ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1318

ਪਉੜੀ ॥ ਜਲਿ ਥਲਿ ਮਹੀਅਲਿ ਪੂਰਨੋ ਅਪਰੰਪਰੁ ਸੋਈ ॥ ਜੀਅ ਜੰਤ ਪ੍ਰਤਿਪਾਲਦਾ ਜੋ ਕਰੇ ਸੁ ਹੋਈ ॥ ਮਾਤ ਪਿਤਾ ਸੁਤ ਭ੍ਰਾਤ ਮੀਤ ਤਿਸੁ ਬਿਨੁ ਨਹੀ ਕੋਈ ॥ ਘਟਿ ਘਟਿ ਅੰਤਰਿ ਰਵਿ ਰਹਿਆ ਜਪਿਅਹੁ ਜਨ ਕੋਈ ॥ ਸਗਲ ਜਪਹੁ ਗੋਪਾਲ ਗੁਨ ਪਰਗਟੁ ਸਭ ਲੋਈ ॥੧੩॥ {ਪੰਨਾ 1318}

ਪਦ ਅਰਥ: ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਅਕਾਸ਼ ਵਿਚ। ਅਪਰੰਪਰੁ = ਪਰੇ ਤੋਂ ਪਰੇ, ਬੇਅੰਤ। ਸੁਤ = ਪੁੱਤਰ। ਭ੍ਰਾਤ = ਭਰਾ। ਘਟਿ ਘਟਿ = ਹਰੇਕ ਘਟ ਵਿਚ। ਰਵਿ ਰਹਿਆ = ਵਿਆਪਕ ਹੈ। ਜਨ = ਹੇ ਸੰਤ ਜਨੋ! ਸਗਲ = ਸਾਰੇ। ਲੋਈ = ਸ੍ਰਿਸ਼ਟੀ ਵਿਚ।

ਅਰਥ: (ਹੇ ਭਾਈ!) ਉਹ ਬੇਅੰਤ (ਪਰਮਾਤਮਾ) ਹੀ ਜਲ ਵਿਚ ਧਰਤੀ ਵਿਚ ਅਕਾਸ਼ ਵਿਚ (ਹਰ ਥਾਂ) ਵਿਆਪਕ ਹੈ, ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਜੋ ਕੁਝ ਉਹ ਕਰਦਾ ਹੈ ਉਹੀ ਹੁੰਦਾ ਹੈ। (ਹੇ ਭਾਈ! ਸਦਾ ਨਾਲ ਨਿਭਣ ਵਾਲਾ) ਮਾਂ ਪਿਉ ਪੁੱਤਰ ਭਰਾ ਮਿੱਤਰ ਉਸ (ਪਰਮਾਤਮਾ) ਤੋਂ ਬਿਨਾ ਹੋਰ ਕੋਈ ਨਹੀਂ ਹੈ। ਹੇ ਸੰਤ ਜਨੋਂ! ਕੋਈ ਧਿਰ ਭੀ ਜਪ ਕੇ ਵੇਖ ਲਵੋ (ਜਿਹੜਾ ਭੀ ਜਪਦਾ ਹੈ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਉਹ ਪਰਮਾਤਮਾ) ਹਰੇਕ ਸਰੀਰ ਵਿਚ (ਸਭ ਦੇ) ਅੰਦਰ ਵਿਆਪਕ ਹੈ। ਹੇ ਭਾਈ! ਸਾਰੇ ਉਸ ਗੋਪਾਲ ਪ੍ਰਭੂ ਦੇ ਗੁਣ ਚੇਤੇ ਕਰਦੇ ਰਹੋ, ਉਹ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਪਰਤੱਖ (ਵੱਸਦਾ ਦਿੱਸ ਰਿਹਾ) ਹੈ।13।

ਸਲੋਕ ਮਃ ੪ ॥ ਗੁਰਮੁਖਿ ਮਿਲੇ ਸਿ ਸਜਣਾ ਹਰਿ ਪ੍ਰਭ ਪਾਇਆ ਰੰਗੁ ॥ ਜਨ ਨਾਨਕ ਨਾਮੁ ਸਲਾਹਿ ਤੂ ਲੁਡਿ ਲੁਡਿ ਦਰਗਹਿ ਵੰਞੁ ॥੧॥

