ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1310

ਕਾਨੜਾ ਮਹਲਾ ੪ ॥ ਮਨੁ ਹਰਿ ਰੰਗਿ ਰਾਤਾ ਗਾਵੈਗੋ ॥ ਭੈ ਭੈ ਤ੍ਰਾਸ ਭਏ ਹੈ ਨਿਰਮਲ ਗੁਰਮਤਿ ਲਾਗਿ ਲਗਾਵੈਗੋ ॥੧॥ ਰਹਾਉ ॥ ਹਰਿ ਰੰਗਿ ਰਾਤਾ ਸਦ ਬੈਰਾਗੀ ਹਰਿ ਨਿਕਟਿ ਤਿਨਾ ਘਰਿ ਆਵੈਗੋ ॥ ਤਿਨ ਕੀ ਪੰਕ ਮਿਲੈ ਤਾਂ ਜੀਵਾ ਕਰਿ ਕਿਰਪਾ ਆਪਿ ਦਿਵਾਵੈਗੋ ॥੧॥ ਦੁਬਿਧਾ ਲੋਭਿ ਲਗੇ ਹੈ ਪ੍ਰਾਣੀ ਮਨਿ ਕੋਰੈ ਰੰਗੁ ਨ ਆਵੈਗੋ ॥ ਫਿਰਿ ਉਲਟਿਓ ਜਨਮੁ ਹੋਵੈ ਗੁਰ ਬਚਨੀ ਗੁਰੁ ਪੁਰਖੁ ਮਿਲੈ ਰੰਗੁ ਲਾਵੈਗੋ ॥੨॥ ਇੰਦ੍ਰੀ ਦਸੇ ਦਸੇ ਫੁਨਿ ਧਾਵਤ ਤ੍ਰੈ ਗੁਣੀਆ ਖਿਨੁ ਨ ਟਿਕਾਵੈਗੋ ॥ ਸਤਿਗੁਰ ਪਰਚੈ ਵਸਗਤਿ ਆਵੈ ਮੋਖ ਮੁਕਤਿ ਸੋ ਪਾਵੈਗੋ ॥੩॥ {ਪੰਨਾ 1310}

ਪਦ ਅਰਥ: ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੱਤਾ, ਰੰਗਿਆ ਹੋਇਆ। ਗਾਵੈਗੋ = ਗਾਵੈ, ਗਾਂਦਾ ਰਹਿੰਦਾ ਹੈ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਤ੍ਰਾਸ = ਡਰ, ਸਹਮ। ਨਿਰਮਲ = ਮਲ-ਰਹਿਤ, ਪਵਿੱਤਰ। ਲਾਗਿ = ਪਾਹ (ਕੱਪੜੇ ਨੂੰ ਰੰਗ ਚਾੜ੍ਹਨ ਤੋਂ ਪਹਿਲਾਂ 'ਪਾਹ' ਦੇਈਦੀ ਹੈ, ਲੂਣ ਜਾਂ ਸੋਡੇ ਆਦਿਕ ਵਿਚ ਰਿੰਨ੍ਹੀਦਾ ਹੈ) । ਲਗਾਵੈਗੋ = ਲਾਂਦਾ ਹੈ, ਲਗਾਵੈ।1। ਰਹਾਉ।

ਸਦ = ਸਦਾ। ਬੈਰਾਗੀ = ਵਿਰਕਤ, ਮਾਇਆ ਦੇ ਮੋਹ ਤੋਂ ਉਪਰਾਮ। ਨਿਕਟਿ = ਨੇੜੇ। ਘਰਿ = (ਹਿਰਦੇ-) ਘਰ ਵਿਚ। ਪੰਕ = ਚਰਨ-ਧੂੜ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰ ਲੈਂਦਾ ਹਾਂ। ਕਰਿ = ਕਰ ਕੇ।1।

