ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1311

ਸੁਪਨੰਤਰੁ ਸੰਸਾਰੁ ਸਭੁ ਬਾਜੀ ਸਭੁ ਬਾਜੀ ਖੇਲੁ ਖਿਲਾਵੈਗੋ ॥ ਲਾਹਾ ਨਾਮੁ ਗੁਰਮਤਿ ਲੈ ਚਾਲਹੁ ਹਰਿ ਦਰਗਹ ਪੈਧਾ ਜਾਵੈਗੋ ॥੫॥ ਹਉਮੈ ਕਰੈ ਕਰਾਵੈ ਹਉਮੈ ਪਾਪ ਕੋਇਲੇ ਆਨਿ ਜਮਾਵੈਗੋ ॥ ਆਇਆ ਕਾਲੁ ਦੁਖਦਾਈ ਹੋਏ ਜੋ ਬੀਜੇ ਸੋ ਖਵਲਾਵੈਗੋ ॥੬॥ ਸੰਤਹੁ ਰਾਮ ਨਾਮੁ ਧਨੁ ਸੰਚਹੁ ਲੈ ਖਰਚੁ ਚਲੇ ਪਤਿ ਪਾਵੈਗੋ ॥ ਖਾਇ ਖਰਚਿ ਦੇਵਹਿ ਬਹੁਤੇਰਾ ਹਰਿ ਦੇਦੇ ਤੋਟਿ ਨ ਆਵੈਗੋ ॥੭॥ ਰਾਮ ਨਾਮ ਧਨੁ ਹੈ ਰਿਦ ਅੰਤਰਿ ਧਨੁ ਗੁਰ ਸਰਣਾਈ ਪਾਵੈਗੋ ॥ ਨਾਨਕ ਦਇਆ ਦਇਆ ਕਰਿ ਦੀਨੀ ਦੁਖੁ ਦਾਲਦੁ ਭੰਜਿ ਸਮਾਵੈਗੋ ॥੮॥੫॥ {ਪੰਨਾ 1311}

ਪਦ ਅਰਥ: ਸੁਪਨੰਤਰੁ = (ਸੁਪਨ-ਅੰਤਰ। ਨੋਟ: ਲਫ਼ਜ਼ 'ਅੰਤਰ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ (ਵੇਖੋ ਬੰਦ ਨੰ: 8 ਵਿਚ 'ਰਿਦ ਅੰਤਰਿ') ਅੰਦਰਲਾ ਸੁਪਨਾ, ਮਨ ਦਾ ਸੁਪਨਾ, ਮਨ ਦੀ ਭਟਕਣ। ਸਭੁ = ਸਾਰਾ (ਸੰਸਾਰ) । ਖਿਲਾਵੈਗੋ = ਖਿਲਾਵੈ, (ਪਰਮਾਤਮਾ ਆਪ) ਖਿਡਾ ਰਿਹਾ ਹੈ। ਲਾਹਾ = ਲਾਭ, ਖੱਟੀ। ਲੈ = ਲੈ ਕੇ। ਚਾਲਹੁ = (ਜਗਤ ਤੋਂ) ਤੁਰੋ। ਪੈਧਾ = ਸਰੋਪਾ ਹਾਸਲ ਕਰ ਕੇ, ਇੱਜ਼ਤ ਨਾਲ। ਜਾਵੈਗੋ = ਜਾਵੈ, ਜਾਂਦਾ ਹੈ।5।

ਕਰੈ ਕਰਾਵੈ = ਕਰਦਾ ਕਰਾਂਦਾ, ਹਰ ਵੇਲੇ ਕਰਦਾ। ਆਨਿ = ਲਿਆ ਕੇ। ਜਮਾਵੈਗੋ = ਜਮਾਵੈ, ਜਮਾਂਦਾ ਹੈ, ਬੀਜਦਾ ਹੈ। ਕਾਲੁ = ਮੌਤ। ਜੋ = ਜਿਹੜੇ। ਕੋਇਲੇ = ਪਾਪ। ਬੀਜੇ = ਬੀਜੇ ਹੁੰਦੇ ਹਨ। ਖਵਲਾਵੈਗੋ = ਫਲ ਭੁਗਤਾਂਦਾ ਹੈ।6।