ਪਦ ਅਰਥ: ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਸਨਮੁਖ ਰਹਿ ਕੇ। ਸੇ = ਉਹ ਬੰਦੇ। ਸਜਣਾ = ਚੰਗੇ ਜੀਵਨ ਵਾਲੇ ਮਨੁੱਖ। ਪ੍ਰਭ ਰੰਗੁ = ਪਰਮਾਤਮਾ ਦਾ ਪਿਆਰ। ਸਾਲਾਹਿ = ਸਿਫ਼ਤਿ-ਸਾਲਾਹ ਕਰਿਆ ਕਰ। ਲੁਡਿ ਲੁਡਿ = ਲੁੱਡੀ ਪਾ ਪਾ ਕੇ, ਬੇ-ਫ਼ਿਕਰ ਹੋ ਕੇ। ਵੰਞੁ = ਜਾਹ।

ਅਰਥ: ਹੇ ਦਾਸ ਨਾਨਕ! (ਆਖ– ਹੇ ਭਾਈ!) ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦੀ ਯਾਦ ਵਿਚ) ਜੁੜੇ ਰਹਿੰਦੇ ਹਨ (ਤੇ ਇਸ ਤਰ੍ਹਾਂ ਜਿਨ੍ਹਾਂ ਨੇ) ਪਰਮਾਤਮਾ ਦਾ ਪ੍ਰੇਮ ਹਾਸਲ ਕਰ ਲਿਆ, ਉਹ ਚੰਗੇ ਜੀਵਨ ਵਾਲੇ ਬਣ ਜਾਂਦੇ ਹਨ। ਹੇ ਭਾਈ! ਤੂੰ ਭੀ ਪ੍ਰਭੂ ਦੀ ਸਿਫ਼ਤਿ-ਸਾਲਾਹ (ਸਦਾ) ਕਰਦਾ ਰਹੁ, ਪਰਮਾਤਮਾ ਦੀ ਹਜ਼ੂਰੀ ਵਿਚ ਬੇ-ਫ਼ਿਕਰ ਹੋ ਕੇ ਜਾਇਂਗਾ।1।

ਮਃ ੪ ॥ ਹਰਿ ਤੂਹੈ ਦਾਤਾ ਸਭਸ ਦਾ ਸਭਿ ਜੀਅ ਤੁਮ੍ਹ੍ਹਾਰੇ ॥ ਸਭਿ ਤੁਧੈ ਨੋ ਆਰਾਧਦੇ ਦਾਨੁ ਦੇਹਿ ਪਿਆਰੇ ॥ ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ ਸੈਸਾਰੇ ॥ ਅੰਨੁ ਜੰਮਿਆ ਖੇਤੀ ਭਾਉ ਕਰਿ ਹਰਿ ਨਾਮੁ ਸਮ੍ਹ੍ਹਾਰੇ ॥ ਜਨੁ ਨਾਨਕੁ ਮੰਗੈ ਦਾਨੁ ਪ੍ਰਭ ਹਰਿ ਨਾਮੁ ਅਧਾਰੇ ॥੨॥ {ਪੰਨਾ 1318}

ਪਦ ਅਰਥ: ਸਭਸ ਦਾ = ਸਭ ਜੀਵਾਂ ਦਾ। ਸਭਿ = ਸਾਰੇ। ਜੀਅ = (ਲਫ਼ਜ਼ 'ਜੀਉ' ਤੋਂ ਬਹੁ-ਵਚਨ) । ਦੇਹਿ = ਤੂੰ ਦੇਂਦਾ ਹੈਂ। ਪਿਆਰੇ = ਹੇ ਪਿਆਰੇ! ਦਾਤੈ = ਦਾਤੇ ਨੇ। ਦਾਤਾਰਿ = ਦਾਤਾਰ ਨੇ। ਵੁਠਾ = ਵੱਸਿਆ। ਸੈਸਾਰੇ = ਸੰਸਾਰ ਵਿਚ। ਜੰਮਿਆ = ਪੈਦਾ ਹੋਇਆ। ਖੇਤੀ ਭਾਉ = ਪ੍ਰੇਮ-ਰੂਪ ਵਾਹੀ। ਕਰਿ = ਕਰ ਕੇ, ਕਰਨ ਨਾਲ। ਸਮ੍ਹ੍ਹਾਰੇ = ਸੰਭਾਲੇ। ਅਧਾਰੇ = ਆਸਰਾ।