ਦੁਬਿਧਾ = ਮੇਰ-ਤੇਰ। ਲੋਭਿ = ਲੋਭ ਵਿਚ। ਮਨਿ ਕੋਰੈ = ਕੋਰੇ ਮਨ ਉੱਤੇ। ਰੰਗਿ = ਪ੍ਰੇਮ-ਰੰਗ। ਫਿਰਿ = ਮੁੜ। ਉਲਟਿਓ = (ਜਦੋਂ ਲੋੜ ਆਦਿਕ ਵਲੋਂ ਮਨ) ਪਰਤਦਾ ਹੈ। ਜਨਮੁ = ਨਵਾਂ ਜਨਮ। ਬਚਨੀ = ਬਚਨੀਂ, ਬਚਨਾਂ ਦੀ ਰਾਹੀਂ। ਲਾਵੈਗੋ = ਲਾਵੈ, ਲਾਂਦਾ ਹੈ, ਚਾੜ੍ਹਦਾ ਹੈ।2।

ਫੁਨਿ = ਮੁੜ, ਮੁੜ ਮੁੜ। ਧਾਵਤ = ਭਟਕਦੀਆਂ ਹਨ। ਤ੍ਰੈਗੁਣੀਆ = ਤਿੰਨਾਂ ਗੁਣਾਂ ਵਿਚ ਫਸਿਆ ਹੋਇਆ ਮਨ। ਪਰਚੈ = ਪਤੀਜਦਾ ਹੈ, ਪ੍ਰਸੰਨ ਹੁੰਦਾ ਹੈ। ਵਸਗਤਿ = ਵੱਸ ਵਿਚ। ਮੋਖ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਸੋ = ਉਹ ਮਨੁੱਖ।3।

ਅਰਥ: ਹੇ ਭਾਈ! (ਜਿਹੜਾ ਮਨੁੱਖ ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਣ ਵਾਸਤੇ ਮਨ ਨੂੰ) ਗੁਰੂ ਦੀ ਮਤਿ ਦੀ ਪਾਣ ਦੇਂਦਾ ਹੈ, (ਉਸ ਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ (ਇਸ ਰੰਗ ਵਿਚ ਰੰਗੀਜ ਕੇ ਉਹ ਮਨੁੱਖ ਸਦਾ ਪਰਮਾਤਮਾ ਦੇ ਗੁਣ) ਗਾਂਦਾ ਰਹਿੰਦਾ ਹੈ, ਉਸ ਦੇ ਸਾਰੇ (ਮਲੀਨ) ਡਰ ਤੇ ਸਹਮ ਪਵਿੱਤਰ (ਅਦਬ-ਸਤਕਾਰ) ਬਣ ਜਾਂਦੇ ਹਨ।1। ਰਹਾਉ।

ਹੇ ਭਾਈ! ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਹੋਇਆ ਮਨੁੱਖ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦਾ ਹੈ, ਪ੍ਰਭੂ (ਪ੍ਰੇਮ-ਰੰਗ ਵਿਚ ਰੰਗੇ ਮਨੁੱਖਾਂ ਦੇ ਸਦਾ) ਨੇੜੇ ਵੱਸਦਾ ਹੈ, ਉਹਨਾਂ ਦੇ (ਹਿਰਦੇ-) ਘਰ ਵਿਚ ਆ ਟਿਕਦਾ ਹੈ। ਹੇ ਭਾਈ! ਜੇ ਮੈਨੂੰ ਉਹਨਾਂ (ਵਡ-ਭਾਗੀ ਮਨੁੱਖਾਂ) ਦੀ ਚਰਨ-ਧੂੜ ਮਿਲੇ, ਤਾਂ ਮੈਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹਾਂ। (ਪਰ ਇਹ ਚਰਨ-ਧੂੜ ਪ੍ਰਭੂ) ਆਪ ਹੀ ਕਿਰਪਾ ਕਰ ਕੇ ਦਿਵਾਂਦਾ ਹੈ।1।