ਸੰਤਹੁ = ਹੇ ਸੰਤ ਜਨੋ! ਸੰਚਹੁ ਇਕੱਠਾ ਕਰੋ। ਲੈ = ਲੈ ਕੇ। ਚਲੇ = ਤੁਰਦੇ ਹਨ। ਪਤਿ = ਇੱਜ਼ਤ। ਪਾਵੈਗੋ = ਪੱਲੇ ਪਾਂਦਾ ਹੈ, ਦੇਂਦਾ ਹੈ। ਖਾਇ = (ਆਪ) ਖਾ ਕੇ। ਖਰਚਿ = ਖ਼ਰਚ ਕੇ, (ਹੋਰਨਾਂ ਨੂੰ) ਵੰਡ ਕੇ। ਦੇਵਹਿ = (ਸੰਤ ਜਨ) ਦੇਂਦੇ ਹਨ। ਦੇਦੇ = ਦੇਂਦਿਆਂ। ਤੋਟਿ = ਕਮੀ, ਘਾਟ।7।

ਰਿਦ ਅੰਤਰਿ = ਹਿਰਦੇ ਵਿਚ। ਦੀਨੀ = (ਨਾਮ-ਧਨ ਦੀ ਦਾਤਿ) ਦਿੱਤੀ। ਕਰਿ = ਕਰ ਕੇ। ਦਾਲਦੁ = ਗਰੀਬੀ। ਭੰਜਿ = ਤੋੜ ਕੇ, ਨਾਸ ਕਰ ਕੇ, ਮੁਕਾ ਕੇ।8।

ਅਰਥ: ਹੇ ਭਾਈ! ਇਹ ਸੰਸਾਰ (ਮਨੁੱਖ ਦੇ) ਮਨ ਦੀ ਭਟਕਣਾ (ਦਾ ਮੂਲ) ਹੈ, (ਜੀਵਾਂ ਨੂੰ ਪਰਚਾਣ ਲਈ) ਸਾਰਾ ਜਗਤ (ਇਕ) ਖੇਡ (ਜਿਹੀ ਹੀ) ਹੈ। ਇਹ ਖੇਡ (ਜੀਵਾਂ ਨੂੰ ਪਰਮਾਤਮਾ ਆਪ) ਖਿਡਾ ਰਿਹਾ ਹੈ। (ਇਸ ਖੇਡ ਵਿਚ ਪਰਮਾਤਮਾ ਦਾ) ਨਾਮ (ਹੀ) ਲਾਭ ਹੈ। ਹੇ ਭਾਈ! ਗੁਰੂ ਦੀ ਮਤਿ ਦੀ ਰਾਹੀਂ ਇਹ ਲਾਭ ਖੱਟ ਕੇ ਜਾਵੋ। (ਜਿਹੜਾ ਮਨੁੱਖ ਇਹ ਲਾਭ ਖੱਟ ਕੇ ਇਥੋਂ ਜਾਂਦਾ ਹੈ, ਉਹ) ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਨਾਲ ਜਾਂਦਾ ਹੈ।5।

ਹੇ ਭਾਈ! ਜਿਹੜਾ ਮਨੁੱਖ ਸਾਰੀ ਉਮਰ 'ਹਉਂ, ਹਉਂ' ਹੀ ਕਰਦਾ ਰਹਿੰਦਾ ਹੈ, ਉਹ ਮਨੁੱਖ (ਆਪਣੀ ਮਾਨਸਿਕ ਖੇਤੀ ਵਿਚ) ਪਾਪ ਕੋਲੇ ਲਿਆ ਕੇ ਬੀਜਦਾ ਰਹਿੰਦਾ ਹੈ। ਜਦੋਂ ਮੌਤ ਆਉਂਦੀ ਹੈ; (ਉਹ ਬੀਜੇ ਹੋਏ ਕਮਾਏ ਹੋਏ ਪਾਪ) ਦੁਖਦਾਈ ਬਣ ਜਾਂਦੇ ਹਨ (ਪਰ ਉਸ ਵੇਲੇ ਕੀਹ ਹੋ ਸਕਦਾ ਹੈ?) ਜਿਹੜੇ ਕੋਲੇ-ਪਾਪ ਬੀਜੇ ਹੋਏ ਹੁੰਦੇ ਹਨ (ਸਾਰੀ ਉਮਰ ਕੀਤੇ ਹੁੰਦੇ ਹਨ) ਉਹਨਾਂ ਦਾ ਫਲ ਖਾਣਾ ਪੈਂਦਾ ਹੈ।6।

ਹੇ ਸੰਤ ਜਨੋ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦੇ ਰਹੋ, (ਜਿਹੜੇ ਮਨੁੱਖ ਜੀਵਨ-ਸਫ਼ਰ ਵਿਚ ਵਰਤਣ ਲਈ ਨਾਮ-) ਖ਼ਰਚ ਲੈ ਕੇ ਤੁਰਦੇ ਹਨ, (ਪਰਮਾਤਮਾ ਉਹਨਾਂ ਨੂੰ) ਇੱਜ਼ਤ-ਮਾਣ ਦੇਂਦਾ ਹੈ। ਉਹ ਮਨੁੱਖ (ਇਹ ਨਾਮ-ਧਨ ਆਪ) ਖੁਲ੍ਹਾ ਵਰਤ ਕੇ (ਹੋਰਨਾਂ ਨੂੰ ਭੀ) ਬਹੁਤ ਵੰਡਦੇ ਹਨ, ਇਸ ਹਰਿ-ਨਾਮ ਧਨ ਦੇ ਵੰਡਦਿਆਂ ਇਸ ਵਿਚ ਕਮੀ ਨਹੀਂ ਹੁੰਦੀ।7।

ਹੇ ਨਾਨਕ! (ਆਖ– ਹੇ ਭਾਈ!) ਇਹ ਨਾਮ-ਧਨ ਗੁਰੂ ਦੀ ਸਰਨ ਪਿਆਂ ਮਿਲਦਾ ਹੈ, ਜਿਸ ਮਨੁੱਖ ਦੇ ਹਿਰਦੇ ਵਿਚ ਇਹ ਨਾਮ-ਧਨ ਵੱਸਦਾ ਹੈ, ਜਿਸ ਮਨੁੱਖ ਨੂੰ ਪਰਮਾਤਮਾ ਨਾਮ-ਧਨ ਦੀ ਦਾਤਿ ਮਿਹਰ ਕਰ ਕੇ ਦੇਂਦਾ ਹੈ, ਉਹ ਆਪਣਾ ਹਰੇਕ ਦੁੱਖ ਦੂਰ ਕਰ ਕੇ (ਆਤਮਕ) ਗਰੀਬੀ ਮੁਕਾ ਕੇ ਨਾਮ ਵਿਚ ਲੀਨ ਰਹਿੰਦਾ ਹੈ।8।5।

