ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1312 ਕਾਨੜਾ ਛੰਤ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਸੇ ਉਧਰੇ ਜਿਨ ਰਾਮ ਧਿਆਏ ॥ ਜਤਨ ਮਾਇਆ ਕੇ ਕਾਮਿ ਨ ਆਏ ॥ ਰਾਮ ਧਿਆਏ ਸਭਿ ਫਲ ਪਾਏ ਧਨਿ ਧੰਨਿ ਤੇ ਬਡਭਾਗੀਆ ॥ ਸਤਸੰਗਿ ਜਾਗੇ ਨਾਮਿ ਲਾਗੇ ਏਕ ਸਿਉ ਲਿਵ ਲਾਗੀਆ ॥ ਤਜਿ ਮਾਨ ਮੋਹ ਬਿਕਾਰ ਸਾਧੂ ਲਗਿ ਤਰਉ ਤਿਨ ਕੈ ਪਾਏ ॥ ਬਿਨਵੰਤਿ ਨਾਨਕ ਸਰਣਿ ਸੁਆਮੀ ਬਡਭਾਗਿ ਦਰਸਨੁ ਪਾਏ ॥੧॥ {ਪੰਨਾ 1312} ਪਦ ਅਰਥ: ਸੇ = ਉਹ ਮਨੁੱਖ (ਬਹੁ-ਵਚਨ) । ਜਿਨ = ਜਿਨ੍ਹਾਂ ਨੇ। ਕਾਮਿ = ਕੰਮ ਵਿਚ। ਸਭਿ = ਸਾਰੇ। ਧਨਿ ਧੰਨਿ = ਸਲਾਹੁਣ-ਜੋਗ। ਤੇ = ਉਹ ਬੰਦੇ। ਸਤ ਸੰਗਿ = ਸਾਧ ਸੰਗਤਿ ਵਿਚ। ਜਾਗੇ = ਮਾਇਆ ਦੇ ਮੋਹ ਦੀ ਨੀਂਦ ਵਿਚੋਂ ਜਾਗ ਪਏ। ਨਾਮਿ = ਨਾਮ ਵਿਚ, ਨਾਮ ਸਿਮਰਨ ਵਿਚ। ਏਕ ਸਿਉ = ਇੱਕ ਪਰਮਾਤਮਾ ਨਾਲ। ਲਿਵ = ਲਗਨ, ਪਿਆਰ। ਤਜਿ = ਤਜ ਕੇ, ਤਿਆਗ ਕੇ। ਸਾਧੂ = ਭਲੇ ਮਨੁੱਖ। ਤਰਉ = ਤਰਉਂ, ਮੈਂ ਤਰਦਾ ਹਾਂ। ਲਗਿ ਤਿਨ ਕੈ ਪਾਏ = ਉਹਨਾਂ ਦੀ ਚਰਨੀਂ ਲੱਗ ਕੇ। ਬਿਨਵੰਤਿ = ਬੇਨਤੀ ਕਰਦਾ ਹੈ। ਬਡਭਾਗਿ = ਵੱਡੀ ਕਿਸਮਤ ਨਾਲ।1। ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਵਿਕਾਰਾਂ ਦੀ ਮਾਰ ਤੋਂ) ਬਚ ਗਏ (ਅੰਤ ਵੇਲੇ ਭੀ ਹਰਿ-ਨਾਮ ਹੀ ਉਹਨਾਂ ਦਾ ਸਾਥੀ ਬਣਿਆ) । ਮਾਇਆ (ਇਕੱਠੀ ਕਰਨ) ਦੇ ਜਤਨ (ਤਾਂ) ਕਿਸੇ ਕੰਮ ਨਹੀਂ ਆਉਂਦੇ (ਮਾਇਆ ਇਥੇ ਹੀ ਧਰੀ ਰਹਿ ਜਾਂਦੀ ਹੈ) । ਹੇ ਭਾਈ! ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ, ਉਹਨਾਂ (ਮਨੁੱਖਾ ਜੀਵਨ ਦੇ) ਸਾਰੇ ਫਲ ਪ੍ਰਾਪਤ ਕਰ ਲਏ, ਉਹ ਮਨੁੱਖ ਭਾਗਾਂ ਵਾਲੇ ਹੁੰਦੇ ਹਨ, ਉਹ ਮਨੁੱਖ ਸੋਭਾ ਖੱਟ ਜਾਂਦੇ ਹਨ। ਉਹ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹੇ, ਉਹ ਹਰਿ-ਨਾਮ ਵਿਚ ਜੁੜੇ ਰਹੇ, ਉਹਨਾਂ ਦੀ (ਸਦਾ) ਇਕ ਪਰਮਾਤਮਾ ਨਾਲ ਹੀ ਸੁਰਤਿ ਜੁੜੀ ਰਹੀ। ਨਾਨਕ ਬੇਨਤੀ ਕਰਦਾ ਹੈ– ਹੇ ਮੇਰੇ ਮਾਲਕ-ਪ੍ਰਭੂ! (ਜਿਹੜੇ ਮਨੁੱਖ ਆਪਣੇ ਅੰਦਰੋਂ) ਮਾਣ ਮੋਹ ਵਿਕਾਰ ਤਿਆਗ ਕੇ ਉੱਚੇ ਆਚਰਣ ਵਾਲੇ ਬਣ ਜਾਂਦੇ ਹਨ, (ਮੈਨੂੰ ਉਹਨਾਂ ਦੀ) ਸਰਨ ਵਿਚ (ਰੱਖ) , ਉਹਨਾਂ ਦੀ ਚਰਣੀਂ ਲੱਗ ਕੇ ਮੈਂ (ਭੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਾਂ। ਵੱਡੀ ਕਿਸਮਤ ਨਾਲ (ਅਜਿਹੇ ਸਾਧੂ ਜਨਾਂ ਦਾ) ਦਰਸਨ ਪ੍ਰਾਪਤ ਹੁੰਦਾ ਹੈ।1। ਮਿਲਿ ਸਾਧੂ ਨਿਤ ਭਜਹ ਨਾਰਾਇਣ ॥ ਰਸਕਿ ਰਸਕਿ ਸੁਆਮੀ ਗੁਣ ਗਾਇਣ ॥ ਗੁਣ ਗਾਇ ਜੀਵਹ ਹਰਿ ਅਮਿਉ ਪੀਵਹ ਜਨਮ ਮਰਣਾ ਭਾਗਏ ॥ ਸਤਸੰਗਿ ਪਾਈਐ ਹਰਿ ਧਿਆਈਐ ਬਹੁੜਿ ਦੂਖੁ ਨ ਲਾਗਏ ॥ ਕਰਿ ਦਇਆ ਦਾਤੇ ਪੁਰਖ ਬਿਧਾਤੇ ਸੰਤ ਸੇਵ ਕਮਾਇਣ ॥ ਬਿਨਵੰਤਿ ਨਾਨਕ ਜਨ ਧੂਰਿ ਬਾਂਛਹਿ ਹਰਿ ਦਰਸਿ ਸਹਜਿ ਸਮਾਇਣ ॥੨॥ ਪਦ ਅਰਥ: ਮਿਲਿ ਸਾਧੂ = ਸੰਤ ਜਨਾਂ ਨੂੰ ਮਿਲ ਕੇ। ਭਜਹ = ਆਓ ਅਸੀਂ ਭਜਨ ਕਰੀਏ। ਨਾਰਾਇਣ = ਪਰਮਾਤਮਾ (ਨਾਰ-ਜਾਲ। ਅਯਨ = ਘਰ। ਸਮੁੰਦਰ ਵਿਚ ਜਿਸ ਦਾ ਘਰ ਹੈ, ਵਿਸ਼ਨੂ) । ਰਸਕਿ = ਸੁਆਦ ਨਾਲ। ਸੁਆਮੀ = ਮਾਲਕ ਪ੍ਰਭੂ। ਗਾਇ = ਗਾ ਕੇ। ਜੀਵਹ = ਅਸੀਂ ਆਤਮਕ ਜੀਵਨ ਪ੍ਰਾਪਤ ਕਰੀਏ। ਅਮਿਉ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ, ਅੰਮ੍ਰਿਤ। ਪੀਵਹ = ਆਓ ਅਸੀਂ ਪੀਵੀਏ। ਭਾਗਏ = ਭਾਗੈ, ਦੂਰ ਹੋ ਜਾਂਦਾ ਹੈ। ਸਤ ਸੰਗਿ = ਸਾਧ ਸੰਗਤਿ ਵਿਚ। ਪਾਈਐ = ਮਿਲਦਾ ਹੈ। ਧਿਆਈਐ = ਧਿਆਉਣਾ ਚਾਹੀਦਾ ਹੈ। ਬਿਧਾਤੇ = ਹੇ ਸਿਰਜਣ ਹਾਰ! ਦਾਤੇ = ਹੇ ਦਾਤਾਰ! ਕਮਾਇਣ = ਕਮਾਣ ਦਾ ਅਵਸਰ। ਜਨ ਧੂਰਿ = ਸੰਤ ਜਨਾਂ ਦੇ ਚਰਨਾਂ ਦੀ ਧੂੜ। ਬਾਛਹਿ = (ਜਿਹੜੇ ਮਨੁੱਖ) ਮੰਗਦੇ ਹਨ। ਦਰਸਿ = ਦਰਸਨ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਮਾਇਣ = ਲੀਨਤਾ।2। ਅਰਥ: ਹੇ ਭਾਈ! ਆਓ, ਸੰਤ ਜਨਾਂ ਨੂੰ ਮਿਲ ਕੇ ਸਦਾ ਪਰਮਾਤਮਾ ਦਾ ਭਜਨ ਕਰਿਆ ਕਰੀਏ, ਅਤੇ ਪੂਰੇ ਆਨੰਦ ਨਾਲ ਮਾਲਕ-ਪ੍ਰਭੂ ਦੇ ਗੁਣ ਗਾਇਆ ਕਰੀਏ। ਹੇ ਭਾਈ! ਪ੍ਰਭੂ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਅਸੀਂ ਪੀਂਦੇ ਰਹੀਏ ਅਤੇ ਆਤਮਕ ਜੀਵਨ ਹਾਸਲ ਕਰੀਏ। (ਹਰਿ-ਨਾਮ-ਜਲ ਦੀ ਬਰਕਤਿ ਨਾਲ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਹੇ ਭਾਈ! (ਸੰਤ ਜਨਾਂ ਦੀ ਸੰਗਤਿ ਵਿਚ) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਸਤਸੰਗ ਵਿਚ (ਹੀ) ਪਰਮਾਤਮਾ ਮਿਲਦਾ ਹੈ, ਅਤੇ ਮੁੜ ਕੋਈ ਦੁੱਖ ਪੋਹ ਨਹੀਂ ਸਕਦਾ। ਹੇ ਦਾਤਾਰ! ਹੇ ਸਰਬ ਵਿਆਪਕ ਸਿਰਜਣਹਾਰ! (ਮੇਰੇ ਉਤੇ) ਮਿਹਰ ਕਰ, ਸੰਤ ਜਨਾਂ ਦੀ ਸੇਵਾ ਕਰਨ ਦਾ ਅਵਸਰ ਦੇਹ। ਨਾਨਕ ਬੇਨਤੀ ਕਰਦਾ ਹੈ (ਜਿਹੜੇ ਮਨੁੱਖ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ਉਹ ਪਰਮਾਤਮਾ ਦੇ ਦਰਸਨ ਵਿਚ ਆਤਮਕ ਅਡੋਲਤਾ ਵਿਚ ਲੀਨਤਾ ਹਾਸਲ ਕਰ ਲੈਂਦੇ ਹਨ।2। ਸਗਲੇ ਜੰਤ ਭਜਹੁ ਗੋਪਾਲੈ ॥ ਜਪ ਤਪ ਸੰਜਮ ਪੂਰਨ ਘਾਲੈ ॥ ਨਿਤ ਭਜਹੁ ਸੁਆਮੀ ਅੰਤਰਜਾਮੀ ਸਫਲ ਜਨਮੁ ਸਬਾਇਆ ॥ ਗੋਬਿਦੁ ਗਾਈਐ ਨਿਤ ਧਿਆਈਐ ਪਰਵਾਣੁ ਸੋਈ ਆਇਆ ॥ ਜਪ ਤਾਪ ਸੰਜਮ ਹਰਿ ਹਰਿ ਨਿਰੰਜਨ ਗੋਬਿੰਦ ਧਨੁ ਸੰਗਿ ਚਾਲੈ ॥ ਬਿਨਵੰਤਿ ਨਾਨਕ ਕਰਿ ਦਇਆ ਦੀਜੈ ਹਰਿ ਰਤਨੁ ਬਾਧਉ ਪਾਲੈ ॥੩॥ {ਪੰਨਾ 1312} ਪਦ ਅਰਥ: ਸਗਲੇ ਜੰਤ = ਹੇ ਸਾਰੇ ਪ੍ਰਾਣੀਓ! ਗੋਪਾਲੈ = ਗੋਪਾਲ ਨੂੰ, ਸ੍ਰਿਸ਼ਟੀ ਦੇ ਪਾਲਣਹਾਰ ਨੂੰ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਜਤਨ। ਘਾਲ = ਮਿਹਨਤ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਸਬਾਇਆ = ਸਾਰਾ ਹੀ। ਗਾਈਐ = ਗਾਣਾ ਚਾਹੀਦਾ ਹੈ, ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਧਿਆਈਐ = ਸਿਮਰਨਾ ਚਾਹੀਦਾ ਹੈ। ਆਇਆ = ਜਗਤ ਵਿਚ ਜੰਮਿਆ। ਨਿਰੰਜਨ (ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦੇ ਮੋਹ ਦੀ ਕਾਲਖ) ਨਿਰਲੇਪ। ਸੰਗਿ = (ਜੀਵ ਦੇ) ਨਾਲ। ਕਰਿ = ਕਰ ਕੇ। ਦੀਜੈ = ਦੇਹ। ਬਾਧਉ = ਬਾਧਉਂ; ਮੈਂ ਬੰਨ੍ਹ ਲਵਾਂ। ਪਾਲੈ = (ਆਪਣੇ) ਪੱਲੇ।3। ਅਰਥ: ਹੇ ਸਾਰੇ ਪ੍ਰਾਣੀਓ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦਾ ਭਜਨ ਕਰਿਆ ਕਰੋ। (ਇਹ ਭਜਨ ਹੀ) ਜਪ ਤਪ ਸੰਜਮ ਆਦਿਕ ਸਾਰੀ ਮਿਹਨਤ ਹੈ। ਹੇ ਪ੍ਰਾਣੀਓ! ਸਦਾ ਅੰਤਰਜਾਮੀ ਮਾਲਕ ਪ੍ਰਭੂ ਦਾ ਭਜਨ ਕਰਿਆ ਕਰੋ (ਭਜਨ ਦੀ ਬਰਕਤਿ ਨਾਲ) ਸਾਰਾ ਹੀ ਜੀਵਨ ਕਾਮਯਾਬ ਹੋ ਜਾਂਦਾ ਹੈ। ਹੇ ਪ੍ਰਾਣੀਓ! ਗੋਬਿੰਦ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਸਦਾ ਸਿਮਰਨ ਕਰਨਾ ਚਾਹੀਦਾ ਹੈ, (ਜਿਹੜਾ ਸਿਮਰਨ-ਭਜਨ ਕਰਦਾ ਹੈ) ਉਹੀ ਜਗਤ ਵਿਚ ਜੰਮਿਆ ਕਬੂਲ ਸਮਝੋ। ਹੇ ਪ੍ਰਾਣੀਓ! ਮਾਇਆ-ਰਹਿਤ ਹਰੀ ਦਾ ਸਿਮਰਨ ਹੀ ਜਪ ਤਪ ਸੰਜਮ (ਆਦਿਕ ਉੱਦਮ) ਹੈ। ਪਰਮਾਤਮਾ ਦਾ (ਨਾਮ-) ਧਨ ਹੀ (ਮਨੁੱਖ ਦੇ) ਨਾਲ ਜਾਂਦਾ ਹੈ, ਨਾਨਕ ਬੇਨਤੀ ਕਰਦਾ ਹੈ (ਤੇ, ਆਖਦਾ ਹੈ– ਹੇ ਪ੍ਰਭੂ) ਮਿਹਰ ਕਰ ਕੇ (ਮੈਨੂੰ ਆਪਣਾ) ਨਾਮ-ਰਤਨ ਦੇਹ ਮੈਂ (ਆਪਣੇ) ਪੱਲੇ ਬੰਨ੍ਹ ਲਵਾਂ।3। ਮੰਗਲਚਾਰ ਚੋਜ ਆਨੰਦਾ ॥ ਕਰਿ ਕਿਰਪਾ ਮਿਲੇ ਪਰਮਾਨੰਦਾ ॥ ਪ੍ਰਭ ਮਿਲੇ ਸੁਆਮੀ ਸੁਖਹਗਾਮੀ ਇਛ ਮਨ ਕੀ ਪੁੰਨੀਆ ॥ ਬਜੀ ਬਧਾਈ ਸਹਜੇ ਸਮਾਈ ਬਹੁੜਿ ਦੂਖਿ ਨ ਰੁੰਨੀਆ ॥ ਲੇ ਕੰਠਿ ਲਾਏ ਸੁਖ ਦਿਖਾਏ ਬਿਕਾਰ ਬਿਨਸੇ ਮੰਦਾ ॥ ਬਿਨਵੰਤਿ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ॥੪॥੧॥ {ਪੰਨਾ 1312} ਪਦ ਅਰਥ: ਮੰਗਲਚਾਰ = ਖ਼ੁਸ਼ੀ ਦੇ ਗੀਤ, ਖ਼ੁਸ਼ੀਆਂ। ਚੋਜ = ਖ਼ੁਸ਼ੀ ਦੇ ਕੌਤਕ। ਕਰਿ = ਕਰ ਕੇ। ਪਰਮਾਨੰਦ = ਪਰਮ ਆਨੰਦ ਦਾ ਮਾਲਕ-ਪ੍ਰਭੂ, ਉਹ ਪ੍ਰਭੂ ਜੋ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ। ਪ੍ਰਭ ਮਿਲੇ = ਪ੍ਰਭੂ ਜੀ ਮਿਲ ਪਏ। ਸੁਖਹਗਾਮੀ = ਸੁਖ ਅਪੜਾਣ ਵਾਲੇ। ਇਛ = ਇੱਛਾ। ਪੁੰਨੀਆ = ਪੂਰੀ ਹੋ ਜਾਂਦੀ ਹੈ। ਬਜੀ ਬਧਾਈ = ਵਧਾਈ ਵੱਜ ਪੈਂਦੀ ਹੈ, ਚਿੱਤ ਹੁਲਾਸ ਵਿਚ ਆ ਜਾਂਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ। ਸਮਾਈ = ਲੀਨਤਾ। ਬਹੁੜਿ = ਮੁੜ। ਮੰਦਾ = ਭੈੜ, ਵਿਕਾਰ।4। ਅਰਥ: ਹੇ ਭਾਈ! ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ ਮਿਹਰ ਕਰ ਕੇ (ਜਿਸ ਜੀਵ-ਇਸਤ੍ਰੀ ਨੂੰ) ਮਿਲ ਪੈਂਦੇ ਹਨ, (ਉਸ ਦੇ ਹਿਰਦੇ ਵਿਚ) ਆਤਮਕ ਆਨੰਦ ਖ਼ੁਸ਼ੀਆਂ ਪੈਦਾ ਹੋ ਜਾਂਦੀਆਂ ਹਨ। ਹੇ ਭਾਈ! ਸੁਖ ਦੇਣ ਵਾਲੇ ਮਾਲਕ-ਪ੍ਰਭੂ ਜੀ (ਜਿਸ ਜੀਵ-ਇਸਤ੍ਰੀ ਨੂੰ) ਮਿਲ ਪੈਂਦੇ ਹਨ, (ਉਸ ਦੇ) ਮਨ ਦੀ (ਹਰੇਕ) ਇੱਛਾ ਪੂਰੀ ਹੋ ਜਾਂਦੀ ਹੈ, ਉਸ ਦੇ ਚਿੱਤ ਵਿਚ ਹੁਲਾਰਾ ਜਿਹਾ ਆਇਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਹ ਫਿਰ ਕਦੇ ਕਿਸੇ ਦੁੱਖ ਦੇ ਕਾਰਨ ਘਬਰਾਂਦੀ ਨਹੀਂ। ਨਾਨਕ ਬੇਨਤੀ ਕਰਦਾ ਹੈ– ਹੇ ਭਾਈ! ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ (ਜਿਸ ਜੀਵ-ਇਸਤਰੀ ਨੂੰ) ਮਿਲ ਪੈਂਦੇ ਹਨ, ਜਿਸ ਨੂੰ ਗਲ ਨਾਲ ਲਾ ਲੈਂਦੇ ਹਨ, ਉਸ ਨੂੰ (ਸਾਰੇ) ਸੁਖ ਵਿਖਾਂਦੇ ਹਨ, ਉਸ ਦੇ ਅੰਦਰੋਂ ਸਾਰੇ ਵਿਕਾਰ ਸਾਰੇ ਭੈੜ ਨਾਸ ਹੋ ਜਾਂਦੇ ਹਨ।4।1। ੴ ਸਤਿਗੁਰ ਪ੍ਰਸਾਦਿ ॥ ਕਾਨੜੇ ਕੀ ਵਾਰ ਮਹਲਾ 4 ਵਾਰ ਦਾ ਭਾਵ: ਪਉੜੀ-ਵਾਰ: 1. ਤਿਆਗੀ ਕੀਹ ਤੇ ਗ੍ਰਿਹਸਤੀ ਕੀਹ? = ਸਭਨਾਂ ਵਿਚ ਪਰਮਾਤਮਾ ਆਪ ਵੱਸ ਰਿਹਾ ਹੈ। ਸਭ ਜੀਵਾਂ ਵਿਚ ਆਪ ਹੀ ਵਿਆਪਕ ਹੋ ਕੇ ਸਭ ਕੰਮ ਕਰ ਰਿਹਾ ਹੈ ਸਾਧ ਸੰਗਤਿ ਵਿਚ ਬੈਠਿਆਂ ਹੀ ਮਨੁੱਖ ਉਸ ਸਰਬ-ਵਿਆਪਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਸਕਦਾ ਹੈ। 2. ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ। ਕੋਈ ਗ਼ਰੀਬ ਹੈ ਕੋਈ ਅਮੀਰ ਹੈ, ਹਰੇਕ ਵਿਚ ਉਹ ਆਪ ਹੀ ਮੌਜੂਦ ਹੈ। ਗ਼ਰੀਬ ਕੀਹ ਤੇ ਅਮੀਰ ਕੀਹ? ਸਭ ਉਸੇ ਦੇ ਦਰ ਦੇ ਮੰਗਤੇ ਹਨ। 3. ਅਨੇਕਾਂ ਕਿਸਮਾਂ ਦੀ ਤੇ ਰੰਗਾ-ਰੰਗ ਦੀ ਇਹ ਸ੍ਰਿਸ਼ਟੀ ਪਰਮਾਤਮਾ ਨੇ ਆਪ ਹੀ ਬਣਾਈ ਹੈ, ਤੇ, ਇਸ ਵਿਚ ਹਰ ਥਾਂ ਉਹ ਮੌਜੂਦ ਹੈ। ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ, ਤੇ ਗੁਰੂ ਦੀ ਰਾਹੀਂ ਉਸ ਨੂੰ ਆਪਣਾ ਗਿਆਨ ਬਖ਼ਸ਼ਦਾ ਹੈ। 4. ਇਸ ਜਗਤ-ਪਸਾਰੇ ਵਿਚ ਸਾਰੇ ਜੀਵ ਪਰਮਾਤਮਾ ਦੇ ਨਾਮ ਦਾ ਵਣਜ ਕਰਨ ਆਏ ਹੋਏ ਹਨ। ਜੀਵਾਂ ਵਾਸਤੇ ਇਹੀ ਵਣਜ ਹੈ ਸਭ ਤੋਂ ਵਧੀਆ ਵਣਜ। ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ ਇਹ ਨਾਮ-ਵਣਜ ਕਰਦਾ ਹੈ ਉਹ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰ ਲੈਂਦਾ ਹੈ। 5. ਜਿਹੜੇ ਮਨੁੱਖ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਉਸ ਪਰਮਾਤਮਾ ਨਾਲ ਇਕ ਮਿਕ ਹੋ ਜਾਂਦੇ ਹਨ ਉਸ ਦਾ ਰੂਪ ਹੀ ਬਣ ਜਾਂਦੇ ਹਨ। ਭਾਗਾਂ ਵਾਲੇ ਹਨ ਉਹ ਮਨੁੱਖ। 