ਹੇ ਭਾਈ! ਜਿਹੜੇ ਮਨੁੱਖ ਮੇਰ-ਤੇਰ ਵਿਚ ਲੋਭ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਕੋਰੇ ਮਨ ਉੱਤੇ (ਪ੍ਰਭੂ ਦਾ ਪਿਆਰ-) ਰੰਗ ਨਹੀਂ ਚੜ੍ਹ ਸਕਦਾ। ਫਿਰ ਜਦੋਂ ਗੁਰੂ ਦੇ ਬਚਨਾਂ ਦੀ ਰਾਹੀਂ (ਉਹਨਾਂ ਦਾ ਮਨ ਦੁਬਿਧਾ ਲੋਭ ਆਦਿਕ ਵਲੋਂ) ਪਰਤਦਾ ਹੈ, (ਤਾਂ ਉਹਨਾਂ ਨੂੰ ਨਵਾਂ ਆਤਮਕ) ਜਨਮ ਮਿਲਦਾ ਹੈ। ਹੇ ਭਾਈ! (ਜਿਸ ਮਨੁੱਖ ਨੂੰ) ਗੁਰੂ ਪੁਰਖ ਮਿਲ ਪੈਂਦਾ ਹੈ (ਉਸ ਦੇ ਮਨ ਨੂੰ ਪ੍ਰਭੂ-ਪਿਆਰ ਦਾ) ਰੰਗ ਚਾੜ੍ਹ ਦੇਂਦਾ ਹੈ।2।

ਹੇ ਭਾਈ! ਮਨੁੱਖ ਦੀਆਂ ਇਹ ਦਸੇ ਹੀ ਇੰਦ੍ਰੀਆਂ ਮੁੜ ਮੁੜ ਭਟਕਦੀਆਂ ਫਿਰਦੀਆਂ ਹਨ। (ਮਾਇਆ ਦੇ) ਤਿੰਨ ਗੁਣਾਂ ਵਿਚ ਗ੍ਰਸਿਆ ਮਨ ਰਤਾ-ਭਰ ਸਮੇ ਲਈ ਭੀ (ਇਕ ਥਾਂ) ਨਹੀਂ ਟਿਕਦਾ। ਜਦੋਂ ਗੁਰੂ (ਕਿਸੇ ਮਨੁੱਖ ਉੱਤੇ) ਤ੍ਰੱਠਦਾ ਹੈ ਤਾਂ ਉਸ ਦਾ ਮਨ ਵੱਸ ਵਿਚ ਆ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ।3।

ਓਅੰਕਾਰਿ ਏਕੋ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋ ॥ ਏਕੋ ਰੂਪੁ ਏਕੋ ਬਹੁ ਰੰਗੀ ਸਭੁ ਏਕਤੁ ਬਚਨਿ ਚਲਾਵੈਗੋ ॥੪॥ ਗੁਰਮੁਖਿ ਏਕੋ ਏਕੁ ਪਛਾਤਾ ਗੁਰਮੁਖਿ ਹੋਇ ਲਖਾਵੈਗੋ ॥ ਗੁਰਮੁਖਿ ਜਾਇ ਮਿਲੈ ਨਿਜ ਮਹਲੀ ਅਨਹਦ ਸਬਦੁ ਬਜਾਵੈਗੋ ॥੫॥ ਜੀਅ ਜੰਤ ਸਭ ਸਿਸਟਿ ਉਪਾਈ ਗੁਰਮੁਖਿ ਸੋਭਾ ਪਾਵੈਗੋ ॥ ਬਿਨੁ ਗੁਰ ਭੇਟੇ ਕੋ ਮਹਲੁ ਨ ਪਾਵੈ ਆਇ ਜਾਇ ਦੁਖੁ ਪਾਵੈਗੋ ॥੬॥ ਅਨੇਕ ਜਨਮ ਵਿਛੁੜੇ ਮੇਰੇ ਪ੍ਰੀਤਮ ਕਰਿ ਕਿਰਪਾ ਗੁਰੂ ਮਿਲਾਵੈਗੋ ॥ ਸਤਿਗੁਰ ਮਿਲਤ ਮਹਾ ਸੁਖੁ ਪਾਇਆ ਮਤਿ ਮਲੀਨ ਬਿਗਸਾਵੈਗੋ ॥੭॥ ਹਰਿ ਹਰਿ ਕ੍ਰਿਪਾ ਕਰਹੁ ਜਗਜੀਵਨ ਮੈ ਸਰਧਾ ਨਾਮਿ ਲਗਾਵੈਗੋ ॥ ਨਾਨਕ ਗੁਰੂ ਗੁਰੂ ਹੈ ਸਤਿਗੁਰੁ ਮੈ ਸਤਿਗੁਰੁ ਸਰਨਿ ਮਿਲਾਵੈਗੋ ॥੮॥੪॥ {ਪੰਨਾ 1310}