ਕਾਨੜਾ ਮਹਲਾ ੪ ॥ ਮਨੁ ਸਤਿਗੁਰ ਸਰਨਿ ਧਿਆਵੈਗੋ ॥ ਲੋਹਾ ਹਿਰਨੁ ਹੋਵੈ ਸੰਗਿ ਪਾਰਸ ਗੁਨੁ ਪਾਰਸ ਕੋ ਹੋਇ ਆਵੈਗੋ ॥੧॥ ਰਹਾਉ ॥ ਸਤਿਗੁਰੁ ਮਹਾ ਪੁਰਖੁ ਹੈ ਪਾਰਸੁ ਜੋ ਲਾਗੈ ਸੋ ਫਲੁ ਪਾਵੈਗੋ ॥ ਜਿਉ ਗੁਰ ਉਪਦੇਸਿ ਤਰੇ ਪ੍ਰਹਿਲਾਦਾ ਗੁਰੁ ਸੇਵਕ ਪੈਜ ਰਖਾਵੈਗੋ ॥੧॥ ਸਤਿਗੁਰ ਬਚਨੁ ਬਚਨੁ ਹੈ ਨੀਕੋ ਗੁਰ ਬਚਨੀ ਅੰਮ੍ਰਿਤੁ ਪਾਵੈਗੋ ॥ ਜਿਉ ਅੰਬਰੀਕਿ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈਗੋ ॥੨॥ ਸਤਿਗੁਰ ਸਰਨਿ ਸਰਨਿ ਮਨਿ ਭਾਈ ਸੁਧਾ ਸੁਧਾ ਕਰਿ ਧਿਆਵੈਗੋ ॥ ਦਇਆਲ ਦੀਨ ਭਏ ਹੈ ਸਤਿਗੁਰ ਹਰਿ ਮਾਰਗੁ ਪੰਥੁ ਦਿਖਾਵੈਗੋ ॥੩॥ ਸਤਿਗੁਰ ਸਰਨਿ ਪਏ ਸੇ ਥਾਪੇ ਤਿਨ ਰਾਖਨ ਕਉ ਪ੍ਰਭੁ ਆਵੈਗੋ ॥ ਜੇ ਕੋ ਸਰੁ ਸੰਧੈ ਜਨ ਊਪਰਿ ਫਿਰਿ ਉਲਟੋ ਤਿਸੈ ਲਗਾਵੈਗੋ ॥੪॥ {ਪੰਨਾ 1311}

ਪਦ ਅਰਥ: ਮਨੁ = (ਜਿਸ ਮਨੁੱਖ ਦਾ) ਮਨ। ਧਿਆਵੈਗੋ = (ਹਰਿ-ਨਾਮ ਦਾ) ਸਿਮਰਨ ਕਰਦਾ ਹੈ। ਹਿਰਨੁ = (ihr&X) ਸੋਨਾ। ਸੰਗਿ ਪਾਰਸ = ਪਾਰਸ ਦੇ ਨਾਲ (ਛੁਹ ਕੇ) । ਗੁਨੁ ਪਾਰਸ ਕੋ = ਪਾਰਸ ਦਾ ਗੁਣ।1। ਰਹਾਉ।

ਜੋ ਲਾਗੈ = ਜਿਹੜਾ ਮਨੁੱਖ ਛੁੰਹਦਾ ਹੈ। ਉਪਦੇਸਿ = ਉਪਦੇਸ਼ ਦੀ ਰਾਹੀਂ। ਤਰੇ ਪ੍ਰਹਿਲਾਦਾ = ਪ੍ਰਹਿਲਾਦ ਆਦਿਕ ਕਈ ਤਰ ਗਏ। ਪੈਜ = ਲਾਜ, ਇੱਜ਼ਤ।2।

ਨੀਕੋ = ਚੰਗਾ, ਸ੍ਰੇਸ਼ਟ ਉੱਤਮ। ਗੁਰ ਬਚਨੀ = ਗੁਰ ਬਚਨੀਂ, ਗੁਰੂ ਦੇ ਬਚਨਾਂ ਦੀ ਰਾਹੀਂ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਅੰਬਰੀਕਿ = ਅੰਬਰੀਕ ਨੇ। ਅਮਰਾਪਦ = ਅਮਰ ਪਦ, ਉਹ ਦਰਜਾ ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ। ਮੁਖ ਬਚਨ = ਮੂੰਹ ਦੇ ਬਚਨ। ਸਤਿਗੁਰ ਮੁਖ ਬਚਨ = ਗੁਰੂ ਦੇ ਮੂੰਹ ਦੇ ਬਚਨ। ਧਿਆਵੈਗੋ = ਧਿਆਵੈ, ਉਚਾਰ ਰਿਹਾ ਹੈ।2।

