ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1313 ਮਃ ੪ ॥ ਗੋਵਿੰਦੁ ਗੋਵਿਦੁ ਗੋਵਿਦੁ ਹਰਿ ਗੋਵਿਦੁ ਗੁਣੀ ਨਿਧਾਨੁ ॥ ਗੋਵਿਦੁ ਗੋਵਿਦੁ ਗੁਰਮਤਿ ਧਿਆਈਐ ਤਾਂ ਦਰਗਹ ਪਾਈਐ ਮਾਨੁ ॥ ਗੋਵਿਦੁ ਗੋਵਿਦੁ ਗੋਵਿਦੁ ਜਪਿ ਮੁਖੁ ਊਜਲਾ ਪਰਧਾਨੁ ॥ ਨਾਨਕ ਗੁਰੁ ਗੋਵਿੰਦੁ ਹਰਿ ਜਿਤੁ ਮਿਲਿ ਹਰਿ ਪਾਇਆ ਨਾਮੁ ॥੨॥ {ਪੰਨਾ 1313} ਪਦ ਅਰਥ: ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਗੁਰਮਤਿ = ਗੁਰੂ ਦੀ ਸਿਖਿਆ ਉੱਤੇ ਤੁਰਿਆਂ। ਮਾਨੁ = ਆਦਰ। ਜਪਿ = ਜਪ ਕੇ। ਊਜਲਾ = ਰੌਸ਼ਨ। ਪਰਧਾਨੁ = ਮੰਨਿਆ-ਪਰਮੰਨਿਆ। ਜਿਤੁ = ਜਿਸ (ਗੁਰੂ) ਵਿਚ। ਮਿਲਿ = ਮਿਲ ਕੇ।2। ਅਰਥ: (ਹੇ ਭਾਈ!) ਸਿਰਫ਼ ਪਰਮਾਤਮਾ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਜਦੋਂ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਨੂੰ ਸਿਮਰਿਆ ਜਾਏ ਤਦੋਂ ਪਰਮਾਤਮਾ ਦੀ ਹਜੂਰੀ ਵਿਚ ਆਦਰ ਮਿਲਦਾ ਹੈ। (ਹੇ ਭਾਈ!) ਸਦਾ ਪ੍ਰਭੂ ਦਾ ਨਾਮ ਜਪ ਕੇ (ਲੋਕ ਪਰਲੋਕ ਵਿਚ) ਸੁਰਖ਼ਰੂ ਹੋਈਦਾ ਹੈ ਤੇ ਪ੍ਰਧਾਨਤਾ ਮਿਲਦੀ ਹੈ। ਹੇ ਨਾਨਕ! (ਆਖ– ਹੇ ਭਾਈ!) ਗੁਰੂ ਪਰਮਾਤਮਾ (ਦਾ ਰੂਪ) ਹੈ; ਉਸ (ਗੁਰੂ) ਵਿਚ ਮਿਲ ਕੇ (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ।2। ਪਉੜੀ ॥ ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥ ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ ॥ ਤੂ ਆਪੇ ਆਪਿ ਵਰਤਦਾ ਤੂ ਆਪੇ ਕਰਹਿ ਸੁ ਹੋਗੀਆ ॥ ਸਤਸੰਗਤਿ ਸਤਿਗੁਰ ਧੰਨੁ ਧਨੋੁ ਧੰਨ ਧੰਨ ਧਨੋ ਜਿਤੁ ਮਿਲਿ ਹਰਿ ਬੁਲਗ ਬੁਲੋਗੀਆ ॥ ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ ਹਰਿ ਬੋਲਤ ਸਭਿ ਪਾਪ ਲਹੋਗੀਆ ॥੧॥ {ਪੰਨਾ 1313} ਪਦ ਅਰਥ: ਸਿਧ = (ਜੋਗ-ਸਾਧਨਾਂ ਵਿਚ) ਪੁੱਗਾ ਹੋਇਆ ਜੋਗੀ। ਸਾਧਿਕੋ = ਸਾਧਿਕੁ, ਜੋਗ-ਸਾਧਨ ਕਰਨ ਵਾਲਾ। ਜੁਗ ਜੋਗੀਆ = ਜੋਗ ਜੋਗੀਆ, ਜੋਗ ਵਿਚ ਜੁੜਨ ਵਾਲਾ। ਰਸੀਅੜਾ = ਰਸ ਲੈਣ ਵਾਲਾ। ਭੋਗ = ਮਾਇਕ ਪਦਾਰਥ। ਵਰਤਦਾ = ਮੌਜੂਦ। ਜਿਤੁ ਮਿਲਿ = ਜਿਸ (ਸਤਸੰਗਤਿ) ਵਿਚ ਮਿਲ ਕੇ। ਬੁਲਗ = (ਸਿਫ਼ਤਿ-ਸਾਲਾਹ ਦੇ) ਬੋਲ। ਸਭਿ = ਸਾਰੇ।1। ਅਰਥ: ਹੇ ਪ੍ਰਭੂ! ਤੂੰ ਆਪ ਹੀ (ਜੋਗ-ਸਾਧਨਾਂ ਵਿਚ) ਪੁੱਗਾ ਹੋਇਆ ਜੋਗੀ ਹੈਂ, ਤੂੰ ਆਪ ਹੀ ਸਾਧਨ ਕਰਨ ਵਾਲਾ ਹੈਂ, ਤੂੰ ਆਪ ਹੀ ਜੋਗ ਵਿਚ ਜੁੜਨ ਵਾਲਾ ਹੈਂ, ਤੂੰ ਆਪ ਹੀ (ਮਾਇਕ ਪਦਾਰਥਾਂ ਦੇ) ਰਸ ਚੱਖਣ ਵਾਲਾ ਹੈਂ, ਤੂੰ ਆਪ ਹੀ (ਮਾਇਕ ਪਦਾਰਥਾਂ ਦੇ) ਭੋਗ ਭੋਗਣ ਵਾਲਾ ਹੈਂ, (ਕਿਉਂਕਿ ਜੋਗੀਆਂ ਵਿਚ ਭੀ ਤੇ ਗ੍ਰਿਹਸਤੀਆਂ ਵਿਚ ਭੀ ਹਰ ਥਾਂ) ਤੂੰ ਆਪ ਹੀ ਆਪ ਮੌਜੂਦ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ। ਹੇ ਭਾਈ! ਗੁਰੂ ਦੀ ਸਾਧ ਸੰਗਤਿ ਧੰਨ ਹੈ ਧੰਨ ਹੈ ਜਿਸ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬੋਲ ਬੋਲੇ ਜਾ ਸਕਦੇ ਹਨ। (ਹੇ ਭਾਈ! ਸਾਧ ਸੰਗਤਿ ਵਿਚ ਬੈਠ ਕੇ) ਸਾਰੇ (ਆਪਣੇ ਮੂੰਹੋਂ ਸਦਾ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆਂ ਸਾਰੇ ਪਿਛਲੇ ਕੀਤੇ) ਪਾਪ ਦੂਰ ਹੋ ਜਾਂਦੇ ਹਨ।1। ਸਲੋਕ ਮਃ ੪ ॥ ਹਰਿ ਹਰਿ ਹਰਿ ਹਰਿ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ ਹਉਮੈ ਮਮਤਾ ਨਾਸੁ ਹੋਇ ਦੁਰਮਤਿ ਕਢੈ ਧੋਇ ॥ ਨਾਨਕ ਅਨਦਿਨੁ ਗੁਣ ਉਚਰੈ ਜਿਨ ਕਉ ਧੁਰਿ ਲਿਖਿਆ ਹੋਇ ॥੧॥ {ਪੰਨਾ 1313} ਪਦ ਅਰਥ: ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕੋਇ = ਕੋਈ ਵਿਰਲਾ ਮਨੁੱਖ। ਮਮਤਾ = ਅਪਣੱਤ। ਧੋਇ = ਧੋ ਕੇ। ਅਨਦਿਨੁ = ਹਰ ਰੋਜ਼। ਧੁਰਿ = ਧੁਰ ਦਰਗਾਹ ਤੋਂ। ਅਰਥ: (ਹੇ ਭਾਈ!) ਸਦਾ ਹੀ ਪਰਮਾਤਮਾ ਦਾ ਨਾਮ (ਸਿਮਰਨ ਦੀ ਦਾਤਿ) ਕੋਈ ਵਿਰਲਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਹਾਸਲ ਕਰਦਾ ਹੈ, (ਜਿਹੜਾ ਮਨੁੱਖ ਇਹ ਦਾਤਿ ਪ੍ਰਾਪਤ ਕਰਦਾ ਹੈ, ਉਸ ਦੇ ਅੰਦਰੋਂ) ਹਉਮੈ ਅਤੇ ਅਪਣੱਤ ਦਾ ਨਾਸ ਹੋ ਜਾਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਨਾਮ ਦੀ ਬਰਕਤਿ ਨਾਲ) ਭੈੜੀ ਮਤਿ (ਦੀ ਮੈਲ) ਧੋ ਕੇ ਕੱਢ ਦੇਂਦਾ ਹੈ; ਹੇ ਨਾਨਕ! (ਉਹ ਮਨੁੱਖ) ਹਰ ਵੇਲੇ (ਪਰਮਾਤਮਾ ਦੇ) ਗੁਣ ਉਚਾਰਦਾ ਹੈ (ਪਰ ਹੇ ਭਾਈ! ਉਹੀ ਮਨੁੱਖ ਪਰਮਾਤਮਾ ਦੇ ਗੁਣ ਉਚਾਰਦੇ ਹਨ) ਜਿਨ੍ਹਾਂ ਦੇ ਭਾਗਾਂ ਵਿਚ ਧੁਰ ਤੋਂ (ਕੀਤੇ ਕਰਮਾਂ ਅਨੁਸਾਰ ਨਾਮ ਸਿਮਰਨ ਦੇ ਸੰਸਕਾਰਾਂ ਦਾ ਲੇਖ) ਲਿਖਿਆ ਹੁੰਦਾ ਹੈ।1। ਮਃ ੪ ॥ ਹਰਿ ਆਪੇ ਆਪਿ ਦਇਆਲੁ ਹਰਿ ਆਪੇ ਕਰੇ ਸੁ ਹੋਇ ॥ ਹਰਿ ਆਪੇ ਆਪਿ ਵਰਤਦਾ ਹਰਿ ਜੇਵਡੁ ਅਵਰੁ ਨ ਕੋਇ ॥ ਜੋ ਹਰਿ ਪ੍ਰਭ ਭਾਵੈ ਸੋ ਥੀਐ ਜੋ ਹਰਿ ਪ੍ਰਭੁ ਕਰੇ ਸੁ ਹੋਇ ॥ ਕੀਮਤਿ ਕਿਨੈ ਨ ਪਾਈਆ ਬੇਅੰਤੁ ਪ੍ਰਭੂ ਹਰਿ ਸੋਇ ॥ ਨਾਨਕ ਗੁਰਮੁਖਿ ਹਰਿ ਸਾਲਾਹਿਆ ਤਨੁ ਮਨੁ ਸੀਤਲੁ ਹੋਇ ॥੨॥ {ਪੰਨਾ 1313} ਪਦ ਅਰਥ: ਦਇਆਲੁ = (ਦਇਆ-ਆਲਯ) ਦਇਆ ਦਾ ਘਰ, ਦਇਆ ਦਾ ਸੋਮਾ। ਆਪੇ = ਆਪ ਹੀ। ਵਰਤਦਾ = ਮੌਜੂਦ। ਜੇਵਡੁ = ਜੇਡਾ, ਬਰਾਬਰ ਦਾ। ਅਵਰੁ = ਹੋਰ। ਪ੍ਰਭ ਭਾਵੈ = ਪ੍ਰਭੂ ਨੂੰ ਚੰਗਾ ਲੱਗਦਾ ਹੈ। ਥੀਐ = ਹੁੰਦਾ ਹੈ। ਕਿਨੈ = ਕਿਸੇ ਨੇ (ਭੀ) । ਗੁਰਮੁਖਿ = ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ। ਸੀਤਲੁ = (ਵਿਕਾਰਾਂ ਵਲੋਂ) ਠੰਢਾ-ਠਾਰ। ਅਰਥ: (ਹੇ ਭਾਈ!) ਪਰਮਾਤਮਾ ਆਪ ਹੀ ਦਇਆ ਦਾ ਸੋਮਾ ਹੈ (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪਰਮਾਤਮਾ ਆਪ ਹੀ ਕਰਦਾ ਹੈ। (ਹੇ ਭਾਈ!) ਪਰਮਾਤਮਾ ਆਪ ਹੀ (ਹਰ ਥਾਂ) ਮੌਜੂਦ ਹੈ, ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ। ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਜੋ ਕੁਝ ਉਹ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ। ਹੇ ਭਾਈ! ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਕਿਸੇ (ਮਨੁੱਖ) ਨੇ ਉਸ ਦਾ ਮੁੱਲ ਨਹੀਂ ਪਾਇਆ। ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਹੈ, ਉਸ ਦਾ ਤਨ ਉਸ ਦਾ ਮਨ (ਵਿਕਾਰਾਂ ਵਲੋਂ) ਠੰਢਾ-ਠਾਰ ਹੋ ਜਾਂਦਾ ਹੈ।2। ਪਉੜੀ ॥ ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ ॥ ਸਭਿ ਧਿਆਵਹਿ ਤੁਧੁ ਮੇਰੇ ਪ੍ਰੀਤਮਾ ਤੂ ਸਤਿ ਸਤਿ ਪੁਰਖ ਨਿਰੰਜਨਾ ॥ ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ ॥ ਸੇਵਕੁ ਠਾਕੁਰੁ ਸਭੁ ਤੂਹੈ ਤੂਹੈ ਗੁਰਮਤੀ ਹਰਿ ਚੰਗ ਚੰਗਨਾ ॥ ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ ਹਰੇ ਜਿਤੁ ਪਾਵਹਿ ਸਭ ਫਲ ਫਲਨਾ ॥੨॥ {ਪੰਨਾ 1313} ਪਦ ਅਰਥ: ਸਭ = ਸਾਰੀ ਸ੍ਰਿਸ਼ਟੀ ਵਿਚ। ਜੋਤਿ = ਨੂਰ। ਜਗਜੀਵਨਾ = ਹੇ ਜਗਤ ਦੇ ਜੀਵਨ-ਦਾਤੇ! ਘਟਿ ਘਟਿ = ਹਰੇਕ ਸਰੀਰ ਵਿਚ। ਰੰਗ ਰੰਗਨਾ = (ਪ੍ਰੇਮ ਦੀ) ਰੰਗਣ ਚਾੜ੍ਹਨ ਵਾਲਾ। ਸਭਿ = ਸਾਰੇ ਜੀਵ। ਸਤਿ = ਸਦਾ ਕਾਇਮ ਰਹਿਣ ਵਾਲਾ। ਪੁਰਖ = ਹੇ ਸਰਬ-ਵਿਆਪਕ! ਨਿਰੰਜਨ = ਹੇ ਨਿਰਲੇਪ! ਸਭੁ = ਸਾਰਾ। ਜਾਚਹਿ = ਮੰਗਦੇ ਹਨ। ਸਭ ਮੰਗ = ਹਰੇਕ ਮੰਗ, ਹਰੇਕ ਲੋੜ। ਚੰਗ ਚੰਗਨਾ = ਬਹੁਤ ਹੀ ਚੰਗਾ, ਬਹੁਤ ਹੀ ਪਿਆਰਾ। ਰਿਖੀਕੇਸੁ = (ਰਿਖੀਕ-ਈਸ਼) ਇੰਦ੍ਰਿਆਂ ਦਾ ਮਾਲਕ ਪ੍ਰਭੂ। ਜਿਤੁ = ਜਿਸ (ਹਰਿ-ਨਾਮ) ਦੀ ਰਾਹੀਂ। ਅਰਥ: ਹੇ ਜਗਤ ਦੇ ਜੀਵਨ ਪ੍ਰਭੂ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ (ਚਾਨਣ ਕਰ ਰਿਹਾ ਹੈ) , ਤੂੰ ਹਰੇਕ ਸਰੀਰ ਵਿਚ (ਮੌਜੂਦ ਹੈਂ ਤੇ ਆਪਣੇ ਨਾਮ ਦੀ) ਰੰਗਣ ਚਾੜ੍ਹਨ ਵਾਲਾ ਹੈਂ। ਹੇ ਮੇਰੇ ਪ੍ਰੀਤਮ! ਸਾਰੇ ਜੀਵ ਤੈਨੂੰ (ਹੀ) ਸਿਮਰਦੇ ਹਨ। ਹੇ ਸਰਬ-ਵਿਆਪਕ (ਤੇ ਫਿਰ ਭੀ) ਨਿਰਲੇਪ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਹੇ ਪ੍ਰਭੂ! ਤੂੰ ਹੀ ਦਾਤਾ ਦੇਣ ਵਾਲਾ ਹੈਂ, ਸਾਰਾ ਜਗਤ (ਤੇਰੇ ਦਰ ਦਾ) ਮੰਗਤਾ ਹੈ। ਹੇ ਹਰੀ! ਹਰੇਕ ਮੰਗ (ਜੀਵ ਤੈਥੋਂ ਹੀ) ਮੰਗਦੇ ਹਨ। ਤੂੰ ਆਪ ਹੀ ਮਾਲਕ ਹੈਂ। ਹੇ ਹਰੀ! ਗੁਰੂ ਦੀ ਮਤਿ ਉਤੇ ਤੁਰਿਆ ਤੂੰ ਬਹੁਤ ਪਿਆਰਾ ਲੱਗਦਾ ਹੈਂ। ਹੇ ਭਾਈ! ਪਰਮਾਤਮਾ (ਸਾਰੇ) ਇੰਦ੍ਰਿਆਂ ਦਾ ਮਾਲਕ ਹੈ, ਤੁਸੀ ਸਾਰੇ ਆਪਣੇ ਮੂੰਹੋਂ ਉਸ ਦੀ ਸਿਫ਼ਤਿ-ਸਾਲਾਹ ਕਰੋ, ਉਸ ਦਾ ਨਾਮ ਜਪੋ, ਉਸ ਦੇ ਨਾਮ ਦੀ ਬਰਕਤਿ ਨਾਲ ਹੀ (ਜੀਵ) ਸਾਰੇ ਫਲ ਪ੍ਰਾਪਤ ਕਰਦੇ ਹਨ।