ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1314

ਪਉੜੀ ॥ ਤੂੰ ਥਾਨ ਥਨੰਤਰਿ ਭਰਪੂਰੁ ਹਹਿ ਕਰਤੇ ਸਭ ਤੇਰੀ ਬਣਤ ਬਣਾਵਣੀ ॥ ਰੰਗ ਪਰੰਗ ਸਿਸਟਿ ਸਭ ਸਾਜੀ ਬਹੁ ਬਹੁ ਬਿਧਿ ਭਾਂਤਿ ਉਪਾਵਣੀ ॥ ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ ਗੁਰਮਤੀ ਤੁਧੈ ਲਾਵਣੀ ॥ ਜਿਨ ਹੋਹਿ ਦਇਆਲੁ ਤਿਨ ਸਤਿਗੁਰੁ ਮੇਲਹਿ ਮੁਖਿ ਗੁਰਮੁਖਿ ਹਰਿ ਸਮਝਾਵਣੀ ॥ ਸਭਿ ਬੋਲਹੁ ਰਾਮ ਰਮੋ ਸ੍ਰੀ ਰਾਮ ਰਮੋ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਵਣੀ ॥੩॥ {ਪੰਨਾ 1314}

ਪਦ ਅਰਥ: ਥਨੰਤਰਿ = ਥਾਨ ਅੰਤਰਿ। ਥਾਨ ਥਨੰਤਰਿ = ਥਾਨ ਥਾਨ ਅੰਤਰਿ ਹਰੇਕ ਥਾਂ। ਕਰਤੇ = ਹੇ ਕਰਤਾਰ! ਰੰਗ ਪਰੰਗ = ਕਈ ਰੰਗਾਂ ਦੀ। ਸਿਸਟਿ = ਸ੍ਰਿਸ਼ਟੀ। ਸਾਜੀ = ਪੈਦਾ ਕੀਤੀ। ਬਹੁ ਬਿਧਿ = ਕਈ ਕਿਸਮ ਦੀ। ਜੋਤਿ = ਚਾਨਣ। ਵਰਤਹਿ = ਤੂੰ ਮੌਜੂਦ ਹੈਂ। ਤੁਧੈ = ਤੂੰ ਹੀ। ਮੁਖਿ ਗੁਰਮੁਖਿ = ਗੁਰੂ ਦੇ ਮੂੰਹੋਂ। ਸਭਿ = ਸਾਰੇ।

ਅਰਥ: ਹੇ ਕਰਤਾਰ! ਤੂੰ ਹਰੇਕ ਥਾਂ ਵਿਚ ਵਿਆਪਕ ਹੈਂ, ਸੰਸਾਰ ਦੀ ਸਾਰੀ ਬਣਤਰ ਤੇਰੀ ਹੀ ਬਣਾਈ ਹੋਈ ਹੈ। ਸਾਰੀ ਸ੍ਰਿਸ਼ਟੀ ਤੂੰ ਕਈ ਰੰਗਾਂ ਦੀ ਬਣਾਈ ਹੈ, ਕਈ ਕਿਸਮਾਂ ਦੀ ਪੈਦਾ ਕੀਤੀ ਹੈ।

ਹੇ ਕਰਤਾਰ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਹੈ, ਤੇ ਨੂਰ ਵਿਚ ਤੂੰ ਆਪ ਹੀ ਮੌਜੂਦ ਹੈਂ। ਤੂੰ ਆਪ ਹੀ (ਜਗਤ ਦੇ ਜੀਵਾਂ ਨੂੰ) ਗੁਰੂ ਦੀ ਸਿੱਖਿਆ ਵਿਚ ਜੋੜਦਾ ਹੈਂ। ਜਿਨ੍ਹਾਂ ਉਤੇ ਤੂੰ ਦਇਅਵਾਨ ਹੁੰਦਾ ਹੈਂ, ਉਹਨਾਂ ਨੂੰ ਤੂੰ ਗੁਰੂ ਮਿਲਾਂਦਾ ਹੈਂ, ਤੇ, ਗੁਰੂ ਦੇ ਮੂੰਹੋਂ ਤੂੰ ਉਹਨਾਂ ਨੂੰ ਆਪਣਾ ਗਿਆਨ ਦੇਂਦਾ ਹੈ।