ਮਨਿ = ਮਨ ਵਿਚ। ਭਾਈ = ਚੰਗੀ ਲੱਗੀ। ਸੁਧਾ = ਅੰਮ੍ਰਿਤ। ਸੁਧਾ ਸੁਧਾ ਕਰਿ = ਆਤਮਕ ਜੀਵਨ-ਦਾਤਾ ਨਿਸ਼ਚੇ ਕਰ ਕੇ। ਦਇਆਲ ਦੀਨ = ਦੀਨਾਂ ਉੱਤੇ ਦਇਆਵਾਨ। ਮਾਰਗੁ ਪੰਥੁ = ਆਤਮਕ ਜੀਵਨ ਦਾ ਰਸਤਾ।3।

ਸੇ = ਉਹ ਬੰਦੇ। ਥਾਪੇ = ਥਾਪਣਾ ਦਿੱਤੀ ਗਈ, ਆਦਰ ਦਿੱਤਾ ਗਿਆ। ਕੋ = ਕੋਈ। ਸਰੁ = ਤੀਰ। ਸੰਧੈ = ਨਿਸ਼ਾਨਾ ਬੰਨ੍ਹਦਾ ਹੈ। ਉਲਟੋ = ਪਰਤਿਆ ਹੋਇਆ।4।

ਅਰਥ: ਹੇ ਭਾਈ! (ਜਿਸ ਮਨੁੱਖ ਦਾ) ਮਨ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ (ਉਹ ਪ੍ਰਭੂ-ਚਰਨਾਂ ਦੀ ਛੁਹ ਨਾਲ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਜਿਵੇਂ) ਪਾਰਸ ਨਾਲ (ਛੁਹ ਕੇ) ਲੋਹਾ ਸੋਨਾ ਬਣ ਜਾਂਦਾ ਹੈ, ਪਾਰਸ ਦੀ ਛੁਹ ਦਾ ਗੁਣ ਉਸ ਵਿਚ ਆ ਜਾਂਦਾ ਹੈ।1। ਰਹਾਉ।

ਹੇ ਭਾਈ! ਗੁਰੂ (ਭੀ) ਬਹੁਤ ਵੱਡਾ ਪੁਰਖ ਹੈ, (ਗੁਰੂ ਭੀ) ਪਾਰਸ ਹੈ। ਜਿਹੜਾ ਮਨੁੱਖ (ਗੁਰੂ ਦੀ ਚਰਨੀਂ) ਲੱਗਦਾ ਹੈ ਉਹ (ਸ੍ਰੇਸ਼ਟ) ਫਲ ਪ੍ਰਾਪਤ ਕਰਦਾ ਹੈ, ਜਿਵੇਂ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਪ੍ਰਹਿਲਾਦ (ਆਦਿਕ ਕਈ) ਪਾਰ ਲੰਘ ਗਏ। ਹੇ ਭਾਈ! ਗੁਰੂ ਆਪਣੇ (ਸੇਵਕ) ਦੀ ਇੱਜ਼ਤ (ਜ਼ਰੂਰ) ਰੱਖਦਾ ਹੈ।1।

ਹੇ ਭਾਈ! ਯਕੀਨ ਜਾਣ ਕਿ ਗੁਰੂ ਦਾ ਬਚਨ (ਬੜਾ) ਸ੍ਰੇਸ਼ਟ ਹੈ। ਗੁਰੂ ਦੇ ਬਚਨਾਂ ਦੀ ਬਰਕਤਿ ਨਾਲ (ਮਨੁੱਖ) ਆਤਮਕ ਜੀਵਨ ਦੇਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ। (ਜਿਹੜਾ ਭੀ ਮਨੁੱਖ) ਗੁਰੂ ਦਾ ਉਚਾਰਿਆ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਉਹ ਉੱਚਾ ਆਤਮਕ ਜੀਵਨ ਪ੍ਰਾਪਤ ਕਰਦਾ ਹੈ) ਜਿਵੇਂ ਅੰਬਰੀਕ ਨੇ ਉਹ ਆਤਮਕ ਦਰਜਾ ਹਾਸਲ ਕਰ ਲਿਆ ਜਿੱਥੇ ਆਤਮਕ ਮੌਤ ਪੋਹ ਨਹੀਂ ਸਕਦੀ।2।