ਪਦ ਅਰਥ: ਓਅੰਕਾਰਿ = ਓਅੰਕਾਰ ਵਿਚ, ਸਰਬ-ਵਿਆਪਕ ਪ੍ਰਭੂ ਵਿਚ। ਸਭੁ = ਸਾਰਾ ਜਗਤ। ਏਕਸ ਮਾਹਿ = ਇੱਕ (ਪ੍ਰਭੂ) ਵਿਚ ਹੀ। ਏਕਸੁ ਬਚਨਿ = ਇਕ (ਆਪਣੇ ਹੀ) ਹੁਕਮ ਵਿਚ। ਬਚਨਿ = ਹੁਕਮ ਵਿਚ।4।

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਲਖਾਵੈਗੋ = ਲਖਾਵੈ, ਲਖੈ, ਸਮਝ ਲੈਂਦਾ ਹੈ। ਜਾਇ = ਜਾ ਜਾ ਕੇ। ਨਿਜ ਮਹਲੀ = ਨਿਜ ਮਹਲਿ, ਆਪਣੇ (ਅਸਲ) ਟਿਕਾਣੇ ਵਿਚ। ਅਨਹਦ = (ਅਨ-ਆਹਤ। ਬਿਨਾ ਵਜਾਏ ਵੱਜ ਰਿਹਾ) ਇਕ-ਰਸ। ਸਬਦੁ ਬਜਾਵੈਗੋ = ਸ਼ਬਦ ਦਾ ਪ੍ਰਬਲ ਪ੍ਰਭਾਵ (ਆਪਣੇ ਅੰਦਰ) ਟਿਕਾਈ ਰੱਖਦਾ ਹੈ।5।

ਸਭ ਸਿਸਿਟ = ਸਾਰੀ ਸ੍ਰਿਸ਼ਟੀ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬਿਨ ਗੁਰ ਭੇਟੇ = ਗੁਰੂ ਨੂੰ ਮਿਲਣ ਤੋਂ ਬਿਨਾ। ਕੋ = ਕੋਈ ਮਨੁੱਖ। ਮਹਲੁ = ਪ੍ਰਭੂ-ਚਰਨਾਂ ਵਿਚ ਥਾਂ। ਆਇ ਜਾਇ = ਆ ਕੇ ਜਾ ਕੇ, ਜਨਮ ਮਰਨ ਦੇ ਗੇੜ ਵਿਚ ਪੈ ਕੇ।6।

ਮੇਰੇ ਪ੍ਰੀਤਮ = ਹੇ ਮੇਰੇ ਪ੍ਰੀਤਮ ਪ੍ਰਭੂ! ਕਰਿ = ਕਰ ਕੇ। ਸਤਿਗੁਰ ਮਿਲਤ = ਗੁਰੂ ਦੇ ਮਿਲਦਿਆਂ। ਮਲੀਨ = ਵਿਕਾਰਾਂ ਨਾਲ ਮੈਲੀ ਹੋ ਚੁਕੀ। ਬਿਗਸਾਵੈਗੋ = ਖਿੜਾ ਦੇਂਦਾ ਹੈ।7।

ਜਗਜੀਵਨ = ਹੇ ਜਗਤ ਦੇ ਜੀਵਨ ਪ੍ਰਭੂ! ਮੈ ਸਰਧਾ = ਮੇਰੀ ਸਰਧਾ। ਨਾਮਿ = (ਤੇਰੇ) ਨਾਮ ਵਿਚ। ਮੈ = ਮੈਨੂੰ। ਸਰਨਿ = ਪ੍ਰਭੂ ਦੀ ਸਰਨ ਵਿਚ।8।