ਅਰਥ: ਹੇ ਪ੍ਰਭੂ! ਤੂੰ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ। ਸਾਰੇ ਜੀਵ (ਦੁਨੀਆ ਦੇ ਪਦਾਰਥਾਂ ਵਾਸਤੇ) ਤੈਨੂੰ ਹੀ ਯਾਦ ਕਰਦੇ ਹਨ, ਤੇ ਹੇ ਪਿਆਰੇ! ਤੂੰ (ਸਭ ਨੂੰ) ਦਾਨ ਦੇਂਦਾ ਹੈਂ। (ਹੇ ਭਾਈ!) ਹਰਿ ਦਾਤੇ ਨੇ ਹਰਿ ਦਾਤਾਰ ਨੇ (ਜਦੋਂ ਆਪਣੀ ਮਿਹਰ ਦਾ) ਹੱਥ ਕੱਢਿਆ ਤਦੋਂ ਜਗਤ ਵਿਚ (ਗੁਰੂ ਦੇ ਉਪਦੇਸ਼ ਦਾ) ਮੀਂਹ ਵੱਸਿਆ। (ਜਿਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ) ਪ੍ਰੇਮ (-ਰੂਪ) ਵਾਹੀ ਕਰਨ ਨਾਲ (ਉਸ ਦੇ ਅੰਦਰ ਪਰਮਾਤਮਾ ਦਾ ਨਾਮ-) ਫ਼ਸਲ ਉੱਗ ਪੈਂਦਾ ਹੈ, (ਉਹ ਹਰ ਵੇਲੇ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾਂਦਾ ਹੈ।

ਹੇ ਪ੍ਰਭੂ! (ਤੇਰਾ) ਦਾਸ ਨਾਨਕ (ਭੀ ਤੇਰੇ ਨਾਮ ਦਾ) ਖੈਰ (ਤੈਥੋਂ) ਮੰਗਦਾ ਹੈ, ਤੇਰਾ ਨਾਮ (ਦਾਸ ਨਾਨਕ ਦੀ ਜ਼ਿੰਦਗੀ ਦਾ) ਆਸਰਾ (ਬਣਿਆ ਰਹੇ) ।2।

ਪਉੜੀ ॥ ਇਛਾ ਮਨ ਕੀ ਪੂਰੀਐ ਜਪੀਐ ਸੁਖ ਸਾਗਰੁ ॥ ਹਰਿ ਕੇ ਚਰਨ ਅਰਾਧੀਅਹਿ ਗੁਰ ਸਬਦਿ ਰਤਨਾਗਰੁ ॥ ਮਿਲਿ ਸਾਧੂ ਸੰਗਿ ਉਧਾਰੁ ਹੋਇ ਫਾਟੈ ਜਮ ਕਾਗਰੁ ॥ ਜਨਮ ਪਦਾਰਥੁ ਜੀਤੀਐ ਜਪਿ ਹਰਿ ਬੈਰਾਗਰੁ ॥ ਸਭਿ ਪਵਹੁ ਸਰਨਿ ਸਤਿਗੁਰੂ ਕੀ ਬਿਨਸੈ ਦੁਖ ਦਾਗਰੁ ॥੧੪॥ {ਪੰਨਾ 1318}

ਪਦ ਅਰਥ: ਪੂਰੀਐ = ਪੂਰੀ ਹੋ ਜਾਂਦੀ ਹੈ। ਜਪੀਐ = ਜਪਣਾ ਚਾਹੀਦਾ ਹੈ। ਸੁਖ ਸਾਗਰੁ = ਸੁਖਾਂ ਦਾ ਸਮੁੰਦਰ ਪ੍ਰਭੂ। ਅਰਾਧੀਅਹਿ = ਆਰਾਧਾਣੇ ਚਾਹੀਦੇ ਹਨ। ਸਬਦਿ = ਸ਼ਬਦ ਦੀ ਰਾਹੀਂ। ਰਤਨਾਗਰੁ = ਰਤਨਾਂ ਦਾ ਖਾਣ। ਮਿਲਿ = ਮਿਲ ਕੇ। ਉਧਾਰੁ = ਪਾਰ-ਉਤਾਰਾ। ਫਾਟੈ = ਪਾਟ ਪਾਂਦਾ ਹੈ। ਕਾਗਰੁ = (ਲੇਖੇ ਦਾ) ਕਾਗਜ਼। ਜੀਤੀਐ = ਜਿੱਤ ਲਈਦਾ ਹੈ। ਜਪਿ = ਜਪ ਕੇ। ਬੈਰਾਗਰੁ = ਪਿਆਰ ਦਾ ਸੋਮਾ। ਸਭਿ = ਸਾਰੇ। ਬਿਨਸੈ = ਨਾਸ ਹੋ ਜਾਂਦਾ ਹੈ। ਦਾਗਰੁ = ਦਾਗ਼, ਨਿਸ਼ਾਨ।