2। ਸਲੋਕ ਮਃ ੪ ॥ ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ॥ ਜੋ ਇਛਹਿ ਸੋ ਫਲੁ ਪਾਇਸੀ ਗੁਰ ਸਬਦੀ ਲਗੈ ਧਿਆਨੁ ॥ ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥ ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥ ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੧॥ {ਪੰਨਾ 1313} ਪਦ ਅਰਥ: ਮਨ = ਹੇ ਮਨ! ਪਾਵਹਿ = ਤੂੰ ਹਾਸਲ ਕਰੇਂਗਾ। ਇਛਹਿ = ਤੂੰ ਚਾਹੇਂਗਾ। ਪਾਇਸੀ = ਦੇਵੇਗਾ। ਸਬਦੀ = ਸ਼ਬਦ ਦੀ ਰਾਹੀਂ। ਕਿਲਵਿਖ = ਪਾਪ। ਸਭਿ = ਸਾਰੇ। ਕਟੀਅਹਿ = ਕੱਟੇ ਜਾਂਦੇ ਹਨ। ਚੁਕੈ = ਮੁੱਕ ਜਾਂਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਕਮਲੁ = (ਹਿਰਦੇ ਦਾ) ਕੌਲ ਫੁੱਲ। ਵਿਗਸਿਆ = ਖਿੜ ਪੈਂਦਾ ਹੈ। ਸਭੁ = ਹਰ ਥਾਂ। ਪਛਾਨੁ = ਪਛਾਣੂ, ਪਛਾਣਨ ਜੋਗ। ਜਪਿ = ਜਪੀਂ, ਮੈਂ ਜਪਾਂ। ਅਰਥ: ਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ। (ਪਰਮਾਤਮਾ ਪਾਸੋਂ) ਜੋ ਤੂੰ ਮੰਗੇਂਗਾ ਉਹੀ ਫਲ (ਉਹ) ਦੇਵੇਗਾ। (ਪਰ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪ੍ਰਭੂ ਵਿਚ) ਸੁਰਤਿ ਜੁੜ ਸਕਦੀ ਹੈ। (ਜਿਸ ਮਨੁੱਖ ਦੀ ਜੁੜਦੀ ਹੈ, ਉਸ ਦੇ) ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ; (ਉਸ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ ਅਹੰਕਾਰ ਦੂਰ ਹੋ ਜਾਂਦਾ ਹੈ। ਹੇ ਮੇਰੇ ਮਨ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਹਿਰਦਾ-ਕੌਲ-ਫੁੱਲ ਖਿੜ ਪੈਂਦਾ ਹੈ, ਉਹ ਥਾਂ ਪਰਮਾਤਮਾ ਨੂੰ ਵੱਸਦਾ ਪਛਾਨਣ-ਜੋਗ ਹੋ ਜਾਂਦਾ ਹੈ। ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ ਦਾਸ (ਨਾਨਕ) ਉਤੇ ਮਿਹਰ ਕਰ, (ਮੈਂ ਤੇਰਾ ਦਾਸ ਭੀ) ਨਾਮ ਜਪਦਾ ਰਹਾਂ।1। ਮਃ ੪ ॥ ਹਰਿ ਹਰਿ ਨਾਮੁ ਪਵਿਤੁ ਹੈ ਨਾਮੁ ਜਪਤ ਦੁਖੁ ਜਾਇ ॥ ਜਿਨ ਕਉ ਪੂਰਬਿ ਲਿਖਿਆ ਤਿਨ ਮਨਿ ਵਸਿਆ ਆਇ ॥ ਸਤਿਗੁਰ ਕੈ ਭਾਣੈ ਜੋ ਚਲੈ ਤਿਨ ਦਾਲਦੁ ਦੁਖੁ ਲਹਿ ਜਾਇ ॥ ਆਪਣੈ ਭਾਣੈ ਕਿਨੈ ਨ ਪਾਇਓ ਜਨ ਵੇਖਹੁ ਮਨਿ ਪਤੀਆਇ ॥ ਜਨੁ ਨਾਨਕੁ ਦਾਸਨ ਦਾਸੁ ਹੈ ਜੋ ਸਤਿਗੁਰ ਲਾਗੇ ਪਾਇ ॥੨॥ {ਪੰਨਾ 1313} ਪਦ ਅਰਥ: ਪਵਿਤੁ = (ਆਤਮਕ ਜੀਵਨ ਨੂੰ) ਸੁੱਚਾ (ਬਨਾਣ ਵਾਲਾ) । ਪੂਰਬਿ = ਪਹਿਲੇ ਜਨਮ ਵਿਚ। ਮਨਿ = ਮਨ ਵਿਚ। ਆਇ = ਆ ਕੇ। ਕੈ ਭਾਣੈ = ਦੀ ਰਜ਼ਾ ਵਿਚ। ਦਾਲਦੁ = ਦਲਿੱਦ੍ਰ, ਗਰੀਬੀ। ਜਨ = ਹੇ ਜਨੋਂ! ਪਤੀਆਇ = ਤਸੱਲੀ ਕਰ ਕੇ। ਲਾਗੇ ਪਾਏ = ਚਰਨੀਂ ਲੱਗੇ ਹੋਏ ਹਨ। ਅਰਥ: (ਹੇ ਭਾਈ!) ਪਰਮਾਤਮਾ ਦਾ ਨਾਮ (ਆਤਮਕ ਜੀਵਨ ਨੂੰ) ਸੁੱਚਾ ਬਨਾਣ-ਜੋਗ ਹੈ, ਨਾਮ ਜਪਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ। (ਪਰ ਇਹ ਨਾਮ) ਉਹਨਾਂ (ਮਨੁੱਖਾਂ) ਦੇ ਮਨ ਵਿਚ ਆ ਕੇ ਵੱਸਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਮੁੱਢ ਤੋਂ (ਪਿਛਲੇ ਕੀਤੇ ਕਰਮਾਂ ਅਨੁਸਾਰ ਨਾਮ ਜਪਣ ਦੇ ਸੰਸਕਾਰਾਂ ਦਾ ਲੇਖਾ) ਲਿਖਿਆ ਹੁੰਦਾ ਹੈ। (ਹੇ ਭਾਈ!) ਜਿਹੜਾ ਜਿਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰਦਾ ਹੈ ਉਹਨਾਂ ਦਾ ਦੁੱਖ ਦਰਿੱਦ੍ਰ ਦੂਰ ਹੋ ਜਾਂਦਾ ਹੈ। ਪਰ ਹੇ ਭਾਈ! ਆਪਣੇ ਮਨ ਵਿਚ ਤਸੱਲੀ ਕਰ ਕੇ ਵੇਖ ਲਵੋ, ਆਪਣੇ ਮਨ ਦੀ ਮਰਜ਼ੀ ਵਿਚ ਤੁਰ ਕੇ ਕਿਸੇ ਨੇ ਭੀ ਹਰਿ-ਨਾਮ ਪ੍ਰਾਪਤ ਨਹੀਂ ਕੀਤਾ। ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਚਰਨੀਂ ਪਏ ਰਹਿੰਦੇ ਹਨ, ਦਾਸ ਨਾਨਕ ਉਹਨਾਂ ਦੇ ਦਾਸਾਂ ਦਾ ਦਾਸ ਹੈ।2। |
Sri Guru Granth Darpan, by Professor Sahib Singh |