ਅਰਥ: ਹੇ ਭਾਈ! ਪਰਮਾਤਮਾ ਇਕ ਆਪ ਹੀ ਸਭ ਥਾਂ ਵਿਆਪਕ ਹੈ, ਉਸ ਇਕੋ ਸਰਬ-ਵਿਆਪਕ ਵਿਚ ਹੀ ਸਾਰਾ ਜਗਤ ਲੀਨ ਹੋ ਜਾਂਦਾ ਹੈ। ਉਹ ਪਰਮਾਤਮਾ (ਕਦੇ) ਇਕ ਆਪ ਹੀ ਆਪ ਹੁੰਦਾ ਹੈ, ਉਹ ਆਪ ਹੀ (ਜਗਤ ਰਚ ਕੇ) ਅਨੇਕਾਂ ਰੰਗਾਂ ਵਾਲਾ ਬਣ ਜਾਂਦਾ ਹੈ। ਸਾਰੇ ਜਗਤ ਨੂੰ ਉਹ ਪ੍ਰਭੂ ਇਕ ਆਪਣੇ ਹੀ ਹੁਕਮ ਵਿਚ ਤੋਰ ਰਿਹਾ ਹੈ।4।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਪਛਾਣਦਾ ਹੈ। ਹੇ ਭਾਈ! ਗੁਰੂ ਦੇ ਸਨਮੁਖ ਹੋ ਕੇ (ਮਨੁੱਖ) ਇਹ ਭੇਤ ਸਮਝ ਲੈਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ-ਚਰਨਾਂ ਵਿਚ ਜਾ ਪਹੁੰਚਦਾ ਹੈ, ਉਹ (ਆਪਣੇ ਅੰਦਰ) ਗੁਰੂ ਦੇ ਸ਼ਬਦ ਦਾ ਇਕ-ਰਸ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ।5।

ਹੇ ਭਾਈ! (ਉਂਞ ਤਾਂ) ਸਾਰੇ ਜੀਅ ਜੰਤ (ਪ੍ਰਭੂ ਦੇ ਪੈਦਾ ਕੀਤੇ ਹੋਏ ਹਨ) , ਸਾਰੀ ਸ੍ਰਿਸ਼ਟੀ (ਪ੍ਰਭੂ ਨੇ ਹੀ) ਪੈਦਾ ਕੀਤੀ ਹੋਈ ਹੈ, (ਪਰ) ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਲੋਕ ਪਰਲੋਕ ਵਿਚ) ਵਡਿਆਈ ਹਾਸਲ ਕਰਦਾ ਹੈ। ਹੇ ਭਾਈ! ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਭੀ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਥਾਂ ਨਹੀਂ ਲੈ ਸਕਦਾ (ਸਗੋਂ) ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁੱਖ ਭੋਗਦਾ ਰਹਿੰਦਾ ਹੈ।6।

ਹੇ ਮੇਰੇ ਪ੍ਰੀਤਮ ਪ੍ਰਭੂ! (ਜੀਵ) ਅਨੇਕਾਂ ਹੀ ਜਨਮ (ਤੇਰੇ ਚਰਨਾਂ ਤੋਂ) ਵਿਛੁੜੇ ਰਹਿੰਦੇ ਹਨ। ਗੁਰੂ (ਹੀ) ਮਿਹਰ ਕਰ ਕੇ (ਇਹਨਾਂ ਨੂੰ ਤੇਰੇ ਨਾਲ) ਮਿਲਾਂਦਾ ਹੈ। ਹੇ ਭਾਈ! ਗੁਰੂ ਨੂੰ ਮਿਲਦਿਆਂ (ਹੀ ਮਨੁੱਖ) ਬੜਾ ਆਨੰਦ ਪ੍ਰਾਪਤ ਕਰ ਲੈਂਦਾ ਹੈ। (ਮਨੁੱਖ ਦੀ ਵਿਕਾਰਾਂ ਵਿਚ) ਮੈਲੀ ਹੋ ਚੁਕੀ ਮਤਿ ਨੂੰ (ਗੁਰੂ) ਖੇੜੇ ਵਿਚ ਲੈ ਆਉਂਦਾ ਹੈ।7।

ਹੇ ਜਗਤ ਦੇ ਜੀਵਨ ਹਰੀ! ਮਿਹਰ ਕਰ, (ਗੁਰੂ) ਮੇਰੀ ਸਰਧਾ (ਤੇਰੇ) ਨਾਮ ਵਿਚ ਬਣਾਈ ਰੱਖੇ। ਹੇ ਨਾਨਕ! (ਆਖ– ਪ੍ਰਭੂ-ਚਰਨਾਂ ਵਿਚ ਜੁੜਨ ਲਈ) ਗੁਰੂ ਹੀ (ਵਸੀਲਾ) ਹੈ, ਗੁਰੂ ਹੀ (ਵਿਚੋਲਾ) ਹੈ। ਗੁਰੂ ਹੀ ਮੈਨੂੰ ਪ੍ਰਭੂ ਦੀ ਸਰਨ ਵਿਚ ਟਿਕਾਈ ਰੱਖ ਸਕਦਾ ਹੈ।8।4।