ਅਰਥ: (ਹੇ ਭਾਈ!) ਸੁਖਾਂ ਦੇ ਸਮੁੰਦਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ ਰਤਨਾਂ ਦੀ ਖਾਣ ਪ੍ਰਭੂ ਦਾ ਆਰਾਧਨ ਕਰਨਾ ਚਾਹੀਦਾ ਹੈ, ਪ੍ਰਭੂ ਦੇ ਚਰਨਾਂ ਦਾ ਆਰਾਧਨ ਕਰਨਾ ਚਾਹੀਦਾ ਹੈ (ਸਿਮਰਨ-ਆਰਾਧਨ ਦੀ ਬਰਕਤਿ ਨਾਲ) ਮਨ ਦੀ (ਹਰੇਕ) ਇੱਛਾ ਪੂਰੀ ਹੋ ਜਾਂਦੀ ਹੈ (ਮਨ ਦੀਆਂ ਵਾਸਨਾਂ ਮੁੱਕ ਜਾਂਦੀਆਂ ਹਨ) । ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ (ਨਾਮ ਜਪਿਆਂ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਜਮਰਾਜ ਦਾ (ਲੇਖੇ ਵਾਲਾ) ਕਾਗਜ਼ ਪਾਟ ਜਾਂਦਾ ਹੈ। ਪਿਆਰ ਦੇ ਸੋਮੇ ਪਰਮਾਤਮਾ ਦਾ ਨਾਮ ਜਪ ਕੇ ਕੀਮਤੀ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈਦੀ ਹੈ।

ਹੇ ਭਾਈ! ਸਾਰੇ ਗੁਰੂ ਦੀ ਸਰਨ ਪਏ ਰਹੋ (ਗੁਰੂ ਦੀ ਸਰਨ ਪੈ ਕੇ ਨਾਮ ਜਪਿਆਂ ਮਨ ਵਿਚੋਂ) ਦੁੱਖਾਂ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ।14।

ਸਲੋਕ ਮਃ ੪ ॥ ਹਉ ਢੂੰਢੇਂਦੀ ਸਜਣਾ ਸਜਣੁ ਮੈਡੈ ਨਾਲਿ ॥ ਜਨ ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਹਿ ਦਿਖਾਲਿ ॥੧॥ ਮਃ ੪ ॥ ਨਾਨਕ ਪ੍ਰੀਤਿ ਲਾਈ ਤਿਨਿ ਸਚੈ ਤਿਸੁ ਬਿਨੁ ਰਹਣੁ ਨ ਜਾਈ ॥ ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥ {ਪੰਨਾ 1318}

ਪਦ ਅਰਥ: ਹਉ = ਹਉਂ, ਮੈਂ। ਅਲਖੁ = ਜਿਸ ਦਾ ਸਹੀ ਸਰੂਪ ਬਿਆਨ ਨ ਕੀਤਾ ਜਾ ਸਕੇ। ਨ ਲਖੀਐ = ਬਿਆਨ ਨਹੀਂ ਕੀਤਾ ਜਾ ਸਕਦਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ। ਦੇਹਿ ਦਿਖਾਲਿ = ਦਰਸ਼ਨ ਕਰਾ ਦੇਂਦੇ ਹਨ।1।

