ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1319

ਰਾਗੁ ਕਲਿਆਨ ਮਹਲਾ ੪

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਮਾ ਰਮ ਰਾਮੈ ਅੰਤੁ ਨ ਪਾਇਆ ॥ ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ ॥੧॥ ਰਹਾਉ ॥ ਹਰਿ ਕੇ ਨਾਮ ਅਸੰਖ ਅਗਮ ਹਹਿ ਅਗਮ ਅਗਮ ਹਰਿ ਰਾਇਆ ॥ ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ ॥੧॥ ਗੋਬਿਦ ਗੁਣ ਗੋਬਿਦ ਸਦ ਗਾਵਹਿ ਗੁਣ ਗੋਬਿਦ ਅੰਤੁ ਨ ਪਾਇਆ ॥ ਤੂ ਅਮਿਤਿ ਅਤੋਲੁ ਅਪਰੰਪਰ ਸੁਆਮੀ ਬਹੁ ਜਪੀਐ ਥਾਹ ਨ ਪਾਇਆ ॥੨॥ ਉਸਤਤਿ ਕਰਹਿ ਤੁਮਰੀ ਜਨ ਮਾਧੌ ਗੁਨ ਗਾਵਹਿ ਹਰਿ ਰਾਇਆ ॥ ਤੁਮ੍ਹ੍ਹ ਜਲ ਨਿਧਿ ਹਮ ਮੀਨੇ ਤੁਮਰੇ ਤੇਰਾ ਅੰਤੁ ਨ ਕਤਹੂ ਪਾਇਆ ॥੩॥ ਜਨ ਕਉ ਕ੍ਰਿਪਾ ਕਰਹੁ ਮਧਸੂਦਨ ਹਰਿ ਦੇਵਹੁ ਨਾਮੁ ਜਪਾਇਆ ॥ ਮੈ ਮੂਰਖ ਅੰਧੁਲੇ ਨਾਮੁ ਟੇਕ ਹੈ ਜਨ ਨਾਨਕ ਗੁਰਮੁਖਿ ਪਾਇਆ ॥੪॥੧॥ {ਪੰਨਾ 1319}

ਪਦ ਅਰਥ: ਰਮ = ਸਰਬ-ਵਿਆਪਕ। ਰਾਮੈ ਅੰਤੁ = ਪਰਮਾਤਮਾ (ਦੀ ਹਸਤੀ) ਦਾ ਅੰਤ। ਹਮ = ਅਸੀਂ ਜੀਵ। ਪ੍ਰਤਿਪਾਰੇ = ਪਾਲੇ ਹੋਏ। ਬਡ = ਵੱਡਾ। ਮਾਇਆ = ਮਾਂ।1। ਰਹਾਉ।

ਅਸੰਖ = (ਸੰਖਿਆ = ਗਿਣਤੀ) ਅਣਗਿਣਤ। ਅਗਮ = ਅਪਹੁੰਚ। ਹਹਿ = ਹਨ (ਬਹੁ-ਵਚਨ) । ਰਾਇਆ = ਰਾਜਾ, ਪਾਤਿਸ਼ਾਹ। ਸੁਰਤਿ = ਸੋਚ, ਵਿਚਾਰ। ਬਹੁ = ਬਹੁਤ। ਪਾਯਾ = ਪਾਈ, ਪਾ ਕੇ।1।

ਸਦ = ਸਦਾ। ਗਾਵਹਿ = ਗਾਂਦੇ ਹਨ (ਬਹੁ-ਵਚਨ) । ਗੁਣ ਗੋਬਿਦ ਅੰਤੁ = ਗੋਬਿੰਦ ਦੇ ਗੁਣਾਂ ਦਾ ਅੰਤ। ਅਮਿਤਿ = (ਮਿਤਿ = ਮਰਯਾਦਾ, ਹੱਦ-ਬੰਦੀ) ਜਿਸ ਦੀ ਹਸਤੀ ਦਾ ਅੰਦਾਜ਼ਾ ਨਾਹ ਲਾਇਆ ਜਾ ਸਕੇ। ਅਪਰੰਪਰ = ਪਰੇ ਤੋਂ ਪਰੇ। ਬਹੁ ਜਪੀਐ = (ਤੇਰਾ ਨਾਮ) ਬਹੁਤ ਜਪਿਆ ਜਾਂਦਾ ਹੈ। ਥਾਹ = ਡੂੰਘਾਈ।2।