ਹੇ ਭਾਈ! ਤੁਸੀ ਸਾਰੇ ਸੋਹਣੇ ਰਾਮ ਦਾ ਨਾਮ ਜਪੋ, ਸੋਹਣੇ ਰਾਮ ਦਾ ਨਾਮ ਜਪੋ, ਜਿਸ ਦੀ ਬਰਕਤਿ ਨਾਲ ਸਾਰੇ ਦੁੱਖ ਭੁੱਖ ਦਰਿੱਦ੍ਰ ਦੂਰ ਹੋ ਜਾਂਦੇ ਹਨ।3।

ਸਲੋਕ ਮਃ ੪ ॥ ਹਰਿ ਹਰਿ ਅੰਮ੍ਰਿਤੁ ਨਾਮ ਰਸੁ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥ ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ ਬੁਝਹੁ ਸਬਦ ਵੀਚਾਰਿ ॥ ਮਨਿ ਹਰਿ ਹਰਿ ਨਾਮੁ ਧਿਆਇਆ ਬਿਖੁ ਹਉਮੈ ਕਢੀ ਮਾਰਿ ॥ ਜਿਨ ਹਰਿ ਹਰਿ ਨਾਮੁ ਨ ਚੇਤਿਓ ਤਿਨ ਜੂਐ ਜਨਮੁ ਸਭੁ ਹਾਰਿ ॥ ਗੁਰਿ ਤੁਠੈ ਹਰਿ ਚੇਤਾਇਆ ਹਰਿ ਨਾਮਾ ਹਰਿ ਉਰ ਧਾਰਿ ॥ ਜਨ ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੧॥ {ਪੰਨਾ 1314}

ਪਦ ਅਰਥ: ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਰਸੁ = ਸੁਆਦ। ਉਰ = ਹਿਰਦਾ। ਧਾਰਿ = ਟਿਕਾਈ ਰੱਖ। ਵੀਚਾਰਿ = ਵੀਚਾਰ ਦੀ ਰਾਹੀਂ। ਮਨਿ = ਮਨ ਵਿਚ। ਬਿਖੁ ਹਉਮੈ = (ਆਤਮਕ ਜੀਵਨ ਨੂੰ ਮੁਕਾਣ ਵਾਲੀ) ਹਉਮੈ-ਜ਼ਹਰ। ਮਾਰਿ = ਮਾਰ ਕੇ। ਜੂਐ = ਜੂਏ (ਦੀ ਖੇਡ) ਵਿਚ। ਹਾਰਿ = ਹਾਰਿਆ, ਹਾਰ ਦਿੱਤਾ, ਅਜ਼ਾਈਂ ਗਵਾ ਲਿਆ। ਗੁਰਿ ਤੁਠੈ = ਤ੍ਰੁੱਠੇ ਹੋਏ ਗੁਰੂ ਨੇ। ਤੇ = ਉਹ ਬੰਦੇ। ਮੁਖ ਉਜਲੇ = ਉਜਲ ਮੂੰਹ ਵਾਲੇ, ਸੁਰਖ਼ਰੂ। ਤਿਤੁ ਦਰਬਾਰਿ = ਉਸ ਦਰਬਾਰ ਵਿਚ। ਸਚੈ ਦਰਬਾਰਿ = ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ।