ਕਾਨੜਾ ਮਹਲਾ ੪ ॥ ਮਨ ਗੁਰਮਤਿ ਚਾਲ ਚਲਾਵੈਗੋ ॥ ਜਿਉ ਮੈਗਲੁ ਮਸਤੁ ਦੀਜੈ ਤਲਿ ਕੁੰਡੇ ਗੁਰ ਅੰਕਸੁ ਸਬਦੁ ਦ੍ਰਿੜਾਵੈਗੋ ॥੧॥ ਰਹਾਉ ॥ ਚਲਤੌ ਚਲੈ ਚਲੈ ਦਹ ਦਹ ਦਿਸਿ ਗੁਰੁ ਰਾਖੈ ਹਰਿ ਲਿਵ ਲਾਵੈਗੋ ॥ ਸਤਿਗੁਰੁ ਸਬਦੁ ਦੇਇ ਰਿਦ ਅੰਤਰਿ ਮੁਖਿ ਅੰਮ੍ਰਿਤੁ ਨਾਮੁ ਚੁਆਵੈਗੋ ॥੧॥ ਬਿਸੀਅਰ ਬਿਸੂ ਭਰੇ ਹੈ ਪੂਰਨ ਗੁਰੁ ਗਰੁੜ ਸਬਦੁ ਮੁਖਿ ਪਾਵੈਗੋ ॥ ਮਾਇਆ ਭੁਇਅੰਗ ਤਿਸੁ ਨੇੜਿ ਨ ਆਵੈ ਬਿਖੁ ਝਾਰਿ ਝਾਰਿ ਲਿਵ ਲਾਵੈਗੋ ॥੨॥ ਸੁਆਨੁ ਲੋਭੁ ਨਗਰ ਮਹਿ ਸਬਲਾ ਗੁਰੁ ਖਿਨ ਮਹਿ ਮਾਰਿ ਕਢਾਵੈਗੋ ॥ ਸਤੁ ਸੰਤੋਖੁ ਧਰਮੁ ਆਨਿ ਰਾਖੇ ਹਰਿ ਨਗਰੀ ਹਰਿ ਗੁਨ ਗਾਵੈਗੋ ॥੩॥ ਪੰਕਜ ਮੋਹ ਨਿਘਰਤੁ ਹੈ ਪ੍ਰਾਨੀ ਗੁਰੁ ਨਿਘਰਤ ਕਾਢਿ ਕਢਾਵੈਗੋ ॥ ਤ੍ਰਾਹਿ ਤ੍ਰਾਹਿ ਸਰਨਿ ਜਨ ਆਏ ਗੁਰੁ ਹਾਥੀ ਦੇ ਨਿਕਲਾਵੈਗੋ ॥੪॥ {ਪੰਨਾ 1310}

ਪਦ ਅਰਥ: ਮਨ = ਹੇ ਮਨ! ਗੁਰਮਤਿ = ਗੁਰੂ ਦੀ ਸਿੱਖਿਆ (ਹੀ) । ਚਾਲ = (ਸਹੀ ਜੀਵਨ ਦੀ) ਚਾਲ। ਮੈਗਲੁ = ਹਾਥੀ। ਦੀਜੈ = ਰੱਖਿਆ ਜਾਂਦਾ ਹੈ। ਤਲਿ ਕੁੰਡੇ = ਕੁੰਡੇ ਦੇ ਹੇਠ। ਅੰਕਸੁ = (ਹਾਥੀ ਨੂੰ ਚਲਾਣ ਵਾਸਤੇ ਵਰਤਣ ਵਾਲਾ) ਕੁੰਡਾ। ਦ੍ਰਿੜਾਵੈਗੋ = ਦ੍ਰਿੜਾਵੈ, ਹਿਰਦੇ ਵਿਚ ਪੱਕਾ ਕਰਦਾ ਹੈ।1। ਰਹਾਉ।