ਉਸਤਤਿ = ਵਡਿਆਈ, ਸਿਫ਼ਤਿ-ਸਾਲਾਹ। ਕਰਹਿ = ਕਰਦੇ ਹਨ (ਬਹੁ-ਵਚਨ) । ਮਾਧੌ = (ਮਾਧਵ। ਮਾਇਆ ਦਾ ਧਵ। ਧਵ = ਪਤੀ) ਹੇ ਮਾਇਆ ਦੇ ਪਤੀ ਪ੍ਰਭੂ! ਹਰਿ ਰਾਇਆ = ਹੇ ਪ੍ਰਭੂ ਪਾਤਿਸ਼ਾਹ! ਜਲ ਨਿਧਿ = ਪਾਣੀ ਦਾ ਖ਼ਜ਼ਾਨਾ, ਸਮੁੰਦਰ। ਮੀਨੇ = ਮੱਛੀਆਂ। ਕਤਹੂ = ਕਿਤੇ ਭੀ।3।

ਕਉ = ਨੂੰ, ਉੱਤੇ। ਮਧ ਸੂਦਨ = ('ਮਧੁ' ਰਾਖਸ਼ ਨੂੰ ਮਾਰਨ ਵਾਲਾ) ਹੇ ਪਰਮਾਤਮਾ! ਜਪਾਇਆ = ਜਪਣ ਲਈ। ਅੰਧੁਲੇ = ਅੰਨ੍ਹੇ ਵਾਸਤੇ। ਟੇਕ = ਸਹਾਰਾ। ਗੁਰਮੁਖਿ = ਗੁਰੂ ਦੇ ਸਨਮੁਖ ਹੋਇਆਂ।4।

ਅਰਥ: ਹੇ ਭਾਈ! ਸਰਬ-ਵਿਆਪਕ ਪਰਮਾਤਮਾ (ਦੇ ਗੁਣਾਂ) ਦਾ ਅੰਤ (ਕਿਸੇ ਜੀਵ ਪਾਸੋ) ਨਹੀਂ ਪਾਇਆ ਜਾ ਸਕਦਾ। ਹੇ ਪ੍ਰਭੂ! ਅਸੀਂ ਜੀਵ ਤੇਰੇ ਬੱਚੇ ਹਾਂ, ਤੇਰੇ ਪਾਲੇ ਹੋਏ ਹਾਂ, ਤੂੰ ਸਭ ਤੋਂ ਵੱਡਾ ਪੁਰਖ ਹੈਂ, ਤੂੰ ਸਾਡਾ ਪਿਤਾ ਹੈਂ, ਤੂੰ ਹੀ ਸਾਡੀ ਮਾਂ ਹੈਂ।1। ਰਹਾਉ।

ਹੇ ਭਾਈ! ਪ੍ਰਭੂ-ਪਾਤਿਸ਼ਾਹ ਦੇ ਨਾਮ ਅਣਗਿਣਤ ਹਨ (ਪ੍ਰਭੂ ਦੇ ਨਾਮਾਂ ਦੀ ਗਿਣਤੀ ਤਕ) ਪਹੁੰਚ ਨਹੀਂ ਹੋ ਸਕਦੀ, ਕਦੇ ਭੀ ਪਹੁੰਚ ਨਹੀਂ ਹੋ ਸਕਦੀ। ਹੇ ਭਾਈ! ਅਨੇਕਾਂ ਗੁਣਵਾਨ ਮਨੁੱਖ ਅਨੇਕਾਂ ਵਿਚਾਰਵਾਨ ਮਨੁੱਖ ਬਹੁਤ ਸੋਚ-ਵਿਚਾਰ ਕਰਦੇ ਆਏ ਹਨ, ਪਰ ਕੋਈ ਭੀ ਮਨੁੱਖ ਪਰਮਾਤਮਾ ਦੀ ਵਡਿਆਈ ਦਾ ਰਤਾ ਭਰ ਭੀ ਮੁੱਲ ਨਹੀਂ ਪਾ ਸਕਿਆ।1।