ਅਰਥ: (ਹੇ ਭਾਈ!) ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ; ਇਸ ਨਾਮ-ਜਲ ਨੂੰ ਇਸ ਦੇ ਸੁਆਦ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖ। (ਪਰ) ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ (ਇਹ ਗੱਲ) ਸਮਝ ਲਵੋ (ਕਿ) ਪਰਮਾਤਮਾ ਸਾਧ ਸੰਗਤਿ ਵਿਚ ਵੱਸਦਾ ਹੈ। (ਜਿਸ ਮਨੁੱਖ ਨੇ ਆਪਣੇ) ਮਨ ਵਿਚ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, (ਉਸ ਨੇ ਆਪਣੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੀ) ਹਉਮੈ-ਜ਼ਹਰ ਮਾਰ ਕੇ ਕੱਢ ਦਿੱਤੀ। (ਹੇ ਭਾਈ!) ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਯਾਦ ਨਹੀਂ ਕੀਤਾ, ਉਹਨਾਂ (ਆਪਣਾ) ਸਾਰਾ (ਮਨੁੱਖਾ) ਜੀਵਨ (ਮਾਨੋ) ਜੂਏ (ਦੀ ਖੇਡ) ਵਿਚ ਹਾਰ ਦਿੱਤਾ।

ਹੇ ਦਾਸ ਨਾਨਕ! ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ਉਹ ਮਨੁੱਖ ਸੁਰਖ਼ਰੂ ਹੁੰਦੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਜਿਨ੍ਹਾਂ ਨੂੰ ਗੁਰੂ ਨੇ ਮਿਹਰ ਕਰ ਕੇ ਹਰਿ-ਨਾਮ ਦਾ ਸਿਮਰਨ ਸਿਖਾਇਆ।1।

ਮਃ ੪ ॥ ਹਰਿ ਕੀਰਤਿ ਉਤਮੁ ਨਾਮੁ ਹੈ ਵਿਚਿ ਕਲਿਜੁਗ ਕਰਣੀ ਸਾਰੁ ॥ ਮਤਿ ਗੁਰਮਤਿ ਕੀਰਤਿ ਪਾਈਐ ਹਰਿ ਨਾਮਾ ਹਰਿ ਉਰਿ ਹਾਰੁ ॥ ਵਡਭਾਗੀ ਜਿਨ ਹਰਿ ਧਿਆਇਆ ਤਿਨ ਸਉਪਿਆ ਹਰਿ ਭੰਡਾਰੁ ॥ ਬਿਨੁ ਨਾਵੈ ਜਿ ਕਰਮ ਕਮਾਵਣੇ ਨਿਤ ਹਉਮੈ ਹੋਇ ਖੁਆਰੁ ॥ ਜਲਿ ਹਸਤੀ ਮਲਿ ਨਾਵਾਲੀਐ ਸਿਰਿ ਭੀ ਫਿਰਿ ਪਾਵੈ ਛਾਰੁ ॥ ਹਰਿ ਮੇਲਹੁ ਸਤਿਗੁਰੁ ਦਇਆ ਕਰਿ ਮਨਿ ਵਸੈ ਏਕੰਕਾਰੁ ॥ ਜਿਨ ਗੁਰਮੁਖਿ ਸੁਣਿ ਹਰਿ ਮੰਨਿਆ ਜਨ ਨਾਨਕ ਤਿਨ ਜੈਕਾਰੁ ॥੨॥ {ਪੰਨਾ 1314}

ਪਦ ਅਰਥ: ਕੀਰਤਿ = ਸਿਫ਼ਤਿ-ਸਾਲਾਹ। ਕਰਣੀ = (krxIX) ਕਰਨ-ਜੋਗ ਕੰਮ। ਸਾਰੁ = ਸ੍ਰੇਸ਼ਟ। ਵਿਚਿ ਕਲਿਜੁਗ = ਕਲਿਜੁਗ ਵਿਚ, ਕਲਿਜੁਗੀ ਸੰਸਾਰ ਵਿਚ, ਵਿਕਾਰਾਂ-ਵੇੜ੍ਹੇ ਜਗਤ ਵਿਚ। ਪਾਈਐ = ਮਿਲਦੀ ਹੈ। ਉਰਿ = ਹਿਰਦੇ ਵਿਚ। ਭੰਡਾਰੁ = ਖ਼ਜ਼ਾਨਾ। ਜਿ = ਜਿਹੜੇ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਹੋਇ = ਹੁੰਦਾ ਹੈ। ਜਲਿ = ਪਾਣੀ ਵਿਚ। ਮਲਿ = ਮਲ ਮਲ ਕੇ। ਸਿਰਿ = ਸਿਰ ਉਤੇ। ਛਾਰੁ = ਸੁਆਹ। ਕਰਿ = ਕਰ ਕੇ। ਮਨਿ = ਮਨ ਵਿਚ। ਮੰਨਿਆ = ਡੂੰਘੀ ਸਾਂਝ ਪਾ ਲਈ। ਜੈਕਾਰੁ = ਸਦਾ ਸੋਭਾ।