ਚਲਤੌ ਚਲੈ ਚਲੈ = ਮੁੜ ਮੁੜ ਭਟਕਦਾ ਹੈ। ਦਹ ਦਿਸਿ = ਦਸੀਂ ਪਾਸੀਂ। ਦਿਸਿ = ਪਾਸਾ। ਰਾਖੈ = ਰੱਖਿਆ ਕਰਦਾ। ਲਿਵ = ਲਗਨ। ਲਾਵੈਗੋ = ਲਾਵੈ, ਲਾਂਦਾ ਹੈ। ਦੇਇ = ਦੇਂਦਾ ਹੈ। ਰਿਦ ਅੰਤਰਿ = ਹਿਰਦੇ ਵਿਚ। ਮੁਖਿ = ਮੂੰਹ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ।1।

ਬਿਸੀਅਰ = ਸੱਪ। ਬਿਸੂ = ਜ਼ਹਰ। ਗਰੁੜ = ਗਾਰੁੜ ਮੰਤ੍ਰ! ਭੁਇਅੰਗ = ਸੱਪਣੀ। ਬਿਖੁ = ਜ਼ਹਰ। ਝਾਰਿ = ਝਾੜ ਕੇ।2।

ਸੁਆਨੁ = ਕੁੱਤਾ। ਨਗਰ = ਸਰੀਰ-ਨਗਰ। ਸਬਲਾ = (ਸ-ਬਲ) ਬਲ ਵਾਲਾ। ਮਾਰਿ = ਮਾਰਿ ਕੇ। ਆਨਿ = ਲਿਆ ਕੇ। ਹਰਿ ਨਗਰੀ = ਹਰੀ ਦੀ ਨਗਰੀ ਵਿਚ, ਸਾਧ ਸੰਗਤਿ ਵਿਚ।3।

ਪੰਕਜ = ਚਿੱਕੜ। ਨਿਘਰਤੁ ਹੈ– ਖੁੱਭਦਾ ਜਾਂਦਾ ਹੈ। ਕਾਢਿ = ਕੱਢ ਕੇ। ਕਢਾਵੈਗੋ = ਬੰਨੇ ਲਾ ਦੇਂਦਾ ਹੈ। ਤ੍ਰਾਹਿ ਤ੍ਰਾਹਿ = ਬਚਾ ਲੈ ਬਚਾ ਲੈ। ਹਾਥੀ = ਹੱਥ। ਦੇ = ਦੇ ਕੇ।4।

ਅਰਥ: ਹੇ ਮਨ (ਤੈਨੂੰ) ਗੁਰੂ ਦੀ ਸਿੱਖਿਆ (ਹੀ ਸਹੀ ਜੀਵਨ ਦੀ) ਚਾਲ ਚਲਾ ਸਕਦੀ ਹੈ। ਹੇ ਭਾਈ! ਗੁਰੂ ਦਾ ਸ਼ਬਦ (ਮਾਨੋ, ਉਹ) ਕੁੰਡਾ ਹੈ (ਜਿਸ ਨਾਲ ਹਾਥੀ ਨੂੰ ਤੋਰੀਦਾ ਹੈ) । ਜਿਵੇਂ ਮਸਤ ਹਾਥੀ ਨੂੰ ਕੁੰਡੇ ਹੇਠ ਰੱਖੀਦਾ ਹੈ (ਤਿਵੇਂ ਗੁਰੂ ਆਪਣਾ) ਸ਼ਬਦ (ਮਨੁੱਖ ਦੇ) ਹਿਰਦੇ ਵਿਚ ਪੱਕਾ ਕਰ ਦੇਂਦਾ ਹੈ।1। ਰਹਾਉ।

ਹੇ ਭਾਈ! (ਮਨੁੱਖ ਦਾ ਮਨ) ਮੁੜ ਮੁੜ ਦਸੀਂ ਪਾਸੀਂ ਭਟਕਦਾ ਫਿਰਦਾ ਹੈ, ਗੁਰੂ (ਇਸ ਨੂੰ) ਭਟਕਣ ਤੋਂ ਬਚਾਂਦਾ ਹੈ (ਇਸਦੇ ਅੰਦਰ) ਪਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ। ਗੁਰੂ (ਆਪਣਾ) ਸ਼ਬਦ (ਮਨੁੱਖ ਦੇ) ਹਿਰਦੇ ਵਿਚ ਟਿਕਾ ਦੇਂਦਾ ਹੈ, ਅਤੇ ਉਸ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਚੋਂਦਾ ਹੈ।1।