ਹੇ ਭਾਈ! (ਅਨੇਕਾਂ ਹੀ ਜੀਵ) ਪਰਮਾਤਮਾ ਦੇ ਗੁਣ ਸਦਾ ਗਾਂਦੇ ਹਨ, ਪਰ ਪਰਮਾਤਮਾ ਦੇ ਗੁਣਾਂ ਦਾ ਅੰਤ ਕਿਸੇ ਨੇ ਭੀ ਨਹੀਂ ਲੱਭਾ। ਹੇ ਪ੍ਰਭੂ! ਤੇਰੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ, ਤੇਰੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ। ਹੇ ਮਾਲਕ-ਪ੍ਰਭੂ! ਤੂੰ ਪਰੇ ਤੋਂ ਪਰੇ ਹੈਂ। ਤੇਰਾ ਨਾਮ ਬਹੁਤ ਜਪਿਆ ਜਾ ਰਿਹਾ ਹੈ, (ਪਰ ਤੂੰ ਇਕ ਐਸਾ ਸਮੁੰਦਰ ਹੈਂ ਕਿ ਉਸ ਦੀ) ਡੂੰਘਾਈ ਨਹੀਂ ਲੱਭੀ ਜਾ ਸਕਦੀ।2।

ਹੇ ਮਾਇਆ ਦੇ ਪਤੀ ਪ੍ਰਭੂ! ਹੇ ਪ੍ਰਭੂ-ਪਾਤਿਸ਼ਾਹ! ਤੇਰੇ ਸੇਵਕ ਤੇਰੀ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ, ਤੇਰੇ ਗੁਣ ਗਾਂਦੇ ਰਹਿੰਦੇ ਹਨ। ਹੇ ਪ੍ਰਭੂ! ਤੂੰ (ਮਾਨੋ, ਇਕ) ਸਮੁੰਦਰ ਹੈਂ, ਅਸੀਂ ਜੀਵ ਤੇਰੀਆਂ ਮੱਛੀਆਂ ਹਾਂ (ਮੱਛੀ ਨਦੀ ਵਿਚ ਤਾਰੀਆਂ ਤਾਂ ਲਾਂਦੀ ਹੈ, ਪਰ ਨਦੀ ਦੀ ਹਸਤੀ ਦਾ ਅੰਦਾਜ਼ਾ ਨਹੀਂ ਲਾ ਸਕਦੀ) । ਹੇ ਪ੍ਰਭੂ! ਕਿਤੇ ਭੀ ਕੋਈ ਜੀਵ ਤੇਰੀ ਹਸਤੀ ਦਾ ਅੰਤ ਨਹੀਂ ਪਾ ਸਕਿਆ।3।

ਹੇ ਦੈਂਤ-ਦਮਨ ਪ੍ਰਭੂ! (ਆਪਣੇ) ਸੇਵਕ (ਨਾਨਕ) ਉੱਤੇ ਮਿਹਰ ਕਰ। ਹੇ ਹਰੀ! (ਮੈਨੂੰ ਆਪਣਾ) ਨਾਮ ਦੇਹ (ਮੈਂ ਨਿਤ) ਜਪਦਾ ਰਹਾਂ। ਮੈਂ ਮੂਰਖ ਵਾਸਤੇ ਮੈਂ ਅੰਨ੍ਹੇ ਵਾਸਤੇ (ਤੇਰਾ) ਨਾਮ ਸਹਾਰਾ ਹੈ। ਹੇ ਦਾਸ ਨਾਨਕ! (ਆਖ-) ਗੁਰੂ ਦੀ ਸਰਨ ਪਿਆਂ ਹੀ (ਪਰਮਾਤਮਾ ਦਾ ਨਾਮ) ਪ੍ਰਾਪਤ ਹੁੰਦਾ ਹੈ।4।1।