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸਰਨ ਪਏ ਰਹਿਣਾ (ਆਪਣੇ) ਮਨ ਵਿਚ ਪਸੰਦ ਆ ਜਾਂਦਾ ਹੈ, ਉਹ (ਗੁਰੂ ਦੇ ਬਚਨ ਨੂੰ) ਆਤਮਕ ਜੀਵਨ-ਦਾਤਾ ਨਿਸ਼ਚੇ ਕਰ ਕੇ (ਉਸਨੂੰ) ਆਪਣੇ ਅੰਦਰ ਵਸਾਈ ਰੱਖਦਾ ਹੈ। ਹੇ ਭਾਈ! ਗੁਰੂ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਗੁਰੂ ਪਰਮਾਤਮਾ ਦੇ ਮਿਲਾਪ ਦਾ ਰਸਤਾ ਵਿਖਾ ਦੇਂਦਾ ਹੈ।3।

ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਨੂੰ ਆਦਰ ਮਿਲਦਾ ਹੈ, ਪਰਮਾਤਮਾ ਉਹਨਾਂ ਦੀ ਰੱਖਿਆ ਕਰਨ ਲਈ ਆਪ ਬਹੁੜਦਾ ਹੈ। ਜੇ ਕੋਈ ਮਨੁੱਖ ਉਹਨਾਂ ਸੇਵਕਾਂ ਉਤੇ ਤੀਰ ਚਲਾਂਦਾ ਹੈ, ਉਹ ਤੀਰ ਪਰਤ ਕੇ ਉਸੇ ਨੂੰ ਹੀ ਆ ਲੱਗਦਾ ਹੈ।4।

ਹਰਿ ਹਰਿ ਹਰਿ ਹਰਿ ਹਰਿ ਸਰੁ ਸੇਵਹਿ ਤਿਨ ਦਰਗਹ ਮਾਨੁ ਦਿਵਾਵੈਗੋ ॥ ਗੁਰਮਤਿ ਗੁਰਮਤਿ ਗੁਰਮਤਿ ਧਿਆਵਹਿ ਹਰਿ ਗਲਿ ਮਿਲਿ ਮੇਲਿ ਮਿਲਾਵੈਗੋ ॥੫॥ ਗੁਰਮੁਖਿ ਨਾਦੁ ਬੇਦੁ ਹੈ ਗੁਰਮੁਖਿ ਗੁਰ ਪਰਚੈ ਨਾਮੁ ਧਿਆਵੈਗੋ ॥ ਹਰਿ ਹਰਿ ਰੂਪੁ ਹਰਿ ਰੂਪੋ ਹੋਵੈ ਹਰਿ ਜਨ ਕਉ ਪੂਜ ਕਰਾਵੈਗੋ ॥੬॥ ਸਾਕਤ ਨਰ ਸਤਿਗੁਰੁ ਨਹੀ ਕੀਆ ਤੇ ਬੇਮੁਖ ਹਰਿ ਭਰਮਾਵੈਗੋ ॥ ਲੋਭ ਲਹਰਿ ਸੁਆਨ ਕੀ ਸੰਗਤਿ ਬਿਖੁ ਮਾਇਆ ਕਰੰਗਿ ਲਗਾਵੈਗੋ ॥੭॥ ਰਾਮ ਨਾਮੁ ਸਭ ਜਗ ਕਾ ਤਾਰਕੁ ਲਗਿ ਸੰਗਤਿ ਨਾਮੁ ਧਿਆਵੈਗੋ ॥ ਨਾਨਕ ਰਾਖੁ ਰਾਖੁ ਪ੍ਰਭ ਮੇਰੇ ਸਤਸੰਗਤਿ ਰਾਖਿ ਸਮਾਵੈਗੋ ॥੮॥੬॥ ਛਕਾ ੧ ॥ {ਪੰਨਾ 1311}