ਅਰਥ: ਹੇ ਭਾਈ! ਇਸ ਵਿਕਾਰਾਂ-ਵੇੜ੍ਹੇ ਜਗਤ ਵਿਚ ਪਰਮਾਤਮਾ ਦਾ ਨਾਮ ਜਪਣਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਹੀ ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ ਹੈ। ਪਰ ਗੁਰੂ ਦੀ ਮਤਿ ਉਤੇ ਤੁਰਿਆਂ ਹੀ ਇਹ ਸਿਫ਼ਤਿ-ਸਾਲਾਹ ਮਿਲਦੀ ਹੈ ਇਹ ਹਰਿ-ਨਾਮ ਹਿਰਦੇ ਵਿਚ (ਪ੍ਰੋ ਰੱਖਣ ਲਈ) ਹਾਰ ਮਿਲਦਾ ਹੈ। ਹੇ ਭਾਈ! ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, (ਗੁਰੂ ਨੇ) ਉਹਨਾਂ ਨੂੰ ਹਰਿ-ਨਾਮ ਖ਼ਜਾਨਾ ਸੌਂਪ ਦਿੱਤਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਛੱਡ ਕੇ ਜਿਹੜੇ ਹੋਰ ਹੋਰ (ਮਿਥੇ ਹੋਏ ਧਾਰਮਿਕ) ਕਰਮ ਕਰੀਦੇ ਹਨ (ਉਹਨਾਂ ਦੇ ਕਾਰਨ ਪੈਦਾ ਹੋਈ) ਹਉਮੈ ਵਿਚ (ਫਸ ਕੇ ਮਨੁੱਖ) ਸਦਾ ਖ਼ੁਆਰ ਹੁੰਦਾ ਹੈ। (ਵੇਖੋ) ਹਾਥੀ ਨੂੰ ਪਾਣੀ ਵਿਚ ਮਲ ਮਲ ਕੇ ਨਵ੍ਹਾਈਦਾ ਹੈ, ਫਿਰ ਭੀ ਉਹ (ਆਪਣੇ) ਸਿਰ ਉਤੇ ਸੁਆਹ (ਹੀ) ਪਾ ਲੈਂਦਾ ਹੈ।

ਹੇ ਪ੍ਰਭੂ! ਮਿਹਰ ਕਰ ਕੇ (ਜੀਵਾਂ ਨੂੰ) ਗੁਰੂ ਮਿਲਾ। (ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸ ਦੇ) ਮਨ ਵਿਚ ਪਰਮਾਤਮਾ ਆ ਵੱਸਦਾ ਹੈ। ਹੇ ਦਾਸ ਨਾਨਕ! (ਆਖ– ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸੁਣ ਕੇ (ਉਸ ਨਾਲ) ਡੂੰਘੀ ਸਾਂਝ ਪਾਈ ਹੈ ਉਹਨਾਂ ਨੂੰ ਹਰ ਵੇਲੇ (ਲੋਕ ਪਰਲੋਕ ਵਿਚ) ਸੋਭਾ ਮਿਲਦੀ ਹੈ।2।