ਕਲਿਆਨੁ ਮਹਲਾ ੪ ॥ ਹਰਿ ਜਨੁ ਗੁਨ ਗਾਵਤ ਹਸਿਆ ॥ ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ ਮਸਤਕਿ ਪ੍ਰਭਿ ਲਿਖਿਆ ॥੧॥ ਰਹਾਉ ॥ ਗੁਰ ਕੇ ਪਗ ਸਿਮਰਉ ਦਿਨੁ ਰਾਤੀ ਮਨਿ ਹਰਿ ਹਰਿ ਹਰਿ ਬਸਿਆ ॥ ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ ॥੧॥ ਹਰਿ ਜਨ ਹਰਿ ਹਰਿ ਹਰਿ ਲਿਵ ਲਾਈ ਸਭਿ ਸਾਕਤ ਖੋਜਿ ਪਇਆ ॥ ਜਿਉ ਕਿਰਤ ਸੰਜੋਗਿ ਚਲਿਓ ਨਰ ਨਿੰਦਕੁ ਪਗੁ ਨਾਗਨਿ ਛੁਹਿ ਜਲਿਆ ॥੨॥ ਜਨ ਕੇ ਤੁਮ੍ਹ੍ਹ ਹਰਿ ਰਾਖੇ ਸੁਆਮੀ ਤੁਮ੍ਹ੍ਹ ਜੁਗਿ ਜੁਗਿ ਜਨ ਰਖਿਆ ॥ ਕਹਾ ਭਇਆ ਦੈਤਿ ਕਰੀ ਬਖੀਲੀ ਸਭ ਕਰਿ ਕਰਿ ਝਰਿ ਪਰਿਆ ॥੩॥ ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ ॥ ਹਰਿ ਜਨ ਹਰਿ ਹਰਿ ਹਰਿ ਪ੍ਰਭਿ ਰਾਖੇ ਜਨ ਨਾਨਕ ਸਰਨਿ ਪਇਆ ॥੪॥੨॥ {ਪੰਨਾ 1319}

ਪਦ ਅਰਥ: ਹਰਿ ਜਨੁ = ਪਰਮਾਤਮਾ ਦਾ ਭਗਤ (ਇਕ-ਵਚਨ) । ਹਸਿਆ = ਖਿੜਿਆ ਰਹਿੰਦਾ ਹੈ, ਪ੍ਰਸੰਨ-ਚਿੱਤ ਰਹਿੰਦਾ ਹੈ। ਬਨੀ = ਫਬਦੀ ਹੈ, ਪਿਆਰੀ ਲੱਗਦੀ ਹੈ। ਧੁਰਿ = ਧੁਰ ਤੋਂ, ਧੁਰ ਦਰਗਾਹ ਤੋਂ, ਪਹਿਲਾਂ ਤੋਂ ਹੀ। ਮਸਤਕਿ = ਮੱਥੇ ਉੱਤੇ। ਪ੍ਰਭਿ = ਪ੍ਰਭੂ ਨੇ।1। ਰਹਾਉ।

ਪਗ = ਪੈਰ, ਚਰਨ (ਬਹੁ-ਵਚਨ) । ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਮਨਿ = ਮਨ ਵਿਚ। ਕੀਰਤਿ = ਸਿਫ਼ਤਿ-ਸਾਲਾਹ। ਜਗਿ = ਜਗਤ ਵਿਚ। ਸਾਰੀ = ਸ੍ਰੇਸ਼ਟ। ਘਸਿ = ਘਸ ਕੇ, ਰਗੜ ਖਾ ਕੇ (ਸੁਗੰਧੀ ਦੇਂਦਾ ਹੈ) । ਜਸੁ = ਸਿਫ਼ਤਿ-ਸਾਲਾਹ। ਘਸਿਆ = (ਮਨੁੱਖ ਦੇ ਹਿਰਦੇ ਵਿਚ) ਰਗੜ ਖਾਂਦਾ ਹੈ (ਤੇ, ਨਾਮ ਦੀ ਸੁਗੰਧੀ ਖਿਲਾਰਦਾ ਹੈ) ।1।