ਪਦ ਅਰਥ: ਸਰੁ = ਸਰੋਵਰ, ਤਾਲਾਬ। ਹਰਿ ਸਰੁ = ਉਹ ਸਰੋਵਰ ਜਿਸ ਵਿਚ ਹਰਿ-ਨਾਮ-ਜਲ ਦਾ ਪ੍ਰਵਾਹ ਚੱਲ ਰਿਹਾ ਹੈ, ਸਾਧ ਸੰਗਤਿ। ਹਰਿ ਸਰੁ ਸੇਵਹਿ = (ਜਿਹੜੇ ਮਨੁੱਖ) ਸਾਧ ਸੰਗਤਿ ਦੀ ਸੇਵਾ ਕਰਦੇ ਹਨ। ਮਾਨੁ = ਆਦਰ। ਗੁਰਮਤਿ = ਗੁਰੂ ਦੀ ਮਤਿ ਲੈ ਕੇ। ਗਲਿ = ਗਲ ਨਾਲ। ਮਿਲਿ = ਮਿਲ ਕੇ। ਮੇਲਿ = ਮੇਲ ਵਿਚ, ਆਪਣੇ ਨਾਲ।5।

ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ, ਗੁਰੂ ਦੀ ਸਰਨ। ਗੁਰ ਪਰਚੈ = ਗੁਰੂ ਦੀ ਪ੍ਰਸੰਨਤਾ ਦੀ ਰਾਹੀਂ। ਰੂਪੋ = ਰੂਪ ਹੀ। ਹੋਵੈ = ਹੋ ਜਾਂਦਾ ਹੈ। ਪੂਜ = ਪੂਜਾ, ਆਦਰ।6।

ਸਾਕਤ ਨਰ = ਪਰਮਾਤਮਾ ਵਲੋਂ ਟੁੱਟੇ ਹੋਏ ਮਨੁੱਖ। ਕੀਆ = ਬਣਾਇਆ। ਤੇ = ਉਹ ਮਨੁੱਖ (ਬਹੁ-ਵਚਨ) । ਬੇਮੁਖ = ਗੁਰੂ ਵਲੋਂ ਮੂੰਹ ਭਵਾਈ ਰੱਖਣ ਵਾਲੇ। ਭਰਮਾਵੈਗੋ = ਭਟਕਣਾ ਵਿਚ ਪਾਈ ਰੱਖਦਾ ਹੈ। ਸੁਆਨ = ਕੁੱਤਾ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਕਰੰਗਿ = ਕਰੰਗ ਉੱਤੇ, ਮੁਰਦਾਰ ਉੱਤੇ।7।

ਤਾਰਕੁ = ਤਾਰਨ ਵਾਲਾ। ਲਗਿ = ਲੱਗ ਕੇ। ਪ੍ਰਭ ਮੇਰੇ = ਹੇ ਮੇਰੇ ਪ੍ਰਭੂ! ਰਾਖਿ = ਰੱਖ ਕੇ। ਸਮਾਵੈਗੋ = (ਆਪਣੇ ਵਿਚ) ਲੀਨ ਕਰੀ ਰੱਖਦਾ ਹੈ।8।