ਹੇ ਭਾਈ! ਸੱਪ ਜ਼ਹਰ ਨਾਲ ਨਕਾ-ਨਕ ਭਰੇ ਹੁੰਦੇ ਹਨ (ਉਹਨਾਂ ਦੇ ਅਸਰ ਤੋਂ ਬਚਾਣ ਲਈ) ਗਾਰੁੜ ਮੰਤਰ ਹੈ (ਇਸੇ ਤਰ੍ਹਾਂ) ਗੁਰੂ (ਆਪਣਾ) ਸ਼ਬਦ (-ਮੰਤ੍ਰ ਜਿਸ ਮਨੁੱਖ ਦੇ) ਮੂੰਹ ਵਿਚ ਪਾ ਦੇਂਦਾ ਹੈ, ਮਾਇਆ ਸਪਣੀ ਉਸ ਦੇ ਨੇੜੇ ਨਹੀਂ ਢੁਕਦੀ। (ਗੁਰੂ ਸ਼ਬਦ-ਮੰਤ੍ਰ ਦੀ ਬਰਕਤਿ ਨਾਲ ਉਸ ਦਾ) ਜ਼ਹਰ ਝਾੜ ਝਾੜ ਕੇ (ਉਸ ਦੇ ਅੰਦਰ) ਪਰਮਾਤਮਾ ਦੀ ਲਗਨ ਪੈਦਾ ਕਰ ਦੇਂਦਾ ਹੈ।2।

ਹੇ ਭਾਈ! ਲੋਭ-ਕੁੱਤਾ (ਮਨੁੱਖ ਦੇ) ਸਰੀਰ-ਨਗਰ ਵਿਚ ਬਲਵਾਨ ਹੋਇਆ ਰਹਿੰਦਾ ਹੈ, ਪਰ ਗੁਰੂ ਇਕ ਛਿਨ ਵਿਚ (ਇਸ ਕੁੱਤੇ ਨੂੰ) ਮਾਰ ਕੇ (ਉਸ ਦੇ ਅੰਦਰੋਂ) ਕੱਢ ਦੇਂਦਾ ਹੈ। (ਗੁਰੂ ਨੇ) ਸਤ ਸੰਤੋਖ ਧਰਮ (ਇਹ ਗੁਣ) ਸਾਧ ਸੰਗਤਿ-ਨਗਰੀ ਵਿਚ ਲਿਆ ਕੇ ਰੱਖੇ ਹੋਏ ਹਨ (ਲੋਭ-ਕੁੱਤੇ ਤੋਂ ਬਚਣ ਲਈ ਮਨੁੱਖ) ਸਾਧ ਸੰਗਤਿ ਵਿਚ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।3।

ਹੇ ਭਾਈ! ਮਨੁੱਖ (ਮਾਇਆ ਦੇ) ਮੋਹ ਦੇ ਖੋਭੇ ਵਿਚ ਖੁੱਭਦਾ ਜਾਂਦਾ ਹੈ, ਗੁਰੂ (ਇਸ ਖੋਭੇ ਵਿਚ) ਖੁੱਭ ਰਹੇ ਮਨੁੱਖ ਨੂੰ (ਖੋਭੇ ਵਿਚੋਂ) ਕੱਢ ਕੇ ਬੰਨੇ ਲਾ ਦੇਂਦਾ ਹੈ। 'ਬਚਾ ਲੈ ਬਚਾ ਲੈ' = ਇਹ ਆਖਦੇ (ਜਿਹੜੇ) ਮਨੁੱਖ (ਗੁਰੂ ਦੀ) ਸਰਨ ਆਉਂਦੇ ਹਨ, ਗੁਰੂ ਆਪਣਾ ਹੱਥ ਫੜਾ ਕੇ ਉਹਨਾਂ ਨੂੰ (ਮਾਇਆ ਦੇ ਮੋਹ ਦੇ ਚਿੱਕੜ ਵਿਚੋਂ) ਬਾਹਰ ਕੱਢ ਲੈਂਦਾ ਹੈ।4।

TOP OF PAGE

Sri Guru Granth Darpan, by Professor Sahib Singh