ਹਰਿ ਜਨ = ਪਰਮਾਤਮਾ ਦੇ ਭਗਤ (ਬਹੁ-ਵਚਨ) । ਲਿਵ ਲਾਈ = ਸੁਰਤਿ ਜੋੜੀ। ਸਭਿ = ਸਾਰੇ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਖੋਜਿ ਪਇਆ = ਖਹਿੜੇ ਪੈ ਜਾਂਦੇ ਹਨ, ਨਿੰਦਾ-ਈਰਖਾ ਕਰਦੇ ਹਨ। ਕਿਰਤ = ਕੀਤੇ ਹੋਏ ਕੰਮ। ਕਿਰਤ ਸੰਜੋਗਿ = ਪਿਛਲੇ ਕੀਤੇ ਕਰਮਾਂ ਦੇ ਸੰਜੋਗ ਨਾਲ, ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ। ਚਲਿਓ = ਜੀਵਨ-ਤੋਰ ਤੁਰਦਾ ਹੈ। ਪਗੁ = ਪੈਰ। ਨਾਗਨਿ = ਸਪਣੀ, (ਮਾਇਆ) ਸਪਣੀ। ਜਲਿਆ = ਸੜ ਗਿਆ।2।

ਸੁਆਮੀ = ਹੇ ਸੁਆਮੀ! ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਕਹਾ ਭਇਆ = ਕੀਹ ਹੋਇਆ? ਕੁਝ ਨਾਹ ਵਿਗਾੜ ਸਕਿਆ। ਦੈਤਿ = ਦੈਂਤ ਨੇ। ਬਖੀਲੀ = ਈਰਖਾ। ਝਰਿ ਪਰਿਆ = ਝੜ ਪਿਆ, ਡਿੱਗ ਪਿਆ, ਆਤਮਕ ਮੌਤੇ ਮਰ ਗਿਆ।3।

ਜੇਤੇ = ਜਿਤਨੇ ਭੀ। ਪ੍ਰਭਿ = ਪ੍ਰਭੂ ਨੇ। ਸਭਿ = ਸਾਰੇ। ਕਾਲੈ ਮੁਖਿ = ਕਾਲ ਦੇ ਮੂੰਹ ਵਿਚ। ਗ੍ਰਸਿਆ = ਫੜਿਆ ਗਿਆ, ਫਸੇ ਹੋਏ ਹਨ। ਰਾਖੇ = ਰੱਖਿਆ ਕੀਤੀ।4।

ਅਰਥ: ਹੇ ਭਾਈ! ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਂਦਿਆਂ ਪ੍ਰਸੰਨ-ਚਿੱਤ ਰਹਿੰਦਾ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੀ ਭਗਤੀ ਉਸ ਨੂੰ ਪਿਆਰੀ ਲੱਗਦੀ ਹੈ। ਪ੍ਰਭੂ ਨੇ (ਹੀ) ਧੁਰ ਦਰਗਾਹ ਤੋਂ ਉਸ ਦੇ ਮੱਥੇ ਉੱਤੇ ਇਹ ਲੇਖ ਲਿਖਿਆ ਹੁੰਦਾ ਹੈ।1। ਰਹਾਉ।

ਹੇ ਭਾਈ! ਮੈਂ ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹਾਂ, (ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਮੇਰੇ ਮਨ ਵਿਚ ਆ ਵੱਸਿਆ ਹੈ। ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਜਗਤ ਵਿਚ (ਸਭ ਤੋਂ) ਸ੍ਰੇਸ਼ਟ (ਪਦਾਰਥ) ਹੈ, (ਜਿਵੇਂ) ਚੰਦਨ ਰਗੜ ਖਾ ਕੇ (ਸੁਗੰਧੀ ਦੇਂਦਾ ਹੈ, ਤਿਵੇਂ ਪਰਮਾਤਮਾ ਦਾ) ਜਸ (ਮਨੁੱਖ ਦੇ ਹਿਰਦੇ ਨਾਲ) ਰਗੜ ਖਾਂਦਾ ਹੈ (ਤੇ, ਨਾਮ ਦੀ ਸੁਗੰਧੀ ਖਿਲਾਰਦਾ ਹੈ) ।1।