ਨੋਟ: ਫਰੀਦ ਜੀ ਦੇ ਸਲੋਕਾਂ ਵਿਚ ਨੰ: 121 ਤੇ ਇਹੀ ਸਲੋਕ ਮਿਲਦਾ ਹੈ, ਥੋੜ੍ਹਾ ਫ਼ਰਕ ਹੈ।

ਮ: 4। ਤਿਨਿ ਸਚੈ = ਉਸ ਸਦਾ ਕਾਇਮ ਰਹਿਣ ਵਾਲੇ ਨੇ ਆਪ (ਹੀ) । ਪਾਈਐ = ਲੱਭ ਲਈਦਾ ਹੈ। ਰਸਿ = ਰਸ ਵਿਚ। ਰਸਨ = ਜੀਭ। ਰਸਾਈ = ਰਸੀ ਰਹਿੰਦੀ ਹੈ।2।

ਅਰਥ: (ਹੇ ਸਹੇਲੀਏ!) ਮੈਂ ਸੱਜਣ (ਪ੍ਰਭੂ) ਨੂੰ (ਬਾਹਰ) ਢੂੰਢ ਰਹੀ ਸਾਂ (ਪਰ ਗੁਰੂ ਤੋਂ ਸਮਝ ਆਈ ਹੈ ਕਿ ਉਹ) ਸੱਜਣ (ਪ੍ਰਭੂ ਤਾਂ) ਮੇਰੇ ਨਾਲ ਹੀ ਹੈ (ਮੇਰੇ ਅੰਦਰ ਹੀ ਵੱਸਦਾ ਹੈ) । ਹੇ ਦਾਸ ਨਾਨਕ! (ਆਖ– ਹੇ ਸਹੇਲੀਏ!) ਉਹ ਪ੍ਰਭੂ ਅਲੱਖ ਹੈ ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਦੇ ਸਨਮੁਖ ਰਹਿਣ ਵਾਲੇ (ਸੰਤ ਜਨ ਉਸ ਦਾ) ਦਰਸਨ ਕਰਾ ਦੇਂਦੇ ਹਨ।1।

ਮ: 4। ਹੇ ਨਾਨਕ! (ਆਖ– ਹੇ ਭਾਈ! ਜਿਸ ਮਨੁੱਖ ਦੇ ਅੰਦਰ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ (ਆਪਣਾ) ਪਿਆਰ (ਆਪ ਹੀ) ਪੈਦਾ ਕੀਤਾ ਹੈ (ਉਹ ਮਨੁੱਖ) ਉਸ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦਾ। (ਜਿਸ ਗੁਰੂ ਦੀ) ਜੀਭ ਪਰਮਾਤਮਾ ਦੇ ਨਾਮ-ਰਸ ਵਿਚ ਸਦਾ ਰਸੀ ਰਹਿੰਦੀ ਹੈ (ਜਦੋਂ ਉਹ) ਗੁਰੂ ਮਿਲਦਾ ਹੈ ਤਦੋਂ ਉਹ ਪੂਰਨ ਪ੍ਰਭੂ ਭੀ ਮਿਲ ਪੈਂਦਾ ਹੈ।2।

ਪਉੜੀ ॥ ਕੋਈ ਗਾਵੈ ਕੋ ਸੁਣੈ ਕੋ ਉਚਰਿ ਸੁਨਾਵੈ ॥ ਜਨਮ ਜਨਮ ਕੀ ਮਲੁ ਉਤਰੈ ਮਨ ਚਿੰਦਿਆ ਪਾਵੈ ॥ ਆਵਣੁ ਜਾਣਾ ਮੇਟੀਐ ਹਰਿ ਕੇ ਗੁਣ ਗਾਵੈ ॥ ਆਪਿ ਤਰਹਿ ਸੰਗੀ ਤਰਾਹਿ ਸਭ ਕੁਟੰਬੁ ਤਰਾਵੈ ॥ ਜਨੁ ਨਾਨਕੁ ਤਿਸੁ ਬਲਿਹਾਰਣੈ ਜੋ ਮੇਰੇ ਹਰਿ ਪ੍ਰਭ ਭਾਵੈ ॥੧੫॥੧॥ ਸੁਧੁ ॥

