿਉ ਲੋਹਾ ਤਰਿਓ ਸੰਗਿ ਕਾਸਟ ਲਗਿ ਸਬਦਿ ਗੁਰੂ ਹਰਿ ਪਾਵੈਗੋ ॥੨॥ ਸੰਗਤਿ ਸੰਤ ਮਿਲਹੁ ਸਤਸੰਗਤਿ ਮਿਲਿ ਸੰਗਤਿ ਹਰਿ ਰਸੁ ਆਵੈਗੋ ॥ ਬਿਨੁ ਸੰਗਤਿ ਕਰਮ ਕਰੈ ਅਭਿਮਾਨੀ ਕਢਿ ਪਾਣੀ ਚੀਕੜੁ ਪਾਵੈਗੋ ॥੩॥ ਭਗਤ ਜਨਾ ਕੇ ਹਰਿ ਰਖਵਾਰੇ ਜਨ ਹਰਿ ਰਸੁ ਮੀਠ ਲਗਾਵੈਗੋ ॥ ਖਿਨੁ ਖਿਨੁ ਨਾਮੁ ਦੇਇ ਵਡਿਆਈ ਸਤਿਗੁਰ ਉਪਦੇਸਿ ਸਮਾਵੈਗੋ ॥੪॥ {ਪੰਨਾ 1309} ਪਦ ਅਰਥ: ਜਪਿ = ਜਪਿਆ ਕਰ। ਮਨ = ਹੇ ਮਨ! ਤਰਾਵੈਗੋ = ਤਰਾਵੈ, ਪਾਰ ਲੰਘਾ ਦੇਂਦਾ ਹੈ। ਜੋ ਜੋ = ਜਿਹੜਾ ਜਿਹੜਾ ਮਨੁੱਖ। ਸੋਈ = ਉਹ ਹੀ। ਗਤਿ = ਉੱਚੀ ਆਤਮਕ ਅਵਸਥਾ। ਸਮਾਵੈਗੋ = ਸਮਾਵੈ, ਲੀਨ ਹੋ ਜਾਂਦਾ ਰਿਹਾ ਹੈ।1। ਰਹਾਉ। ਹਰਿ ਜੀਉ = ਹੇ ਪ੍ਰਭੂ ਜੀ! ਕਰਿ = ਕਰ ਕੇ। ਨਾਮਿ = ਨਾਮ ਵਿਚ। ਲਗਾਵੈਗੋ = ਜੋੜ ਦੇਂਦਾ ਹੈ। ਮਿਲਿ = ਮਿਲ ਕੇ। ਧਿਆਵੈਗੋ = ਧਿਆਵੈ, ਸਿਮਰਦਾ ਹੈ।1। ਮਲੁ = ਮੈਲ। ਕਾਸਟ = ਕਾਠ, ਲੱਕੜੀ, ਬੇੜੀ। ਲਗਿ ਸਬਦਿ = ਸ਼ਬਦ ਵਿਚ ਲੱਗ ਕੇ।2। ਹਰਿ ਰਸੁ = ਹਰਿ-ਨਾਮ ਦਾ ਆਨੰਦ। ਕਰਮ = (ਨਾਮ ਤੋਂ ਬਿਨਾ ਹੋਰ ਹੋਰ) ਕਰਮ। ਕਢਿ = ਕੱਢ ਕੇ।3। ਰਖਵਾਰੇ = ਰਾਖੇ। ਮੀਠ = ਮਿੱਠਾ, ਸੁਆਦਲਾ। ਖਿਨੁ ਖਿਨੁ = ਹਰੇਕ ਖਿਨ, ਹਰ ਵੇਲੇ। ਦੇਇ = ਦੇਂਦਾ ਹੈ। ਉਪਦੇਸਿ = ਉਪਦੇਸ਼ ਵਿਚ।4। ਅਰਥ: ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਹਰਿ-ਨਾਮ (ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। ਜਿਹੜਾ ਜਿਹੜਾ ਮਨੁੱਖ ਹਰਿ-ਨਾਮ ਜਪਦਾ ਹੈ, ਉਹ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ (ਤੇ, ਪਰਮਾਤਮਾ ਵਿਚ ਹੀ ਲੀਨ ਹੋ ਜਾਂਦਾ ਹੈ) ਜਿਵੇਂ ਧ੍ਰੂ ਅਤੇ ਪ੍ਰਹਿਲਾਦ (ਆਪੋ ਆਪਣੇ ਸਮੇ ਪ੍ਰਭੂ ਵਿਚ) ਲੀਨ ਹੁੰਦਾ ਰਿਹਾ ਹੈ।1। ਰਹਾਉ। ਹੇ ਪ੍ਰਭੂ ਜੀ! ਮਿਹਰ ਕਰ, ਮਿਹਰ ਕਰ, ਮਿਹਰ ਕਰ, (ਤੇ, ਆਪਣੇ ਨਾਮ ਵਿਚ ਜੋੜੀ ਰੱਖ। ਹੇ ਭਾਈ! ਪਰਮਾਤਮਾ ਆਪ ਹੀ) ਮਿਹਰ ਕਰ ਕੇ (ਜੀਵ ਨੂੰ ਆਪਣੇ) ਨਾਮ ਵਿਚ ਜੋੜਦਾ ਹੈ। ਹੇ ਪ੍ਰਭੂ ਜੀ! ਮਿਹਰ ਕਰ ਕੇ ਗੁਰੂ ਮਿਲਾਵੋ। ਗੁਰੂ ਨੂੰ ਮਿਲ ਕੇ ਹੀ (ਜੀਵ ਤੇਰਾ) ਨਾਮ ਸਿਮਰ ਸਕਦਾ ਹੈ।