ਹੇ ਭਾਈ! ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦੇ ਹਨ, ਪਰ ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਉਹਨਾਂ ਨਾਲ ਈਰਖਾ ਕਰਦੇ ਹਨ। (ਪਰ ਸਾਕਤ ਮਨੁੱਖ ਦੇ ਭੀ ਕੀਹ ਵੱਸ?) ਜਿਵੇਂ ਜਿਵੇਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ ਨਿੰਦਕ ਮਨੁੱਖ (ਨਿੰਦਾ ਵਾਲੀ) ਜੀਵਨ ਤੋਰ ਤੁਰਦਾ ਹੈ (ਤਿਉਂ ਤਿਉਂ ਉਸ ਦਾ ਆਤਮਕ ਜੀਵਨ ਈਰਖਾ ਦੀ ਅੱਗ ਨਾਲ) ਛੁਹ ਕੇ ਸੜਦਾ ਜਾਂਦਾ ਹੈ (ਜਿਵੇਂ ਕਿਸੇ ਮਨੁੱਖ ਦਾ) ਪੈਰ ਸਪਣੀ ਨਾਲ ਛੁਹ ਕੇ (ਸਪਣੀ ਦੇ ਡੰਗ ਮਾਰਨ ਤੇ ਉਸ ਦੀ) ਮੌਤ ਹੋ ਜਾਂਦੀ ਹੈ।2।

ਹੇ (ਮੇਰੇ) ਮਾਲਕ-ਪ੍ਰਭੂ! ਆਪਣੇ ਭਗਤਾਂ ਦੇ ਤੁਸੀ ਆਪ ਰਾਖੇ ਹੋ, ਹਰੇਕ ਜੁਗ ਵਿਚ ਤੁਸੀ (ਆਪਣੇ ਭਗਤਾਂ ਦੀ) ਰੱਖਿਆ ਕਰਦੇ ਆਏ ਹੋ। (ਹਰਨਾਖਸ) ਦੈਂਤ ਨੇ (ਭਗਤ ਪ੍ਰਹਿਲਾਦ ਨਾਲ) ਈਰਖਾ ਕੀਤੀ, ਪਰ (ਉਹ ਦੈਂਤ ਭਗਤ ਦਾ) ਕੁਝ ਵਿਗਾੜ ਨਾਹ ਸਕਿਆ। ਉਹ ਸਾਰੀ (ਦੈਂਤ-ਸਭਾ ਹੀ) ਈਰਖਾ ਕਰ ਕਰ ਕੇ ਆਪਣੀ ਆਤਮਕ ਮੌਤ ਸਹੇੜਦੀ ਗਈ।3।

ਹੇ ਭਾਈ! ਜਿਤਨੇ ਭੀ ਜੀਅ-ਜੰਤ ਪ੍ਰਭੂ ਨੇ ਪੈਦਾ ਕੀਤੇ ਹੋਏ ਹਨ, ਇਹ ਸਾਰੇ ਹੀ (ਪਰਮਾਤਮਾ ਤੋਂ ਵਿਛੁੜ ਕੇ) ਆਤਮਕ ਮੌਤ ਦੇ ਮੂੰਹ ਵਿਚ ਫਸੇ ਰਹਿੰਦੇ ਹਨ। ਹੇ ਦਾਸ ਨਾਨਕ! ਆਪਣੇ ਭਗਤਾਂ ਦੀ ਪ੍ਰਭੂ ਨੇ ਸਦਾ ਹੀ ਆਪ ਰੱਖਿਆ ਕੀਤੀ ਹੈ, ਭਗਤ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ।4।2।

TOP OF PAGE

Sri Guru Granth Darpan, by Professor Sahib Singh