ਅਰਥ: ਹੇ ਭਾਈ! ਜਿਹੜੇ ਮਨੁੱਖ ਸਦਾ ਹੀ ਸਾਧ ਸੰਗਤਿ ਦਾ ਆਸਰਾ ਲਈ ਰੱਖਦੇ ਹਨ, ਪਰਮਾਤਮਾ ਉਹਨਾਂ ਨੂੰ ਆਪਣੀ ਹਜ਼ੂਰੀ ਵਿਚ ਇੱਜ਼ਤ ਦਿਵਾਂਦਾ ਹੈ। ਜਿਹੜੇ ਮਨੁੱਖ ਸਦਾ ਹੀ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਉਹਨਾਂ ਦੇ ਗਲ ਨਾਲ ਮਿਲ ਕੇ ਉਹਨਾਂ ਨੂੰ ਆਪਣੇ ਨਾਲ ਇਕ-ਮਿਕ ਕਰ ਲੈਂਦਾ ਹੈ।5।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਗੁਰੂ ਦੀ ਸਰਨ ਹੀ ਨਾਦ ਹੈ ਗੁਰੂ ਦੀ ਸਰਨ ਹੀ ਵੇਦ ਹੈ। ਗੁਰੂ ਦੀ ਸਰਨ ਪਏ ਰਹਿਣ ਵਾਲਾ ਮਨੁੱਖ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰ ਕੇ ਹਰਿ-ਨਾਮ ਸਿਮਰਦਾ ਹੈ। ਉਹ ਮਨੁੱਖ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ, ਪਰਮਾਤਮਾ (ਭੀ ਹਰ ਥਾਂ) ਉਸ ਦੀ ਇੱਜ਼ਤ ਕਰਾਂਦਾ ਹੈ।6।

ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਗੁਰੂ ਨੂੰ (ਆਪਣਾ ਆਸਰਾ) ਨਹੀਂ ਬਣਾਂਦੇ, ਉਹ ਗੁਰੂ ਵਲੋਂ ਮੂੰਹ ਭਵਾਈ ਰੱਖਦੇ ਹਨ, ਪ੍ਰਭੂ ਉਹਨਾਂ ਨੂੰ ਭਟਕਣਾ ਵਿਚ ਪਾਈ ਰੱਖਦਾ ਹੈ, (ਉਹਨਾਂ ਦੇ ਅੰਦਰ) ਲੋਭ ਦੀ ਲਹਿਰ ਚੱਲਦੀ ਰਹਿੰਦੀ ਹੈ, (ਇਹ ਲਹਿਰ) ਕੁੱਤੇ ਦੇ ਸੁਭਾਵ ਵਰਗੀ ਹੈ, (ਜਿਵੇਂ ਕੁੱਤਾ) ਮੁਰਦਾਰ ਉੱਤੇ ਜਾਂਦਾ ਹੈ (ਮੁਰਦਾਰ ਨੂੰ ਖ਼ੁਸ਼ ਹੋ ਕੇ ਖਾਂਦਾ ਹੈ, ਤਿਵੇਂ ਲੋਭ-ਲਹਿਰ ਦਾ ਪ੍ਰੇਰਿਆ ਹੋਇਆ ਮਨੁੱਖ) ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਨੂੰ ਚੰਬੜਿਆ ਰਹਿਦਾ ਹੈ।7।

ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਜਗਤ ਦਾ ਪਾਰ ਲੰਘਾਣ ਵਾਲਾ ਹੈ। (ਜਿਹੜਾ ਮਨੁੱਖ) ਸਾਧ ਸੰਗਤਿ ਵਿਚ ਟਿਕ ਕੇ ਹਰਿ-ਨਾਮ ਸਿਮਰਦਾ ਹੈ (ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ) । ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਮੇਰੇ ਪ੍ਰਭੂ! (ਮੈਨੂੰ ਭੀ ਸਾਧ ਸੰਗਤਿ ਵਿਚ) ਰੱਖੀ ਰੱਖ। ਹੇ ਭਾਈ! (ਪਰਮਾਤਮਾ ਪ੍ਰਾਣੀ ਨੂੰ) ਸਾਧ ਸੰਗਤਿ ਵਿਚ ਰੱਖ ਕੇ (ਆਪਣੇ ਵਿਚ) ਲੀਨ ਕਰੀ ਰੱਖਦਾ ਹੈ।8।6। ਛਕਾ 1।

TOP OF PAGE

Sri Guru Granth Darpan, by Professor Sahib Singh