1। ਹੇ ਭਾਈ! (ਜੀਵ ਨੂੰ) ਅਨੇਕਾਂ ਜਨਮਾਂ ਦੀ ਹਉਮੈ ਦੀ ਮੈਲ ਚੰਬੜੀ ਆਉਂਦੀ ਹੈ, ਸਾਧ ਸੰਗਤਿ ਵਿਚ ਮਿਲ ਕੇ ਇਹ ਮੈਲ ਲਹਿ ਜਾਂਦੀ ਹੈ। ਜਿਵੇਂ ਲੋਹਾ ਕਾਠ (ਦੀ ਬੇੜੀ) ਨਾਲ ਲੱਗ ਕੇ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਨੁੱਖ) ਪਰਮਾਤਮਾ ਨੂੰ ਮਿਲ ਪੈਂਦਾ ਹੈ।2। ਹੇ ਭਾਈ! ਸੰਤ ਜਨਾਂ ਦੀ ਸੰਗਤਿ ਸਾਧ ਸੰਗਤਿ ਵਿਚ ਮਿਲ ਬੈਠਿਆ ਕਰੋ, ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਆਨੰਦ ਆਉਣ ਲੱਗ ਪੈਂਦਾ ਹੈ। ਪਰ ਅਹੰਕਾਰੀ ਮਨੁੱਖ ਸਾਧ ਸੰਗਤਿ ਤੋਂ ਵਾਂਜਿਆ ਰਹਿ ਕੇ (ਹੋਰ ਹੋਰ) ਕਰਮ ਕਰਦਾ ਹੈ, (ਅਜਿਹਾ ਮਨੁੱਖ ਆਪਣੇ ਭਾਂਡੇ ਵਿਚੋਂ) ਪਾਣੀ ਕੱਢ ਕੇ (ਉਸ ਵਿਚ) ਚਿੱਕੜ ਪਾਈ ਜਾ ਰਿਹਾ ਹੈ।3। ਹੇ ਭਾਈ! ਪ੍ਰਭੂ ਜੀ ਆਪਣੇ ਭਗਤਾਂ ਦੇ ਆਪ ਰਾਖੇ ਬਣੇ ਰਹਿੰਦੇ ਹਨ, (ਤਾਹੀਏਂ) ਭਗਤ ਜਨਾਂ ਨੂੰ ਹਰਿ-ਨਾਮ ਦਾ ਰਸ ਮਿੱਠਾ ਲੱਗਦਾ ਹੈ। ਪ੍ਰਭੂ (ਆਪਣੇ ਭਗਤਾਂ ਨੂੰ) ਹਰੇਕ ਖਿਨ (ਜਪਣ ਲਈ ਆਪਣਾ) ਨਾਮ ਦੇਂਦਾ ਹੈ (ਨਾਮ ਦੀ) ਵਡਿਆਈ ਦੇਂਦਾ ਹੈ। ਭਗਤ ਗੁਰੂ ਦੇ ਉਪਦੇਸ਼ (ਸ਼ਬਦ) ਵਿਚ ਲੀਨ ਹੋਇਆ ਰਹਿੰਦਾ ਹੈ।4। ਭਗਤ ਜਨਾ ਕਉ ਸਦਾ ਨਿਵਿ ਰਹੀਐ ਜਨ ਨਿਵਹਿ ਤਾ ਫਲ ਗੁਨ ਪਾਵੈਗੋ ॥ ਜੋ ਨਿੰਦਾ ਦੁਸਟ ਕਰਹਿ ਭਗਤਾ ਕੀ ਹਰਨਾਖਸ ਜਿਉ ਪਚਿ ਜਾਵੈਗੋ ॥੫॥ ਬ੍ਰਹਮ ਕਮਲ ਪੁਤੁ ਮੀਨ ਬਿਆਸਾ ਤਪੁ ਤਾਪਨ ਪੂਜ ਕਰਾਵੈਗੋ ॥ ਜੋ ਜੋ ਭਗਤੁ ਹੋਇ ਸੋ ਪੂਜਹੁ ਭਰਮਨ ਭਰਮੁ ਚੁਕਾਵੈਗੋ ॥੬॥ ਜਾਤ ਨਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀਂ ਲਗਿ ਧਿਆਵੈਗੋ ॥ ਜੂਠਨ ਜੂਠਿ ਪਈ ਸਿਰ ਊਪਰਿ ਖਿਨੁ ਮਨੂਆ ਤਿਲੁ ਨ ਡੁਲਾਵੈਗੋ ॥੭॥ ਜਨਕ ਜਨਕ ਬੈਠੇ ਸਿੰਘਾਸਨਿ ਨਉ ਮੁਨੀ ਧੂਰਿ ਲੈ ਲਾਵੈਗੋ ॥ ਨਾਨਕ ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੈ ਦਾਸਨਿ ਦਾਸ ਕਰਾਵੈਗੋ ॥੮॥੨॥ {ਪੰਨਾ 1309} ਪਦ ਅਰਥ: ਕਉ = ਦੇ ਅੱਗੇ, ਨੂੰ। ਨਿਵਿ = ਨਿਊਂ ਕੇ। ਰਹੀਐ = ਰਹਿਣਾ ਚਾਹੀਦਾ ਹੈ। ਜਨ ਨਿਵਹਿ = ਭਗਤ ਜਨ ਨਿਊਂਦੇ ਹਨ। ਤਾ = ਤਦੋਂ। ਫਲ ਗੁਨ = ਆਤਮਕ ਗੁਣਾਂ ਦਾ ਫਲ। ਪਾਵੈਗੋ = ਪਾਵੈ, ਪਾਂਦਾ ਹੈ। ਕਰਹਿ = ਕਰਦੇ ਹਨ। ਜਿਉ = ਵਾਂਗ। ਪਚਿ ਜਾਵੈਗੋ = ਖ਼ੁਆਰ ਹੁੰਦਾ ਹੈ।5। ਬ੍ਰਹਮ = ਬ੍ਰਹਮਾ। ਕਮਲ ਪੁਤੁ = ਕੌਲ ਦਾ ਪੁੱਤਰ (ਬ੍ਰਹਮਾ ਕੌਲ ਦੀ ਨਾਭੀ ਵਿਚੋਂ ਜੰਮਿਆ ਮੰਨਿਆ ਜਾਂਦਾ ਹੈ) । ਮੀਨ = ਮੱਛੀ, (ਮਛੋਦਰੀ ਦਾ ਪੁੱਤਰ ਮੰਨਿਆ ਜਾਂਦਾ ਹੈ ਬਿਆਸ ਨੂੰ) । ਪੂਜਹੁ = ਆਦਰ-ਸਤਕਾਰ ਕਰੋ। ਭਰਮਨ ਭਰਮੁ = ਵੱਡੀ ਤੋਂ ਵੱਡੀ ਭਟਕਣਾ। ਚੁਕਾਵੈਗੋ = ਚੁਕਾਵੈ, ਮੁਕਾ ਲੈਂਦਾ ਹੈ।6। ਜਾਤਨ ਜਾਤਿ = ਜਾਤੀਆਂ ਵਿਚੋਂ ਉੱਚੀ ਜਾਤੀ। ਦੇਖਿ = ਵੇਖ ਕੇ। ਮਤ ਭਰਮਹੁ = ਭੁਲੇਖਾ ਨਾਹ ਖਾਓ। ਸੁਕ = ਸੁਕਦੇਵ (ਜਾਤੀ ਦਾ ਬ੍ਰਾਹਮਣ ਸੀ) । ਪਗੀਂ = ਪੈਰੀਂ। ਲਗਿ = ਲੱਗ ਕੇ। ਜੂਠਨ ਜੂਠਿ = ਭੈੜੀ ਤੋਂ ਭੈੜੀ ਜੂਠ।7। ਜਨਕ ਜਨਕ = ਕਈ ਜਨਕ, (ਰਾਜਾ ਜਨਕ ਦੀ ਪੀੜ੍ਹੀ ਦੇ ਕਈ ਜਨਕ) । ਬੈਠੇ = ਬੈਠਦੇ ਆਏ। ਸਿੰਘਾਸਨਿ = ਸਿੰਘਾਸਨ ਉਤੇ, ਰਾਜ-ਗੱਦੀ ਉੱਤੇ। ਲੈ = ਲੈ ਕੇ। ਧੂਰਿ = ਚਰਨਾਂ ਦੀ ਧੂੜ। ਲਾਵੈਗੋ = ਲਾਂਦਾ ਹੈ। ਠਾਕੁਰ = ਹੇ ਠਾਕੁਰ! ਮੈ = ਮੈਨੂੰ, ਮੇਰੇ ਵਰਗਿਆਂ ਨੂੰ। ਕਰਾਵੈਗੋ = ਕਰਾਵੈ, ਕਰਾਂਦਾ ਹੈ, ਬਣਾ ਲੈਂਦਾ ਹੈ।8। ਅਰਥ: ਹੇ ਭਾਈ! ਪ੍ਰਭੂ ਦੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਭਗਤ ਜਨ (ਆਪ ਭੀ) ਨਿਮ੍ਰਤਾ ਵਿਚ ਰਹਿੰਦੇ ਹਨ। (ਜਦੋਂ ਮਨੁੱਖ ਨਿਊਂਦਾ ਹੈ) ਤਦੋਂ (ਹੀ) ਆਤਮਕ ਗੁਣਾਂ ਦਾ ਫਲ ਪ੍ਰਾਪਤ ਕਰਦਾ ਹੈ। ਜਿਹੜੇ ਭੈੜੇ ਮਨੁੱਖ ਭਗਤ ਜਨਾਂ ਦੀ ਨਿੰਦਾ ਕਰਦੇ ਹਨ (ਉਹ ਆਪ ਹੀ ਖ਼ੁਆਰ ਹੁੰਦੇ ਹਨ। ਨਿੰਦਕ ਮਨੁੱਖ ਸਦਾ) ਹਰਨਾਖਸ ਵਾਂਗ ਖ਼ੁਆਰ ਹੁੰਦਾ ਹੈ।