ਪਦ ਅਰਥ: ਕੋਈ = ਜਿਹੜਾ ਕੋਈ ਮਨੁੱਖ। ਗਾਵੈ = ਗਾਂਦਾ ਹੈ। ਕੋ = ਜਿਹੜਾ ਕੋਈ ਮਨੁੱਖ। ਉਚਰਿ = ਉਚਾਰ ਕੇ, ਬੋਲ ਕੇ। ਮਨ ਚਿੰਦਿਆ = ਮਨ-ਇੱਛਤ (ਫਲ) । ਆਵਣੁ ਜਾਣਾ = ਜੰਮਣਾ ਮਰਨਾ। ਤਰਹਿ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ। ਸੰਗੀ = ਸਾਥੀਆਂ ਨੂੰ। ਤਰਾਹਿ = ਪਾਰ ਲੰਘਾਂਦੇ ਹਨ। ਕੁਟੰਬੁ = ਪਰਵਾਰ। ਤਰਾਵੈ = ਪਾਰ ਲੰਘਾ ਲੈਂਦਾ ਹੈ। ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ।

ਅਰਥ: ਹੇ ਭਾਈ! ਜਿਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ) ਗਾਂਦਾ ਹੈ ਜਾਂ ਸੁਣਦਾ ਹੈ ਜਾਂ ਬੋਲ ਕੇ (ਹੋਰਨਾਂ ਨੂੰ) ਸੁਣਾਂਦਾ ਹੈ, ਉਸ ਦੀ ਅਨੇਕਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ਉਹ ਮਨ-ਇੱਛਤ ਫਲ ਪਾ ਲੈਂਦਾ ਹੈ। ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਂਦਾ ਹੈ।

(ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ) ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਸਾਥੀਆਂ ਨੂੰ ਪਾਰ ਲੰਘਾ ਲੈਂਦੇ ਹਨ। (ਹੇ ਭਾਈ! ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ ਆਪਣੇ) ਸਾਰੇ ਪਰਵਾਰ ਨੂੰ ਪਾਰ ਲੰਘਾ ਲੈਂਦਾ ਹੈ।

ਹੇ ਭਾਈ! ਦਾਸ ਨਾਨਕ ਉਸ ਮਨੁੱਖ ਤੋਂ ਸਦਕੇ ਜਾਂਦਾ ਹੈ ਜਿਹੜਾ (ਸਿਫ਼ਤਿ-ਸਾਲਾਹ ਕਰਨ ਦੀ ਬਰਕਤਿ ਨਾਲ) ਪਿਆਰੇ ਪ੍ਰਭੂ ਨੂੰ ਪਿਆਰਾ ਲੱਗਦਾ ਹੈ।15।1। ਸੁਧੁ।

ਰਾਗੁ ਕਾਨੜਾ ਬਾਣੀ ਨਾਮਦੇਵ ਜੀਉ ਕੀ    ੴ ਸਤਿਗੁਰ ਪ੍ਰਸਾਦਿ ॥ ਐਸੋ ਰਾਮ ਰਾਇ ਅੰਤਰਜਾਮੀ ॥ ਜੈਸੇ ਦਰਪਨ ਮਾਹਿ ਬਦਨ ਪਰਵਾਨੀ ॥੧॥ ਰਹਾਉ ॥ ਬਸੈ ਘਟਾ ਘਟ ਲੀਪ ਨ ਛੀਪੈ ॥ ਬੰਧਨ ਮੁਕਤਾ ਜਾਤੁ ਨ ਦੀਸੈ ॥੧॥ ਪਾਨੀ ਮਾਹਿ ਦੇਖੁ ਮੁਖੁ ਜੈਸਾ ॥ ਨਾਮੇ ਕੋ ਸੁਆਮੀ ਬੀਠਲੁ ਐਸਾ ॥੨॥੧॥ {ਪੰਨਾ 1318}

ਪਦ ਅਰਥ: ਰਾਮ ਰਾਇ = ਪਰਕਾਸ਼-ਰੂਪ ਪਰਮਾਤਮਾ, ਸੁੱਧ ਸਰੂਪ ਹਰੀ। ਅੰਤਰਜਾਮੀ = (ANqr+Xw। ਯਾ = ਜਾਣਾ, ਪਹੁੰਚਣਾ। ਅੰਤਰ = ਅੰਦਰ) ਹਰੇਕ ਜੀਵ ਦੇ ਧੁਰ ਅੰਦਰ ਅਪੜਨ ਵਾਲਾ, ਹਰੇਕ ਦੇ ਅੰਦਰ ਬੈਠਾ ਹੋਇਆ। ਦਰਪਨ = ਸ਼ੀਸ਼ਾ। ਬਦਨ = ਮੂੰਹ। ਪਰਵਾਨੀ = ਪ੍ਰਤੱਖ।1। ਰਹਾਉ।