ਪਉੜੀ ॥ ਰਾਮ ਨਾਮੁ ਵਖਰੁ ਹੈ ਊਤਮੁ ਹਰਿ ਨਾਇਕੁ ਪੁਰਖੁ ਹਮਾਰਾ ॥ ਹਰਿ ਖੇਲੁ ਕੀਆ ਹਰਿ ਆਪੇ ਵਰਤੈ ਸਭੁ ਜਗਤੁ ਕੀਆ ਵਣਜਾਰਾ ॥ ਸਭ ਜੋਤਿ ਤੇਰੀ ਜੋਤੀ ਵਿਚਿ ਕਰਤੇ ਸਭੁ ਸਚੁ ਤੇਰਾ ਪਾਸਾਰਾ ॥ ਸਭਿ ਧਿਆਵਹਿ ਤੁਧੁ ਸਫਲ ਸੇ ਗਾਵਹਿ ਗੁਰਮਤੀ ਹਰਿ ਨਿਰੰਕਾਰਾ ॥ ਸਭਿ ਚਵਹੁ ਮੁਖਹੁ ਜਗੰਨਾਥੁ ਜਗੰਨਾਥੁ ਜਗਜੀਵਨੋ ਜਿਤੁ ਭਵਜਲ ਪਾਰਿ ਉਤਾਰਾ ॥੪॥ {ਪੰਨਾ 1314}

ਪਦ ਅਰਥ: ਵਖਰੁ = ਸੌਦਾ, ਖ਼ਰੀਦਣ ਦੀ ਸ਼ੈ। ਨਾਇਕੁ = ਸਰਦਾਰ। ਵਰਤੈ = ਮੌਜੂਦ ਹੈ। ਕਰਤੇ = ਹੇ ਕਰਤਾਰ! ਸਚੁ = ਹੋਂਦ ਵਾਲਾ। ਪਾਸਾਰਾ = ਜਗਤ-ਖਿਲਾਰਾ। ਸਭਿ = ਸਾਰੇ ਜੀਵ। ਸਫਲ = ਕਾਮਯਾਬ। ਚਵਹੁ = ਬੋਲਹੁ। ਮੁਖਹੁ = ਮੂੰਹ ਤੋਂ। ਜਗਜੀਵਨੋ = ਜਗਤ ਦਾ ਜੀਵਨ। ਜਿਤੁ = ਜਿਸ ਦੀ ਰਾਹੀਂ। ਭਵਜਲ = ਸੰਸਾਰ-ਸਮੁੰਦਰ।

ਅਰਥ: ਹੇ ਭਾਈ! (ਜਗਤ ਦਾ ਇਹ) ਖੇਲ ਪਰਮਾਤਮਾ ਨੇ ਆਪ ਬਣਾਇਆ ਹੈ, (ਤੇ ਇਸ ਵਿਚ) ਪਰਮਾਤਮਾ ਆਪ ਹੀ (ਹਰ ਥਾਂ) ਮੌਜੂਦ ਹੈ। (ਇਹ ਜਗਤ-ਖੇਲ ਵਿਚ) ਪਰਮਾਤਮਾ ਦਾ ਨਾਮ (ਖ਼ਰੀਦਣ ਲਈ ਸਭ ਤੋਂ) ਵਧੀਆ ਸੌਦਾ ਹੈ, ਸਾਰਾ ਜਗਤ (ਹਰੇਕ ਜੀਵ ਇਸ ਸੌਦੇ ਦਾ) ਵਣਜ ਕਰਨ ਵਾਲਾ ਹੈ। ਪਰਮਾਤਮਾ ਆਪ ਅਸਾਂ ਵਣਜਾਰਿਆਂ ਦਾ ਸਰਦਾਰ ਹੈ।