5। ਹੇ ਭਾਈ! ਬ੍ਰਹਮਾ ਕੌਲ-ਨਾਭੀ ਵਿਚੋਂ ਜੰਮਿਆ ਮੰਨਿਆ ਜਾਂਦਾ ਹੈ, ਬਿਆਸ ਮੱਛੀ (ਮਛੋਦਰੀ) ਦਾ ਪੁਤ ਕਿਹਾ ਜਾਂਦਾ ਹੈ (ਪਰ ਇਤਨੇ ਨੀਵੇਂ ਥਾਂ ਤੋਂ ਜੰਮੇ ਮੰਨੇ ਜਾ ਕੇ ਭੀ, ਪਰਮਾਤਮਾ ਦੀ ਭਗਤੀ ਦਾ) ਤਪ ਕਰਨ ਦੇ ਕਾਰਨ (ਬ੍ਰਹਮਾ ਭੀ ਤੇ ਬਿਆਸ ਭੀ ਜਗਤ ਵਿਚ ਆਪਣੀ) ਪੂਜਾ ਕਰਾ ਰਿਹਾ ਹੈ। ਹੇ ਭਾਈ! ਜਿਹੜਾ ਜਿਹੜਾ ਭੀ ਕੋਈ ਭਗਤ ਬਣਦਾ ਹੈ, ਉਸ ਦਾ ਆਦਰ ਸਤਕਾਰ ਕਰੋ। (ਭਗਤ ਜਨਾਂ ਦਾ ਸਤਕਾਰ) ਵੱਡੀ ਤੋਂ ਵੱਡੀ ਭਟਕਣਾ ਦੂਰ ਕਰ ਦੇਂਦਾ ਹੈ।6। ਹੇ ਭਾਈ! ਉੱਚੀ ਤੋਂ ਉੱਚੀ ਜਾਤਿ ਵੇਖ ਕੇ (ਭੀ) ਭੁਲੇਖਾ ਨਾਹ ਖਾ ਜਾਓ (ਕਿ ਭਗਤੀ ਉੱਚੀ ਜਾਤਿ ਦਾ ਹੱਕ ਹੈ। ਵੇਖੋ) ਸੁਕਦੇਵ (ਬ੍ਰਾਹਮਣ ਰਾਜਾ) ਜਨਕ ਦੀ ਪੈਰੀਂ ਲੱਗ ਕੇ ਨਾਮ ਸਿਮਰ ਰਿਹਾ ਹੈ (ਸਿਮਰਨ ਦੀ ਜਾਚ ਸਿੱਖ ਰਿਹਾ ਹੈ। ਜਦੋਂ ਉਹ ਜਨਕ ਪਾਸ ਭਗਤੀ ਦੀ ਸਿੱਖਿਆ ਲੈਣ ਆਇਆ, ਲੰਗਰ ਵਰਤਾਇਆ ਜਾ ਰਿਹਾ ਸੀ। ਸੁਕਦੇਵ ਨੂੰ ਬਾਹਰ ਹੀ ਖੜਾ ਕਰ ਦਿੱਤਾ ਗਿਆ। ਲੰਗਰ ਛਕ ਰਹੇ ਲੋਕਾਂ ਦੀਆਂ ਪੱਤਲਾਂ ਦੀ) ਸਾਰੀ ਜੂਠ (ਸੁਕਦੇਵ ਦੇ) ਸਿਰ ਉੱਤੇ ਪਈ (ਵੇਖੋ, ਫਿਰ ਭੀ ਸੁਕਦੇਵ ਬ੍ਰਾਹਮਣ ਹੁੰਦਿਆਂ ਭੀ ਆਪਣੇ) ਮਨ ਨੂੰ ਇਕ ਖਿਨ ਵਾਸਤੇ ਭੀ ਡੋਲਣ ਨਹੀਂ ਦੇ ਰਿਹਾ।7। ਹੇ ਭਾਈ! ਅਨੇਕਾਂ ਜਨਕ (ਆਪਣੀ ਵਾਰੀ ਜਿਸ) ਰਾਜ-ਗੱਦੀ ਉਤੇ ਬੈਠਣ ਆ ਰਹੇ ਸਨ (ਉਸ ਉਤੇ ਬੈਠਾ ਹੋਇਆ ਉਸੇ ਖ਼ਾਨਦਾਨ ਦਾ ਭਗਤ ਰਾਜਾ ਜਨਕ ਰਾਜਾ ਹੁੰਦਿਆਂ ਭੀ ਭਗਤੀ ਕਰਨ ਵਾਲੇ) ਨੌ ਰਿਸ਼ੀਆਂ ਦੀ ਚਰਨ-ਧੂੜ (ਆਪਣੇ ਮੱਥੇ ਉੱਤੇ) ਲਾ ਰਿਹਾ ਹੈ। ਹੇ ਨਾਨਕ! (ਆਖ-) ਹੇ ਠਾਕੁਰ! (ਮੇਰੇ ਉਤੇ) ਮਿਹਰ ਕਰ, ਮਿਹਰ ਕਰ, (ਮੈਨੂੰ ਆਪਣਾ ਕੋਈ ਭਗਤ ਮਿਲਾ ਦੇਹ, ਜਿਹੜਾ) ਮੈਨੂੰ ਤੇਰੇ ਦਾਸਾਂ ਦਾ ਦਾਸ ਬਣਾ ਲਏ।8।2। ਕਾਨੜਾ ਮਹਲਾ ੪ ॥ ਮਨੁ ਗੁਰਮਤਿ ਰਸਿ ਗੁਨ ਗਾਵੈਗੋ ॥ ਜਿਹਵਾ ਏਕ ਹੋਇ ਲਖ ਕੋਟੀ ਲਖ ਕੋਟੀ ਕੋਟਿ ਧਿਆਵੈਗੋ ॥੧॥ ਰਹਾਉ ॥ ਸਹਸ ਫਨੀ ਜਪਿਓ ਸੇਖਨਾਗੈ ਹਰਿ ਜਪਤਿਆ ਅੰਤੁ ਨ ਪਾਵੈਗੋ ॥ ਤੂ ਅਥਾਹੁ ਅਤਿ ਅਗਮੁ ਅਗਮੁ ਹੈ ਮਤਿ ਗੁਰਮਤਿ ਮਨੁ ਠਹਰਾਵੈਗੋ ॥