ਘਟਾ ਘਟ = ਹਰੇਕ ਘਟ ਵਿਚ। ਲੀਪ = ਮਾਇਆ ਦਾ ਲੇਪ, ਮਾਇਆ ਦਾ ਅਸਰ। ਛੀਪੇ = (Skt. ˜yp painting, besmearing) ਲੇਪ, ਦਾਗ਼। ਜਾਤੁ = (ਨੋਟ: ਇਸ ਲਫ਼ਜ਼ ਦਾ ਜੋੜ ਗਹੁ ਨਾਲ ਤੱਕੋ, ਅਖ਼ੀਰ ਤੇ (ੁ) ਹੈ। ਜਿਸ ਲਫ਼ਜ਼ 'ਜਾਤਿ' ਦਾ ਅਰਥ ਹੈ 'ਕੁਲ', ਉਸ ਦੇ ਅਖ਼ੀਰ ਵਿਚ (ਿ) ਹੈ। ਸੋ, ਲਫ਼ਜ਼ 'ਜਾਤੁ' ਤੇ 'ਜਾਤਿ' ਇੱਕੋ ਚੀਜ਼ ਨਹੀਂ।) (Skt. jwqu = at all, ever, at any time, possibly. n jwqu = not at all, never, not at any time) ਕਦੇ ਭੀ, ਕਿਸੇ ਵਕਤ। ਨ ਜਾਤੁ = ਕਦੇ ਭੀ ਨਹੀਂ।1।

ਬੀਠਲੁ = ਜੋ ਮਾਇਆ ਦੇ ਪ੍ਰਭਾਵ ਤੋਂ ਦੂਰ ਪਰੇ ਹੈ (ਵੇਖੋ ਮਲਾਰ ਨਾਮਦੇਵ ਜੀ ਸ਼ਬਦ ਨੰ: 1) ।

ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ, ਪਰ ਨਿਰਲੇਪ ਭੀ ਹੈ।

ਅਰਥ: ਸੁੱਧ-ਸਰੂਪ ਪਰਮਾਤਮਾ ਐਸਾ ਹੈ ਕਿ ਉਹ ਹਰੇਕ ਜੀਵ ਦੇ ਅੰਦਰ ਬੈਠਾ ਹੋਇਆ ਹੈ (ਪਰ ਹਰੇਕ ਦੇ ਅੰਦਰ ਵੱਸਦਾ ਭੀ ਇਉਂ) ਪ੍ਰਤੱਖ (ਨਿਰਲੇਪ ਰਹਿੰਦਾ ਹੈ) ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਮੂੰਹ।1। ਰਹਾਉ।

ਉਹ ਸੁੱਧ-ਸਰੂਪ ਹਰੇਕ ਘਟ ਵਿਚ ਵੱਸਦਾ ਹੈ, ਪਰ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਸ ਨੂੰ ਮਾਇਆ ਦਾ ਦਾਗ਼ ਨਹੀਂ ਲੱਗਦਾ, ਉਹ (ਸਦਾ ਮਾਇਆ ਦੇ) ਬੰਧਨਾਂ ਤੋਂ ਨਿਰਾਲਾ ਹੈ, ਕਦੇ ਭੀ ਉਹ (ਬੰਧਨਾਂ ਵਿਚ ਫਸਿਆ) ਨਹੀਂ ਦਿੱਸਦਾ।1।

ਤੁਸੀ ਜਿਵੇਂ ਪਾਣੀ ਵਿਚ (ਆਪਣਾ) ਮੂੰਹ ਵੇਖਦੇ ਹੋ, (ਮੂੰਹ ਪਾਣੀ ਵਿਚ ਟਿਕਿਆ ਦਿੱਸਦਾ ਹੈ, ਪਰ ਉਸ ਉੱਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ) , ਇਸੇ ਤਰ੍ਹਾਂ ਹੈ ਨਾਮੇ ਦਾ ਮਾਲਕ (ਜਿਸ ਨੂੰ ਨਾਮਾ) ਬੀਠਲ (ਆਖਦਾ) ਹੈ।2।1।