ਹੇ ਕਰਤਾਰ! ਇਹ ਸਾਰਾ ਤੇਰਾ (ਬਣਾਇਆ ਹੋਇਆ ਜਗਤ-) ਖਿਲਾਰਾ ਸਚਮੁਚ ਹੋਂਦ ਵਾਲਾ ਹੈ, ਇਸ ਵਿਚ ਹਰ ਥਾਂ ਤੇਰਾ ਹੀ ਨੂਰ ਹੈ, ਤੇ ਉਸ ਨੂਰ ਵਿਚ ਤੂੰ ਆਪ ਹੀ ਹੈਂ। ਹੇ ਨਿਰੰਕਾਰ! ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਜਿਹੜੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ (ਤੇਰੀ ਸਿਫ਼ਤਿ-ਸਾਲਾਹ ਦੇ ਗੀਤ) ਗਾਂਦੇ ਹਨ ਉਹ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰ ਲੈਂਦੇ ਹਨ।

ਹੇ ਭਾਈ! ਉਹ ਪਰਮਾਤਮਾ ਹੀ ਜਗਤ ਦਾ ਖਸਮ ਹੈ ਜਗਤ ਦਾ ਨਾਥ ਹੈ ਜਗਤ ਦੀ ਜ਼ਿੰਦਗੀ (ਦਾ ਸਹਾਰਾ) ਹੈ ਸਾਰੇ (ਆਪਣੇ) ਮੂੰਹੋਂ (ਉਸ ਦਾ ਨਾਮ) ਬੋਲੋ। ਉਸ (ਦਾ ਨਾਮ ਉਚਾਰਨ) ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।4।

ਸਲੋਕ ਮਃ ੪ ॥ ਹਮਰੀ ਜਿਹਬਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥ ਹਮ ਕਿਉ ਕਰਿ ਜਪਹ ਇਆਣਿਆ ਹਰਿ ਤੁਮ ਵਡ ਅਗਮ ਅਗਾਹ ॥ ਹਰਿ ਦੇਹੁ ਪ੍ਰਭੂ ਮਤਿ ਊਤਮਾ ਗੁਰ ਸਤਿਗੁਰ ਕੈ ਪਗਿ ਪਾਹ ॥ ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ ਤਰਾਹ ॥ ਜਨ ਨਾਨਕ ਕਉ ਹਰਿ ਬਖਸਿ ਲੈਹੁ ਹਰਿ ਤੁਠੈ ਮੇਲਿ ਮਿਲਾਹ ॥ ਹਰਿ ਕਿਰਪਾ ਕਰਿ ਸੁਣਿ ਬੇਨਤੀ ਹਮ ਪਾਪੀ ਕਿਰਮ ਤਰਾਹ ॥੧॥ {ਪੰਨਾ 1314}

ਪਦ ਅਰਥ: ਪ੍ਰਭ = ਹੇ ਪ੍ਰਭੂ! ਹਰਿ ਕੇ ਗੁਣ = ਹੇ ਹਰੀ! ਤੇਰੇ ਗੁਣ। ਅਥਾਹ = (ਐਸਾ ਸਮੁੰਦਰ) ਜਿਸ ਦੀ ਹਾਥ ਨ ਪੈ ਸਕੇ। ਅਗਮ = (ਇਤਨੇ ਬੇਅੰਤ ਕਿ ਉਹਨਾਂ ਦੇ ਅੰਤ ਤਕ) ਪਹੁੰਚਿਆ ਨਾ ਜਾ ਸਕੇ। ਕਿਉ ਕਰਿ = ਕਿਵੇਂ? ਜਪਹ = ਅਸੀਂ ਜਪੀਏ। ਇਆਣਿਆ = ਅੰਞਾਣੇ। ਅਗਾਹ = ਅਗਾਧ, (ਉਹ ਸਮੁੰਦਰ) ਜਿਸ ਦੀ ਡੂੰਘਾਈ ਨਾਹ ਲੱਭ ਸਕੇ। ਕੈ ਪਗਿ = ਦੇ ਕਦਮ ਤੇ। ਪਾਹ = ਅਸੀਂ ਪੈ ਜਾਈਏ। ਹਮ ਤਰਾਹ = ਅਸੀਂ ਤਰ ਸਕੀਏ। ਕਉ = ਨੂੰ। ਤੁਠੈ = ਜੇ ਤੂੰ ਪ੍ਰਸੰਨ ਹੋਵੇਂ। ਮੇਲਿ ਮਿਲਾਹ = (ਤੇਰੇ) ਮਿਲਾਪ ਵਿਚ ਅਸੀਂ ਮਿਲ ਸਕਦੇ ਹਾਂ। ਕਿਰਮ = ਕੀੜੇ।