੧॥ ਜਿਨ ਤੂ ਜਪਿਓ ਤੇਈ ਜਨ ਨੀਕੇ ਹਰਿ ਜਪਤਿਅਹੁ ਕਉ ਸੁਖੁ ਪਾਵੈਗੋ ॥ ਬਿਦਰ ਦਾਸੀ ਸੁਤੁ ਛੋਕ ਛੋਹਰਾ ਕ੍ਰਿਸਨੁ ਅੰਕਿ ਗਲਿ ਲਾਵੈਗੋ ॥੨॥ ਜਲ ਤੇ ਓਪਤਿ ਭਈ ਹੈ ਕਾਸਟ ਕਾਸਟ ਅੰਗਿ ਤਰਾਵੈਗੋ ॥ ਰਾਮ ਜਨਾ ਹਰਿ ਆਪਿ ਸਵਾਰੇ ਅਪਨਾ ਬਿਰਦੁ ਰਖਾਵੈਗੋ ॥੩॥ ਹਮ ਪਾਥਰ ਲੋਹ ਲੋਹ ਬਡ ਪਾਥਰ ਗੁਰ ਸੰਗਤਿ ਨਾਵ ਤਰਾਵੈਗੋ ॥ ਜਿਉ ਸਤਸੰਗਤਿ ਤਰਿਓ ਜੁਲਾਹੋ ਸੰਤ ਜਨਾ ਮਨਿ ਭਾਵੈਗੋ ॥੪॥ {ਪੰਨਾ 1309} ਪਦ ਅਰਥ: ਰਸਿ = ਰਸ ਨਾਲ, ਆਨੰਦ ਨਾਲ, ਸੁਆਦ ਨਾਲ। ਮਨੁ ਗਾਵੈਗੋ = (ਜਿਸ ਮਨੁੱਖ ਦਾ) ਮਨ ਗਾਂਦਾ ਹੈ। ਜਿਹਵਾ = (ਉਸ ਦੀ) ਜੀਭ। ਹੋਇ = ਹੋ ਕੇ, ਬਣ ਕੇ। ਕੋਟੀ = ਕੋਟਿ, ਕ੍ਰੋੜਾਂ। ਧਿਆਵੈਗੋ = ਧਿਆਵੈ, ਜਪਦੀ ਹੈ।1। ਰਹਾਉ। ਸਹਸ ਫਨੀ = ਹਜ਼ਾਰ ਫਣਾਂ ਨਾਲ। ਸੇਖਨਾਗੈ = ਸ਼ੇਸ਼ਨਾਗ ਨੇ। ਅਗਮੁ = ਅਪਹੁੰਚ। ਠਹਰਾਵੈਗੋ = ਠਹਰਾਵੈ, ਠਹਰਾਂਦਾ ਹੈ, ਟਿਕਾਣੇ ਤੇ ਲਿਆਉਂਦਾ ਹੈ, ਭਟਕਣੋਂ ਹਟਾਂਦਾ ਹੈ।1। ਤੂ = ਤੈਨੂੰ। ਨੀਕੇ = ਚੰਗੇ (ਜੀਵਨ ਵਾਲੇ) । ਜਪਤਿਅਹੁ ਕਉ = ਜਪਣ ਵਾਲਿਆਂ ਨੂੰ। ਦਾਸੀ ਸੁਤੁ = ਦਾਸੀ ਦਾ ਪੁੱਤਰ। ਛੋਕ ਛੋਹਰਾ = ਛੋਕਰਾ। ਅੰਕਿ = ਅੰਕ ਨਾਲ, ਛਾਤੀ ਨਾਲ। ਗਲਿ = ਗਲ ਨਾਲ।2। ਤੇ = ਤੋਂ। ਓਪਤਿ = ਉਤਪੱਤੀ। ਕਾਸਟ = ਕਾਠ, ਲੱਕੜ। ਅੰਗਿ = (ਆਪਣੇ) ਸਰੀਰ ਉੱਤੇ। ਤਰਾਵੈ = ਤਰਾਂਦਾ ਹੈ। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਰਖਾਵੈਗੋ = ਰਖਾਵੈ, ਕਾਇਮ ਰੱਖਦਾ ਹੈ।3। ਹਮ = ਅਸੀਂ ਜੀਵ। ਲੋਹ = ਲੋਹਾ। ਨਾਵ = ਬੇੜੀ। ਤਰਾਵੈਗੋ = ਤਰਾਵੈ, ਪਾਰ ਲੰਘਾਂਦਾ ਹੈ। ਮਨਿ = ਮਨ ਵਿਚ। ਭਾਵੈਗੋ = ਭਾਵੈ, ਪਿਆਰਾ ਲੱਗਦਾ ਹੈ।4। ਅਰਥ: ਹੇ ਭਾਈ! (ਜਿਸ ਮਨੁੱਖ ਦਾ) ਮਨ ਗੁਰੂ ਦੀ ਮਤਿ (ਲੈ ਕੇ) ਸੁਆਦ ਨਾਲ (ਪਰਮਾਤਮਾ ਦੇ) ਗੁਣ ਗਾਣ ਲੱਗ ਪੈਂਦਾ ਹੈ (ਉਸ ਦੇ ਅੰਦਰ ਇਤਨਾ ਪਿਆਰ ਜਾਗਦਾ ਹੈ ਕਿ ਉਸ ਦੀ) ਜੀਭ ਇਕ ਤੋਂ (ਮਾਨੋ) ਲੱਖਾਂ ਕ੍ਰੋੜਾਂ ਬਣ ਕੇ (ਨਾਮ) ਜਪਣ ਲੱਗ ਪੈਂਦੀ ਹੈ (ਨਾਮ ਜਪਦੀ ਥੱਕਦੀ ਹੀ ਨਹੀਂ) ।