6. ਪਰਮਾਤਮਾ ਦਾ ਨਾਮ ਮਨੁੱਖ ਨੂੰ ਆਤਮਕ ਜੀਵਨ ਦੇਂਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਦਾ ਹੈ, ਉਸ ਉਤੇ ਜਗਤ ਦੀ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਇਹ ਅਚਰਜ ਖੇਡ ਹੈ ਕਿ ਪਰਮਾਤਮਾ ਸਭ ਵਿਚ ਵਿਆਪਕ ਹੁੰਦਾ ਹੋਇਆ ਸਦਾ ਨਿਰਲੇਪ ਭੀ ਰਹਿੰਦਾ ਹੈ। 7. ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦੇ ਅੰਦਰ ਸਦਾ ਆਤਮਕ ਆਨੰਦ ਹੁਲਾਰੇ ਮਾਰਦਾ ਰਹਿੰਦਾ ਹੈ। ਉਸ ਦਾ ਆਤਮਾ ਬਲਵਾਨ ਹੋ ਜਾਂਦਾ ਹੈ, ਜਗਤ ਦੇ ਵਿਕਾਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ। 8. ਸਾਧ ਸੰਗਤਿ ਗੁਰੂ ਦੀ ਪਾਠਸ਼ਾਲਾ ਹੈ। ਉਸ ਪਾਠਸ਼ਾਲਾ ਵਿਚ ਬਾਣੀ ਦੀ ਰਾਹੀਂ ਗੁਰੂ ਪਾਠਸ਼ਾਲਾ ਵਿਚ ਆਏ ਸਿੱਖਾਂ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਜਾਚ ਸਿਖਾਂਦਾ ਹੈ। ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ ਪਰਮਾਤਮਾ ਦਾ ਦਰਸਨ ਹੁੰਦਾ ਹੈ। 9. ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ। ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰ ਕੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਤੇ ਉਸ ਨਾਲ ਇਕ-ਰੂਪ ਹੋ ਜਾਂਦਾ ਹੈ। 10. ਗੁਰੂ ਦੇ ਪਾਏ ਹੋਏ ਪੂਰਨਿਆਂ ਉਤੇ ਤੁਰ ਕੇ ਹੀ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਸਕਦਾ ਹੈ। ਮਨੁੱਖ ਦੀ ਸਾਰੀ ਜ਼ਿੰਦਗੀ ਵਿਚ ਉਹੀ ਵਕਤ ਭਾਗਾਂ ਵਾਲਾ ਹੁੰਦਾ ਹੈ ਜਦੋਂ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ। ਪਰਮਾਤਮਾ ਦੀ ਸੇਵਾ-ਭਗਤੀ ਹੀ ਜ਼ਿੰਦਗੀ ਦਾ ਅਸਲ ਮਨੋਰਥ ਹੈ। 11. ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾਂਦਾ ਹੈ। ਭਾਗਾਂ ਵਾਲਾ ਹੈ ਉਹ ਜੋ ਗੁਰੂ ਦੇ ਹੁਕਮ ਵਿਚ ਤੁਰ ਕੇ ਨਾਮ ਜਪਦਾ ਹੈ, ਉਸ ਨੂੰ ਕੋਈ ਦੁੱਖ-ਦਰਦ ਪੋਹ ਨਹੀਂ ਸਕਦਾ। 12. ਇਸ ਵਿਚ ਰਤਾ ਭੀ ਸ਼ੱਕ ਨਹੀਂ ਕਿ ਜਿਹੜਾ ਮਨੁੱਖ ਨਾਮ ਸਿਮਰਦਾ ਹੈ ਉਹ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ। ਭਾਗਾਂ ਵਾਲਾ ਉਹੀ ਮਨੁੱਖ ਹੈ ਜੋ ਸਾਧ ਸੰਗਤਿ ਵਿਚ ਮਿਲਦਾ ਹੈ, ਸੰਗਤਿ ਵਿਚੋਂ ਹੀ ਗੁਰੂ ਪਾਸੋਂ ਸਿਮਰਨ ਦਾ ਉਪਦੇਸ਼ ਮਿਲਦਾ ਹੈ। 13. ਸਰਬ-ਵਿਆਪਕ ਅਤੇ ਸਰਬ-ਪਾਲਕ ਸਿਰਜਣਹਾਰ ਪ੍ਰਭੂ ਹੀ ਸਦਾ ਨਾਲ ਨਿਭਣ ਵਾਲਾ ਸਾਥੀ ਹੈ। ਜਿਹੜਾ ਮਨੁੱਖ ਉਸ ਦਾ ਨਾਮ ਸਿਮਰਦਾ ਹੈ ਉਸ ਨੂੰ ਨਿਸਚਾ ਹੋ ਜਾਂਦਾ ਹੈ ਕਿ ਪਰਮਾਤਮਾ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ। 14. ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਜਪਿਆਂ ਮਨੁੱਖਾ ਜੀਵਨ ਦੇ ਰਸਤੇ ਵਿਚ ਕੋਈ ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ, ਮਨ ਦੀਆਂ ਸਾਰੀਆਂ ਵਾਸਨਾਂ ਮੁੱਕ ਜਾਂਦੀਆਂ ਹਨ। 15. ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦੀ ਅਨੇਕਾਂ ਜਨਮਾਂ ਦੀ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ। ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਜਾਂਦਾ ਹੈ, ਆਪਣੇ ਸਾਥੀਆਂ ਸਨਬੰਧੀਆਂ ਨੂੰ ਭੀ ਲੰਘਾ ਲੈਂਦਾ ਹੈ। ਲੜੀ-ਵਾਰ ਭਾਵ: 1. (1 ਤੋਂ 5) ਇਹ ਰੰਗਾ-ਰੰਗ ਦੀ ਸ੍ਰਿਸ਼ਟੀ ਪਰਮਾਤਮਾ ਨੇ ਆਪ ਹੀ ਬਣਾਈ ਹੈ, ਤੇ ਇਸ ਵਿਚ ਹਰ ਥਾਂ ਉਹ ਆਪ ਵੱਸ ਰਿਹਾ ਹੈ। 2. (6 ਤੋਂ 10) ਹਰੇਕ ਥਾਂ ਵਿਆਪਕ ਹੁੰਦਿਆਂ ਭੀ ਪਰਮਾਤਮਾ ਨਿਰਲੇਪ ਰਹਿੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਗੁਰੂ ਦੀ ਸੰਗਤਿ ਵਿਚ ਰਹਿ ਕੇ ਉਸ ਦਾ ਨਾਮ ਜਪਦਾ ਹੈ, ਉਸ ਉਤੇ ਜਗਤ ਦੀ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। 3. (11 ਤੋਂ 15) ਉਸੇ ਮਨੁੱਖ ਦੀ ਜ਼ਿੰਦਗੀ ਕਾਮਯਾਬ ਹੈ ਜੋ ਗੁਰੂ ਦੀ ਸੰਗਤਿ ਵਿਚ ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਭੀ ਸਮਾ ਖ਼ਰਚ ਕਰਦਾ ਹੈ, ਉਸ ਦੇ ਅਨੇਕਾਂ ਜਨਮਾਂ ਦੇ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਮੁੱਖ ਭਾਵ: ਗੁਰੂ ਦੀ ਸੰਗਤਿ ਵਿਚ ਪਰਮਾਤਮਾ ਦਾ ਨਾਮ ਜਪਿਆਂ ਜਗਤ ਦਾ ਕੋਈ ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ। ਜ਼ਿੰਦਗੀ ਦੀ ਉਹੀ ਘੜੀ ਭਾਗਾਂ ਵਾਲੀ ਹੈ ਜਿਹੜੀ ਪਰਮਾਤਮਾ ਦੀ ਯਾਦ ਵਿਚ ਗੁਜ਼ਰੇ। ਵਾਰ ਦੀ ਬਣਤਰ ਇਹ 'ਵਾਰ' ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ ਹੈ, ਇਸ ਵਿਚ 15 ਪਉੜੀਆਂ ਹਨ ਤੇ 80 ਸਲੋਕ ਹਨ; ਹਰੇਕ ਪਉੜੀ ਦੇ ਨਾਲ ਦੋ ਦੋ ਸਲੋਕ ਹਨ, ਇਹ ਸਾਰੇ ਸਲੋਕ ਭੀ ਗੁਰੂ ਰਾਮਦਾਸ ਜੀ ਦੇ ਹਨ। ਪੰਜਵੀਂ, ਦਸਵੀਂ ਅਤੇ ਪੰਦ੍ਰਵੀਂ ਪਉੜੀ ਵਿਚ ਲਫ਼ਜ਼ 'ਨਾਨਕ' ਵਰਤਿਆ ਹੋਇਆ ਹੈ। ਜਿਸ ਦਾ ਭਾਵ ਇਹ ਹੈ ਕਿ ਲੜੀ-ਵਾਰ ਇਸ 'ਵਾਰ' ਦੇ ਤਿੰਨ ਹਿੱਸੇ ਹਨ। ਹਰੇਕ ਪਉੜੀ ਦੀਆਂ ਪੰਜ ਪੰਜ ਤੁਕਾਂ ਹਨ। ਤੁਕਾਂ ਦਾ ਆਕਾਰ ਤਕਰੀਬਨ ਇਕੋ ਜਿਤਨਾ ਹੈ। ਪਰ ਸਲੋਕਾਂ ਦਾ ਆਕਾਰ ਵੱਡਾ ਛੋਟਾ ਹੈ। ਸੁਤੇ ਹੀ ਇਹੀ ਅਨੁਮਾਨ ਲੱਗ ਸਕਦਾ ਹੈ ਕਿ ਜਦੋਂ ਇਹ 'ਵਾਰ' ਲਿਖੀ ਗਈ ਸੀ, ਉਸੇ ਵਕਤ ਦੇ ਸਲੋਕ ਨਹੀਂ ਹਨ। ਸਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ: ਗੁਰੂ ਰਾਮਦਾਸ ਜੀ ਦੀਆਂ ਅੱਠ 'ਵਾਰਾਂ' ਹਨ; ਹੇਠ-ਲਿਖੇ ਰਾਗਾਂ ਵਿਚ: ਸਿਰੀਰਾਗ, ਗਉੜੀ, ਬਿਹਾਗੜਾ, ਵਡਹੰਸ, ਸੋਰਠਿ, ਬਿਲਾਵਲ, ਸਾਰਗ ਅਤੇ ਕਾਨੜਾ। ਸਿਰੀ ਰਾਗ = ਇਸ ਰਾਗ ਦੀ 'ਵਾਰ' ਵਿਚ 21 ਪਉੜੀਆਂ ਹਨ। ਪਉੜੀ ਨੰ: 15 ਦੇ ਨਾਲ ਇੱਕੋ ਸਲੋਕ ਗੁਰੂ ਅਰਜਨ ਸਾਹਿਬ ਦਾ ਹੈ ਅਤੇ ਇੱਕ ਗੁਰੂ ਅੰਗਦ ਸਾਹਿਬ ਦਾ। ਜੇ ਗੁਰੂ ਰਾਮਦਾਸ ਜੀ ਆਪ ਹੀ ਸਲੋਕ ਭੀ ਪਉੜੀਆਂ ਨਾਲ ਦਰਜ ਕਰਦੇ, ਤਾਂ ਪਉੜੀ ਨੰ: 15 ਦੇ ਨਾਲ ਭੀ ਦੋ ਸਲੋਕ ਹੀ ਦਰਜ ਕਰਦੇ। ਅਧੂਰੀ ਨਾਹ ਰਹਿਣ ਦੇਂਦੇ। ਸਾਰੇ ਸਲੋਕ ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕੀਤੇ ਸਨ। ਗਉੜੀ = ਪਉੜੀ ਨੰ: 32 ਦੇ ਨਾਲ ਦੋਵੇਂ ਹੀ ਸਲੋਕ ਗੁਰੂ ਅਰਜਨ ਸਾਹਿਬ ਦੇ ਹਨ। ਇਥੇ ਭੀ ਉਹੀ ਦਲੀਲ ਕੰਮ ਕਰਦੀ ਹੈ। ਸਾਰੇ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ। ਬਿਹਾਗੜਾ = ਇਸ 'ਵਾਰ' ਵਿਚ 21 ਪਉੜੀਆਂ ਹਨ। ਪਉੜੀ ਨੰ: 14 ਦੇ ਨਾਲ ਦੋਵੇਂ ਸਲੋਕ ਗੁਰੂ ਅਰਜਨ ਸਾਹਿਬ ਦੇ ਹਨ। ਸਾਰੇ ਹੀ ਸਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ। ਸਾਰਗ = ਇਸ 'ਵਾਰ' ਵਿਚ 36 ਪਉੜੀਆਂ ਹਨ। ਨੰ: 35 ਗੁਰੂ ਅਰਜਨ ਸਾਹਿਬ ਦੀ ਹੈ। ਪਉੜੀ ਨੰ: 26 ਦੇ ਨਾਲ ਇੱਕ ਸਲੋਕ ਗੁਰੂ ਅਰਜਨ ਦੇਵ ਜੀ ਦਾ ਹੈ, ਅਤੇ ਪਉੜੀ ਨੰ: 36 ਦੇ ਨਾਲ ਦੋਵੇਂ ਸਲੋਕ ਸਤਿਗੁਰੂ ਅਰਜਨ ਸਾਹਿਬ ਦੇ ਹਨ। ਉਪਰਲੀ ਹੀ ਦਲੀਲ ਅਨੁਸਾਰ ਇਹ ਸਾਰੇ ਹੀ ਸਲੋਕ ਗੁਰੂ ਅਰਜਨ ਸਾਹਿਬ ਨੇ ਹੀ ਦਰਜ ਕੀਤੇ ਸਨ। ਅੱਠ 'ਵਾਰਾਂ' ਵਿਚੋਂ ਚਾਰ 'ਵਾਰਾਂ' ਪਰਤੱਖ ਐਸੀਆਂ ਮਿਲਦੀਆਂ ਹਨ ਜਿਥੇ ਸਲੋਕ ਗੁਰੂ ਰਾਮਦਾਸ ਜੀ ਨੇ ਦਰਜ ਨਹੀਂ ਕੀਤੇ। ਬਾਕੀ ਦੀਆਂ ਚਾਰ 'ਵਾਰਾਂ' = ਵਡਹੰਸ, ਸੋਰਠਿ, ਬਿਲਾਵਲ ਅਤੇ ਕਾਨੜਾ = ਵਿਚ ਭੀ ਕਵਿਤਾ ਦੇ ਦ੍ਰਿਸ਼ਟੀ-ਕੋਣ ਤੋਂ ਉਹੀ ਨਿਯਮ ਕੰਮ ਕਰਦਾ ਮੰਨਣਾ ਪਏਗਾ। ਇਹਨਾਂ 'ਵਾਰਾਂ' ਵਿਚ ਭੀ ਸਲੋਕ ਗੁਰੂ ਅਰਜਨ ਸਾਹਿਬ ਨੇ ਹੀ ਦਰਜ ਕੀਤੇ ਸਨ। ਇਹ ਨਿਯਮ ਬੱਧਾ ਗੁਰੂ ਨਾਨਕ ਦੇਵ ਜੀ ਨੇ ਆਪ: ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪਹਿਲੀ ਲਿਖੀ ਹੋਈ 'ਵਾਰ' ਮਲਾਰ ਰਾਗ ਵਿਚ ਦਰਜ ਹੈ। ਇਸ 'ਵਾਰ' ਦੀਆਂ 28 ਪਉੜੀਆਂ ਹਨ। ਪਉੜੀ ਨੰ: 27 ਗੁਰੂ ਅਰਜਨ ਸਾਹਿਬ ਦੀ ਹੈ। ਬਾਕੀ 27 ਗੁਰੂ ਨਾਨਕ ਦੇਵ ਜੀ ਦੀਆਂ। ਪਉੜੀ ਨੰ: 5, 6, 7, 8, 9, 10, 11, 12 ਅਤੇ 13 ਦੇ ਨਾਲ ਸਾਰੇ ਹੀ ਸਲੋਕ ਗੁਰੂ ਅਮਰਦਾਸ ਜੀ ਦੇ ਹਨ। ਪਉੜੀ ਨੰ: 14 ਦੇ ਨਾਲ ਦੋਵੇਂ ਸਲੋਕ ਗੁਰੂ ਅਰਜਨ ਸਾਹਿਬ ਦੇ ਹਨ। ਫਿਰ ਪਉੜੀ ਨੰ: 15, 16, 17 ਅਤੇ 18 ਦੇ ਨਾਲ ਸਾਰੇ ਹੀ ਸਲੋਕ ਗੁਰੂ ਅਮਰਦਾਸ ਜੀ ਦੇ। ਬੜੀ ਸਿੱਧੀ ਸਾਫ਼ ਗੱਲ ਹੈ ਕਿ ਇਹ ਸਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ ਸਨ। ਸਾਰੀਆਂ ਹੀ 'ਵਾਰਾਂ' ਵਿਚ ਇਹੀ ਤਰੀਕਾ ਵਰਤਿਆ ਗਿਆ। ਕਾਨੜੇ ਕੀ ਵਾਰ ਮਹਲਾ ੪ ਮੂਸੇ ਕੀ ਵਾਰ ਕੀ ਧੁਨੀ ਗੁਰੂ ਰਾਮਦਾਸ ਜੀ ਦੀ ਇਸ ਵਾਰ ਨੂੰ ਮੂਸੇ ਦੀ ਵਾਰ ਦੀ ਸੁਰ ਤੇ ਗਾਉਣਾ ਹੈ। ਮੂਸਾ ਇਕ ਸੂਰਮਾ ਸੀ, ਇਸ ਦੀ ਮੰਗੇਤ੍ਰ ਕਿਸੇ ਰਾਜੇ ਨਾਲ ਵਿਆਹੀ ਗਈ। ਮੂਸੇ ਨੇ ਉਸ ਰਾਜੇ ਤੇ ਚੜ੍ਹਾਈ ਕਰ ਕੇ ਰਾਜੇ ਨੂੰ ਤੇ ਉਸ ਆਪਣੀ ਮੰਗੇਤ੍ਰ ਨੂੰ ਪਕੜ ਲਿਆਂਦਾ; ਪਰ ਜਦੋਂ ਉਸ ਨੇ ਇਸਤ੍ਰੀ ਪਾਸੋਂ ਪੁੱਛਿਆ ਕਿ ਤੂੰ ਕਿਸ ਨਾਲ ਰਹਿਣਾ ਚਾਹੁੰਦੀ ਹੈਂ, ਉਸ ਨੇ ਉੱਤਰ ਦਿੱਤਾ ਕਿ ਜਿਸ ਨਾਲ ਮੈਂ ਵਿਆਹੀ ਗਈ ਹਾਂ। ਮੂਸੇ ਨੇ ਇਹ ਸੁਣ ਕੇ ਰਾਜੇ ਨੂੰ ਤੇ ਉਸ ਦੀ ਇਸਤ੍ਰੀ ਨੂੰ ਮਾਫ਼ ਕਰ ਕੇ ਇੱਜ਼ਤ ਨਾਲ ਮੋੜ ਦਿੱਤਾ। ਮੂਸੇ ਦੀ ਇਸ ਬਹਾਦਰੀ ਤੇ ਖੁਲ੍ਹਦਿਲੀ ਤੇ ਢਾਢੀਆਂ ਨੇ ਵਾਰ ਲਿਖੀ, ਜਿਸ ਦੀ ਨਮੂਨੇ ਦੀ ਇਕ ਪਉੜੀ ਇਉਂ ਹੈ: ਤ੍ਰੈ ਸੈ ਸੱਠ ਮਰਾਤਬਾ ਇਕ ਗੁਰੀਏ ਡੱਗੈ ॥ ਚੜ੍ਹਿਆ ਮੂਸਾ ਪਾਤਸ਼ਾਹ ਸਭ ਜੱਗ ਪਰੱਖੈ ॥ ਚੰਦ ਚਿਟੇ ਬਡ ਹਾਥੀਆਂ ਕਹੁ ਕਿਤ ਵਰੱਗੇ ॥ ਰੁਤ ਪਛਾਤੀ ਬਗਲਿਆਂ ਘਟ ਕਾਲੀ ਅੱਗੈ ॥ ਏਹੀ ਕੀਤੀ ਮੂਸਿਆ ਕਿਨ ਕਰੀ ਨ ਅੱਗੈ ॥ ੴ ਸਤਿਗੁਰ ਪ੍ਰਸਾਦਿ ॥ ਸਲੋਕ ਮਃ ੪ ॥ ਰਾਮ ਨਾਮੁ ਨਿਧਾਨੁ ਹਰਿ ਗੁਰਮਤਿ ਰਖੁ ਉਰ ਧਾਰਿ ॥ ਦਾਸਨ ਦਾਸਾ ਹੋਇ ਰਹੁ ਹਉਮੈ ਬਿਖਿਆ ਮਾਰਿ ॥ ਜਨਮੁ ਪਦਾਰਥੁ ਜੀਤਿਆ ਕਦੇ ਨ ਆਵੈ ਹਾਰਿ ॥ ਧਨੁ ਧਨੁ ਵਡਭਾਗੀ ਨਾਨਕਾ ਜਿਨ ਗੁਰਮਤਿ ਹਰਿ ਰਸੁ ਸਾਰਿ ॥੧॥ {ਪੰਨਾ 1312} ਪਦ ਅਰਥ: ਨਿਧਾਨੁ = ਖ਼ਜ਼ਾਨਾ। ਉਰ = ਹਿਰਦਾ। ਧਾਰਿ = ਧਾਰ ਕੇ, ਟਿਕਾ ਕੇ। ਬਿਖਿਆ = ਮਾਇਆ। ਮਾਰਿ = ਮਾਰ ਕੇ, ਮੁਕਾ ਕੇ। ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਹਾਰਿ = ਬਾਜੀ ਹਾਰ ਕੇ। ਨ ਆਵੈ = ਨਹੀਂ ਆਉਂਦਾ। ਜਿਨ = ਜਿਨ੍ਹਾਂ ਨੇ। ਰਸੁ = ਸੁਆਦ। ਸਾਰਿ = ਸਾਰਿਆ ਹੈ, ਸੰਭਾਲਿਆ ਹੈ, ਚੱਖਿਆ ਹੈ।1। ਅਰਥ: (ਹੇ ਭਾਈ!) ਪਰਮਾਤਮਾ ਦਾ ਨਾਮ (ਅਸਲ) ਖ਼ਜ਼ਾਨਾ (ਹੈ) ਸਤਿਗੁਰੂ ਦੀ ਸਿੱਖਿਆ ਉਤੇ ਤੁਰ ਕੇ (ਇਸ ਨੂੰ ਆਪਣੇ) ਹਿਰਦੇ ਵਿਚ ਪ੍ਰੋ ਰੱਖ। (ਇਸ ਨਾਮ ਦੀ ਬਰਕਤਿ ਨਾਲ) ਹਉਮੈ (-ਰੂਪ) ਮਾਇਆ (ਦੇ ਪ੍ਰਭਾਵ) ਨੂੰ (ਆਪਣੇ ਅੰਦਰੋਂ) ਮੁਕਾ ਕੇ (ਪਰਮਾਤਮਾ ਦੇ) ਸੇਵਕਾਂ ਦਾ ਸੇਵਕ ਬਣਿਆ ਰਹੁ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਹ) ਮਨੁੱਖਾ ਜਨਮ ਦਾ ਕੀਮਤੀ ਮਨੋਰਥ ਹਾਸਲ ਕਰ ਕੇ (ਜਗਤ ਤੋਂ ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਕਦੇ ਨਹੀਂ ਆਉਂਦਾ। ਹੇ ਨਾਨਕ! ਧੰਨ ਹਨ ਉਹ ਵੱਡੇ ਭਾਗਾਂ ਵਾਲੇ ਮਨੁੱਖ; ਜਿਨ੍ਹਾਂ ਨੇ ਸਤਿਗੁਰ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ।1। |
Sri Guru Granth Darpan, by Professor Sahib Singh |