ਅਰਥ: ਹੇ ਪ੍ਰਭੂ! ਹੇ ਹਰੀ! ਅਸਾਂ ਜੀਵਾਂ ਦੀ (ਸਿਰਫ਼) ਇੱਕ ਜੀਭ ਹੈ, ਪਰ ਤੇਰੇ ਗੁਣ ਬੇਅੰਤ ਹਨ (ਇਕ ਐਸਾ ਸਮੁੰਦਰ ਹਨ) ਜਿਸ ਦੀ ਹਾਥ ਨਹੀਂ ਪੈ ਸਕਦੀ। ਹੇ ਪ੍ਰਭੂ! ਤੂੰ ਬਹੁਤ ਅਪਹੁੰਚ ਹੈਂ ਤੇ ਡੂੰਘਾ ਹੈਂ ਅਸੀਂ ਅੰਞਾਣ ਜੀਵ ਤੈਨੂੰ ਕਿਵੇਂ ਜਪ ਸਕਦੇ ਹਾਂ? ਹੇ ਹਰੀ! ਸਾਨੂੰ ਕੋਈ ਸ੍ਰੇਸ਼ਟ ਅਕਲ ਬਖ਼ਸ਼ ਜਿਸ ਦਾ ਸਦਕਾ ਅਸੀਂ ਗੁਰੂ ਦੇ ਚਰਨਾਂ ਉਤੇ ਢਹਿ ਪਈਏ। ਹੇ ਪ੍ਰਭੂ! ਹੇ ਹਰੀ! ਸਾਨੂੰ ਸਾਧ ਸੰਗਤਿ ਮਿਲਾ ਕਿ (ਸਤ ਸੰਗੀਆਂ ਦੀ) ਸੰਗਤਿ ਵਿਚ ਅਸੀਂ ਪਾਪੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਏ। ਹੇ ਹਰੀ! (ਆਪਣੇ) ਦਾਸ ਨਾਨਕ ਉਤੇ ਮਿਹਰ ਕਰ, ਜੇ ਤੂੰ ਮਿਹਰ ਕਰੇਂ ਤਾਂ ਹੀ ਅਸੀਂ ਤੇਰੇ ਚਰਨਾਂ ਵਿਚ ਮਿਲ ਸਕਦੇ ਹਾਂ। ਹੇ ਹਰੀ! ਕਿਰਪਾ ਕਰ, (ਅਸਾਡੀ) ਬੇਨਤੀ ਸੁਣ, ਅਸੀਂ ਪਾਪੀ ਅਸੀਂ ਕੀੜੇ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਏ।1।

ਮਃ ੪ ॥ ਹਰਿ ਕਰਹੁ ਕ੍ਰਿਪਾ ਜਗਜੀਵਨਾ ਗੁਰੁ ਸਤਿਗੁਰੁ ਮੇਲਿ ਦਇਆਲੁ ॥ ਗੁਰ ਸੇਵਾ ਹਰਿ ਹਮ ਭਾਈਆ ਹਰਿ ਹੋਆ ਹਰਿ ਕਿਰਪਾਲੁ ॥ ਸਭ ਆਸਾ ਮਨਸਾ ਵਿਸਰੀ ਮਨਿ ਚੂਕਾ ਆਲ ਜੰਜਾਲੁ ॥ ਗੁਰਿ ਤੁਠੈ ਨਾਮੁ ਦ੍ਰਿੜਾਇਆ ਹਮ ਕੀਏ ਸਬਦਿ ਨਿਹਾਲੁ ॥ ਜਨ ਨਾਨਕਿ ਅਤੁਟੁ ਧਨੁ ਪਾਇਆ ਹਰਿ ਨਾਮਾ ਹਰਿ ਧਨੁ ਮਾਲੁ ॥੨॥ {ਪੰਨਾ 1314-1315}