1। ਰਹਾਉ। ਹੇ ਭਾਈ! (ਉਸ ਆਤਮਕ ਆਨੰਦ ਦੇ ਪ੍ਰੇਰੇ ਹੋਏ ਹੀ) ਸ਼ੇਸ਼ਨਾਗ ਨੇ (ਆਪਣੀ ਹਜ਼ਾਰ) ਫ਼ਨ ਨਾਲ (ਸਦਾ ਹਰਿ-ਨਾਮ) ਜਪਿਆ ਹੈ। ਪਰ ਹੇ, ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਕੋਈ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਲੱਭ ਸਕਦਾ। ਹੇ ਪ੍ਰਭੂ! ਤੂੰ ਅਥਾਹ (ਸਮੁੰਦਰ) ਹੈਂ, ਤੂੰ ਸਦਾ ਹੀ ਅਪਹੁੰਚ ਹੈਂ। ਹੇ ਭਾਈ! ਗੁਰੂ ਦੀ ਮਤਿ ਦੀ ਰਾਹੀਂ (ਨਾਮ ਜਪਣ ਵਾਲੇ ਮਨੁੱਖ ਦਾ) ਮਨ ਭਟਕਣੋਂ ਹਟ ਜਾਂਦਾ ਹੈ।1। ਹੇ ਪ੍ਰਭੂ! ਜਿਹੜੇ ਮਨੁੱਖਾਂ ਨੇ ਤੈਨੂੰ ਜਪਿਆ ਹੈ, ਉਹੀ ਮਨੁੱਖ ਚੰਗੇ (ਜੀਵਨ ਵਾਲੇ) ਬਣੇ ਹਨ। ਹੇ ਭਾਈ! ਨਾਮ ਜਪਣ ਵਾਲਿਆਂ ਨੂੰ ਹਰੀ (ਆਤਮਕ) ਆਨੰਦ ਬਖ਼ਸ਼ਦਾ ਹੈ। (ਵੇਖੋ, ਇਕ) ਦਾਸੀ ਦਾ ਪੁੱਤਰ ਬਿਦਰ ਛੋਕਰਾ ਜਿਹਾ ਹੀ ਸੀ, (ਪਰ ਨਾਮ ਜਪਣ ਦੀ ਬਰਕਤਿ ਨਾਲ) ਕ੍ਰਿਸਨ ਉਸ ਨੂੰ ਛਾਤੀ ਨਾਲ ਲਾ ਰਿਹਾ ਹੈ, ਗਲ ਨਾਲ ਲਾ ਰਿਹਾ ਹੈ।2। ਹੇ ਭਾਈ! ਪਾਣੀ ਤੋਂ ਕਾਠ ਦੀ ਉਤਪੱਤੀ ਹੁੰਦੀ ਹੈ (ਇਸ ਲਾਜ ਨੂੰ ਪਾਲਣ ਲਈ ਪਾਣੀ ਉਸ) ਕਾਠ ਨੂੰ (ਆਪਣੀ ਛਾਤੀ ਉੱਤੇ ਰੱਖੀ ਰੱਖਦਾ ਹੈ) ਤਰਾਂਦਾ ਰਹਿੰਦਾ ਹੈ (ਡੁੱਬਣ ਨਹੀਂ ਦੇਂਦਾ) । (ਇਸੇ ਤਰ੍ਹਾਂ) ਪਰਮਾਤਮਾ ਆਪਣੇ ਸੇਵਕਾਂ ਨੂੰ ਆਪ ਸੋਹਣੇ ਜੀਵਨ ਵਾਲਾ ਬਣਾਂਦਾ ਹੈ, ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਕਾਇਮ ਰੱਖਦਾ ਹੈ।3। ਹੇ ਭਾਈ! ਅਸੀਂ ਜੀਵ ਪੱਥਰ (ਵਾਂਗ ਪਾਪਾਂ ਨਾਲ ਭਾਰੇ) ਹਾਂ, ਲੋਹੇ (ਵਾਂਗ ਵਿਕਾਰਾਂ ਨਾਲ ਭਾਰੇ) ਹਾਂ, (ਪਰ ਪ੍ਰਭੂ ਆਪ ਮਿਹਰ ਕਰ ਕੇ) ਗੁਰੂ ਦੀ ਸੰਗਤਿ ਵਿਚ ਰੱਖ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ (ਜਿਵੇਂ) ਬੇੜੀ (ਪੱਥਰਾਂ ਨੂੰ ਲੋਹੇ ਨੂੰ ਨਦੀ ਤੋਂ ਪਾਰ ਲੰਘਾਂਦੀ ਹੈ) ਜਿਵੇਂ ਸਾਧ ਸੰਗਤਿ ਦੀ ਬਰਕਤਿ ਨਾਲ (ਕਬੀਰ) ਜੁਲਾਹਾ ਪਾਰ ਲੰਘ ਗਿਆ। ਹੇ ਭਾਈ! ਪਰਮਾਤਮਾ ਆਪਣੇ ਸੰਤ ਜਨਾਂ ਦੇ ਮਨ ਵਿਚ (ਸਦਾ) ਪਿਆਰਾ ਲੱਗਦਾ ਹੈ।4। ਖਰੇ ਖਰੋਏ ਬੈਠਤ ਊਠਤ ਮਾਰਗਿ ਪੰਥਿ ਧਿਆਵੈਗੋ ॥ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ ॥੫॥ ਸਾਸਨਿ ਸਾਸਿ ਸਾਸਿ ਬਲੁ ਪਾਈ ਹੈ ਨਿਹਸਾਸਨਿ ਨਾਮੁ ਧਿਆਵੈਗੋ ॥ ਗੁਰ ਪਰਸਾਦੀ ਹਉਮੈ ਬੂਝੈ ਤੌ ਗੁਰਮਤਿ ਨਾਮਿ ਸਮਾਵੈਗੋ ॥੬॥ ਸਤਿਗੁਰੁ ਦਾਤਾ ਜੀਅ ਜੀਅਨ ਕੋ ਭਾਗਹੀਨ ਨਹੀ ਭਾਵੈਗੋ ॥ ਫਿਰਿ ਏਹ ਵੇਲਾ ਹਾਥਿ ਨ ਆਵੈ ਪਰਤਾਪੈ ਪਛੁਤਾਵੈਗੋ ॥੭॥ ਜੇ ਕੋ ਭਲਾ ਲੋੜੈ ਭਲ ਅਪਨਾ ਗੁਰ ਆਗੈ ਢਹਿ ਢਹਿ ਪਾਵੈਗੋ ॥ ਨਾਨਕ ਦਇਆ ਦਇਆ ਕਰਿ ਠਾਕੁਰ ਮੈ ਸਤਿਗੁਰ ਭਸਮ ਲਗਾਵੈਗੋ ॥੮॥੩॥ {ਪੰਨਾ 1309-1310} ਪਦ ਅਰਥ: ਖਰੇ ਖਰੋਏ = ਖਲੇ-ਖਲੋਤੇ। ਮਾਰਗਿ = ਰਸਤੇ ਵਿਚ। ਪੰਥਿ = ਰਸਤੇ ਵਿਚ। ਧਿਆਵੈਗੋ = ਧਿਆਵੈ, ਧਿਆਉਂਦਾ ਹੈ। ਸਤਿਗੁਰ ਬਚਨ = ਗੁਰੂ ਦੇ ਬਚਨਾਂ ਵਿਚ (ਮਗਨ) । ਪਾਧਰੁ = ਪੱਧਰਾ ਰਸਤਾ। ਪਾਧਰੁ ਮੁਕਤਿ = ਮੁਕਤੀ ਦਾ ਪੱਧਰਾ ਰਸਤਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜਨਾਵੈਗੋ = ਜਨਾਵੈ, ਜਤਾਂਦਾ ਹੈ, ਦੱਸਦਾ ਹੈ।5। ਸਾਸਨਿ = ਸਾਹ ਦੇ ਹੁੰਦਿਆਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਬਲੁ = (ਆਤਮਕ) ਤਾਕਤ। ਨਿਹ ਸਾਸਨਿ = ਸਾਹ ਨਾਹ ਲੈਂਦਿਆਂ ਭੀ, ਸਰੀਰ ਤਿਆਗਣ ਤੇ ਭੀ। ਪਰਸਾਦੀ = ਕਿਰਪਾ ਨਾਲ। ਬੂਝੈ = (ਅੱਗ) ਬੁੱਝ ਜਾਂਦੀ ਹੈ। ਤੌ = ਤਦੋਂ। ਨਾਮਿ = ਨਾਮ ਵਿਚ।6। ਜੀਅ ਕੋ = (ਆਤਮਕ) ਜੀਵਨ ਦਾ। ਜੀਅਨ ਕੋ = ਸਭਨਾਂ ਜੀਵਾਂ ਦਾ। ਭਾਵੈਗੋ = ਭਾਵੈ, ਚੰਗਾ ਲੱਗਦਾ। ਹਾਥਿ = ਹੱਥ ਵਿਚ। ਪਰਤਾਪੈ = ਦੁੱਖੀ ਹੁੰਦਾ ਹੈ।7। ਕੋ = ਕੋਈ ਮਨੁੱਖ। ਭਲ = ਭਲਾ। ਲੋੜੈ = ਚਾਹੁੰਦਾ ਹੈ। ਢਹਿ = ਢਹਿ ਕੇ। ਠਾਕੁਰ = ਹੇ ਠਾਕੁਰ! ਮੈ = ਮੈਨੂੰ। ਭਸਮ = ਚਰਨਾਂ ਦੀ ਧੂੜ।8। ਅਰਥ: ਹੇ ਭਾਈ! (ਜਿਸ ਮਨੁੱਖ ਦਾ ਮਨ ਗੁਰੂ ਦੀ ਮਤਿ ਲੈ ਕੇ ਸੁਆਦ ਨਾਲ ਹਰਿ-ਗੁਣ ਗਾਣ ਲੱਗ ਪੈਂਦਾ ਹੈ, ਉਹ ਮਨੁੱਖ) ਖਲੇ-ਖਲੋਤਿਆਂ, ਬੈਠਦਿਆਂ, ਉੱਠਦਿਆਂ, ਰਸਤੇ ਵਿਚ (ਤੁਰਦਿਆਂ, ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ। (ਉਹ ਮਨੁੱਖ ਸਦਾ) ਗੁਰੂ ਦੇ ਬਚਨਾਂ ਵਿਚ (ਮਗਨ ਰਹਿੰਦਾ) ਹੈ, ਗੁਰੂ ਦਾ ਉਪਦੇਸ਼ (ਉਸ ਨੂੰ ਵਿਕਾਰਾਂ ਤੋਂ) ਖ਼ਲਾਸੀ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ।5। ਹੇ ਭਾਈ! (ਜਿਸ ਮਨੁੱਖ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ, ਉਹ ਮਨੁੱਖ ਸਾਹ ਦੇ ਹੁੰਦਿਆਂ ਹਰੇਕ ਸਾਹ ਦੇ ਨਾਲ (ਨਾਮ ਜਪ ਜਪ ਕੇ ਆਤਮਕ) ਤਾਕਤ ਹਾਸਲ ਕਰਦਾ ਰਹਿੰਦਾ ਹੈ, ਸਾਹ ਦੇ ਨਾਹ ਹੁੰਦਿਆਂ ਭੀ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ। (ਜਦੋਂ) ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) (ਹਉਮੈ ਦੀ ਅੱਗ) ਬੁੱਝ ਜਾਂਦੀ ਹੈ, ਤਦੋਂ ਗੁਰੂ ਦੀ ਮਤਿ ਦੀ ਬਰਕਤਿ ਨਾਲ ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ।6। ਹੇ ਭਾਈ! ਗੁਰੂ ਸਭ ਜੀਵਾਂ ਦਾ ਆਤਮਕ ਜੀਵਨ ਦਾ ਦਾਤਾ ਹੈ, ਪਰ ਬਦ-ਕਿਸਮਤ ਮਨੁੱਖ ਨੂੰ ਗੁਰੂ ਪਿਆਰਾ ਨਹੀਂ ਲੱਗਦਾ। (ਉਹ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੀ ਦਾਤਿ ਨਹੀਂ ਲੈਂਦਾ। ਜ਼ਿੰਦਗੀ ਦਾ ਸਮਾ ਲੰਘ ਜਾਂਦਾ ਹੈ) ਮੁੜ ਇਹ ਸਮਾ ਹੱਥ ਨਹੀਂ ਆਉਂਦਾ, ਤਦੋਂ ਦੁੱਖੀ ਹੁੰਦਾ ਹੈ ਤੇ ਹੱਥ ਮਲਦਾ ਹੈ।7। ਹੇ ਭਾਈ! ਜੇ ਕੋਈ ਮਨੁੱਖ ਆਪਣਾ ਭਲਾ ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ ਉਹ) ਗੁਰੂ ਦੇ ਦਰ ਤੇ ਆਪਾ-ਭਾਵ ਗਵਾ ਕੇ ਪਿਆ ਰਹੇ। ਹੇ ਨਾਨਕ! (ਤੂੰ ਭੀ ਆਖ-) ਹੇ ਮੇਰੇ ਠਾਕੁਰ! (ਮੇਰੇ ਉਤੇ) ਮਿਹਰ ਕਰ, ਮਿਹਰ ਕਰ, ਮੇਰੇ ਮੱਥੇ ਉੱਤੇ ਗੁਰੂ ਦੇ ਚਰਨਾਂ ਦੀ ਧੂੜ ਲੱਗੀ ਰਹੇ।8।3। |
Sri Guru Granth Darpan, by Professor Sahib Singh |