ਨੋਟ: ਇਸ ਸ਼ਬਦ ਵਿਚ ਨਾਮਦੇਵ ਜੀ ਪਰਮਾਤਮਾ ਦੇ ਸਿਰਫ਼ ਇਸ ਗੁਣ ਉੱਤੇ ਜ਼ੋਰ ਦੇ ਰਹੇ ਹਨ ਕਿ ਉਹ ਹਰੇਕ ਜੀਵ ਦੇ ਅੰਦਰ ਵੱਸਦਾ ਹੋਇਆ ਭੀ ਮਾਇਆ ਦੇ ਬੰਧਨਾਂ ਵਿਚ ਕਦੇ ਨਹੀਂ ਫਸਿਆ। ਅਖ਼ੀਰ ਤੇ ਆਖਦੇ ਹਨ ਕਿ ਮੈਂ ਤਾਂ ਅਜਿਹੇ 'ਰਾਮ' ਨੂੰ ਹੀ 'ਬੀਠਲੁ' ਆਖਦਾ ਹਾਂ।

ਦੱਖਣ ਵਿਚ ਲੋਕ ਕਿਸੇ ਮੰਦਰ ਵਿਚ ਟਿਕਾਏ ਬੀਠੁਲ ਨੂੰ ਪੂਜਦੇ ਹੋਣਗੇ, ਜਿਸ ਨੂੰ ਉਹ ਇੱਟ ਤੇ ਬੈਠਾ ਵਿਸ਼ਨੂੰ ਜਾਂ ਕ੍ਰਿਸ਼ਨ ਸਮਝਦੇ ਹਨ। ਪਰ ਹਰੇਕ ਕਵੀ ਨੂੰ ਅਧਿਕਾਰ ਹੈ ਕਿ ਉਹ ਨਵੇਂ ਅਰਥ ਵਿਚ ਭੀ ਲਫ਼ਜ਼ ਵਰਤ ਲਏ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਲਫ਼ਜ਼ 'ਭਗੌਤੀ' ਨੂੰ ਅਕਾਲ ਪੁਰਖ ਦੇ ਅਰਥ ਵਿਚ ਵਰਤਿਆ ਹੈ। ਨਾਮਦੇਵ ਜੀ ਇਸ ਸ਼ਬਦ ਵਿਚ ਲਫ਼ਜ਼ 'ਬੀਠਲ' ਦਾ ਅਰਥ "ਇੱਟ ਤੇ ਬੈਠਾ ਕ੍ਰਿਸ਼ਨ" ਨਹੀਂ ਕਰਦੇ, ਉਹਨਾਂ ਦਾ ਭਾਵ ਹੈ "ਉਹ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਦੂਰ ਪਰੇ ਹੈ"। ਦੂਜੀ ਸਵਾਦਲੀ ਗੱਲ ਇਹ ਹੈ ਕਿ ਲਫ਼ਜ਼ 'ਰਾਮ' ਤੇ 'ਬੀਠਲ' ਨੂੰ ਇਕੋ ਭਾਵ ਵਿਚ ਵਰਤਦੇ ਹਨ; ਜੇ ਕ੍ਰਿਸ਼ਨ ਜੀ ਦੀ ਕਿਸੇ ਬੀਠੁਲ-ਮੂਰਤੀ ਦੇ ਪੂਜਾਰੀ ਹੁੰਦੇ ਤਾਂ ਉਸ ਨੂੰ 'ਰਾਮ' ਨਾ ਆਖਦੇ। ਜਿਸ ਨੂੰ 'ਰਹਾਉ' ਦੀ ਤੁਕ ਵਿਚ "ਰਾਮ ਰਾਇ" ਆਖਿਆ ਹੈ, ਉਸੇ ਨੂੰ ਅਖ਼ੀਰਲੇ ਬੰਦ ਵਿਚ 'ਬੀਠਲੁ' ਆਖਦੇ ਹਨ। ਅਜੇ ਭੀ ਵਕਤ ਹੈ ਕਿ ਅਸੀਂ ਸੁਆਰਥੀ ਲੋਕਾਂ ਦੀਆਂ ਚਾਲਾਂ ਸਮਝੀਏ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਵਿਡ ਟਪਲੇ ਨਾ ਖਾਈਏ।

TOP OF PAGE

Sri Guru Granth Darpan, by Professor Sahib Singh