ਪਦ ਅਰਥ: ਜਗਜੀਵਨਾ = ਹੇ ਜਗਤ ਦੇ ਜੀਵਨ! ਹੇ ਜਗਤ ਦੀ ਜ਼ਿੰਦਗੀ ਦੇ ਆਸਰੇ! ਦਇਆਲੁ = ਦਇਆ ਦਾ ਘਰ। ਹਰਿ = ਹੇ ਹਰੀ! ਭਾਈਆ = ਚੰਗੀ ਲੱਗੀ। ਕਿਰਪਾਲੁ = ਦਇਆਵਾਨ। ਮਨਸਾ = ਮਨ ਦਾ ਫੁਰਨਾ। ਮਨਿ = ਮਨ ਵਿਚ (ਟਿਕਿਆ ਹੋਇਆ) । ਆਲ = (ਆਲਯ) ਘਰ। ਆਲ ਜੰਜਾਲ = ਘਰ ਦਾ ਬੰਧਨ, ਘਰ ਦਾ ਮੋਹ। ਗੁਰਿ = ਗੁਰੂ ਨੇ। ਗੁਰਿ ਤੁਠੈ = ਪ੍ਰਸੰਨ ਹੋਏ ਗੁਰੂ ਨੇ। ਦ੍ਰਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ। ਹਮ = ਅਸਾਨੂੰ। ਸਬਦਿ = ਸ਼ਬਦ ਦੀ ਰਾਹੀਂ। ਨਾਨਕਿ = ਨਾਨਕ ਨੇ। ਅਤੁਟੁ = ਕਦੇ ਨਾਹ ਮੁੱਕਣ ਵਾਲਾ। ਪਾਇਆ = ਲੱਭ ਲਿਆ।

ਅਰਥ: ਹੇ ਜਗਤ ਦੇ ਜ਼ਿੰਦਗੀ ਦੇ ਆਸਰੇ ਹਰੀ! ਮਿਹਰ ਕਰ (ਸਾਨੂੰ) ਦਇਆ ਦਾ ਸੋਮਾ ਗੁਰੂ ਮਿਲਾ। ਹੇ ਭਾਈ! ਜਦੋਂ ਹਰੀ ਆਪ (ਸਾਡੇ ਉਤੇ) ਦਇਆਵਾਨ ਹੋਇਆ, ਤਦੋਂ ਗੁਰੂ ਦੀ (ਦੱਸੀ ਹੋਈ) ਸੇਵਾ ਸਾਨੂੰ ਚੰਗੀ ਲੱਗਣ ਲੱਗ ਪਈ, ਸਾਰੀ ਆਸਾ ਤੇ ਤ੍ਰਿਸ਼ਨਾ ਵਿੱਸਰ ਗਈ, ਮਨ ਵਿਚ (ਟਿਕਿਆ ਹੋਇਆ) ਘਰ ਦਾ ਮੋਹ (ਭੀ) ਮੁਕ ਗਿਆ। ਹੇ ਭਾਈ! ਪ੍ਰਸੰਨ ਹੋਏ ਗੁਰੂ ਨੇ ਪਰਮਾਤਮਾ ਦਾ ਨਾਮ (ਸਾਡੇ ਮਨ ਵਿਚ) ਪੱਕਾ ਕਰ ਦਿੱਤਾ, ਆਪਣੇ ਸ਼ਬਦ ਦੀ ਰਾਹੀਂ ਸਾਨੂੰ (ਉਸ ਨੇ) ਨਿਹਾਲ ਕਰ ਦਿੱਤਾ। (ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ ਨੇ ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲਿਆ ਹੈ ਜੋ ਕਦੇ ਮੁੱਕਣ ਵਾਲਾ ਨਹੀਂ।2।

TOP OF PAGE

Sri Guru Granth Darpan, by Professor Sahib Singh